ਬ੍ਰਤਾਨੀਆ ਭਰ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ
hਸਾਰ ਦੀ ਨਵੇਕਲੀ ਲਹਿਰ ਨੂੰ ਭਾਰੀ ਸਹਿਯੋਗ
ਅਤੇ ਉਤਸ਼ਾਹ ਮਿਲਣਾ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਦੇਸ਼ ਭਰ ਦਾ ਸਮੁੱਚਾ
ਪੰਜਾਬੀ ਮੀਡੀਆ ਵੀ ਪੂਰੀ ਤਰਾਂ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਗੁਰੂ
ਨਾਨਕ ਸਿੱਖ ਅਕਾਦਮੀ, ਹੇਜ਼ (ਲੰਡਨ) ਦੇ
ਸਹਾਇਕ ਪ੍ਰਿੰਸੀਪਲ ਨਰੇਸ਼ ਚਾਂਦਲਾ ਜੀ ਦੇ ਉਤਸ਼ਾਹੀ ਅਤੇ ਉੱਦਮੀ ਉਪ੍ਰਾਲਿਆਂ
ਨਾਲ ਹਰ ਸਾਲ਼ ਹੀ ਪੰਜਾਬੀ ਅਧਿਆਪਕ ਸਿਖਲਾਈ ਦਿਨ ਦਾ ਸੁਯੋਗ ਪ੍ਰਬੰਧ ਕੀਤਾ
ਜਾਂਦਾ ਹੈ। ਇਸ ਸਾਲ ਸ਼ਨੀਵਾਰ, 4 ਮਾਰਚ ਨੂੰ ਉਨ੍ਹਾਂ ਅਤੇ ਅਕਾਦਮੀ ਦੇ
ਪੰਜਾਬੀ ਸਟਾਫ਼ ਵੱਲੋਂ ਬਹੁਤ ਹੀ ਮਿਆਰੀ ਤੇ ਗੁਣਕਾਰੀ ਪੇਸ਼ਕਾਰੀ ਦਾ
ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਵਿੱਚ AQA ਦੀ ਕੁਰੀਕਲਮ (ਸਿਲੇਬਸ) ਵਿਭਾਗ
ਦੀ ਮੁਖੀ ਜੂਡਿਥ ਰੋਲੈਂਡ-ਜੋਨਜ਼ ਨੇ ਬਹੁਤ ਹੀ ਵਿਸਥਾਰ ਵਿੱਚ ਪੰਜਾਬੀ GCSE
ਦੇ ਔਣ ਵਾਲ਼ੇ ਇਮਤਿਹਾਨਾਂ ਸਬੰਧੀ ਹੋਣ ਵਾਲ਼ੀਆਂ ਤਬਦੀਲੀਆਂ ਦੀ ਰੂਪ ਰੇਖਾ
ਪੰਜਾਬੀ ਅਧਿਆਪਕਾਂ ਨਾਲ਼ ਸਾਂਝੀ ਕੀਤੀ। ਇਸ ਸਮਾਗਮ ਵਿੱਚ ਸਾਊਥੈਂਪਟਨ,
ਗ੍ਰੇਵਜੈਂਡ, ਡਰਬੀ, ਵੁਲਵਰਹੈਂਪਟਨ, ਸਾਊਥਾਲ, ਸਲੋਹ ਅਤੇ ਕਰੈਨਫੋਰਡ ਦੇ
ਅਧਿਆਪਕਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬੀ ਵਿਕਾਸ ਮੰਚ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ
ਜਿਸ ਵਿੱਚ ਡਾ. ਮੰਗਤ ਰਾਏ ਭਾਰਦ੍ਵਾਜ, ਡਾ. ਬਲਦੇਵ ਸਿੰਘ ਕੰਦੋਲਾ, ਮਨਮੋਹਨ
ਸਿੰਘ ਮਹੇੜੂ ਅਤੇ ਸ਼ਿੰਦਰ ਮਾਹਲ ਹਾਜਰ ਹੋਏ। ਜੂਡਿਥ ਤੋਂ ਬਾਅਦ ਡਾ. ਬਲਦੇਵ
ਕੰਦੋਲਾ ਨੇ ਪੰਜਾਬੀ ਯੂਨੀਕੋਡ ਦੀ ਬਹੁਤ ਮਿਹਨਤ ਨਾਲ਼ ਤਿਆਰ ਕੀਤੀ ਜਾਣਕਾਰੀ
ਭਰਪੂਰ ਪ੍ਰਦਰਸ਼ਨੀ ਕੀਤੀ ਜਿਸਦੀ ਸਾਰੇ ਹੀ ਅਧਿਆਪਕਾੰ ਨੇ ਭਰਪੂਰ ਸਰਾਹਨਾ
ਕਰਦਿਆਂ ਇਸਨੂੰ ਮਨਚਿੱਤ ਲਾ ਕੇ ਸਿੱਖਣ ਅਤੇ ਵਰਤਣ ਦਾ ਪ੍ਰਣ ਕੀਤਾ ਤੇ ਨਾਲ਼
ਹੀ ਪੰਜਾਬੀ ਵਿਕਾਸ ਮੰਚ ਨੂੰ ਹਾਰਦਿਕ ਵਧਾਈ ਵੀ ਦਿੱਤੀ। ਨਾਲ਼ ਹੀ ਕਈ
ਅਧਿਆਪਕਾਂ ਨੇ ਬਹੁਤ ਗੰਭੀਰ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਡਾ. ਬਲਦੇਵ ਜੀ
ਨੇ ਤਰਕ ਸਹਿਤ ਜਵਾਬ ਦਿੱਤੇ। ਮਿ. ਚਾਂਦਲਾ ਦੇ ਦੱਸਣ ਮੁਤਾਬਿਕ AQA ਵੱਲੋਂ,
ਡਾ. ਭਾਰਦ੍ਵਾਜ ਜੀ ਬਣਾਏ, 'ਲੋਕ ਲਿੱਪੀ' ਅੱਖਰਾਂ ਨਾਲ਼ ਵੀ ਕਈ ਤਰਾਂ ਦੀਆਂ
ਸਮੱਸਿਆਵਾਂ ਦਰਪੇਸ਼ ਸਨ ਜੋ ਹੁਣ ਯੂਨੀਕੋਡ ਨਾਲ਼ ਹੱਲ ਹੋ ਜਾਣਗੀਆੰ। ਦੁਪਹਿਰ
ਦੇ ਸੁਆਦਲੇ ਖਾਣੇ ਬਾਅਦ ਉਨ੍ਹਾਂ ਪੜ੍ਹਾਉਣ ਦੇ ਵੱਖ ਵੱਖ ਨਵੇਂ ਢੰਗਾਂ ਨਾਲ਼
ਅਧਿਆਪਕਾਂ ਲਈ ਜਾਣਕਾਰੀ ਭਰਪੂਰ ਉੱਚਤਮ ਪੇਸ਼ਕਾਰੀ ਕੀਤੀ ਜੋ ਆਪਣੀ ਮਿਸਾਲ ਆਪ
ਹੀ ਸੀ। ਸਾਰੇ ਅਧਿਆਪਕਾਂ ਨੇ ਬਹੁਤ ਸਾਰੇ ਨਵੇਂ ਗੁਰ ਪਹਿਲੀ ਵਾਰ ਸਿੱਖੇ।
ਏਸੇ ਤਰਾਂ 5 ਮਾਰਚ ਨੂੰ ਗੁ. ਗੁਰੂ ਤੇਗ ਬਹਾਦਰ ਗੁਰਦਵਾਰਾ, ਲੈੱਸਟਰ
ਵਿਖੇ ਵੀ ਇਸ ਕੀ-ਬੋਰਡ ਦੀ ਖਾਸ ਕਾਰਜਸ਼ਾਲਾ (ਵਰਕਸ਼ਾਪ) ਦਾ ਪ੍ਰਬੰਧ ਸ.
ਮੁਹਿੰਦਰ ਸਿੰਘ ਸੰਘਾ ਅਤੇ ਕੌ. ਇੰਦਰਜੀਤ ਗੁਗਨਾਨੀ ਜੀ ਦੀ ਮੱਦਦ ਨਾਲ਼ ਕੀਤਾ
ਗਿਆ ਜਿਸ ਵਿੱਚ ਪੰਜਾਬੀ ਸਕੂਲ ਦੇ ੧੨ ਅਧਿਆਪਕਾਂ ਨੇ, ਸਮੇਤ ਮੁੱਖ ਅਧਿਆਪਕਾ
ਰਜਿੰਦਰ ਕੌਰ ਤੱਖਰ, ਨੇ ਭਾਗ ਲਿਆ। ਇਹ ਕੀ-ਬੋਰਡ ਦੀ ਮੁੱਢਲੀ ਜਾਣ-ਪਛਾਣ
ਬਾਅਦ ਪਹਿਲੀ ਕਾਰਜਸ਼ਾਲਾ ਸੀ। ਸਭ ਅਧਿਆਪਕਾਂ ਵਲੋ ਹੀ ਅਥਾਹ ਰੁਚੀ ਅਤੇ
ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਸ. ਸੰਘਾ ਜੀ ਦਾ ਵਿਚਾਰ ਸੀ ਉਹ ਦਿਨ ਦੂਰ ਨਹੀਂ ਜਿਸ ਦਿਨ ਸੂਚਨਾ
ਟੈਕਨਾਲੋਜੀ ਦੇ ਖੇਤ੍ਰ ਵਿਚ ਪੰਜਾਬੀ ਯੂਨੀਕੋਡ ਦਾ ਬੋਲਬਾਲਾ ਸਾਰੇ ਹੀ ਦੇਸ਼
ਵਿੱਚ ਹੋਵੇਗਾ ਅਤੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੰਜਾਬੀ ਆਪਣੀ ਭਾਸ਼ਾ
ਵਿੱਚ ਸੰਦੇਸ਼ ਅਥਾਹ ਖ਼ੁਸ਼ੀ, ਆਸਾਨੀ ਅਤੇ ਮਾਣ ਨਾਲ਼ ਪੜ੍ਹ ਸਕਣਗੇ।
ਇਸ ਸਿਖਲਾਈ ਦਾ ਅਗਲਾ ਕੋਰਸ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ, ਸਾਰੇ
ਸਥਾਨਕ ਪੰਜਾਬੀ ਦੇ ਅਧਿਆਪਕਾਂ ਲਈ ਆਉਂਦੇ ਐਤਵਾਰ 12 ਮਾਰਚ ਨੂੰ ਹੋਵੇਗਾ।
ਉਸਤੋਂ ਅਗਲਾ ਕੋਰਸ, ਸਿਰਫ ਅਧਿਆਪਕਾਂ ਵਾਸਤੇ, 19 ਮਾਰਚ ਨੂੰ ਗੁਰੂ ਨਾਨਕ
ਗੁਰਦਵਾਰਾ, ਵੇਕਫੀਲਡ ਰੋਡ, ਬ੍ਰੈਡਫੋਰਡ ਵਿਖੇ ਹੋਵੇਗਾ। ਇਹ ਜਾਣਕਾਰੀ, ਮੰਚ
ਦੇ ਮੁੱਖ ਸਕੱਤਰ ਸ਼ਿੰਦਰਪਾਲ ਸਿੰਘ ਵਲੋਂ ਪ੍ਰੈਸ ਦੇ ਨਾਮ ਜਾਰੀ ਕੀਤੀ ਸੂਚਨਾ
ਤਹਿਤ ਦਿੱਤੀ, ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਕੀ-ਬੋਰਡ ਸਕੂਲਾਂ ਵਿੱਚ
*ਜੀ.ਸੀ.ਐਸ.ਸੀ* ਅਤੇ *ਏ ਲੈਵਲ* ਦੀ ਪੰਜਾਬੀ ਪੜ੍ਹਾਈ ਵਿੱਚ ਮੀਲ ਪੱਥਰ ਸਾਬਤ
ਹੋਵੇਗਾ। ਉਨ੍ਹਾਂ ਦੱਸਿਆ ਕਿ ਮਾਈਕ੍ਰੋਸੌਫਟ ਵੱਲੋਂ ਇਹ ਕੀ-ਬੋਰਡ ਪਹਿਲਾਂ ਹੀ
ਪ੍ਰਵਾਨ ਕੀਤਾ ਜਾ ਚੁੱਕਾ ਹੈ ਤੇ ਹਰ ਨਵੇਂ ਵਿੰਡੋਜ਼ ਕੰਪਿਊਟਰ ਤੇ ਇਹ
ਪਹਿਲਾਂ ਹੀ ਉਪਲਬਧ ਹੈ। ਸਿਰਫ ਇਸਦੀ ਅਥਾਹ ਸਮਰੱਥਾ ਨੂੰ ਜਾਨਣ, ਸਿੱਖਣ ਅਤੇ
ਵਰਤਣ ਦੀ ਲੋੜ ਹੈ।
|