ਹੌਲੀ ਹੌਲੀ ਵੈਨ ਨੇ ਅੰਬਾਲਾ, ਕਰਨਾਲ ਪਾਨੀਪੱਤ ਪਿੱਛੇ ਛੱਡ
ਦਿੱਤੇ। ਰਸਤੇ ਵਿੱਚ ਥਾਂ ਥਾਂ ਨਾਕੇ ਸਨ। ਹਰ ਜਗਾ ਹੀ ਪੁਲੀਸ ਸ਼ੱਕੀ ਨਿਗਾਹਾਂ ਨਾਲ
ਦੇਖਦੀ ਅਤੇ ਪੁੱਠੇ ਸਿੱਧੇ ਸਵਾਲ ਕਰਦੀ ਰਹੀ। ਕਿਤੇ ਕੋਈ ਵੀ ਪੰਗਾ ਪੈ ਵੀ ਸਕਦਾ ਸੀ।
ਹਾਲਾਤ ਅਜੇ ਠੀਕ ਨਹੀਂ ਸਨ। ਪੱਗ ਵਾਲਿਆਂ ਨੂੰ ਅਜੇ ਵੀ ਅੱਤਵਾਦੀ ਸਮਝ ਕੇ ਨਫਰਤ
ਦੀਆਂ ਨਿਗਾਹਾਂ ਨਾਲ ਹੀ ਦੇਖਿਆ ਜਾ ਰਿਹਾ ਸੀ।
ਹਰਿਆਣਾ ਵਿੱਚ ਤਾਂ ਪੁਲਸੀਆਂ ਦੀ ਬੋਲੀ ਵੀ ਬਹੁਤ ਰੁੱਖੀ ਸੀ।
ਪਰ ਮਨਦੀਪ ਤਾਂ ਯਾਦਾਂ ਦੇ ਭਵਸਾਗਰ ਵਿੱਚ ਹੀ ਡੁੱਬਿਆ ਰਿਹਾ। ਕਦੇ ਆਪ ਮੁਹਾਰੇ ਹੀ
ਅਥਰੂ ਟਪਕ ਪੈਂਦੇ। ਕਈ ਚਿਹਰੇ ਦਿਮਾਗ ਵਿੱਚ ਉਭਰਦੇ ਤੇ ਫੇਰ ਧੁੰਦਲੇ ਪੈ ਜਾਂਦੇ।
ਆਖਿਰ ਉਹ ਦਿੱਲੀ ਵੀ ਆ ਗਈ ਜੋ ਦੇਸ਼ ਤੇ ਰਾਜ ਕਰਦੀ ਸੀ। ਤੇ ਇਨ੍ਹਾਂ ਰਾਜ ਕਰਨ
ਵਾਲਿਆਂ ਦੀ ਨਾਲਾਇਕੀ ਕਾਰਨ ਹੀ ਮਨਦੀਪ ਨੂੰ ਆਪਣਾ ਦੇਸ਼ ਛੱਡਣਾ ਪੈ ਰਿਹਾ ਸੀ।
ਇੱਕ ਨਿੱਕਾਂ ਜਿਹਾ ਚੋਅ ਜੋ ਕਦੇ ਰਣੀਏ ਪਿੰਡ ਚੋਂ ਫੁੱਟਿਆ
ਸੀ, ਹੁਣ ਨਦੀ ਵਾਂਗੂ ਅੱਗੇ ਵਧਦਾ ਸੰਸਾਰ ਵਿਸ਼ਾਲ ਸਮੁੰਦਰ ਵਿੱਚ ਲੀਨ ਹੋਣ ਲਈ ਜਾ
ਰਿਹਾ ਸੀ। ਇਹ ਉਹ ਹੀ ਦਿੱਲੀ ਸੀ ਜਿਸ ਦੇ ਇੱਕ ਪਾਸੇ ਪਾਂਡਵਾਂ ਦਾ ਹਸਤਨਾਪੁਰ ਸੀ।
ਕੁਰਕਸ਼ੇਤਰ ਦਾ ਮੈਦਾਨੇ ਜੰਗ ਅੱਜ ਮੁੱਕਿਆ ਨਹੀਂ ਸੀ, ਸਗੋਂ ਪੂਰੇ ਸੰਸਾਰ ਵਿੱਚ ਫੈਲ
ਗਿਆ ਸੀ। ਤੇ ਰਣ ਭੂਮੀ ਕਰਮ ਭੂਮੀ ਵਿੱਚ ਤਬਦੀਲ ਹੋ ਗਈ ਸੀ।
ਮਨਦੀਪ ਨੂੰ ਪਾਣੀਪੱਤ ਲੰਘਦਿਆਂ ਪਾਣੀਪੱਤ ਦੀ ਲੜਾਈ ਦੇ ਨਾਲ
ਨਾਲ ਮੁਗਲਾਂ ਦੇ ਅਨੇਕਾ ਹਮਲੇ ਵੀ ਯਾਦ ਆਏ। ਜਿਹੜਾ ਕੰਮ ਭਾਰਤੀਆਂ ਨੂੰ ਉਜਾੜਨ ਦਾ
ਉਹ ਹਮਲੇ ਨਾ ਕਰ ਸਕੇ, ਅੱਜ ਦੇਸ਼ ਦੇ ਸਿਆਸਤਦਾਨਾ ਸਹਿਜੇ ਹੀ ਕਰ ਦਿੱਤਾ ਸੀ। ਏਸੇ
ਦਿੱਲੀ ਵਿੱਚ ਮਨੁੱਖਤਾ ਦਾ ਹਜ਼ਾਰਾਂ ਵਾਰ ਘਾਣ ਹੁੰਦਾ ਰਿਹਾ। ਤਾਕਤ ਹਥਿਆਉਣ ਲਈ ਰਾਜ
ਪਲਟੇ ਹੁੰਦੇ ਰਹੇ। ਏਸੇ ਦਿੱਲੀ ਵਿੱਚ ਸਿੱਖਾਂ ਨੂੰ ਗਲ਼ਾਂ ‘ਚ ਟਾਇਰ ਪਾ ਕੇ ਫੂਕਿਆ
ਗਿਆ ਅਤੇ ਅਹਿਸਾਸ ਕਰਵਾਇਆ ਗਿਆ ਕਿ ਇਹ ਉਹਨਾਂ ਦਾ ਮੁਲਕ ਨਹੀਂ ਹੈ। ਜਿੱਥੇ ਹੁਣ ਵੀ
ਕਨੂੰਨ ਕੁੰਭਕਰਨੀ ਨੀਂਦ ਸੌਂਦਾ ਹੈ।
ਜਿੱਥੇ ਕੁੱਝ ਵੀ ਸੁਰੱਖਿਅਤ ਨਹੀਂ। ਜਿੱਥੇ ਬਹੁਗਿਣਤੀ ਦਾ
ਵੱਡਾ ਸਾਗਰ ਨਿੱਕੇ ਮੋਟੇ ਨਦੀਆਂ ਨਾਲਿਆਂ ਨੂੰ ਡਕਾਰ ਜਾਣਾ ਚਾਹੁੰਦਾ ਹੈ। ਜਿੱਥੇ
ਪ੍ਰਧਾਨ ਮੰਤਰੀ ਤੱਕ ਬੋਫੋਰਜ਼ ਵਰਗੇ ਤੋਪ ਸੌਦਿਆਂ ਵਿੱਚ ਰਿਸ਼ਵਤ ਲੈਂਦਾ ਹੈ।
ਅੰਗਰੇਜ਼ਾਂ ਨੇ ਤਾਂ ਬਿਦੇਸ਼ੀ ਹੋਣ ਕਾਰਨ ਦੇਸ਼ ਨੂੰ ਲੁੱਟਿਆ ਸੀ ਪਰ ਜੋ ਹੁਣ ਦੇ ਨੇਤਾ
ਲੁੱਟ ਲੁੱਟ ਕੇ ਆਪਣੇ ਸਵਿੱਸ ਖਾਤੇ ਕਾਲੇ ਧਨ ਨਾਲ ਭਰ ਰਹੇ ਸਨ, ਉਹ ਕੌਣ ਨੇ? ਕਦੇ
ਮਨਦੀਪ ਸੋਚਦਾ ਇੱਕ ਦਿਨ ਮੇਰੀ ਉਲਾਦ ਪਰਤੇਗੀ ਤੇ ਇਹ ਸੁਆਲ ਜਰੂਰ ਪੁੱਛੇਗੀ ਕਿ
ਕਿਹੜੇ ਹਾਲਾਤਾਂ ਨਿ ਸਾਡੇ ਪੁਰਖਿਆਂ ਨੂੰ ਦੇਸ਼ ਨਿਕਾਲੇ ਲਈ ਮਜ਼ਬੂਰ ਕੀਤਾ ਸੀ।
ਦਿੱਲੀ ਦੀਆਂ ਬੱਤੀਆਂ ਜਗ ਪਈਆਂ ਸਨ। ਸ਼ਾਮ ਦਾ ਸੂਰਜ ਡੁੱਬ
ਚੁੱਕਾ ਸੀ। ਦੇਸ਼ ਵੀ ਤਾਂ ਡੁੱਬ ਰਿਹਾ ਸੀ। ਉੱਚੀਆਂ ਇਮਾਰਤਾਂ ਹਰ ਪਾਸੇ ਨਜ਼ਰ ਆ
ਰਹੀਆਂ ਤੇ ਉਨ੍ਹਾਂ ਦੇ ਪੈਰਾਂ ਵਿੱਚ ਰੁਲ਼ ਰਹੇ ਬੇ-ਘਰੇ ਗਰੀਬ। ਨਿੱਕੀਆਂ ਨਿੱਕੀਆਂ
ਕੁੜੀਆਂ ਮੁੰਡੇ ਕੂੜੇ ਦੇ ਢੇਰ ਫਰੋਰਲਦੇ ਕੁੱਝ ਖਾਣ ਲਈ ਲੱਭ ਰਹੇ ਸਨ।
ਹਰੇ ਇਨਕਲਾਬ ਨਾਲ ਅਨਾਜ਼ ਦੇ ਭਰੇ ਹੋਏ ਗੁਦਾਮ ਫੇਰ ਕੌਣ ਖਾਅ ਗਿਆ ਸੀ? ਦਲੇਰ ਸਿੰਘ
ਪਿਛਲੀ ਸੀਟ ਤੇ ਬੈਠਾ ਊਂਘ ਰਿਹਾ ਸੀ। ਮਨਦੀਪ ਨੇ ਮਾਂ ਦੇ ਬਣਾਏ ਪਰੌਂਠੇ ਆਖਰੀ ਵਾਰ
ਖਾਧੇ ਤੇ ਇੱਕ ਜਗਾ ਚਾਹ ਵੀ ਪੀਤੀ। ਪਰ ਏਥੇ ਤਾਂ ਮਸ਼ਹੂਰੀਆਂ ਦੇ ਬੋਰਡ ਹੀ ਬੋਰਡ ਸਨ।
ਬਹੁਕੌਮੀ ਕੰਪਨੀਆਂ ਦਾ ਤੰਦੂਆ ਜਾਲ਼ ਹਰ ਪਾਸੇ ਫੈਲ ਰਿਹਾ ਸੀ। ਨਿੱਕੇ ਵਪਾਰੀ ਕਿਸਾਨ
ਤੇ ਮਜ਼ਦੂਰ ਆਪਣੇ ਘਰ ਜ਼ਮੀਨ ਤੇ ਸੱਭਿਅਤਾ ਗੁਆ ਰਹੇ ਸਨ ਤੇ ਹੁੁਣ ਖੁਦਕਸ਼ੀਆਂ ਲਈ
ਮਜ਼ਬੂਰ ਸਨ।ਵੋਟਾਂ ਦੇ ਵਣਜਾਰੇ ਕਹਿ ਰਹੇ ਸਨ ਕਿ ਦੇਸ਼ ਤਰੱਕੀ ਕਰ ਰਿਹਾ ਹੈ। ਪਰ ਕੱਟੇ
ਨੂੰ ਮਣ ਦੁੱਧ ਦਾ ਕੀ ਭਾਅ।
ਉਹ ਧੌਲਾ ਕੂਆ ਪਾਰ ਕਰ ਗਏ। ਸਾਹਮਣੇ ਪਾਰਲੀਮੈਂਟ ਰੋਡ ਸੀ।
ਮਨਦੀਪ ਨੂੰ ਕਚਿਆਣ ਜਿਹੀ ਆਈ। ਦੇਸ਼ ਦੀ ਛਾਤੀ ਤੇ ਜਿਵੇਂ ਇਹ ਕੋਈ ਨਾਸੂਰ ਹੋਵੇ।
ਪਾਰਲੀਮੈਂਟ ਬਿਲਡਿੰਗ ਵੀ ਬੱਸ ਏਸੇ ਤਰਾਂ ਜਾਪੀ। ਫੇਰ ਸਾਹਮਣੇ ਹਿਯਾਤ ਹੋਟਲ ਨਜ਼ਰ
ਆਇਆ। ਤੇ ਲੱਖਾਂ ਕਰੋੜਾਂ ਬੱਤੀਆਂ ਦੀ ਚਕਾਚੌਂਧ। ਡਰਾਈਵਰ ਬੋਲਿਆ ਬੱਸ ਪਹੁੰਚ ਗਏ
ਏਅਰ ਪੋਰਟ। ਕੁੱਝ ਹੀ ਮਿੰਟਾਂ ਬਾਅਦ ਉਹ ਅੰਦਰ ਜਾਣ ਲਈ ਟਰਾਲੀਆਂ ਤੇ ਸਮਾਨ ਰੱਖ ਰਹੇ
ਸਨ।
ਇੱਕ ਵਿਸ਼ਾਲ ਇਮਾਰਤ। ਕਾਲੇ ਸ਼ੀਸ਼ੇ। ਬਾਹਰ ਜਾਣ ਵਾਲਿਆਂ ਦੀ
ਭੀੜ। ਤੇ ਛੱਡਣ ਆਇਆਂ ਦੀਆਂ ਨਮ ਅੱਖਾਂ। ਦਲੇਰ ਸਿੰਘ ਵੀ ਪੁੱਤ ਨੂੰ ਜਾਂਦਾ ਦੇਖਕੇ
ਅੱਜ ਬਹੁਤ ਉਦਾਸ ਸੀ।
ਉਹ ਤਾਂ ਦੇਸ਼ ਬਚਾਂਉਦਾ ਰਿਹਾ ਪਰ ਆਪਣੀ ਉਲਾਦ ਨੂੰ ਨਹੀਂ ਸੀ
ਬਚਾ ਸਕਿਆ। ਉਸਦੇ ਜੀਵਨ ਦਾ ਖਜ਼ਾਨਾ ਹੁਣ ਲੁੱਟਿਆ ਜਾ ਰਿਹਾ ਸੀ। ਇੱਕ ਦਿਨ ਇਸ ਦੇਸ਼
ਵਿੱਚ ਉਸਦਾ ਕੁੱਝ ਵੀ ਨਹੀਂ ਸੀ ਹੋਣਾ। ‘ਕਿਉਂ ਮਰਦਾ ਰਿਹਾ ਸੀ ਉਹ ਸਾਰੀ ਉਮਰ?’ ਉਹ
ਖੁਦ ਨੂੰ ਹੀ ਪੁੱਛ ਰਿਹਾ ਸੀ। ਉਧਰ ਸਮਾਂ ਘਟਦਾ ਜਾ ਰਿਹਾ ਸੀ। ਉਨ੍ਹਾਂ ਟੀ ਵੀ
ਸਕਰੀਨ ਤੇ ਪੜ੍ਹਿਆ ਕਿ ਫਲਾਈਟ ਨੰਬਰ 183 ਏਅਰ ਫਰਾਂਸ ਟਾਈਮ ਸਿਰ ਉਡਾਣ ਭਰ ਰਹੀ ਹੈ।
ਤੇ ਉਨ੍ਹਾਂ ਦੇ ਕਦਮ ਹੋਰ ਕਾਹਲੇ ਹੋ ਗਏ।
ਹੁਣ ਦਲੇਰ ਸਿੰਘ ਨੇ ਅੱਖਾਂ ਭਰ ਲਈਆਂ। ਜੱਫੀ ‘ਚ ਲੈਂਦਾ
ਮਨਦੀਪ ਨੂੰ ਬੋਲਿਆ “ਆਪਣਾ ਖਿਆਲ ਰੱਖੀ” ਉਹ ਹੀ ਦਲੇਰ ਸਿੰਘ ਜਿਸ ਨੂੰ ਵਿਹਲੜ ਮਨਦੀਪ
ਦੀ ਹੋਂਦ ਚੁਭਦੀ ਸੀ ਅੱਜ ਟੁੱਟ ਕੇ ਪਿਘਲ ਤੁਰਿਆ ਸੀ। ਛੋਟੇ ਭਰਾ ਨੇ ਜੱਫੀ ਪਾ ਕੇ
ਵਿਦਾਇਗੀ ਲਈ। ਰੋਂਦਾ ਮਨਦੀਪ ਸ਼ੀਸ਼ਿਆਂ ਦੇ ਓਹਲੇ ਹੋ ਗਿਆ। ਛੱਡਣ ਆਏ ਦੰਦਾਂ ‘ਚ ਜੀਭ
ਲਈ ਅਜੇ ਵੀ ਬਾਹਰ ਖੜੇ ਅਰਦਾਸਾਂ ਕਰ ਰਹੇ ਸਨ। “ ਹੇ ਰੱਬ ਸੱਚਿਆ ਜਿੱਥੇ ਅੱਗੇ ਲਾਜ
ਰੱਖੀ ਆ ਹੁਣ ਆਖਰੀ ਭਵਸਾਗਰ ਵੀ ਲੰਘਾ ਦੇ। ਦੇਖੀ ਕਿਤੇ ਪਿੱਛੇ ਨਾ ਮੁੜ ਆਏ”
ਮਨਦੀਪ ਲਈ ਸਾਰਾ ਕੁੱਝ ਹੀ ਨਵਾਂ ਸੀ। ਫੇਰ ਲੰਬੀਆਂ ਲਾਈਨਾਂ
‘ਚ ਲੱਗ ਕੇ ਸਮਾਨ ਵੀ ਜਮਾਂ ਕਰਵਾ ਦਿੱਤਾ ਗਿਆ। ਟਿਕਟਾਂ ਤੇ ਪਾਸਪੋਰਟ ਵੀ ਚੈੱਕ ਹੋ
ਗਏ। ਫੇਰ ਉਸ ਭਾਰਤੀ ਪੈਸੇ ਦੇ ਕੇ ਵੀਹ ਡਾਲਰ ਖਰੀਦ ਲਏ। ਰਸਤੇ ‘ਚ ਚਾਹ ਪਾਣੀ ਲਈ ਇਹ
ਕਾਫੀ ਸਨ।
ਪਰ ਇਹ ਕੀ ਜਦੋਂ ਅੱਗੇ ਉਸ ਨੇ ਸਕਿਉਰਟੀ ਗੇਟ ਲੰਘਣਾ ਸੀ ਤਾਂ
ਡਿਊਟੀ ਤੇ ਖੜੇ ਆਫੀਸਰ ਨੇ ਉਸਦਾ ਪਾਸਪੋਰਟ ਦੇਖਦਿਆਂ ਭਵਾਂ ਸਿਕੋੜੀਆਂ ਸਨ। ਐਨਕਾਂ
ਤੇ ਉੱਪਰੋਂ ਦੀ ਜਲਾਦ ਦੀ ਤੱਕਣੀ ਤੱਕਦਾ ਉਹ ਬੋਲਿਆ “ਕਿਸ ਕੇ ਪਾਸਪੋਰਟ ਪਰ ਜਾ ਰਹੇ
ਹੋ? ਕਿਆ ਆਤੰਕਵਾਦੀ ਹੋ? ਯਹ ਪਿਕਚਰ ਤੋ ਆਪਕੀ ਨਹੀਂ ਹੈ”
“ਸਰ ਮੇਰੀ ਹੀ ਹੈ” ਮਨਦੀਪ ਦੀਆਂ ਲੱਤਾਂ ਕੰਬੀਆਂ।
“ਹਮੇ ਵੇਫਕੂਫ ਬਨਾਤੇ ਹੋ। ਯਹ ਤੋ ਹਮ ਦੇਖੇਂਗੇ ਕਿ ਕਿਸ ਕੀ
ਫੋਟੋ ਹੈ। ਜਾ ਕੇ ਉਸ ਬੈਂਚ ਪਰ ਬੈਠ ਜਾਵੋ” ਉਹ ਸਖਤ ਲਹਿਜ਼ੇ ਵਿੱਚ ਬੋਲਿਆ।
ਪੰਦਰਾਂ ਮਿੰਟ ਲੰਘ ਗਏ। ਬਾਕੀ ਸਾਰੇ ਲੋਕ ਅੰਦਰ ਚਲੇ ਗਏ। ਪਰ
ਮਨਦੀਪ ਝਾੜ ‘ਚ ਫਸੇ ਬਿੱਲੇ ਵਾਂਗ ਬੈਠਾ ਏਧਰ ਉਧਰ ਦੇਖ ਰਿਹਾ ਸੀ। ਫਲਾਈਟ ਉਡਣ ਦਾ
ਸਮਾਂ ਵੀ ਬਹੁਤ ਕਰੀਬ ਸੀ।
ਉਹ ਹੀ ਬੰਦਾ ਫੇਰ ਅਇਆ “ਮੈਂ ਕਿਆ ਕਰੂੰ ਸਾਹਬ ਨਹੀਂ ਮਾਨਤਾ।
ਵੋਹ ਤੋ ਕਹਿ ਰਹਾ ਹੈ ਕਿ ਯਹ ਕੈਨੇਡਾ ਨਹੀਂ ਬਲਕਿ ਤਿਹਾੜ ਜੇਲ ਮੇਂ ਜਾਏਗਾ” ਮਨਦੀਪ
ਹੋਰ ਵੀ ਡਰ ਗਿਆ।
ਉਹ ਫੇਰ ਉਹ ਬੋਲਿਆ “ਮੈਂ ਆਖਿਰੀ ਕੋਸ਼ਿਸ਼ ਕਰ ਕੇ ਦੇਖ ਲੇਤਾ
ਹੂੰ। ਜੋ ਪੈਸੇ ਆਪ ਕੇ ਪਾਸ ਹੈਂ, ਨਿਕਾਲੋ ਜਲਦੀ…ਸ਼ਾਇਦ ਦੇ ਲੈ ਕੇ ਬਾਤ ਬਨ ਜਾਏ”
“ਸਰ ਮੇਰੇ ਕੋਲ ਜੋ ਇੰਡੀਅਨ ਪੈਸੇ ਸੀ ਉਨਕੇ ਮੈਂ ਡਾਲਰ ਖਰੀਦ
ਲੇ”
“ਜੋ ਛੋੜਨੇ ਆਏ ਹੈਂ ਉਨ ਕੋ ਪੂਛੋ”
“ਸਰ ਉਹ ਤਾਂ ਚਲੇ ਗਏ”
“ਤੋ ਮੇਰਾ ਵਕਤ ਬਰਬਾਦ ਮੱਤ ਕਰੋ। ਜੋ ਡਾਲਰ ਆਪਨੇ ਲਏ ਹੈ
ਵੋਹ ਹੀ ਦੋ। ਇਸ ਪਾਸਪੋਰਟ ਮੇ ਰੱਖ ਕਰ ਪਕੜਾ ਦੋ ਜਲਦੀ”
ਫੇਰ ਉਸ ਨੇ ਪਰਦੇ ਨਾਲ ਪਾਸਪੋਰਟ ਚੋਂ ਵੀਹ ਕੱਢੇ ਤੇ ਬੋਲਿਆ
“ਲੋ ਆਪਨਾ ਪਾਸਪੋਰਟ। ਚਲੋ ਭਾਗੋ ਜਲਦੀ। ਆ ਜਾਤੇ ਸਾਲੇ ਖਾਲੀ ਜੇਬ ਲੈ ਕੇ… ਜਾਨਾ ਹੈ
ਕੈਨੇਡਾ ਕੋ ਔਰ ਜੇਬ ਮੇਂ ਸਾਲੀ ਫੁਟੌ ਕੌਡੀ ਵੀ ਨਹੀਂ”
ਫੇਰ ਲ਼ਫਜ ਮਨਦੀਪ ਦਾ ਪਿੱਛਾ ਕਰਦੇ ਰਹੇ ਤੇ ਬਹੁਤ ਦੇਰ ਤੱਕ
ਕੰਨਾਂ ‘ਚ ਗੂੰਜਦੇ ਰਹੇ। ਇਹ ਕੇਹੋ ਜਿਹੀ ਵਿਦਾਇਗੀ ਸੀ।
ਸ਼ਾਇਦ ਉਹ ਬੰਦਾ ਸੋਚਦਾ ਹੋਵੇਗਾ ਕਿ ਜਾਂਦੇ ਚੋਰ ਦੀ ਤੜਾਗੀ
ਹੀ ਸਈ। ਪਰ ਚੋਰ ਉਹ ਨਹੀਂ ਸੀ।ਚੋਰ ਤਾਂ ਇਹ ਸਨ, ਜੋ ਸਾਰੇ ਦੇਸ਼ ਨੂੰ ਲੁੱਟ ਕੇ ਖਾਅ
ਗਏ। ਇਹਨਾਂ ਦਾ ਸਤਇਆ ਹੋਇਆ ਹੀ ਤਾਂ ਮਨਦੀਪ ਵਾਹੋ ਦਾਹ ਦੇਸ਼ ਤੋਂ ਦੌੜ ਰਿਹਾ ਸੀ।
ਹੁਣ ਉਸਦੇ ਨਾਮ ਦੀ ਅਨਾਊਂਸਮੈਂਟ ਵੀ ਹੋ ਰਹੀ ਸੀ। ਫਲਾਈਟ ਉਸੇ ਨੂੰ ਉਡੀਕ ਰਹੀ ਸੀ।
ਕਿਹਾ ਜਾ ਰਿਹਾ ਸੀ ਕਿ ਮਨਦੀਪ ਨਾਮ ਕੇ ਯਾਤਰੀ ਕੋ ਨਿਵੇਦਨ ਹੈ ਕਿ ਏਅਰ ਫਰਾਂਸ
ਫਲਾਈਟ ਨੰਬਰ 183, ਬੋਰਡਿੰਗ ਕੇ ਲੀਏ ਜਲਦੀ ਪ੍ਰਸਥਾਨ ਕਰੇ” ਮਨਦੀਪ ਹੋਰ ਤੇਜ਼ੀ ਨਾਲ
ਦੌੜਿਆ।
ਫੇਰ ਕਈ ਹੋਰ ਰੁਕਾਵਟਾਂ ਪਾਰ ਕਰਦਾ ਉਹ ਜਹਾਜ਼ ਤੱਕ ਜਾ
ਪਹੁੰਚਿਆ। ਅੱਗੇ ਜਹਾਜ਼ ਦਾ ਅਮਲਾ ਉਸੇ ਨੂੰ ਹੀ ਉਡੀਕ ਰਿਹਾ ਸੀ। ਨੀਲੇ ਰੰਗ ਦੀਆਂ
ਸੀਟਾਂ ਤੇ ਲਾਲ ਲਾਈਟਾਂ ਤੋਂ ਲੱਗਿਆ ਜਿਵੇਂ ਉਹ ਕਿਸੇ ਵੱਡੇ ਮਹਿਲ ਵਿੱਚ ਪ੍ਰਵੇਸ਼ ਕਰ
ਗਿਆ ਹੋਵੇ।
ਏਅਰ ਹੋਸਟੈੱਸ ਉਸ ਨੂੰ ਸੀਟ ਤੇ ਬਿਠਾ ਗਈ। ਫੇਰ ਜਹਾਜ਼ ਦੇ
ਦਰਵਾਜ਼ੇ ਬੰਦ ਹੋਏ। ਅੰਦਰਲੇ ਅਮਲੇ ਨੇ ਸੇਫਟੀ ਪ੍ਰਦਰਸ਼ਨ ਕੀਤਾ। ਤੇ ਇਸ ਦੇ ਨਾਲ ਹੀ
ਜਹਾਜ਼ ਪਿੱਛੇ ਵਲ ਤੁਰਨ ਲੱਗਾ। ਲੰਬੇ ਲੰਬੇ ਰਨਵੇਅ ਖਿੜਕੀ ਚੋਂ ਨਜ਼ਰ ਆ ਰਹੇ ਸਨ। ਇੱਕ
ਥਾਂ ਜਾ ਕੇ ਜਹਾਜ਼ ਦੀ ਗੂੰਜ ਉੱਚੀ ਹੋਈ। ਫੇਰ ਉਹ ਤੇਜ਼ ਦੌੜਿਆ। ਮਨਦੀਪ ਦਾ ਦਿਲ ਜ਼ੋਰ
ਨਾਲ ਧੜਕਿਆ। ਜਹਾਜ਼ ਜ਼ਮੀਨ ਤੋਂ ਉੱਠਿਆ। ਤੇ ਦਿੱਲੀ ਦੀਆਂ ਬੱਤੀਆਂ ਥੱਲੇ ਰਹਿਣ
ਲੱਗੀਆਂ। ਫੇਰ ਦਿੱਲੀ ਹੋਰ ਦੂਰ ਹੁੰਦੀ ਚਲੀ ਗਈ।
ਮਨਦੀਪ ਸੋਚਣ ਲੱਗਿਆ ‘ਪਰਤ ਗਏ ਹੋਣਗੇ ਹੁਣ ਘਰਦੇ ਵੀ, ਸੁੱਖ
ਦਾ ਸਾਹ ਲੈ ਕੇ’
ਇੱਕ ਦੇਸ਼ ਪਿੱਛੇ ਰਹਿ ਗਿਆ ਸੀ। ਸੰਸਕ੍ਰਿਤੀ ਦਾ ਸਮੁੰਦਰ ਵੀ
ਪਿੱਛੇ ਰਹਿ ਗਿਆ ਸੀ। ਬੱਸ ਇੱਕ ਅਹਿਸਾਸ ਹੀ ਉਸਦੇ ਨਾਲ ਜਾ ਰਿਹਾ ਸੀ।
ਉਹ ਸੋਚ ਰਿਹਾ ਸੀ ਕਿ “ਮੈਂ ਕੌਣ ਹਾਂ? ਥੇ ਮੇਰਾ ਦੇਸ਼ ਕਿਹੜਾ ਹੈ? ਭਾਰਤ ਨਾਲ ਮੇਰਾ
ਰਿਸ਼ਤਾ ਕੀ ਸੀ? ਤੇ ਹੁਣ ਕੈਨੇਡਾ ਨਾਲ ਕੀ ਹੋਵੇਗਾ?”
ਉਹ ਮਨ ਅੰਦਰੋਂ ਉੱਠੇ ਸੈਂਕੜੇ ਸਵਾਲਾਂ ਦੇ ਜਵਾਬ ਲੱਭਣ ਲੱਗਿਆ। ਖਿੜਕੀ ਚੋਂ ਬਾਹਰ
ਦੇਖਿਆ। ਕੁੱਝ ਵੀ ਨਜ਼ਰ ਨਹੀਂ ਸੀ ਆ ਰਿਹਾ। ਹੇਠਾਂ ਹਨੇਰੇ ਦੀ ਕਾਲੀ ਸ਼ਿਆਹ ਚਾਦਰ
ਜਿਹੀ ਵਿਛੀ ਨਜ਼ਰ ਆਈ। ਨਾਲ ਦੀ ਸੀਟ ਤੇ ਬੈਠੇ ਕਿਸੇ ਹੋਰ ਮੁਸਾਫਿਰ ਨੇ ਪੰਜਾਬੀ ਚ
ਕਿਹਾ ਸਮੁੰਦਰ ਹੈ ਸਮੁੰਦਰ।
ਫੇਰ ਸਮੁੰਦਰ ਦੇ ਅਨੇਕਾਂ ਅਰਥ ਮਨਦੀਪ ਦੇ ਮਨ ਵਿੱਚ ਉੱਤਰਨ
ਲੱਗੇ। ਜਹਾਜ਼ ਪਤਾ ਨਹੀਂ ਕਿਸ ਦਿਸ਼ਾ ਵਲ ਲਗਾਤਾਰ ਦੌੜ ਰਿਹਾ ਸੀ। ਜਿੱਥੇ ਇੱਕ ਨਵਾਂ
ਸੰਸਾਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ।
++ ਸਮਾਪਤ ++
|