ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ, 25 ਜਨਵਰੀ - ਅੰਤਰਰਾਸ਼ਟਰੀ ਪੱਧਰ 'ਤੇ
ਪ੍ਰਸਿੱਧੀ ਖੱਟਣ ਵਾਲੇ ਸਮਾਜ ਸੇਵੀ ਅਤੇ ਦੁਨੀਆ ਦਾ ਪਹਿਲਾ ਮਲਟੀਮੀਡੀਆ ਸਿੱਖ
ਵਿਸ਼ਵ ਕੋਸ਼ ਬਣਾਉਣ ਵਾਲੇ ਕੈਨੇਡਾ ਨਿਵਾਸੀ ਸਿੱਖ ਵਿਦਵਾਨ ਡਾ. ਰਘਬੀਰ ਸਿੰਘ
ਬੈਂਸ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜਿਕ ਸੇਵਾਵਾਂ ਅਤੇ ਵਿਸ਼ਵ
ਸ਼ਾਂਤੀ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਲਈ ਕੈਨੇਡਾ ਦੇ ਮਾਨਯੋਗ ਗਵਰਨਰ ਜਨਰਲ
ਦੇ ਵੱਕਾਰੀ ਅਤੇ ਮਾਣਮੱਤੇ ਸਨਮਾਨ “ਗਵਰਨਰ ਜਨਰਲ'ਜ਼ ਕੇਅਰਿੰਗ ਕੈਨੇਡੀਅਨ
ਐਵਾਰਡ” ਨਾਲ ਸਨਮਾਨਤ ਕੀਤਾ ਗਿਆ। ਨਸ਼ਿਆਂ ਦੇ ਮਾਹਰ ਥੈਰਾਪਿਸਟ ਅਤੇ
ਮਲਟੀਮੀਡੀਆ ਵਿਧੀ ਰਾਹੀਂ ਵਿਸ਼ਵ ਭਰ ਵਿੱਚ ਲੱਗੇ ਪੰਜ ਮਲਟੀਮੀਡੀਆ ਸਿੱਖ
ਮਿਊਜ਼ੀਅਮਾਂ ਦੇ ਪ੍ਰੋਡਿਊਸਰ ਡਾ. ਰਘਬੀਰ ਸਿੰਘ ਬੈਂਸ ਨੂੰ ਹੁਣ ਤੱਕ ਮਿਲੇ
ਤਕਰੀਬਨ ਪੰਦਰਾਂ ਦਰਜਨ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਦੀ
ਲੜੀ ਵਿਚ ਇਸ ਮਾਣਮੱਤੇ ਐਵਾਰਡ ਨਾਲ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਮਹੱਤਵਪੂਰਨ
ਵਾਧਾ ਹੋਇਆ ਹੈ, ਜਿਸ ਸਦਕਾ ਵਿਸ਼ਵ ਭਰ ਦੀਆਂ ਉੱਘੀਆਂ ਸਮਾਜ ਸੇਵੀ ਸ਼ਖਸੀਅਤਾਂ
ਵਿੱਚ ਉਨ੍ਹਾਂ ਦਾ ਨਾਮ ਫਿਰ ਰੌਸ਼ਨ ਹੋਇਆ ਹੈ ।
ਇਸ ਮੌਕੇ ਐਵਾਰਡ ਦਾ ਪ੍ਰਮਾਣ-ਪੱਤਰ ਪੜ੍ਹਦਿਆਂ ਇਹ ਖਾਸ ਤੌਰ 'ਤੇ ਜ਼ਿਕਰ
ਕੀਤਾ ਗਿਆ ਕਿ ਇਹ ਵਡਮੁੱਲਾ ਅਤੇ ਵੱਕਾਰੀ ਪੁਰਸਕਾਰ ਡਾ. ਰਘਬੀਰ ਸਿੰਘ ਬੈਂਸ
ਨੂੰ ਉਨ੍ਹਾਂ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਏਡਜ਼ ਵਰਗੀਆਂ ਭੈੜੀਆਂ
ਬਿਮਾਰੀਆਂ ਬਾਰੇ ਜਾਗਰੂਕ ਕਰਨ, ਵਿਸ਼ਵ ਸ਼ਾਂਤੀ ਦੀ ਬਹਾਲੀ ਲਈ ਕੰਮ ਕਰਨ ਅਤੇ
ਕਈ ਹੋਰ ਵਡਮੁੱਲੀਆਂ ਸਮਾਜਿਕ ਸੇਵਾਵਾਂ ਬਦਲੇ ਪ੍ਰਦਾਨ ਕੀਤਾ ਗਿਆ ਹੈ। ਇਸ
ਮੌਕੇ ਡਾ. ਬੈਂਸ ਵਲੋਂ ਰਚੇ ਗਏ ਮਲਟੀਮੀਡੀਆ 'ਸਿੱਖ ਵਿਸ਼ਵ ਕੋਸ਼' ਦੀ ਵਿਸ਼ੇਸ਼
ਤੌਰ 'ਤੇ ਸ਼ਲਾਘਾ ਹੋਈ ਅਤੇ ਇਸ ਨੂੰ ਕੈਨੇਡਾ ਵਰਗੇ ਬਹੁ-ਭਾਸ਼ਾਈ ਅਤੇ
ਬਹੁ-ਸੱਭਿਆਚਾਰਕ ਮੁਲਕ ਵਿੱਚ ਲੋਕਾਂ ਲਈ, ਇੱਕ-ਦੂਜੇ ਨੂੰ ਸਮਝਣ ਵਾਸਤੇ ਇੱਕ
ਵਰਦਾਨ ਕਿਹਾ ਗਿਆ।
ਬੀ. ਸੀ. ਦੇ ਮਾਣਯੋਗ ਲੈਫਟੀਨੈਂਟ ਗਵਰਨਰ ਵਲੋਂ ਡਾ. ਬੈਂਸ ਨੂੰ ਨਿੱਜੀ
ਤੌਰ 'ਤੇ ਵਧਾਈ ਦਿੱਤੀ ਗਈ। ਉਨ੍ਹਾਂ ਨੇ ਸਾਰੇ ਹੀ ਐਵਾਰਡੀਆਂ ਦਾ ਧੰਨਵਾਦ
ਕਰਦਿਆਂ ਕਿਹਾ ਕਿ ਇਹ ਮਾਣਮੱਤੇ ਲੋਕ ਸਾਡੀ ਕੌਮੀ ਵਿਰਾਸਤ ਅਤੇ ਦੇਸ਼ ਦਾ
ਵੱਡਮੁੱਲਾ ਸਰਮਾਇਆ ਹਨ। ਉਹਨਾਂ ਕਿਹਾ ਕਿ ਕੈਨੇਡਾ ਦੇ ਲੋਕ ਇਨ੍ਹਾਂ ਸਮਾਜ
ਸੇਵੀਆਂ ਦੇ ਸਦਾ ਹੀ ਰਿਣੀ ਰਹਿਣਗੇ ।
ਗਵਰਨਰ ਜਨਰਲ'ਜ਼ ਕੇਅਰਿੰਗ ਕੈਨੇਡੀਅਨ ਐਵਾਰਡ' ਦਾ ਆਗਾਜ਼ ਸੰਨ 1995 ਵਿੱਚ
ਮੌਕੇ ਦੇ ਮਾਨਯੋਗ 'ਗਵਰਨਰ ਜਨਰਲ ਆਫ ਕੈਨੇਡਾ' ਵਲੋਂ ਕੀਤਾ ਗਿਆ ਸੀ ਅਤੇ
ਉਦੋਂ ਤੋਂ ਇਹ ਐਵਾਰਡ ਨਿਰੰਤਰ ਤੌਰ 'ਤੇ ਉਨ੍ਹਾਂ ਸਮਾਜ ਸੇਵੀਆਂ ਨੂੰ ਦਿੱਤਾ
ਜਾ ਰਿਹਾ ਹੈ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਰੱਜ ਕੇ ਸੇਵਾ ਕਰਦਿਆਂ
ਕੈਨੇਡਾ ਤੇ ਵਿਸ਼ਵ ਦੇ ਹੋਰ ਮੁਲਕਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਪੁਰ ਦੇ ਪਿੰਡ ਮਾਣਕ ਢੇਰੀ
ਦੀਆਂ ਜੂਹਾਂ ਵਿੱਚ ਡੰਗਰ ਚਾਰਦਿਆਂ ਆਪਣਾ ਬਚਪਨ ਬਿਤਾਉਣ ਵੇਲੇ ਡਾ. ਰਘਬੀਰ
ਸਿੰਘ ਬੈਂਸ ਦੇ ਨਜ਼ਦੀਕੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਧਾਰਨ
ਜੀਵਨ ਦੀ ਪੌੜੀ ਦਾ ਇੱਕ-ਇੱਕ ਡੰਡਾ ਚੜ੍ਹਦਿਆਂ ਡਾ. ਬੈਂਸ ਇਕ ਦਿਨ ਕੈਨੇਡਾ
ਦੇ ਇਸ ਮਾਣਮੱਤੇ ਸਨਮਾਨ ਦੇ ਭਾਗੀ ਹੋਣਗੇ ਅਤੇ ਵਿਸ਼ਵ ਭਰ ਵਿੱਚ ਏਨੀ ਸੋਭਾ
ਖਟਣਗੇ।
ਇਹ ਪੁਰਸਕਾਰ ਪ੍ਰਾਪਤ ਕਰਨ ਉੁਪਰੰਤ ਡਾ. ਰਘਬੀਰ ਸਿੰਘ ਬੈਂਸ ਨੇ
ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ, “ਮੈਂ ਮਨੁੱਖੀ ਸੇਵਾ ਲਈ ਜੋ ਵੀ ਕੰਮ
ਕੀਤਾ ਹੈ ਜਾਂ ਕਰ ਰਿਹਾ ਹਾਂ, ਉਹ ਕਿਸੇ ਇਵਜ਼ਾਨੇ ਜਾਂ ਪੁਰਸਕਾਰਾਂ ਦੀ
ਪ੍ਰਾਪਤੀ ਲਈ ਨਹੀਂ ਸੀ ਕੀਤਾ। ਵਿਸ਼ਵ ਦੇ ਲੋਕਾਂ ਲਈ ਮੇਰੇ ਵਲੋਂ ਕੀਤੀ ਜਾ
ਰਹੀ ਨਿਸ਼ਕਾਮ ਸੇਵਾ ਨੂੰ ਕੈਨੇਡਾ ਨੇ ਇਸ ਉੱਚ ਪੱਧਰੀ ਐਵਾਰਡ ਨਾਲ ਸਨਮਾਨਤ
ਕਰਕੇ ਮੈਨੂੰ ਇਸ ਸੇਵਾ ਲਈ ਹੋਰ ਵੀ ਉਤਸ਼ਾਹਿਤ ਕੀਤਾ ਹੈ । ਮੈਂ ਆਪਣੇ
ਦੋਸਤਾਂ, ਨਜ਼ਦੀਕੀਆਂ, ਖਾਸ ਤੌਰ 'ਤੇ ਆਪਣੀ ਸਵਰਗਵਾਸੀ ਮਾਤਾ ਪ੍ਰੀਤਮ ਕੌਰ
ਅਤੇ ਪਿਤਾ ਸ. ਨਗਿੰਦਰ ਸਿੰਘ ਬੈਂਸ ਜੀ ਵਲੋਂ ਦਿੱਤੀ ਗੁੜ੍ਹਤੀ, ਆਪਣੀ
ਸੁਪਤਨੀ ਪਰਮਜੀਤ ਕੌਰ ਬੈਂਸ ਅਤੇ ਆਪਣੇ ਬੱਚਿਆਂ ਦਾ ਵੀ ਖਾਸ ਤੌਰ 'ਤੇ
ਧੰਨਵਾਦੀ ਹਾਂ, ਜਿਨ੍ਹਾਂ ਨੇ ਸਮਾਜ ਸੇਵਾ ਕਰਨ ਲਈ ਮੈਨੂੰ ਅੰਤਾਂ ਦਾ ਸਾਥ
ਦਿੱਤਾ। ”
ਡਾ. ਬੈਂਸ ਅੱਜਕੱਲ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ
ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ (ਜ਼ਿਲ੍ਹਾ
ਤਰਨ ਤਾਰਨ) ਵਿਖੇ ਐਡਵਾਈਜ਼ਰ ਦੇ ਤੌਰ 'ਤੇ ਵੀ ਕੋਈ 13 ਸਾਲਾਂ ਤੋਂ ਆਪਣੀਆਂ
ਸੇਵਾਵਾਂ ਨਿਭਾਅ ਰਹੇ ਹਨ।
ਹਿਜ਼ ਐਕਸੀਲੈਂਸੀ ਮਾਨਯੋਗ ਗਵਰਨਰ ਜਨਰਲ ਡੇਵਡ ਜੌਹਨਸਨ ਹੁਰਾਂ ਵਲੋਂ ਅਤੇ
ਵਿਸ਼ਵ ਦੀਆਂ ਹੋਰ ਮਾਨਯੋਗ ਸ਼ਖਸੀਅਤਾਂ ਵਲੋਂ ਡਾ. ਰਘਬੀਰ ਸਿੰਘ ਬੈਂਸ ਨੂੰ ਇਸ
ਮਾਣਮੱਤੇ ਐਵਾਰਡ ਲਈ ਵਧਾਈ ਸੰਦੇਸ਼ ਭੇਜੇ ਗਏ।