ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਮਈ 2017 ਦਿਨ
ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ
ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਉਰਦੂ ਸ਼ਾਇਰ ਅਸ਼ਰਫ਼ ਖ਼ਾਨ
ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਅੱਜ
ਦਾ ਸਾਹਿਤਕ ਦੌਰ ਸ਼ੁਰੂ ਕਰਨ ਤੋਂ ਪਹਿਲਾਂ ਕੈਲਗਰੀ ਦੇ ਨੌਰਥ-ਈਸਟ ਇਲਾਕੇ ਦੇ
ਭਖਦੇ ਸਮਾਜਕ ਮਸਲੇ ਤੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੈਨੇਸਿਸ
ਸੈਂਟਰ ਦੇ ਨਾਲ ਲਗਦੀ ਜ਼ਮੀਨ ਜੋ ਕਿ ਮਨੋਰੰਜਨ/ਖੇਡਾਂ ਵਾਲੀਆਂ ਗਤਿਵਿਧੀਆਂ ਲਈ
ਰੱਖੀ ਗਈ ਸੀ, ਨੂੰ ਬਹੁ-ਮੰਜਿਲੀ ਇਮਾਰਤ ਬਨਾਉਣ ਲਈ ਨਾ ਵਰਤਣ ਦਿੱਤਾ ਜਾਵੇ।
ਇਹ ਜ਼ਮੀਨ ਸਾਡੀ ਅੱਜ ਦੀ ਨੋਜਵਾਨ ਪੀੜੀ ਅਤੇ ਆਉਣ ਵਾਲੀ ਪੀੜੀ ਦੀ ਅਮਾਨਤ ਹੈ।
ਸਿਟੀ ਕਾਉਨਸਲ ਨੂੰ ਇਸ ਦੀ ਜ਼ੋਨਿੰਗ ਬਦਲਕੇ, ਏਥੇ ਏਨੇ ਸਾਰੇ ਮਕਾਨ ਬਣਾਕੇ
ਪਹਿਲੋਂ ਹੀ ਸ਼ਹਿਰ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਹੋਰ ਵੀ
ਖਚਾਖੱਚ ਭਰਨ ਦਾ ਫ਼ੈਸਲਾ ਬਦਲਣਾ ਚਾਹੀਦਾ ਹੈ। ਇਸ ਲਈ ਸਾਨੂੰ ਸਭ ਨੂੰ, ਚਾਹੇ
ਅਸੀਂ ਕਿਸੇ ਵੀ ਕਮਯੂਨਿਟੀ ਤੋਂ ਹਾਂ, ਮਿਲਕੇ “ਸੇਵ ਦ ਜੈਨੇਸਿਸ ਪਾਰਕ”
(Save the Genesis Park) ਮੁਹਿਮ ਦਾ ਹਿੱਸਾ ਬਣਕੇ, ਜਾਂ ਅਪਣੇ ਕੋਈ ਹੋਰ
ਸ਼ਾਂਤਮਈ ਤਰੀਕੇ ਨਾਲ, ਇਸਨੂੰ ਬਚਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਪਰੰਤ ਸਟੇਜ ਸਕੱਤਰ ਦੀ ਜੁੱਮੇਂਵਾਰੀ ਨਿਭਾਂਦਿਆਂ ਪਹਿਲੇ ਬੁਲਾਰੇ ਨੂੰ
ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਇਸੇ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਇਹ
ਸਾਡੀ ਕਮਜ਼ੋਰੀ ਹੈ ਕਿ ਅਸੀਂ ਲੋਕ ਧਾਰਮਿਕ, ਸਾਹਿਤਕ, ਗਾਉਣ-ਬਜਾਉਣ ਤੇ ਹੋਰ
ਪਰੰਪਰਾਗਤ ਸਰਗਰਮਿਆਂ ਵਿੱਚ ਤਾਂ ਵਧ-ਚੜ ਕੇ ਹਿੱਸਾ ਲੈਂਦੇ ਹਾਂ, ਪਰ ਏਥੋਂ
ਦੇ ਸਿਸਟਮ ਦੇ ਨਾਲ ਰਲਣ-ਮਿਲਣ ਵਿੱਚ ਹਮੇਸ਼ਾ ਹੀ ਹਿਚਕਿਚਾਉਂਦੇ ਹਾਂ। ਅਸੀਂ
ਲੋਕ ਕਦੇ ਵੀ ਸਿਟੀ ਵਲੋਂ ਕੀਤੇ ਜਾਂਦੇ Open Houses ਵਿੱਚ ਸ਼ਾਮਿਲ ਨਹੀਂ
ਹੁੰਦੇ ਤੇ ਇਹੋ ਜਿਹੇ ਮੁੱਦਿਆਂ ਤੇ ਸਮਾਂ ਰਹਿੰਦਿਆਂ ਵਿਚਾਰ-ਚਰਚਾ ਨਹੀਂ
ਕਰਦੇ। ਨਤੀਜ਼ਾ ਸਾਡੇ ਸਾਹਮਣੇ ਹੈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੀ ਪੇਸ਼ ਕੀਤੀ ਇਸ ਖ਼ੂਬਸੁਰਤ ਗ਼ਜ਼ਲ ਨਾਲ
ਸਾਹਿਤਕ ਦੌਰ ਦੀ ਸ਼ੁਰੂਆਤ ਹੋਈ -
“ਵੇਖੋ ਦਰਸ ਤਿਹਾਈਆਂ ਅਖੀਆਂ।
ਛਮ ਛਮ ਛਹਿਬਰ ਲਾਈਆਂ ਅਖੀਆਂ।
ਸ਼ਰਮਾਂ ਵਾਲੇ ਅੱਖ ਝੁਕਾਵਣ
ਬੇਸ਼ਰਮਾਂ ਗਰਮਾਈਆਂ ਅਖੀਆਂ।”
ਰਫ਼ੀ ਅਹਮਦ ਹੋਰਾਂ ਇਕ ਉਰਦੂ ਕਹਾਣੀ “ਜਾਲ” ਕੁਝ ਇਸ ਅੰਦਾਜ਼ ਨਾਲ ਸੁਣਾਈ
ਕਿ ਦਿਲ ਤੇ ਛਾ ਗਈ।
ਪ੍ਰਭਦੇਵ ਗਿਲ ਹੋਰਾਂ ਬੀਤੇ ਵਕਤਾਂ ਦਿਆਂ ਕੁਝ ਮਿੱਠੀਆਂ ਯਾਦਾਂ ਸਾਂਝਿਆਂ
ਕਰਦੇ ਹੋਏ ਅਪਣੀਆਂ ਇਹ ਸਤਰਾਂ ਪੜੀਆਂ –
“ਜਦ ਵੀ ਤੇਰਾ ਚੇਤਾ ਆਵੇ, ਦਿਲ ‘ਚੋਂ ਸੇਕ ਜਿਹਾ ਲੰਘ ਜਾਵੇ
ਰਾਤੀਂ ਪਲ ਭਰ ਨੀਂਦ ਨਾ ਆਵੇ, ਅੱਖੀਆਂ ਰੋ ਰੋ ਹੋਣ ਬੀਮਾਰ”
ਸੁਰਜੀਤ ਸਿੰਘ ਸੀਤਲ ‘ਪੰਨੂੰ” ਹੋਰਾਂ ਅਪਣੀਆਂ ਕੁਝ ਰੁਬਾਈਆਂ ਅਤੇ ਇਕ
ਗ਼ਜ਼ਲ ਨਾਲ ਵਾਹ-ਵਾਹ ਲੈ ਲਈ –
“ਦਿਲ ਦੇ ਅੱਗੇ ਪੇਸ਼ ਨਾ ਜਾਂਦੀ, ਵੱਡੇ ਵੱਡੇ ਸੁਲਤਾਨਾਂ ਦੀ
ਸਮਝ ਸਿਆਣਪ ਹਾਰ ਜਾਂਦੀ ਏ, ਇਸ ਮੂਹਰੇ ਵਿਦਵਾਨਾਂ ਦੀ
ਪਤਾ ਨਹੀਂ ਕਦ ਕਾਹਦੇ ਲਈ ਇਹ ਜਿਦ ਕਰ ਬੈਠੇ ‘ਪੰਨੂੰਆਂ’
ਦਿਲ ਵਿੱਚ ਮਹਿਫ਼ਲ ਸਜਦੀ ਰਹਿੰਦੀ ਨਵੇਂ ਨਵੇਂ ਅਰਮਾਨਾਂ ਦੀ”
ਅਸ਼ਰਫ਼ ਖ਼ਾਨ ਜੋ ਕਿ ਇਕ ਬਾ-ਕਮਾਲ ਉਰਦੂ ਸ਼ਾਇਰ ਹਨ, ਹੋਰਾਂ ‘ਅਹਮਦ ਨਸੀਮ
ਕਾਦਮੀ’ ਦੀ ਨਜ਼ਮ ਤੋਂ ਬਾਦ ਅਪਣੀ ਇਕ ਖ਼ੂਬਸੂਰਤ ਗ਼ਜ਼ਲ ਨਾਲ ਵਾਹ-ਵਾਹ ਲੁੱਟ ਲਈ।
ਰਣਜੀਤ ਸਿੰਘ ਮਿਨਹਾਸ ਨੇ ਅਪਣੀ ਹਾਸ-ਕਵਿਤਾ “ਨੋਟ ਬੰਦੀ” ਨਾਲ ਵਧੀਆ ਰੌਣਕ
ਲਾਈ –
“ਕੋਈ ਕੂੜੇ ਦੇ ਢੇਰ ਤੇ ਸੁੱਟਦਾ ਸੀ
ਗੰਦੇ ਛੱਪੜ ਦੇ ਵਿੱਚ ਕੋਈ ਸੁੱਟਦਾ ਸੀ
ਦੁਸ਼ਮਣ ਬਣ ਗਈ ਜਾਨ ਦੀ ਅੱਜ ਉਹੀ
ਜਿਹਦੇ ਆਸਰੇ ਮੌਜਾਂ ਪਿਆ ਲੁੱਟਦਾ ਸੀ”
ਜਰਨੈਲ ਸਿੰਘ ਤੱਗੜ ਨੇ ਸੁਰਜੀਤ ਸਿੰਘ ਸੀਤਲ ‘ਪੰਨੂੰ” ਹੋਰਾਂ ਦਿਆਂ ਕੁਝ
ਸਤਰਾਂ ਗਾਕੇ ਸਭਾ ਸਭਾ ਵਿੱਚ ਹਾਜ਼ਰੀ ਲਵਾਈ।
ਗੁਰਚਰਨ ਸਿੰਘ ‘ਹੇਹਰ’ ਹੋਰਾਂ ਅਪਣੇ ਲਿਖਿਆ ਇਹ ਗੀਤ ਗਾਕੇ ਤਾੜੀਆਂ ਲੈ ਲਈਆਂ
–
“ਦੁੱਖਾਂ ਵਿੱਚ ਮੇਰੀ ਜਾਨ ਤੜਪਦੀ, ਲੈ ਰੱਜ ਕੇ ਤੂੰ ਹੱਸ ਅੜਿਆ
ਮੈਂ ਦੁੱਖਾਂ ਦੀ ਦੁੱਖ ਮੇਰੇ ਦਾਰੂ, ਜਿੰਦ ਦਾ ਇਹੀ ਰਹੱਸ ਅੜਿਆ”
ਜਾਵਿਦ ਨਿਜ਼ਾਮੀ ਹੋਰਾਂ ਅਪਣੀਆਂ ਦੋ ਉਰਦੂ ਗ਼ਜ਼ਲਾਂ ਨਾਲ ਵਧੀਆ ਦਾਦ ਬਟੋਰੀ
–
1-“ਆਤਾ ਹੂੰ ਬਹੁਤ ਯਾਦ ਤੋ ਭੁਲਾ ਕਯੂੰ ਨਹੀਂ ਦੇਤੇ?
ਰਸਤੇ ਕਾ ਹੂੰ ਪੱਥਰ ਤੋ ਹਟਾ ਕਯੂੰ ਨਹੀਂ ਦੇਤੇ?”
2-“ਮੇਰੀ ਮੁਹੱਬਤੋਂ ਕਾ ਮੁਝੇ ਕੁਛ ਸਿਲਾ ਮਿਲੇ।
ਐਸਾ ਨ ਹੋ ਕਿ ਜੋ ਭੀ ਮਿਲੇ ਬੇਵਫ਼ਾ ਮਿਲੇ।”
ਡਾ. ਮਨਮੋਹਨ ਬਾਠ ਨੇ ਬੜੀ ਖ਼ੂਬਸੂਰਤੀ ਨਾਲ ਇਕ ਹਿੰਦੀ ਫਿਲਮੀ ਗਾਣਾ ਗਾਕੇ
ਰੌਣਕ ਲਾ ਦਿੱਤੀ।
ਜਸਵੀਰ ਸਿਹੋਤਾ ਹੋਰਾਂ ਦੁਨੀਆਦਾਰੀ ਦੀ ਸੱਚਾਈ ਕੁਝ ਇਸ ਤਰਾਂ ਬਯਾਨ ਕੀਤੀ –
“ਹੱਥ ਅਗਾਂਹ ਕਰਕੇ ਹੱਥ ਜੋ ਮਿਲਾਓਂਦੇ ਨੇ ਪਏ
ਕਦੀ ਖਿੱਚ ਕੇ ਹੱਥ ਛੜਾਉਣਗੇ ਇਕ ਦਿਨ”
ਰਵੀ ਜਨਾਗਲ ਹੋਰਾਂ ‘ਸੁਰਜੀਤ ਪਾਤਰ’ ਦੀ ਕਵਿਤਾ ਬੜੀ ਖ਼ੂਬਸੂਰਤੀ ਨਾਲ ਪੇਸ਼
ਕਰਕੇ ਸਮਾਂ ਬਨ੍ਹ ਦਿੱਤਾ –
“ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣਕੇ
ਤੇ ਅਸੀਂ ਰਹਿ ਗਏ ਬਿਰੱਖ ਵਾਲੀ ਹਾ ਬਣਕੇ”
ਜੋਗਾ ਸਿੰਘ ਸਹੋਤਾ ਨੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ
ਬਾ-ਤਰੱਨੁਮ ਗਾਕੇ ਤਾੜੀਆਂ ਲਈਆਂ।
ਅਮਰੀਕ ਚੀਮਾ ਹੋਰਾਂ ‘ਉਜਾਗਰ ਸਿੰਘ ਕੰਵਲ’ ਦਾ ਇਕ ਗੀਤ ਬੜੀ ਤਰੱਨੁਮ ਵਿੱਚ
ਗਾਕੇ ਤਾੜੀਆਂ ਲੁੱਟ ਲਈਆਂ –
“ਤੁਸੀਂ ਨਾ ਮੁੜ ਕੇ ਆਏ ਸੱਜਨ ਜੀ, ਤੁਸੀਂ ਨਾ ਮੁੜਕੇ ਆਏ
ਸੂਲਾਂ ਵਰਗੇ ਪਲ ਜੀਵਨ ਦੇ, ਸਾਰੀ ਉਮਰ ਹੰਢਾਏ, ਤੁਸੀਂ ਨਾ.....”
ਜੱਸ ਚਾਹਲ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ
ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ
ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ
ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ, ਪਰਚਾਰ
ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 3 ਜੂਨ 2017 ਨੂੰ 2.00 ਤੋਂ 5.00
ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ
ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਤੇ
ਰੰਗ-ਬਰੰਗੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ
403-285-5609 ਜਾਂ 587-716-5609 ਤੇ ਅਤੇ ਜਨਰਲ ਸਕੱਤਰ ਜਸਬੀਰ (ਜੱਸ)
ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ
Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ
ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ। |