ਅੱਜ ਬਿੰਦਰ ਨੂੰ ਨੀਂਦ ਆਉਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਸਵੇਰੇ ਜਿਸ ਵੇਲੇ
ਦਾ ਉਸ ਨੂੰ ਬਾਵੀ ਦੇ ਗੁਜ਼ਰ ਜਾਣ ਬਾਰੇ ਪਤਾ ਲੱਗਾ, ਓਸ ਵੇਲੇ ਤੋਂ ਹੀ ਉਹ ਉਦਾਸ
ਹੋ ਗਈ ਸੀ। ਉਹਦੀਆਂ ਸੋਚਾਂ ’ਤੇ ਪੁਰਾਣੀਆਂ ਯਾਦਾਂ ਹਾਵੀ ਹੋ ਗਈਆਂ ਸਨ। ਉਹ ਆਪਣੇ
ਆਪ ਨੂੰ ਕੋਸਣ ਲੱਗ ਪਈ। ਆਪਣੇ ’ਤੇ ਉਹਨੂੰ ਵਾਰ-ਵਾਰ ਗੁੱਸਾ ਆਈ ਜਾ ਰਿਹਾ ਸੀ।
ਦਰਅਸਲ ਬਾਵੀ ਉਮਰ ਦੇ ਲਿਹਾਜ਼ ਨਾਲ ਉਸ ਅਵੱਸਥਾ ਵਿੱਚ ਕਦੋਂ ਦੀ ਪਹੁੰਚੀ ਹੋਈ ਸੀ,
ਜਿਥੇ ਅਗਲੇ ਪਾਸੇ ਜਾਣ ਦੀ ਕਿਸੇ ਪਲ ਵੀ ਤਿਆਰੀ ਸੀ। ਨਾਲੇ ਜਿਹੜੀ ਜਿ਼ੰਦਗੀ ਉਹ
ਕਈ ਸਾਲਾਂ ਤੋਂ ਜੀਅ ਰਹੀ ਸੀ, ਉਸ ਨੂੰ ਜੀਣਾ ਨਹੀਂ 'ਘੜੀਸਣਾ' ਕਿਹਾ ਜਾ ਸਕਦਾ
ਸੀ। ਲੰਮੇ ਸਮੇਂ ਤੋਂ ਬੀਮਾਰ ਪਈ ਦਾ ਕੁਰਬ ਰੁਲ ਗਿਆ ਸੀ। ਵਰ੍ਹਿਆਂ ਤੋਂ ਹੀ ਉਹ
ਕਿਹੜਾ ਜਿਉਂਦਿਆਂ ਵਿੱਚ ਸੀ। ਝੋਰਿਆਂ ਮਾਰੀ ਦੇਹ ਨੂੰ ਕਦੋਂ ਦੀ ਤਾਂ ਉਹ ਖਿੱਚ
ਰਹੀ ਸੀ। ਹੌਕਿਆਂ ਦੇ ਸੇਕ ਨੇ ਅੰਦਰੋਂ ਉਸ ਨੂੰ ਭੁੱਬਲ ਕੀਤਾ ਹੋਇਆ ਸੀ। ਸਿਰਫ
ਉਸਦੀ ਨਬਜ਼ ਹੀ ਚੱਲ ਰਹੀ ਸੀ। ਇਸ ਕਰਕੇ ਬਿੰਦਰ ਨੂੰ ਉਹਦੇ ਦੁਨੀਆ ਤੋਂ ਚਲੇ ਜਾਣ
ਬਾਰੇ ਏਨਾ ਅਫਸੋਸ ਨਹੀਂ ਸੀ, ਜਿੰਨਾ ਉਹਨੂੰ ਆਪਣੇ ਕੀਤੇ ਉਪਰ ਰਹਿ-ਰਹਿ ਕੇ
ਪਛਤਾਵਾ ਹੋ ਰਿਹਾ ਸੀ। ਉਹਦੀ ਸੋਚ ਪਿੱਛੇ ਮੁੜ ਪਈ।
....ਬਾਵੀ ਤੇ ਸਾਧੂ ਦੇ ਛੇ ਬੱਚੇ ਸਨ, ਦੋ ਮੁੰਡੇ ਤੇ ਚਾਰ ਕੁੜੀਆਂ। ਉਪਰੋ-ਥਲੀ
ਪਹਿਲਾਂ ਚਾਰ ਧੀਆਂ ਤੇ ਫਿਰ ਦੋ ਪੁੱਤਰਾਂ ਨੇ ਜਨਮ ਲਿਆ। ਜਿਹੜੇ-ਜਿਹੜੇ ਦਿਨ ਨਿਆਣੇ ਪੈਦਾ
ਹੁੰਦੇ ਰਹੇ, ਬਾਵੀ ਉਵੇਂ ਹੀ ਉਨ੍ਹਾਂ ਦੇ ਨਾਂ ਰੱਖੀ ਗਈ। ਵੱਡੀਆਂ ਦੋਵੇਂ ਮੰਗਲੀ ਤੇ
ਵੀਰੋ, ਛੋਟੀਆਂ ਬੁੱਧੋ ਤੇ ਸੋਮੀ ਸਨ, ਅਤੇ ਮੁੰਡਿਆਂ ਦੇ ਨਾਮ ਵੀ ਉਸ ਨੇ ਦਿਨਾਂ ਦੇ
ਹਿਸਾਬ ਹੀ ਰੱਖੇ ਸਨ। ਵੱਡਾ ਆਤੂ ਐਤਵਾਰ ਜੰਮਿਆ ਸੀ ਤੇ ਛੋਟਾ ਵੀਰੂ ਵੀਰਵਾਰ। ਸਾਰੇ ਦੇ
ਸਾਰੇ ਵਿਆਹੇ ਹੋਏ ਸਨ ਪਰ ਵੱਡੇ ਆਤੂ ਦੇ ਵਿਆਹ ਨੇ ਤਾਂ ਉਹਨੂੰ ਝੋਰਾ ਹੀ ਲਾ ਦਿੱਤਾ ਸੀ।
ਸਾਧੂ ਉਹਦੇ ਘਰਵਾਲਾ ਸੱਚਮੁੱਚ ਸਾਧੂ ਸੁਭਾਅ ਵਾਲਾ ਨੇਕ ਇਨਸਾਨ ਸੀ। ਬਾਵੀ ਵੀ ਬੀਬੇ
ਸੁਭਾਅ ਦੀ ਮਾਲਕ ਬੜੀ ਸਾਊ ਔਰਤ ਸੀ। ਸਾਧੂ ਨੇ ਪਿੰਡ ’ਚ ਨਿੱਕੀ ਜਿਹੀ ਹਲਵਾਈ ਦੀ ਹੱਟੀ
ਪਾ ਰੱਖੀ ਸੀ। ਬਾਵੀ ਉਹਦੇ ਨਾਲ ਕੰਮ ’ਚ ਹੱਥ-ਪੜੱਥੀ ਕਰਵਾਉਂਦੀ। ਦੋਵੇਂ ਜੀਅ
ਹੱਡ-ਭੰਨਵੀਂ ਮਿਹਨਤ ਕਰਦੇ, ਜਿਸ ਨਾਲ ਪਰਿਵਾਰ ਦਾ ਖੁੱਲ੍ਹਾ ਨਿਰਬਾਹ ਹੁੰਦਾ ਰਿਹਾ ਸੀ।
ਆਤੂ, ਬਾਵੀ ਦਾ ਵੱਡਾ ਪੁੱਤਰ ਸੀ ਤੇ ਚਾਰ ਧੀਆਂ ਤੋਂ ਪਿੱਛੋਂ ਪੈਦਾ ਹੋਣ ਕਰਕੇ ਬਾਵੀ
ਨੇ ਬਹੁਤਾ ਹੀ ਲਾਡਲਾ ਰੱਖਿਆ ਸੀ। ਉਹਦੇ ਸ਼ੰਗਣ-ਮੰਗਣ ਕਰਦੀ ਬਾਵੀ ਨੇ ਧੀਆਂ ਨੂੰ ਤਾਂ
ਜਿਵੇਂ ਵਿਸਾਰ ਹੀ ਦਿੱਤਾ ਸੀ। ਧੀਆਂ ਜਿਵੇਂ-ਕਿਵੇਂ ਰੁਲ-ਖੁਲ ਕੇ ਪਲ ਗਈਆਂ ਸਨ ਤੇ
ਮਾੜਾ-ਮੋਟਾ ਠਹੀਆ-ਠੱਪਾ ਕਰਕੇ ਔਖਿਆਂ-ਸੌਖਿਆਂ ਬੂਹਿਓਂ ਉਠਾ ਦਿੱਤੀਆਂ ਸਨ। ਪੰਦਰਵੇਂ ਤੋਂ
ਬਾਵੀ ਨੇ ਕਿਸੇ ਨੂੰ ਵੀ ਟੱਪਣ ਨਹੀਂ ਦਿੱਤਾ ਸੀ। ਉਹ ਸਗੋਂ ਬੜੀ ਲਾਪ੍ਰਵਾਹੀ ਜਿਹੀ ਨਾਲ
ਕਿਹਾ ਕਰਦੀ, ‘‘ਕੁੜੀਆਂ ਟੈਮ ਸਿਰ ਆਪਣੇ ਘਰੇ ਜਾਣ, ਇਹ ਆਪਣੇ ਘਰੇ ਹੀ ਚੰਗੀਆਂ ਨੇ।’’
ਉਹਦੀ ਇਸ ਸੋਚ ਨਾਲ ਸਹਿਮਤੀ ਪ੍ਰਗਟਾਉਂਦੀਆਂ ਮੁਹੱਲੇ ਦੀਆਂ ਔਰਤਾਂ ਉਹਨੂੰ ਸੁੱਘੜ-ਸਿਆਣੀ
ਔਰਤ ਮੰਨਦੀਆਂ ਸਨ।
ਬਾਵੀ ਨੇ ਆਤੂ ਦਾ ਵਿਆਹ ਜਦੋਂ ਬੜੇ ਹੀ ਚਾਅਵਾਂ-ਮਲਾਰਾਂ ਨਾਲ ਕੀਤਾ, ਤਾਂ ਉਹਦੀ ਧਰਤੀ
’ਤੇ ਅੱਡੀ ਨਹੀਂ ਲੱਗ ਰਹੀ ਸੀ। ਪਾਲੀ, ਉਹਦੀ ਨੂੰਹ ਸੋਹਣੇ ਗੁੰਦਵੇਂ ਸਰੀਰ ਦੀ ਮਾਲਕ ਬੜੀ
ਹੀ ਫੱਬਦੀ ਸੀ। ਵਿਆਹ ਵੇਲੇ ਬਾਵੀ ਦੀ ਕਿਸੇ ਸ਼ਰੀਕਣੀ ਨੇ ਜਦ ਟਕੋਰ ਜਿਹੀ ਕੀਤੀ ਸੀ ਤਾਂ
ਫ਼ਖ਼ਰ ਮਹਿਸੂਸ ਕਰਦਿਆਂ ਠੋਕ ਕੇ ਜਵਾਬ ਦਿੰਦੀ ਬਾਵੀ ਨੇ ਕਿਹਾ ਸੀ, ‘‘ਮਾਣ ਕਿਉਂ ਨਾ
ਕਰਾਂ, ਸੁੱਖ ਨਾਲ ਕੋਠੇ ਜਿੱਡੀ ਨੂੰਹ ਵਿਆਹ ਕੇ ਲਿਆਈ ਹਾਂ, ਕੋਈ ਐਵੇਂ-ਕੈਵੇਂ ਨ੍ਹੀ,
ਹਾਹੋ..!’’
ਸੱਚਮੁੱਚ ਹੀ ਪਾਲੀ ਦਾ ਸੁਹੱਪਣ ਉਦੋਂ ਸਿੱਖਰਾਂ ’ਤੇ ਸੀ। ਉਹ ਰੱਜ ਕੇ ਸੋਹਣੀ ਕਿਸੇ
ਪਰੀ ਤੋਂ ਘੱਟ ਨਹੀਂ ਜਾਪਦੀ ਸੀ। ਜੋ ਵੀ ਦੇਖਦਾ ਸਿਫ਼ਤ ਕੀਤੇ ਬਿਨਾ ਨਾ ਰਹਿ ਸਕਦਾ। ਉਹਦਾ
ਰੰਗ ਭਾਂਵੇਂ ਸਾਂਵਲਾ ਸੀ, ਪਰ ਗੁੰਦਵੇਂ ਸਰੀਰ ਦੀ ਚੜ੍ਹਤ ਬਹੁਤ ਸੀ। ਮੋਟੀਆਂ-ਮੋਟੀਆਂ
ਹਿਰਨੀ ਵਰਗੀਆਂ ਅੱਖਾਂ, ਲੱਗਦਾ ਸੀ ਜਿਵੇਂ ਉਪਰ ਵਾਲੇ ਨੇ ਉਹਨੂੰ ਤਿੱਖੇ ਤਰਾਛੇ ਹੋਏ
ਨੈਣ-ਨਕਸ਼ਾਂ ਨਾਲ ਮਾਂਜ-ਸੰਵਾਰ ਕੇ ਧਰਤੀ ’ਤੇ ਭੇਜਿਆ ਹੋਵੇ। ਬਾਵੀ ਦਾ ਆਤੂ ਰੂਪ-ਰੰਗ
ਪੱਖੋਂ ਤੇ ਉਹੋ ਜਿਹਾ ਹੈ ਹੀ ਸੀ, ਅਕਲੋਂ ਵੀ ਕੋਝਾ ਸੀ।
ਆਤੂ ਦੇ ਕੱਬੇ ਸੁਭਾਅ ਦੀ ਚਿੰਤਾ ਬਾਵੀ ਤੇ ਉਹਦੇ ਘਰਵਾਲੇ ਨੂੰ ਵੱਢ-ਵੱਢ ਖਾਂਦੀ ਸੀ।
ਸਰੀਰ ਦਾ ਨਿੱਗਰ ਸੀ, ਪਰ ਅਕਲ ਦੀ ਘਾਟ ਸੀ। ਸਾਊ ਮਾਂ-ਬਾਪ ਦੀ ਕੁੱਖੋਂ ਜਨਮ ਲੈ ਕੇ ਵੀ
ਆਤੂ ਨੇ ਮਾੜੀਆਂ ਆਦਤਾਂ ਅਪਣਾ ਲਈਆਂ ਸਨ। ਸ਼ਾਇਦ ਬਹੁਤੇ ਲਾਡ-ਪਿਆਰ ਦਾ ਨਤੀਜਾ ਹੀ ਹੋਵੇ?
ਬਚਪਨ ਵਿੱਚ ਬਾਵੀ ਤੇ ਸਾਧੂ ਦਾ ਧੱਕਿਆ ਆਤੂ ਘਰੋਂ ਸਕੂਲ ਤਾਂ ਚਲੇ ਜਾਂਦਾ ਸੀ, ਪਰ
ਪਹੁੰਚਦਾ ਘੱਟ ਹੀ ਸੀ। ਫਿ਼ਰ ਵੀ ਕਰ-ਕਰਾ ਕੇ ਉਹ ਤਿੰਨ ਕੁ ਜਮਾਤਾਂ ਪੜ੍ਹ ਗਿਆ ਸੀ। ਵੱਡਾ
ਹੋ ਕੇ ਕੰਮ-ਕਾਰ ਨੂੰ ਉਹ ਰਤਾ ਹੱਥ ਨਾ ਲਾਉਂਦਾ, ਸਾਰਾ ਦਿਨ ਵਿਹਲਾ ਬੈਠਾ ਰਹਿੰਦਾ।
ਗੱਭਰੂ ਉਮਰ ’ਚ ਮਾਂ-ਪਿਉ ਦੀ ਕਮਾਈ ’ਤੇ ਪਲਦਾ ਉਹ 'ਆਲਸੀ' ਬਣ ਗਿਆ ਸੀ। ਵਿਹਲੜਪੁਣੇ ਨੇ
ਉਹਨੂੰ ਨਿਰਦਈ ਕਿਸਮ ਦਾ ਇਨਸਾਨ ਬਣਾ ਦਿੱਤਾ ਸੀ। ਕੁਝ ਕਹਿਣ ਤੇ ਮਾਂ-ਪਿਉ ਦੀ ਵੀ
ਲਾਹ-ਪਾਹ ਕਰ ਦਿੰਦਾ। ਦੋਵੇਂ ਪੁੱਤ ਹੱਥੋਂ ਦੁਖੀ ਸਨ, ਪਰ ਕਰ ਕੁਝ ਨਹੀਂ ਸਨ ਸਕਦੇ। ਬੈਠੇ
ਘਾੜਤਾਂ ਘੜਦੇ ਕਿ ਵਿਆਹ ਹੋ ਜਾਵੇ ਤੇ ਸ਼ਾਇਦ ਜਿੰ਼ਮੇਵਾਰੀ ਸਿਰ ਪੈਣ ’ਤੇ ਮੁੰਡਾ ਸੁਧਰ
ਹੀ ਜਾਵੇ? ਬਾਵੀ ਨੇ ਆਤੂ ਦੇ ਰਿਸ਼ਤੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।
ਪਾਲੀ ਤਿੰਨ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ ਸੀ। ਛੋਟੀ ਹੁੰਦੀ ਦੀ ਹੀ ਮਾਂ ਮਰ ਗਈ।
ਇਸ ਤੋਂ ਛੋਟੇ ਦੋਵੇਂ ਮੁੰਡੇ ਦੂਸਰੀ ਮਾਂ ਤੋਂ ਸਨ। ਪਾਲੀ ਦੋ ਸਾਲ ਦੀ ਹੀ ਸੀ, ਜਦੋਂ
ਉਹਦੀ ਮਾਂ ਗੁਜ਼ਰ ਗਈ, ਤੇ ਬਾਪ ਨੇ ਦੂਸਰਾ ਵਿਆਹ ਕਰ ਲਿਆ ਸੀ। ਉਹਦੇ ਪਿੰਡ ਵਿੱਚ ਦਸਵੀਂ
ਤੱਕ ਦਾ ਸਕੂਲ ਸੀ। ਦਸਵੀਂ ਪਾਸ ਕਰਵਾ ਕੇ ਮਾਂ-ਬਾਪ ਨੇ ਆਪਣੀ ਜਿ਼ੰਮੇਵਾਰੀ ਤੋਂ ਸੁਰਖਰੂ
ਹੋਣ ਲਈ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ।
ਉਧਰ ਬਾਵੀ ਨੇ ਸ਼ਰੀਕੇ ਵਿੱਚ ਆਂਢ-ਗੁਆਂਢ ਦੇ ਕੰਨਾਂ ਵਿਚਦੀ ਕੱਢਿਆ ਹੋਇਆ ਸੀ ਕਿ
ਜਿਹੜਾ ਮੇਰੇ ਆਤੂ ਨੂੰ ਸਾਕ ਕਰਾਊ, ਉਹਦੀ ਮੁੰਦੀ ਪੱਕੀ! ਆਤੂ ਦੇ ਸਕਿਆਂ ’ਚੋਂ ਲੱਗਦੇ
ਚਾਚੇ ਨੱਥੂ ਨੂੰ ਤਾਂ ਮੁੰਦਰੀ ਦੇ ਲਾਲਚ ਨੇ ਐਸਾ ਗੇੜ 'ਚ ਪਾਇਆ ਕਿ ਉਹਨੇ ਅਗਲੇ ਦਿਨ
ਸਾਝਰੇ ਹੀ ਫੱਤੂਵਾਲ ਨੂੰ ਚਾਲੇ ਪਾ ਲਏ। ਉਹ ਤੇਜਾ ਸਿੰਘ ਨੂੰ ਗੱਲੀਂ-ਬਾਤੀਂ ਉਹਦੀ ਧੀ ਦੇ
ਰਿਸ਼ਤੇ ਵਾਸਤੇ ਤਿਆਰ ਕਰਨ ਲੱਗਾ।
‘‘ਸੁਣਾ ਬਈ ਨੱਥਾ ਸਿਆਂ? ਅੱਜ ਸਵੇਰੇ-ਸਵੇਰ ਦਰਸ਼ਨ ਦੇ ਦਿੱਤੇ ਸਰਕਾਰਾਂ ਨੇ, ਖੈ਼ਰ
ਆ?’’ ਨੱਥੂ ਨੂੰ ਆਉਂਦਿਆਂ ਦੇਖ ਕੇ ਤੇਜਾ ਸਿੰਘ ਨੇ ਥੋੜ੍ਹੇ ਅਚੰਭੇ ਜਿਹੇ ਨਾਲ ਪੁੱਛਿਆ।
‘‘ਬੱਸ ਮਿਹਰਾਂ ਨੇ ਉਪਰ ਵਾਲੇ ਦੀਆਂ, ਤੇਜਾ ਸਿਆਂ। ਆਪਣੀ ਕਾਕੀ ਦੇ ਰਿਸ਼ਤੇ ਲਈ
ਪੁੱਛਣ ਆਇਆ ਹਾਂ, ਜੇ ਸਲਾਹ ਹੋਵੇ ਤਾਂ?’’ ਨੱਥੂ ਨੇ ਬਹੁਤੀ ਭੂਮਿਕਾ ਬੰਨ੍ਹਣ ਤੋਂ ਬਿਨਾ
ਹੀ ਕਾਹਲੀ ਨਾਲ ਆਪਣੇ ਆਉਣ ਦਾ ਮਕਸਦ ਆਉਂਦਿਆਂ ਹੀ ਦੱਸ ਦਿੱਤਾ।
‘‘ਸਲਾਹ ਨੂੰ ਤਾਂ ਸਲਾਹ ਈ ਆ, ਪਰ ਕੋਈ ਚੱਜ ਦਾ ਮੁੰਡਾ ਹੋਵੇ ਤਾਂ। ਹੈ ਕੋਈ ਤੇਰੀ
ਤੱਕ ’ਚ?’’ ਤੇਜੂ ਨੇ ਹਾਮੀ ਭਰਦਿਆਂ ਨਾਲ ਹੀ ਪੁੱਛ ਲਿਆ।
‘‘ਇਸ ਗੱਲ ਦਾ ਖਿਆਲ ਰੱਖੀਂ ਨੱਥਿਆ ਮਹਿੱਟਰ ਬਿਨਾ ਮਾਂ ਦੇ ਪਲੀ ਆ ਮੇਰੀ ਧੀ। ਤੈਥੋਂ ਭਲਾ
ਕੀ ਲੁਕਾਅ ਆ, ਕੋਈ ਧੋਖਾ ਨਾ ਹੋਵੇ?’’ ਪਾਲੀ ਦੇ ਬਾਪ ਤੇਜਾ ਸਿੰਘ ਨੇ ਤਰਲੇ ਭਰਿਆ ਸੁਆਲ
ਕੀਤਾ।
‘‘ਕੋਈ ’ਲਾਂਭੇ ਵਾਲੀ ਗੱਲ ਨਹੀਂ ਭਰਾਵਾ, ਪਾਲੀ ਮੇਰੀ ਵੀ ਤਾਂ ਧੀਆਂ ਵਰਗੀ ਆ। ਮਖ਼ਾਂ
’ਤਬਾਰ ਵੀ ਕੋਈ ਚੀਜ ਹੁੰਦੀ ਆ।’’ ਨੱਥੂ ਨੂੰ ਗੱਲ ਰਾਸ ਆ ਰਹੀ ਲੱਗੀ।
‘‘ਬਾਰਾਂ ਜਮਾਤਾਂ ਪਾਸ ਆ ਮੁੰਡਾ, ਤੇ ਹੁਣ ਫੌਜੀ ਛੁੱਟੀ ਆਇਆ ਤੇਜਾ ਸਿਆਂ, ਹੋਰ ਤੈਨੂੰ
ਕੀ ਚਾਹੀਦਾ?’’ ਉਹਨੇ ਇਕ ਝੂਠ ਹੋਰ ਉਪਰ ਦੀ ਸੁੱਟਿਆ। ਨੱਥੂ ਨੂੰ ਲੱਗਾ ਕਿ ਉਹਨੇ ਤੇਜਾ
ਸਿੰਘ ਦੇ ਦਿਮਾਗ ’ਚ ਆਪਣੀ ਤਰਫੋਂ ਪੂਰੀ ਤਸੱਲੀ ਭਰ ਦਿੱਤੀ। ਤੇ ਹੁਣ ਰਿਸ਼ਤਾ ਹੱਥੋਂ
ਕਿੱਧਰੇ ਨਹੀਂ ਜਾਂਦਾ। ਕੁੜੀ ਵਾਲਿਆਂ ਅੱਗੇ ਝੂਠ ਦੇ ਢੇਰ ਲਾ ਕੇ ਆਪਣੀ ਮੁੰਦਰੀ ਹਰੀ ਕਰ
ਲਈ।
ਪਾਲੀ ਦਸ ਜਮਾਤਾਂ ਪਾਸ ਤੇ ਉਸ ਵੇਲੇ ਉਹਦੇ ’ਤੇ ਲੋਹੜੇ ਦਾ ਰੰਗ-ਰੂਪ ਸੀ । ਉਹਦੀ ਰਾਇ
ਪੁੱਛੇ ਬਗੈਰ ਨੱਥੂ ਚਾਚੇ ਦੀ ਮਿਹਰਬਾਨੀ ਨਾਲ ਉਹ ਅਨਪੜ੍ਹ ਆਤੂ ਨਾਲ ਵਿਆਹ ਦਿੱਤੀ ਗਈ।
ਨਣਾਨਾਂ ਤਾਂ ਪਾਲੀ ਦੀਆਂ ਉਹਦੇ ਵਿਆਹ ਤੋਂ ਪਹਿਲਾਂ ਹੀ ਵਿਆਹੀਆਂ ਸਨ ਤੇ ਆਪਣੇ ਘਰੋ-ਘਰੀ
ਵੱਸਦੀਆਂ ਸਨ। ਛੋਟਾ ਦਿਉਰ ਸ਼ਹਿਰ ’ਚ ਕਿਸੇ ਮਿੱਲ੍ਹ ਵਿੱਚ ਕੰਮ ਕਰਦਾ, ਉਥੇ ਹੀ ਰਹਿੰਦਾ
ਸੀ। ਘਰ ਵਿੱਚ ਦੋਵੇਂ ਜੀਅ ਉਹ, ਤੇ ਸੱਸ-ਸਹੁਰਾ ਹੀ ਸਨ। ਬਾਵੀ ਨੇ ਵੀ ਨੂੰਹ ਦੇ ਰੱਜ ਕੇ
ਚਾਅ ਕੀਤੇ। ਉਹਦਾ ਪੈਰ ਭੁੰਜੇ ਨਾ ਲੱਗਣ ਦੇਂਦੀ। ਉਹਦੇ ਵਾਰੇ-ਵਾਰੇ ਜਾਂਦੀ। ਉਹ ਸੱਚਮੁੱਚ
ਹੀ ਆਪਣੀ ਸੁੱਖਾਂ ਲੱਧੀ ਨੂੰਹ ਨੂੰ ਧੀਆਂ ਤੋਂ ਵੱਧ ਪਿਆਰ ਕਰਦੀ ਸੀ। ਪਾਲੀ ਵੀ
ਸੱਸ-ਸਹੁਰੇ ਤੇ ਨਣਦਾਂ-ਨਣਦੋਈਆਂ ਦਾ ਪੂਰਾ ਆਦਰ-ਮਾਣ ਕਰਦੀ।
ਥੋੜ੍ਹੇ ਦਿਨ ਪਾਲੀ ਦੇ ਚਾਈਂ-ਚਾਈਂ ਲੰਘ ਗਏ। ਉਹਨੇ ਘਰ ਵਿੱਚ ਕਿਸੇ ਨੂੰ ਕੁਝ ਨਾ
ਪੁੱਛਿਆ, ਪਰ ਉਹਨੂੰ ਆਤੂ ਦੀਆਂ ਆਦਤਾਂ ਅਜੀਬ ਜਿਹੀਆਂ ਲੱਗਣ ਲੱਗੀਆਂ। ਉਹਦੀ ਸ਼ੱਕੀ
ਨਿਗਾਹ ’ਚ ਸੋਚਾਂ ਦੀ ਝੜੀ ਲੱਗਣ ਲੱਗੀ। ਉਹਦੇ ਸੁਪਨੇ ਧੁੰਦਲੇ ਜਿਹੇ ਹੋਣ ਲੱਗੇ। ਉਹਦੇ
ਸੁਪਨਿਆਂ ਦਾ ਰਾਜਕੁਮਾਰ ਉਹਨੂੰ ਭਿਖਾਰੀ ਜਿਹਾ ਲੱਗਣ ਲੱਗਾ। ਪਾਲੀ ਨੂੰ ਉਹਦੇ ਮੂੰਹ
ਵਿੱਚੋਂ ਬਾਸ ਆਉਂਦੀ। ਜਿਸ ਦਾ ਨਾ ਮੂੰਹ-ਮੱਥਾ ਹੀ ਸੋਹਣਾ, ਤੇ ਨਾ ਹੀ ਅਕਲ ਵਰਗੀ ਕੋਈ
ਚੀਜ਼ ਸੀ ਉਹਦੇ ਪੱਲੇ। ਸਿਰਫ਼ ਆਪਣੀਆਂ ਭਾਵਨਾਵਾਂ ਬਾਰੇ ਹੀ ਸੁਚੇਤ ਸੀ, ਯਾਨੀ ਪੂਰਾ
ਸੁਆਰਥੀ ਸੀ। ਬਿਲਕੁਲ ਗੰਵਾਰ ਤੇ ਅਮਲੀਆਂ ਵਰਗੀ ਦਿੱਖ। ਉਹਨੂੰ ਲੱਗਾ ਕਿ ਕੰਮ ਕਾਰ ਕਰਨ
ਵਾਲੇ ਇਹਦੇ ਲੱਛਣ ਤਾਂ ਲੱਗਦੇ ਨਹੀਂ।
ਆਪਣਾ ਉਹਦਾ ਡੁੱਲ-ਡੁੱਲ ਪੈਂਦਾ ਹੁਸਨ। ਉਹਨੂੰ ਸਕੂਲ ਵਿੱਚ ਸਹੇਲੀਆਂ ਦੀਆਂ ਕੀਤੀਆਂ
ਮਸ਼ਕਰੀਆਂ ਚੇਤੇ ਆਉਂਦੀਆਂ, ‘‘ਤੈਨੂੰ ਵਿਆਹ ਕੇ ਲੈ ਜਾਣ ਵਾਲਾ ਨ੍ਹੀ ਤੇਰਾ ਗੋਡਾ
ਛੱਡਦਾ।’’
ਪਰ ਇਥੇ ਤਾਂ ਕੁਝ ਹੋਰ ਹੀ ਸੀ। ਉਹਦੀਆਂ ਅੱਖਾਂ ਵਿੱਚ ਤੈਰਦੇ ਸੁਪਨੇ, ਹੁਣ ਅੱਖਾਂ
ਵਿੱਚ ਹੀ ਡੁੱਬਣ ਲੱਗੇ। ਪਿਆਰ ਭਰੀਆਂ ਹਵਾਵਾਂ ਉਹਦੀ ਜਿੰ਼ਦਗੀ ’ਚ ਵਗਣਗੀਆਂ, ਉਹਨੂੰ ਇਸ
ਸੱਚ ਦਾ ਝਾਉਲਾ ਪੈਣ ਲੱਗਿਆ। ਆਤੂ ’ਤੇ ਵਿਹਲੜ ਹੋਣ ਬਾਰੇ ਸ਼ੱਕ ਜਿਹਾ ਹੋਣ ਲੱਗਾ। ਉਹਦੇ
ਤੌਰ-ਤਰੀਕੇ ਪਾਲੀ ਨੂੰ ਅਜੀਬ ਜਿਹੇ ਲੱਗਣ ਲੱਗੇ। ਉਹ ਮਨ ਹੀ ਮਨ ਸੋਚਦੀ ਕਿ ਉਹਦੇ ਪਤੀ ਨੇ
ਆਪਣੀ ਫ਼ੌਜ ਦੀ ਨੌਕਰੀ ਬਾਰੇ ਉਹਦੇ ਨਾਲ ਕਦੇ ਵੀ ਕੋਈ ਗੱਲ ਸਾਂਝੀ ਨਹੀਂ ਕੀਤੀ। ਕਦੇ ਵੀ
ਜਿ਼ਕਰ ਨਹੀਂ ਕੀਤਾ। ਇਕ ਅੱਧ ਵਾਰ ਉਹਨੇ ਗੱਲੀਂ ਬਾਤੀਂ ਪੁੱਛਣ ਦਾ ਯਤਨ ਵੀ ਕੀਤਾ, ਪਰ
ਆਤੂ ਦੀਆਂ ਅਵਾਗੌਣ ਜਿਹੀਆਂ ਗੱਲਾਂ ਨੇ ਪਾਲੀ ਨੂੰ ਕੋਈ ਲੜ ਪੱਲਾ ਨਾ ਫੜਾਇਆ। ਉਸ ਦਾ
ਸ਼ੱਕ ਸਗੋਂ ਹੋਰ ਗਾੜ੍ਹਾ ਹੋਣ ਲੱਗਾ।
ਫਿਰ ਇਕ ਦਿਨ ਉਹਨੇ ਹਿੰਮਤ ਕਰਕੇ ਬਾਵੀ ਨੂੰ ਪੁੱਛ ਲਿਆ, ‘‘ਮਾਂ, ਤੇਰੇ ਪੁੱਤ ਦੀ
ਛੁੱਟੀ ਕਿੰਨੀ ਰਹਿ ਗਈ ਆ?’’ ਨੂੰਹ ਵੱਲੋਂ ਅਚਾਨਕ ਪੁੱਛੇ ਗਏ ਸੁਆਲ ਤੇ ਬਾਵੀ ਦੰਗ ਜਿਹੀ
ਰਹਿ ਗਈ। ਉਹਨੂੰ ਭਲੀਮਾਣਸ ਨੂੰ ਕੀ ਪਤਾ ਸੀ ਕਿ ਨੱਥੂ ਨੇ ਕੀ ਗੰਢ-ਤੁੱਪ ਕਰਕੇ ਪਾਲੀ ਦੇ
ਬਾਪ ਨੂੰ ਭਰਮਾਇਆ ਸੀ।
‘‘ਪੁੱਤ ਆਪਣਾ ਆਤੂ ਤੇ ਕੋਈ ਨੌਕਰੀ ਨਹੀਂ ਕਰਦਾ, ਤੈਨੂੰ ਕੀਹਨੇ ਕਿਹਾ?’’ ਬਾਵੀ ਨੇ
ਸਹਿ ਸੁਭਾਅ ਨੂੰਹ ਅੱਗੇ ਸੱਚ ਪਰੋਸ ਕੇ, ਨਾਲ ਹੀ ਸੁਆਲ ਕਰ ਦਿੱਤਾ, ਤੇ ਆਪਣੇ ਵੱਲੋਂ
ਹੌਸਲਾ ਦਿੱਤਾ, ‘‘ਜਿਹੜਾ ਟੁੱਕ ਅਸੀਂ ਖਾਨੇ ਆਂ, ਤੈਨੂੰ ਵੀ ਜੁੜ ਜੂ, ਤੈਨੂੰ ਭੁੱਖੀ
ਨਹੀੰਂ ਰਹਿਣ ਦਿੰਦੇ, ਤੂੰ ਮੇਰਾ ਪੁੱਤ ਦਿਲ ’ਤੇ ਨਾ ਲਾ?’’ ਬਾਵੀ ਜਿਵੇਂ ਵੀ ਸੀ, ਸੱਚ
ਦਾ ਪੱਲਾ ਛੱਡਣ ਵਾਲੀ ਔਰਤ ਨਹੀਂ ਸੀ। ਪਰ ਨੱਥੂ ਨੇ ਜਿਹੜੀ ਝੂਠ ਦੀ ਪਟਾਰੀ ਪਾਲੀ ਦੇ ਪਿਉ
ਅੱਗੇ ਖੋਲ੍ਹੀ ਸੀ, ਉਸ ਤੋਂ ਉਹ ਅਨਜਾਣ ਸੀ।
ਆਪਣੇ ਨਾਲ ਹੋਏ ਧੋਖੇ ਬਾਰੇ ਸੋਚ ਕੇ ਪਾਲੀ ਵਾਸਤੇ ਜਿਵੇਂ ਅਸਮਾਨ ਪਾਟ ਗਿਆ ਹੋਵੇ,
ਜ਼ਮੀਨ ਹਿੱਲਣ ਲੱਗ ਗਈ ਹੋਵੇ। ਹੌਲੀ-ਹੌਲੀ ਉਹਨੂੰ ਪਤੀ ਦੇਵ ਦੇ ਨਸਿ਼ਆਂ ਦੇ ਆਦੀ ਹੋਣ
ਵਾਲੇ ਚਾਲ-ਚੱਲਣਾਂ ਬਾਰੇ ਵੀ ਗਿਆਨ ਹੋ ਗਿਆ। ਜਿਸ ਬਾਰੇ ਆਤੂ ਦੇ ਮਾਪਿਆਂ ਨੂੰ ਵੀ ਅੱਜ
ਤੱਕ ਨਹੀਂ ਪਤਾ ਸੀ। ਪਰ ਜੇਕਰ ਪਤਾ ਵੀ ਹੁੰਦਾ ਤਾਂ ਉਹਨਾਂ ਭਲੇਮਾਣਸਾਂ ਨੇ ਕਰ ਵੀ ਕੀ
ਲੈਣਾ ਸੀ? ਅੜਬ ਸੁਭਾਅ ਦਾ ਮਾਲਕ ਆਤੂ ਮਾਂ-ਪਿਉ ਅੱਗੇ ਵੀ ਵੇਰ੍ਹ ਜਾਂਦਾ। ਉਹ ਤੇ ‘ਇਕ
ਚੁੱਪ ਤੇ ਸੌ ਸੁਖ’ ਦੀ ਨੀਤੀ ’ਤੇ ਚੱਲਦੇ ਘੜੀਆਂ ਕੱਟੀ ਜਾਂਦੇ। ਪਰ ਪਾਲੀ ਅੱਗੇ ਤਾਂ
ਸਾਰੀ ਜਿੰ਼ਦਗੀ ਪਈ ਸੀ।
ਆਤੂ ਨੂੰ ਜਰਦਾ ਖਾਂਦਿਆਂ ਉਗਾਲੀ ਜਿਹੀ ਕਰਦੇ ਨੂੰ ਦੇਖ ਕੇ ਪਾਲੀ ਨੂੰ ਖਿਝ ਘੱਟ ਤੇ
ਕਚਿਆਣ ਜਿ਼ਆਦਾ ਆਉਂਦੀ। ਉਹਦੇ ਕੋਲ ਹੋਣ ਨੂੰ ਉਹਦਾ ਜੀਅ ਨਾ ਕਰਦਾ। ਪਰ ਆਤੂ ਸਮਾਜ ਵੱਲੋਂ
ਮਿਲੀ ਖੁੱਲ੍ਹ ਨੂੰ ਪੂਰੀ ਤਰ੍ਹਾਂ ਵਰਤਦਾ। ਉਹਦੇ ਜਿਸਮ ਨੂੰ ਜਿਸਮ ਨਹੀਂ, ਖਿਡਾਉਣਾ ਸਮਝ
ਕੇ ਖੇਡਦਾ। ਪਿਆਰ ਦੀ ਰੁੱਤ ਤਾਂ ਪਾਲੀ ਨੇ ਦੇਖੀ ਹੀ ਨਹੀਂ ਸੀ। ਨਾ ਅਹਿਸਾਸ ਨਾ ਜਜ਼ਬਾਤ,
ਬੱਸ ਸਾਵੀਂ-ਸੁੰਝੀ ਜਿ਼ੰਦਗੀ ਜਿਉਣ ਲਈ ਉਹ ਮਜਬੂਰ ਹੋ ਗਈ ਸੀ। ਉਹਦੀ ਰੂਹ ਕੰਡਿਆਲੀ ਥੋਹਰ
ਦੀ ਲਪੇਟ ਵਿੱਚ ਆ ਗਈ ਸੀ। ਉਹਦਾ ਸੰਸਾਰ ਬਦਰੰਗ ਹੋ ਗਿਆ ਸੀ। ਉਹਦੇ ਦਿਲ ਦਾ ਅੰਬਰ
ਭੋਰਾ-ਭੋਰਾ ਹੋ ਗਿਆ। ਉਹਦੇ ਇਰਦ-ਗਿਰਦ, ਬੱਸ ਉਹਦੇ ਆਪਣੇ ਹਉਕਿਆਂ ਦੀ ਅਵਾਜ਼ ਹੀ ਰਹਿ ਗਈ
ਸੀ।
ਸ਼ੁਰੂ-ਸ਼ੁਰੂ ਦੇ ਕੁਝ ਕੁ ਦਿਨ ਜੇਕਰ ਕੋਈ ਪਾਲੀ ਦੇ ਸੁਹਣੀ-ਸੁਨੱਖੀ ਹੋਣ ਦਾ ਜਿ਼ਕਰ
ਕਰਦਾ ਤਾਂ ਆਤੂ ਮਾਣ ਮਹਿਸੂਸ ਕਰਦਾ। ਪਰ ਹੌਲੀ-ਹੌਲੀ ਉਹਨੂੰ ਪਾਲੀ ਦੇ ਰੂਪ ਦੀ ਤਾਰੀਫ਼
ਚੁਭਣ ਲੱਗ ਪਈ। ਬਾਵੀ ਵੀ ਨੂੰਹ ਨੂੰ ਬਣ ਸੰਵਰ ਕੇ ਰਹਿਣ ਲਈ ਉਤਸ਼ਾਹ ਦਿੰਦੀ ਤਾਂ ਆਤੂ
ਨੂੰ ਚੰਗਾ ਨਾ ਲੱਗਦਾ ਤੇ ਉਹ ਮਾਂ ਨਾਲ ਵੀ ਆਨੇ-ਬਹਾਨੇ ਖਫ਼ਾ ਹੋ ਜਾਂਦਾ। ਪਤਾ ਨਹੀਂ
ਉਹਦੇ ਦਿਲ ਵਿੱਚ ਕੀ ਭਰਮ ਪਲਣ ਲੱਗ ਗਿਆ ਸੀ? ਕਿਹੜੀ ਹੀਣ-ਭਾਵਨਾ ਉਹਦੇ ਅੰਦਰ ਜਾਗ ਉੱਠੀ
ਸੀ?
ਫਿਰ ਇਕ ਦਿਨ ਤਾਂ ਸ਼ਰਾਬ ਨਾਲ ਰੱਜੇ ਆਤੂ ਨੇ ਹੱਦ ਹੀ ਮੁਕਾ ਦਿੱਤੀ। ਠੰਡੀ ਰੋਟੀ ਦਾ
ਬਹਾਨਾ ਬਣਾ ਕੇ ਪਾਲੀ ਨੂੰ ਲੋਗੜ ਵਾਂਗ ਕੁੱਟ ਸੁੱਟਿਆ ਸੀ। ਬਾਵੀ ਨੇ ਪੁੱਤ ਅੱਗੇ ਬਥੇਰੇ
ਹੱਥ ਬੰਨ੍ਹੇ, ਵਾਸਤੇ ਪਾਉਂਦਿਆਂ ਧਮਕੀ ਵੀ ਦਿੱਤੀ।
‘‘ਵੇ ਮੇਰੀ ਫੁੱਲ ਵਰਗੀ ਧੀ ਨੂੰ ਨਾ ਮਾਰ ਵੇ ਪਾਪੀਆ! ਵੇ ਚਲੀ ਜਾਊਗੀ ਤੈਨੂੰ ਛੱਡ ਕੇ,
ਕਾਸੇ ਜੋਗਾ ਨਹੀਂ ਰਵੇਂਗਾ ਤੂੰ?’’
ਪਰ ਭੂਸਰੇ ਆਤੂ ਉਪਰ ਕਿਸੇ ਵੀ ਸਿੱਖਿਆ ਦਾ ਕੋਈ ਅਸਰ ਨਹੀਂ ਸੀ। ਪਾਲੀ ਦੇ ਗੋਰੇ ਰੰਗ
’ਤੇ ਪਈਆਂ ਲਾਸਾਂ ਤੇ ਘਰੂਟ ਤਾਂ ਦੂਰੋਂ ਦਿਸਦੇ ਸਨ, ਤੇ ਕੁਝ ਦਿਨ ਪਾ ਕੇ ਠੀਕ ਵੀ ਹੋ ਗਏ
ਸਨ। ਪਰ ਉਹਦੇ ਦਿਲ ’ਤੇ ਪਈਆਂ ਕਾਲੀਆਂ ਰਾਤਾਂ ਦਾ ਇਲਾਜ ਕਿਸੇ ਕੋਲ ਵੀ ਨਹੀਂ ਸੀ। ਬਾਵੀ
ਉਹਦੇ ਮੱਲ੍ਹਮ ਲਾਉਂਦੀ, ਆਪਣੇ ਪੁੱਤ ਨੂੰ ਬੁਰਾ-ਭਲਾ ਕਹਿੰਦੀ। ਉਸ ਤੋਂ ਪਾਲੀ ਦਾ ਦੁੱਖ
ਜਰਿਆ ਨਾ ਜਾਂਦਾ। ਨੂੰਹ ਦੇ ਦੁੱਖ ’ਚ ਉਹਦਾ ਮਨ ਦੁਖੀ ਜਿਹਾ ਰਹਿੰਦਾ, ਪਰ ਸਿਵਾਏ ਹਮਦਰਦੀ
ਦੇ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ।
ਚਾਚੀ ਪ੍ਰਸਿੰਨੀ ਹੋਰੀਂ ਤੇ ਆਤੂ ਦੀਆਂ ਭੈਣਾਂ ਵੀ ਕਈ ਵਾਰ ਉਹਨੂੰ ਗੱਲੀਂ-ਬਾਤੀਂ
ਸਮਝਾ ਚੁੱਕੀਆਂ ਸਨ ਕਿ ‘‘ਤੈਨੂੰ ਤੇਰੀ ਔਕਾਤ ਤੋਂ ਕਿਤੇ ਵੱਧ ਸੋਹਣੀ, ਸਚਿਆਰੀ ਤੇ
ਪੜ੍ਹੀ-ਲਿਖੀ ਵਹੁਟੀ ਮਿਲੀ ਆ। ਤੂੰ ਕਦਰ ਕਰਨੀ ਸਿੱਖ।’’ ਪਰ ਉਸ ’ਤੇ ਕੋਈ ਅਸਰ ਨਹੀਂ ਸੀ।
ਉਹਦੀ ਸਮਝ ਦੇ ਅਰਥ ‘ਜ਼ਨਾਨੀ ਪੈਰ ਦੀ ਜੁੱਤੀ ਤੇ ਮਰਦ ਸਿਰ ਦਾ ਤਾਜ ਹੁੰਦਾ ਹੈ’ ਤੱਕ ਹੀ
ਸੀਮਤ ਸਨ।
ਬਾਵੀ ਦੇ ਘਰ ਮਾਰ-ਕੁਟਾਈ ਵਾਲਾ ਕਿੱਸਾ ਆਮ ਹੀ ਹੋ ਗਿਆ। ਥੋੜ੍ਹੇ ਦਿਨਾਂ ਬਾਅਦ ਹੀ
ਆਨੇ-ਬਹਾਨੇ ਪਾਲੀ ਦੇ ਪਾਸੇ ਸੇਕੇ ਜਾਂਦੇ। ਨਿੱਤ ਮਿਲਦੀਆਂ ਗੰਦੀਆਂ ਗਾਲ੍ਹਾਂ ਉਹਦੀ ਰੂਹ
ਪੱਛ ਦਿੰਦੀਆਂ। ਦਿਨਾਂ ਵਿੱਚ ਹੀ ਸੰਘਣੇ ਦੁੱਖ ਨਾਲ ਉਹਦੀਆਂ ਸਧਰਾਂ ਦੇ ਚੀਥੜੇ ਉੱਡ ਗਏ
ਸਨ। ਉਹਦੀ ਅੰਤਰ ਆਤਮਾ ਨੂੰ ਤੜਫਾਉਂਦੇ ਹਾਉਕੇ ਉਹਨੂੰ ਰਾਤ ਭਰ ਸੌਣ ਨਾ ਦਿੰਦੇ। ਪੀੜ
ਦੀਆਂ ਭਾਫ਼ਾਂ ਉਹਦੇ ਮਨ ’ਚੋਂ ਉਠਦੀਆਂ ਰਹਿੰਦੀਆਂ। ਮੰਜੇ ਤੋਂ ਉੱਠਣ ਨੂੰ ਉਹਦਾ ਦਿਲ ਹੀ
ਨਾ ਕਰਦਾ। ਉਹ ਨਿਢਾਲ ਜਿਹੀ ਹੋਈ ਸਾਰਾ ਦਿਨ ਪਈ ਰਹਿੰਦੀ। ਉਹਦੇ ਅੰਦਰ ਡਰ ਨੇ ਨੀਹਾਂ
ਪੱਕੀਆਂ ਕਰ ਲਈਆਂ ਸਨ। ਮਨ ’ਤੇ ਉਦਾਸੀ ਦੇ ਪੱਤਣ ਛਾਏ ਰਹਿੰਦੇ ਸਨ। ਸ਼ਾਮ ਹੁੰਦਿਆਂ ਹੀ
ਪਾਲੀ ਦਾ ਕਾਲਜਾ ਬਾਹਰ ਆਉਣ ਲੱਗ ਜਾਂਦਾ ਕਿ ‘ਅੱਜ ਕੀ ਹੋਊ? ਖਵਰੇ ਅੱਜ ਕੀ ਭਾਣਾ ਵਰਤੂ?’
ਸਾਉਣ ਦਾ ਮਹੀਨਾ ਸੀ, ਤੀਆਂ ਦੇ ਦਿਨ ਸਨ। ਬਾਵੀ ਦੀ ਵੱਡੀ ਧੀ ਮੰਗਲੀ ਵੀ ਤਿੰਨੇ
ਨਿਆਣੇ ਲੈ ਕੇ ਪੇਕੇ ਆਈ ਹੋਈ ਸੀ। ਪਿੰਡ ਵਿੱਚ ਮੁੰਡਿਆਂ ਦੇ ਸਕੂਲ ਵਾਲੀ ਗਰਾਊਂਡ ਵਿੱਚ
ਐਤਵਾਰ ਨੂੰ ਤੀਆਂ ਲੱਗਦੀਆਂ ਸਨ। ਮੰਗਲੀ ਨੇ ਪਾਲੀ ਨੂੰ ਤਿਆਰ ਕਰ ਲਿਆ, ‘‘ਭਾਬੀ ਚੱਲ
ਤੀਆਂ ਵੇਖਣ ਚੱਲੀਏ?’’
ਪਾਲੀ ਦਾ ਦਿਲ ਧੜਕਿਆ, ਕਿਉਂਕਿ ਸਾਹ ਲੈਣ ਤੋਂ ਇਲਾਵਾ ਉਹਨੂੰ ਹੋਰ ਕੋਈ ਆਜ਼ਾਦੀ ਵੀ
ਤੇ ਨਹੀਂ ਸੀ। ਸਧਰਾਂ ਨਾਲ ਪਾਲੇ ਸੁਪਨੇ ਤਾਂ ਉਹਦੇ ਟੁੱਟ ਚੁੱਕੇ ਸਨ। ਉਹਦੇ ਚਾਵਾਂ ਦੀ
ਪੀਂਘ ਤਾਂ ਤਹਿਸ-ਨਹਿਸ ਹੋ ਗਈ ਸੀ। ਉਹ ਤਿਆਰ ਤਾਂ ਹੋ ਗਈ ਪਰ ਅੰਦਰੋਂ ਡਰੀ ਜਾ ਰਹੀ ਸੀ।
ਸਹਿਮ ਤਾਂ ਉਹਦੇ ਮਨ ਅੰਦਰ ਘਰ ਕਰ ਗਿਆ ਹੋਇਆ ਸੀ।
ਮੰਗਲੀ ਦੇ ਉਦਮ ਨਾਲ ਅੰਦਰੋਂ ਟੁੱਟੀ ਹੋਈ ਪਾਲੀ ਨੇ ਆਪਣੇ-ਆਪ ਨੂੰ ਇਕੱਠਾ ਕੀਤਾ। ਉਹ
ਹਿੰਮਤ ਕਰਕੇ ਉੱਠੀ, ਨਹਾ ਧੋ ਕੇ ਤਿਆਰ ਹੋਈ। ਇਕ ਸਧਰ ਨੇ ਉਹਦੇ ਅੰਦਰ ਫਿ਼ਰ ਉਸਲਵੱਟਾ
ਲਿਆ। ਤਿੱਲੇ ਵਾਲੀ ਪੰਜਾਬੀ ਜੁੱਤੀ ਤੇ ਸੋਹਣੀ ਕਢਾਈ ਵਾਲਾ ਜਾਮਨੀ ਸੂਟ ਕੱਢ ਕੇ ਪਾਇਆ।
ਸਿਰ ਵਾਹ ਕੇ ਲੰਬੇ ਲੜ ਵਾਲੀ ਕਾਲੀ ਪਰਾਂਦੀ ਪਾਈ। ਸੁਰਖੀ ਪਾਊਡਰ ਲਾ ਕੇ ਤਿਆਰ ਹੋਈ। ਅੱਜ
ਫਿਰ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਨਣਾਨ ਭਰਜਾਈ ਤੇ ਹੋਰ
ਆਂਢਣਾਂ-ਗੁਆਂਢਣਾਂ ਇਕੱਠੀਆਂ ਹੋ ਕੇ ਤੀਆਂ ’ਚ ਜਾ ਪਹੁੰਚੀਆਂ। ਪਿੜ ਵਿੱਚ ਨਵੀਂ ਭਾਬੀ
ਨੂੰ ਨੱਚਦੀ ਦੇਖਣ ਵਾਸਤੇ ਕੁੜੀਆਂ ਨੇ ਜਿ਼ੱਦ ਕੀਤੀ। ਪਾਲੀ ਨੇ ਗਿੱਧੇ ’ਚ ਵੜਦਿਆਂ ਬੋਲੀ
ਪਾ ਕੇ ਮਨ ਖੁਸ਼ ਕੀਤਾ।
‘‘ਬਾਰ੍ਹੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਰਾਈ
ਤੁਰਦੀ ਸਾਂ ਢਾਕ ਮਰੋੜ ਕੇ, ਮੈਂ ਬੂਝੜ ਦੇ ਲੜ ਲਾਈ
ਤੁਰਦੀ ਸਾਂ ਢਾਕ ਮਰੋੜ ਕੇ .......’’
ਤੇ ਫਿਰ -
ਨਿੱਤ ਸ਼ਰਾਬਾਂ ਪੀ ਕੇ ਲੜਦੈਂ ਸਿਰ ਚੜ੍ਹ ਕੇ ਵੇ ਤੇਰੇ
ਵੇ ਮੈਂ ਹੋ ਜਊਂ ਸਾਧਣੀ, ਬਹਿ ਜਾਊਂ ਕਿਸੇ ਸਾਧ ਦੇ ਡੇਰੇ
ਵੇ ਮੈ ਹੋ ਜਾਊਂ ਸਾਧਣੀ ........’’
ਜੋਸ਼ ’ਚ ਆਈ, ਬੋਲੀ ਤੇ ਬੋਲੀ ਸੁੱਟਦੀ ਪਾਲੀ ਨੇ ਮਨ ਦੀ ਕੁਝ ਭੜ੍ਹਾਸ ਕੱਢੀ। ਹਾਨਣਾਂ
ਨਾਲ ਗੱਲਾਂ ਕਰ-ਕਰ ਹੱਸਦੀ ਰਹੀ। ਕੁਝ ਚਿਰ ਲਈ ਤਾਂ ਜਿਵੇਂ ਉਸ ਨੂੰ ਸਭ ਕੁਝ ਭੁੱਲ ਗਿਆ
ਹੋਵੇ। ਉਹਦਾ ਗਮ ਹਲਕਾ ਹੋ ਗਿਆ ਸੀ।
ਅਗਲੇ ਦਿਨ ਮੰਗਲੀ ਤਾਂ ਆਪਣੇ ਸਹੁਰੀਂ ਵਾਪਸ ਮੁੜ ਗਈ। ਆਤੂ ਦੇ ਕੰਨੀਂ ਕਿਸੇ ਨੇ ਪਾ
ਦਿੱਤਾ ਕਿ ਕੱਲ੍ਹ ਤੀਆਂ ਵਿੱਚ ਪਾਲੀ ਨੇ ਤਾਂ ਨੱਚ-ਨੱਚ ਕੇ ਧਰਤੀ ਹਿਲਾ ਦਿੱਤੀ। ਬੋਲੀਆਂ
ਪਾਉਣ ਵਾਲੀ ਹੱਦ ਮੁਕਾ ਦਿੱਤੀ ਸੀ। ਆਤੂ ਦੇ ਤਾਂ ਇਹ ਗੱਲ ਕਾਲਜੇ ਲੜ ਗਈ।
ਨਸ਼ੇ ’ਚ ਧੁੱਤ, ਮੂੰਹ ’ਚੋਂ ਝੱਗ ਸੁੱਟਦਾ ਘਰ ਵੜਿਆ। ਬਾਵੀ ਦਾ ਦਿਲ ਉਹਨੂੰ ਦੇਖ ਕੇ
ਦਹਿਲ ਗਿਆ। ਉਹ ਠਠੰਬਰ ਗਈ। ਕਿਸੇ ਅਣਹੋਣੀ ਤੋਂ ਡਰਦੀ ਉਹ ‘ਵਾਘਰੂ-ਵਾਘਰੂ’ ਕਰੀ ਜਾ ਰਹੀ
ਸੀ। ਆਤੂ ਨੇ ਉਹੀ ਜੰਗਲੀ ਵਤੀਰਾ ਅਪਣਾਇਆ, ਤੇ ਅੰਦਰੋਂ ਪਾਲੀ ਨੂੰ ਵਾਲਾਂ ਤੋਂ ਫੜ
ਘੜ੍ਹੀਸਦਾ ਬਾਹਰ ਲੈ ਆਇਆ। ਉਹ ਹੈਵਾਨ ਬਣ ਗਿਆ ਸੀ। ਆਤਮਾ ਲੂਹਣ ਵਾਲੇ ਭੈੜੇ ਬੋਲ ਬੋਲਦਾ,
ਸੋਟਾ ਫੜ ਕੇ ਜਿੱਥੇ ਵੱਜਦਾ, ਮਾਰੀ ਗਿਆ। ਬਾਵੀ ਤੇ ਸਾਧੂ ਦੀ ਹਾਲ ਪਾਹਰਿਆ ਦਾ ਵੀ ਉਸ
ਵਹਿਸ਼ੀ ਉਪਰ ਕੋਈ ਅਸਰ ਨਾ ਹੋਇਆ। ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਜਦੋਂ ਮਾਰ-ਮਾਰ ਥੱਕ
ਗਿਆ ਤਾਂ ਧਰਤੀ ’ਤੇ ਡਿੱਗੀ ਪਈ ਪਾਲੀ ਨੂੰ ਖਿੱਚ ਕੇ ਮੰਜੇ ਦੇ ਪਾਵੇ ਹੇਠ ਉਹਦੇ ਹੱਥ ਰੱਖ
ਕੇ ਦਰਿੰਦਾ ਉਪਰ ਆਪ ਬੈਠ ਗਿਆ। ਦਰਦ ਨਾਲ ਕਰਾਹੁੰਦੀ ਚੀਕਦੀ-ਚਿਲਾਉਂਦੀ ਪਾਲੀ ਬੇਹੋਸ਼ ਹੋ
ਗਈ। ਫਿਰ ਆਪ ਵੀ ਹਫ਼ ਕੇ ਅੰਦਰ ਜਾ ਸੁੱਤਾ।
ਬਾਵੀ ਤੇ ਸਾਧੂ ਨੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ ਤੇ ਪਾਲੀ ਨੂੰ ਕੁਝ ਹੋਸ਼ ਆਈ।
ਬਾਵੀ ਤੋਂ ਆਪਣੇ ਬੇਕਿਰਕ ਪੁੱਤ ਹੱਥੋਂ ਨੂੰਹ ਦਾ ਇਹ ਹਾਲ ਦੇਖ ਨਹੀਂ ਹੁੰਦਾ ਸੀ। ਸਾਰੀ
ਰਾਤ ਜਾਗ ਕੇ ਉਹ ਨੂੰਹ ਦੇ ਜ਼ਖਮਾਂ ’ਤੇ ਟਕੋਰ ਕਰਦੀ ਰਹੀ, ਉਹਨੂੰ ਘੁੱਟਦੀ ਰਹੀ। ਉਸ ਰਾਤ
ਉਹਨੇ ਕਈ ਵਾਰ ਪਾਲੀ ਨੂੰ ਕਾਲਜੇ ਲਾਇਆ। ਇਕ ਮਿੰਟ ਵੀ ਨੂੰਹ-ਸੱਸ ਨੇ ਸੌਂ ਕੇ ਨਹੀਂ
ਦੇਖਿਆ। ਪਾਲੀ ਦੇ ਸਰੀਰ ’ਚ ਚੀਸਾਂ ਪੈ ਰਹੀਆਂ ਸਨ। ਸੱਟਾਂ ਨਾਲ ਪਿੰਜੀ ਪਈ ਉਹ ਸਾਰੀ ਰਾਤ
ਤੜਪਦੀ, ਫ਼ੱਟੜ ਸੱਪ ਵਾਂਗ ਮੇਲ੍ਹਦੀ ਰਹੀ।
ਬਾਵੀ ਤੜਕੇ ਹੀ ਚਾਹ-ਪਾਣੀ ਪੀਤੇ ਬਗੈਰ ਘਰੋਂ ਖਿਸਕ ਗਈ। ਸਿੱਧੀ ਥਾਣੇ ਪਹੁੰਚ ਗਈ।
ਸਾਰਾ ਹਾਲ ਬਿਆਨ ਕਰਕੇ ਪੁਲਿਸ ਦੀ ਗੱਡੀ ’ਚ ਬੈਠ ਕੇ ਨਾਲ ਹੀ ਪਰਤ ਆਈ। ਪੁਲਿਸ ਵਾਲਿਆਂ
ਨੇ ਪਾਲੀ ਦਾ ਹਾਲ ਦੇਖਿਆ ਤੇ ਰਿਪੋਰਟ ਲਿਖ ਲਈ। ਆਤੂ ਜੋ ਬੜੇ ਅਰਾਮ ਨਾਲ ਘੋੜੇ ਵੇਚ ਕੇ
ਸੁੱਤਾ ਸੀ, ਨੂੰ ਜਗਾਇਆ ਤੇ ਕਾਰ ’ਚ ਲੱਦ ਲਿਆ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ
ਕੀ ਹੋ ਰਿਹਾ ਸੀ? ਉਹ ਕਦੇ ਆਪਣੀ ਮਾਂ ਵੱਲ ਤੇ ਕਦੇ ਪਾਲੀ ਵੱਲ ਤੱਕੀ ਜਾ ਰਿਹਾ ਸੀ। ਪਰ
ਬਾਵੀ ਨੇ ਬੜੇ ਹੌਸਲੇ ਨਾਲ ਅੱਗੇ ਹੋ ਕੇ ਉਹਨੂੰ ਸਮਝਾ ਦਿੱਤਾ, ‘‘ਪੁੱਤਰਾ ਇਹ ਪਾਪ ਵੀ
ਇੱਕ ਦਿਨ ਮੈਥੋਂ ਹੋਇਆ ਸੀ, ਤੇ ਅੱਜ ਪੁੰਨ ਵੀ ਮੈਂ ਆਪ ਹੀ ਕਰ ਰਹੀ ਹਾਂ।’’ ਤੇ ਨਾਲ ਹੀ
ਠਾਣੇਦਾਰ ਨੂੰ ਕਹਿ ਰਹੀ ਸੀ, ‘‘ਲੈ ਜਾਉ ਇਹਨੂੰ ਮੇਰੀਆਂ ਅੱਖਾਂ ਤੋਂ ਦੂਰ, ਇਹ ਇਸੇ ਵਾਹੇ
ਵਾਲਾ ਏ।’’
ਆਤੂ ਹੱਥਕੜੀ ’ਚ ਬੱਧਾ ਪੁਲਿਸ ਦੇ ਪਿੱਛੇ-ਪਿੱਛੇ ਤੁਰ ਪਿਆ। ਥੋੜ੍ਹੇ ਦਿਨਾਂ ’ਚ ਬਾਵੀ
ਨੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਕੇ ਤਲਾਕ ਦੇ ਕਾਗਜ਼ ਤਿਆਰ ਕਰਵਾ, ਪਾਲੀ ਨੂੰ ਆਤੂ ਦੀ
ਕੈਦ ’ਚੋਂ ਆਜ਼ਾਦ ਕਰਵਾ, ਆਪ ਨਾਲ ਜਾ ਕੇ ਉਹਨੂੰ ਉਹਦੇ ਪਿੰਡ ਫੱਤੂਵਾਲ ਛੱਡ ਆਈ। ਪਰ
ਪਾਲੀ ਤੋਂ ਦੂਰ ਹੋਣ ਦਾ ਸਦਮਾ ਬਾਵੀ ਤੋਂ ਬਰਦਾਸ਼ਤ ਨਾ ਹੋਇਆ। ਉਹਦੇ ਦਿਮਾਗ ’ਤੇ ਡੂੰਘਾ
ਅਸਰ ਹੋਇਆ। ਉਹ ਦਿਨੇ-ਰਾਤ ਪਾਲੀ ਨੂੰ ਹੀ ਯਾਦ ਕਰਦੀ ਰਹਿੰਦੀ ਸੀ। ਸੋਚ-ਸੋਚ ਕੇ ਉਹਦੇ
ਦਿਮਾਗ ਦਾ ਸੰਤੁਲਨ ਵਿਗੜ ਗਿਆ।
....ਤੇ ਅੱਜ ਜਦ ਬਿੰਦਰ ਨੂੰ ਬਾਵੀ ਦੀ ਮੌਤ ਦੀ ਖਬਰ ਮਿਲੀ ਤਾਂ ਉਹਨੂੰ ਰਹਿ-ਰਹਿ ਕੇ
ਆਪਣੇ ਉਪਰ ਗੁੱਸਾ ਆਈ ਜਾ ਰਿਹਾ ਸੀ। ਉਹ ਯਾਦਾਂ ਦੀ ਢੇਰੀ ਫ਼ਰੋਲ ਕੇ ਬੈਠ ਗਈ। ਬਚਪਨ
ਵਿੱਚ ਬਾਵੀ ਜਦ ਪਾਲੀ ਦੇ ਗ਼ਮ ਵਿੱਚ ਝੱਲੀ ਹੋਈ ਉਹਨੂੰ ਚੇਤੇ ਕਰਕੇ ਉਹਦਾ ਨਾਂ ਲੈ ਕੇ
ਆਵਾਜ਼ਾਂ ਮਾਰਦੀ ਰਹਿੰਦੀ ਸੀ, ਤਾਂ ਕਿਵੇਂ ਬਿੰਦਰ ਤੇ ਉਹਦੀ ਛੋਟੀ ਭੈਣ ਤੇਜੀ ਬਾਵੀ ਦੇ
ਮਾਨਸਿਕ ਦਰਦ ਨੂੰ ਨਾ ਸਮਝਦੀਆਂ ਹੋਈਆਂ ਉਹਦਾ ਮਜ਼ਾਕ ਉਡਾ ਕੇ ਹੱਸ ਪੈਂਦੀਆਂ ਸੀ। ਉਹ
ਬਾਵੀ ਦੇ ਹੱਥ ਕਾਗਜ਼ ਫੜਾ ਦਿੰਦੀਆਂ ਤੇ ਬਾਵੀ ਕਾਗਜ਼ ਨੂੰ ਮਰੋੜ ਕੇ ਰੋਲ ਜਿਹਾ ਬਣਾ ਕੇ
ਪਾਲੀ ਨੂੰ ਟੈਲੀਫੋ਼ਨ ਕਰਕੇ ਆਵਾਜ਼ਾਂ ਦਿੰਦੀ, ‘‘ਪਾਲੀ, ਪੁੱਤ ਮੈਨੂੰ ਇਕ ਵਾਰੀ ਆ ਕੇ
ਮਿਲਜਾ? ਮੇਰੀ ਧੀ ਬਣਕੇ ਮਿਲ ਜਾਹ ਮੈਨੂੰ ਆ ਕੇ?’’ ਹਾੜੇ ਕੱਢਦੀ ਬਾਵੀ ਕਦੇ ਹੱਸਣ ਲੱਗ
ਜਾਂਦੀ ਤੇ ਕਦੇ ਰੋਅ ਪੈਂਦੀ।
ਬਿੰਦਰ ਨੂੰ ਅੱਜ ਬਾਵੀ ਦੇ ਸੀਨੇ ’ਚ ਪਾਲੇ ਦਰਦ, ਜਿਸ ਨੂੰ ਉਹ ਨਾਲ ਹੀ ਲੈ ਗਈ ਸੀ ਤੇ
ਕਦੇ ਕੀਤੇ ਪੁੰਨ ਦਾ ਖਿਆਲ ਆਈ ਜਾ ਰਿਹਾ ਸੀ।
|