ਮਿਸੀਸਾਗਾ - ਕਹਾਣੀ ਵਿਚਾਰ ਮੰਚ ਟੋਰਾਂਟੋ ਇੱਕ ਅਜਿਹੀ ਸੰਸਥਾ ਹੈ ਜੋ
ਪਿਛਲੇ ਵੀਹ ਸਾਲਾਂ ਤੋਂ ਕੈਨੇਡੀਅਨ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਜ਼ਿਕਰਯੋਗ
ਕੰਮ ਕਰ ਰਹੀ ਹੈ। ਇਸ ਸੰਸਥਾ ਵਲੋਂ ਹਰ ਤੀਸਰੇ ਮਹੀਨੇ ਕਿਸੇ ਕਹਾਣੀਕਾਰ ਦੇ
ਘਰ ਕਹਾਣੀ ਲੇਖਕਾਂ ਦਾ ਇਕੱਠ ਜੁੜਦਾ ਹੈ ਜਿਸ ਵਿੱਚ ਏਜੰਡੇ ਅਨੁਸਾਰ ਨਵੀਂਆਂ
ਲਿਖੀਆਂ ਕਹਾਣੀਆਂ ਪੜ੍ਹੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਕਲਾ ਪੱਖ ਤੇ ਵਿਸ਼ਾ
ਵਸਤੂ ਨੂੰ ਲੈ ਕੇ ਚੀਰ ਫਾੜ ਜਾਂ ਉਸਾਰੂ ਅਲੋਚਨਾ ਹੁੰਦੀ ਹੈ ਤਾਂ ਕਿ ਕਹਾਣੀ
ਨੂੰ ਕਿਸੇ ਪਰਚੇ ਜਾਂ ਪੁਸਤਕ ਵਿੱਚ ਛਪਣ ਤੋਂ ਪਹਿਲਾਂ ਲੇਖਕ ਵਲੋਂ ਚੰਗੀ
ਤਰ੍ਹਾਂ ਤਰਾਸ਼ਿਆ ਜਾ ਸਕੇ। ਇਸੇ ਲੜੀ ਤਹਿਤ ਸਾਲ 2014 ਦੀ ਦੂਸਰੀ ਮੀਟਿੰਗ
ਸੰਸਥਾ ਦੇ ਸਤਿਕਾਰਤ ਮੈਂਬਰਾਨ ਮਨਮੋਹਨ ਸਿੰਘ ਗੁਲਾਟੀ ਤੇ ਬਰਜਿੰਦਰ ਗੁਲਾਟੀ
ਜੀ ਦੇ ਨਿਵਾਸ ਤੇ ਮਿਸੀਸਾਗਾ ਵਿੱਚ 20 ਅਪਰੈਲ ਨੂੰ ਦੁਪਹਿਰੇ ਦੋ ਵਜੇ ਤੋਂ
ਲੈ ਕੇ ਰਾਤ ਦੇ ਗਿਆਰਾਂ ਵਜੇ ਤੱਕ ਬੜੀ ਸਫ਼ਲਤਾ ਨਾਲ ਕੀਤੀ ਗਈ। ਜਿਸ ਵਿੱਚ
ਗਰੇਟਰ ਟੋਰਾਂਟੋ ਏਰੀਏ ਤੋਂ ਵੀਹ ਨਾਮਵਰ ਕਹਾਣੀਕਾਰਾਂ ਨੇ ਭਾਗ ਲਿਆ ਤੇ ਸਮੇਂ
ਦੀ ਪਬੰਦੀ ਵਿੱਚ ਰਹਿੰਦਿਆਂ ਇਸ ਮੀਟਿੰਗ ਵਿੱਚ ਚਾਰ ਕਹਾਣੀਆਂ ਤੇ ਭਰਪੂਰ
ਵਿਚਾਰ ਚਰਚਾ ਹੋਈ।
ਇਸ ਮੀਟਿੰਗ ਦੀ ਪ੍ਰਧਾਨਗੀ ਵਿਦਵਾਨ ਲੇਖਕ ਅਤੇ ਅਲੋਚਕ ਸੁਰਜਣ ਜ਼ੀਰਵੀ ਜੀ
ਨੇ ਕੀਤੀ ਅਤੇ ਮੀਟਿੰਗ ਦੀ ਸੰਚਾਲਨਾ ਬਲਬੀਰ ਸੰਘੇੜਾ ਜੀ ਵਲੋਂ ਕੀਤੀ ਗਈ।
ਸ਼ੁਰੂ ਵਿੱਚ ਸੰਸਥਾ ਦੇ ਵਿਧਾਨ ਸਬੰਧੀ ਵਿਚਾਰ ਵਟਾਂਦਰੇ ਹੋਏ ਤੇ ਕੁੱਝ
ਸਪਸ਼ਟੀਕਰਨ ਵੀ ਦਿੱਤੇ ਗਏ। ਇਸ ਗੱਲ ਤੇ ਤੌਖਲਾ ਵੀ ਪ੍ਰਗਟ ਕੀਤਾ ਗਿਆ ਕਿ
ਭਾਰਤੀ ਪੰਜਾਬ ਅੰਦਰ ਯੂਨੀਵਰਸਿਟੀਆਂ ਵਿੱਚ ਕੀਤੀਆਂ ਜਾਂਦੀਆਂ ਅੰਤਰਾਸ਼ਟਰੀ
ਕਾਨਫਰੰਸਾਂ ਵਿੱਚ ਪਰਵਾਸੀ ਸਾਹਿਤ ਜਾਂ ਸਰੋਕਾਰਾਂ ਤੇ ਗੱਲ ਕਰਦਿਆਂ ਇੱਕ
ਪਾਸੜ ਤੇ ਅਧੂਰੀ ਜਾਣਕਾਰੀ ਹੀ ਪੇਸ਼ ਕੀਤੀ ਜਾ ਰਹੀ ਹੈ, ਜੋ ਕਿ ਠੀਕ ਨਹੀਂ
ਹੈ।
ਸੰਚਾਲਕ ਬਲਬੀਰ ਕੌਰ ਸੰਘੇੜਾ ਨੇ ਮੀਟਿੰਗ ਦੀ ਸਭ ਤੋਂ ਪਹਿਲੀ ਕਹਾਣੀ
ਕੁਲਜੀਤ ਮਾਨ ਜੀ ਨੂੰ ਪੜ੍ਹਨ ਲਈ ਕਿਹਾ। ਕਹਾਣੀ ਦਾ ਨਾਂ ਸੀ ‘ਨੈਕਲੈਸ’ ਇਹ
ਕਹਾਣੀ ਇੱਕ ਨਿਵੇਕਲੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਸੀ ਜਿਸਦਾ ਅਧਾਰ ਸੀ
ਜੈਂਡਰ ਕੰਪਲੈਕਸ। ਜੋ ਇੱਕ ਅਜਿਹਾ ਮਨੋਰੋਗ ਹੈ ਜੋ ਪਰਤੱਖ ਦਿਖਾਈ ਨਹੀਂ
ਦਿੰਦਾ ਪਰ ਭਾਰਤੀ ਕਮਿਉਨਟੀ ਇਸ ਦੀ ਵੱਡੀ ਪੱਧਰ ਤੇ ਸ਼ਿਕਾਰ ਹੈ। ਇਸੇ ਕਰਕੇ
ਉਸ ਦੀ ਵਿਰੋਧੀ ਲਿੰਗ ਪ੍ਰਤੀ ਰੁਚੀ ਹਮੇਸ਼ਾਂ ਉਲਾਰ ਹੀ ਰਹੀ ਹੈ। ਪਰ ਜਦੋਂ
ਅਸੀਂ ਦੂਸਰੀਆਂ ਕੌਮਾਂ ਨਾਲ ਵਿਚਰਦੇ ਹਾਂ ਤਾਂ ਸਾਡਾ ਇਹ ਪੱਖ ਕਿਸੇ ਹੋਰ
ਤਰ੍ਹਾਂ ਉਜਾਗਰ ਹੁੰਦਾ ਹੈ। ਲੇਖਕ ਕੁਲਜੀਤ ਮਾਨ ਨੇ ਇਸੇ ਮਨੋਵਿਰਤੀ ਨੂੰ
ਬਾਖੂਬੀ ਉਭਾਰਿਆ। ਇਹ ਇੱਕ ਲੰਬੀ ਕਹਾਣੀ ਸੀ ਜੋ ਮੈਂ ਪਾਤਰ ਅਤੇ ਲੈਲਾ ਰਾਹੀਂ
ਫੈਲਦੀ ਹੋਈ ਬਹੁਤ ਕੁੱਝ ਕਹਿ ਜਾਂਦੀ ਹੈ। ਜਿਸ ਵਿੱਚ ਮਰਦ ਦੇ ਦੋਗਲੇ ਪਣ ਨੂੰ
ਪੇਸ਼ ਕੀਤਾ ਗਿਆ ਸੀ। ਇਸ ਕਹਾਣੀ ਨੇ ਅੰਤ ਤੱਕ ਸਰੋਤਿਆਂ ਨੂੰ ਬੰਨੀ ਰੱਖਿਆ।
ਕਹਾਣੀ ਪੜ੍ਹੇ ਜਾਣ ਉਪਰੰਤ ਇਸ ਕਹਾਣੀ ਤੇ ਭਰਪੂਰ ਬਹਿਸ ਹੋਈ ਤੇ ਬਹੁਤ ਸਾਰੇ
ਪ੍ਰਸ਼ਨ ਵੀ ਉਠਾਏ ਗਏ। ਪਾਤਰਾਂ ਦੀ ਬਹੁਤਾਤ ਅਤੇ ਵਿਸਥਾਰ ਬਾਰੇ ਬੋਲਦਿਆਂ
ਕੁਲਜੀਤ ਮਾਨ ਨੇ ਕਿਹਾ ਕਿ ਜਦੋਂ ਦੂਸਰੀਆਂ ਕੌਮਾਂ ਤੇ ਉਨ੍ਹਾਂ ਦੇ ਸੱਭਿਆਚਾਰ
ਨੂੰ ਜੇ ਤਹਿ ਤੱਕ ਫਰੋਲਣਾ ਹੋਵੇ ਤਾਂ ਇਹ ਵਿਸਥਾਰ ਸੁਭਾਵਕ ਹੈ। ਬਲਰਾਜ
ਚੀਮਾਂ ਨੇ ਕਹਾਣੀ ਦੇ ਸੰਵਾਦਾਂ ਨੂੰ ਸਰਾਹਿਆ ਅਤੇ ਸੁਰਜਣ ਜ਼ੀਰਵੀ ਨੇ ਕਹਾਣੀ
ਦੇ ਢਾਂਚੇ ਨੂੰ ਨਵੀਨ ਵਿਸ਼ੇ ਅਨੁਸਾਰ ਢੁਕਵਾਂ ਦੱਸਿਆ ਅਤੇ ਕੁਲਜੀਤ ਮਾਨ ਦੀ
ਕਹਾਣੀ ਨੂੰ ਇੱਕ ਸਫ਼ਲ ਕਹਾਣੀ ਕਿਹਾ।
ਦੂਸਰੀ ਕਹਾਣੀ ਪਾਕਿਸਤਾਨੀ ਮੂਲ ਦੀ ਲੇਖਿਕਾ ਤਲਤ ਜ਼ਾਹਰਾ ਨੇ ਉਰਦੂ ਵਿੱਚ
ਪੜ੍ਹੀ ਜਿਸ ਦਾ ਸਿਰਲੇਖ ਸੀ ‘ਬਰਫ਼ ਕਾ ਸਹਿਰਾ’ ਇਸ ਕਹਾਣੀ ਦੀ ਬੁਣਤਰ ਮਨੁੱਖੀ
ਰਿਸ਼ਤਿਆਂ ਦੀ ਪੇਚੀਦਗੀ ਸੀ। ਜਦੋਂ ਪਤੀ ਪਤਨੀ ਦਾ ਰਿਸ਼ਤਾ ਤਿੜਕ ਜਾਂਦਾ ਹੈ
ਤਾਂ ਇੱਕ ਬੱਚੇ ਤੇ ਇਸਦਾ ਕੀ ਪ੍ਰਭਾਵ ਪੈਂਦਾ ਹੈ। ਉਸ ਦੀ ਦਸ਼ਾ ਦੋ ਪਾੜਿਆਂ
ਵਿੱਚ ਘੁੰਮਦੀ ਬਾਲ ਵਰਗੀ ਹੈ ਜੋ ਹਾਲਾਤ ਦੇ ਠੇਡੇ ਖਾਂਦਾ ਕਦੀ ਏਧਰ ਤੇ ਕਦੀ
ਉਧਰ ਜਾਂਦਾ ਹੈ। ਇਸ ਕਹਾਣੀ ਦੀ ਰਵਾਨੀ ਤੇ ਸੰਵਾਦ ਕਮਾਲ ਦੇ ਸਨ। ਕੁੱਝ
ਦੋਸਤਾਂ ਨੇ ਔਖੇ ਉਰਦੂ ਲਫਜਾਂ ਦੇ ਅਰਥ ਜਾਨਣੇ ਚਾਹੇ ਤੇ ਕਿਸੇ ਨੇ ਕਹਾਣੀ
ਵਿੱਚ ਪਈਆਂ ਗੁੰਝਲਾਂ ਨੂੰ ਖੋਹਲਣ ਦੀ ਗੱਲ ਕਹੀ। ਕੁੱਲ ਮਿਲਾ ਕੇ ਇਸ ਕਹਾਣੀ
ਨੂੰ ਵੀ ਇੱਕ ਸਫ਼ਲ ਅਤੇ ਨਿਵੇਕਲੀ ਕਿਸਮ ਦੀ ਕਹਾਣੀ ਮੰਨਿਆ ਗਿਆ। ਲੇਖਕਾਂ ਨੇ
ਸਾਰਥਕ ਸੁਝਾਵਾਂ ਲਈ ਸਾਰੇ ਪੜਚੋਲਕਾਂ ਦਾ ਧੰਨਵਾਦ ਕੀਤਾ।
ਤੀਸਰੀ ਕਹਾਣੀ ਚਿੱਤਰਕਾਰ ਪਰਵੀਨ ਕੌਰ ਦੀ ਲਿਖੀ ਹੋਈ ‘ਬ੍ਰਿਹਾ’ ਸੀ। ਜਿਸ
ਵਿੱਚ ਇਹ ਦ੍ਰਸਾਇਆ ਗਿਆ ਸੀ ਕਿ ਹੁਣ ਉਹ ਸਮਾਂ ਨਹੀਂ ਹੈ ਕਿ ਔਰਤਾਂ ਕਿਸੇ
ਲਾਲਚੀ ਜਾਂ ਧੋਖੇਬਾਜ ਪਤੀ ਦੀ ਉਡੀਕ ਵਿੱਚ ਸਾਰੀ ਉਮਰ ਹੀ ਲੰਘਾ ਦੇਣ ਤੇ
ਬ੍ਰਿਹਾ ਭੋਗਦੀਆਂ ਰਹਿਣ। ਅਜੋਕੀ ਔਰਤ ਆਪਣੀ ਜ਼ਿੰਦਗੀ ਨੂੰ ਬਣਾਉਣ ਤੇ ਮਾਨਣ
ਦੀ ਸ਼ਕਤੀ ਰੱਖਦੀ ਹੈ। ਇਸ ਕਹਾਣੀ ਦੀ ਮੁੱਖ ਪਾਤਰ ਤੇਜਵੀਰ ਵੀ ਅੰਟੀ ਪਾਤਰ
ਨੂੰ ਬੜੇ ਮਾਣ ਨਾਲ ਦੱਸਦੀ ਹੈ ਕਿ ਉਸ ਨੇ ਦਾਜ ਦੇ ਲੋਭੀ ਪਤੀ ਤੋਂ ਖਹਿੜਾ
ਛੁਡਾ ਕੇ ਨਵੇਂ ਸਿਰੇ ਤੋਂ ਹੋਰ ਜੀਵਨ ਸ਼ੁਰੂ ਕਰ ਲਿਆ ਹੈ। ਇਸ ਕਹਾਣੀ ਦੇ
ਵਿਸ਼ੇ ਨੂੰ ਭਾਵੇਂ ਸਲਾਹਿਆ ਗਿਆ ਪਰ ਤਕਨੀਕ ਪੱਖਂੋ ਕਾਫ਼ੀ ਸੁਝਾਅ ਵੀ ਦਿੱਤੇ
ਗਏ। ਕਈ ਅਲੋਚਕਾਂ ਨੇ ਇਸ ਨੂੰ ਪਰਵੀਨ ਕੌਰ ਦੀ ਵਧੀਆ ਕਹਾਣੀ ਕਿਹਾ। ਪਰਵੀਨ
ਕੌਰ ਨੇ ਆਪਣੇ ਵਲੋਂ ਕੁੱਝ ਸਪਸ਼ਟੀਕਰਨ ਦਿੰਦਿਆਂ ਹੋਇਆਂ ਆਏ ਸੁਝਾਵਾਂ ਦਾ
ਸੁਆਗਤ ਕੀਤਾ ਤੇ ਕਹਾਣੀ ਨੂੰ ਮੁੜ ਵਿਚਾਰਨ ਦੀ ਹਾਮੀ ਭਰੀ। ਵਿਚਾਰ ਵਟਾਂਦਰੇ
ਦੇ ਦੌਰ ਵਿੱਚ ਚਾਹ ਪਾਣੀ ਅਤੇ ਸਨੈਕ ਵੀ ਪਰੋਸੇ ਜਾਂਦੇ ਰਹੇ।
ਇਸ ਕਹਾਣੀ ਬੈਠਕ ਦੀ ਚੌਥੀ ਕਹਾਣੀ ਇਸ ਮਹਿਫ਼ਲ ਦੀ ਹੋਸਟ ਬਰਜਿੰਦਰ ਕੌਰ
ਗੁਲਾਟੀ ਨੇ ਪੇਸ਼ ਕੀਤੀ ਜਿਸ ਦਾ ਨਾਂ ਸੀ ‘ਸਿਉਂਕ’ ਇਸ ਵਿੱਚ ਕੈਂਸਰ ਪੀੜਤ
ਔਰਤ ਦੀ ਮਾਨਸਿਕਤਾ ਨੂੰ ਬਿਆਨਿਆ ਗਿਆ ਸੀ ਜਿਸ ਦਾ ਜਿਸਮ ਮੁੱਕਣ ਕਿਨਾਰੇ ਹੈ
ਪਰ ਉਸ ਨੂੰ ਆਪਣੇ ਪਤੀ ਤੇ ਬੱਚਿਆਂ ਦਾ ਫ਼ਿਕਰ ਹੈ। ਉਹ ਸੋਚਦੀ ਹੈ ਕਿ ਜੇ
ਉਸਦਾ ਪਤੀ ਉਸਦੇ ਮਰਨ ਤੋਂ ਬਾਅਦ ਦੂਸਰਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜੀਵਨ
ਸਾਥ ਤੇ ਬੱਚਿਆਂ ਨੂੰ ਮਾਂ ਮਿਲ ਸਕਦੀ ਹੈ। ਬਾਕੀ ਤਿੰਨ ਕਹਾਣੀਆਂ ਵਾਂਗ ਇਸ
ਕਹਾਣੀ ਦੀ ਰਹਿਤਲ ਵੀ ਕੈਨੇਡੀਅਨ ਸੀ। ਜਿਸ ਵਿੱਚ ਕੈਨੇਡਾ ਦੀ ਰੁਝੇਵਿਆਂ ਭਰੀ
ਜਿੰਦਗੀ ਨੂੰ ਬਾਖੂਬੀ ਚਿਤਰਿਆ ਗਿਆ ਸੀ। ਇਸ ਕਹਾਣੀ ਦੀ ਬੁਣਤਰ ਤੇ ਵੀ ਕੁੱਝ
ਸਵਾਲ ਉੱਠੇ ਅਤੇ ਕੁੱਝ ਸੁਝਾਅ ਵੀ ਆਏ ਜਿਸ ਨੂੰ ਲੇਖਿਕਾ ਨੇ ਖਿੜੇ ਮੱਥੇ
ਪ੍ਰਵਾਨ ਕੀਤਾ ਤੇ ਸਾਰੇ ਅਲੋਚਕਾਂ ਦਾ ਨਿੱਗਰ ਸੁਝਾਅ ਦੇਣ ਲਈ ਤੇ ਆਪਣੇ ਘਰ
ਤਸ਼ਰੀਫ ਲਿਆਉਣ ਲਈ ਧੰਨਵਾਦ ਵੀ ਕੀਤਾ।
ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਕਹਾਣੀ ਵਿਚਾਰ ਮੰਚ
ਟੋਰਾਂਟੋ ਪਿਛਲੇ ਵੀਹ ਸਾਲਾਂ ਤੋਂ ਨਿਰਵਿਘਨ ਤ੍ਰੈਮਾਸਿਕ ਕਹਾਣੀ ਬੈਠਕਾਂ
ਕਰਵਾਉਂਦੀ ਆ ਰਹੀ ਹੈ। ਇਨ੍ਹਾਂ ਮੀਟਿੰਗਾਂ ਵਿੱਚ ਪੜ੍ਹੀਆਂ ਗਈਆਂ ਕਹਾਣੀਆਂ
ਸਾਹਿਤਕ ਪਰਚਿਆਂ ਤੇ ਪੁਸਤਕਾਂ ਦਾ ਸ਼ਿਗਾਰ ਬਣਦੀਆਂ ਰਹੀਆਂ ਨੇ। ਕੈਨੇਡੀਅਨ
ਪੰਜਾਬੀ ਕਹਾਣੀ, ਮੁੱਖ ਧਾਰਾ ਦੀ ਕਹਾਣੀ ਦਾ ਅਹਿਮ ਹਿੱਸਾ ਵੀ ਰਹੀ ਹੈ। ਇਸ
ਸਮੇਂ ਦੌਰਾਨ ਕਹਾਣੀ ਵੱਖੋ ਵੱਖਰੇ ਪੜ੍ਹਾਵਾਂ ਚੋਂ ਗੁਜਰਦੀ ਹੋਈ ਹੁਣ ਏਸ
ਮੁਕਾਮ ਤੇ ਪਹੁੰਚ ਚੁੱਕੀ ਹੈ ਜਿਸ ਨੇ ਕੈਨੇਡੀਅਨ ਮੁੱਖ ਧਾਰਾ ਦੇ ਜੀਵਨ ਨੂੰ
ਬਿਆਨਣਾ ਤੇ ਦੂਸਰੀਆਂ ਕੌਮਾਂ ਨਾਲ ਸੰਵਾਦ ਰਚਾਉਣਾ ਵੀ ਸ਼ੁਰੂ ਕੀਤਾ ਹੈ। ਇਸ
ਵਾਰ ਪੜ੍ਹੀਆਂ ਗਈਆਂ ਚਾਰੇ ਕਹਾਣੀਆਂ ਇਸ ਗੱਲ ਦਾ ਸਬੂਤ ਨੇ ਜੋ ਕਿ ਇੱਕ ਬਹੁਤ
ਚੰਗਾ ਸ਼ਗਨ ਹੈ।
ਪੰਜਵੀਂ ਕਹਾਣੀ ਲਈ ਪੰਜਾਬ ਤੋਂ ਪਹੁੰਚੀ ਨਾਮਵਰ ਕਹਾਣੀਕਾਰਾ ਨਿਰਮਲ
ਜਸਵਾਲ ਤਿਆਰ ਬਰ ਤਿਆਰ ਸੀ। ਪਰ ਸਮੇਂ ਨੇ ਆਗਿਆ ਨਹੀਂ ਦਿੱਤੀ। ਰਾਤ ਦੇ ਦਸ
ਵੱਜ ਚੁੱਕੇ ਸਨ ਤੇ ਖਾਣਾ ਪਰੋਸਿਆ ਜਾ ਚੁੱਕਾ ਸੀ। ਐਤਵਾਰ ਦੀ ਰਾਤ ਹੋਣ ਕਾਰਨ
ਸਭ ਨੂੰ ਦੂਸਰੇ ਦਿਨ ਕੰਮਾਂ ਤੇ ਜਾਣ ਦੀ ਕਾਹਲ ਹੋਣ ਕਾਰਨ ਗਿਆਰਾਂ ਵਜੇ ਦੇ
ਕਰੀਬ ਹੀ ਮਹਿਫਲ ਨੂੰ ਸੰਤੋਖਣਾ ਪਿਆ। ਸੁਰਜਣ ਜ਼ੀਰਵੀ ਜੀ ਨੇ ਆਪਣੇ ਪ੍ਰਧਾਨਗੀ
ਬੋਲਾਂ ਵਿੱਚ ਇਸ ਮਹਿਫਲ ਨੂੰ ਇੱਕ ਸਫਲ ਮੀਟਿੰਗ ਦੱਸਿਆ ਜਿਸ ਵਿੱਚ ਹੋਈ
ਅਲੋਚਨਾਂ ਦੇ ਪੱਧਰ ਨੂੰ ਸਲਾਹਿਆ ਗਿਆ। ਉਨ੍ਹਾਂ ਪੜ੍ਹੀਆਂ ਗਈਆਂ ਕਹਾਣੀਆਂ ਤੇ
ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਚਾਰੋ ਕਹਾਣੀਕਾਰ ਵਧਾਈ ਦੇ ਪਾਤਰ ਹਨ।
ਮੀਟਿੰਗ ਦੇ ਅੰਤ ਵਿੱਚ ਕਹਾਣੀ ਵਿਚਾਰ ਮੰਚ ਦੀ ਸੰਚਾਲਿਕਾ ਬਲਬੀਰ ਕੌਰ
ਸੰਘੇੜਾ ਨੇ ਮੇਜਬਾਨ ਗੁਲਾਟੀ ਪਰਿਵਾਰ ਦਾ ਤਹਿਦਿਲੋਂ ਸ਼ੁਕਰੀਆ ਅਦਾ ਕੀਤਾ
ਜਿਨ੍ਹਾਂ ਨੇ ਆਪਣੇ ਖੂਬਸੂਰਤ ਨਿਵਾਸ ਤੇ ਸੁਆਦਲੇ ਪਕਵਾਨ ਪਰੋਸ ਕੇ
ਮਹਿਮਾਨਨਿਵਾਜੀ ਦੀ ਤਹਿ ਹੀ ਤੋੜ ਦਿੱਤੀ ਸੀ। ਇਸ ਤ੍ਰੈਮਾਸਿਕ ਕਹਾਣੀ ਬੈਠਕ
ਵਿੱਚ ਜਿਹਨਾਂ ਹੋਰ ਲੇਖਕਾਂ ਅਤੇ ਅਲੋਚਕਾਂ ਨੇ ਭਾਗ ਲਿਆ ਉਹਨਾਂ ਦੇ ਨਾਂ ਇਸ
ਪ੍ਰਕਾਰ ਹਨ, ਸਰਵ ਸ੍ਰੀ ਬਲਰਾਜ ਚੀਮਾਂ, ਲਾਲ ਸਿੰਘ ਸੰਘੇੜਾ, ਅਮ੍ਰਿਤ
ਜ਼ੀਰਵੀ, ਮਨਮੋਹਣ ਗੁਲਾਟੀ, ਬਲਦੇਵ ਦੂਹੜੇ, ਲਖਬੀਰ ਸਿੰਘ ਤੁਲੀ, ਜਤਿੰਦਰ
ਰੰਧਾਵਾ, ਸੁਰਜੀਤ ਕੌਰ, ਡਾ: ਕਮਲਜੀਤ ਢਿੱਲੋਂ, ਪਰਮਜੀਤ ਦਿਓਲ, ਕੁਲਦੀਪ ਕੌਰ
ਦੂਹੜੇ।
ਮੀਡੀਆ ਸੰਚਾਲਕ ਮੇਜਰ ਮਾਂਗਟ ਨੇ ਇਸ ਮੀਟਿੰਗ ਦੀ ਕਾਰਵਾਈ ਨੂੰ ਸ਼ਬਦਾਂ ਤੇ
ਤਸਵੀਰਾਂ ਰਾਹੀਂ ਸੰਭਾਲਿਆ। “ਹੁਣ ਜੁਲਾਈ ਦੀ ਮੀਟਿੰਗ ਪਰਵੀਨ ਕੌਰ ਵਲ
ਹੋਵੇਗੀ” ਦਾ ਐਲਾਨ ਕਰਦਿਆਂ ਮੁੱਖ ਸੰਚਾਲਕ ਬਲਬੀਰ ਸੰਘੇੜਾ ਨੇ ਮੀਟਿੰਗ ਦੀ
ਸਮਾਪਤੀ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕਹਾਣੀਕਾਰਾਂ ਅਤੇ ਅਲੋਚਕਾਂ ਦਾ ਇਹ
ਮੇਲਾ ਫੇਰ ਮਿਲਣ ਦਾ ਵਾਅਦਾ ਕਰਦਾ ਹੋਇਆ ਵਿੱਛੜ ਗਿਆ ਅਤੇ ਸਫ਼ਲਤਾ ਦੀ ਇੱਕ
ਨਿਵੇਕਲੀ ਛਾਪ ਵੀ ਛੱਡ ਗਿਆ।