ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਨਵੰਬਰ 2017 ਦਿਨ
ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ
ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ
ਹੋਈ। ਜਨਰਲ ਸਕੱਤਰ ਨੇ ਹਾਜ਼ਰੀਨ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ
ਵਧਾਈ ਦਿੱਤੀ।
ਜਤਿੰਦਰ (ਸੱਨੀ) ਸਵੈਚ ਨੇ ਅਪਣੀਆਂ ਦੋ ਕਵਿਤਾਵਾਂ ਸੁਣਾ ਕੇ ਵਧੀਆ
ਵਾਹ-ਵਾਹ ਲੈ ਲਈ –
“ਅਪਣੇ ਔਗੁਣ ਰੋਜ਼ ਛੁਪਾਈਏ ਪਾ ਪਰਦੇ,
ਦੂਜਿਆਂ ਬਾਰੇ ਦਰ ਦਰ ਜਾ ਕੇ ਬੋਲਿਆ ਜਾਂਦਾ ਏ।
ਪਾਕਿ ਮੁਹੱਬਤ ਉੱਡ ਗਈ ਕਿਧਰੇ ਖੰਭ ਲਾ ਕੇ,
ਅੱਜਕਲ੍ਹ ਇਸ਼ਕ ਸ਼ਰੀਰਾਂ ਦੇ ਨਾਲ ਤੋਲਿਆ ਜਾਂਦਾ ਏ”
ਰਫ਼ੀ ਅਹਮਦ ਹੋਰਾਂ ਅਪਣੇ ਖ਼ਾਸ ਅੰਦਾਜ਼ ‘ਚ “ਆਈਡਿਯਲ” ਦੇ ਉਨਵਾਨ ਤੇ
ਲਿਖਿਆ ਅਪਣਾ ਉਰਦੂ ਲੇਖ ਸੁਣਾ ਕੇ ਸ਼ਲਾਘਾ ਖੱਟੀ।
ਜਸਵੰਤ ਸੇਖੋਂ ਹੋਰਾਂ ਅਪਣੀ ਖਣਕਦੀ ਅਵਾਜ਼ ਵਿੱਚ ਅਪਣੀ ਕਵਿਤਾ ਗਾਕੇ ਗੁਰੂ
ਨਾਨਕ ਦੇਵ ਜੀ ਨੂੰ ਯਾਦ ਕੀਤਾ।
ਬੀਬੀ ਰਾਜਿੰਦਰ ਕੌਰ ਚੋਹਕਾ ਹੋਰਾਂ ਗੁਰੂ ਨਾਨਕ ਜੀ ਦੀ ਬਾਣੀ ਵਿੱਚ
ਇਸਤਰੀ ਦੇ ਉੱਚੇ ਰੁਤਬੇ ਦੀ ਗੱਲ ਕੀਤੀ। ਉਹਨਾਂ ਅੱਜ ਦੇ ਹਾਲਾਤ ਤੇ ਚਰਚਾ
ਕਰਦਿਆਂ ਮਾਤਾ ਪਿਤਾ ਦੀ ਮੌਤ ਬਾਦ ਪੁਤਰਾਂ ਵਿਚ ਪਈ ਵੰਡ ਅਤੇ ਬੇਟੀ ਦੇ
ਨਾਲ ਹੁੰਦੇ ਧੱਕੇ ਨੂੰ ਦਰਸਾਂਦੀ ਵੀਰ ਸਿੰਘ’ ਦੀ ‘ਉਤਮ ਕਵਿਤਾ ਪੜ੍ਹੀ –
“ਪਈ ਕੋੜਮੇਂ ਦੀ ਵੰਡ, ਕੀਤੀ ਵੇਹੜੇ ਵਿਚ ਕੰਧ
ਕੋਈ ਟੂੰਬਾਂ ਕੋਈ ਬਾਪੂ ਦੀ ਬੰਦੂਕ ਲੈ ਗਿਆ
ਮੇਰੇ ਹਿੱਸੇ ਵਿਚ ਬੇਬੇ ਦਾ ਸੰਦੂਕ ਰਹਿ ਗਿਆ”
ਜਸਵੀਰ ਸਿੰਘ ਸਿਹੋਤਾ ਹੋਰਾਂ ਦੀ ਕਵਿਤਾ “ਗਰਜਾਂ” ਕੁਝ ਸਾਫ਼ ਜੇਹੀ ਗੱਲ
ਕਰ ਗਈ –
“ਗਰਜਾਂ ਮਾਰੇ ਲੋਕ ਨੇ ਸਾਰੇ, ਲੋੜ ਨਹੀਂ ਤਲੀਆਂ ਚੱਟਣ ਦੀ
ਤੂੰ ਵੀ ਆਪਣਾ ਵਕਤ ਵਿਚਾਰ, ਲੋੜ ਨਹੀਂ ਜੱਸ ਖੱਟਣ ਦੀ”
ਸੁਖਵਿੰਦਰ ਤੂਰ ਹੋਰਾਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਲਿਖੀ ਗ਼ਜ਼ਲ
ਬਾ-ਤਰੱਨੁਮ ਗਾਕੇ ਰੋਣਕ ਲਾਈ।
ਮਹਿਕਾਂ ਵਰਗੇ ਪੈਰ ਸੀ ਤੇਰੇ
ਮਿਧ ਗਏ ਕਿਊ ਸਪਣੇ ਮੇਰੇ।
ਭੋਰਾ ਅਰਸ ਨਾ ਕੀਤਾ ਯਾਰਾ
ਤਾਂ ਵੀ ਵੇਖ ਤੂੰ ਸਾਡੇ ਜੇਰੇ।
ਅਹਮਦ ਸ਼ਕੀਲ “ਅਹਮਦ” ਚੁਗ਼ਤਈ ਨੇ ਅਪਣੀ ਇਕ ਸੰਜੀਦਾ ਅਤੇ ਇਕ ਮਜ਼ਾਹੀਆ
ਗ਼ਜ਼ਲ ਨਾਲ ਖ਼ੂਬ ਦਾਦ ਲੁੱਟੀ –
“ਦਿਲ ਦਾ ਹਾਲ ਵੀ ਕਹਿ ਨਹੀਂ ਹੁੰਦਾ, ਹੁਣ ਇਹ ਮੈਥੋਂ ਸਹਿ ਨਹੀਂ
ਹੁੰਦਾ
ਸਿਰ ਤੇ ਚੜ੍ਹ ਗਈ ਦੁਨੀਆਂਦਾਰੀ, ਰੱਬ ਦਾ ਨਾਂ ਵੀ ਲੈ ਨਹੀਂ ਹੁੰਦਾ”
ਡਾ. ਮਨਮੋਹਨ ਬਾਠ ਹੋਰਾਂ “ਸਤਗੁਰ ਨਾਨਕ ਆਜਾ ਸੰਗਤ ਪਈ ਪੁਕਾਰ ਦੀ”
ਬਹੁਤ ਹੀ ਪਿਆਰ ਨਾਲ ਗਾਕੇ ਗੁਰਪੁਰਬ ਦੀ ਵਧਾਈ ਦਿੱਤੀ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕਰਕੇ
ਵਾਹ-ਵਾਹ ਲਈ –
“ਓਲਝਿਆ ਹੈ ਫੇਰ ਧੰਦਾ ਹਿੰਦ ਅੰਦਰ ਧਰਮ ਦਾ----
ਇਸ ਤੋਂ ਉਪਰੰਤ ਉਹਨਾਂ ਨੇ ਪਰਸਿਧ ਉਰਦੂ ਸ਼ਾਇਰ ਮਹੰਮਦ ਇਕਬਾਲ ਦੀ ਗੁਰੂ
ਨਾਨਕ ਦੇਵ ਜੀ ਬਾਰੇ ਗਜ਼ਲ ਪੜ੍ਹੀ---
ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦੁੇ ਕਾਮਲ ਨੇ ਜਗਾਯਾ ਖਾਬ ਸੇ।
ਹਰਦਿਆਲ ਸਿੰਘ ਹੈਪੀ ਮਾਨ ਹੋਰਾਂ ਕਿਹਾ ਕੇ ਸਦੀਆਂ ਪਹਲੋਂ ਇਕ Faith
(ਫੇਥ) ਸਿਸਟਮ ਸੀ ਜਿਸ ਵਿਚ ਜੀਵਨ ਰਹਿਤ/ਮਰਯਾਦਾ ਦਿੱਤੀ ਗਈ ਸੀ ਪਰ ਲੋਕ
ਉਸਨੂੰ ਇਕ Organized (ਸੰਗਠਤ) ਧਰਮ ਬਣਾਕੇ ਉਸ ਵਿਚ ਜੀਣ ਲਗ ਪਏ। ਅੱਜ
ਦਾ ਮਨੁੱਖ ਇਸੇ ਦੇ ਸਿੱਟੇ ਭੁਗਤ ਰਿਹਾ ਹੈ। ਜਦ ਤਕ ਤੁਸੀਂ Priest (ਭਾਈ
ਜੀ, ਪੰਡਿਤ, ਮੌਲਵੀ, ਪਾਦਰੀ) ਵਿੱਚੋਂ ਰੱਬ ਲੱਭਣਾ ਤੇ Public servant
(ਰਾਜਨੇਤਾ, ਮੰਤਰੀ ਵਗੈਰ੍ਹਾ) ਵਿੱਚੋਂ ਰਾਜਾ ਲੱਭਣਾ ਬਂਦ ਨਹੀਂ ਕਰਦੇ,
ਇੱਕੀਵੀਂ ਸਦੀ ਦਿਆਂ ਸਮਸਿਆਵਾਂ ਦਾ ਹਲ ਨਹੀਂ ਲੱਭਣਾ।
ਰਣਜੀਤ ਸਿੰਘ ਮਿਨਹਾਸ ਹੋਰਾਂ ਅਪਣੀ ਇਸ ਕਵਿਤਾ ਰਾਹੀਂ ਗੁਰਪੁਰਬ ਦੀ ਵਧਾਈ
ਦਿੱਤੀ –
“ਚਾਹ ਛਿਲੜਾਂ ਲਈ ਰੱਬ ਦੇ ਤੂੰ ਥੱਪੜ ਮਾਰੇ
ਜਿਹਦੇ ਉੱਤੋਂ ਸੱਪ ਵੀ ਜਾਂਦੇ ਬਲਿਹਾਰੇ
ਰੂਪ ਰੱਬ ਦਾ, ਆਮ ਜਿਹਾ ਇੰਨਸਾਨ ਬਣਾਇਆ
ਕੁੱਲ ਦੁਨੀਆਂ ਨੂੰ ਤਾਰਨੇ ਲਈ ਨਾਨਕ ਆਇਆ”
ਰਵੀ ਜਨਾਗਲ ਹੋਰਾਂ ਨੇ ਸੰਤਰਾਮ ਓਦਾਸੀ ਦਾ ਗੀਤ ਬਾ-ਤਰੱਨੁਮ ਗਾਕੇ
ਤਾੜੀਆਂ ਲਈਆਂ।
ਜਗਦੀਸ਼ ਚੋਹਕਾ ਹੋਰਾਂ ਗੁਰੂ ਨਾਨਕ ਦੇ ਫਲਸਫੇ ਦੀ ਚਰਚਾ ਕਰਦਿਆਂ ਕਿਹਾ
ਕਿ ਮਹਾਨ ਚਿੰਤਕ, ਸੱਚੇ ਮਨੁੱਖ, ਤਰਕਸ਼ੀਲ ਸਾਹਿਤਕਾਰ, ਕਿਰਤ ਦੀ ਮੰਗ ਕਰਨ
ਵਾਲੇ, ਵੰਡ ਕੇ ਛੱਕਣ ਤੇ ਅਮਲ ਕਰਨ ਵਾਲੇ ਗੁਰੂ ਨਾਨਕ ਵਲੋਂ ਸੰਸਾਰ ਅੰਦਰ
ਕਿਰਤੀ ਵਰਗ ਦੀ ਰਾਖੀ ਲਈ ਜੋ ਹੋਕਾ ਦਿੱਤਾ ਗਿਆ, ਉਸਨੂੰ ਲਾਗੂ ਕਰਨ ਲਈ
ਲੋਟੂ-ਸਮਾਜ ਦੇ ਖਾਤਮੇ ਲਈ ਸੰਘਰਸ਼ਸ਼ੀਲ ਬਣੀਏ, ਇਹੋ ਹੀ ਓਹਨਾਂ ਨੂੰ ਯਾਦ
ਕਰਨ ਦਾ ਸਹੀ ਤਰੀਕਾ ਹੈ।
ਜਗਜੀਤ ਸਿੰਘ ਰਾਹਸੀ ਹੋਰਾਂ ਉਰਦੂ ਸ਼ਾਇਰਾਂ ਦੇ ਚੁਣਵੇਂ ਉਰਦੂ ਸ਼ੇਅ’ਰਾਂ
ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਈ –
“ਅਜ਼ੀਜ਼ ਇਤਨਾ ਹੀ ਰਖੋ ਕਿ ਜੀ ਬਹਿਲ ਜਾਏ
ਅਬ ਇਸ ਕਦਰ ਭੀ ਨਾ ਚਾਹੋ ਕਿ ਦੱਮ ਨਿਕਲ ਜਾਏ”।
ਤਰਲੋਕ ਸਿੰਘ ਚੁਗ਼ ਹੋਰਾਂ ਤੋਂ ਸ਼ਾਨਦਾਰ ਚੁਟਕੁਲੇ ਸੁਣਦੇ ਹੋਏ
ਹੱਸਦੇ-ਹੱਸਾਉਂਦੇ ਹੋਏ ਅੱਜ ਦੀ ਸਭਾ ਦਾ ਸਮਾਪਨ ਹੋਇਆ।
ਜਸਬੀਰ ਚਾਹਲ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ
ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ
ਦੀ ਅਗਲੀ ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ
ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ,
ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ
ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ
ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ
ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ
ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ
ਤਰੱਕੀ, ਪਰਚਾਰ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 2 ਦਸੰਬਰ 2017 ਨੂੰ 2.00 ਤੋਂ
5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ।
ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ
ਤੇ ਰੰਗ-ਬਰੰਗੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ
(ਪ੍ਰਧਾਨ) ਨਾਲ 403-285-5609 ਜਾਂ 403-870-5609 ਅਤੇ ਸਕੱਤਰ (ਜੱਸ)
ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ
Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ
ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।