ਰੋਜ਼ ਦੀ ਤਰ੍ਹਾਂ ਉਹ ਖੁੰਢਾਂ ਉੱਤੇ ਬੈਠੇ ਸਨ ।
ਭਾਂਤ- ਭਾਂਤ ਦੀਆਂ ਗੱਲਾਂ ਚੱਲ ਰਹੀਆਂ ਸਨ । ਪਿੰਡ ਦੀਆਂ, ਫਸਲਾਂ ਦੀਆਂ, ਠਰਕ ਦੀਆਂ,
ਦੇਸ਼ ਦੀਆਂ, ਵਿਦੇਸ਼ ਦੀਆਂ ਅਤੇ ਹੋਰ ਵੀ ਬਹੁਤ ਰੰਗ- ਬਿਰੰਗੀਆਂ ਗੱਲਾਂ ।
ਮਾਸਟਰ ਗੱਲ ਸੁਣਾਉਣ ਲੱਗਿਆ, “ ਤੀਲਾ- ਤੀਲਾ ਮਿਲਕੇ ਬਣਦੈ ਝਾੜੂ, ਇਹ ਇੱਕ ਏਕੇ ਦਾ
ਚਿੰਨ੍ਹ ਐ । ਇਹਦੇ ਨਾਲ ਘਰ ਦੀ, ਮੁਹੱਲੇ ਦੀ, ਇਥੋਂ ਤੱਕ ਕਿ ਸਾਰੇ ਦੇਸ਼ ਦੀ ਸਫਾਈ ਕੀਤੀ
ਜਾ ਸਕਦੀ ਐ ।”
“ਮੈਂ ਨ੍ਹੀਂ ਮੰਨਦਾ …।” ਭਗਤੂ ਬੋਲਿਆ ।
“ਤੈਂ ਕਾਹਨੂੰ ਮੰਨਣੈ… । ਪੁੱਠੇ ਬੰਦੇ ਪੁੱਠੀ ਈ ਗੱਲ ਕਰਦੇ ਹੁੰਦੇ ਨੇ ।” ਮਾਸਟਰ ਤੱਤਾ
ਹੋਕੇ ਭਗਤੂ ਦੀ ਗੱਲ ਕੱਟਦਾ ਬੋਲਿਆ ।
ਭਗਤੂ ਬੋਲਦਾ ਰਿਹਾ, “ਜੇ ਝਾੜੂ ਖੜ੍ਹਾ ਹੋਜੇ ਤਾਂ ਕਲ਼ੇਸ਼ ਦਾ ਤੇ ਦਲਿੱਦਰ ਦਾ ਕਾਰਨ
ਬਣਦੈ ।”
“ਉਏ, ਇਹਦਾ ਕੀ ਸਬੂਤ ਐ ?” ਮਾਸਟਰ ਦੀ ਭਗਤੂ ਨਾਲ ਘੱਟ ਹੀ ਬਣਦੀ ਸੀ ।
“ਮੈਂ ਪੱਕਾ ਸਬੂਤ ਦੇ ਸਕਦਾਂ…।” ਭਗਤੂ ਨੇ ਸੱਜੇ ਹੱਥ ਦੀ ਪਹਿਲੀ ਉਂਗਲ਼ ਡਾਂਗ ਵਾਂਗੂੰ
ਖੜ੍ਹੀ ਕੀਤੀ ।
ਭਾਨਾਂ ਰੋਜ਼ ਦੀ ਤਰ੍ਹਾਂ ਖੇਤੋਂ ਆ ਰਿਹਾ ਸੀ, ਉਹ ਵੀ ਬਹਿ ਗਿਆ ।
ਬਹਿਸ ਚੱਲਦੀ ਹੀ ਗਈ, ਲੰਬੀ ਹੁੰਦੀ ਗਈ… ।
ਭਾਨਾਂ ਘਰ ਨੂੰ ਜਾਣ ਵਾਸਤੇ ਖੜ੍ਹਾ ਹੋ ਗਿਆ ਅਤੇ ਬੋਲਿਆ, “ਝਾੜੂ ਨਾਲ ਘਰਾਂ ਦੇ
ਵਿਹੜਿਆਂ ਦੀ, ਪਿੰਡ ਦੀਆਂ ਗਲੀਆਂ ਦੀ, ਸ਼ਹਿਰਾਂ ਦੀਆਂ ਸੜਕਾਂ ਦੀ, ਤੇ ਦੇਸ਼ ਦੇ ਹਰ
ਕੋਨੇ ਦੀ ਤਾਂ ਸਫਾਈ ਕੀਤੀ ਜਾ ਸਕਦੀ ਐ ਪਰ ਭਾਰਤੀ ਲੋਕਾਂ ਦੇ ਦਿਮਾਗਾਂ ਦੀ ਸਫਾਈ ਕਦੇ ਵੀ
ਨ੍ਹੀਂ ਕੀਤੀ ਸਕਦੀ ।” ਕਹਿਕੇ ਉਹ ਤੁਰ ਗਿਆ ।
ਗੁਰਮੇਲ ਬੀਰੋਕੇ
ਫੋਨ: 001-604-825-8053
gurmailbiroke@gmail.com |