ਫ਼ਿੰਨਲੈਂਡ 25 ਅਪ੍ਰੈਲ ( ਵਿੱਕੀ ਮੋਗਾ ) ਬੀਤੇ ਐਤਵਾਰ ਫ਼ਿੰਨਲੈਂਡ ਦੇ
ਸ਼ਹਿਰ ਵਾਨਤਾ ਵਿਖੇ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਵਿਸਾਖੀ ਨੂੰ
ਸਮਰਪਿਤ ਸ਼ੋਅ ਕਰਵਾਇਆ ਗਿਆ ਜਿਸ ਦੌਰਾਨ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ,
ਸੰਦੀਪ ਬਰਾੜ ਅਤੇ ਮਿਸ ਰੁਪਾਲੀ ਨੇ ਫ਼ਿੰਨਲੈਂਡ ਵਿੱਚ ਵਸਦੇ ਪੰਜਾਬੀਆਂ ਦਾ
ਖੂਬ ਮਨੋਰੰਜਨ ਕੀਤਾ। ਸ਼ੋਅ ਦੌਰਾਨ ਮੰਚ ਦੇ ਸੰਚਾਲਕ ਦੀ ਭੂਮਿਕਾ ਸੰਜੀਵ
ਕੁਮਾਰ ਭਨੋਟ ਨੇ ਨਿਭਾਈ।
ਇਸ ਸ਼ੋਅ ਦੌਰਾਨ ਇੰਗਲੈਂਡ ਦੇ ਪ੍ਰਸਿੱਧ ਸੰਗੀਤਕਾਰ ਅਮਨ ਹੇਅਰ ਦੇ ਬੈਂਡ
ਨਾਲ ਕੁਲਵਿੰਦਰ ਬਿੱਲਾ ਨੇ ਆਪਣੇ ਹਿੱਟ ਗੀਤਾਂ ਅੰਗਰੇਜੀ ਵਾਲੀ ਮੈਡਮ, ਅੱਖ
ਭੂਆ ਤੋਂ ਬਚਾ ਕੇ, ਅਨਟੀਨਾ ਸਮੇਤ ਹੋਰ ਗੀਤਾਂ ਦੀ ਝੜੀ ਲਗਾ ਦਿੱਤੀ |
ਕੁਲਵਿੰਦਰ ਬਿੱਲਾ ਨੇ ਆਪਣੇ ਮਸ਼ਹੂਰ ਗੀਤ "ਮੇਰਾ ਦੇਸ ਹੋਵੇ ਪੰਜਾਬ" ਨਾਲ
ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਸਾਰੇ ਸਰੋਤਿਆਂ ਨੇ ਬਿੱਲੇ ਦੇ ਗੀਤਾਂ ਤੇ
ਭੰਗੜਾ ਪਾਕੇ ਧੂੜਾਂ ਪੱਟ ਦਿੱਤੀਆਂ।ਉਨ੍ਹਾਂ ਤੋਂ ਇਲਾਵਾ ਸੰਦੀਪ ਬਰਾੜ "ਸੇਮ
ਟੈਮ ਸੇਮ ਜਗਾ" ਅਤੇ ਮਿਸ ਰੁਪਾਲੀ ਨੇ "ਵੰਡਰਲੈਂਡ" ਗੀਤ ਗਾਕੇ ਆਪਣੀ ਕਲਾ ਦਾ
ਲੋਹਾ ਮਨਵਾਇਆ।
ਸ਼ੋਅ ਦੇ ਅਖੀਰ ਵਿੱਚ ਭਾਰਤੀ ਸਫਾਰਤਖਾਨੇ ਦੇ ਰਾਜਦੂਤ ਅਤੇ ਮੁੱਖ ਮਹਿਮਾਨ
ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਜੀ ਨੇ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਦਾ
ਫ਼ਿੰਨਲੈਂਡ ਵਿੱਚ ਇਨੇ ਵੱਡੇ ਪੱਧਰ ਤੇ ਪਹਿਲਾ ਲਾਈਵ ਮਿਊਜ਼ੀਕਲ ਸ਼ੋਅ ਕਰਵਾਉਣ
ਲਈ ਧੰਨਵਾਦ ਕੀਤਾ। ਸ਼ੋਅ ਦੇ ਵਿੱਚ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਜੀ ਤੋਂ ਇਲਾਵਾ
ਚਾਲੀ ਦੇ ਕਰੀਬ ਡਿਪਲੋਮੈਟਾਂ ਨੇ ਵੀ ਸ਼ਿਰਕਿਤ ਕੀਤੀ। ਲੋਕਾਂ ਵਿੱਚ ਇਸ ਸ਼ੋਅ
ਪ੍ਰਤੀ ਉਤਸ਼ਾਹ ਦਾ ਅੰਦਾਜ਼ਾ ਇਸਤੋਂ ਲਗਾਇਆ ਜਾ ਸਕਦਾ ਹੈ ਕਿ ਸ਼ੋਅ ਦੀਆਂ
ਸਾਰੀਆਂ ਟਿਕਟਾਂ ਤਿੰਨ ਹਫ਼ਤੇ ਪਹਿਲਾਂ ਹੀ ਵਿਕ ਚੁੱਕੀਆਂ ਸਨ ਅਤੇ ਜਿਸ ਕਰਕੇ
ਬਹੁਤ ਸਾਰੇ ਲੋਕ ਟਿਕਟਾਂ ਨਾ ਮਿਲਣ ਕਾਰਣ ਸ਼ੋਅ ਦੇਖਣ ਤੋਂ ਵਾਂਝੇ ਰਹਿ ਗਏ।
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਦੇ ਪ੍ਰਧਾਨ ਸ੍ਰ. ਅਮਰਦੀਪ ਸਿੰਘ
ਬਾਸੀ ਨੇ ਕਿਹਾ ਕਿ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦੇਖਦੇ ਹੋਇਆਂ ਪ੍ਰਬੰਧਕ
ਕਮੇਟੀ ਨੇ ਅਗਲੀ ਵਾਰ ਵੱਡਾ ਹਾਲ ਬੁੱਕ ਕਰਵਾਉਣ ਦਾ ਫ਼ੈਸਲਾ ਲਿਆ ਹੈ ਤਾਂਕਿ
ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਦੇਖਣ ਤੋਂ ਵਾਂਝਾ ਨਾ ਰਹਿ ਸਕੇ।
Best regards,
Bikramjit Singh
vickymoga@hotmail.com
+358 503065677
Finland. |