ਸਾਊਥਾਲ: ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਾਲਾਨਾ ਸਮਾਗ਼ਮ ਦੀ ਸੈਂਟਰ,
ਮੈਰਿਕ ਰੋਡ, ਸਾਊਥਾਲ ਵਿਖ਼ੇ ਤਿੰਨ ਮਈ 2014 ਵਾਲ਼ੇ ਦਿਨ ਨਿਹਾਇਤ ਸਫਲਤਾ
ਨਾਲ਼ ਨੇਪਰੇ ਚੜ੍ਹਿਆ। ਪਹਿਲੇ ਸੈਸ਼ਨ ਦੇ ਆਰੰਭ ਵਿਚ ਸਭਾ ਦੇ ਖ਼ਜ਼ਾਨਚੀ ਮਨਪ੍ਰੀਤ
ਸਿੰਘ ਬੱਧਨੀਕਲਾਂ ਨੇ ਅੱਜ ਦੇ ਸਾਰੇ ਪ੍ਰੋਗਰਾਮ ਦਾ ਅਤੇ ਸਭਾ ਦੀਆਂ ਸਾਲ ਭਰ
ਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ ਤੇ ਪਹਿਲੇ ਸੈਸ਼ਨ ਦੀ ਵਾਗ਼ਡੋਰ ਸਭਾ ਦੀ
ਸਪੈਸ਼ਲ ਕਨਵੀਨਰ ਕੁਲਵੰਤ ਕੌਰ ਢਿੱਲੋਂ ਦੇ ਸਪੁਰਦ ਕਰ ਦਿੱਤੀ। ਇਸ ਸੈਸ਼ਨ ਦੀ
ਪ੍ਰਧਾਨਗ਼ੀ ਗੁਰਨਾਮ ਸਿੰਘ ਗਰੇਵਾਲ, ਹਰਜੀਤ ਅਟਵਾਲ, ਮਹਿੰਦਰਪਾਲ ਧਾਲੀਵਾਲ,
ਕੌਂਸਲਰ ਮੋਤਾ ਸਿੰਘ ਅਤੇ ਮਨਮੋਹਨ ਸਿੰਘ ਮਹੇੜੂ ਨੇ ਕੀਤੀ। ਡਾਕਟਰ ਬਲਦੇਵ
ਸਿੰਘ ਕੰਦੋਲਾ ਨੇ 'ਵਿਗ਼ਿਆਨ
ਅਤੇ ਤਕਨੀਕ ਦੇ ਯੁਗ ਵਿਚ ਪੰਜਾਬੀ ਭਾਸ਼ਾ ਦਾ ਸਥਾਨ' ਦੇ ਵਿਸ਼ੇ ਉਤੇ
ਪੇਪਰ ਪੜ੍ਹਿਆ ਜਿਸ 'ਤੇ ਭਰਪੂਰ ਬਹਿਸ ਹੋਈ ਤੇ ਏਨਾ ਵਧੀਆ ਪੇਪਰ ਲਿਖ਼ਣ ਲਈ
ਕੰਦੋਲਾ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਡੀਬੇਟ ਵਿਚ ਹਿੱਸਾ ਲੈਣ
ਵਾਲਿਆਂ ਦਾ ਮੱਤ ਸੀ ਕਿ ਅੱਜ ਦੇ ਤਕਨੀਕੀ ਅਤੇ ਇੰਟਰਨੈਟ ਦੇ ਦੌਰ ਵਿਚ
ਪੰਜਾਬੀ ਵਿਦਵਾਨਾਂ ਨੂੰ ਇਸ ਗੱਲ ਵੱਲ ਤੇ ਵੱਜੋਂ ਦੇਣੀ ਚਾਹੀਦੀ ਹੈ ਕਿ
ਪੰਜਾਬੀ ਦਾ ਬਣਦਾ ਸਥਾਨ ਕਿਵੇਂ ਦੁਆਇਆ ਜਾਵੇ? ਪੰਜਾਬ ਸਰਕਾਰ 'ਤੇ ਜ਼ੋਰ ਪਾਇਆ
ਜਾਵੇ ਕਿ ਪੰਜਾਬੀ ਤੇ ਅੰਗ਼ਰੇਜ਼ੀ ਦਾ ਸੰਤੁਲਨ ਰੱਖਿਆ ਜਾਵੇ ਵਰਨਾ ਪੇਂਡੂ ਵਰਗ
ਤੇ ਸ਼ਹਿਰੀ ਵਰਗ਼ ਵਿਚਕਾਰਲਾ ਪਾੜਾ ਵਧਦਾ ਹੀ ਜਾਵੇਗਾ। ਪੰਜਾਬੀ ਭਾਸ਼ਾ ਵਿਚ
ਤਕਨੀਕੀ ਸ਼ਬਦ ਸ਼ਾਮਲ ਕੀਤੇ ਜਾਣ ਤੇ ਸਾਇੰਸ ਆਦਿ ਮਜ਼ਮੂਨਾਂ ਵਾਸਤੇ ਪੰਜਾਬੀ
ਮਾਧਿਅਮ ਨੂੰ ਵੀ ਅਪਣਾਇਆ ਜਾਵੇ। ਸਮੁੱਚੇ ਤੌਰ 'ਤੇ ਇਹ ਸਿੱਟਾ ਕੱਢਿਆ ਗਿਆ
ਕਿ ਭਾਸ਼ਾ ਅਤੇ ਆਰਥਿਕਤਾ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਸੋ ਜਿੰਨੀ ਦੇਰ
ਤੀਕ ਪੰਜਾਬ ਦੀ ਆਰਥਿਕਤਾ ਵਧਦੀ ਫੁਲਦੀ ਨਹੀਂ ਉਨੀ ਦੇਰ ਤੀਕ ਪੰਜਾਬੀ ਭਾਸ਼ਾ
ਨੇ ਵੀ ਉੱਨਤੀ ਨਹੀਂ ਕਰਨੀ। ਪੰਜਾਬੀ ਬੋਲੀ ਨੂੰ ਸਰਕਾਰੀ ਸਰਪ੍ਰਸਤੀ ਵੀ
ਜ਼ਰੂਰੀ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਮਲੇ ਫ਼ੈਲੇ ਨੂੰ
ਹਿਦਾਇਤ ਦੇਵੇ ਕਿ ਉਹ ਸਾਰੇ ਸਰਕਾਰੀ ਕੰਮ ਕਾਜ ਕੇਵਲ ਤੇ ਕੇਵਲ ਪੰਜਾਬੀ ਵਿਚ
ਹੀ ਕਰਿਆ ਕਰਨ।
ਦੂਜਾ ਪਰਚਾ ਸੰਤੋਖ਼ ਧਾਲੀਵਾਲ ਵਲ੍ਹੋਂ ਡਾਕਟਰ ਸਾਥੀ ਲੁਧਿਆਣਵੀ ਦੀ
ਕਹਾਣੀਆਂ ਦੀ ਨਵੀਂ ਪੁਸਤਕ
'ਗਰੌਸਰੀ' ਵਾਰੇ ਪੜ੍ਹਿਆ ਗਿਆ ਜਿਸ ਵਾਰੇ ਭਰਪੂਰ ਚਰਚਾ ਹੋਈ ਤੇ
ਸਾਥੀ ਜੀ ਨੂੰ ਇਕ ਬੁਹ-ਵਿਧਾਈ ਲੇਖ਼ਕ ਆਖ਼ਿਆ ਗਿਆ। ਇਹ ਵੀ ਕਿਹਾ ਗਿਆ ਕਿ
ਉਨ੍ਹਾਂ ਦੀਆਂ ਕਹਾਣੀਆਂ ਇਸ ਸਮਾਜ ਦੇ ਡੂੰਘੇ ਅਧਿਅਨ ਵਿਚੋਂ ਨਿਕਲੀਆਂ ਹੋਈਆਂ
ਹਨ ਤੇ ਸਾਥੀ ਲੁਧਿਆਣਵੀ ਦੇ ਸੱਠਾਂ ਸਾਲਾਂ ਦੇ ਲਿਖ਼ਣ ਤਜਰਬੇ ਦੀਆਂ ਲਖਾਇਕ
ਹਨ। ਉਸ ਨੇ ਆਪਣੇ ਬਵੰਜਾ ਸਾਲਾਂ ਦੇ ਪਰਵਾਸੀ ਜੀਵਨ ਦੇ ਤਜਰਬਿਆਂ ਨੂੰ ਆਪਣੇ
ਪਾਠਕਾਂ ਅਤੇ ਮੀਡੀਆ ਵਿਚ ਹੋਣ ਕਾਰਨ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਨਾਲ਼
ਸਾਂਝਿਆਂ ਕੀਤਾ ਹੈ। ਕੁਝ ਇਕ ਬੁਲਾਰਿਆਂ ਨੇ ਕਿਹਾ ਕਿ ਸਾਥੀ ਲੁਧਿਆਣਵੀ ਇਕ
ਇੰਨਸਟੀਟਿਊਸ਼ਨ ਤੋਂ ਘੱਟ ਨਹੀਂ। ਇਸ ਸੈਸ਼ਨ ਦੀ ਪ੍ਰਧਾਨਗੀ ਨੌਟਿਘਮ ਤੋ
ਆਏ ਸੰਤੋਖ਼ ਧਾਲੀਵਾਲ, ਵੁਲਵਰਹੈਂਪਟਨ ਤੋਂ ਆਈ ਦਲਵੀਰ ਕੌਰ, ਕੋਵੈਂਟਰੀ ਤੋਂ
ਆਏ ਕਿਰਪਾਲ ਪੂਨੀ, ਚਮਨ ਲਾਲ ਚਮਨ ਅਤੇ ਪੰਜਾਬੀ ਸਾਹਿਤ ਕਲਾ ਕੇਂਦਰ ਦੇ
ਪ੍ਰਧਾਨ ਸਾਥੀ ਲੁਧਿਆਣਵੀ ਨੇ ਕੀਤੀ। 'ਗਰੌਸਰੀ' ਨੂੰ ਲੋਕਲ ਐਮ ਪੀ ਵੀਰੇਂਦਰਾ
ਸ਼ਰਮਾ ਜੀ ਨੇ ਰੀਲੀਜ਼ ਕੀਤਾ।
ਇਸ ਸਮਾਗ਼ਮ ਵਿਚ ਇਹ ਮਤਾ ਵੀ ਪ੍ਰਸਤੁਤ ਕੀਤਾ ਗਿਆ ਕਿ ਪਰਵਾਸੀ ਸਾਹਿਤ ਨੂੰ
ਪਰਵਾਸੀ ਸਾਹਿਤ ਨਹੀਂ ਸਗੋਂ ਮੇਨਸਟਰੀਮ ਦਾ ਸਾਹਿਤ ਹੀ ਆਖ਼ਿਆ ਜਾਵੇ
ਕਿਉਂਕਿ ਦੁਨੀਆਂ ਇਕ ਗਲੋਬਲ ਵਿੱਲੇਜ ਬਣ ਗਈ ਹੈ। ਪੰਜਾਬੀ ਲੇਖ਼ਕ
ਦੁਨੀਆਂ ਦੇ ਹਰ ਕੋਨੇ ਤੀਕ ਫ਼ੈਲ ਗਏ ਹਨ। ਦੁਨੀਆ ਦੇ ਗਲੋਬਲੀਕਰਨ ਹੋਣ ਕਾਰਨ
ਪਰਵਾਸ ਸ਼ਬਦ ਦੇ ਪਹਿਲਾਂ ਵਰਗੇ ਮਾਅਨੇ ਨਹੀਂ ਰਹਿ ਗਏ। ਪੰਜਾਬ ਵਿਚਲੀਆਂ
ਕੇਂਦਰੀ ਸਾਹਿਤ ਸਭਾਵਾਂ ਅਤੇ ਅਕੈਡਮੀਆਂ ਨੂੰ ਬੇਨਤੀ ਕੀਤੀ ਜਾਂਦੀ
ਹੈ ਕਿ ਉਹ ਬਾਹਰ ਵਸਦੇ ਪੰਜਾਬੀ ਲੇਖ਼ਕਾਂ ਦੇ ਨੁਮਾਇੰਦੇ ਆਪਣੀਆਂ ਕਮੇਟੀਆਂ
ਵਿਚ ਲਿਆ ਕਰਨ। ਸੁਝਾਅ ਰੱਖ਼ਿਆ ਗਿਆ ਕਿ ਬ੍ਰਿਟਨ, ਅਸਟਰੇਲੀਆ, ਕੈਨੇਡਾ ਅਤੇ
ਅਮਰੀਕਾ ਚੋਂ ਘੱਟੋ ਘੱਟ ਇਕ ਇਕ ਪ੍ਰਤੀਨਿਧ ਜ਼ਰੂਰ ਲਿਆ ਜਾਣਾ ਚਾਹੀਦਾ ਹੈ।
ਦੋਹਾਂ ਪੇਪਰਾਂ ਦੀ ਡੀਬੇਟ ਤੇ ਬਾਅਦ ਵਿਚ ਹੋਏ ਕਵੀ ਦਰਬਾਰ (ਜਿਸ ਦੀ
ਸਕੱਤਰੀ ਅਜ਼ੀਮ ਸ਼ੇਖ਼ਰ ਨੇ ਨਿਭਾਈ) ਵਿਚ ਦੀਦਾਰ ਸਿੰਘ ਪਰਦੇਸੀ, ਚਮਨ ਲਾਲ ਚਮਨ,
ਕਿਰਪਾਲ ਸਿੰਘ ਪੂਨੀ, ਦਰਸ਼ਨ ਬੁਲੰਦਵੀ, ਕੁਲਦੀਪ ਬਾਂਸਲ, ਰੂਪ ਢਿੱਲੋਂ,
ਕੁਲਵੰਤ ਢਿੱਲੋਂ, ਮਨਜੀਤ ਕੌਰ ਪੱਢਾ, ਦੇਵਿੰਦਰ ਨੌਰਾ, ਸਤਪਾਲ ਡੁਲ੍ਹਕੂ,
ਮੋਤਾ ਸਿੰਘ, ਜਸਵਿੰਦਰ ਕੌਰ, ਸੁਰਿੰਦਰ ਗਾਖ਼ਲ, ਬਿੱਟੂ ਖੰਗੂੜਾ, ਰਾਜ ਸੇਖ਼ੋਂ,
ਦਲਬੀਰ ਪੱਤੜ, ਸਿਕੰਦਰ ਬਰਾੜ, ਜੀਤ ਜਗਜੀਤ, ਅਜ਼ੀਮ ਸ਼ੇਖ਼ਰ, ਸੰਤੋਖ਼ ਧਾਲੀਵਾਲ,
ਮਿਹਰਬਾਨ ਸਿੰਘ, ਜਸਵੰਤ ਕੌਰ ਬੋਲਾ, ਗੁਰਬਚਨ ਆਜ਼ਾਦ, ਰਾਜ ਸੇਖ਼ੋਂ, ਡਾਕਟਰ
ਓਂਕਾਰ ਸਿਘ ਸਹੋਤਾ, ਮਨਪ੍ਰੀਤ ਸਿੰਘ ਬੱਧਨੀ ਕਲਾਂ ਅਤੇ ਸਾਥੀ ਲੁਧਿਆਣਵੀ ਆਦਿ
ਨੇ ਭਾਗ ਲਿਆ। ਕਵੀ ਦਰਬਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ 'ਸੁੱਤਾ ਨਾਗ' ਨਾਂ
ਦੀ ਫ਼ਿਲਮ ਰੀਲੀਜ਼ ਕੀਤੀ ਗਈ। 'ਰੇਪ' ਨਾਂ ਦਾ ਵੀਡੀਓ ਵੀ ਰੀਲੀਜ਼ ਕੀਤਾ ਗਿਆ।
ਸਿੱਧੂ ਰਮਨ ਦੀ ਕਾਵਿ ਪੁਸਤਕ 'ਤੂ ਮੇਰੀ ਅੱਖ਼ ਦਾ ਹੰਝੂ' ਅਤੇ ਤਰਸਪਾਲ ਕੌਰ
ਦੀ ਕਹਾਣੀਆਂ ਦੀ ਪਸੁਤਕ 'ਲਸਰਾਂ ਵਾਲਾ ਪਰਦਾ' ਵੀ ਰੀਲੀਜ਼ ਕੀਤੀਆਂ ਗਈਆਂ। ਇਸ
ਅਤੀਅੰਤ ਕਾਮਯਾਬ ਸਮਾਗ਼ਮ ਤੀ ਸਮਾਪਤੀ ਤੋਂ ਪਹਿਲਾਂ ਸਭਾ ਦੇ ਪਰਧਾਨ ਡਾਕਟਰ
ਸਾਥੀ ਲੁਧਿਆਣਵੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਪਰੰਤ ਲਜ਼ੀਜ
ਖ਼ਾਣਿਆਂ ਦਾ ਆਨੰਦ ਮਾਣਿਆਂ ਗਿਆ।