ਇਟਲੀ - ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਸਭਿਆਚਾਰਕ ਪਰਿਵਾਰਕ ਮੇਲਾ
ਕਰਵਾਇਆ ਗਿਆ ਜਿਸ ਵਿੱਚ ਇਟਲੀ ਤੋਂ ਵੱਖ ਵੱਖ ਕਵੀਆਂ, ਲੇਖਕਾਂ, ਗਾਇਕਾਂ ਅਤੇ
ਬੁੱਧੀਜੀਵੀਆਂ ਨੇ ਸਿ਼ਰਕਤ ਕੀਤੀ। ਇਸ ਸਭਿਆਚਾਰਕ ਮੇਲੇ ਦੀ ਵਿਸ਼ੇਸ਼ਤਾ ਇਹ
ਸੀ ਕਿ ਇਸ ਮੇਲੇ ਵਿੱਚ ਕਵੀ ਦਰਬਾਰ ਅਤੇ ਗਾਇਕੀ ਦੋਵੇਂ ਹੀ ਰੰਗ ਨੂੰ ਦੇਖਣ
ਨੂੰ ਮਿਲੇ। ਮੰਚ ਸੰਚਾਲਕ ਸਾਬਰ ਅਲੀ ਨੇ ਸਭ ਤੋਂ ਪਹਿਲਾਂ ਸਭਾ ਦੇ ਸਰਪ੍ਰਸਤ
ਰਵੇਲ ਸਿੰਘ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ। ਜਿਨਾਂ ਨੇ ਸਾਹਿਤ ਸੁਰ
ਸੰਗਮ ਸਭਾ ਵਲੋਂ ਛਾਪਿਆ ਗਿਆ ਸਾਂਝਾ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਬਾਰੇ
ਜਾਣਕਾਰੀ ਦਿੱਤੀ ਅਤੇ ਇਸ ਕਿਤਾਬ ਦੇ ਆਉਣ ਦੀ ਖੁਸ਼ੀ ਵਿੱਚ ਸਭਾ ਦੇ ਸਰਪ੍ਰਸਤ
ਸ੍ਰ ਰਵੇਲ ਸਿੰਘ ਨੇ ਇੱਕ ਪਰਚਾ ਪੜਿਆ ਅਤੇ ਇੱਕ ਕਵਿਤਾ 'ਕਿਤਾਬ ਆਈ ਹੈ, ਲੈ
ਕੇ ਪੰਜਾਬ ਆਈ ਹੈ' ਪੜੀ।
ਸੁਖਰਾਜ ਬਰਾੜ ਨੇ ਦੋ ਕਵਿਤਾਵਾਂ ਪੜੀਆਂ ਜਿਸ ਵਿੱਚ ਪੰਜਾਬੀ ਬੋਲੀ ਨਾਲ
ਹੋ ਰਹੇ ਮਤਰੇਏ ਸਲੂਕ ਤੇ ਗੱਲ ਕੀਤੀ ਗਈ। ਇਸ ਤੋਂ ਬਾਅਦ ਸਭਾ ਦੇ ਸਲਾਹਕਾਰ
ਐੱਸ ਸੁਰਿੰਦਰ ਨੇ ਪਹਿਲਾਂ ਕਵਿਤਾ ਤੇ ਗਜ਼ਲ ਲਿਖਣ ਤੇ ਚਰਚਾ ਕੀਤੀ ਅਤੇ ਇੱਕ
ਗਜ਼ਲ ਵੀ ਦਰਸ਼ਕਾਂ ਨਾਲ ਸਾਂਝੀ ਕੀਤੀ। ਰੁਪਿੰਦਰ ਹੁੰਦਲ ਦੁਆਰਾ ਵੀ ਦੋ
ਕਵਿਤਾਵਾਂ ਪੜੀਆਂ ਗਈਆਂ, ਜਿੰਨ੍ਹਾਂ ਵਿੱਚ ਅੱਜ ਪੰਜਾਬੀ ਬੋਲੀ ਨਾਲ ਹੋ ਰਹੇ
ਵਿਤਕਰੇ 'ਤੇ ਚੋਟ ਸੀ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭਾ ਵਲੋਂ
ਕੀਤੇ ਜਾ ਰਹੇ ਕੰਮਾਂ ਤੇ ਰੌਸ਼ਨੀ ਪਾਈ ਅਤੇ ਇੱਕ ਕਵਿਤਾ ਪੜੀ। ਇਸ ਤੋਂ
ਉਪਰੰਤ ਮੇਲੇ ਦਾ ਦੂਸਰਾ ਰੰਗ ਸ਼ੁਰੂ ਹੋਇਆ ਜਿਸ ਵਿੱਚ ਗਾਇਕ ਦੇਵ ਨੇ ਸਭ
ਧਰਮਾਂ ਦੇ ਸਤਿਕਾਰ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਗੀਤ ਨਾਲ
ਸ਼ੁਰੂਆਤ ਕੀਤੀ, ਇਸਦੇ ਨਾਲ ਹੀ ਗਾਇਕਾ ਨਿਰਮਲ ਕੌਰ ਨੇ ਦੋ ਗੀਤਾਂ ਨਾਲ ਮੇਲੇ
ਨੂੰ ਲੋਕ ਰੰਗ ਦਿੱਤਾ ਅਤੇ ਜਿਸਦੇ ਬਾਅਦ ਬੱਬੂ ਜਲੰਧਰੀਆ ਨੇ ਦੋ ਸ਼ਾਨਦਾਰ
ਗੀਤਾਂ ਨਾਲ ਮੇਲੇ ਦੇ ਰੰਗ ਨੂੰ ਹੋਰ ਗੂੜਾ ਕੀਤਾ। ਇਸਦੇ ਨਾਲ ਹੀ ਇਟਲੀ ਦੇ
ਸੁਰੀਲੇ ਗਾਇਕ ਜਸਵੰਤ ਬੱਬੂ ਨੇ ਮੇਲੇ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ। ਇਸਦੇ
ਤੁਰੰਤ ਬਾਅਦ ਗਾਇਕ ਕੁਲਵਿੰਦਰ ਸੁੰਨੜ ਨੇ ਸਟੇਜ ਸੰਭਾਲੀ ਅਤੇ ਦੋ ਗੀਤ ਗਾਏ
ਜਿਸ ਦੌਰਾਨ ਕੁਲਵਿੰਦਰ ਸੁੰਨੜ ਦੁਆਰਾ ਗਾਈ ਧਾਰਮਿਕ ਵੀ ਸੀ ਡੀ “ਹਰਿ ਦੇ
ਨਿਸ਼ਾਨ” ਰਿਲੀਜ਼ ਕੀਤੀ ਗਈ। ਦੋ ਹੋਰ ਗੀਤਾਂ ਨਾਲ ਕੁਲਵਿੰਦਰ ਸੁੰਨੜ ਨੇ
ਆਪਣੀ ਕਲਾ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ।
ਇਸ ਤੋਂ ਬਾਅਦ ਆਏ ਹੋਏ ਮਹਿਮਾਨਾਂ ਦੀ ਹਾਜ਼ਰੀ ਵਿੱਚ ਸਾਹਿਤ ਸੁਰ ਸੰਗਮ
ਸਭਾ ਇਟਲੀ ਵਲੋਂ ਛਾਪਿਆ ਗਿਆ ਸਾਂਝਾ ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਦੀ
ਘੁੰਢ ਚੁਕਾਈ ਕੀਤੀ ਗਈ। ਜਿਸ ਨੂੰ ਜੀ ਆਇਆਂ ਕਹਿਣ ਲਈ ਵੱਖ ਵੱਖ ਹਿੱਸਿਆਂ
ਤੋਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਬੁੱਧੀਜੀਵੀਆਂ ਨੇ ਸਿ਼ਰਕਤ ਕੀਤੀ।
ਜਿੰਨ੍ਹਾਂ ਵਿੱਚ ਮੀਡੀਆ ਪੰਜਾਬ ਦੇ ਮੁੱਖ ਸੰਪਾਦਕ ਸ੍ਰ ਬਲਦੇਵ ਸਿੰਘ ਬਾਜਵਾ
ਵੀ ਹਾਜ਼ਰ ਸਨ ਜਿੰਨ੍ਹਾਂ ਨੇ ਸਾਹਿਤ ਸੁਰ ਸੰਗਮ ਸਭਾ ਦੇ ਪੰਜਾਬੀ ਬੋਲੀ ਲਈ
ਕੀਤੇ ਗਏ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਸਾਹਿਤ ਸੁਰ ਸੰਗਮ ਸਭਾ ਨੂੰ ਸਾਂਝੇ
ਕਾਵਿ ਸੰਗ੍ਰਹਿ “ਸਾਂਝ ਸੁਨੇਹੇ” ਦੀ ਵਧਾਈ ਦਿੱਤੀ। ਭਾਈ ਗੁਰਦਿਆਲ ਸਿੰਘ
ਫਰਾਂਸ ਵੀ ਇਸ ਸਮੇਂ ਹਾਜ਼ਰ ਜਿੰਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਇੱਕ ਮਾਂ
ਜਨਮ ਦੇਣ ਵਾਲੀ, ਦੂਸਰੀ ਮਾਂ ਧਰਤੀ ਅਤੇ ਤੀਸਰੀ ਸਾਡੀ ਮਾਂ ਬੋਲੀ ਹੈ। ਜਿਸ
ਕਰਕੇ ਸਾਨੂੰ ਆਪਣੀ ਮਾਂ ਬੋਲੀ ਨੂੰ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਸਾਹਿਤ
ਸਦਨ ਨਾਲ ਜੁੜੇ ਹੋਏ ਅਸ਼ੋਕ ਪੁਰੀ ਜੀ ਜਿੰਨ੍ਹਾਂ ਨੇ ਇੰਡੀਆ ਤੋਂ ਸਿ਼ਰਕਤ
ਕੀਤੀ। ਉਹਨਾਂ ਬੋਲਦੇ ਹੋਏ ਕਿਹਾ ਕਿ ਅੱਜ ਮਾਂ ਬੋਲੀ ਪ੍ਰਤੀ ਸੁਹਿਰਦ ਹੋਣ ਦੀ
ਅਤੇ ਮਾਂ ਬੋਲੀ ਨੂੰ ਪਛਾਨਣ ਦੀ ਸਖਤ ਲੋੜ ਹੈ । ਅਸ਼ੋਕ ਪੁਰੀ ਨੇ ਕਿਹਾ ਕਿ
ਜੇਕਰ ਸਾਹਿਤ ਅਤੇ ਸੁਰ ਬਚੇ ਰਹਿਣਗੇ ਤਾਂ ਹੀ ਬੋਲੀ ਬਚੀ ਰਹਿ ਸਕਦੀ ਹੈ।
ਪੁਰੀ ਨੇ ਇਹ ਵੀ ਕਿਹਾ ਕਿ ਸਾਹਿਤ ਸੁਰ ਸੰਗਮ ਸਭਾ ਦਾ ਪੰਜਾਬੀ ਬੋਲੀ ਪ੍ਰਤੀ
ਬਹੁਤ ਸਲਾਹੁਣ ਯੋਗ ਉਪਰਾਲਾ ਹੈ ਇਸ ਲਈ ਅਸੀਂ ਸਭਾ ਨੂੰ ਵਧਾਈ ਦਿੰਦੇ ਹਾਂ
ਅਤੇ “ਸਾਂਝ ਸੁਨੇਹੇ” ਕਾਵਿ ਸੰਗ੍ਰਹਿ ਨੂੰ ਜੀ ਆਇਆਂ ਆਖਦੇ ਹਾਂ। ਇਸ ਤੋਂ
ਬਾਅਦ ਕਰਨ ਭੀਖੀ ਵੱਲੋਂ ਸੰਪਾਦਿਤ ਵੱਖ ਵੱਖ ਕਵਿਤਰੀਆਂ ਦਾ ਕਾਵਿ ਸੰਗ੍ਰਹਿ
“ਕੁੜੀਆਂ ਤੇ ਕਵਿਤਾਵਾਂ” ਲੋਕ ਅਰਪਣ ਕੀਤਾ ਗਿਆ। ਜਿਸਦੇ ਬਾਅਦ ਸ਼ਰਨਜੀਤ
ਬੈਂਸ ਦੀ ਕਿਤਾਬ “ ਨਹੀਂੳ ਲੱਭਣੇ ਲਾਲ ਗੁਆਚੇ” ਵੀ ਲੋਕਾਂ ਦੇ ਰੂ-ਬਰੂ ਕੀਤੀ
ਗਈ।
ਇਸ ਤਰਾਂ ਇਹ ਮੇਲਾ ਵੱਖ ਵੱਖ ਰੰਗ ਬਿਖੇਰਦਾ ਹੋਇਆ ਸਮਾਪਤੀ ਵੱਲ ਵਧਿਆ
ਜਿਸ ਦੌਰਾਨ ਨੌਜਵਾਨ ਗਾਇਕ ਅਮਨ ਸੋਹੀ ਨੇ ਇੱਕ ਸ਼ਾਨਦਾਰ ਗੀਤ ਗਾ ਕੇ
ਵਾਹ ਵਾਹ ਖੱਟੀ। ਗਾਇਕ ਪੰਕਜ ਕੁਮਾਰ ਨੇ ਲੋਕ ਗੀਤ ਗਾ ਕੇ ਪੰਜਾਬੀ ਰੰਗ ਨੂੰ
ਗੂੜਾ ਕੀਤਾ। ਉੱਭਰਦੇ ਗਾਇਕ ਵਿੱਕੀ ਰਠੌਰ ਨੇ ਰਾਜੂ ਹਠੂਰੀਆ ਦਾ ਲਿਖਿਆ ਗੀਤ
ਗਾਇਆ ਅਤੇ ਜਿਸ ਤੋਂ ਬਾਅਦ ਹੋਰ ਗਾਇਕਾਂ ਵਿੱਚ ਕਾਲਾ ਮਿਲਾਨ ਨੇ ਦੋਗਾਣੇ ਗਾ
ਕੇ ਮਾਹੌਲ ਵੱਖਰਾ ਕੀਤਾ, ਸੈਮ ਸੰਨੀ, ਬੂਟੇ
ਸ਼ਾਹ ਆਦਿ ਨੇ ਵੀ ਹਾਜ਼ਰੀ ਲਗਾਈ। ਇਸਦੇ ਬਾਅਦ ਨੌਜਵਾਨਾਂ ਨੇ ਪੰਜਾਬੀ ਲੋਕ
ਨਾਚ ਭੰਗੜਾ ਦੀ ਬਹੁਤ ਵਧੀਆ ਪੇਸ਼ਕਾਰੀ ਕੀਤੀ। ਸਾਹਿਤ ਸੁਰ ਸੰਗਮ ਸਭਾ ਵਲੋਂ
ਇਸ ਸਮੇਂ ਸਰਪ੍ਰਸਤ ਰਵੇਲ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਜਨਰਲ
ਸਕੱਤਰ ਰਾਜੂ ਹਠੂਰੀਆ, ਉਪ ਪ੍ਰਧਾਨ ਰਾਣਾ ਅਠੌਲਾ, ਮੁੱਖ ਸਲਾਹਕਾਰ ਸਤਵਿੰਦਰ
ਸਿੰਘ ਮਿਆਣੀ, ਖਜ਼ਾਨਚੀ ਮਨਜੀਤ ਨੱਥੂਚਾਹਲੀਆ, ਉਪ ਖਜ਼ਾਨਚੀ ਸੁਖਰਾਜ ਬਰਾੜ,
ਉਪ ਸਲਾਹਕਾਰ ਐੱਸ ਸੁਰਿੰਦਰ, ਮੰਚ ਸੰਚਾਲਕ ਸਾਬਰ ਅਲੀ, ਸਕੱਤਰ ਰੁਪਿੰਦਰ
ਹੁੰਦਲ, ਪ੍ਰੈਸ ਸਕੱਤਰ ਰਣਜੀਤ ਗਰੇਵਾਲ, ਸਵਰਨਜੀਤ ਘੋਤੜਾ, ਵਾਸਦੇਵ, ਬਿੰਦੂ
ਹਠੂਰ, ਕਸ਼ਮੀਰ ਸਿੰਘ ਨਰ, ਸੋਢੀ ਲਿੱਤਰਾਂ ਆਦਿ ਹਾਜ਼ਰ ਸਨ।
ਇਸ ਤੋਂ ਇਲਾਵਾ ਇਸ ਸਮੇਂ ਅਨਿਲ ਕੁਮਾਰ ਸ਼ਰਮਾ, ਸੰਤੋਖ ਸਿੰਘ ਲਾਲੀ,
ਜਸਬੀਰ ਖਾਨ ਚੈੜੀਆਂ, ਭਾਈ ਸਤਨਾਮ ਸਿੰਘ ਮੋਧਨਾ, ਬਲਦੇਵ ਸਿੰਘ ਬੂਰੇਜੱਟਾਂ,
ਗਾਇਕ ਕਾਲਾ ਪਨੇਸਰ, ਤਰਸੇਮ ਸੁਰੀਲਾ, ਸ਼ਮਸ਼ੇਰ ਸਿੰਘ ਫਰਾਂਸ, ਬਲਵਿੰਦਰ
ਸਿੰਘ ਫਰਾਂਸ, ਸੁਰਜੀਤ ਸਿੰਘ ਆਦਿ ਪਤਵੰਤੇ ਸੱਜਣ ਵੀ ਹਾਜ਼ਰ ਸਨ।