ਲੰਘੇ ਐਤਵਾਰ, 2 ਅਪ੍ਰੈਲ, 2017 ਨੂੰ ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ
ਬਰੈਂਪਟਨ ਸ਼ਹਿਰ ‘ਚ ਇਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ
ਚੰਡੀਗੜ੍ਹ ਤੋਂ ਆਏ ਉਰਦੂ ਦੇ ਨਾਮਵਾਰ ਸ਼ਾਇਰ ਜ਼ਾਹਿਦ ਅਬਰੋਲ ਅਤੇ ਪ੍ਰਸਿੱਧ
ਪੱਤਰਕਾਰ, ਲੇਖਕ, ਅਤੇ ‘ਹੁਣ’ ਮੈਗਜ਼ੀਨ ਦੇ ਸੰਪਾਦਕ ਸ੍ਰੀ ਸ਼ੁਸ਼ੀਲ ਦੁਸਾਂਝ
ਹੋਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦਾ ਆਰੰਭ ਦੁਪਹਿਰ ਦੋ ਵਜੇ ਹੋਇਆ। ਚਾਹ ਪਾਣੀ, ਸਨੈਕਸ ਅਤੇ
ਮੇਲ ਮਿਲਾਪ ਤੋਂ ਉਪਰੰਤ ਸ੍ਰੋਤਿਆਂ ਨੂੰ ਆਪਣੀਆਂ ਸੀਟਾਂ ਤੇ ਬਰਾਜਮਾਨ ਹੋਣ
ਦਾ ਸੱਦਾ ਦਿੱਤਾ ਗਿਆ। ਪ੍ਰਧਾਨਗੀ ਮੰਡਲ ‘ਚ ਸ਼ੁਸ਼ੀਲ ਦੁਸਾਂਝ, ਜ਼ਾਹਿਦ
ਅਬਰੋਲ, ਡਾ. ਖ਼ਾਲਿਦ ਹੁਸੈਨ, ਬਲਰਾਜ ਚੀਮਾ ਅਤੇ ਸੰਸਥਾ ਦੇ ਪ੍ਰਧਾਨ ਡਾ.
ਕੁਲਜੀਤ ਸਿਘ ਜੰਜੂਆ ਸ਼ੁਸ਼ੋਬਤ ਹੋਏ। ਇਸ ਬੈਠਕ ਦੀ ਖੂਬਸੂਰਤੀ ਇਹ ਸੀ ਕਿ
ਉਰਦੂ ਅਤੇ ਪੰਜਾਬੀ ਦੇ ਸ਼ਾਇਰਾਂ ਨੇ ਮੰਚ ਸਾਂਝਾ ਕੀਤਾ। ਪ੍ਰੋਗਰਾਮ ਦਾ
ਆਗਾਜ਼ ਇਕਬਾਲ ਬਰਾੜ ਦੇ ਖੂਬਸੂਰਤ ਸਵਾਗਤੀ ਗੀਤ ਨਾਲ ਕੀਤਾ ਗਿਆ। ਇਸ ਤੋਂ
ਉਪਰੰਤ ਅਰੂਜ ਰਾਜਪੂਤ, ਸੁਰਜੀਤ, ਸੁਖਿੰਦਰ, ਗੁਰਮਿੰਦਰ ਲਾਲੀ, ਨਾਹਰ ਔਜਲਾ,
ਡਾ. ਖ਼ਾਲਿਦ ਹੁਸੈਨ, ਪਿਆਰਾ ਸਿੰਘ ਅਤੇ ਅਮੀਰ ਜ਼ਾਫ਼ਰੀ ਨੇ ਆਪਣੀਆਂ ਨਜ਼ਮਾਂ
ਅਤੇ ਗਜ਼ਲਾਂ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਸਨੀ ਸਿ਼ਵਰਾਜ ਨੇ ਇਕ
ਖੂਬਸੂਰਤ ਗ਼ਜ਼ਲ ਗਾ ਕੇ ਸਮਾਂ ਬੰਨਿਆਂ।
ਹੁਣ ਵਾਰੀ ਸੀ ਵਿਸ਼ੇਸ਼ ਮਹਿਮਾਨਾਂ ਦੀ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ
ਸ਼ੁਸ਼ੀਲ ਦੁਸਾਂਝ ਦੀ ਜਾਣ ਪਛਾਣ ਕਰਵਾਉਂਦਿਆਂ ਆਖਿਆ ਕਿ ਸ਼ੁਸ਼ੀਲ ਹੋਰੀਂ
ਬਹੁਤ ਹੀ ਮਿਹਨਤੀ ਅਤੇ ਉੱਦਮੀ ਵਿਅਕਤੀ ਹਨ ਅਤੇ ਚਿਰਾਂ ਤੋਂ ਪੱਤਰਕਾਰੀ,
ਰੇਡੀਉ ਅਤੇ ਟੀ ਵੀ ਨਾਲ ਜੁੜੇ ਹੋਏ ਹਨ। ਸ੍ਰੀ ਦੁਸਾਂਝ ਆਪ ਬਹੁਤ ਵਧੀਆ
ਗ਼ਜ਼ਲ ਲਿਖਦੇ ਹਨ ਅਤੇ ਇਸ ਸਮੇਂ ਪੰਜਾਬੀ ਦੇ ਸਿਰਕੱਢ ਮੈਗਜ਼ਨ ‘ਹੁਣ’ ਦੀ
ਸੰਪਾਦਨਾ ਕਰਦੇ ਹਨ। ਸ਼ੁਸ਼ੀਲ ਦੁਸਾਂਝ ਨੇ ਸਰੋਤਿਆਂ ਅੱਗੇ ਆਪਣੇ ਵਿਚਾਰ
ਪੇਸ਼ ਕੀਤੇ ਅਤੇ ਆਪਣੀਆਂ ਖੂਬਸੂਰਤ ਗ਼ਜ਼ਲਾਂ ਸੁਣਾਈਆਂ।
ਅਰੂਜ਼ ਰਾਜਪੂਤ ਨੇ ਸਰੋਤਿਆਂ ਨਾਲ ਜ਼ਾਹਿਦ ਅਬਰੋਲ ਦਾ ਤੁਆਰਫ਼ ਕਰਵਾਇਆ।
ਉਨ੍ਹਾਂ ਦੱਸਿਆ ਕਿ ਸ੍ਰੀ ਅਬਰੋਲ ਪੰਜਾਬ ਦੇ ਹੁਸਿ਼ਆਰਪੁਰ ਜਿ਼ਲ੍ਹੇ ਤੋਂ ਹਨ
ਅਤੇ ਅੱਜਕਲ੍ਹ ਉਹ ਊਨਾਂ ਸ਼ਹਿਰ ‘ਚ ਰਹਿੰਦੇ ਹਨ। ਸ੍ਰੀ ਅਬਰੋਲ ਨੇ ਬਾਬਾ
ਫਰੀਦ ਜੀ ਦੇ ਸ਼ਲੋਕਾਂ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਬਹੁਤ ਵੱਡਾ ਕੰਮ
ਕੀਤਾ ਹੈ। ੳਰਦੂ ਗ਼ਜ਼ਲ ‘ਚ ਉਨਾਂ ਦਾ ਵਿਸ਼ੇਸ਼ ਸਥਾਨ ਹੈ। ਅਬਰੋਲ ਜੀ ਨੇ ਵੀ
ਆਪਣੀਆਂ ਗ਼ਜ਼ਲਾਂ ਸੁਣਾਈਆਂ ਜੋ ਕਿ ਸਰੋਤਿਆਂ ਨੇ ਬਹੁਤ ਪਸੰਦ ਕੀਤੀਆਂ।
ਸਟੇਜ ਦੀ ਕਾਰਵਾਈ ਸਰਜੀਤ ਅਤੇ ਅਰੂਜ਼ ਨੇ ਸਾਂਝੇ ਤੌਰ ਤੇ ਨਿਭਾਈ। ਬਲਰਾਜ
ਚੀਮਾ ਜੀ ਨੇ ਸਾਰੇ ਪ੍ਰੋਗਰਾਮ ਦਾ ਸਾਰ ਸੰਖੇਪ ਵਿਚ ਦੱਸਿਆ। ਸੰਸਥਾ ਦੇ
ਪ੍ਰਧਾਨ ਡਾ. ਕੁਲਜੀਤ ਸਿਘ ਜੰਜੂਆ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ
ਕੀਤਾ। ੳਨਾਂ ਜੀ ਪੀ ਐਫ਼ ਦਾ ਪਿਛੋਕੜ ਅਤੇ ਗਤੀਵਿਧੀਆਂ ਸਰੋਤਿਆਂ ਨਾਲ ਸਾਂਝੇ
ਕਰਦਿਆਂ ਹੋਇਆਂ ਦੱਸਿਆ ਕਿ ਜੀ ਪੀ ਐਫ਼ ਦੇ ਟੋਰੋਂਟੋ ਚੈਪਟਰ ਨੇ ਹੁਣ ਤੱਕ
ਬਹੁਤ ਮਹੱਤਵਪੂਰਣ ਕੰਮ ਕੀਤੇ ਹਨ ਅਤੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ
ਸਾਂਝੀ ਕੀਤੀ। ਇਸ ਤੋਂ ਬਾਅਦ ਸ਼ੁਸ਼ੀਲ ਦੁਸਾਂਝ ਅਤੇ ਜ਼ਾਹਿਦ ਅਬਰੋਲ ਨੁੰ
ਪਲੈਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੀ ਟੀ ਏ ਦੀਆਂ ਵੱਖੋ ਵੱਖ ਸਾਹਿਤਕ ਜੱਥੇਬੰਦੀਆਂ ਅਤੇ ਮੀਡੀਆ
ਤੋਂ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਹਾਜਿ਼ਰ ਹੋਈਆਂ। ਪ੍ਰੋਗਰਾਮ ਦੀ
ਕਵਰੇਜ਼ ਜੀ ਟੀ ਵੀ ਅਤੇ ਚੈਨਲ ਪੰਜਾਬੀ ਨੇ ਕੀਤੀ। |