ਸਾਊਥਾਲ: 18 ਫਰਬਰੀ 2017 ਦੀ ਸ਼ਾਮ ਉਸ ਵੇਲੇ ਇਕ ਸੁਹਾਨੀ, ਰੂਹਾਨੀ ਅਤੇ
ਸ਼ਰਧਾਵਾਨ ਹੋ ਗੁਜ਼ਰੀ ਜਦੋਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸੌ ਪੰਜਾਹਵੇਂ ਗੁਰਪੁਰਬ ਵਜੋਂ ਇਕ
ਵਿਸ਼ੇਸ਼ ਅਤੇ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ। ਇਸ ਸ਼ਾਮ ਇਲਾਕੇ ਦੀਆਂ
ਸੰਗਤਾਂ ਨੇ ਖ਼ੂਬ ਹੁੰਮ ਹੁੰਮਾ ਕੇ ਹਾਜ਼ਰੀ ਭਰੀ। ਇਸ ਪ੍ਰੋਗਰਾਮ ਦੀ ਸਟੇਜ
ਦੀ ਸੇਵਾ ਟੈਲੀਵੀਯਨ ਅਤੇ ਰੇਡੀਓ ਦੇ ਪੇਸ਼ਕਾਰ ਅਤੇ ਪੰਜਾਬੀ ਸਾਹਿਤ ਕਲਾ
ਕੇਂਦਰ, ਯੂ ਕੇ ਦੇ ਪ੍ਰਧਾਨ ਡਾ.ਸਾਥੀ ਲੁਧਿਆਣਵੀ ਨੇ ਬਾਖ਼ੂਬੀ ਨਿਭਾਈ। ਆਪ
ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇਵਲ ਰਣਭੂਮੀ ਦੇ ਯੋਧੇ ਹੀ
ਨਹੀਂ ਸਨ, ਆਪ ਜੀ ਕਲਮ ਦੇ ਵੀ ਧਨੀ ਸਨ ਤੇ ਕਲਮਕਾਰਾਂ ਦੇ ਵੀ ਪ੍ਰਸੰਸਕ ਸਨ।
ਆਪ ਨੇ ਇਹ ਵੀ ਕਿਹਾ ਕਿ ਸਿੱਖ ਅਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਲਈ
ਜ਼ਰੂਰੀ ਹੈ ਕਿ ਅਸੀਂ ਆਪ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਗੁਰਮੁਖੀ ਲਿੱਪੀ
ਤੋਂ ਗਿਆਨਵਾਨ ਕਰਾਈਏ। ‘ਪੰਜਾਬੀ ਲਿੱਪੀ ਬਾਝੋਂ ਅਸੀਂ ਸ੍ਰੀ ਗੁਰੂ ਗਰੰਥ
ਸਾਹਿਬ ਦੇ ਅਮੋਲ ਹੀਰਿਆਂ ਤੋਂ ਵਾਂਝੇ ਰਹਿ ਜਾਵਾਂਗੇ’।
ਰਾਮਗ਼ੜ੍ਹੀਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਖ ਵੱਖ
ਮੈਂਬਰਾਂ ਨੇ ਕੌਲ ਕੀਤਾ ਕਿ ਅੱਗੋਂ ਤੋਂ ਵੀ ਉਹ ਅਜਿਹੇ ਪ੍ਰੋਗਰਾਮ ਕਰਵਾਇਆ
ਕਰਨਗੇ ਤੇ ਪੰਜਾਬੀ ਦੇ ਬੜ੍ਹਾਵੇ ਲਈ ਵੀ ਯਤਨਸ਼ੀਲ ਰਹਿਣਗੇ। ਆਏ ਹੋਏ
ਪ੍ਰਸਿੱਧ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਦੀ ਪ੍ਰਤਿਭਾ
ਦੇ ਗੁਣ ਗਾਏ ਤੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਗੁਰੂ ਸਾਹਿਬਾਨ ਦੇ ਉਪਦੇਸ਼
ਉਤੇ ਚੱਲਿਆਂ ਹੀ ਦੁਨੀਆਂ ਵਿਚ ਅਮਨ ਚੈਨ ਰਹਿ ਸਕਦਾ ਹੈ। ‘ਮਾਨੁਸ ਕੀ ਜਾਤੁ
ਸਭੈ ਏਕੈ ਪਹਿਚਾਨਬੋ’ ਦੇ ਮਹਾਂ ਵਾਕ ਉਤੇ ਟੁਰਨਾ ਅੱਜ ਦੇ ਅਸ਼ਾਂਤ ਦੌਰ ਵਿਚ
ਹੋਰ ਵੀ ਆਵਸ਼ਕ ਹੈ। ਬਰੌਡਕਾਸਟਰ ਚਮਨ ਲਾਲ ਚਮਨ, ਸੋਹਨ ਰਾਹੀ, ਮਨਪ੍ਰੀਤ
ਸਿੰਘ ਬਧਨੀਕਲਾਂ, ਕੁਲਵੰਤ ਕੌਰ ਢਿੱਲੋਂ, ਰੂਪ ਦੇਵਿੰਦਰ ਕੌਰ, ਅਜ਼ੀਮ
ਸ਼ੇਖ਼ਰ, ਨੀਲਮ ਜੋਗਨ, ਮਨਜੀਤ ਕੌਰ ਪੱਡਾ, ਡਾ.ਅਮਰ ਜਿਓਤੀ, ਮਹਿੰਦਰ ਕੌਰ
ਮਿੱਢਾ ਅਤੇ ਡਾ.ਸਾਥੀ ਲੁਧਿਆਣਵੀ ਨੇ ਆਪੋ ਆਪਣੀਆਂ ਤਾਜ਼ਾ ਨਜ਼ਮਾਂ ਸੁਣਾ ਕੇ
ਸੰਗਤਾਂ ਨੂੰ ਨਿਹਾਲ ਕੀਤਾ। ਇਹ ਸਾਰਾ ਪ੍ਰੋਗਰਾਮ ਫੇਸਬੁੱਕ ਉਤੇ ਲਾਈਵ
ਬ੍ਰਾਡਕਾਸਟ ਕੀਤਾ ਗਿਆ ਅਤੇ ਅਜੀਤ ਟੀ ਵੀ ਲਈ ਰੀਕਾਰਡ ਵੀ ਕੀਤਾ ਗਿਆ।
|