ਪੰਜਾਬੀ ਵਿਭਾਗ, ਕੁਰੂਕੁਸ਼ੇਤਰ ਯੂਨੀਵਰਸਿਟੀ ਕੁਰੂਕੁਸ਼ੇਤਰ ਵੱਲੋਂ
ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਵੈਸੇ ਤਾਂ ਇਹ
ਭਾਸ਼ਣ ਯੂਨੈਸਕੋ ਵੱਲੋਂ ਐਲਾਨੇ ਵਿਸ਼ਵ ਮਾਤ ਭਾਸ਼ਾ ਦਿਵਸ ਜੋ ਕਿ ਹਰ ਸਾਲ 21
ਫ਼ਰਵਰੀ ਨੂੰ ਮਨਾਇਆ ਜਾਂਦਾ ਹੈ, ਨੂੰ ਕਰਵਾਇਆ ਜਾਂਦਾ ਹੈ ਪਰ ਇਸ ਸਾਲ
ਯੂਨੀਵਰਸਿਟੀ ਦੀਆਂ ਕੁਝ ਪਹਿਲਾਂ ਹੀ ਜ਼ਰੂਰੀ ਨਿਸ਼ਚਿਤ ਕਾਰਵਾਈਆਂ ਸਨ ਜਿਸ
ਕਰਕੇ ਇਸ ਨੂੰ ਕੁਝ ਦਿਨ ਬਾਅਦ ਵਿਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਅੱਜ ਦੇ
ਇਸ ਭਾਸ਼ਣ ਦਾ ਵਿਸ਼ਾ ਸੀ - ਮੂਲ ਮੰਤਰ : ਸ਼ਖ਼ਸੀਅਤ, ਜੀਵਨ-ਜਾਚ ਅਤੇ ਦਰਸ਼ਨ ਅਤੇ
ਇਸ ਭਾਸ਼ਣ ਦੇ ਮੁਖ ਵਕਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ
ਭਾਸ਼ਾਵਾਂ ਫ਼ੈਕਲਟੀ ਦੇ ਡੀਨ ਪ੍ਰੋਫ਼ੈਸਰ ਸੁਖਦੇਵ ਸਿੰਘ ਖਾਹਰਾ ਸਨ। ਇਸ ਸਮਾਰੋਹ
ਵਿਚ ਉਦਘਾਟਨੀ ਭਾਸ਼ਣ ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼.
ਜਨ. ਡਾ. ਡੀ.ਡੀ.ਐੱਸ. ਸੰਧੂ ਹੋਰਾਂ ਨੇ ਪੇਸ਼ ਕੀਤਾ। ਪ੍ਰਧਾਨਗੀ ਡਾ.
ਅਜੈਬ ਸਿੰਘ, ਮੈਂਬਰ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਹੋਰਾਂ ਨੇ
ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਡਾ. ਜਸਪਾਲ ਕੌਰ ਕਾਂਗ, ਪੰਜਾਬ
ਯੂਨੀਵਰਸਿਟੀ ਚੰਡੀਗੜ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਵਿਚ ਪੰਜਾਬੀ ਵਿਭਾਗ ਕੁਰੂਕੁਸ਼ੇਤਰ ਯੂਨੀਵਰਸਿਟੀ ਦੇ
ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ
ਮਾਤ-ਭਾਸ਼ਾ ਦਿਵਸ ਦਾ ਇਤਿਹਾਸ ਅਤੇ ਮਹੱਤਵ ਦੱਸਦਿਆਂ ਡਾ. ਕਾਂਗ ਦੁਆਰਾ ਮਾਤ
ਭਾਸ਼ਾ ਪੰਜਾਬੀ ਲਈ ਹਰਿਆਣਾ ਵਿਚ ਕੀਤੇ ਗਏ ਕਾਰਜ ਦਾ ਵਿਸ਼ੇਸ਼ ਉਲੇਖ ਕੀਤਾ। ਇਸ
ਉਪਰੰਤ ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼.ਜਨ. ਡਾ.
ਡੀ.ਡੀ.ਐੱਸ. ਸੰਧੂ ਹੋਰਾਂ ਨੇ ਉਦਘਾਟਨੀ ਭਾਸ਼ਣ ਪੇਸ਼ ਕਰਦਿਆ ਕਿਹਾ ਕਿ ਸਾਨੂੰ
ਆਪਣੀ ਭਾਸ਼ਾ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸਦਾ ਮੁੱਲ ਪਛਾਨਣਾ ਚਾਹੀਦਾ
ਹੈ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਬਹੁਤ ਅਮੀਰ ਵਿਰਸਾ ਹੈ। ਜੇਕਰ ਅਸੀਂ
ਇਸ ਦੀ ਕਦਰ ਨਹੀਂ ਕਰਾਂਗੇ ਤਾਂ ਇਹ ਭਾਸ਼ਾ ਹੌਲੀ ਹੌਲੀ ਖਤਮ ਹੁੰਦੀ ਜਾਵੇਗੀ।
ਸਾਨੂੰ ਆਪਣੀ ਭਾਸ਼ਾ ਨੂੰ ਖਤਰੇ ਵਾਲੇ ਵਾਲੇ ਜ਼ੋਨ ਵਿਚ ਸਮਝ ਕੇ ਇਸਦੇ ਵਿਕਾਸ
ਲਈ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਤੋਂ ਬਾਹਰ ਬੈਠਾ ਪੰਜਾਬੀ ਇਸਦੀ
ਬਹੁਤ ਘੱਟ ਵਰਤੋਂ ਕਰ ਰਿਹਾ ਹੈ ਅਤੇ ਵਿਸ਼ੇਸ਼ ਤੌਰ ’ਤੇ ਨਵੀਂ ਪੀੜੀ ਤਾਂ ਇਸ
ਨੂੰ ਬੋਲ ਹੀ ਨਹੀਂ ਰਹੀ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੀ ਵਿਰਾਸਤ ਨੂੰ
ਪਛਾਨਣਾ ਹੈ ਤਾਂ ਸਾਨੂੰ ਆਪਣੀ ਭਾਸ਼ਾ ਦੀ ਕਦਰ ਕਰਨੀ ਹੋਵੇਗੀ।
ਮੁਖ-ਵਕਤਾ ਪ੍ਰੋਫ਼ੈਸਰ ਸੁਖਦੇਵ ਸਿੰਘ ਨੇ ਆਪਣੇ ਭਾਸ਼ਣ ਵਿਚ ਜਿੱਥੇ
ਪ੍ਰੋਫ਼ੈਸਰ ਕਾਂਗ ਦੀ ਸ਼ਖ਼ਸੀਅਤ ਦੇ ਕਈ ਲੁਕੇ ਪੱਖਾਂ ਦਾ ਜ਼ਿਕਰ ਕੀਤਾ ਉਥੇ ਮੂਲ
ਮੰਤਰ ਦੀ ਵਿਸ਼ੇਸ਼ਤਾ ਨੂੰ ਬਿਆਨਦੇ ਹੋਏ ਇਸਦੇ ਲੁਕਵੇਂ ਪਾਸਾਰਾਂ ਨੂੰ ਵਿਸਥਾਰ
ਵਿਚ ਪੇਸ਼ ਕੀਤਾ। ਉਨਾਂ ਕਿਹਾ ਕਿ ਇਹ ਮੂਲ ਮੰਤਰ ਸਿਰਫ਼ ਜਾਪ ਲਈ ਹੀ ਗੁਰੂ
ਸਾਹਿਬਾਨ ਨੇ ਨਹੀਂ ਪੇਸ਼ ਕੀਤਾ ਬਲਕਿ ਇਸ ਵਿਚ ਮਨੁੱਖੀ ਸ਼ਖ਼ਸੀਅਤ, ਜੀਵਨ-ਜਾਚ
ਅਤੇ ਦਰਸ਼ਨ ਦੇ ਬਹੁ ਪਾਸਾਰੀ ਅਰਥ ਪਏ ਹਨ। ਇਸ ਉਪਰੰਤ ਪ੍ਰੋਫ਼ੈਸਰ ਖਾਹਰਾ ਨੇ
ਮੂਲ ਮੰਤਰ ਵਿਚ ਪ੍ਰਾਪਤ ਸਮੁੱਚੇ ਸ਼ਬਦਾਂ ਦਾ ਬਹੁਤ ਹੀ ਵਿਸਥਾਰ ਵਿਚ ਵਿਸ਼ਲੇਸ਼ਣ
ਪੇਸ਼ ਕੀਤਾ।
ਡਾ. ਅਜੈਬ ਸਿੰਘ ਨੇ ਪ੍ਰਧਾਨਗੀ ਭਾਸ਼ਣ ਪੇਸ਼ ਕਰਦਿਆਂ ਪੰਜਾਬੀ ਵਿਭਾਗ
ਵੱਲੋਂ ਹਰ ਸਾਲ ਅਜਿਹੇ ਸਮਾਗਮ ਦੇ ਆਯੋਜਨ ਲਈ ਜਿੱਥੇ ਵਿਭਾਗ ਦੀ ਪ੍ਰਸੰਸਾ
ਕੀਤੀ ਉੱਥੇ ਪ੍ਰੋਫ਼ੈਸਰ ਕਾਂਗ ਨਾਲ ਆਪਣੇ ਸਬੰਧਾਂ ਨੂੰ ਯਾਦ ਵੀ ਕੀਤਾ। ਉਨਾਂ
ਕਿਹਾ ਕਿ ਇਸ ਮੌਕੇ ਅਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਵਿਚਾਰਨਾ ਬਹੁਤ ਹੀ
ਵਧੀਆ ਜਤਨ ਹੈ। ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਪ੍ਰੋਫ਼ੈਸਰ ਜਸਪਾਲ ਕੌਰ ਕਾਂਗ
ਹੋਰਾਂ ਨੇ ਬੋਲਦਿਆਂ ਕਿਹਾ ਕਿ ਜੋ ਵੀ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ ਦੇ
ਸੰਪਰਕ ਵਿਚ ਆਇਆ ਉਹ ਉਨਾਂ ਤੋਂ ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕਿਆ।
ਇਸ ਮੌਕੇ ਜਿੱਥੇ ਵਿਭਾਗ ਦੇ ਉਨਾਂ ਦੋ ਵਿਦਿਆਰਥੀਆਂ ਨੂੰ ਪ੍ਰੋਫ਼ੈਸਰ
ਅਮਰਜੀਤ ਸਿੰਘ ਯਾਦਗਾਰੀ ਇਨਾਮ ਜੋ ਕਿ ਪੰਜ-ਪੰਜ ਹਜ਼ਾਰ ਦੇ ਹਨ, ਦਿੱਤੇ ਗਏ
ਜਿਨਾਂ ਨੇ ਐੱਮ.ਏ. ਭਾਗ ਪਹਿਲਾ ਅਤੇ ਦੂਸਰਾ ਵਿਚ ਸਭ ਤੋਂ ਵੱਧ ਨੰਬਰ ਲਏ ਹਨ
ਉਥੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪ੍ਰੋਫ਼ੈਸਰ ਅਮਰਜੀਤ ਸਿੰਘ ਕਾਂਗ
: ਸਿਮਰਤੀ ਗ੍ਰੰਥ ਵੀ ਰਿਲੀਜ਼ ਕੀਤਾ ਗਿਆ। ਇਸਦੇ ਨਾਲ ਹੀ ਤਿੰਨ ਹੋਰ ਕਿਤਾਬਾਂ
ਵੀ ਰਿਲੀਜ਼ ਕੀਤੀਆਂ ਗਈਆਂ।
ਸਮਾਗਮ ਦੇ ਅੰਤ ’ਤੇ ਪ੍ਰੋਫ਼ੈਸਰ ਰਾਜਿੰਦਰ ਸਿੰਘ ਭੱਟੀ ਹੋਰਾਂ ਨੇ ਆਏ ਹੋਏ
ਮਹਿਮਾਨਾਂ ਦਾ ਧੰਨਵਾਦ ਪੇਸ਼ ਕਰਦਿਆਂ ਕਿਹਾ ਕਿ ਇਹ ਮੁਬਾਰਕ ਮੌਕਾ ਉਦੋਂ ਤੱਕ
ਮਿਲਦਾ ਰਹੇਗਾ ਜਦੋਂ ਤੱਕ ਇਸ ਯੂਨੀਵਰਸਿਟੀ ਦਾ ਵਜੂਦ ਹੈ ਕਿਉਂਕਿ ਇਹ
ਪ੍ਰੋਗਰਾਮ ਹੁਣ ਇਸ ਯੂਨੀਵਰਸਿਟੀ ਦੇ ਸਲਾਨਾ ਪ੍ਰੋਗਰਾਮਾਂ ਦਾ ਹਿੱਸਾ ਹੈ।