ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ੫ ਅਪ੍ਰੈਲ ੨੦੧੪ ਦਿਨ
ਸ਼ਨਿੱਚਰਵਾਰ ੨-੦੦ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਸੁਰਜੀਤ
ਸਿੰਘ ਸੀਤਲ 'ਪੰਨੂੰ' ਹੋਰਾਂ ਨੂੰ ਸਭਾ ਦੀ ਪ੍ਰਧਾਨਗੀ ਕਰਨ ਦੀ ਬੇਨਤੀ ਕੀਤੀ।
ਜੱਸ ਚਾਹਲ ਨੇ ਸਾਕਾ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਪਲਾਹਾ ਹੋਰਾਂ ਦੇ ਬੇਟੇ
ਜਗਰੂਪ ਸਿੰਘ ਦੀ ਅਚਾਨਕ ਮੌਤ ਦੀ ਦੁਖਦਾਈ ਖ਼ਬਰ ਸਾਂਝੀ ਕਰਦਿਆਂ, ਪਲਾਹਾ
ਪਰਿਵਾਰ ਅਤੇ ਰਫ਼ੀ ਅਹਮਦ ਹੋਰਾਂ ਦੀ ਬੇਗ਼ਮ ਦੇ ਗੁਜ਼ਰਨ ਤੇ ਅਹਮਦ ਪਰਿਵਾਰ ਲਈ,
ਬੇਹੱਦ ਅਫ਼ਸੋਸ ਜ਼ਾਹਿਰ ਕੀਤਾ ਅਤੇ ਇਹ ਵੀ ਕਿਹਾ ਕਿ –
‘ਮੇਰੇ ਸਾਥ ਤੁਮ ਭੀ ਦੁਆ ਕਰੋ, ਯੂੰ ਕਿਸੀ ਕੇ ਹੱਕ ਮੇਂ ਬੁਰਾ ਨਾ ਹੋ,
ਕਹੀਂ ਔਰ ਹੋ ਨਾ ਯੇ ਹਾਦਸਾ, ਕੋਈ ਰਾਸਤੇ ਮੇਂ ਜੁਦਾ ਨਾ ਹੋ’
ਇਸ ਉਪਰੰਤ ਸਭਾ ਨੇ ਇਕ ਮਿਨਟ ਦਾ ਮੌਨ ਰਖਕੇ ਵਿਛੜੀਆਂ ਰੂਹਾਂ ਦੀ ਸ਼ਾਂਤੀ
ਲਈ ਅਤੇ ਦੋਵਾਂ ਪਰਿਵਾਰਾਂ ਨੂੰ ਇਸ ਵਿਛੋੜੇ ਦੇ ਸਹਿਣ ਲਈ ਆਤਮਕ ਹੌਸਲਾ ਦੇਣ
ਲਈ ਪ੍ਰਾਰਥਨਾ ਕੀਤੀ।
ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਬੀਬੀ ਨਿਰਮਲ
ਮਨਜੀਤ ਨੂੰ ਅਪਣੀ ਰਚਨਾ ਨਾਲ ਅੱਜ ਦਾ ਸਾਹਿਤਕ ਦੌਰ ਸ਼ੁਰੂ ਕਰਨ ਦਾ ਸੱਦਾ
ਦਿੱਤਾ, ਜਿਹਨਾਂ ਅਪਣੀਆਂ ਦੋ ਹਿੰਦੀ ਗ਼ਜ਼ਲਾਂ ਨਾਲ ਵਾਹ-ਵਾਹ ਲੈ ਲਈ –
‘ਜ਼ਿੰਦਗੀ ਕੀ ਆਖ਼ਿਰੀ ਸੌਗਾਤ ਆਈ ਹੈ ਜ਼ਰਾ ਹਂਸ ਲੋ, ਜ਼ਰਾ ਹਂਸ ਲੋ
ਮੇਰੇ ਗ਼ਮੋਂ ਕੀ ਬਾਰਾਤ ਆਈ ਹੈ ਜ਼ਰਾ ਹਂਸ ਲੋ, ਜ਼ਰਾ ਹਂਸ ਲੋ’
ਜਗਜੀਤ ਸਿੰਘ ਰਾਹਸੀ ਹੋਰਾਂ ਉਰਦੂ ਦੇ ਕੁਝ ਸ਼ੇਅਰ ਸੁਣਾਏ ਅਤੇ ਨੰਦ ਲਾਲ
ਨੂਰਪੁਰੀ ਦਾ ਲਿਖਿਆ ਪੰਜਾਬੀ ਗੀਤ ਗਾਕੇ ਤਾੜੀਆਂ ਲੈ ਲਈਆਂ।
ਮੋਹਨ ਸਿੰਘ ਮਿਨਹਾਸ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਬਾਰੇ ਅੰਗ੍ਰੇਜ਼ੀ
ਦਾ ਲੇਖ “I am chief minister of Punjab” ਪੜ੍ਹਕੇ ਕੈਰੋਂ ਦੀ ਸ਼ਖਸੀਯਤ
ਦਾ ਇਕ ਸ਼ਾਨਦਾਰ ਪੱਖ ਪੇਸ਼ ਕੀਤਾ।
ਅਮਰੀਕ ਸਿੰਘ ਸਰੋਆ ਨੇ ਅਮਰ ‘ਸੂਫੀ’ ਦੀ ਰਚਨਾ ਸਾਂਝੀ ਕਰਕੇ ਬੁਲਾਰਿਆਂ
ਵਿੱਚ ਹਾਜ਼ਰੀ ਲਵਾਈ –
‘ਸੱਜਣਾ ਮਿਤਰਾਂ ਨੂੰ ਅਜਮਾਕੇ ਵੇਖ ਜ਼ਰਾ
ਇਕ ਵਾਰੀ ਮੁੜ ਧੋਖਾ ਖਾ ਕੇ ਵੇਖ ਜ਼ਰਾ’
ਰਣਜੀਤ ਸਿੰਘ ਮਿਨਹਾਸ ਹੋਰਾਂ ਚੋਣਾਂ ਬਾਰੇ ਲਿਖੇ ਅਪਣੇ ਇਸ ਗੀਤ ਨਾਲ
ਤਾੜੀਆਂ ਖੱਟ ਲਈਆਂ –
‘ਇਕ ਤਮਾਸ਼ਾ ਹੋਵਣ ਵਾਲਾ, ਕੋਈ ਹੱਸੂ ਕੋਈ ਰੋਵਣ ਵਾਲਾ
ਚੋਣ ਕਮੀਸ਼ਨ ਹੱਥ ਡੁਗਡੁਗੀ, ਸਪ ਤੇ ਨਓਲਾ ਲੜਦੇ ਨੇ’
ਰਫ਼ੀ ਅਹਮਦ ਹੋਰਾਂ ਉਰਦੂ ਵਿੱਚ ਲਿਖੇ ਅਪਣੇ ਮਜ਼ਾਹੀਆ ਲੇਖ “ਕੁੱਤੋਂ ਕਾ
ਔਲੰਪਿਕ” ਨਾਲ ਸਰੋਤਿਆਂ ਨੂੰ ਬਹੁਤ ਹਸਾਇਆ।
ਡਾ. ਮਨਮੋਹਨ ਸਿੰਘ ਬਾਠ ਨੇ ਮੁਹੰਮਦ ਰਫ਼ੀ ਦੇ ਹਿੰਦੀ ਫਿਲਮੀ ਗੀਤ ਨੂੰ
ਪੂਰੀ ਤਰੱਨਮ ਵਿੱਚ ਗਾਕੇ ਸਮਾਂ ਬਨ੍ਹ ਦਿੱਤਾ।
ਜਸਵੀਰ ਸਿੰਘ ਸਿਹੋਤਾ ਨੇ ਅਪਣੀ ਕਵਿਤਾ “ਗਭਰੂ ਮੇਰੇ ਦੇਸ਼ ਦਾ” ਰਾਹੀਂ
ਨੌਜਵਾਨਾਂ ਨੂੰ ਅਪਣੇ ਦੇਸ਼ ਲਈ ਕੁਝ ਕਰਨ ਲਈ ਵੰਗਾਰਿਆ –
‘ਗਭਰੂ ਮੇਰੇ ਦੇਸ਼ ਦਾ ਨਹੀਂ ਮੁਲਕ ਅਪਣਾ ਦੇਖਦਾ
ਮੋਹ ਛੱਡਕੇ ਅਪਣੀ ਧਰਤੀ ਦਾ ਨਿੱਘ ਪਰਾਯਾ ਸੇਕਦਾ’
ਜੱਸ ਚਾਹਲ ਨੇ ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਲਿਖਤ ਗੀਤਾਂ ਦੀ
ਨਵੀਂ ਛਪੀ ਕਿਤਾਬ “ਫੁੱਲਾਂ ਵਾਂਗ ਮਹਿਕ ਵੰਡਦੀ” ਤੇ ਚਰਚਾ ਕਰਦੇ ਹੋਏ ਦੱਸਿਆ
ਕਿ ਇਸ ਕਿਤਾਬ ਵਿੱਚ ਜ਼ਿੰਦਗੀ ਅਤੇ ਸਮਾਜ ਦੇ ਹਰ ਪੱਖ ਨੂੰ ਦਰਸਾਂਦੇ ਹੋਏ ਗੀਤ
ਹਨ। ਇਹ ਗੀਤ ਦਿਲ ਲੁਭਾਵਣੇ ਤਾਂ ਹਨ ਹੀ, ਪਰ ਜਿੱਥੇ ਇਕ ਪਾਸੇ ਇਹ
ਹੁਸਨ-ਇਸ਼ਕ, ਪਿਆਰ-ਮੁਹੱਬਤ, ਰਿਸ਼ਤਿਆਂ ਦੇ ਨਿੱਘ ਦੀ ਗੱਲ ਕਰਦੇ ਹਨ ਤਾਂ ਦੂਜੇ
ਪਾਸੇ ਸਮਾਜ ਦੀਆਂ ਕੁਰੀਤਿਆਂ ਅਤੇ ਨਸ਼ਿਆਂ ਦੀ ਮਾਰ ਵੀ ਵਿਖਾ ਰਹੇ ਹਨ। ਇਕ
ਸੁਲਝੇ ਹੋਏ ਗੀਤਕਾਰ ਵੱਜੋਂ ਸੀਤਲ ਹੋਰੀਂ ਇਸ ਕਿਤਾਬ ਰਾਹੀਂ ਸਮਾਜ ਨੂੰ
ਸੰਵਾਰਨ ਅਤੇ ਮਨੁਖੀ ਰਿਸ਼ਤਿਆਂ ਨੂੰ ਮਿੱਠੇ ਤੇ ਮਜ਼ਬੂਤ ਬਨਾੳਣ ਦਾ ਸੁਨੇਹਾ
ਦੇਣ ਵਿੱਚ ਪੂਰੀ ਤਰਾਂ ਕਾਮਯਾਬ ਰਹੇ ਹਨ।
ਸੁਜੀਤ ਸਿੰਘ ਹੋਰਾਂ ੧੯੫੩ ਵਿੱਚ ਲਿਖਨਾ ਸ਼ੁਰੂ ਕੀਤਾ ਸੀ ਅਤੇ ਹੁਣ ਤਕ
ਕਵਿਤਾ, ਗੀਤ, ਕੁੰਡਲਿਯੇ, ਨਾਵਲ, ਰੁਬਾਈਆਂ ਅਤੇ ਗ਼ਜ਼ਲਾਂ ਲਿਖਕੇ ਪੰਜਾਬੀ
ਸਾਹਿਤ ਵਿੱਚ ਅਪਣਾ ਇਕ ਖ਼ਾਸ ਮੁਕਾਮ ਬਨਾ ਚੁੱਕੇ ਹਨ। ਜੱਸ ਚਾਹਲ ਨੇ ਅੱਜ ਇਸ
ਕਿਤਾਬ ਦੇ ਰੀਲੀਜ਼ ਹੋਣ ਦੀ ਵਧਾਈ ਦਿੰਦੇ ਹੋਏ ਨੇੜ ਭਵਿਖ ਵਿੱਚ 'ਪੰਨੂੰ'
ਹੋਰਾਂ ਦੀ ਕਹਾਣਿਆਂ ਦੀ ਕਿਤਾਬ ਵੇਖਣ ਦੀ ਖ਼ਾਹਿਸ਼ ਜ਼ਾਹਿਰ ਕਰਦਿਆਂ ਇਹ ਸ਼ੇਅਰ
ਕਿਹਾ –
‘ਤੂੰ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ
ਤੇਰੇ ਸਾਮਨੇ ਆਸਮਾਂ ਔਰ ਭੀ ਹੈਂ”
ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਦੱਸਿਆ ਕਿ ਕਿਸ ਤਰਾਂ ਕਵੀ
ਹੱਡ-ਬੀਤੀ ਅਤੇ ਆਸਪਾਸ ਦੇ ਮਹੌਲ ਵਿੱਚ ਦੂਸਰਿਆਂ ਤੇ ਬੀਤੀਆਂ ਘਟਨਾਵਾਂ ਨੂੰ
ਅਪਣੀ ਕਲਪਨਾ ਦੇ ਖ਼ੂਬਸੂਰਤ ਰੰਗਾਂ ਵਿੱਚ ਰੰਗ ਕੇ ਪੇਸ਼ ਕਰਦਾ ਹੈ ਤਾਕਿ
ਪਾਠਕ/ਸਰੋਤੇ ਅਨੰਦ ਦੇ ਨਾਲ-ਨਾਲ ਕੁਝ ਸਬਕ ਵੀ ਲੈ ਸਕਣ। ਇਸ ਉਪਰੰਤ ਅਪਣੀ
“ਫੁੱਲਾਂ ਵਾਂਗ ਮਹਿਕ ਵੰਡਦੀ” ਕਿਤਾਬ ਵਿੱਚੋਂ ਤਿਨ ਗੀਤ ਸਾਂਝੇ ਕਰਕੇ
ਵਾਹ-ਵਾਹ ਬਟੋਰ ਲਈ –
1-‘ਮੇਰੇ ਭਾਗਾਂ ਵਿੱਚ ਨਹੀਂ ਸੀ ਤੇਰਾ ਪਿਆਰ, ਸਜਣਾ ਮੈਂ ਗਿਲਾ ਕੀ
ਕਰਾਂ’
2-‘ਤੂੰ ਏ ਜਦੋਂ ਦਾ ਕਨੇਡਾ ਵਿੱਚ ਆਯਾ, ਲੇਖਾ-ਜੋਖਾ ਕਰ ਮਿਤਰਾ
ਕੀ ਤੂੰ ਖੱਟਿਆ ਤੇ ਕੀ ਹੈ ਗਵਾਯਾ, ਸੱਚੀ ਹਾਮੀ ਭਰ ਮਿਤਰਾ’
3-‘ਤੂੰ ਵੇਖ ਸਜਨਾ ਸਾਡਾ ਜੇਰਾ, ਜਾਹ ਫਿਰ ਤੈਨੂੰ ਮਾਫ ਕਰਤਾ
ਝਲ ਲਏ ਰੋਸੇ ਤੇਰੇ, ਝਲ ਲਈ ਜੁਦਾਈ ਤੇਰੀ
ਜਗੋਂ ਬਾਹਰੀ ਝੱਲੀ ਹੋਰ ਥਾਈਂ ਆਵਾ-ਜਾਈ ਤੇਰੀ
ਢਾਈ ਕੰਧ ਜਾਂ ਤੂੰ ਟੱਪਿਆ ਬਨੇਰਾ, ਜਾ ਫਿਰ..........
ਮੈਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਰਦਾਰ
ਸੁਰਜੀਤ ਸਿੰਘ ਸੀਤਲ ਹੋਰੀਂ ਬਿਨਾ ਕਿਸੇ ਵਿਰੋਧ ਦੇ ਅੱਜ ਪੰਜਾਬੀ ਸਾਹਿਤ ਸਭਾ
ਕੈਲਗਰੀ ਦੇ ਪ੍ਰਧਾਨ ਚੁਣ ਲਏ ਗਯੇ ਹਨ। ਇਸ ਲਈ ਉਹਨਾਂ ਨੂੰ ਵਧਾਈ।
ਇਸ ਉਪਰੰਤ ਜੱਸ ਚਾਹਲ, ਜਸਵੀਰ ਸਿੰਘ ਸਿਹੋਤਾ, ਪਾਲੀ ਸਿੰਘ ਅਤੇ ਰਫ਼ੀ
ਅਹਮੱਦ ਹੋਰਾਂ ਵਲੋਂ ਕਿਤਾਬ ਦੀ ਘੁੰਡ-ਚੁਕਾਈ ਦੀ ਰਸਮ ਹਾਜ਼ਰੀਨ ਦੀ ਤਾੜੀਆਂ
ਦੀ ਗੂੰਜ ਵਿੱਚ ਪੂਰੀ ਕੀਤੀ ਗਈ।
ਪਾਲੀ ਸਿੰਘ ਨੇ ਸੀਤਲ ਹੋਰਾਂ ਨੂੰ ਕਿਤਾਬ ਰੀਲੀਜ਼ ਦੀ ਵਧਾਈ ਦਿਂਦੇ ਹੋਏ
ਅਪਣੀ ਕਵਿਤਾ ਸਾਂਝੀ ਕਰਕੇ ਖ਼ੁਸ਼ ਕੀਤਾ।
ਸੁਖਵਿੰਦਰ ਤੂਰ ਹੋਰਾਂ ਗੁਰਚਰਨ ਹੇਅਰ ਲਿਖਤ ਗੀਤ ਬਹੁਤ ਖ਼ੂਬਸੂਰਤੀ ਨਾਲ ਗਾਕੇ
ਅੱਜ ਦੀ ਸਭਾ ਦਾ ਸਮਾਪਨ ਸ਼ਾਨਦਾਰ ਬਣਾ ਦਿਤਾ -
‘ਤੈਨੂੰ ਦੱਸਾਂ ਕੀ ਮੈਂ ਹਾਲ ਹੋਇਆ ਮੇਰੇ ਸ਼ਹਿਰ ਦਾ’
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ
ਕੀਤਾ ਗਿਆ ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ ਤੇ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ
ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ / ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ
ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 3 ਮਈ 2014 ਨੂੰ 2-੦੦ ਤੋਂ 5-੦੦ ਤਕ ਕੋਸੋ ਦੇ ਹਾਲ
102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609 ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ
403-547-o335 ਤੇ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ
ਸੰਪਰਕ ਕਰ ਸਕਦੇ ਹੋ।