ਲੰਡਨ ਦਾ ਹਾਈਡ ਪਾਰਕ ਐਨਾ ਕੁ ਵੱਡਾ ਕਿ ਅਣਜਾਣ ਬੰਦਾ ਆਉਂਦਾ ਹੋਰ
ਪਾਸਿਉਂ ਹੈ ਤੇ ਨਿੱਕਲਦਾ ਹੋਰ ਪਾਸਿਉਂ। ਜਗਾ ਜਗਾ ਨਕਸ਼ੇ ਵਾਲੇ ਬੋਰਡ ਦੱਸਦੇ
ਹਨ ਕਿ ਤੁਸੀਂ ਐਥੇ ਕੁ ਖੜੇ ਹੋ। ਕੁਝ ਅਰਸੇ ਦੀ ਗੱਲ ਐ, ਜੀਅ ਕੀਤਾ ਕਿ
ਦੇਖੀਏ ਤਾਂ ਸਹੀ ਕਿ ਹਾਈਡ ਪਾਰਕ ਕਿਸ ਬਲਾ ਦਾ ਨਾਂਅ ਹੈ? ਸਾਊਥਾਲ ਤੋਂ ਰੇਲ
ਚੜੇ ਤੇ ਹਾਈਡ ਪਾਰਕ ਦੇ ਨੇੜਲੇ ਸਟੇਸ਼ਨ ‘ਤੇ ਉੱਤਰੇ। ਜਿਸ ਰਸਤਿਉਂ ਪਾਰਕ
ਵਿੱਚ ਦਾਖਲ ਹੋਏ, ਮੁੜਨ ਵੇਲੇ ਤੁਰਦੇ ਤੁਰਦੇ ਐਨੀ ਕੁ ਦੂਰ ਨਿੱਕਲ ਗਏ ਕਿ
ਤਿੰਨ ਸਟੇਸ਼ਨ ਦੂਰੋਂ ਰੇਲ ਫੜ ਕੇ ਵਾਪਸ ਮੁੜੇ। ਸ਼ੁਕਰ ਇਸ ਗੱਲ ਦਾ ਕਿ ਪਾਰਕ
ਘੁੰਮਦੇ ਘੁੰਮਦੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤੇ ਲੋਕ ਸਾਜ਼ ਤੂੰਬੀ ਦੇ
ਜਨਮਦਾਤਾ ਲਾਲ ਚੰਦ ਯਮਲਾ ਜੱਟ ਜੀ ਮਿਲ ਪਏ। ਹੈਰਾਨ ਨਾ ਹੋਵੋ, ਕਿਸੇ ਸ਼ਖ਼ਸ਼ ਦੇ
ਨਾਂ ਨਾਲ ਜੁੜੀ ਕੋਈ ਯਾਦ, ਕੋਈ ਚੀਜ਼ ਮਿਲ ਪਵੇ ਤਾਂ ਸਮਝੋ ਓਹੀ ਮਨੁੱਖ
ਸ਼ਾਖਸ਼ਾਤ ਮਿਲ ਪਿਆ। ਮੈਂ ਤੇ ਸ੍ਰੀਮਤੀ ਪਾਰਕ ਦੀ ਧੁੰਨੀ ‘ਚ ਪਹੁੰਚੇ ਤਾਂ
ਉੱਥੇ ਇੱਕ ਦਰਖਤ ਦੇ ਉੱਪਰ ਲੱਕੜੀ ਦਾ ਵੱਡਾ ਸਾਰਾ ਪਲੇਟਫਾਰਮ ਬਣਾ ਕੇ
ਲਾਇਬਰੇਰੀ ਦਾ ਰੂਪ ਦਿੱਤਾ ਹੋਇਆ ਸੀ। ਸ੍ਰੀਮਤੀ ਤਾਂ ਉਸ ਲੱਕੜੀ ਦੇ ਘਰ ਦੀਆਂ
ਪੌੜੀਆਂ ਚੜ ਗਈ ਤੇ ਮੈਂ ਇੱਕ ਪੱਲੀਆਂ ਤਾਣ ਕੇ ਬਣਾਈ ਕੁੱਲੀ ਵਿੱਚ ਪਿਆਨੋ
ਵਜਾ ਰਹੇ ਗੋਰੇ ਨੂੰ ਨਿਹਾਰਨ ਲੱਗਾ। ਏਨੇ ਨੂੰ ਇੱਕ ਨੌਜਵਾਨ ਜਿਹਾ ਗੋਰਾ ਹੋਰ
ਆ ਗਿਆ, ਜਿਸਦੇ ਹੱਥ ਵਿੱਚ ਡਫ਼ਲੀ ਤੇ ਸਿਰ ਜਟਾਂ ਰੂਪੀ ਵਾਲਾਂ ਉੱਪਰ ਕੇਸਰੀ
ਪਰਨਾ ਬੰਨਿਆ ਹੋਇਆ ਸੀ। ਮੇਰੀ ਨਿਗਾ ਉਸ ਕੁੱਲੀ ‘ਚ ਖੂੰਜੇ ‘ਚ ਖੜੇ ਕੀਤੇ
ਤੂੰਬੇ ਉੱਪਰ ਸੀ। ਮੈਂ ਟੁੱਟ ਫੁੱਟ ਜਿਹੀ ਅੰਗਰੇਜੀ ‘ਚ ਗੋਰੇ ਨੂੰ ਪੁੱਛਿਆ
ਕਿ “ਤੈਨੂੰ ਪਤੈ ਕਿ ਇਹ ਕਿਹੜਾ ਸਾਜ਼ ਹੈ ਤੇ ਕਿਸ ਦੇਸ਼ ਦਾ ਹੈ?“ ਓਹਦੀ ਤੂੰਬੇ
ਬਾਰੇ ਜਾਣਕਾਰੀ ਸੀਮਤ ਸੀ। ਮੈਂ ਉਸਨੂੰ ਤੂੰਬੇ, ਤੂੰਬੀ ਦੇ ਪੰਜਾਬ ਦੀ ਧਰਤੀ,
ਯਮਲਾ ਜੱਟ ਪਰਿਵਾਰ ਨਾਲ ਸੰਬੰਧ ਦੱਸਿਆ ਤਾਂ ਓਹਨੂੰ ਵੀ ਇਉਂ ਲੱਗ ਰਿਹਾ ਸੀ
ਜਿਵੇਂ ਉਹਦੀ ਦੌੜ ਖਤਮ ਹੋ ਗਈ ਹੋਵੇ।
ਮੇਰੇ ਪਿਤਾ ਜੀ ਗੁਰਬਚਨ ਸਿੰਘ ਖੁਰਮੀ ਤੂੰਬੀ ਦੇ ਸ਼ੌਕੀਨ ਸਨ ਤੇ ਤੂੰਬੀ
ਹਰ ਵੇਲੇ ਸਾਡੇ ਘਰ ਮੌਜੂਦ ਰਹੀ। ਪਿਤਾ ਜੀ ਗੁਜ਼ਾਰੇ ਜੋਕਰੀ ਵਜਾ ਗਾ ਲੈਂਦੇ
ਸਨ ਤੇ ਉਹਨਾਂ ਨੂੰ ਦੇਖ ਦੇਖ ਕੇ ਤਾਰ ਦੀ ਛੇੜਛਾੜ ਕਰਨ ਦਾ ਵੱਲ ਆਪਾਂ ਨੂੰ
ਵੀ ਸੀ। ਗੋਰੇ ਦਾ ਸਭ ਤੋਂ ਵੱਡਾ ਸਵਾਲ ਹੀ ਇਹ ਸੀ ਕਿ “ਤੂੰ ਵਜਾ ਲੈਨੈਂ?“
ਫੇਰ ਕੀ ਸੀ ਆਪਾਂ ਖੂੰਜਿਉਂ ਤੂੰਬਾ ਚੁੱਕਿਆ। ਇੱਕ ਲੱਕੜ ਦਾ ਟੁਕੜਾ ਲੱਭ ਕੇ
“ਘੋੜੀ“ ਦੀ ਥਾਂ ਫਿੱਟ ਕੀਤਾ। ਤਾਰ ਕਸੀ ਤੇ ਜਿਉਂ ਹੀ ਤਾਰ ਦੀ ਟੁਣਕਾਰ ਪਈ,
ਗੋਰੇ ਨੇ ਡਫ਼ਲੀ ‘ਤੇ ਸਾਥ ਦੇਣਾ ਸ਼ੁਰੂ ਕਰ ਦਿੱਤਾ। ਲੰਘਦੇ ਕਰਦੇ ਗੋਰੇ
ਗੋਰੀਆਂ ਵੀ ਬਾਬੇ ਯਮਲੇ ਦੀ ਪੰਜਾਬੀਅਤ ਨੂੰ ਦਿੱਤੀ ਸੌਗਾਤ ਦੀ ਟੁਣਕਾਰ ਸੁਣ
ਕੇ ਮੁਸਕਾਨ ਖਿਲਾਰਦੇ ਲੰਘ ਰਹੇ ਸਨ। ਓਸ ਦਿਨ ਬਾਬੇ ਯਮਲੇ ਦਾ ਸ਼ੁਕਰੀਆ ਅਦਾ
ਕੀਤਾ ਸੀ ਕਿ “ਬਾਬਾ! ਤੇਰੇ ਤੋਹਫ਼ੇ ਦਾ ਆਸਰਾ ਲੈ ਕੇ ਸਾਡੇ ਆਪਣੇ ਜਿਆਦਾਤਰ
ਗਾਇਕ ਤਾਂ ਗੰਦ ਪਾਉਣ ‘ਚ ਮਸਰੂਫ ਹਨ। ਇਸ ਸਾਜ਼ ਨੂੰ ਅਸਲ ਪਿਆਰ ਤਾਂ ਓਹੀ ਲੋਕ
ਦੇ ਰਹੇ ਹਨ, ਜਿਹਨਾਂ ਲਈ ਸੰਗੀਤ ਰੱਬੀ ਨਿਆਮਤ ਵਾਂਗ ਹੈ।“
ਮਨਦੀਪ ਖੁਰਮੀ ਹਿੰਮਤਪੁਰਾ {ਯੂ.ਕੇ.} |