ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 5 ਜੁਲਾਈ 2014 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ, ਸੁਰਜੀਤ ਸਿੰਘ ਸੀਤਲ ‘ਪਨੂੰ’ ਅਤੇ ਬੀਬੀ
ਸੁਰਿੰਦਰ ਗੀਤ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ।
ਜਨਰਲ ਸਕੱਤਰ ਜੱਸ ਚਾਹਲ ਨੇ ਪ੍ਰਭਦੇਵ ਸਿੰਘ ਗਿਲ ਹੋਰਾਂ ਦਾ ਧੰਨਵਾਦ
ਕੀਤਾ ਜਿਹਨਾਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਇ.ਆਰ.ਐਸ.ਸੈਨੀ
ਹੋਰਾਂ ਨੂੰ ਸੱਦਾ ਦਿੱਤਾ, ਜਿਹਨਾਂ ਕੀ-ਬੋਰਡ ਤੇ ਸੁਰਿੰਦਰ ਗੀਤ ਦੀ ਇਕ ਗ਼ਜ਼ਲ
ਗਾ ਕੇ ਸਭਾ ਦੀ ਸ਼ੁਰੂਆਤ ਕੀਤੀ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦਸਿਆ ਕਿ ਜਦ ਉਹਨਾਂ ਨੇਸ਼ਨਲ ਐਨਥਮ “O
Canada” ਦਾ ਪੰਜਾਬੀ ਅਨੁਵਾਦ ਕੀਤਾ ਸੀ ਤਾਂ ਇਸਦਾ ਉਦਘਾਟਨ ਐਮ.ਪੀ. ਦੀਪਕ
ਔਬਰਾਏ ਵਲੋਂ 2003 ਵਿੱਚ ਕੀਤਾ ਗਿਆ ਸੀ ਅਤੇ ਹੁਣ ਇਹ ਕੈਨੇਡਾ ਪਾਰਲੀਆਮੈਂਟ,
ਅਲਬਰਟਾ ਲੈਜਿਸਲੇਚਰ ਅਤੇ ਕੈਲਗਰੀ ਸਿਟੀ ਹਾਲ ਦੇ ਰਿਕਾਰਡਾਂ (Archives)
ਵਿੱਚ ਮੌਜੂਦ ਹੈ। ਇਸ ਪੰਜਾਬੀ ਅਨੁਵਾਦ ਨੂੰ ਕੈਲਗਰੀ ਦੇ ਪੰਜਾਬੀ ਤੋਂ ਅਨਜਾਣ
ਕਨੇਡਿਅਨ ਬੱਚਿਆਂ ਨੇ ਗਾਇਆ ਜਿਸਦੀ ਰਿਕਾਰਡਿਂਗ ਹਾਜ਼ਰੀਨ ਨੇ ਖੜੇ ਹੋਕੇ ਪੂਰੇ
ਸਤਿਕਾਰ ਨਾਲ ਸੁਣੀ।
ਬੀਬੀ ਰਜਿੰਦਰ ਕੋਰ ਚੋਹਕਾ ਨੇ ਚੋਣਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ
ਨਵੀਂ ਚੁਣੀ ਗਈ ਭਾਰਤ ਸਰਕਾਰ ਅਸਲ ਵਿੱਚ ਅਮੀਰਾਂ ਲਈ ਬਣੀ ਅਮੀਰਾਂ ਦੀ ਸਰਕਾਰ
ਹੈ। ਅਚਰਜ ਭਰੇ ਆਂਕੜਿਆਂ ਦਾ ਵੇਰਵਾ ਦੇਕੇ ਉਹਨਾਂ ਦਰਸਾਇਆ ਕਿ ਨਵੀਂ ਸਰਕਾਰ
ਵਿੱਚ ਭਾਰੀ ਗਿਣਤੀ ਉਹਨਾਂ ਐਮ.ਪੀ. ਦੀ ਹੈ ਜੋ ਕਰੋੜਪਤੀ ਹਨ।
ਕਰਾਰ ਬੁਖਾਰੀ ਨੇ ਅਪਣੀ ਉਰਦੂ ਗ਼ਜ਼ਲ ਪੜ੍ਹਕੇ ਵਾਹ-ਵਾਹ ਲੈ ਲਈ –
‘ਗਰਦਿਸ਼ੋਂ ਨੇ ਜਿਸੇ ਉਬਾਰਾ ਹੈ
ਵੋ ਜਹਾਂ ਡੂਬੇ ਵਹੀਂ ਕਿਨਾਰਾ ਹੈ।
ਤਬ ਮਜ਼ਾ ਹੈ ਕਿ ਯੇ ਸਦਾ ਆਏ
ਵੋ ਯੇ ਕਹਦੇਂ ਕਿ ਯੇ ਹਮਾਰਾ ਹੈ’
ਸੁਰਜੀਤ ਸਿੰਘ ਸੀਤਲ ‘ਪਨੂੰ’ ਹੋਰਾਂ ਅਪਣੀਆਂ ਕੁਝ ਰੁਬਾਇਆਂ ਸੁਣਾਇਆਂ
ਅਤੇ ‘ਮਨਜ਼ੂਰ’ ਦੀ ਇਹ ਗ਼ਜ਼ਲ ਸਾਂਝੀ ਕਰਕੇ ਤਾੜੀਆਂ ਲਈਆਂ –
‘ਮੈਂ ਜਲਿਆ ਹੋਇਆ ਨਹੀਂ ਜਲਾਇਆ ਗਿਆ ਹਾਂ
ਰਕੀਬਾਂ ਦੇ ਹਥੀਂ ਬੁਲਾਇਆ ਗਿਆ ਹਾਂ।
ਕਦੇ ਜ਼ਿੰਦਗੀ ਦੇ ਗ਼ਲਤ ਹਰਫ਼ ਵਾੰਗਰ
ਮੈਂ ਲਿਖਿਆ ਗਿਆ ਸਾਂ, ਮਿਟਾਇਆ ਗਿਆ ਹਾਂ’
ਗੁਰਬਚਨ ਸਿੰਘ ਬਰਾੜ ਹੋਰਾਂ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਉਂਦੇ ਹੋਏ
ਸਾਰਿਆਂ ਸਾਹਿਤ ਸਭਾਵਾਂ ਨੂੰ ਅਪਣੇ-ਅਪਣੇ ਤਰੀਕੇ ਨਾਲ ਸਾਹਿਤ ਉਸਾਰੀ ਦਾ
ਉੱਦਮ ਕਰਨ ਲਈ ਵਧਾਈ ਦਿੱਤੀ।
ਬੀਬੀ ਮਨਜੀਤ ਕੰਡਾ ਨੇ ਕੀ-ਬੋਰਡ ਦੀ ਮਦਦ ਨਾਲ ਤਰੱਨਮ ਵਿੱਚ ਅਪਣੀ ਗ਼ਜ਼ਲ
ਗਾ ਕੇ ਤਾੜੀਆਂ ਲਈਆਂ।
ਹਰਨੇਕ ਸਿੰਘ ‘ਬੱਧਨੀ’ ਹੋਰਾਂ ਪੰਜਾਬ ਵਿੱਚ ਨਸ਼ਿਆਂ ਬਾਰੇ ਲਿਖੀ ਇਸ ਗ਼ਜ਼ਲ
ਨਾਲ ਸਮਾਜ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ –
‘ਸਮਝੀ ਬੈਠਾ ਐਂ ਜਿਹਨਾਂ ਨੂੰ, ਅਪਣੇ ਦਿਲ ਦੇ ਸਭ ਤੋਂ ਨੇੜੇ
ਆਈ ਮੁਸੀਬਤ ਤਾਂ ਇਹਨਾ ਅਮਲੀ ਬਟੇਰਿਆਂ ਹੋ ਤਿੱਤਰ ਜਾਣਾ’
ਰਣਜੀਤ ਸਿੰਘ ਮਿਨਹਾਸ ਨੇ ਅਮਲਿਆਂ ਤੇ ਲਿਖੀ ਅਪਣੀ ਹਾਸ-ਰਸ ਕਵਿਤਾ ਨਾਲ
ਤਾੜੀਆਂ ਲੈ ਲਈਆਂ।
ਹਰਭਜਨ ਸਿੰਘ ਚੇਰਾ ਹੋਰਾਂ ਅਪਣੀ ਕਿਤਾਬ ‘ਮੈਂ ਦੇਵ ਨਹੀਂ ਇੰਨਸਾਨ ਹਾਂ’
ਵਿੱਚੋਂ ਇਹ ਗ਼ਜ਼ਲ ਪੜ੍ਹਕੇ ਵਾਹ-ਵਾਹ ਲੈ ਲਈ –
‘ਵਹਾਅ ਜ਼ਿੰਦਗੀ ਦਾ ਜੋ ਵਹਿਂਦਾ ਗਿਆ
ਮੈਂ ਉਸ ਦੇ ਤਸ਼ੱਦਦ ਸਹਿਂਦਾ ਗਿਆ।
ਝੱਖੜ ਸਮਾਜੀ ਵੀ ਆਏ ਬਥੇਰੇ
ਚਲਾ ਚਲ, ਚਲਾ ਚਲ ਮੈਂ ਕਹਿਂਦਾ ਗਿਆ’
ਰਫ਼ੀ ਅਹਮਦ ਨੇ ਅਪਣੀ ਉਰਦੂ ਰੋਮਾੰਟਿਕ ਕਹਾਣੀ “ਆਗ ਕਾ ਖੇਲ” ਸੁਣਾਕੇ ਖ਼ੁਸ਼
ਕਰ ਦਿੱਤਾ।
ਬੀਬੀ ਗੁਰਮੀਤ ਸਰਪਾਲ ਹੋਰਾਂ ਰਾਇਲ ਵੁਮੇਨ ਕਲਚਰਲ ਅਸੋਸੀਏਸ਼ਨ ਵਲੋਂ ਪਰਿਵਾਰਕ
ਸੁਖ-ਸ਼ਾੰਤੀ ਹਿਤ 20 ਜੁਲਾਈ ਨੂੰ ਫਾਲਕਨਰਿਜ਼ ਕਮਊਨਿਟੀ ਸੈਂਟਰ ਵਿੱਚ 4 ਵਜੇ
ਤੋਂ ਕਰਵਾਏ ਜਾ ਰਹੇ ਵਿਚਾਰ ਵਟਾਂਦਰੇ ਦੇ ਇਵੇਂਟ ਵਿੱਚ ਆਕੇ ਸ਼ਮੂਲਿਯਤ ਕਰਨ
ਲਈ ਸਭ ਨੂੰ ਸੱਦਾ ਦਿੱਤਾ।
ਬੀਬੀ ਸੁਰਿੰਦਰ ਗੀਤ ਹੋਰਾਂ ਇਸ ਖ਼ੂਬਸੂਰਤ ਗੀਤ ਨਾਲ ਖ਼ੁਸ਼ ਕਰ ਦਿੱਤਾ –
‘ਨਾ ਜਿੰਦੇ ਮੈਂ ਕਰਮ ਕਮਾਇਆ, ਨਾ ਹੀ ਧਰਮ ਨਿਭਾਇਆ
ਅਪਣਾ ਚੇਹਰਾ ਤੱਕ ਸ਼ੀਸ਼ੇ ਵਿੱਚ, ਥਰ ਥਰ ਕੰਬੀ ਜਾਵਾਂ
ਰਾਤ ਦਿਨੇ ਮੈਂ ਭੱਜੀ ਫਿਰਦੀ, ਪਰ ਉਹ ਹੱਥ ਨਾ ਆਉਂਦਾ
ਟਿਚਰਾਂ ਕਰਦਾ ਫਿਰਦਾ ਮੈਨੂੰ, ਮੇਰਾ ਹੀ ਪਰਛਾਵਾਂ’
ਜੱਸ ਚਾਹਲ ਨੇ ਅਪਣੀ ਇਹ ਹਿੰਦੀ ਗ਼ਜ਼ਲ ਪੜ੍ਹਕੇ ਤਾੜੀਆਂ ਲਈਆਂ –
‘ਇਸ਼ਕ ਹੈ ਜਿਨਸੇ ਜਵਾੰ, ਜੋ ਹੁਸਨ ਕੀ ਮਿਸਾਲੋਂ ਮੇਂ
ਉਲਝੇ - ਉਲਝੇ ਸੇ ਆਜ ਬੈਠੇ ਹੈਂ ਖ਼ਯਾਲੋਂ ਮੇਂ’
ਬੀਬੀ ਗੁਰਚਰਨ ਕੌਰ ਥਿੰਦ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਨੇੜ ਭਵਿੱਖ ਵਿੱਚ
ਕਿਤੇ ਪੰਜਾਬੀ ਬੋਲੀ ਮਰ ਹੀ ਨਾ ਜਾਵੇ। ਇਸ ਨੂੰ ਬਚਾਉਣ ਲਈ ਸਾਨੂੰ ਹੁਣ ਸਹੀ
ਉਪਰਾਲੇ ਕਰਨ ਦੀ ਲੋੜ ਹੈ।
ਜਗਜੀਤ ਸਿੰਘ ਰਾਹਸੀ ਨੇ ਹਮੇਸ਼ਾ ਦੀ ਤਰਾਂ ਉਰਦੂ ਦੇ ਕੁਝ ਸ਼ੇਅਰ ਸੁਣਾਏ
ਅਤੇ ਇਕ ਹਿੰਦੀ ਗੀਤ ਤਰੱਨਮ ਵਿੱਚ ਗਾਕੇ ਤਾੜੀਆਂ ਲਈਆਂ –
‘ਕੈਸੀ ਯੇ ਚਲੀ ਹੈ ਹਵਾ ਤੇਰੇ ਸ਼ਹਰ ਮੇਂ
ਬੰਦੇ ਭੀ ਹੋ ਗਏ ਹੈਂ ਖ਼ੁਦਾ ਤੇਰੇ ਸ਼ਹਰ ਮੇਂ’
ਜਗਦੀਸ਼ ਸਿੰਘ ਚੋਹਕਾ ਨੇ ਇਸ ਗੱਲ ਤੇ ਸਹਿਮਤੀ ਜ਼ਾਹਿਰ ਕੀਤੀ ਕਿ ਸਾਹਿਤ
ਸਭਾਵਾਂ ਵਿੱਚ ਰਾਜਨੀਤੀ ਬਾਰੇ ਚਰਚਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ
ਵੀ ਰਾਜਨੇਤਾ ਬਾਰੇ ਕੋਈ ਵੀ ਮਾੜੀ ਗੱਲ ਕਰਨੀ ਚਾਹੀਦੀ ਹੈ।
ਸੁਖਵਿੰਦਰ ਤੂਰ ਹੋਰਾਂ ਇਕ ਹਿੰਦੀ ਫਿਲਮੀ ਗੀਤ ਗਾਕੇ ਸਮਾਂ ਬਨ੍ਹ ਦਿੱਤਾ।
ਹਰਬਖਸ਼ ਸਿੰਘ ਸਰੋਆ ਹੋਰਾਂ ਵਿਜ਼ਨ ਟੈਲੀਵੀਜ਼ਨ ਦੇ ਟੋਰਾਂਟੋ ਗੁਰਬਾਣੀ
ਪ੍ਰੋਗ੍ਰਾਮ ਦੇ ਹੋਸਟ ਸ. ਰਘਬੀਰ ਸਿੰਘ ਸਮੱਘ ਦੀ ਮੌਤ ਦੀ ਦੁਖਦਾਈ ਖ਼ਬਰ
ਸਾਂਝੀ ਕੀਤੀ। ਸਭਾ ਵਲੋਂ ਇਕ ਮਿਨਟ ਦਾ ਮੌਨ ਰਖਕੇ ਵਿਛੜੀ ਰੂਹ ਨੂੰ
ਸ਼ਰਧਾੰਜਲੀ ਅਰਪਨ ਕੀਤੀ ਗਈ।
ਡਾ. ਮਨਮੋਹਨ ਬਾਠ ਹੋਰਾਂ ਦੇ ਪੂਰੀ ਤਰੱਨਮ ਵਿੱਚ ਗਾਏ ਇਕ ਹਿੰਦੀ ਫਿਲਮੀ
ਗੀਤ ਨਾਲ ਅੱਜ ਦੀ ਸਭਾ ਦੀ ਸਮਾਪਤੀ ਕੀਤੀ ਗਈ।
ਇਹਨਾਂ ਤੋਂ ਇਲਾਵਾ ਕੇ.ਐਨ.ਮਹਰੋਤਰਾ, ਮੋਹਨ ਸਿੰਘ ਮਿਨਹਾਸ, ਜਗੀਰ ਸਿੰਘ
ਘੁੱਮਨ, ਜਰਨੈਲ ਸਿੰਘ ਤੱਗੜ ਅਤੇ ਜੇ. ਬਸੋਤਾ ਹੋਰਾਂ ਵੀ ਸਭਾ ਦੀ ਰੌਣਕ
ਵਧਾਈ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ
ਗਿਆ ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ / ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ
ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਦਾ ਰਾਜ਼ ਹੈ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 2 ਅਗਸਤ ਨੂੰ 2014 ਨੂੰ 2.00 ਤੋਂ 5.00 ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609 ਤੇ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128
ਤੇ ਸੰਪਰਕ ਕਰ ਸਕਦੇ ਹੋ।