ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਐਡੀਲੇਡ ਦੇ ਬੈਵਰਲੀ ਵਿਖੇ ਕਰਵਾਇਆ ਗਿਆ, ਜਿਸ ‘ਚ ਭਾਰਤ ਤੇ ਪਾਕਿਸਤਾਨ ਮੂਲ
ਦੇ ਸਰੋਤੇ ਭਾਰੀ ਗਿਣਤੀ ‘ਚ ਪੁੱਜੇ । ਇਸ ਮ਼ਸਾਇਰੇ ‘ਚ ਭਾਗ ਲੈਣ ਲਈ
ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਉਰਦੂ ਤੇ ਪੰਜਾਬੀ ਦੇ ਸ਼ਾਇਰ ਉਚੇਚੇ
ਤੌਰ ‘ਤੇ ਪਹੁੰਚੇ ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਉਰਦੂ ਦੀ ਨਾਮਵਰ ਸ਼ਾਇਰਾ
ਨੋਸ਼ੀ ਗਿਲਾਨੀ ਤੇ ਸਾਈਅਦ ਖਾਨ ਨੇ ਸਿ਼ਰਕਤ ਕੀਤੀ ।
ਮੁਸ਼ਾਇਰਾ ਸ਼ੁਰੂ ਹੋਣ ਤੋਂ ਪਹਿਲਾਂ ਆਏ ਸਭ ਸ਼ਾਇਰਾਂ ਤੇ ਸਰੋਤਿਆਂ ਲਈ
ਸ਼ਾਨਦਾਰ ਭੋਜ ਦਾ ਪ੍ਰਬੰਧ ਕੀਤਾ ਗਿਆ ਸੀ । ਮੁਸ਼ਾਇਰੇ ‘ਚ ਉਰਦੂ ਦੇ
ਸ਼ਾਇਰਾਂ ਅਮਜ਼ਦ ਖਾਨ, ਅਰਸ਼ਦ ਸਈਅਦ, ਮੰਸੂਰ ਸ਼ੇਖ਼, ਤਹਿਮੀਨਾ ਰਾਓ ਤੇ
ਪੰਜਾਬੀ ਦੇ ਸ਼ਾਇਰਾਂ ਰੁਪਿੰਦਰ ਸੋਜ਼, ਸੁਰਿੰਦਰ ਸਿਦਕ, ਗੁਰਿੰਦਰ
ਬਾਦਸਾ਼ਹਪੁਰੀ, ਰਮਨਪ੍ਰੀਤ ਕੌਰ, ਬਲਜੀਤ ਕੌਰ ਮਲਹਾਂਸ ਨੇ ਭਾਗ ਲਿਆ ।
ਐਡੀਲੇਡ ਤੋਂ ਸ਼ਾਇਰ ਤੇ ਫਿਲਮੀ ਗੀਤਕਾਰ ਸ਼ਮੀ ਜਲੰਧਰੀ ਨੇ ਆਪਣੀਆਂ ਗ਼ਜ਼ਲਾਂ
ਨੂੰ ਤਰੰਨਮ ‘ਚ ਪੇਸ਼ ਕੀਤਾ । ਸਿਡਨੀ ਦੇ ਰਾਜਨੀਤਿਕ ਲੀਡਰ ‘ਤੇ ਸ਼ਾਇਰ ਸਈਅਦ
ਖਾਨ ਨੇ ਆਪਣੀਆਂ ਗਜ਼ਲਾਂ ਪੇਸ਼ ਕਰ ਵਾਹ ਵਾਹ ਖੱਟੀ ਤੇ ਮੁੱਖ ਮਹਿਮਾਨ
ਸ਼ਾਇਰਾ ਨੋਸ਼ੀ ਗਿਲਾਨੀ ਨੇ ਆਪਣੀ ਸ਼ਾਇਰੀ ਨਾਲ਼ ਮੁਸ਼ਾਇਰੇ ਨੂੰ ਸਿਖ਼ਰ ‘ਤੇ
ਪਹੁੰਚਾ ਦਿੱਤਾ ।
ਸ਼ਾਇਰੋ-ਸ਼ਾਇਰੀ ਦੇ ਨਾਲ਼ ਸਟੇਜ ਦਾ ਸੰਚਾਲਨ ਬਸ਼ਾਰਤ ਸਮੀ ਦੁਆਰਾ ਕੀਤਾ
ਗਿਆ ਤੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਤੇ ਅਹਿਮਦੀਆ ਭਾਈਚਾਰੇ ਦੇ ਸਰੋਤਿਆਂ
ਦਾ ਪ੍ਰੋਗਰਾਮ ‘ਚ ਭਾਗ ਲੈਣ ਲਈ ਧੰਨਵਾਦ ਕੀਤਾ । ਪ੍ਰੋਗਰਾਮ ਦੇ ਦੌਰਾਨ
ਸ਼ਾਇਰ ਸ਼ਮੀ ਜਲੰਧਰੀ ਦੁਆਰਾ ਰਚਿਤ ਤੇ ਯਾਕੂਬ ਦੁਆਰਾ ਗਾਏ ਸੂਫ਼ੀ ਰੰਗਤ
ਵਾਲੇ ਗੀਤਾਂ ਦੀ ਸੀ.ਡੀ. “ਸ਼ੁਕਰ ਏ ਖੁਦਾ” ਵੀ ਰਿਲੀਜ਼ ਕੀਤੀ ਗਈ । ਉਰਦੂ
ਤੇ ਪੰਜਾਬੀ ਦੇ ਰੰਗਾਂ ‘ਚ ਰੰਗਿਆ ਇਹ ਮੁਸ਼ਾਇਰਾ ਅਗਲੇ ਸਾਲ ਮੁੜ ਮਿਲਣ ਦੇ
ਅਹਿਦ ਨਾਲ਼ ਕਾਮਯਾਬੀ ਦੇ ਝੰਡੇ ਗੱਡਦਾ ਹੋਇਆ ਸਮਾਪਤ ਹੋਇਆ ।
Rishi Gulati
+61 433 442 722