ਸਾਫ ਸੁਥਰੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ
ਗਾਇਕ ਬਲਵਿੰਦਰ ਸਫਰੀ ਦਾ ‘ਪੰਜਾਬੀ ਸਰਕਲ ਇੰਟਰਨੈਸ਼ਨਲ‘ ਸੰਸਥਾ
ਵੱਲੋਂ ਆਯੋਜਿਤ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਇਸ ਵਿਸ਼ੇਸ਼ ਸਨਮਾਨ ਦੀ
ਪ੍ਰਾਪਤੀ ‘ਤੇ ਗਾਇਕ ਸਿੰਦਾ ਸੁਰੀਲਾ, ਉਸਤਾਦ ਬਲਦੇਵ ਮਸਤਾਨਾ ਜੀ, ਡਾ. ਬਲ
ਸਿੱਧੂ, ਜਰਨੈਲ ਪਾਸਲਾ, ਗਾਇਕ ਕੇਬੀ ਢੀਂਡਸਾ, ਮਿਊਜਿਕ ਮਾਈਂਡ ਦੇ ਬਿਲ
ਕੂਨਰ, ਰਾਜਿੰਦਰ ਮਾਨ, ਦਵਿੰਦਰ ਸੋਮਲ ਆਦਿ ਸਨੇਹੀਆਂ ਵੱਲੋਂ ਸਫਰੀ ਨੂੰ
ਮੁਬਾਰਕਬਾਦ ਪੇਸ਼ ਕੀਤੀ।
ਜਿਕਰਯੋਗ ਹੈ ਕਿ ਇਹ ਸਨਮਾਨ ਮਿਸਟਰ ਪੌਲ ਰਾਇਤ ਓ.ਬੀ.ਈ ਅਤੇ ਮਿਸ ਸੀਮਾ
ਮਲਹੋਤਰਾ ਐਮ.ਪੀ. ਵਲੋਂ ਦਿੱਤਾ ਗਿਆ। ਬਲਵਿੰਦਰ ਸਫਰੀ ਨੇ ਆਪਣੀ ਗਾਇਕੀ ਦਾ
ਸਫਰ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਤੋਂ 1991 ਵਿੱਚ ਸ਼ੁਰੂ ਕੀਤਾ ਸੀ। ਪੂਰੀ
ਦੁਨੀਆਂ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਹਨ ਉੱਥੇ ਸਫਰੀ ਆਪਣੀ ਗਾਇਕੀ
ਰਾਹੀਂ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲ਼ੇ ਸਰੋਤਿਆਂ ਦੇ ਦਿਲ਼ਾਂ ਵਿੱਚ ਇੱਕ
ਨਿਵੇਕਲੀ ਥਾਂ ਬਣਾ ਚੁੱਕਿਆ ਹੈ। ਬੇਸ਼ੱਕ ਸੋਹਣੀ ਨੂੰ ਘੜੇ ਨੇ ਡੋਬ ਦਿੱਤਾ ਸੀ
ਪਰ ਸੋਹਣੀ ਦੇ ਘੜੇ ਨੇ ਬਲਵਿੰਦਰ ਸਫਰੀ ਨੂੰ ਤਾਰ ਦਿੱਤਾ, ਭਾਵ ਸਫਰੀ ਵਲੋਂ
ਗਾਇਆ ਗੀਤ ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ ਇਨਾਂ
ਮਕਬੂਲ ਹੋਇਆ ਕਿ ਇਸ ਗੀਤ ਦੇ ਬੋਲ ਹਰ ਉਮਰ ਦੇ ਸਰੋਤਿਆਂ ਦੇ ਜ਼ੁਬਾਨ ‘ਤੇ
ਚੜ੍ਹ ਗਏ।
ਬਲਵਿੰਦਰ ਸਫਰੀ ਨੂੰ ਪਹਿਲਾਂ ਵੀ ਅਨੇਕਾਂ ਐਵਾਰਡ ਮਿਲ ਚੁੱਕੇ ਹਨ ਪਰ
ਸਫਰੀ ਦਾ ਕਹਿਣਾ ਹੈ ਕਿ ‘ਪੰਜਾਬੀ ਸਰਕਲ‘ ਵਲੋਂ ਦਿੱਤਾ ਗਿਆ ਐਵਾਰਡ ਉਨ੍ਹਾਂ
ਦੀ ਹੁਣ ਤੱਕ ਦੀ ਮਿਹਨਤ ਦਾ ਸਰੋਤਿਆਂ ਵਲੋਂ ਬੜੇ ਵੱਡੇ ਪੈਮਾਨੇ ਤੇ ਮੁੱਲ
ਪਾਇਆ ਗਿਆ ਹੈ।ਉਹਨਾਂ ਕਿਹਾ ਕਿ ਨੇੜ ਭਵਿੱਖ ਵਿੱਚ ਉਹ ਜਲਦ ਹੀ ਆਪਣੀ ਨਵੀਂ
ਐਲਬਮ ਨਾਲ਼ ਸਰੋਤਿਆਂ ਦੇ ਰੂ-ਬਰੂ ਹੋਣਗੇ।