ਲੰਘੇ ਸ਼ਨੀਵਾਰ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ ਚੈਪਟਰ ਵਲੋਂ
ਕੈਲੀਫ਼ੋਰਨੀਆ ਦੀ ਨਾਮਵਰ ਸ਼ਾਇਰਾ ਨੀਲਮ ਸੈਣੀ ਨਾਲ ਬਰੈਂਪਟਨ ਵਿਖੇ ਇਕ
ਸਾਹਿਤੱਕ ਮਿਲਣੀ ਕਰਵਾਈ ਗਈ ਜੋ ਕਿ ਅਤਿਅੰਤ ਕਾਮਯਾਬ, ਰੌਚਕ ਅਤੇ ਯਾਦਗਾਰੀ
ਹੋ ਨਿੱਬੜੀ। ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਗਲੋਬਲ ਪੰਜਾਬ ਫਾਊਂਡੇਸ਼ਨ ਦੀ
ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।
ਇਹ ਪ੍ਰੋਗਰਾਮ 2250 ਬੋਵੇਅਰਡ ਡਰਾਈਵ ਈਸਟ, ਬਰੈਂਪਟਨ ‘ਤੇ ਸਥਿਤ ‘ਰੀ
ਮੈਕਸ ਰੀਐਲਟੀ‘ ਦੇ ਮੀਟਿੰਗ ਹਾਲ ਵਿਚ ਸੰਪੰਨ ਹੋਇਆ । ਚਾਹ-ਪਾਣੀ ਪੀਣ ਅਤੇ
ਆਪਸੀ ਮੇਲ-ਮਿਲਾਪ ਤੋਂ ਬਾਅਦ ਗਲੋਬਲ ਪੰਜਾਬ ਫਾਊਂਡੇਸ਼ਨ, ਟੋਰਾਂਟੋ ਚੈਪਟਰ ਦੇ
ਪ੍ਰਧਾਨ ਡਾ. ਕੁਲਜੀਤ ਸਿੰਘ ਜੰਜੂਆ ਨੇ ਚਾਰ ਵਜੇ ਪ੍ਰੋਗਰਾਮ ਦਾ ਆਗਾਜ਼ ਆਏ
ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤਾ। ਉਨ੍ਹਾਂ ਬਲਰਾਜ ਚੀਮਾ, ਕੁਲਦੀਪ
ਗਿੱਲ, ਭੁਪਿੰਦਰ ਦੂਲੇ ਅਤੇ ਨੀਲਮ ਸੈਣੀ ਨੂੰ ਪ੍ਰਧਾਨਗੀ ਮੰਡਲ ਵਿਚ ਬਿਠਾਇਆ।
ਜੰਜੂਆ ਨੇ ਖੁਦ ਸਟੇਜ ਦੀ ਕਾਰਵਾਈ ਬਹੁਤ ਖੂਬਸੂਰਤੀ ਨਾਲ ਨਿਭਾਈ।
ਸਭ ਤੋਂ ਪਹਿਲਾਂ ਉਨ੍ਹਾਂ ਜੀ. ਪੀ. ਐਫ਼. ਦੇ ਚੇਅਰਮੈਨ ਹਰਜਿੰਦਰ ਵਾਲੀਆ
ਜੀ ਬਾਰੇ, ਸਭਾ ਦੇ ਸੰਖੇਪ ਪਿਛੋਕੜ ਅਤੇ ਉਦੇਸ਼ਾਂ ਬਾਰੇ ਸਰੋਤਿਆਂ ਨੂੰ
ਦੱਸਿਆ। ਇਸ ਸਮਾਗਮ ਵਿਚ ‘ਜੀਟੀਏ‘ ਦੀਆਂ ਸਾਰੀਆਂ ਸਿਰਕੱਢ ਸੰਸਥਾਵਾਂ ਜਿਵੇਂ
ਕਿ ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਕਲਮਾਂ ਦਾ ਕਾਫ਼ਲਾ, ਫ਼ੋਰਮ ਫ਼ਾਰ ਪੀਸ ਐਂਡ
ਜਸਟਿਸ, ਦਿਸ਼ਾ ਅਤੇ ਕਈਸੀਨੀਅਰ ਕਲੱਬਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਸਰੋਤਿਆਂ ਦੇ ਭਰ੍ਹਵੇਂ ਹੁੰਘਾਰੇ ਨੇ ਸਮਾਗਮ ਵਿਚ ਇਕ ਖਾਸ ਹੁੱਲਾਸ ਭਰ
ਦਿੱਤਾ। ਪ੍ਰੋਗਰਾਮ ਵਿਚ ਹਾਜ਼ਰ ਤਕਰੀਬਨ ਹਰ ਸ੍ਰੋਤੇ ਨੇ ਸਟੇਜ ਤੇ ਆਕੇ ਆਪਣੇ
ਜਜ਼ਬਾਤ ਸਾਂਝੇ ਕੀਤੇ। ਗੀਤਾਂ, ਗ਼ਜ਼ਲਾਂ, ਕਵਿਤਾਵਾਂ ਅਤੇ ਗੱਲਾਂ-ਬਾਤਾਂ ਨਾਲ
ਭਰਪੂਰ ਇਹ ਪ੍ਰੋਗਰਾਮ ਤਕਰੀਨ ਇਕ ਘੰਟਾ ਚੱਲਦਾ ਰਿਹਾ।
ਸਭਾ ਦੀ ਮੀਤ-ਪ੍ਰਧਾਨ ਸੁਰਜੀਤ ਨੇ ਨੀਲਮ ਸੈਣੀ ਦੀ ਜਾਣ-ਪਛਾਣ ਕਰਵਾਉਂਦਿਆ
ਦੱਸਿਆ ਕਿ ਉਹ ਇਕ ਦੂਜੇ ਨੂੰ 1997 ਤੋਂ ਜਾਣਦੇ ਹਨ। ਦੋਸਤੀ ਦੇ ਨਿੱਘ ਦੇ
ਨਾਲ ਨਾਲ ਇਕ ਦੂਜੇ ਦੀਆਂ ਰਚਨਾਵਾਂ ਦੀ ਪਰਖ ਪੜਚੋਲ ਵੀ ਉਹ ਕਰਦੀਆਂ ਹਨ।
ਨੀਲਮ ਸੈਣੀ ਇਕ ਸੁਘੜ ਸਿਆਣੀ ਧੀ, ਜਿੰਮੇਵਾਰ ਭੈਣ, ਚੰਗੀ ਪਤਨੀ ਤੇ ਮਮਤਾਮਈ
ਮਾਂ ਹੈ ਜਿਸਨੇ ਆਪਣੇ ਫਰਜ਼ਾਂ ਦੀ ਪੂਰਤੀ ਦੇ ਨਾਲ ਨਾਲ ਸਾਹਿਤੱਕ ਹਲਕਿਆਂ ਵਿਚ
ਆਪਣੀ ਇਕ ਵਿਸ਼ੇਸ਼ ਪਛਾਣ ਬਣਾਈ ਹੈ। ਅੱਜਕਲ ਉਹ ਤੀਆਂ ਅਤੇ ਲੋਹੜੀ ਵਰਗੇ
ਮੇਲਿਆਂ ਦੀਆਂ ਸਟੇਜਾਂ ਨੂੰ ਵੀ ਚਾਰ ਚੰਨ ਲਾ ਰਹੀ ਹੈ। ਉਸਨੇ ਡਬਲ ਐਮ ਏ, ਐਮ
ਐਡ ਤੱਕ ਪੜ੍ਹਾਈ ਕੀਤੀ ਹੋਈ ਹੈ । ਉਹ ਦੇਸ ਵਿਚ ਅਤੇ ਕੈਲੇਫੋਰਨੀਆ ਵਿਚ
ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹੈ। ਹੁਣ ਤੱਕ ਉਹ ਤਿੰਨ ਕਾਵਿ ਸੰਗ੍ਰਹਿ,
ਇਕ ਪੁਸਤਕ ਸੰਪਾਦਨਾ, ਇਕ ਅੰਗ੍ਰੇਜ਼ੀ ਵਿਚ ਬਾਲ ਕਾਵਿ ਪੁਸਤਕ ਲਿਖ ਚੁੱਕੀ ਹੈ।
ਹੁਣੇ ਜਿਹੇ ਉਸਨੇ ਸਾਡੀਆਂ ਰਸਮਾਂ ਸਾਡੇ ਗੀਤ ਨਾਮੀ ਪੁਸਤਕ ਤਿਆਰ ਕੀਤੀ ਹੈ
ਜੋ ਕਿ ਬਹੁਤ ਸਲਾਹੀ ਗਈ।
ਸੁਰਜੀਤ ਦੁਆਰਾ ਨੀਲਮ ਦੇ ਤੁਆਰਫ਼ ਤੋਂ ਬਾਅਦ ਨੀਲਮ ਸੈਣੀ ਨੂੰ ਸਟੇਜ ਤੇ
ਸੱਦਾ ਦਿੱਤਾ ਗਿਆ। ਨੀਲਮ ਨੇ ਆਪਣੀਆਂ ਕਵਿਤਾਵਾਂ, ਬੋਲੀਆਂ ਅਤੇ ਸਾਹਿਤਕ
ਸਿੱਠਣੀਆਂ ਨਾਲ ਖ਼ੂਬ ਰੰਗ ਬੰਨਿਆਂ। ਜਿੰਦਾ ਦਿਲ ਨੀਲਮ ਦੀ ਸੰਗਤ ਮਾਣ ਕੇ ਸਭ
ਨੂੰ ਬਹੁਤ ਚੰਗਾ ਲੱਗਾ। ਸਰੋਤਿਆਂ ਨੇ ਇਸ ਸਮਾਗਮ ਨੂੰ ਭਰਪੂਰ ਮਾਣਿਆ ਅਤੇ
ਟੋਰਾਂਟੋ ਵਿਚ ਹੋਏ ਨਿਵੇਕਲੀ ਕਿਸਮ ਦੇ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ।
|