ਵਿਦਿਅਕ ਸੈਸ਼ਨ 2013-14 ਦੌਰਾਨ ਯੂਨੀਵਰਸਿਟੀ ਕਾਲਜ ਜੈਤੋ ਦੇ
ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿਚ
ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਸ਼ਾਨਦਾਰ ਇਨਾਮ ਵੰਡ ਸਮਾਰੋਹ ਕਰਾਇਆ ਗਿਆ
ਜਿਸ ਵਿਚ ਮੁੱਖ ਮਹਿਮਾਨ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼
ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਸ਼ਵਿੰਦਰ ਸਿੰਘ ਗਿੱਲ ਅਤੇ ਵਿਸ਼ੇਸ਼ ਮਹਿਮਾਨ
ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਕੰਸਟੀਚੂਐਂਟ ਕਾਲਜਜ਼ ਡਾ.
ਕੁਲਬੀਰ ਸਿੰਘ ਢਿਲੋਂ ਸ਼ਾਮਲ ਹੋਏ। ਯੂਨੀਵਰਸਿਟੀ ਧੁਨੀ ‘ਵਿਦਿਆ ਵੀਚਾਰੀ ਤੇ
ਪਰਉਪਕਾਰੀ’ ਦੇ ਗਾਇਨ ਨਾਲ ਸ਼ੁਰੂ ਹੋਏ ਸਮਾਰੋਹ ਵਿਚ ਪੁੱਜੇ ਮਹਿਮਾਨਾਂ ਨਾਲ
ਜਾਣ-ਪਛਾਣ ਅਤੇ ਜੀ ਆਇਆਂ ਕਹਿਣ ਦੀ ਰਸਮ ਕਾਲਜ ਦੇ ਪ੍ਰਿੰਸੀਪਲ ਡਾ. ਇੰਦਰਜੀਤ
ਕੌਰ ਦਿਓਲ ਵੱਲੋਂ ਨਿਭਾਈ ਗਈ ਅਤੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਾਲਜ ਦੀਆਂ
ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰ ਵਿਚ ਕੀਤੀਆਂ ਗਤੀਵਿਧੀਆਂ ਅਤੇ
ਪ੍ਰਾਪਤੀਆਂ ਦਾ ਖ਼ੁਲਾਸਾ ਕੀਤਾ ਗਿਆ। ਪ੍ਰਿੰਸੀਪਲ ਡਾ. ਦਿਓਲ ਵੱਲੋਂ
ਸ਼ਲਾਘਾਯੋਗ ਪਿਰਤ ਸਿਰਜਦਿਆਂ ਕਾਲਜ ਦੇ ਸਮੂਹ ਸਟਾਫ਼ ਨੂੰ ਆਏ ਮਹਿਮਾਨਾਂ ਦੇ
ਰੂ-ਬ-ਰੂ ਕਰਾਇਆ ਗਿਆ ਅਤੇ ਉਨਾਂ ਦੀ ਸ਼ਖ਼ਸੀਅਤ ਤੇ ਅਕਾਦਮਿਕਤਾ ਬਾਰੇ ਸੰਖੇਪ
ਵੇਰਵਾ ਸਮਾਰੋਹ ਦਾ ਸੰਚਾਲਨ ਕਰ ਰਹੇ ਡਾ. ਪਰਮਿੰਦਰ ਸਿੰਘ ਤੱਗੜ ਅਤੇ ਪ੍ਰੋ.
ਮਨਪ੍ਰੀਤ ਕੌਰ ਨੇ ਪੇਸ਼ ਕੀਤਾ। ਮੁੱਖ ਮਹਿਮਾਨ ਵੱਲੋਂ ਵੱਖ ਵੱਖ ਖੇਤਰਾਂ ’ਚ
ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ ਜਿਸ
ਵਿਚ ਸਰਵਪੱਖੀ ਪ੍ਰਤਿਭਾਸ਼ੀਲ ਵਿਦਿਆਰਥੀ ਦਾ ਖ਼ਿਤਾਬ ਬੀ. ਏ. ਭਾਗ ਪਹਿਲਾ ਦੀ
ਵਿਦਿਆਰਥਣ ਆਸਮਾ ਗਰਗ ਨੂੰ ਦਿੱਤਾ ਗਿਆ। ਇਸ ਮੌਕੇ ਪੇਸ਼ ਸਭਿਆਚਾਰਕ ਵੰਨਗੀਆਂ
ਵਿਚ ਸਿੱਖ ਇਤਿਹਾਸ ਵਿਚੋਂ ਕਵੀਸ਼ਰੀ, ਵਾਤਾਵਰਨ ਸਬੰਧੀ ਰੰਗਮੰਚ ਵੰਨਗੀ
‘ਮਾਈਮ’, ਲੋਕਗੀਤ, ਕੱਵਾਲੀ ਅਤੇ ਗਿੱਧੇ ਦੀ ਸਲਾਹੁਣਯੋਗ ਪੇਸ਼ਕਾਰੀ ਦਾ
ਸਰੋਤਿਆਂ ਨੇ ਖ਼ੂਬ ਆਨੰਦ ਮਾਣਿਆ।
ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮੁੱਖ
ਮਹਿਮਾਨ ਡਾ. ਸ਼ਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ
ਸੂਬੇ ਦੇ ਅਮੀਰ ਵਿਰਸੇ ’ਤੇ ਮਾਣ ਹੋਣਾ ਚਾਹੀਦਾ ਹੈ। ਉਨਾਂ ਵਿਦਿਆਰਥੀਆਂ ਨੂੰ
ਨਸ਼ਾ-ਮੁਕਤ ਰਹਿਣ ਅਤੇ ਪੰਜਾਬ ਦੀ ਰਿਵਾਇਤੀ ਖ਼ੁਰਾਕ ਅਤੇ ਮੌਸਮੀ ਫਲ-ਸਬਜ਼ੀਆਂ
ਦਾ ਸੇਵਨ ਕਰਕੇ ਅਰੋਗ ਜਿੰਦਗੀ ਜਿਉਣ ਦੇ ਗੁਰ ਦੱਸੇ ਅਤੇ ਗੁਰਮਤਿ ਫ਼ਲਸਫ਼ੇ ਦੇ
ਹਵਾਲੇ ਨਾਲ ਕਿਰਤ, ਦਸਵੰਧ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਬਾਰੇ ਭਾਵਪੂਰਤ
ਵਿਚਾਰ ਸਾਂਝੇ ਕੀਤੇ। ਵਿਸ਼ੇਸ਼ ਮਹਿਮਾਨ ਡਾ. ਢਿੱਲੋਂ ਨੇ ਮੌਕੇ ’ਤੇ ਕਰਾਏ
ਦਸਤਾਰਬੰਦੀ ਮੁਕਾਬਲਿਆਂ ਦੀ ਜੱਜਮੈਂਟ ਕਰਦਿਆਂ ਪੰਜਾਬ ਦੇ ਵਿਭਿੰਨ ਇਲਾਕਿਆਂ
ਵਿਚ ਦਸਤਾਰ ਸਜਾਉਣ ਦੇ ਤਰੀਕਿਆਂ ਨੂੰ ਵਿਹਾਰਕ ਰੂਪ ਵਿਚ ਪੇਸ਼ ਕੀਤਾ। ਉਨਾਂ
ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਹੋਰਾਂ
ਦੀ ਇਹ ਦਿਲੀ ਤਾਂਘ ਹੈ ਕਿ ਯੂਨੀਵਰਸਿਟੀ ਕਾਲਜਾਂ ਦੀਆਂ ਜ਼ਰੂਰਤਾਂ ਛੇਤੀ ਤੋਂ
ਛੇਤੀ ਪੂਰੀਆਂ ਕਰਵਾਈਆਂ ਜਾਣ ਤਾਂ ਕਿ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿਚ
ਲਾਏ ਪੰਜਾਬੀ ਯੂਨੀਵਰਸਿਟੀ ਦੇ ਇਹ ਵਿਦਿਅਕ ਬੂਟੇ ਛੇਤੀ ਵਧ-ਫੁਲ ਕੇ ’ਵਰਸਿਟੀ
ਦੇ ਮਾਣ ਵਿਚ ਹੋਰ ਵਾਧਾ ਕਰਨ। ਇਸ ਮੌਕੇ ਡਾ. ਊਸ਼ਾ ਜੈਨ, ਡਾ. ਕਰਮਜੀਤ ਸਿੰਘ,
ਡਾ. ਸੁਭਾਸ਼ ਕੁਮਾਰ, ਡਾ. ਰੂਪਕਮਲ ਕੌਰ, ਡਾ. ਸੁਭਾਸ਼ ਚੰਦਰ ਅਰੋੜਾ, ਪ੍ਰੋ.
ਤਰਨਦੀਪ ਕੌਰ, ਡਾ. ਦਿਵਿਯਾ ਜੋਤੀ, ਪ੍ਰੋ. ਰੁਚਿਕਾ, ਪ੍ਰੋ. ਅਮਰਪ੍ਰੀਤ ਕੌਰ,
ਪ੍ਰੋ. ਹਰਮਨਦੀਪ ਸਿੰਘ, ਪ੍ਰੋ. ਪੰਕਜ, ਪ੍ਰੋ. ਦਲਜੀਤ ਕੌਰ, ਪ੍ਰੋ. ਪਰੈਟੀ,
ਪ੍ਰੋ. ਸ਼ੀਨਮ ਅਰੋੜਾ, ਪ੍ਰੋ. ਦੀਪਕ ਕੁਮਾਰ, ਇੰਜ: ਅਰਸ਼ਦੀਪ ਬਰਾੜ, ਰਾਜਵਿੰਦਰ
ਸਿੰਘ ਸੰਧੂ, ਰਾਜਵੀਰ ਸਿੰਘ , ਕਰਮਜੀਤ ਸਿੰਘ, ਬਲਵਿੰਦਰ ਸਿੰਘ, ਰਾਜਵਿੰਦਰ
ਸਿੰਘ ਅਤੇ ਸੁਖਮੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।