ਬਰੈਂਪਟਨ-ਕੈਨੇਡਾ- ਗਿਆਰਾਂ ਜਨਵਰੀ 2014 ਦੀ ਦੁਪਹਿਰ। ਸਮਾਂ ਤਕਰੀਬਨ 12
ਕੁ ਵਜੇਂ ਦਾ। ਪ੍ਰਸਿਧ ਸ਼ਾਇਰਾ ਅਤੇ ਕਹਾਣੀਕਾਰਾ ਸੁਰਜੀਤ ਅਤੇ ਪਿਆਰਾ ਸਿੰਘ
ਕੁੱਦੋਵਾਲ ਜੀ ਦਾ ਘਰ, ਜਿੱਥੇ ਟੋਰਾਂਟੋ ਦੇ ਆਸ ਪਾਸ ਵਸੇ ਕਹਾਣੀਕਾਰ ਤ੍ਰੈ
ਮਾਸਿਕ ਮਿਲਣੀ ਲਈ ਇਕੱਤਰ ਹੋਏ। ਸ਼ੁਰੂ ਵਿੱਚ ਉੱਘੇ ਕਹਾਣੀਕਾਰ ਕੁਲਜੀਤ ਮਾਨ
ਜੀ ਦੇ ਸਤਿਕਾਰਯੋਗ ਮਾਤਾ ਜੀ ਦੇ ਅਕਾਲ ਚਲਾਣੇ ਤੇ ਇੱਕ ਸ਼ੋਕਮਤਾ ਪਾਇਆ ਗਿਆ
ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਵਾਲਾ ਘਾਟਾ ਕਿਹਾ। ਫੇਰ ਸੰਚਾਲਕਾ ਬਲਬੀਰ
ਸੰਘੇੜਾ ਜੀ ਵਲੋਂ ਬਾਕਾਇਦਾ ਤੌਰ ਤੇ ਕਹਾਣੀ ਬੈਠਕ ਦਾ ਆਰੰਭ ਕੀਤਾ ਗਿਆ ਅਤੇ
ਇਹ ਫੈਸਲਾ ਕੀਤਾ ਗਿਆ ਕਿ ਅੱਗੇ ਤੋਂ ਮੈਂਬਰ ਸਾਹਿਬਾਨ ਨੂੰ ਮੀਟਿੰਗ ਦੇ ਸੱਦੇ
ਸੰਚਾਲਕਾਂ ਵਲੋਂ ਈਮੇਲਜ ਤੇ ਹੀ ਭੇਜੇ ਜਾਣਗੇ ਤੇ ਟੈਲੀਫੋਨ ਸੱਦੇ ਹੋਸਟ
ਭੇਜਿਆ ਕਰੇਗਾ। ਜਿਸ ਨੂੰ ਸਭ ਨੇ ਪ੍ਰਵਾਨ ਕਰ ਲਿਆ ਤੇ ਇਹ ਵੀ ਕਿਹਾ ਕਿ
ਸਾਨੂੰ ਵਕਤ ਦੇ ਬਚਾਅ ਤੇ ਸੁਵਿਧਾ ਲਈ ਨਵੀਂ ਤਕਨੀਕ ਅਪਨਾਉਣੀ ਚਾਹੀਦੀ ਹੈ।
ਇਸ ਉਪਰੰਤ ਸਹਿ ਸੰਚਾਲਕ ਮੇਜਰ ਮਾਂਗਟ ਵਲੋਂ ਹਰ ਸਾਲ ਭਾਰਤੀ ਪੰਜਾਬ ਦੀਆਂ
ਯੁਨੀਵਰਸਿਟੀਆਂ ਵਿੱਚ ਕਰਵਾਈਆਂ ਜਾਂਦੀਆਂ ਕਾਨਫਰੰਸਾਂ ਸਮੇਂ ਪਰਵਾਸੀ ਸਾਹਿਤ
ਅਤੇ ਸਾਹਿਤਕਾਰਾਂ ਨੂੰ ਅਣਗੌਲਿਆਂ ਕੀਤੇ ਜਾਣ, ਸੱਦੇ ਪੱਤਰ ਤੇ ਸੂਚਨਾਵਾਂ
ਸਮੇਂ ਸਿਰ ਨਾ ਭੇਜਣ, ਜਾਂ ਪਰਵਾਸੀ ਸਾਹਿਤ ਸੀ ਗਲਤ ਪੇਸ਼ਕਾਰੀ ਕਰਨ, ਪੱਖਪਾਤ
ਤੇ ਵਿਤਕਰੇ ਪ੍ਰਤੀ ਕੁੱਝ ਵਿਦਵਾਨਾਂ ਦੀ ਉਦਾਸੀਨਤਾ ਦਾ ਮੁੱਦਾ ਵੀ ਉਠਿਾਇਆ
ਗਿਆ ਜਿਸ ਤੇ ਫੇਰ ਭਰਪੂਰ ਚਰਚਾ ਹੋਈ ਤੇ ਕਿਹਾ ਗਿਆ ਕਿ ਏਹੋ ਜਿਹੇ ਚੈਲੰਜ
ਪਰਵਾਸੀ ਲੇਖਕਾਂ ਨੂੰ ਪ੍ਰਵਾਨ ਕਰਨੇ ਚਾਹੀਦੇ ਨੇ ਕਿਉਂਕਿ ਹੁਣ ਪੰਜਾਬੀ
ਸਾਹਿਤ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ। ਚੰਗਾ ਸਾਹਿਤ ਭਾਵੇਂ ਕਿਤੇ
ਵੀ ਲਿਖਿਆ ਜਾਵੇ ਉਹ ਆਪਣੇ ਆਪ ਪਛਾਣ ਬਣਾ ਲੈਂਦਾ ਹੈ ਭਾਵੇ ਕਿੰਨੇ ਹੀ
ਵਿਤਕਰੇ ਦਾ ਸ਼ਿਕਾਰ ਰਹੇ। ਅਜਿਹੇ ਹੋਰ ਕਈ ਤੇ ਮੁੱਦਿਆਂ ਤੇ ਭਰਪੂਰ ਬਹਿਸ ਹੋਈ
ਅਤੇ ਕੈਨੇਡੀਅਨ ਪੰਜਾਬੀ ਕਹਾਣੀ ਤੇ ਬਦਲ ਰਹੇ ਵਿਸ਼ਾ ਵਸਤੂ ਨੂੰ ਵੀ ਵਿਚਾਰਿਆ
ਗਿਆ।
ਇਸ ਇਕੱਤਰਤਾ ਵਿੱਚ ਭਾਵੇਂ ਕਈ ਕਹਾਣੀਆਂ ਪੜ੍ਹੀਆਂ ਜਾਣੀਆਂ ਸਨ, ਪਰ
ਬਹੁਤੇ ਲੇਖਕਾਂ ਨੇ ਕੁਲਜੀਤ ਮਾਨ ਜੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਕਾਰਨ
ਅਫਸੋਸ ਲਈ ਉਨ੍ਹਾਂ ਦੇ ਘਰ ਜਾਣਾ ਸੀ, ਇਸ ਕਰਕੇ ਸਿਰਫ ਦੋ ਹੀ ਕਹਾਣੀਆਂ ਹੀ
ਪੜ੍ਹੀਆਂ ਗਈਆਂ। ਪਹਿਲੀ ਕਹਾਣੀ ਮੇਜਰ ਮਾਂਗਟ ਦੀ ਸੀ, ਜਿਸ ਦਾ ਸਿਰਲੇਖ ਸੀ
ਛੁਟਕਾਰਾ। ਇਹ ਕਹਾਣੀ ਕੈਨੇਡਾ ਵਿਚ ਰਹਿ ਰਹੀ ਪੰਜਾਬੀ ਮਾਨਸਿਕਤਾ ਦੀ ਕਹਾਣੀ
ਸੀ ਜੋ ਬਹੁਤ ਸਾਰੀਆਂ ਚੀਜਾਂ ਤੋਂ ਨਿਜਾਤ ਤਾਂ ਪਾਉਣਾ ਚਾਹੁੰਦੀ ਹੈ ਪਰ ਆਪਣਾ
ਜੀਵਨ ਢੰਗ ਨਹੀਂ ਬਦਲਦੀ। ਪਰੰਤੂ ਇਹ ਮੁਕਤੀ ਉਸ ਨੂੰ ਗਲਤ ਮਲਤ ਤਰੀਕੇ ਅਪਣਾ
ਕੇ ਕਦੇ ਵੀ ਪ੍ਰਾਪਤ ਨਹੀਂ ਹੁੰਦੀ। ਇਸ ਕਹਾਣੀ ਦਾ ਪਾਤਰ ਜਗੀਰ ਸਿੰਘ ਆਰਿਥਿਕ
ਮੰਦਹਾਲੀ ਤੋਂ ਛੁਟਕਾਰਾ ਪਾਉਣ ਲਈ ਮਸ਼ੀਨਾਂ ਨਾਲ ਮਸ਼ੀਨ ਹੋ ਜਾਂਦਾ ਹੈ ਅਤੇ
ਪ੍ਰੀਤਮ ਢੰਗੀ ਹਰ ਟੇਢਾ ਢੰਗ ਅਪਣਾ ਕੇ ਇਸ ਖੁੱਭਣ ਚੋਂ ਨਿਕਲਣਾ ਚਾਹੁੰਦਾ
ਹੈ। ਆਖਿਰ ਇਹ ਪਾਤਰ ਕਿਸੇ ਮੁਕਤੀ ਦੀ ਤਲਾਸ਼ ਵਿੱਚ ਰਿਸ਼ਤਿਆਂ ਤੋਂ ਹੀ
ਛੁਟਕਾਰਾ ਪਾ ਬੈਠਦੇ ਹਨ। ਇਹ ਕਹਾਣੀ ਨੂੰ ਸਭ ਨੇ ਪਸੰਦ ਕੀਤਾ। ਫੇਰ ਇਸ ਤੇ
ਖੂਬ ਵਿਚਾਰ ਚਰਚਾ ਹੋਈ। ਜਿੱਥੇ ਅਲੋਚਕਾਂ ਵਲੋਂ ਉਠਾਏ ਗਏ ਨੁਕਤਿਆ ਦੇ ਸਾਰੇ
ਜਵਾਬ ਕਹਾਣੀ ਲੇਖਕ ਮੇਜਰ ਮਾਂਗਟ ਨੇ ਦਿੱਤੇ ਉਥੇ ਸਭ ਦਾ ਧਨਵਾਦ ਵੀ ਕੀਤਾ।
ਦੂਸਰੀ ਕਹਾਣੀ ਗੁਰਮੀਤ ਪਨਾਗ ਜੀ ਨੇ ਪੇਸ਼ ਕੀਤੀ ਜਿਸ ਦਾ ਸਿਰਲੇਖ ਸੀ
ਫੁੱਲ ਸਰਕਲ। ਇਹ ਕਹਾਣੀ ਕੈਨੇਡਾ ਵਿਚ ਜੰਮੀ ਪਲੀ ਅਤੇ ਨਿਰਾਸ਼ਤਾ ਹੰਢਾ ਰਹੀ
ਕੁੜੀ ਦਾਮਿਨੀ ਦੇ ਮੋਨੋਵਿਗਿਆਨ ਨੂੰ ਦ੍ਰਸ਼ਾਉਂਦੀ ਕਹਾਣੀ ਸੀ। ਜਿਸ ਦੀ ਬਚਪਨ
ਵਿੱਚ ਹੀ ਮਾਂ ਮਰ ਜਾਂਦੀ ਹੈ ਤੇ ਉਹ ਆਪਣੀ ਮਾਸੀ ਕੋਲ ਰਹਿੰਦੀ ਹੈ। ਮਾਂ ਤੇ
ਮਾਸੀ ਨੇ ਇੱਕ ਨਿੱਜੀ ਘਟਨਾਂ ਦੇ ਆਧਾਰ ਤੇ ਇੱਕ ਦੂਸਰੀ ਨਾਲ ਬੋਲਣਾ ਤੇ
ਮਿਲਣਾ ਵਰਤਣਾ ਛੱਡ ਦਿੱਤਾ ਸੀ। ਦਾਮਿਨੀ ਮਾਂ ਦੀ ਮੌਤ ਤੱਕ ਮਾਸੀ ਦਾ ਇਹ
ਵਰਤਾਰੇ ਨੂੰ ਨਫਰਤ ਵਿੱਚ ਬਦਲ ਲੈਂਦੀ ਹੈ ਤੇ ਇ/ਕ ਜਿੱਦੀ ਕੁੜੀ ਵਜੋਂ
ਵਿਚਰਦੀ ਹੈ। ਇਹ ਭੇਦ ਅੰਤ ਤੱਕ ਬਣਿਆ ਰਹਿੰਦਾ ਹੈ ਜੋ ਕਹਾਣੀ ਵਿੱਚ ਦਿਲਚਸਪੀ
ਵੀ ਬਣਾਈ ਰੱਖਦਾ ਹੈ। ਸਾਰਿਆਂ ਵਲੋਂ ਇਸ ਕਹਾਣੀ ਨੂੰ ਵੀ ਬਹੁਤ ਪਸੰਦ ਕੀਤੀ
ਗਈ। ਕਿਹਾ ਗਿਆ ਕਿ ਗੁਰਮੀਤ ਪਨਾਗ ਦੀ ਕਹਾਣੀ ਵਿੱਚ ਤਾਜਗੀ ਦੇ ਨਾਲ ਨਾਲ
ਵਿਸ਼ੇ ਦੀ ਵਿਲੱਖਣਤਾ ਵੀ ਹੈ। ਗੁਰਮੀਤ ਪਨਾਗ ਨੇ ਅਲੋਚਕਾਂ ਵਲੋਂ ਉਠਾਏ ਗਏ
ਸਾਰੇ ਨੁਕਤਿਆਂ ਦੇ ਜਵਾਬ ਬਾਖੂਬੀ ਦਿੰਦੇ ਹੋਏ ਸਭ ਮੈਂਬਰਾਂ ਦਾ ਧਨਵਾਦ
ਕੀਤਾ।
ਕਹਾਣੀਆਂ ਅਜੇ ਹੋਰ ਵੀ ਪੜ੍ਹਨ ਵਾਲੀਆਂ ਪਈਆਂ ਸਨ ਪਰ ਵਕਤ ਦੀ ਕਮੀ ਨੇ
ਇਹਨਾਂ ਨੂੰ ਅਗਲੀ ਮੀਟਿੰਗ ਤੇ ਪਾ ਦਿੱਤਾ ਗਿਆ। ਸੁਰਜੀਤ ਕੌਰ ਦੀ ਮਹਿਮਾਨ
ਨਿਵਾਜੀ ਨੇ ਤਾਂ ਹਰ ਕਿਸੇ ਦਾ ਮਨ ਮੋਹ ਲਿਆ। ਜਿਸ ਨੇ ਅੱਜ ਪੂਰਨ ਤੌਰ ਤੇ
ਸ਼ੁੱਧ ਰਵਾਇਤੀ ਪੰਜਾਬੀ ਖਾਣਾ ਤਿਆਰ ਕੀਤਾ ਸੀ ਜਿਸ ਸਾਗ ਅਤੇ ਮੱਕੀ ਦੀ ਰੋਟੀ,
ਦਹੀਂ ਤੇ ਮੇਥਿਆਂ ਵਾਲੀ ਰੋਟੀ ਅਤੇ ਘਿਉ ਸ਼ੱਕਰ ਵੀ ਪਰੋਸੇ ਸਨ ਜੋ ਸਭ ਨੇ
ਬਹੁਤ ਹੀ ਪਸੰਦ ਕੀਤੇ। ਇਸ ਮਹੌਲ ਐਨਾ ਵਧੀਆ ਸੀ ਜਿਸ ਨੇ ਕੇਰਾਂ ਤਾਂ ਪੰਜਾਬ
ਦੀ ਯਾਦ ਵੀ ਭੁਲਾ ਦਿੱਤੀ। ਕੁੱਲ ਮਿਲਾ ਕੇ ਇਹ ਤ੍ਰੈ ਮਾਸਿਕ ਕਹਾਣੀ ਬੈਠਕ
ਬਹੁਤ ਹੀ ਸਫਲ ਰਹੀ।
ਭਾਗ ਲੈਣ ਵਾਲਿਆਂ ਵਿੱਚ ਸਰਵ ਸ਼੍ਰੀ ਸੁਰਜਣ ਜੀਰਵੀ, ਬਲਰਾਜ ਚੀਮਾ,
ਸ਼ਿਵਰਾਜ ਸਨੀ, ਮਿਨੀ ਗਰੇਵਾਲ, ਪਰਮਜੀਤ ਮੋਮੀ, ਕੰਵਲਜੀਤ ਢਿੱਲੋਂ, ਸੁਰਜੀਤ
ਕੌਰ, ਰਸ਼ਪਾਲ ਕੌਰ ਗਿੱਲ, ਬਰਜਿੰਦਰ ਗੁਲਾਟੀ, ਮੇਜਰ ਮਾਂਗਟ, ਮਨਮੋਹਨ
ਗੁਲਾਟੀ, ਬਲਦੇਵ ਦੂਹੜੇ, ਬਲਬੀਰ ਸੰਘੇੜਾ, ਲਾਲ ਸਿੰਘ ਸੰਘੇੜਾ, ਪ੍ਰਵੀਨ
ਕੌਰ, ਲਖਵੀਰ ਸਿੰਘ ਤੁਲੀ, ਤਲਤ ਜਾਹਰਾ, ਗੁਰਮੀਤ ਪਨਾਗ, ਤਲਵਿੰਦਰ ਮੰਡ,
ਸੁਖਦੀਪ ਢਾਲਾ, ਕੁਲਜੀਤ ਸਿੰਘ ਜੰਜੂਆ, ਪਿਆਰਾ ਸਿੰਘ ਕੁੱਦੋਵਾਲ ਅਤੇ ਜੰਗ
ਸਿੰਘ ਪਨਾਗ ਸ਼ਾਮਲ ਸਨ। ਜਿਨ੍ਹਾਂ ਨੇ ਜਿੱਥੇ ਅਲੋਚਨਾਂ ਵਿੱਚ ਭਾਗ ਲਿਆ ਉੱਥੇ
ਕਹਾਣੀਆਂ ਤੇ ਬਹੁਤ ਹੀ ਕੀਮਤੀ ਵਿਚਾਰ ਦਿੱਤੇ। ਇਸ ਮੀਟਿੰਗ ਵਿੱਚ ਚੰਡੀਗੜ੍ਹ
ਤੋਂ ਪ੍ਰੋ: ਕੰਵਲਜੀਤ ਕੌਰ ਢਿੱਲੋਂ ਜੋ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੀ
ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਨੇ, ਸਫਲ ਨਿਰਦੇਸ਼ਕ ਅਤੇ ਸੰਸਥਾਵਾਂ ਦੇ
ਸੰਚਾਲਕ ਨੇ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ।
ਮੀਟਿੰਗ ਦੇ ਅੰਤ ਤੇ ਸੰਚਾਲਿਕਾ ਬਲਬੀਰ ਸੰਘੇੜਾ ਜੀ ਵਲੋਂ ਲੇਖਕਾਂ ਦੀ
ਭਰਪੂਰ ਮਹਿਮਾਨ ਨਿਵਾਜੀ ਲਈ ਲੇਖਕ ਜੋੜੀ ਸੁਰਜੀਤ ਕੌਰ ਅਤੇ ਪਿਆਰਾ ਸਿੰਘ
ਕੁੱਦੋਵਾਲ ਜੀ ਦਾ ਕਹਾਣੀ ਵਿਚਾਰ ਮੰਚ ਦੇ ਸਮੂਹ ਮੈਂਬਰ ਸਹਿਬਾਨ ਵਲੋਂ ਧਨਵਾਦ
ਕੀਤਾ ਗਿਆ ਤੇ ਇਹ ਵੀ ਐਲਾਨ ਕੀਤਾ ਗਿਆ ਕਿ ਹੁਣ ਅਗਲੀ ਮੀਟਿੰਗ ਅਪਰੈਲ ਦੇ
ਮਹੀਨੇ ਕਹਾਣੀਕਾਰਾ ਬਰਜਿੰਦਰ ਗੁਲਾਟੀ ਜੀ ਦੇ ਘਰ ਹੋਵੇਗੀ ਤੇ ਇਸ ਦੇ ਨਾਲ ਹੀ
ਲੇਖਕ ਨਿੱਘੀਆਂ ਗਲਵੱਕੜੀਆਂ ਅਤੇ ਮਿੱਠੀਆਂ ਯਾਦਾਂ ਨਾਲ ਵਿਦਾਇਗੀ ਲੈ ਗਏ।