ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਕੈਨੇਡਾ ਦਾ ਉਦੇਸ਼ ਪੰਜਾਬੀ ਬੋਲੀ ਦਾ ਪਸਾਰ
ਅਤੇ ਨਵੀਂ ਪੀੜ੍ਹੀ ਨੂੰ ਨਿੱਗਰ ਪੰਜਾਬੀ ਕਦਰਾਂ-ਕੀਮਤਾਂ ਨਾਲ ਜੋੜਨਾ ਹੈ।
ਇਸੇ ਕੜੀ ਤਹਿਤ ਸਭਾ ਪਿਛਲੇ 17 ਸਾਲਾਂ ਤੋਂ ਲਗਾਤਾਰ ਸਲਾਨਾ ਸਮਾਗਮ ਅਤੇ
ਮਹੀਨਾਵਾਰ ਸਾਹਿਤਕ ਇਕੱਤਰਤਾਵਾਂ ਕਰਦੀ ਆ ਰਹੀ ਹੈ ਜਿਸ ਵਿਚ ਹਰ ਮਹੀਨੇ ਕਈ
ਵਿਸ਼ਿਆਂ ਬਾਰੇ ਗੰਭੀਰ ਲੇਖ, ਕਹਾਣੀਆਂ, ਕਵਿਤਾਵਾਂ, ਗਜ਼ਲਾਂ ਅਤੇ ਸਮਾਜ ਦੇ ਹਰ
ਪਹਿਲੂ ਬਾਰੇ ਸਮੇਂ-ਸਮੇਂ ਵਿਚਾਰ-ਚਰਚਾ ਕੀਤੀ ਜਾਂਦੀ ਹੈ।
ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਪਿਛਲੇ ਛੇ ਸਾਲਾਂ ਤੋਂ ਬੱਚਿਆਂ
ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸੇ ਕੜ੍ਹੀ ਤਹਿਤ ਕੈਲਗਰੀ ਦੇ ਉੱਘੇ
ਕਹਾਣੀਕਾਰ ਜੋਗਿੰਦਰ ਸੰਘਾ ਜੋ ਪੰਜ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ
ਉਹਨਾਂ ਦੀ ਨਵੀਂ ਪੁਸਤਕ 'ਮੇਰਾ ਸਫ਼ਰ ਮੇਰਾ ਸੁਪਨਾ' ਸਾਹਿਤ ਨਾਲ ਲਗਾ ਰੱਖਣ
ਵਾਲੀਆਂ ਹਸਤੀਆਂ ਦੀ ਭਰਵੀਂ ਹਾਜ਼ਰੀ ਵਿਚ ਮਿਤੀ 21 ਮਈ ਨੂੰ ਕੋਸੋ ਹਾਲ
ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ। ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭਾ
ਦੇ ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਵੱਲੋਂ ਸਭਾ ਦੇ ਪ੍ਰਧਾਨ ਤਰਲੋਚਨ
ਸੈਹਿੰਭੀ, ਜੋਗਿੰਦਰ ਸੰਘਾ, ਚੰਦ ਸਿੰਘ ਸਦਿਉੜਾ ਨੂੰ ਪ੍ਰਧਾਨਗੀ ਮੰਡਲ ਵਿਚ
ਬੈਠਣ ਦਾ ਸੱਦਾ ਦਿੱਤਾ।
ਇਸ ਤੋਂ ਬਾਅਦ ਦੋ ਵਿਛੜੀਆਂ ਸਾਹਿਤਕ ਅਤੇ ਮਾਣਮੱਤੀਆਂ ਹਸਤੀਆਂ ਜਿਹਨਾਂ
ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਬਾਨੀ ਮੈਂਬਰਾਂ ਵਿਚੋਂ ਪ੍ਰੋਫੈਸਰ
ਮਨਜੀਤ ਸਿੰਘ ਸਿੱਧੂ ਅਤੇ ਹਾਸਰਸ ਲੇਖਕ ਹਰੀ ਸਿੰਘ ਦਿਲਬਰ ਦੇ ਵਿਛੋੜੇ ਤੇ
ਸ਼ੋਕ ਮਤਾ ਪਾਇਆ ਗਿਆ। ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਵੱਲੋਂ ਉੱਘੇ ਅਤੇ
ਮਾਣਮੱਤੇ ਨਾਟਕਕਾਰ ਅਜਮੇਰ ਔਲਖ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਸਭਾ
ਵੱਲੋਂ ਉਹਨਾਂ ਦੇ ਸਾਰੇ ਪਰਿਵਾਰ ਦੀ ਅਗਾਂਹਵਧੂ ਸੋਚ ਅਤੇ ਬਰਾਬਰੀ ਦੇ ਸਮਾਜ
ਲਈ ਅਣਮੁੱਲੇ ਯੋਗਦਾਨ ਦੀ ਗੱਲ ਸਾਂਝੀ ਕਰਦਿਆਂ ਅਤੇ ਨਾਟਕਾਂ ਦਾ ਵਰਣਨ ਕਰਦਿਆ
ਸਭਾ ਵੱਲੋਂ ਹਰ ਸਹਿਯੋਗ ਦੀ ਹਾਮੀ ਭਰੀ ਗਈ। ਜਗਦੀਸ਼ ਸਿੰਘ 'ਚੋਹਕਾ' ਅਤੇ
ਗੁਰਬਚਨ ਸਿੰਘ ਬਰਾੜ ਨੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਜੋ ਮਨੁੱਖ ਨਹੀਂ
ਸੰਸਥਾਂ ਸਨ ਦੇ ਜੀਵਨ ਕਾਲ ਦੇ ਕੁਝ ਪੱਖ ਸਾਂਝੇ ਕਰਦਿਆਂ ਉਸਨੂੰ ਸਥਾਪਤੀ ਦੇ
ਉਲਟ ਜੰਗ ਲੜਨ ਵਾਲਾ ਅਤੇ ਹਰ ਮਨੁੱਖੀ ਘੋਲ ਵਿਚ ਉੱਚੇ ਵਿਚਾਰਾਂ ਨਾਲ ਡਟਣ
ਵਾਲਾ ਮਨੁੱਖ ਆਖਿਆ। ਕਹਾਣੀਕਾਰ ਜੋਗਿੰਦਰ ਸੰਘਾ ਦੀ ਪੁਸਤਕ 'ਮੇਰਾ ਸਫ਼ਰ ਮੇਰਾ
ਸੁਪਨਾ' ਲੋਕ ਅਰਪਣ ਕਰਨ ਦੀ ਰਸਮ ਤੋਂ ਪਹਿਲਾ ਕਾਰਜਕਾਰੀ ਮੈਂਬਰ ਸੁਖਪਾਲ
ਪਰਮਾਰ ਵੱਲੋਂ ਸਭਾ ਦੇ ਮੀਡੀਆ ਸਕੱਤਰ ਮਹਿੰਦਰਪਾਲ ਸਿੰਘ ਪਾਲ ਦਾ ਲਿਖਿਆ
ਪੇਪਰ ਉਹਨਾਂ ਦੀ ਗੈਰਹਾਜ਼ਰੀ ਹੋਣ ਕਰਕੇ ਪੜ੍ਹਿਆ, ਬਲਜਿੰਦਰ ਸੰਘਾ ਵੱਲੋਂ ਇਸ
ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਕਿ ਇਹ ਪੜਨ੍ਹਯੋਗ ਅਤੇ ਕੈਨੇਡਾ
ਬਾਰੇ ਜਾਣਕਾਰੀ ਦੇਣ ਵਾਲਾ ਵੱਖਰੀ ਕਿਸਮ ਦਾ ਸਫ਼ਰਨਾਮਾ ਹੈ।
ਸਭਾ ਦੇ ਕਾਰਜਕਾਰੀ ਮੈਂਬਰਾਂ, ਜੋਗਿੰਦਰ ਸੰਘਾ ਦੇ ਪਰਿਵਾਰ ਅਤੇ ਹੋਰ
ਦੋਸਤਾਂ ਦੀ ਹਾਜ਼ਰੀ ਵਿਚ ਇਹ ਕਿਤਾਬ ਤਾੜੀਆਂ ਦੀ ਗੜਗੜਾਹਟ ਵਿਚ ਲੋਕ ਅਰਪਣ
ਕੀਤੀ ਗਈ। ਜੋਗਿੰਦਰ ਸੰਘਾ ਜੀ ਨੇ ਸੰਖੇਪ ਸ਼ਬਦਾਂ ਵਿਚ ਆਪਣੀ ਇਸ ਕਿਤਾਬ ਅਤੇ
ਸਫ਼ਰ ਵਿਚ ਪਰਿਵਾਰਕ ਮੈਂਬਰਾਂ ਦਾ ਸਾਥ ਅਤੇ ਆਪਣੇ ਇਸ ਸਫ਼ਰ ਬਾਰੇ ਸੁਪਨੇ ਦੀ
ਗੱਲ ਕਰਦਿਆਂ ਸਭ ਹਾਜ਼ਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਨਾਲ-ਨਾਲ ਰਚਨਾਵਾਂ
ਦਾ ਦੌਰ ਵੀ ਚੱਲਦਾ ਰਿਹਾ ਜਿਸ ਵਿਚ ਸਰੂਪ ਸਿੰਘ ਮੰਡੇਰ, ਹਰਮਿੰਦਰ ਕੌਰ
ਢਿੱਲੋਂ, ਪਰਮਿੰਦਰ ਰਮਨ, ਲਖਬਿੰਦਰ ਸਿੰਘ ਜੌਹਲ, ਮਾਸਟਰ ਜੀਤ ਸਿੰਘ, ਸਵਰਨ
ਧਾਲੀਵਾਲ, ਸੁਖਵਿੰਦਰ ਸਿੰਘ ਤੂਰ, ਗੁਰਨਾਮ ਸਿੰਘ ਗਿੱਲ ਰਾਮੂਵਾਲੀਆ ਆਦਿ ਨੇ
ਆਪਣੀ ਰਚਨਾਵਾਂ ਅਤੇ ਵਿਚਾਰਾਂ ਨਾਲ ਹਾਜ਼ਰੀ ਲੁਆਈ।
ਇਸ ਤੋਂ ਇਲਾਵਾ ਇਸ ਸਮਾਗਮ ਵਿਚ ਜਰਨੈਲ ਤੱਗੜ, ਹਰੀਪਾਲ, ਬਲਬੀਰ ਸਿੰਘ
ਢਿੱਲੋਂ, ਦਵਿੰਦਰ ਸਿੰਘ ਮਲਹਾਂਸ, ਜ਼ੋਰਾਵਰ ਸਿੰਘ ਬਾਂਸਲ, ਪਵਨਦੀਪ ਬਾਂਸਲ,
ਮੰਗਲ ਸਿੰਘ ਚੱਠਾ, ਗੁਰਲਾਲ ਸਿੰਘ ਰੁਪਾਲੋਂ, ਮਨਮੋਹਨ ਸਿੰਘ ਬਾਠ, ਗੁਰਸੇਵਕ
ਸਿੰਘ ਸੰਘਾ, ਗੁਰਚਰਨ ਸਿੰਘ ਤੂਰ, ਜਸਵੰਤ ਸਿੰਘ ਸੇਖੋ, ਚਮਕੌਰ ਸੰਘਾ, ਉਜਾਗਰ
ਸਿੰਘ, ਇਕਬਾਲ ਸਿੰਘ ਧਾਲੀਵਾਲ, ਮਹਿੰਦਰ ਕੌਰ ਬਰਾੜ, ਕੁਲਦੀਪ ਕੌਰ, ਤਰਨਜੀਤ
ਸੰਘਾ, ਗੁਰਕੀਤ ਸੰਘਾ, ਬੌਬੀ ਡੇਵ, ਸੁਖਵੀਰ ਸੰਘਾ ਡੇਵ, ਜਸਬੀਰ ਚਾਹਲ, ਪਰਮ
ਸੂਰੀ, ਤੇਜੀ ਸੰਧੂ ਆਦਿ ਹਾਜ਼ਰ ਸਨ। ਅਖ਼ੀਰ ਵਿਚ ਪ੍ਰਧਾਨ ਤਰਲੋਚਨ ਸੈਹਿੰਭੀ
ਵੱਲੋਂ ਸਭ ਹਾਜ਼ਰੀਨ ਦਾ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢਕੇ ਹਾਜ਼ਰੀ ਭਰਨ
ਲਈ ਸਭਾ ਵੱਲੋਂ ਧੰਨਵਾਦ ਕੀਤਾ ਗਿਆ। ਜੂਨ ਮਹੀਨੇ ਦੀ ਇਕੱਤਰਤਾ ਹਮੇਸ਼ਾਂ ਦੀ
ਤਰ੍ਹਾਂ ਮਹੀਨੇ ਦੇ ਤੀਸਰੇ ਐਤਵਾਰ 18 ਜੂਨ 2017 ਨੂੰ ਕੋਸੋ ਹਾਲ ਕੈਲਗਰੀ
ਵਿਖੇ ਦਿਨ ਦੇ ਦੋ ਵਜੇ ਹੋਵੇਗੀ, ਸਾਹਿਤ ਪ੍ਰੇਮੀਆਂ ਨੂੰ ਇਸ ਸਮੇਂ ਪਹੁੰਚਣ
ਦਾ ਖੁੱਲ੍ਹਾ ਸੱਦਾ ਹੈ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਤਰਲੋਚਨ
ਸੈਹਿੰਭੀ ਨਾਲ 403-827-1483 ਜਾਂ ਜਨਰਲ ਸਕੱਤਰ ਬਲਵੀਰ ਗੋਰਾ
403-472-2662 ਤੇ ਰਾਬਤਾ ਕੀਤਾ ਜਾ ਸਕਦਾ ਹੈ।
|