ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ ੨ ਦਸੰਬਰ ੨੦੧੭ ਦਿਨ
ਸਨਿਚਰਵਾਰ ਦੋ ਵਜ਼ੇ ਕੋਸੋ ਦੇ ਹਾਲ ਵਿਚ ਹੋਈ। ਇਕੱਤਰਤਾ ਦੀ ਪ੍ਰਧਾਨਗੀ ਸਭਾ
ਦੇ ਪਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਨੇ ਕੀਤੀ।
ਸਭਾ ਦੀ ਕਾਰਵਾਈ ਜਸਵੀਰ ਸਿੰਘ ਸਿਹੋਤਾ ਨੇ ਨਿਭਾਈ ਅਤੇ ਅਰੰਭ ਵਿਚ ਸਕੱਤਰ
ਨੇ ਹਾਜ਼ਰੀਨ ਦਾ ਤਹਿਦਿਲੋਂ ਸਵਾਗਤ ਕੀਤਾ। ਦਸੰਬਰ ਮਹੀਨਾ ਸਿੱਖ ਇਤਹਾਸ ਵਿਚ
ਸ਼ਹਾਦਤਾਂ ਭਰਪੂਰ ਮਹੀਨਾ ਹੈ। ਇਸ ਮਹੀਨਾ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ
ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਸ਼ਹਾਦਤਾਂ ਦੀ ਯਾਦ ਦਵਾਉਂਦਾ ਹੈ
ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਹੈ। ਮਹਾਨ ਗੁਰੂ
ਸਾਹਿਬਾਂ ਦੇ ਮਹਾਨ ਕਾਰਨਾਮਿਆਂ ਸਦਕੇ ਖਾਲਸਾ ਹੋਂਦ ਵਿਚ ਆਇਆ ਅਤੇ ਦੱਬੇ
ਕੁਚਲ਼ੇ ਗਰੀਬ ਨਿਤਾਣਿਆ ਨੇ ਸਵੈਮਾਨ ਹਾਸਲ ਕੀਤਾ।
ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਗਜ਼ਲ ਦੇ ਸ਼ਬਦਾਂ ਵਿਚ ਗੁਰੂ
ਪਿਤਾ ਨੂੰ ਨਾ ਭਲਾਈ ਜਾਣ ਵਾਲੇ ਅਤੇ ਜ਼ਾਲਮਾਂ ਤੋਂ ਨਾ ਮਿਟਾਈ ਜਾਣ ਵਾਲੀ
ਸ਼ਖਸ਼ੀਅਤ ਪ੍ਰਤੀ ਸ਼ਰਧਾਂ ਦੇ ਫੂੱਲ ਇਨ੍ਹਾਂ ਸ਼ਬਦਾ ਵਿਚ ਭੈਂਟ ਕੀਤੇ।
"ਗੁਰਬਲੀ ਗੋਬਿੰਦ ਸਾਥੋਂ ਤੇ ਭੂਲਾਇਆ ਨਾ ਗਿਆ।
ਸੱਚ ਤੋਂ ਪ੍ਰਵਾਰ ਵਾਰੇ ਪਰ ਮਿਟਾਇਆ ਨਾ ਗਿਆ"।
ਵਾਟ ਲੰਮੀਂ ਸੁੰਨ ਰਸਤੇ, ਧੁੰਦਲੀ ਜਿਉਂ ਕਹਿਕਸ਼ਾਂ
ਘਰ ਤਿਰੇ ਦਾ ਮਾਲਕਾ, ਟੇਵਾ ਲਗਾਇਆ ਨਾ ਗਿਆ।
ਪ੍ਰਭਦੇਵ ਸਿੰਘ ਗਿੱਲ ਹੋਰਾਂ ਸਾਹਿਬਜਾਦਿਆਂ ਦੀ ਸ਼ਹਾਦਤ ਤੇ ਬੋਲਦਿਆਂ ਨਵਾਬ
ਮਲੇਰਕੋਟਲ਼ਾ ਵਲੋਂ ਇਸਲਾਮੀ ਹਾਕਮ ਜਮਾਤ ਨੂੰ ਸਾਹਿਬਜਾਦਿਆਂ ਦੀਆਂ ਸਜਾਵਾਂ
ਗੈਰ ਸਵਿਧਾਨਕ ਕਿਹਾ। ਇਸ ਉਪਰੰਤ ਆਟੇ ਦੀਆਂ ਚਿੜੀਆਂ ਨਾਂ ਦੀ ਕਵਿਤਾ
ਸੁਣਾਈ।
ਰਣਜੀਤ ਸਿੰਘ ਮਿਨਹਾਸ ਹੋਰਾਂ ਮੌਜੂਦਾ ਸਿਆਸੀ ਹਲਾਤ ਬਾਰੇ ਵਿਅੰਗਆਤਮਕ
ਕਵਿਤਾ ਨਾਲ ਵਾਹ ਵਾਹ ਖੱਟੀ।
ਸੁਰਿੰਦਰ ਗੀਤ ਕੈਲਗਰੀ ਦੀ ਲੇਖਕਾ ਨੇ ੧੭ਵੈ ਅੰਤਰਰਾਸ਼ਟਰੀ ਕਵਿਤਰੀ ਸਮੇਲਨ,
ਕਲਾ ਭਵਨ, ਚੰਦੀਗੜ੍ਹ ਵਿਚ ਭਾਗ ਲੈ ਕੇ ਅਮ੍ਰਿਤਾ ਪ੍ਰੀਤਮ ਦਾ ਪੁਰਸਕਾਰ
ਹਾਸਲ ਕੀਤਾ ਜੋ ਕਿ ਉਨ੍ਹਾਂ ਦੀਆ ਰਚਨਾਵਾਂ ਪ੍ਰਤੀ ਵੱਡੀ ਪ੍ਰਾਪਤੀ ਹੈ ਅਤੇ
ਕੈਲਗਰੀ ਦੀਆਂ ਸਭਾਵਾਂ ਲਈ ਤੇ ਕੈਨੇਡਾ ਦੇ ਪੰਜਾਬੀ ਲਿਖਾਰੀਆਂ ਲਈ ਵੀ ਮਾਣ
ਵਾਲ਼ੀ ਗੱਲ ਹੈ। ਉਨ੍ਹਾਂ ਨੇ ਸਮੇਲਨ ਬਾਰੇ ਦੱਸਿਆ ਅਤੇ ਪਰਮਜੀਤ ਨੂਰ ਦਾ
ਵਿਸ਼ੇਸ਼ ਜਿਕਰ ਕੀਤਾ ਜਿਨਾਂ ਦੀ ਅਵਾਜ਼ ਵਿਚ ਦੋ ਗਜ਼ਲਾਂ ਸੀ ਡੀ ਵਿਚ ਦਰਜ਼
ਹਨ,'ਗੀਤ ਨਾ ਕਹਿ' ਅਤੇ 'ਗੀਤ ਗਜ਼ਲ।
ਸੁਖਵਿੰਦਰ ਤੂਰ ਨੇ ਆਪਣੀ ਮਨਮੋਹਕ ਆਵਾਜ਼ ਵਿਚ ਸੁਰਿੰਦਰ ਗੀਤ ਅਤੇ ਪ੍ਰੋ.
ਮੋਹਨ ਸਿੰਘ ਔਜ਼ਲਾ ਦੀਆਂ ਗਜ਼ਲਾਂ ਸੁਣਾਕੇ ਵਾਹ ਵਾਹ ਖੱਟੀ।
ਅਜੈਬ ਸਿੰਘ ਸੇਖੋਂ ਹੋਰਾਂ 'ਪੈਲੀ' ਨਾਂ ਦੀ ਕਹਾਣੀ ਸੁਣਾਈ ਜਿਸ ਵਿਚ ਬੰਤਾ
ਸਿੰਘ ਦੇ ਦੋ ਪੁਤਰਾਂ ਨੇ ਸਖਤ ਮਿਹਨਤ ਨਾਲ ਹਰ ਖੁਸ਼ੀ ਹਾਸਲ ਕੀਤੀ ਪਰ ਬੰਤਾ
ਸਿੰਘ ਦੇ ਪ੍ਰਲੋਕ ਸਧਾਰ ਜਾਣ ਪਿੱਛੋਂ, ਭਰਾਵਾਂ ਵਿਚ ਇਕੱਠ ਬਹੁਤਾ ਚਿਰ ਨਾ
ਨਿਭ ਸਕਿਆ ਅਤੇ ਹਲਾਤ ਬਦਤਰ ਹੋਣੇ ਸ਼ੁਰੂ ਹੋ ਗਏ।
ਅਹਿਮਦ ਚੁਗਤਾਈ ਹੋਰਾਂ ਦੋ ਕਵਿਤਾਵਾਂ ਨਾਲ ਸਾਂਝ ਪਾਈ,
'ਹਰ ਇਕ ਖੁਨ 'ਚ ਖੂਨੀ ਹੋਇਆ।
ਹਰ ਇਕ ਬੰਦਾ ਜਨੂੰਨੀ ਹੋਇਆ।
ਹੁਣ ਅੱਗੋਂ ਅਜ਼ਮਾਵਾਂ ਕੀਹਨੂੰ ਮੈਂ"।
ਜਰਨੈਲ ਸਿੰਘ ਤੱਗੜ ਨੇ ਬੀਬੀ ਸੁਰਿੰਦਰ ਗੀਤ ਨੂੰ ਵਧਾਈ ਦੇਣ ਉਪਰੰਤ ਇਕ
ਗਜ਼ਲ ਪੇਸ਼ ਕੀਤੀ-- 'ਝੂਠ ਫਰੇਬ ਨਾਲ ਭਰੇ ਲੋਕ, ਮਰੀ ਜਮੀਰ ਪਰ ਜਿਉਂਦੇ
ਲੋਕ"।
ਹਰਦਿਆਲ ਸਿੰਘ ਮਾਨ ਨੇ ਕਿਹਾ 'ਮਨੁੱਖਤਾ ਅਤੇ ਧਰਮ' ਦੋ ਬਹੁਤ ਹੀ ਮਹੱਤਵ
ਵਾਲੇ ਅਲੱਗ ਅਲੱਗ ਵਿਸ਼ੇ ਹਨ। ਦੋਵਾਂ ਵਿਚ ਫਰਕ ਨੂੰ ਪਹਿਚਾਨਦਿਆਂ ਅੱਜ
ਇਨਸਾਨਾਂ ਨੂੰ ਮਨੁੱਖਤਾ ਤੇ ਪਹਿਰਾ ਦੇਣ ਦੀ ਲੋੜ ਤੇ ਜੋਰ ਦਿੱਤਾ। ਰਫੀ
ਅਹਿਮਦ ਹੋਰਾਂ ਉਰਦੂ ਕਹਾਣੀ ਸਾਂਝੀ ਕੀਤੀ। ਰਵੀ ਜਨਾਗਲ ਹੋਰਾਂ ਗਾਕੇ
ਸੁਰਿੰਦਰ ਗੀਤ ਦੀ ਗਜ਼ਲ ਸਾਂਝੀ ਕੀਤੀ। ਬੀਬੀ ਮਨਜੀਤ ਨਿਰਮਲ ਨੇ ਇਕ ਲੇਖ
'ਅਸੀਂ ਵੀ ਕੁਝ ਕਰ ਸਕਦੇ ਹਾਂ' ਆਪਣੀ ਸ਼ਖਸ਼ੀਅਤ ਪ੍ਰਤੀ ਸਾਨੂੰ ਭੁੱਲਣਾ
ਨਹੀਂ ਚਾਹੀਦਾ, ਹਮੇਸ਼ਾ ਤੱਤਭਰ ਰਹਿਣਾ ਚਾਹੀਦਾ ਹੈ। ਬੀਬੀ ਹਰਚਰਨ ਬਾਸੀ
ਹੋਰਾਂ ਇਕ ਗੀਤ ਦੇ ਬੋਲ ਸ਼ਾਂਝੇ ਕੀਤੇ। ਜਾਵੇਦ ਨਿਜ਼ਾਮੀ ਹੋਰਾਂ ਰੁਮਾਂਟਿਕ
ਗਜ਼ਲਾਂ ਦੀ ਪੇਸ਼ਕਾਰੀ ਕੀਤੀ
"ਮੁਝੇ ਦੋ ਹੀ ਲੰਮਹੇਂ ਯਾਦ ਹੈ
ਏਕ ਤੇਰੇ ਆਨੇ ਸੇ ਪਹਿਲੇ
ਦੂਸਰਾ ਤੇਰੇ ਜਾਨੇ ਸੇ ਪਹਿਲੇ- ਨਾਲ ਵਾਹ ਵਾਹ ਖੱਟੀ।
ਸਭਾ ਦੇ ਸਕਤਰ ਜਸਵੀਰ ਸਿੰਘ ਸਿਹੋਤਾ ਨੇ ਹਰ ਰੋਜ਼ ਵਰਤੋਂ ਵਿਚ ਆਉਣ ਵਾਲੇ
ਸ਼ਬਦ ਦੁੱਖ, ਸੁੱਖ, ਤਸੱਲੀ, ਜੱਦੋ ਜਹਿਦ, ਮਹੱਤਵ ਪੂਰਵ ਹੋਣ ਦੀ ਖੁਸ਼ੀ,
ਨਾਕਾਮਯਾਬੀ ਤੇ ਦੁੱਖਾਂ ਵਿਚ ਘਿਰੇ ਰਹਿਣਾ, ਇਨ੍ਹਾਂ ਸ਼ਬਦਾਂ ਦੇ ਅਰਥ ਵਿਚ
ਜੀਵਨ ਦਾ ਮਾਰਗ, ਜੀਵਨ ਦਾ ਫਲਸਫਾ ਛੁੱਪਿਆ ਹੋਇਆ ਹੈ। ਇਨ੍ਹਾਂ ਨੂੰ
ਸੁਹਿਰਦ ਹੋ ਕੇ ਖੋਜਣ ਪੜਚੋਲਣ ਦੀ ਲੋੜ ਹੈ। ਕਿਵੇਂ ਤੇ ਕਿਉਂ ਨੂੰ
ਦੇਖਦਿਆਂ ਇਹ ਸਾਰੇ ਇਕ ਪੌੜੀ ਦੇ ਡੰਡਿਆ ਵਾਂਗ ਇਕ ਦੂਸਰੇ ਨਾਲ ਸਬੰਧਤ
ਜਾਪਣਗੇ।
ਜਸਬੀਰ ਸਹੋਤਾ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ
ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ
ਦੀ ਅਗਲੀ ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ
ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ,
ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ
ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ
ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ
ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ
ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ
ਤਰੱਕੀ, ਪਰਚਾਰ ਤੇ ਪਰਸਾਰ ਦਾ ਰਾਜ਼ ਹੈ। ਇਨ੍ਹਾਂ ਵਿਚਾਰਾਂ ਦੇ ਨਾਲ ਸਭਾ
ਦੀ ਸਮਾਪਤੀ ਕੀਤੀ।
ਰਾਈਟਰਜ਼ ਫੋਰਮ ਦੀ ਅਗਲੀ ਮੀਟਿੰਗ ੬ ਜਨਵਰੀ ੨੦੧੮ ਨੂੰ ਹੋਵੇਗੀ। ਹੋਰ
ਜਾਣਕਾਰੀ ਲਈ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨਾਲ ੪੦੩ ੨੮੫ ੫੬੦੯ ਜਾਂ
੪੦੩-੮੭੦-੫੬੦੯ ਅਤੇ ਜਸਵੀਰ ਸਿੰਘ ਸਿਹੋਤਾ ਨਾਲ ੪੦੩ ੬੮੧ ੮੨੮੧ ਅਤੇ ਜਸ
ਚਾਹਲ ਨਾਲ ੪੦੩ ੬੬੭ ੦੧੨੮ ਤੇ ਸੰਪਰਕ ਕੀਤਾ ਜਾ ਸਕਦਾ ਹੈ।