ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਹਰਿਆਣਾ ਪੰਜਾਬੀ
ਸਾਹਿਤ ਅਕਾਡਮੀ ਪੰਚਕੂਲਾ ਦੇ ਸਹਿਯੋਗ ਨਾਲ ‘ਨਵੀਂ ਪੰਜਾਬੀ ਕਹਾਣੀ : ਜਗਤ
ਅਤੇ ਜੁਗਤ’ ਦੇ ਥੀਮ ਨੂੰ ਲੈ ਕੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ
ਯੂਨੀਵਰਸਿਟੀ ਦੇ ਸੈਨਟ ਹਾਲ ਵਿਚ ਕੀਤਾ ਗਿਆ। ਵਿਭਾਗ ਵੱਲੋਂ ਇਸ ਸੈਸ਼ਨ ਦਾ ਇਹ
ਤੀਸਰਾ ਸੈਮੀਨਾਰ ਸੀ। ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਸੈਮੀਨਾਰ ਦੇ
ਡਾਇਰੈਕਟਰ ਅਤੇ ਚੇਅਰਮੈਨ ਪੰਜਾਬੀ ਵਿਭਾਗ ਪ੍ਰੋਫ਼ੈਸਰ ਹਰਸਿਮਰਨ ਸਿੰਘ ਰੰਧਾਵਾ
ਨੇ ਸੈਮੀਨਾਰ ਦੇ ਥੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਹਾਣੀ ਇਸ ਸਮੇਂ
ਦੁਨੀਆ ਦੀ ਹਰ ਭਾਸ਼ਾ ਵਿਚ ਪ੍ਰਾਪਤ ਹੋਣ ਕਰਕੇ ਜਿੱਥੇ ਇਕ ਕੌਮਾਂਤਰੀ ਵਿਧਾ
ਮੰਨੀ ਜਾ ਸਕਦੀ ਹੈ ਉੱਥੇ ਇਸ ਨੂੰ ਆਧੁਨਿਕ ਸਾਹਿਤ ਦੀ ਸਭ ਤੋਂ ਹਰਮਨ ਪਿਆਰੀ
ਵਿਧਾ ਵੀ ਕਿਹਾ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਚ
ਕਹਾਣੀ ਆਪਣੀ ਉਮਰ ਦੇ 80 ਸਾਲ ਪੂਰੇ ਕਰਕੇ ਚੌਥੇ ਪੜਾਅ ’ਤੇ ਪਹੁੰਚ ਚੁੱਕੀ
ਹੈ ਅਤੇ ਇਸ ਸਮੇਂ ਜੋ ਕਹਾਣੀ ਪੰਜਾਬੀ ਵਿਚ ਲਿਖੀ ਮਿਲਦੀ ਹੈ ਉਹ ਬਹੁਤ ਹੀ
ਵੰਨ-ਸਵੰਨੀ ਹੈ ਤੇ ਇਸਦਾ ਘੇਰਾ ਵੀ ਬਹੁਤ ਵਿਸ਼ਾਲ ਹੈ ਕਿਉਂਕਿ ਇਹ ਨਾ ਸਿਰਫ਼
ਭਾਰਤੀ ਪੰਜਾਬ ਵਿਚ ਲਿਖੀ ਜਾ ਰਹੀ ਰਹੀ ਹੈ ਬਲਕਿ ਭਾਰਤ ਦੇ ਹੋਰ ਸੂਬਿਆਂ ਵਿਚ
ਬੈਠੇ ਪੰਜਾਬੀ ਸਾਹਿਤਕਾਰ ਵੀ ਕਹਾਣੀ ਲਿਖ ਰਹੇ ਹਨ, ਪਰਵਾਸ ਵਿਚ ਬੈਠੇ
ਪੰਜਾਬੀ ਸਾਹਿਤਕਾਰ ਵੀ ਵੱਡੀ ਮਾਤਰਾ ਵਿਚ ਕਹਾਣੀ ਸਿਰਜਣਾ ਨਾਲ ਜੁੜੇ ਹੋਏ ਹਨ
ਇਸੇ ਤਰਾਂ ਪਾਕਿਸਤਾਨ ਵਿਚ ਪੰਜਾਬੀ ਵਿਚ ਲਿਖੀ ਹੋਈ ਬਹੁਤ ਚੰਗੀ ਕਹਾਣੀ
ਮਿਲਦੀ ਹੈ।
ਇਸ ਉਪਰੰਤ ਇਸ ਸੈਮੀਨਾਰ ਦਾ ਉਦਘਾਟਨੀ ਭਾਸ਼ਣ ਪੇਸ਼ ਕਰਦਿਆਂ ਕੁਰੂਕੁਸ਼ੇਤਰ
ਯੂਨੀਵਰਸਿਟੀ ਦੇ ਵਾਈਸ ਵਾਂਸਲਰ ਲੈਫ਼.ਜਨ. ਡਾ. ਡੀ.ਡੀ.ਐੱਸ. ਸੰਧੂ ਹੋਰਾਂ ਨੇ
ਕਿਹਾ ਕਿ ਨਵੇਂ ਸਾਹਿਤ ਉੱਤੇ ਸੈਮੀਨਾਰ ਦਾ ਆਯੋਜਨ ਕਰਨਾ ਬੜਾ ਹੀ ਚੁਣੌਤੀ
ਭਰਪੂਰ ਕਾਰਜ ਹੁੰਦਾ ਹੈ ਕਿਉਂਕਿ ਨਵੇਂ ਬਾਰੇ ਗੱਲ ਕਰਨੀ ਥੋੜੀ ਔਖੀ ਹੁੰਦੀ
ਹੈ ਇਸ ਲਈ ਬਹੁਤੇ ਵਿਦਵਾਨ ਤਿਆਰ ਨਹੀਂ ਹੁੰਦੇ ਪਰ ਅੱਜ ਦੇ ਆਯੋਜਨ ਤੋਂ ਲਗ
ਰਿਹਾ ਹੈ ਕਿ ਪੰਜਾਬੀ ਵਿਦਵਾਨ ਆਪਣੇ ਫ਼ਰਜ਼ ਨੂੰ ਬਾਖੂਬੀ ਪਛਾਣਦੇ ਹਨ ਅਤੇ
ਨਵੇਂ ਸਾਹਿਤ ਬਾਰੇ ਨਿੱਠ ਕੇ ਗੱਲ ਕਰ ਰਹੇ ਹਨ। ਆਧੁਨਿਕ ਪੰਜਾਬੀ ਗਲਪ ਦੀ
ਪ੍ਰਸਿੱਧ ਵਿਦਵਾਨ ਪ੍ਰੋਫ਼ੈਸਰ ਧਨਵੰਤ ਕੌਰ ਨੇ ਇਸ ਸੈਮੀਨਾਰ ਵਿਚ ਮੁਖ ਭਾਸ਼ਣ
ਪੇਸ਼ ਕਰਦਿਆਂ ਕਿਹਾ ਕਿ ਕਿਉਂਕਿ ਇਹ ਸਮਾਂ ਚੁਣੌਤੀਆਂ ਭਰਪੂਰ ਹੈ ਇਸ ਲਈ ਨਵੀਂ
ਪੰਜਾਬੀ ਕਹਾਣੀ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿੱਥੇ ਇਹ ਕਹਾਣੀ ਆਪਣੇ ਤੋਂ ਪੂਰਵਲੀ ਪੰਜਾਬੀ ਕਹਾਣੀ ਤੋਂ ਵਿੱਥ ਸਥਾਪਤ ਕਰਨ
ਵਿਚ ਸਫ਼ਲ ਰਹੀ ਹੈ ਉੱਥੇ ਇਸ ਨੇ ਨਵੀਂ ਚੁਣੌਤੀਆਂ ਨੂੰ ਪੇਸ਼ ਕਰਨ ਵਿਚ
ਕਾਮਯਾਬੀ ਹਾਸਲ ਕੀਤੀ ਹੈ। ਇਸ ਕਹਾਣੀ ਵਿਚ ਇਕੋ ਸਮੇਂ ਸਥਾਨਕ, ਕੌਮੀ ਅਤੇ
ਕੌਮਾਂਤਰੀ ਮਸਲੇ ਪ੍ਰਾਪਤ ਹੁੰਦੇ ਹਨ ਅਤੇ ਇਨਾਂ ਨੂੰ ਪੇਸ਼ ਕਰਨ ਦੀਆਂ ਨਵੀਆਂ
ਜੁਗਤਾਂ ਵੀ ਮਿਲਦੀਆਂ ਹਨ। ਪ੍ਰੋਫ਼ੈਸਰ ਧਨਵੰਤ ਕੌਰ ਨੇ ਕੁਝ ਮਹੱਤਵਪੂਰਨ
ਕਹਾਣੀਆਂ ਦੇ ਹਵਾਲੇ ਨਾਲ ਆਪਣੀ ਗੱਲ ਨੂੰ ਸਪੱਸ਼ਟ ਕੀਤਾ। ਇਸ ਉਦਘਾਟਨੀ ਸੈਸ਼ਨ
ਦਾ ਪ੍ਰਧਾਨਗੀ ਭਾਸ਼ਣ ਪੇਸ਼ ਕਰਦਿਆਂ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਦੇ
ਡਾਇਰੈਕਟਰ ਸ਼੍ਰੀ ਸੁਖਚੈਨ ਸਿੰਘ ਭੰਡਾਰੀ ਨੇ ਕਿਹਾ ਕਿ ਮੈਨੂੰ ਇਸ ਸੈਮੀਨਾਰ
ਦੇ ਵਿਚ ਅਕਾਡਮੀ ਨੂੰ ਸਹਿਯੋਗੀ ਬਣਾ ਕੇ ਬਹੁਤ ਹੀ ਤਸੱਲੀ ਹੋਈ ਹੈ। ਉਸਨੇ
ਕਿਹਾ ਕਿ ਹੁਣ ਤੱਕ ਜੋ ਗੱਲਾਂ ਨਵੀਂ ਪੰਜਾਬੀ ਕਹਾਣੀ ਦੇ ਸਬੰਧ ਵਿਚ ਹੋਈਆਂ
ਹਨ ਉਹ ਬਹੁਤ ਹੀ ਤਸੱਲੀਬਖ਼ਸ਼ ਹਨ ਅਤੇ ਮੈਨੂੰ ਉਮੀਦ ਹੈ ਕਿ ਇਸ ਬਾਰੇ ਅਗਲੇ
ਅਕਾਡਮਿਕ ਸੈਸ਼ਨਾਂ ਵਿਚ ਹੋਰ ਵੀ ਵਿਸਥਾਰ ਵਿਚ ਗੱਲਾਂ ਹੋਣਗੀਆਂ।
ਉਦਘਾਟਨੀ ਸੈਸ਼ਨ ਦੇ ਅਖੀਰ ਵਿਚ ਧੰਨਵਾਦ ਪੇਸ਼ ਕਰਦਿਆਂ ਯੂਨੀਵਰਸਿਟੀ ਦੇ
ਡੀਨ, ਕਲਾ ਤੇ ਭਾਸ਼ਾਵਾਂ, ਪ੍ਰੋਫ਼ੈਸਰ ਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ
ਪੰਜਾਬੀ ਵਿਭਾਗ ਵੱਲੋਂ ਨਵੇਂ ਪੰਜਾਬੀ ਸਾਹਿਤ ਉੱਪਰ ਕਰਵਾਇਆ ਗਿਆ ਇਹ ਤੀਸਰਾ
ਸੈਮੀਨਾਰ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਨਵੀਂ ਪੰਜਾਬੀ ਕਵਿਤਾ, ਨਵਾਂ
ਪੰਜਾਬੀ ਨਾਵਲ ਉੱਪਰ ਸੈਮੀਨਾਰ ਵਿਭਾਗ ਵੱਲੋਂ ਕਰਵਾਏ ਜਾ ਚੁੱਕੇ ਹਨ ਜਿਸ ਦੇ
ਬਹੁਤ ਹੀ ਚੰਗੇ ਸਿੱਟੇ ਨਿਕਲੇ ਸਨ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਨਵੀਂ
ਪੰਜਾਬੀ ਕਹਾਣੀ ਬਾਰੇ ਨਿੱਠ ਕੇ ਗੱਲ ਹੋਵੇਗੀ।
ਇਸ ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਗਲਪ ਦੇ
ਪ੍ਰਸਿੱਧ ਵਿਦਵਾਨ ਪ੍ਰੋਫ਼ੈਸਰ ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕੀਤੀ ਅਤੇ ਇਸ
ਵਿਚ ਕੋ-ਪ੍ਰਧਾਨ ਦੇ ਤੌਰ ’ਤੇ ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ
ਅਤੇ ਪ੍ਰੋਫ਼ੈਸਰ ਡਾ. ਨਰਵਿੰਦਰ ਸਿੰਘ ਕੌਸ਼ਲ ਸ਼ਾਮਲ ਸਨ। ਇਸ ਸੈਸ਼ਨ ਵਿਚ ਕੁਲ
ਚਾਰ ਪੇਪਰ ਪੜੇ ਗਏ ਜਿਸ ਵਿਚ ਪਹਿਲਾ ਪੇਪਰ ਦਿੱਲੀ ਯੂਨੀਵਰਸਿਟੀ ਤੋਂ ਪਹੁੰਚੇ
ਡਾ. ਰਵੀ ਰਵਿੰਦਰ ਦਾ ‘ਯਥਾਰਥ ਕਹਾਣੀ ਅਤੇ ਨਵੀਂ ਪੰਜਾਬੀ ਕਹਾਣੀ ਵਿਚ
ਕਿਸਾਨੀ ਯਥਾਰਥ’, ਦੂਸਰਾ ਪੇਪਰ ਜਲੰਧਰ ਤੋਂ ਆਏ ਪੰਜਾਬੀ ਗਲਪ ਦੇ ਪ੍ਰਸਿੱਧ
ਵਿਦਵਾਨ ਡਾ. ਰਜਨੀਸ਼ ਬਹਾਦਰ ਸਿੰਘ ਦਾ ‘ਨਵੀਂ ਪੰਜਾਬੀ ਕਹਾਣੀ ਵਿਚ ਪਾਤਰ
ਵਿਧਾਨ’ ਤੀਸਰਾ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ.
ਪਰਮਜੀਤ ਕੌਰ ਸਿੱਧੂ ਦਾ ‘ਨਵੀਂ ਪੰਜਾਬੀ ਕਹਾਣੀ ਵਿਚ ਦਲਿਤ ਚੇਤਨਾ’ ਅਤੇ
ਚੌਥਾ ਪੇਪਰ ਡੀ.ਏ.ਵੀ. ਕਾਲਜ, ਅੰਬਾਲਾ ਸ਼ਹਿਰ ਤੋਂ ਪਹੁੰਚੀ ਡਾ. ਗਗਨਦੀਪ ਕੌਰ
ਦਾ ‘ਅਜੋਕੀ ਪਰਵਾਸੀ ਪੰਜਾਬੀ ਕਹਾਣੀ ਵਿਚ ਨਾਰੀ ਸੰਵੇਦਨਾ ਦੇ ਬਦਲਦੇ
ਸਰੋਕਾਰ’ ਵਿਸ਼ੇ ਨਾਲ ਸਬੰਧਤ ਸੀ। ਪ੍ਰੋਫ਼ੈਸਰ ਦਵੇਸ਼ਵਰ ਨੇ ਇਸ ਸੈਸ਼ਨ ਦਾ
ਪ੍ਰਧਾਨਗੀ ਭਾਸ਼ਣ ਪੇਸ਼ ਕਰਦਿਆ ਕਿਹਾ ਕਿ ਹਰ ਵਿਦਵਾਨ ਨੇ ਆਪਣਾ ਪੇਪਰ ਬਹੁਤ ਹੀ
ਮਿਹਨਤ ਨਾਲ ਤਿਆਰ ਕੀਤਾ ਸੀ ਇਸ ਲਈ ਇਸ ਸੈਸ਼ਨ ਵਿਚ ਬਹੁਤ ਹੀ ਚੰਗੀਆਂ ਗੱਲਾਂ
ਹੋਈਆਂ ਹਨ। ਉਨਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਡਾ. ਰਜਨੀਸ਼ ਬਹਾਦਰ ਸਿੰਘ ਨੇ
ਨਵੀਂ ਬਣ ਰਹੀ ਜਾਤੀ ਅਤੇ ਜਮਾਤੀ ਸਥਿਤੀ ਨੂੰ ਨਵੀਂ ਕਹਾਣੀ ਕਿਵੇਂ ਪੇਸ਼ ਕਰ
ਰਹੀ ਹੈ, ਇਸ ਬਾਰੇ ਬਹੁਤ ਹੀ ਗਹਿਰੀਆਂ ਗੱਲਾਂ ਕੀਤੀਆਂ ਹਨ ਅਤੇ ਇਨਾਂ ਨੂੰ
ਵਿਚਾਰਨ ਦੀ ਲੋੜ ਹੈ।
ਇਸ ਸੈਮੀਨਾਰ ਦੇ ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਗਲਪ ਦੀ
ਪ੍ਰਸਿੱਧ ਵਿਦਵਾਨ ਪ੍ਰੋਫ਼ੈਸਰ ਧਨਵੰਤ ਕੌਰ ਨੇ ਕੀਤੀ ਅਤੇ ਕੋ-ਪ੍ਰਧਾਨ
ਪ੍ਰੋਫ਼ੈਸਰ ਰਜਿੰਦਰ ਸਿੰਘ ਭੱਟੀ ਸਨ। ਇਸ ਸੈਸ਼ਨ ਵਿਚ ਕੁਲ ਤਿੰਨ ਪੇਪਰ ਪੜੇ ਗਏ
ਜਿਸ ਵਿਚ ਪਹਿਲਾ ਪੇਪਰ ਪੰਜਾਬ ਯੂਨੀਵਰਸਿਟੀ ਤੋਂ ਪਹੁੰਚੇ ਪ੍ਰੋਫ਼ੈਸਰ
ਸੁਰਿੰਦਰ ਕੁਮਾਰ ਦਵੇਸ਼ਵਰ ਦਾ ‘ਕੇਸਰਾ ਰਾਮ ਦੀਆਂ ਕਹਾਣੀਆਂ ਵਿਚ ਨਵ-ਯਥਾਰਥ’,
ਦੂਸਰਾ ਪੇਪਰ ਦਿੱਲੀ ਯੁਨੀਵਰਸਿਟੀ ਤੋਂ ਆਏ ਡਾ. ਰਵਿੰਦਰ ਸਿੰਘ ਦਾ ‘ਬਲਬੀਰ
ਕੌਰ ਸੰਘੇੜਾ ਦੀਆਂ ਕਹਾਣੀਆਂ ਵਿਚ ਨਾਰੀ ਸੰਵੇਦਨਾ’, ਤੀਸਰਾ ਪੇਪਰ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ. ਕੁਲਦੀਪ ਸਿੰਘ ਦਾ
‘ਮਨਮੋਹਨ ਬਾਵਾ ਦੀਆਂ ਕਹਾਣੀਆਂ ਵਿਚ ਆਦਿਵਾਸੀਆਂ ਦੇ ਸਰੋਕਾਰ’ ਵਿਸ਼ੇ ਨਾਲ
ਸਬੰਧਤ ਸੀ। ਇਸ ਸੈਸ਼ਨ ਦਾ ਪ੍ਰਧਾਨਗੀ ਭਾਸ਼ਣ ਪੇਸ਼ ਕਰਦਿਆਂ ਪ੍ਰੋਫ਼ੈਸਰ ਧਨਵੰਤ
ਕੌਰ ਨੇ ਕਿਹਾ ਕਿ ਜਿੱਥੇ ਪਹਿਲੇ ਅਕਾਦਮਕ ਸੈਸ਼ਨ ਵਿਚ ਪੇਸ਼ ਹੋਏ ਪਰਚੇ ਨਵੀਂ
ਪੰਜਾਬੀ ਕਹਾਣੀ ਦੇ ਮੈਕਰੋ ਵਿਸ਼ਲੇਸ਼ਣ ਨਾਲ ਸਬੰਧਤ ਸਨ ਉੱਥੇ ਇਸ ਸੈਸ਼ਨ ਵਿਚ
ਪੇਸ਼ ਹੋਏ ਪੇਪਰ ਮਾਈਕਰੋ ਵਿਸ਼ਲੇਸ਼ਣ ਵਾਲੇ ਹਨ। ਉਨਾਂ ਨੇ ਕਿਹਾ ਕਿ ਇਹ ਅੱਜ ਦੇ
ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਰਚਨਾ ਸਾਹਿਤ ਦਾ ਹਿੱਸਾ
ਕਿਵੇਂ ਬਣਦੀ ਹੈ। ਜੇਕਰ ਅਸੀਂ ਇਨਾਂ ਤੱਤਾਂ ਦੀ ਪਛਾਣ ਕਰ ਲਈਏ ਤਾਂ ਰਚਨਾ ਦਾ
ਵਿਸ਼ਲੇਸ਼ਣ ਕਰਨਾ ਆਸਾਨ ਹੋ ਜਾਂਦਾ ਹੈ। ਵਿਦਾਇਗੀ ਸੈਸ਼ਨ ਦੇ ਮੁਖ ਮਹਿਮਾਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਜਸਵਿੰਦਰ
ਸਿੰਘ ਸਨ। ਇਸ ਸੈਸ਼ਨ ਵਿਚ ਸਭ ਤੋਂ ਪਹਿਲਾਂ ਸੈਮੀਨਾਰ ਦੀ ਰਿਪੋਰਟ ਪੰਜਾਬੀ
ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੋਜਾਰਥੀ ਰਹੇ ਅਤੇ ਹੁਣ ਪੰਜਾਬੀ
ਯੂਨੀਵਰਸਿਟੀ ਕਾਲਜ, ਜੈਤੋ ਦੇ ਪ੍ਰਾਧਿਆਕ ਡਾ. ਪਰਮਿੰਦਰ ਸਿੰਘ ਤੱਗੜ ਨੇ
ਵਿਸਥਾਰ ਵਿਚ ਪੇਸ਼ ਕੀਤੀ। ਮੁਖ ਮਹਿਮਾਨ ਦੇ ਤੌਰ ’ਤੇ ਆਪਣਾ ਭਾਸ਼ਣ ਪੇਸ਼
ਕਰਦਿਆਂ ਪ੍ਰੋਫ਼ੈਸਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਜਿਹੜਾ ਸਾਹਿਤ
ਲਿਖਿਆ ਜਾ ਰਿਹਾ ਹੈ ਉਸ ਨੂੰ ਚੰਗੇ ਅਤੇ ਮਾੜੇ ਦੀ ਕਸੌਟੀ ਤੋਂ ਪਰਖਣਾ ਬੜਾ
ਜ਼ਰੂਰੀ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਲਿਖਤ ਹੀ ਸਾਹਿਤ ਦੀ ਕਸਵੱਟੀ ’ਤੇ
ਪੂਰਿਆਂ ਉੱਤਰੇ। ਉਨਾਂ ਨੇ ਸਾਹਿਤ ਅਧਿਐਨ ਦੇ ਨੁਕਤਾ ਨਿਗਾਹ ਨੂੰ ਬਹੁਤ ਹੀ
ਬਾਰੀਕੀ ਨਾਲ ਸਪੱਸ਼ਟ ਕੀਤਾ।
ਇਸ ਸੈਮੀਨਾਰ ਦੀ ਸਮਾਪਤੀ ’ਤੇ ਬੋਲਦਿਆਂ ਪ੍ਰੋਫ਼ੈਸਰ ਹਰਸਿਮਰਨ ਸਿੰਘ
ਰੰਧਾਵਾ ਨੇ ਇਸ ਸੈਮੀਨਾਰ ਵਿਚ ਸ਼ਾਮਿਲ ਹੋਏ ਸਾਰੇ ਵਿਦਵਾਨਾਂ, ਹੋਰ
ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਪਹੁੰਚੇ ਪ੍ਰੋਫ਼ੈਸਰ ਸਾਹਿਬਾਨਾਂ ਅਤੇ
ਖੋਜਾਰਥੀਆਂ ਅਤੇ ਵਿਸ਼ੇਸ਼ ਤੌਰ ’ਤੇ ਵਿਭਾਗ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ
ਦਾ ਧੰਨਵਾਦ ਪੇਸ਼ ਕੀਤਾ। ਇਸ ਸੈਮੀਨਾਰ ਦੀ ਕਾਮਯਾਬੀ ਦਾ ਰਾਜ ਇਹ ਹੈ ਕਿ ਇਹ
ਸਵੇਰੇ 10.30 ਤੋਂ ਸ਼ੁਰੂ ਹੋ ਕੇ ਸ਼ਾਮ ਕਰੀਬ ਸੱਤ ਵਜੇ ਤੱਕ ਚਲਦਾ ਰਿਹਾ ਅਤੇ
ਇਸ ਸਾਰੇ ਸਮੇਂ ਦੌਰਾਨ ਸੈਨੇਟ ਹਾਲ ਵਿਚ ਭਰਵੀਂ ਹਾਜ਼ਰੀ ਦੇਖੀ ਗਈ।