ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ, ਕੁਰੂਕੁਸ਼ੇਤਰ ਯੂਨੀਵਰਸਿਟੀ
ਕੁਰੂਕੁਸ਼ੇਤਰ ਵੱਲੋਂ ‘ਲੇਖਕ ਮਿਲਣੀ’ ਪ੍ਰੋਗ੍ਰਾਮ ਤਹਿਤ ਪਰਵਾਸੀ ਪੰਜਾਬੀ
ਸਾਹਿਤ ਦੇ ਤਿੰਨ ਲੇਖਕਾਂ (ਦਰਸ਼ਨ ਧੀਰ, ਬਲਬੀਰ ਕੌਰ ਸੰਘੇੜਾ ਅਤੇ ਮਿੰਨੀ
ਗਰੇਵਾਲ) ਦੇ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਹਰਸਿਮਰਨ
ਸਿੰਘ ਰੰਧਾਵਾ ਨੇ ਕਿਹਾ ਕਿ ਪਰਵਾਸੀ ਪੰਜਾਬੀ ਸਾਹਿਤ ਦੇ ਜ਼ਿਕਰ ਤੋਂ ਬਿਨਾ ਇਸ
ਸਮੇਂ ਪੰਜਾਬੀ ਸਾਹਿਤ ਬਾਰੇ ਗੱਲ ਪੂਰੀ ਨਹੀਂ ਹੁੰਦੀ। ਡੀ.ਏ.ਵੀ. ਕਾਲਜ ਦੇ
ਵਿਚ ਪੰਜਾਬੀ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ. ਗਗਨਦੀਪ ਕੌਰ ਨੇ ਪਰਵਾਸੀ
ਪੰਜਾਬੀ ਸਾਹਿਤ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਸਾਹਿਤ ਬਹੁਤ ਹੀ
ਪ੍ਰੇਰਣਾ ਮੂਲਕ ਹੈ। ਪਰਵਾਸੀ ਲੇਖਕ ਆਪਣੇ ਅਮੀਰ ਅਨੁਭਵ ਨੂੰ ਬਹੁਤ ਹੀ
ਸੰਜੀਦਗੀ ਨਾਲ ਸਿਰਜ ਰਿਹਾ ਹੈ। ਪ੍ਰਸਿੱਧ ਪਰਵਾਸੀ ਪੰਜਾਬੀ ਗਲਪਕਾਰ ਦਰਸ਼ਨ
ਸਿੰਘ ਧੀਰ ਨੇ ਆਪਣੇ ਜੀਵਨ ਅਤੇ ਰਚਨਾਤਮਕ ਅਨੁਭਵ ਬਾਰੇ ਬੋਲਦਿਆਂ ਕਿਹਾ ਕਿ
ਉਸਦਾ ਜਨਮ ਅਤੇ ਬਚਪਨ ਗੰਗਾ ਨਗਰ, ਰਾਜਨਥਾਨ ਵਿਚ ਬੀਤਿਆ ਹੋਣ ਕਰਕੇ ਉਸਨੂੰ
ਪੰਜਾਬੀ ਵਿਚ ਰਚਨਾ ਕਰਨ ਲਈ ਬਹੁਤ ਹੀ ਮਿਹਨਤ ਕਰਨੀ ਪਈ। ਧੀਰ ਨੇ ਕਿਹਾ ਕਿ
ਉਸਨੇ ਪਹਿਲਾਂ ਕਹਾਣੀਆਂ ਲਿਖੀਆਂ ਪਰ ਬਾਅਦ ਵਿਚ ਉਸਨੇ ਮਹਿਸੂਸ ਕੀਤਾ ਕਿ ਜੋ
ਵਿਚਾਰ ਉਹ ਕਹਿਣਾ ਚਾਹੁੰਦਾ ਹੈ ਉਸ ਲਈ ਨਾਵਲ ਹੀ ਉਚਿਤ ਵਿਧਾ ਹੈ।
ਬਲਬੀਰ ਕੌਰ ਸੰਘੇੜਾ ਨੇ ਆਪਣੇ ਜੀਵਨ ਅਤੇ ਅਨੁਭਵ ਨੂੰ ਸਾਂਝਿਆਂ ਕਰਦਿਆ
ਕਿਹਾ ਕਿ ਉਹ ਅਜਿਹੇ ਮਾਹੌਲ ਵਿਚ ਪਲੀ ਵਧੀ ਹੈ ਜਿਥੇ ਔਰਤਾਂ ਦੀ ਸਰਦਾਰੀ ਵੀ
ਸੀ ਅਤੇ ਔਰਤਾਂ ਮਜ਼ਬੂਰ ਵੀ ਸਨ। ਇਸ ਲਈ ਉਸਨੇ ਆਪਣੀ ਰਚਨਾ ਵਿਚ ਅਜਿਹੇ ਅਨੁਭਵ
ਨੂੰ ਰਾਜਸੀ, ਸਮਾਜਕ ਅਤੇ ਇਤਿਹਾਸਕ ਪਰਿਪੇਖ ਵਿਚ ਪੇਸ਼ ਕਰਨ ਦੀ ਭਰਪੂਰ ਕੋਸ਼ਿਸ਼
ਕੀਤੀ ਹੈ। ਉਸਨੇ ਕਿਹਾ ਕਿ ਪਰਵਾਸ ਧਾਰਨ ਕਰਨ ਤੋਂ ਬਾਅਦ ਉਸਦਾ ਅਨੁਭਵ ਹੋਰ
ਵੀ ਵਿਆਪਕ ਹੋਇਆ ਅਤੇ ਰਚਨਾ ਵਿਚ ਵੰਨ-ਸੁਵੰਨਤਾ ਪੈਦਾ ਹੋਈ। ਮਿੰਨੀ ਗਰੇਵਾਲ
ਨੇ ਆਪਣੇ ਬਚਪਨ ਨੂੰ ਯਾਦ ਕਰਦਿਆਂ ਕਿਹਾ ਕਿ ਉਸਦੇ ਪਿਤਾ ਜੀ ਦੀ ਨੌਕਰੀ ਹੋਣ
ਕਰਕੇ ਥਾਂ ਪਰ ਥਾਂ ਬਦਲੀ ਹੋ ਜਾਂਦੀ ਸੀ ਇਸ ਲਈ ਉਹ ਬਚਪਨ ਵਿਚ ਕੋਈ ਵੀ ਪੱਕਾ
ਦੋਸਤ ਨਾ ਬਣਾ ਸਕੀ ਅਤੇ ਇਕੱਲਤਾ ਹੀ ਉਸਦੇ ਜੀਵਨ ਦਾ ਹਿੱਸਾ ਬਣ ਗਈ।
ਮਿੰਨੀ ਗਰੇਵਾਲ ਨੇ ਜਿਥੇ ਆਪਣੀਆਂ ਕਹਾਣੀਆਂ ਦੇ ਵਸਤੂ ਸੰਸਾਰ ਬਾਰੇ
ਵਿਚਾਰ ਪੇਸ਼ ਕੀਤੇ ਉਥੇ ਆਪਣੀ ਘੁਮੱਕੜੀ ਅਨੁਭਵ ਨੂੰ ਸਾਂਝਿਆਂ ਕਰਦਿਆਂ
ਸਮੁੱਚੀ ਸੰਸਾਰ ਯਾਤਰਾ ਦੇ ਅਨੁਭਵਾਂ ਨੂੰ ਵਿਸਥਾਰ ਵਿਚ ਬਿਆਨ ਕੀਤਾ।
ਇਸ ਮੌਕੇ ਇਨਾਂ ਤਿੰਨਾਂ ਪਰਵਾਸੀ ਲੇਖਕਾਂ ਨੂੰ ਵਿਭਾਗ ਵੱਲੋਂ ਇਕ ਇਕ ਸ਼ਾਲ
ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਵਿਭਾਗ ਦੀ ਐਮ.ਫ਼ਿਲ. ਦੀ ਵਿਦਿਆਰਥਣ
ਗੁਰਪ੍ਰੀਤ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿਚ ਸੰਤ ਰਾਮ ਉਦਾਸੀ ਦਾ ਲਿਖਿਆ
ਗੀਤ ‘ਕੰਮੀਆਂ ਦੇ ਵਿਹੜੇ’ ਸੁਣਾ ਕੇ ਸਮਾਂ ਬੰਨਿਆ। ਇਸ ਪ੍ਰੋਗ੍ਰਾਮ ਦਾ
ਸਮੁੱਚਾ ਆਯੋਜਨ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਹੀ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ
ਅਤੇ ਪ੍ਰੋਗ੍ਰਾਮ ਦੇ ਅੰਤ ਵਿਚ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਕੁਲਦੀਪ
ਸਿੰਘ ਨੇ ਜਿੱਥੇ ਪਰਵਾਸੀ ਪੰਜਾਬੀ ਸਾਹਿਤਕਾਰਾਂ ਦਾ ਇਸ ਪ੍ਰੋਗ੍ਰਾਮ ਵਿਚ
ਪਹੁੰਚਣ ਲਈ ਧੰਨਵਾਦ ਕੀਤਾ ਉ¤ਥੇ ਇਸ ਸਫ਼ਲ ਆਯੋਜਨ ਲਈ ਪੰਜਾਬੀ ਸਾਹਿਤ ਸਭਾ ਦੇ
ਮੈਂਬਰਾਂ ਨੂੰ ਵੀ ਵਧਾਈ ਦਿੱਤੀ।