ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ 27 ਅਪ੍ਰੈਲ ਨੂੰ ਆਪਣਾ
ਗਿਆਰਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਸਰੀ ਦੇ ਬਾਲਟੀ ਰੈਸਟੋਰੈਂਟ
ਵਿਚ ਮਨਾਇਆ। ਇਸ ਸਾਲ ਦਾ ਜਸ਼ਨ ਕਾਮਾਗਾਟਾ ਮਾਰੂ ਦੀ ਸ਼ਤਾਬਦੀ ਨੂੰ ਸਮਰਪਤ ਸੀ।
ਪਲੀ ਦੇ ਮੈਂਬਰ ਸ਼੍ਰੀ ਰਜਿੰਦਰ ਪੰਧੇਰ ਨੇ ਸਮਾਗਮ ਨੂੰ ਸ਼ੁਰੂ ਕਰਦਿਆਂ ਆਏ
ਸ੍ਰੋਤਿਆਂ ਦਾ ਸਵਾਗਤ ਕੀਤਾ। ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ
ਆਪਣੇ ਭਾਸ਼ਨ ਵਿਚ ਦੱਸਿਆ ਕਿ ਬੀਤੇ ਵਰ੍ਹੇ ਦੌਰਾਨ ਪਲੀ ਦੇ ਮੁੱਖ ਟੀਚੇ ਰਹੇ
ਹਨ: ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਦੀ ਪੜ੍ਹਾਈ ਲਾਗੂ
ਕਰਵਾਉਣੀ; ਪੰਜਾਬੀ ਵਿਚ ਸਾਈਨ ਬੋਰਡ ਲਗਵਾਉਣੇ ਅਤੇ ਕਨੇਡਾ ਦੇ ਦੂਜੇ ਸੂਬਿਆਂ
ਵਿਚ ਪੰਜਾਬੀ ਬੋਲੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਤਾਲਮੇਲ ਵਧਾਉਣਾ।
ਉਨ੍ਹਾਂ ਦੱਸਿਆ ਕਿ ਪਲੀ ਆਪਣੇ ਟੀਚੇ ਦੀ ਪੂਰਤੀ ਲਈ ਹਰ ਸਾਲ ਕਦਮ ਕਦਮ ਅੱਗੇ
ਵਧ ਰਹੀ ਹੈ।
ਵੈਨਕੂਵਰ ਦੀ ਬੰਦਰਗਾਹ ’ਤੇ ਸੌ ਵਰ੍ਹੇ ਪਹਿਲਾਂ ਵਾਪਰੀ ਕਾਮਾਗਾਟਾ ਮਾਰੂ
ਦੀ ਘਟਨਾ ਦੇ ਕਨੇਡਾ ਵਿਚ ਪੰਜਾਬੀ ਭਾਈਚਾਰੇ ਅਤੇ ਖਾਸ ਕਰ ਪੰਜਾਬੀ ਬੋਲੀ
ਉੱਪਰ ਪਏ ਅਸਰਾਂ ਨੂੰ ਉੱਘੇ ਇਤਿਹਾਸਕਾਰ ਸ਼੍ਰੀ ਸੋਹਣ ਸਿੰਘ ਪੂੰਨੀ ਨੇ
'ਕਾਮਾਗਾਟਾਮਾਰੂ ਦੇ ਪੈਸੰਜਰ' ਨਾਂ ਦੀ ਕਿਤਾਬ ਵਿੱਚੋਂ ਕਵਿਤਾਵਾਂ ਬੋਲ ਕੇ
ਬਿਆਨ ਕੀਤਾ। ਇਹ ਕਿਤਾਬ ਇਸ ਦੁਖਾਂਤ ਦੇ ਇਕ ਮੁਸਾਫਿਰ ਦੀ ਕ੍ਰਿਤ ਹੈ, ਜਿਹੜੀ
ਉਸ ਵੇਲੇ ਗਦਰ ਅਖਬਾਰ ਵਿਚ ਤਿੰਨ ਕਿਸ਼ਤਾਂ ਵਿਚ ਛਪੀ ਸੀ। ਉਨ੍ਹਾਂ ਵਿਸਥਾਰ
ਵਿਚ ਦੱਸਿਆ ਕਿ ਮੁਸਾਫਰਾਂ ਵਲੋਂ ਅਤੇ ਵੈਨਕੂਵਰ ਦੇ ਪੰਜਾਬੀ ਭਾਈਚਾਰੇ ਵਲੋਂ
ਸਾਰੀਆਂ ਸਰਗਰਮੀਆਂ ਵਿਚ ਪੰਜਾਬੀ ਬੋਲੀ ਦੀ ਲਿਖਤੀ ਪੱਧਰ ’ਤੇ ਵਰਤੋਂ ਨੇ
ਕਨੇਡਾ ਵਿਚ ਪੰਜਾਬੀ ਬੋਲੀ ਨੂੰ ਸਥਾਪਤ ਕਰਨ ਵਿਚ ਮੁੱਢਲਾ ਯੋਗਦਾਨ ਪਾਇਆ।
ਸਮਾਗਮ ਦੇ ਅਗ਼ਲੇ ਦੌਰ ਵਿਚ ਸਕੂਲੀ ਬੱਚਿਆਂ ਨੇ ਲੇਖ ਤੇ ਕਵਿਤਾਵਾਂ
ਪੜ੍ਹੀਆਂ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਯੂਨੀਵਰਸਿਟੀ ਦੀ ਵਿਦਿਆਰਥਣ ਦਯਾ
ਜੌਹਲ ਨੇ ਚਲਾਇਆ। ਐਬਸਫੋਰਡ ਦੇ ਦਸ਼ਮੇਸ਼ ਸਕੂਲ ਤੋਂ ਕੁਲਦੀਪ ਕੌਰ ਬਰਾੜ ਦੀ
ਗਿਆਰਵੀਂ ਜਮਾਤ ਦੀ ਵਿਦਿਆਰਥਣ ਗੁਨੀਤਪਾਲ ਕੌਰ ਚਾਹਲ ਨੇ ਕਾਮਾਗਾਟਾ ਮਾਰੂ
ਅਤੇ ਬਾਬਾ ਗੁਰਦਿੱਤ ਸਿੰਘ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਹੀ ਜਮਾਤ ਦੀ
ਸੋਫੀਆ ਭੁੱਲਰ ਨੇ ਪੰਜਾਬੀ ਮਾਂ-ਬੋਲੀ ਬਾਰੇ ਕਵਿਤਾ ਪੜ੍ਹੀ। ਪ੍ਰਿੰਸਸ
ਮਾਰਗਰੇਟ ਸਕੂਲ ਤੋਂ ਅਮਨਦੀਪ ਛੀਨਾ ਦੀ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ
ਹਰਮਨ ਢਿੱਲੋਂ ਅਮਨਜੀਤ ਕੌਰ, ਪਵਨੀਤ ਕਲਸੀ, ਅਵਨੀਤ ਛੀਨਾ ਅਤੇ ਬਵਨ ਢਿੱਲੋਂ
ਨੇ ਵੱਖਰੇ ਵੱਖਰੇ ਵਿਸ਼ਿਆਂ ਬਾਰੇ ਆਪਣੇ ਲੇਖ ਅਤੇ ਕਵਿਤਾਵਾਂ ਪੇਸ਼ ਕੀਤੀਆਂ।
ਐਲ ਏ ਮੈਥੀਸਨ ਸਕੂਲ ਤੋਂ ਗੁਰਪ੍ਰੀਤ ਬੈਂਸ ਦੇ ਵਿਦਿਆਰਥੀ ਕਮਲਜੀਤ ਸਿੰਘ
ਭੁੱਲਰ ਨੇ ਕਵਿਤਾ ਪੜ੍ਹੀ। ਬੀਵਰਕਰੀਕ ਸਕੂਲ ਤੋਂ ਨਵਪ੍ਰੀਤ ਸੇਖੋਂ ਦੀਆਂ
ਛੇਵੀਂ ਜਮਾਤ ਦੀਆਂ ਬੱਚੀਆਂ ਹਰਵੀਰ ਫਗੂੜਾ, ਰੈਨਾ ਸੰਧੂ, ਗੁਰਸ਼ਰਨ ਬੱਲ,
ਮਨਮੀਤ ਸੰਘੇੜਾ ਅਤੇ ਨਵਕਰਨ ਟਿਵਾਣਾ ਨੇ ਕਵਿਤਾਵਾਂ ਸੁਣਾਈਆਂ।
ਪਲੀ ਦੇ ਸਰਗਮਰ ਮੈਂਬਰ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਆਗੂ ਪਾਲ
ਬਿਨਿੰਗ ਨੇ ਪਲੀ ਦੇ ਪ੍ਰਧਾਨ ਸ਼੍ਰੀ ਬਲਵੰਤ ਸਿੰਘ ਸੰਘੇੜਾ ਦੇ ਵਲੰਟੀਅਰ
ਕੰਮਾਂ ਦੀ ਸਲਾਹੁਤਾ ਕੀਤੀ ਅਤੇ ਇਸ ਸਮੇਂ ਪਲੀ ਦੀ ਟੀਮ ਵਲੋਂ ਸ਼੍ਰੀ ਸੰਘੇੜਾ
ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ।
ਪ੍ਰੌਗਰਾਮ ਦੇ ਅਖੀਰਲੇ ਹਿੱਸੇ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਸਬੰਧੀ ਆ
ਰਹੀਆਂ ਮੁਸ਼ਕਿਲਾਂ ਬਾਰੇ ਇਕ ਪੈਨਲ ਡਿਸਕਸ਼ਨ ਕੀਤੀ ਗਈ। ਪੈਨਲ ਵਿਚ ਵਕੀਲ ਅਤੇ
ਲਿਬਰਲ ਪਾਰਟੀ ਮੈਂਬਰ ਪੁਨੀਤ ਕੌਰ ਸੰਧਰ ਅਤੇ ਐਨ ਡੀ ਪੀ ਪਾਰਟੀ ਦੇ ਐਮ ਐਲ ਏ
ਹੈਰੀ ਬੈਂਸ ਸਨ। ਇਸ ਹਿੱਸੇ ਨੂੰ ਪਲੀ ਮੈਂਬਰ, ਪੰਜਾਬੀ ਅਧਿਆਪਕ ਅਤੇ ਬਰਨਬੀ
ਸ਼ਹਿਰ ਦੇ ਸਕੂਲ ਟਰੱਸਟੀ ਸ਼੍ਰੀ ਹਰਮਨ ਸਿੰਘ ਪੰਧੇਰ ਨੇ ਚਲਾਇਆ। ਪੰਧੇਰ ਹੋਰਾਂ
ਆਪਣੀ ਗੱਲਬਾਤ ਦੀ ਸ਼ੁਰੂਆਤ ਉਨ੍ਹਾਂ ਅੜਚਣਾਂ ਦਾ ਜ਼ਿਕਰ ਕਰਦਿਆਂ ਕੀਤੀ ਜੋ ਇਸ
ਸਮੇਂ ਸਥਾਨਕ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਉਣ ਵਿਚ ਆ ਰਹੀਆਂ
ਹਨ। ਹੈਰੀ ਬੈਂਸ ਅਤੇ ਪੁਨੀਤ ਸੰਧਰ ਹੋਰਾਂ ਵਿਸਥਾਰ ਵਿਚ ਆਪੋ ਆਪਣੀ ਪਾਰਟੀ
ਦੇ ਨਜ਼ਰੀਏ ਤੋਂ ਸਮੱਸਿਆਵਾਂ ਦੇ ਹੱਲਾਂ ਸਬੰਧੀ ਸੁਝਾਅ ਪੇਸ਼ ਕੀਤੇ। ਉਨ੍ਹਾਂ
ਵਲੋਂ ਪੇਸ਼ ਕੀਤੇ ਵਿਚਾਰਾਂ ਦੇ ਹੁੰਗਾਰੇ ਵਜੋਂ ਪਲੀ ਦੇ ਉੱਪ ਪ੍ਰਧਾਨ ਸਾਧੂ
ਬਿਨਿੰਗ ਨੇ ਦਰਪੇਸ਼ ਚੁਣੌਤੀਆਂ ਦਾ ਵਿਸਥਾਰ ਵਿਚ ਵਰਨਣ ਕੀਤਾ। ਸਰੀ ਦੇ ਚਿਮਨੀ
ਹਿੱਲ ਸਕੂਲ ਦੇ ਮਾਪਿਆਂ ਵਲੋਂ ਸ੍ਰੀ ਕੇਵਲ ਤੱਗੜ ਦੀ ਸਹਾਇਤਾ ਨਾਲ ਪਲੀ ਵਲੋਂ
ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਵੀ ਜ਼ਿਕਰ
ਕੀਤਾ ਗਿਆ। ਅਧਿਆਪਕ ਗੁਰਪ੍ਰੀਤ ਕੌਰ ਬੈਂਸ ਨੇ ਆਪਣੇ ਸਕੂਲ ਵਿਚ ਪੰਜਾਬੀ
ਦੀਆਂ ਕਲਾਸਾਂ ਜਾਰੀ ਰੱਖਣ ਵਿਚ ਪੇਸ਼ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਦੱਸਿਆ।
ਇਸ ਵਿਚਾਰ ਚਰਚਾ ਵਿੱਚੋਂ ਇਹ ਗੱਲ ਉੱਭਰ ਕੇ ਸਾਮਹਣੇ ਆਈ ਕਿ ਭਾਈਚਾਰੇ ਵਲੋਂ
ਪੰਜਾਬੀ ਲਾਗੂ ਕਰਵਾਉਣ ਲਈ ਸਕੂਲ ਬੋਰਡਾਂ ਅਤੇ ਸਰਕਾਰਾਂ ਉੱਪਰ ਹੋਰ ਦਬਾਅ
ਪਾਇਆ ਜਾਣਾ ਚਾਹੀਦਾ ਹੈ।
ਸਮਾਗਮ ਦੌਰਾਨ ਪਲੀ ਵਲੋਂ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਇਕ
ਲਿਖਤੀ ਬਿਆਨ ਵੀ ਲੋਕਾਂ ਵਿਚ ਵੰਡਿਆ ਗਿਆ। ਅੰਤ ਵਿਚ ਬਲਵੰਤ ਸਿੰਘ ਸੰਘੇੜਾ
ਨੇ ਹਾਜ਼ਰੀਨ ਅਤੇ ਸਮੁੱਚੇ ਮੀਡੀਏ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਾਲਟੀ
ਰੈਸਟੋਰੈਂਟ ਦੇ ਮਾਲਕ ਸ਼੍ਰੀ ਬਲਵੰਤ ਤੇ ਰਾਜਨ ਕੈਂਥ, ਦੀਪਕ ਬਿਨਿੰਗ
ਫਾਂਊਡੇਸ਼ਨ ਦੇ ਪਾਲ ਤੇ ਜਸ ਬਿਨਿੰਗ, ਸੁੱਖੀ ਲਾਲੀ, ਫੋਟੋਗ੍ਰਾਫਰ ਚੰਦਰਾ
ਵਡਾਲੀਆ, ਹਰਪ੍ਰੀਤ ਸੇਖਾ ਅਤੇ ਹਾਈਸਪੀਡ ਪ੍ਰਿੰਟਿੰਗ ਦੇ ਮੋਹਿੰਦਰ ਸਿੰਘ ਦਾ
ਵੀ ਧੰਨਵਾਦ ਕੀਤਾ। ਸਮਾਗਮ ਨੂੰ ਕਾਮਯਾਬ ਕਰਨ ਲਈ ਪਲੀ ਦੇ ਵਲੰਟੀਅਰਾਂ ਦਾ,
ਖਾਸ ਕਰ ਪਰਵਿੰਦਰ ਧਾਰੀਵਾਲ ਅਤੇ ਇਕਬਾਲ ਸੰਘੇੜਾ, ਦਾ ਧੰਨਵਾਦ ਕੀਤਾ। ਪਲੀ
ਦੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਪਾਲ ਬਿਲਗਾ ਅਤੇ ਪ੍ਰੀਤ ਬਿਨਿੰਗ
ਵਲੋਂ ਮਾਇਕ ਸਹਾਇਤਾ ਦਿੱਤੀ ਗਈ। ਸਮਾਗਮ ਸਮੇਂ ਸਰੀ ਵਿਚ ਪੰਜਾਬੀ ਕਿਤਾਬਾਂ
ਦੀ ਕੁਝ ਦੇਰ ਪਹਿਲਾਂ ਖੁੱਲ੍ਹੀ ਦੁਕਾਨ ਇੰਡੀਆ ਬੁੱਕਵਰਲਡ ਦੇ ਮਾਲਕ ਡਾ:
ਰਾਜਵੰਤ ਚਿਲਾਨਾ ਹੋਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਮਾਗਮ ਦੌਰਾਨ
ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਅਤੇ ਪਲੀ ਦੀ ਮਾਇਕ ਸਹਾਇਤਾ ਵੀ ਕੀਤੀ।