ਮਾਮਲਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁੱਖ ਦੁਆਰ ‘ਤੇ ਪੰਜਾਬੀ ਇਬਾਰਤ
ਲਿਖਣ ਦਾ
-ਉਪ ਕੁਲਪਤੀ ਦੇ ਧਿਆਨ ‘ਚ ਮਾਮਲਾ ਲਿਆਉਣ ਤੋਂ ਬਾਅਦ ਦੁਆਰ ‘ਤੇ ਸ਼ੁਸ਼ੋਭਿਤ
ਹੋਈ ਪੰਜਾਬੀ
-ਸਥਿਤੀ ਫਿਰ ਵੀ “ਮਰਿਆ ਨਹੀਂ, ਆਕੜਿਆ ਹੈ“ ਵਾਲੀ
ਲੁਧਿਆਣਾ (ਪਲਵਿੰਦਰ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿਸ਼ਵ ਪੱਧਰ
‘ਤੇ ਨਿਵੇਕਲੀ ਪਹਿਚਾਣ ਹੈ। ਪੰਜਾਬ ਦੇ ਖੇਤਾਂ, ਖੇਤਾਂ ਵਾਲਿਆਂ ਦੀ ਗੱਲ
ਕਰਦੀ ਇਹ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ ਨੂੰ ਹੀ ਵਿਸਾਰ ਬੈਠੀ ਸੀ। ਨਵੇਂ
ਬਣੇ ਮੁੱਖ ਦੁਆਰ ਉੱਪਰ ਵੱਡ ਆਕਾਰੀ ਅੰਗਰੇਜ਼ੀ ਦੇ ਅੱਖਰ ਲਗਾ ਕੇ “ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ“ ਲਿਖ ਦਿੱਤਾ ਗਿਆ ਸੀ। ਪਰ ਸ਼ੋਸ਼ਲ ਮੀਡੀਆ ਰਾਹੀਂ
ਤਸਵੀਰਾਂ ਵਾਇਰਲ ਹੋਣ ‘ਤੇ ਦਰਵਾਜ਼ੇ ਉੱਪਰ ਪੰਜਾਬੀ ਇਬਾਰਤ ਲਿਖਣ ਲਈ ਪੰਜਾਬੀ
ਪ੍ਰੇਮੀਆਂ ਵੱਲੋਂ ਉਪ ਕੁਲਪਤੀ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ।
ਇੰਗਲੈਂਡ ਵਸਦੇ ਨੌਜਵਾਨ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਉਪ ਕੁਲਪਤੀ
ਜੀ ਦੇ ਨਾਂ 28 ਮਾਰਚ ਅਤੇ 10 ਅਪ੍ਰੈਲ ਨੂੰ ਈਮੇਲ ਰਾਹੀਂ ਦੋ ਬੇਨਤੀਆਂ ਦੇ
ਨਾਲ ਨਾਲ ਉਹਨਾਂ ਦੇ ਨਿੱਜੀ ਮੋਬਾਈਲ ਫੋਨ ਉੱਪਰ ਵੀ ਆਪਣਾ ਰੋਸਾ ਜਾਹਿਰ ਕੀਤਾ
ਸੀ। ਉਪ ਕੁਲਪਤੀ ਜੀ ਨੇ ਕਿਸਾਨ ਮੇਲਾ ਨੇੜੇ ਹੋਣ ਕਰਕੇ ਕਾਹਲੀ ਵਿੱਚ
ਅੰਗਰੇਜ਼ੀ ਸ਼ਬਦਾਵਲੀ ਲਿਖਵਾਉਣ ਦੀ ਦਲੀਲ ਦਿੱਤੀ ਸੀ ਤੇ ਉਹਨਾਂ ਕਿਹਾ ਸੀ ਕਿ
ਇੱਕ ਸੁਹਿਰਦ ਪੰਜਾਬੀ ਹੋਣ ਦੇ ਨਾਤੇ ਉਹ ਪੰਜਾਬੀ ਨੂੰ ਕਿਸੇ ਵੀ ਪੱਖੋਂ
ਅੱਖੋਂ-ਪ੍ਰੋਖੇ ਕਰ ਹੀ ਨਹੀਂ ਸਕਦੇ। ਉਹਨਾਂ ਜਲਦੀ ਹੀ ਪੰਜਾਬੀ ਇਬਾਰਤ ਵੀ
ਲਿਖਣ ਦਾ ਭਰੋਸਾ ਵੀ ਦਿੱਤਾ ਸੀ।
ਜਿਕਰਯੋਗ ਹੈ ਕਿ ਉਪ ਕੁਲਪਤੀ ਸ੍ਰ: ਬਲਦੇਵ ਸਿੰਘ ਢਿੱਲੋਂ ਵੱਲੋਂ ਆਪਣਾ
ਵਾਅਦਾ ਵਫ਼ਾ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਇੰਗਲੈਂਡ ਤੋਂ ਵਿਸ਼ੇਸ਼ ਵਾਰਤਾ
ਦੌਰਾਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਜਿੱਥੇ ਉਹ ਉਹਨਾਂ ਵੱਲੋਂ
ਕੀਤੀ ਬੇਨਤੀ ਨੂੰ ਸਵੀਕਾਰਨ ਲਈ ਉਪ ਕੁਲਪਤੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ
ਕਰਦੇ ਹਨ, ਉੱਥੇ ਦੁੱਖ ਇਸ ਗੱਲ ਦਾ ਹੈ ਕਿ ਦੁੱਧ ਦਿੱਤਾ ਵੀ ਗਿਆ ਹੈ, ਪਰ ਓਹ
ਵੀ ਮੀਂਗਣਾਂ ਘੋਲ ਕੇ।
ਯੂਨੀਵਰਸਿਟੀ ਅਮਲੇ ਵੱਲੋਂ ਮੁੱਖ ਦੁਆਰ ਦੇ ਉੱਪਰ ਪੰਜਾਬੀ ਇਬਾਰਤ ਲਗਾ
ਦਿੱਤੀ ਹੈ ਪਰ “ਪੰਜਾਬ ਐਗਰੀਕਲਚਰਲ ਯੂਨੀਵਰਸਿਟੀ“ ਲਿਖ ਕੇ ਗਲੋਂ ਗਲਾਮਾਂ
ਲਾਹ ਦਿੱਤਾ ਗਿਆ ਜਾਪਦਾ ਹੈ। ਜੇਕਰ ਪੰਜਾਬੀ ਨੂੰ ਬਣਦਾ ਮਾਣ ਹੀ ਦੇਣਾ ਸੀ
ਤਾਂ “ਐਗਰੀਕਲਚਰਲ“ ਦੀ ਬਜਾਏ “ਖੇਤੀਬਾੜੀ“ ਅਤੇ “ਯੂਨੀਵਰਸਿਟੀ“ ਦੀ ਬਜਾਏ
“ਵਿਸ਼ਵ ਵਿਦਿਆਲਾ“ ਲਿਖਣਾ ਮੁਨਾਸਿਬ ਕਿਉਂ ਨਾ ਸਮਝਿਆ? ਉਹਨਾਂ ਉਪ ਕੁਲਪਤੀ ਜੀ
ਨੂੰ ਮੁੜ 4 ਮਈ ਨੂੰ ਈਮੇਲ ਰਾਹੀਂ ਬੇਨਤੀ ਕੀਤੀ ਹੈ। ਨਾਲ ਹੀ ਉਹਨਾਂ ਕਿਹਾ
ਕਿ ਉਹ ਜਲਦੀ ਹੀ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਸਮੇਤ ਆਹਲਾ ਮੰਤਰੀਆਂ
ਦੇ ਧਿਆਨ ਵਿੱਚ ਇਹ ਮਸਲਾ ਜਰੂਰ ਲਿਆਉਣਗੇ। |