ਹਿੰਦੀ ਚੀਨੀ ਭਾਈ ਭਾਈ ਦੇ ਸੰਕਲਪ ਨ੍ਹੰ ਤੋੜ ਕੇ, ਆਖਰ 20
ਅਕਤੂਬਰ 1962 ਨੂੰ, ਚੀਨ ਨੇ ਭਾਰਤ ਤੇ ਹਮਲਾ ਕਰ ਦਿੱਤਾ। ਹਿਮਾਲਾ ਪਰਬਤ ਦੀਆਂ
ਚੋਟੀਆਂ ਤੇ ਉਦੋਂ ਭਾਰੀ ਬਰਫਬਾਰੀ ਦੇ ਨਾਲ ਨਾਲ, ਕੜਾਕੇਦਾਰ ਠੰਢ ਵੀ ਪੈ ਰਹੀ ਸੀ।
ਦਲੇਰ ਸਿੰਘ ਸੋਚਦਾ, ਮਨਾਂ ਜੇ ਏਥੇ ਹੀ ਮੁੱਕ ਗਏ, ਤਾਂ ਬੱਚੇ ਦਾ ਮੂੰਹ ਵੀ ਨਹੀਂ
ਦੇਖ ਹੋਣਾ। ਸਿਕਮ, ਭੂਟਾਨ, ਨੇਫਾ, ਲੇਹ ਲਦਾਖ, ਸਿਲੀਗੂੜੀ ਵਰਗੇ ਨਾਂ ਦਲੇਰ ਸਿੰਘ
ਵਰਗੇ ਫੌਜੀਆਂ ਲਈ ਹੁਣ ਨਿੱਤ ਦੀ ਬੋਲਚਾਲ ਦਾ ਹਿੱਸਾ ਬਣ ਗਏ ਸਨ।
ਭਾਰਤੀ ਫੌਜ ਸਰਹੱਦ ਤੇ ਜਾਨ ਹੀਲ ਲੇ ਲੜ ਰਹੀ ਸੀ। ਦਲੇਰ ਸਿੰਘ ਦੀ ਰਜ਼ਮੈਂਟ ਨਦੀਆਂ
ਨਾਲਿਆਂ ਤੇ ਵਕਤੀ ਪੁਲ਼ ਉਸਾਰਦੀ। ਜਿਸ ਕਰਕੇ ਉਨ੍ਹਾਂ ਨੂੰ ਲੜਾਕੂ ਸੈਨਾਂ ਤੋਂ ਵੀ
ਅੱਗੇ ਰਹਿਣਾ ਪੈਂਦਾ। ਇੱਕ ਪਾਸੇ ਮਹਿਤਾਬ ਕੌਰ ਆਪਣੀ ਧੀ ਦੇ ਸੁਹਾਗ ਦੀਆਂ ਸੁੱਖਾਂ
ਸੁੱਖਦੀ ਤੇ ਦੂਜੇ ਪਾਸੇ ਬੇਅੰਤ ਕੌਰ ਪੁੱਤ ਦੀ ਸਲਾਮਤੀ ਲਈ ਅਰਦਾਸਾਂ ਕਰਦੀ। ਦੋਹਾਂ
ਦੇ ਕਾਲਜੇ ਵਿੱਚ ਹੌਲ ਜਿਹੇ ਪੈਂਦੇ। ਬੇਅੰਤ ਕੌਰ ਆਪਣਾ ਪਹਿਲਾ ਪੁੱਤ 1947 ਦੇ
ਫਿਰਕੂ ਦੰਗਿਆਂ ਵਿੱਚ ਗੁਆ ਚੁੱਕੀ ਸੀ। ਚੰਦ ਸਿੰਘ ਦੇ ਮਨ ਤੇ ਇਸ ਲੜਾਈ ਦਾ ਏਨਾ ਅਸਰ
ਪਿਆ ਕਿ ਉਹ ਕਿਸੇ ਨਾਲ ਵੀ ਨਾਂ ਬੋਲਦਾ। ਜੇ ਬੋਲਦਾ ਵੀ ਤਾਂ ਅਗਲੇ ਨੂੰ ਟੁੱਟ ਕੇ
ਪੈਂਦਾ।
ਘਰ ਵਿੱਚ ਗੁਲਾਬ ਸਿੰਘ ਦੀ ਗੱਲ ਨੂੰ ਕੋਈ ਅਣਗੌਲਿਆਂ ਨਾ
ਕਰਦਾ। ਬੇਅੰਤ ਕੌਰ ਇਹ ਗੱਲ ਸਮਝਦੀ ਸੀ ਕਿ ਭਰਾ ਦੇ ਜੁਆਕਾਂ ਲਈ ਹੀ ਉਸ ਨੇ ਆਪਣੇ
ਜੀਵਨ ਦੀ ਕੁਰਬਾਨੀ ਦਿੱਤੀ ਹੈ, ਨਹੀਂ ਤਾਂ ਉਹ ਵੀ ਵਿਆਹ ਕਰਵਾ ਕੇ ਆਰਾਮ ਨਾਲ ਰਹਿ
ਸਕਦਾ ਸੀ। ਉਸ ਨੂੰ ਕਈ ਸਾਕ ਵੀ ਆਏ, ਪਰ ਉਹ ਮੁਕਰਦਾ ਰਿਹਾ ਕਿ ਜੇ ਜ਼ਮੀਨ ਵੰਡੀ ਜਾਊ
ਤੇ ਫੇਰ ਇਹ ਵੀ ਭੁੱਖੇ ਮਰਨਗੇ। ਛੋਟੇ ਭਰਾ ਨੂੰ ਛੜਾ ਰੱਖ ਕੇ ਸੁਆਰਥੀ ਹੋਣ ਦਾ
ਕਲੰਕ, ਉਹ ਮੱਥੇ ਨਹੀਂ ਸੀ ਲਾਉਣਾ ਚਾਹੁੰਦਾ, ਕਿ ਕੱਲ ਨੂੰ ਲੋਕ ਇਹ ਗੱਲ ਕਹਿਣ ਕਿ
ਵੱਡਾ ਪਿਉ ਵਰਗਾ ਸੀ ਉਸਨੇ ਛੋਟੇ ਦਾ ਨਾਂ ਸੋਚਿਆ। ਉਹ ਆਪਣੀ ਰੀਝ ਪੂਰੀ ਕਰਨ ਲਈ
ਤਰ੍ਹਾਂ ਤਰ੍ਹਾਂ ਦੇ ਫਲ਼ਦਾਰ ਦਰਖਤ ਲਾਉਂਦਾ ਰਹਿੰਦਾ। ਬੱਸ ਏਹੋ ਵੇਲਾਂ ਬੂਟੇ ਹੀ
ਉਸਦੇ ਧੀਆਂ ਪੁੱਤਰ ਸਨ।
ਬੂਟੇ ਵੀ ਵੱਡੇ ਹੋ ਰਹੇ ਸਨ ਤੇ ਜੁਆਕ ਵੀ। ਉਹ ਪਹਿਲੀ ਸੰਸਾਰ
ਜੰਗ ਸਮੇਂ ਭਰਤੀ ਹੋਇਆ ਸੀ ਤੇ ਦੂਸਰੀ ਸੰਸਾਰ ਜੰਗ ਤੋਂ ਬਾਅਦ ਰਿਟਾਇਰ। ਜਪਾਨ ਦੇ
ਖਿਲਾਫ ਲੜਦਿਆਂ ਇੱਕ ਤੋਪ ਦਾ ਗੋਲ਼ਾ ਫੜਣ ਨਾਲ ਉਸ ਦੇ ਸੱਜੇ ਹੱਥ ਦਾ ਅੰਗੂਠਾ ਉੱਡ
ਗਿਆ ਸੀ। ਉਦੋਂ ਜੇ ਉਹ ਮੋਰਚੇ ‘ਚ ਛਾਲ ਮਾਰ ਕੇ ਆਪਣੀ ਜਾਨ ਨਾਂ ਬਚਾਉਂਦਾ ਤਾਂ ਹੁਣ
ਨੂੰ ਉਸਦੀ ਕਹਾਣੀ ਕਦੋਂ ਦੀ ਖਤਮ ਹੋ ਚੁੱਕੀ ਹੁੰਦੀ। ਉਦੋਂ ਤੋਂ ਹੀ ਉਸ ਦੀ ਰੀੜ ਦੀ
ਹੱਡੀ ਵਿੱਚ ਵੀ ਕੋਈ ਨੁਕਸ ਪੈ ਗਿਆ ਸੀ, ਜਿਸ ਕਰਕੇ ਹੀ ਉਸ ਨੂੰ ਰਿਟਾਇਰ ਕਰ ਦਿੱਤਾ
ਗਿਆ ਸੀ। ਪਰ ਗੁਲਾਬ ਸਿੰਘ ਨੂੰ ਲੱਕ ਦਾ ਦਰਦ ਹੁਣ ਵੀ ਹੁੰਦਾ ਰਹਿੰਦਾ। ਤੇ ਉਸ ਦੇ
ਲੱਕ ਨੂੰ ਹਮੇਸ਼ਾਂ ਚਮੜੇ ਦੀ ਪੇਟੀ ਲੱਗੀ ਰਹਿੰਦੀ। ਫੇਰ ਵੀ ਉਹ ਕੰਮ ਕਰਦਾ ਰਹਿੰਦਾ।
ਉਹ ਜਦੋਂ ਫੌਜ ਵਿੱਚ ਸੀ ਤਾਂ ਭਗਵਾਨਪੁਰੇ ਵਾਲਾ ਫੁੱਮਣ ਸਿਉਂ
ਆਪਣੀ ਕੁੜੀ ਦਾ ਸਾਕ ਲੈ ਕੇ ਆਇਆ ਸੀ। ਪਰ ਉਸ ਨੇ ਜਵਾਬ ਦੇ ਦਿੱਤਾ ਸੀ। ਬੇਅੰਤ ਕੁਰ
ਇਸ ਗੱਲ ਨੂੰ ਵੀ ਜਾਣਦੀ ਸੀ। ਇਸ ਕਰਕੇ ਉਸ ਨੇ ਕਦੀ ਵੀ ਸ਼ਕਾਇਤ ਦਾ ਮੌਕਾ ਨਾਂ
ਦਿੱਤਾ।
ਗੁਲਾਬ ਸਿੰਘ ਨੇ ਵੀ ਕਸਰ ਨਹੀਂ ਸੀ ਛੱਡੀ। ਚੰਦ ਸਿੰਘ ਦੇ
ਪਰਿਵਾਰ ਨੂੰ ਆਪਣਾ ਸਮਝ ਕੇ ਪਾਲਿਆ। ਉਹ ਭਾਵੇਂ ਸਿਰਫ ਪੰਜ ਰੁਪਏ ਪੈਨਸਨ ਤੇ ਆਇਆ
ਸੀ, ਪਰ ਖੇਤੀ ਦਾ ਕੰਮ ਵੀ ਡਟ ਕੇ ਕਰਦਾ ਰਿਹਾ। ਵਧੀਆ ਗੁਜ਼ਾਰਾ ਤੁਰੀ ਜਾਂਦਾ ਸੀ।
ਨਾਲੇ ਪਰਿਵਾਰ ਕਿਹੜਾ ਛੋਟਾ ਸੀ? ਛੇ ਮੁੰਡੇ ਤੇ ਚਾਰ ਕੁੜੀਆਂ। ਲੋਕ ਬੱਚਿਆਂ ਨੂੰ
ਰੱਬ ਦੀ ਦੇਣ ਸਮਝਦੇ ਸਨ। ਤੇ ਆਖਦੇ ਜੋ ਆਇਆ ਹੈ ਆਪਣੇ ਭਾਗ ਲੈ ਕੇ ਆਇਆ ਹੈ।
ਉਨ੍ਹਾਂ ਦੇ ਦੋ ਬਾਗ ਸਨ ਇੱਕ ਖੇਤਾਂ ਵਿੱਚ ਸੀ ਅਤੇ ਦੂਸਰਾ
ਉਹਦੇ ਘਰ ਦੇ ਨਾਲ ਲੱਗਦੇ ਦੋ ਵਿੱਘੇ ਥਾਂ ਵਿੱਚ। ਰਾਮਪੁਰੇ ਪਿੰਡ ਵਿੱਚ ਉਨ੍ਹਾਂ ਦੀ
ਅੱਲ ‘ਬਗੀਚੇ ਵਾਲੇ’ ਹੀ ਪੈ ਗਈ ਸੀ। ਗੁਲਾਬ ਸਿੰਘ ਭਾਂਵੇ ਪਿੰਡ ਦੇ ਮੋੜਾਂ ਤੇ
ਬੈਠਣਾ ਚੰਗਾ ਨਹੀਂ ਸੀ ਸਮਝਦਾ ਪਰ ਕਦੀ ਕਦਾਈ ਉਹ ਖੂਹ ਤੋਂ ਘਰ ਰੋਟੀ ਖਾਣ ਗਿਆ, ਸੱਥ
ਵਿੱਚ ਕੇ ਸੰਸਾਰ ਜੰਗ ਦੀਆਂ ਵੀ ਗੱਲਾਂ ਕਰਦਾ। ਕਿ ਕਿਵੇਂ ਬਰਮਾਂ ਤੇ ਮਲਾਇਆ ਵਿੱਚ
ਉਨ੍ਹਾਂ ਜਪਾਨ ਖਿਲਾਫ ਲੜਦਿਆਂ ਦਰਖਤਾਂ ਦੇ ਪੱਤੇ ਖਾਹ ਖਾਹ ਕੇ ਗੁਜ਼ਾਰਾ ਕੀਤਾ। ਉਹ
ਬੜੀਆਂ ਦਿਲਚਸਪ ਗੱਲਾਂ ਸੁਣਾਉਂਦਾ, ਕਦੇ ਜਹਾਜ਼ਾਂ ਦੀਆਂ ਤੇ ਕਦੇ ਤੋਪਾਂ ਦੀਆਂ।
ਅਨਪ੍ਹੜ ਪੇਡੂੰ ਲੋਕਾਂ ਦੇ ਇਹ ਗੱਲਾਂ ਸੁਣ ਕੇ ਮੂੰਹ ਅੱਡੇ ਹੀ ਰਹਿ ਜਾਂਦੇ। ਜਦੋਂ
ਉਹ ਅਮਰੀਕਾਂ ਵਲੋਂ ਹੀਰੋਸੀਮਾਂ ਅਤੇ ਨਾਗਾਸਾਕੀ ਤੇ ਸੁੱਟੇ ਐਟਮ ਬੰਬਾਂ ਦੀ ਕਹਾਣੀ
ਦੱਸਦਾ ਕਿ ਅਮਰੀਕੀ ਐਟਮ ਬੰਬਾਂ ਨੇ ਕਿਵੇਂ ਅੱਖ ਦੇ ਫੋਰ ਵਿੱਚ ਹੀ ਦੋਨੋ ਸ਼ਹਿਰ ਤਬਾਅ
ਕਰ ਦਿੱਤੇ ਸਨ ਤੇ ਲੱਖਾਂ ਲੋਕ ਮਾਰੇ ਗਏ। ਤਾਂ ਇਹ ਸੁਣ ਕੇ ਲੋਕਾਂ ਨੂੰ ਸਮਝ ਨਾਂ
ਪੈਂਦੀ ਕਿ ਭਲਾਂ ਕੋਈ ਐਡਾ ਬੰਬ ਕਿਵੇਂ ਹੋ ਸਕਦਾ ਹੈ?
ਗੱਲ ਘੁੰਮਦੀ ਘੁੰਮਾਉਂਦੀ ਅੰਗਰੇਜ਼ਾਂ ਖਿਲਾਫ ਵਿੱਢੀ
ਜੰਗ-ਏ-ਆਜ਼ਾਦੀ ਦੀ ਲੜਾਈ ਤੇ ਆ ਜਾਂਦੀ। ਗੁਲਾਬ ਸਿੰਘ ਇਸ ਨੂੰ ਬਗਾਵਤ ਕਹਿੰਦਾ। ਜਦੋਂ
ਕਿ ਕੁੱਝ ਲੋਕ ਇਸ ਗੱਲ ਤੇ ਇਤਰਾਜ਼ ਕਰਦੇ, ਤਾਂ ਉਹ ਆਖਦਾ “ਸਾਬ ਲੋਕ ਬੜੀ ਸਿਆਣੀ ਕੌਮ
ਆਂ, ਐਵੇਂ ਤਾਂ ਨੀ ਦੁਨੀਆਂ ਤੇ ਰਾਜ ਕਰਦੀ। ਉਹ ਇਸ ਮੁਸ਼ਕਲ ਦਾ ਵੀ ਹੱਲ ਕੱਢ ਲੈਣਗੇ।
ਪਰ ਕਈ ਗਭਰੂ ਸਤੁੰਸ਼ਟ ਨਾ ਹੁੰਦੇ ਅਤੇ ਪਿੱਠ ਪਿੱਛੇ ਗੁਲਾਬ ਸਿੰਘ ਨੂੰ ਗੋਰੀ ਸਰਕਾਰ
ਦਾ ਪਿੱਠੂ ਵੀ ਕਹਿੰਦੇ। ਕਦੇ ਗੁਲਾਬ ਸਿੰਘ ਇਸ ਬਹਿਸ ਤੋਂ ਤੋਬਾ ਕਰਦਾ ਕਿ ਮੁੜ ਕੇ
ਨੀ ਸੱਥ ‘ਚ ਬੈਠਣਾ। ਘਰ ਜਾਕੇ ਬੈਚੈਨ ਹੋ ਜਾਂਦਾ। ਫੇਰ ਉਹ ਆਪਣੇ ਮਨ ਨੂੰ ਪੁੱਛਦਾ
ਕਿ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਭਲਾਂ ਸਰਕਾਰ ਦੀ ਕਿਧਰਲੀ ਅਕਲਮੰਦੀ ਸੀ? ਫੇਰ
ਉਸਦਾ ਮਨ ਦੋਚਿੱਤੀ ਵਿੱਚ ਪੈ ਜਾਂਦਾ।
ਉਹ ਸੋਚਦਾ ਕਿ ਅੰਗਰੇਜ਼ ਦੀ ਨੌਕਰੀ ਕਰਨੀ ਮੇਰੀ ਮਜ਼ਬੂਰੀ ਸੀ,
ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਬਈ ਮੈਂ ਗ਼ਦਾਰ ਹੋ ਗਿਆ? ਜਾਂ ਗੋਰਿਆਂ ਦਾ ਪਿੱਠੂ
ਹੋ ਗਿਆ? ਜੇ ਮੈਂ ਗੋਰਿਆਂ ਦੀ ਸਿਫਤ ਕਰਦਾ ਹਾਂ ਤਾਂ ਉਨ੍ਹਾਂ ਨੇ ਚੰਗੀਆਂ ਗੱਲਾਂ ਵੀ
ਤਾਂ ਕੀਤੀਆਂ ਨੇ? ਇਹ ਨਹਿਰਾਂ, ਪੁਲ਼ ਰੇਲਵੇਂ ਲਾਈਨਾਂ, ਕਾਇਦਾ ਕਨੂੰਨ ਕਿਸ ਦੀ ਦੇਣ
ਨੇ?
ਮੁਗ਼ਲਾਂ ਨੇ ਕਿਹੜਾ ਥੋੜੀ ਅੱਤ ਚੱਕੀ ਹੋਈ ਤੀ। ਫੇਰ ਮਨ ਵਿੱਚ
ਹੋਰ ਈ ਖਿਆਲ ਆਉਂਦੇ ਕਿ ‘ਸਾਡੇ ਨਕੜਦਾਦੇ ਵੀ ਤਾਂ ਮੁਗ਼ਲ ਹਕੂਮਤ ਦੇ ਨੌਕਰ ਤੀ, ਤੇ
ਹੁਣ ਅਸੀਂ ਸਿੱਖ ਹਾਂ, ਗੁਰੂ ਗਬਿੰਦ ਸਿੰਘ ਦੇ। ਇਹਦਾ ਮਤਲਬ ਹੋਇਆ ਕਿ ਅਸੀਂ ਗਦਾਰ
ਹੋ ਗਏ?
ਉਸ ਨੂੰ ਪੀੜੀ ਦਰ ਪੀੜੀ ਸੁਣੀ ਫੇਰ ਉਹ ਸਾਖੀ ਯਾਦ ਆ ਗਈ।
ਜਦੋਂ ਉਨ੍ਹਾਂ ਦੇ ਕਿਸੇ ਬਜ਼ੁਰਗ ਨੇ ਮੁਰਿੰਡੇ ਥਾਣੇ ਵਿੱਚ ਨੌਕਰੀ ਕਰਦਿਆਂ ਗੁਰੂ ਕੇ
ਲਾਲਾਂ ਦੇ ਦਰਸ਼ਣ ਕੀਤੇ ਸਨ। ਤੇ ਫੇਰ ਸਰਹਿੰਦ ਵਾਲੀ ਘਟਨਾਂ ਤੋਂ ਬਾਅਦ ਹਮੇਸ਼ਾਂ ਮੁਗ਼ਲ
ਹਕੂਮਤ ਦੀ ਨੌਕਰੀ ਨੂੰ ਮੱਥਾ ਟੇਕ ਦਿੱਤਾ ਸੀ ਕਿ ‘ਹੁਣ ਏਹਨਾਂ ਦੁਸ਼ਟਾਂ ਦੀ ਨੌਕਰੀ
ਨੀ ਕਰਨੀ’ ਜਿਨਾ ਮਾਸੂਮ ਬੱਚਿਆਂ ਤੇ ਜ਼ੁਲਮ ਢਾਹਿਆ ਹੈ। ਕੀ ਜ਼ਲਿਆਂ ਵਾਲੇ ਬਾਗ ਦੀ
ਘਟਨਾਂ ਤੋਂ ਬਾਅਦ ਉਸ ਨੂੰ ਵੀ ਗੋਰੀ ਹਕੂਮਤ ਦੀ ਨੌਕਰੀ ਤਿਆਗ ਦੇਣੀ ਚਾਹੀਦੀ ਸੀ ਤੇ
ਦੇਸ਼ ਭਗਤਾਂ ਨਾਲ ਰਲ਼ ਜਾਣਾ ਚਾਹੀਦਾ ਸੀ? ਉਹ ਆਪਣੇ ਆਪ ਤੋਂ ਪੁੱਛਦਾ। ਤੇ ਫੇਰ ਸਾਰੀ
ਰਾਤ ਉਸ ਨੂੰ ਨੀਂਦ ਨਾਂ ਪੈਂਦੀ।
ਕਦੀ ਕਦੀ ਗੁਲਾਬ ਸਿਉਂ ਮੰਜੇ ਤੇ ਪਿਆ ਅਜੀਬ ਜਿਹੀਆਂ ਸੋਚਾਂ
ਵਿੱਚ ਉਲਝ ਜਾਂਦਾ। ਉਹ ਰੱਬ ਤੋਂ ਮੁਨਕਰ ਨਹੀਂ ਸੀ ਪਰ ਦਿਖਾਵੇ ਤੋਂ ਉਸ ਨੂੰ ਚਿੜ
ਸੀ। ਜਦੋਂ ਕਦੀ ਮਨ ਜਿਆਦਾ ਬੇਚੈਨ ਹੋ ਜਾਂਦਾ ਤਾਂ ਉਹ ਤੜਕਿਉਂ ਉੱਠ, ਨਹਿਰ ਸਰਹਿੰਦ
ਕੰਢੇ ਬਣੇ ਗੁਰਦੁਵਾਰਾ ਦੇਗ ਸਰ ਸਾਹਿਬ ਮੱਥਾ ਟੇਕਣ ਤੁਰ ਪੈਂਦਾ। ਜਿਸ ਦਿਨ ਚੀਨ ਨਾਲ
ਲੜਾਈ ਲੱਗੀ ਸੀ, ਉਸ ਨੇ ਦਲੇਰ ਸਿੰਘ ਦੀ ਤੰਦਰੁਸਤੀ ਲਈ ਗੁਰਦੁਵਾਰੇ ਜਾ ਕੇ ਮੱਥਾ
ਟੇਕਿਆ ਤੇ ਅਰਦਾਸ ਵੀ ਕੀਤੀ। ਇਸ ਇਤਿਹਾਸਕ ਸਥਾਨ ਤੇ ਉਸਦਾ ਬੇਹੱਦ ਵਿਸ਼ਵਾਸ ਸੀ।
ਗੁਰਦੁਆਰਾ ਦੇਗਸਰ ਸਾਹਿਬ ਦਾ ਇਤਿਹਾਸ ਵੀ ਉਸ ਨੂੰ ਯਾਦ ਸੀ,
ਉਹ ਹਰ ਕਿਸੇ ਨੂੰ ਦੱਸਦਾ ਕਿ “ਇਸੇ ਸਥਾਨ ਤੇ 20 ਫੱਗਣ 1675 ਬਿਕਰਮੀ ਨੂੰ ਛੇਵੇਂ
ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤੇ। ਮੀਰੀ ਪੀਰੀ ਦੇ ਮਾਲਿਕ। ਗੁਰੂ ਜੀ ਨਾਲ ਉਸ ਦਿਨ
1100 ਘੋੜ ਸਵਾਰ ਅਤੇ ਸੱਤ ਤੋਪਾਂ ਵੀ ਤੀਆਂ। ਉਸ ਦਿਨ ਉਨ੍ਹਾ ਦੀ ਕੈਦ ਵਿੱਚ ਸ੍ਰੀ
ਗੁਰੂ ਅਰਜਣ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਚੰਦੂ ਪਾਪੀ ਵੀ ਸੀ। ਉਨ੍ਹਾਂ ਇਸੇ
ਬੇਰੀ ਨਾਲ ਘੋੜਾ ਬੰਨ ਕੇ ਰਾਤ ਭਰ ਬਿਸ਼ਰਾਮ ਕੀਤਾ। ਇਹ ਬੇਰੀ ਬੜੀ ਸ਼ਕਤੀ ਵਾਲੀ ਆ”।
ਫੇਰ ਅੱਗੇ ਗੱਲ ਤੋਰਦਾ ਉਹ ਕਹਿੰਦਾ, “ਏਸੇ ਸਥਾਨ ਤੇ 11 ਪੋਹ
1761 ਬਿਕਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਹੁੰ ਪੁੱਤਰਾਂ ਦੀ
ਕੁਰਬਾਨੀ ਦੇ ਕੇ ਮਾਛੀਵਾੜੇ ਦੇ ਸੰਘਣੇ ਜੰਗਲ ਪਾਰ ਕਰਦੇ ਪੁੱਜੇ ਤੀ, ਉੱਚ ਦੇ ਪੀਰ
ਬਣਕੇ। ਉਨ੍ਹਾਂ ਨਾਲ ਭਾਈ ਗਨੀ ਖਾਂ ਅਤੇ ਨਬੀ ਖਾਂ ਵੀ ਤੇ। ਉਨ੍ਹਾਂ ਤੋਂ ਇਲਾਵਾ ਭਾਈ
ਦਇਆ ਸਿੰਘ ਤੇ ਧਰਮ ਸਿੰਘ ਵੀ ਤੇ। ਇਸੇ ਬੇਰੀ ਹੇਠ ਗੁਰੂ ਸਾਹਿਬ ਉੱਚ ਦੇ ਪੀਰ ਬਣਕੇ
ਪਲੰਘ ਤੇ ਬੈਠੇ ਤੇ। ਏਥੇ ਹੀ ਮੁਗ਼ਲਾਂ ਵਲੋਂ ਪਰਖ ਲਈ ਦਿੱਤੀ ਦੇਗ ਕਿਰਪਾਨ ਭੇਂਟ
ਕਰਕੇ ਉਨ੍ਹਾਂ ਆਪਣੇ ਸੰਗੀਆਂ ਨੂੰ ਵਰਤਾਈ। ਇਸੇ ਕਰਕੇ ਗੁਰਦੁਵਾਰੇ ਦਾ ਨਾਂ ਦੇਗ ਸਰ
ਸਾਹਿਬ ਪਿਆ ਏ। ਏਥੇ ਦੇਗ ਕਰਵਾਉਣ ਵਾਲੇ ਨੂੰ ਮੂੰਹੋਂ ਮੰਗੀਆਂ ਮੁਰਾਦਾਂ ਮਿਲਦੀਆਂ
ਨੇ” ਕਦੇ ਕਦੇ ਗੁਲਾਬ ਸਿੰਘ ਖੁਦ ਵੀ ਦੇਗ ਕਰਵਾਉਂਦਾ। ਉਨ੍ਹੇ ਦਲੇਰ ਸਿੰਘ ਦੀ
ਤੰਦਰੁਸਤੀ ਲਈ ਵੀ ਸਵਾ ਰੁਪਏ ਦੀ ਦੇਗ ਕਰਵਾਈ ਸੀ।
ਗੁਲਾਬ ਸਿੰਘ ਦੇ ਪਿਉ ਸੇਢਾ ਸਿਉਂ ਨੇ ਉਸ ਨੂੰ ਉਹ ਕਹਾਣੀ ਵੀ
ਸੁਣਾਈ ਸੀ, ਜਿਸ ਨੂੰ ਅਜੇ ਵੀ ਬੋਰਡ ਤੇ ਲਿਖਿਆ ਹੋਇਆ ਸੀ। ਸਨ 1854 ਵਿੱਚ ਜਦੋਂ
ਨਹਿਰ ਸਰਹਿੰਦ ਕੱਢੇ ਜਾਣ ਲਈ ਸਰਵੇਅ ਹੋਇਆ ਤਾਂ ਇਹ ਪਵਿੱਤਰ ਬੇਰੀ ਨਹਿਰ ਦੇ ਵਿਚਕਾਰ
ਆ ਰਹੀ ਸੀ। ਜਿਸ ਨੂੰ ਕਟਵਾ ਕੇ ਗੁਰਦੁਵਾਰਾ ਥੋੜਾ ਹਟਵਾਂ ਬਣਾ ਕੇ ਇੰਜਨੀਅਰ ‘ਮਿਸਟਰ
ਸਮਿੱਥ’ ਨਹਿਰ ਕੱਢਣੀ ਚਾਹੁੰਦਾ ਸੀ। ਪਰ ਲੋਕ ਕਹਿੰਦੇ ਕਿ ਜਦੋਂ ਉਹ ਬੇਰੀ ਵਢਵਾਉਣ
ਲੱਗਿਆ ਤਾਂ ਉਹ ਅੰਨਾ ਹੋ ਗਿਆ। ਜਿਸ ਕਰਕੇ ਉਹ ਅਜਿਹਾ ਕਰ ਨਾ ਸਕਿਆ। ਉਸ ਵਲੋਂ
ਸਿੱਖਾਂ ਨੂੰ ਬਣਾ ਕੇ ਦਿੱਤਾ ਛੋਟਾ ਜਿਹਾ ਗੁਰਦੁਵਾਰਾ ਅਜੇ ਵੀ ਮੌਜੂਦ ਸੀ। ਫੇਰ
ਉਸਨੇ ਮੁਆਫੀ ਮੰਗ ਕੇ ਦੇਗ ਕਰਵਾਈ। ਇਸੇ ਇਤਿਹਾਸਕ ਬੇਰੀ ਨੂੰ ਬਚਾਉਣ ਲਈ ਨਹਿਰ ਪਾਸੇ
ਕਰਕੇ ਕੱਢਣੀ ਪਈ ਸੀ। ਉਹ ਸੋਚਦਾ ਸੀ ਕਿ ਅਜਿਹਾ ਇਸ ਸਥਾਨ ਦੀ ਸ਼ਕਤੀ ਕਰਕੇ ਹੀ ਤਾਂ
ਹੋਇਆ। ਜਿੱਥੇ ਆ ਕੇ ਉਹ ਨਤਮਸਤਕ ਹੁੰਦਾ।
1947 ਦੇ ਦੰਗਿਆ ਵਿੱਚ ਹੋਏ ਵੱਡੇ ਭਤੀਜੇ ਦੇ ਕਤਲ ਕਾਰਨ,
ਗੁਲਾਬ ਸਿੰਘ ਮਾਨਸਿਕ ਤੌਰ ਤੇ ਬਹੁਤ ਕਮਜ਼ੋਰ ਵੀ ਹੋ ਗਿਆ ਸੀ, ਅਤੇ ਧਾਰਮਕਿ ਵੀ। ਤੇ
ਇਸ ਘਟਨਾਂ ਤੋਂ ਬਾਅਦ ਤਾਂ ਉਸ ਨੇ ਗੋਰਿਆਂ ਦੀ ਸਿਫਤ ਕਰਨੀ ਵੀ ਛੱਡ ਦਿੱਤੀ ਸੀ। ਫੌਜ
ਵਿੱਚ ਉਸ ਨੂੰ ਹਕੂਮਤ ਦੀ ਵਫਦਾਰੀ ਦੇ ਹੀ ਕਿੱਸੇ ਪੜ੍ਹਾਏ ਗਏ ਸਨ। ਉਦੋਂ ਤਾਂ ਜ਼ਲਿਆਂ
ਵਾਲੇ ਬਾਗ ਦੀ ਘਟਨਾਂ ਵੀ ਉਸ ਨੂੰ ਬਗਾਵਤ ਜਾਪਦੀ ਸੀ। ਪਰ ਹੁਣ ਉਹ, ਇਸ ਤੋਂ ਉਲਟ
ਸੋਚਦਾ ਸੀ।
ਇਹ ਦੇਸ਼ ਅਸਲ ਵਿੱਚ ਗੋਰਿਆਂ ਦਾ ਨਹੀਂ ਭਾਰਤੀਆਂ ਦਾ ਹੈ।
ਗੋਰਿਆਂ ਦੀਆਂ ਵਿਕਾਸ ਯੋਜਨਾਵਾਂ ਵੀ ਅਸਲ ਵਿੱਚ ਉਨ੍ਹਾਂ ਦੇ ਆਪਣੇ ਫਇਦੇ ਲਈ ਹੀ ਹਨ।
ਇਹ ਰੇਲਵੇ ਲਾਈਨਾ, ਪੁਲ, ਬਿਜਲੀ, ਇਮਾਰਤਾਂ, ਬਾਗ ਸਭ ਉਨ੍ਹਾਂ ਦੀ ਲੁੱਟ ਵਿੱਚ ਹੀ
ਸਹਾਈ ਹੋਏ ਨੇ। ਬਿਦੇਸ਼ੀਆਂ ਦੇ ਪੰਜੇ ‘ਚੋਂ ਦੇਸ਼ ਛੁਡਾਉਣ ਲਈ ਹੀ ਤਾਂ ਦੇਸ਼ ਭਗਤ
ਜਾਨਾਂ ਤਲੀ ਤੇ ਧਰੀ ਫਿਰਦੇ ਹਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਏਸੇ ਕਰਕੇ ਹੀ ਤਾਂ
ਬਰਾਬਰ ਦੀ ‘ਆਜ਼ਾਦ ਹਿੰਦ ਫੋਜ’ ਖੜੀ ਕਰ ਲਈ। 13 ਅਪਰੈਲ 1919 ਨੂੰ ਜ਼ਲਿਆਂ ਵਾਲੇ ਬਾਗ
‘ਚ ਵਾਪਰੀ ਘਟਨਾ ਦਾ ਬਦਲਾ ਫੇਰ 21 ਸਾਲਾਂ ਬਾਅਦ ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ
ਲਿਆ। ਅੱਜ ਉਸੇ ਭਾਰਤ ਦੀ ਆਨ ਸ਼ਾਨ ਨੂੰ ਬਚਾਉਣ ਲਈ ਉਸਦਾ ਭਤੀਜਾ ਦਲੇਰ ਸਿੰਘ ਬਾਰਡਰ
ਤੇ ਤਾਇਨਾਤ ਸੀ।
ਫੇਰ ਇੱਕ ਹੋਰ ਦਿਨ ਗੁਲਾਬ ਸਿੰਘ ਅੰਬ ਥੱਲੇ ਮੰਜਾ ਡਾਹੀਂ
ਬੈਠਾ ਸੀ। ਦੋ ਬੰਦੇ ਪਹੀਉ ਪਹੀ ਤੁਰੇ ਆ ਰਹੇ ਸਨ। ਉਸ ਨੇ ਸੋਚਿਆ ਕਿ ਸ਼ਾਇਦ ਨਵੀਂ
ਲੱਗੀ ਮੋਟਰ ਵੇਖਣ ਆਂਉਦੇ ਹੋਣ। ਇਨ੍ਹਾਂ ਵਿੱਚ ਬਾਬਾ ਬਿਸ਼ਨਾ ਵੀ ਸੀ। ਨੇੜੇ ਆਕੇ
ਉਨ੍ਹਾਂ ਗੁਲਾਬ ਸਿੰਘ ਨੂੰ ਮੋਟਰ ਚਲਾ ਕੇ ਦਿਖਾਉਣ ਲਈ ਕਿਹਾ। ਸਾਇੰਸ ਦਾ ਇਹ
ਕਰਿਸ਼ਮਾਂ ਦੇਖ ਕੇ ਬਾਬੇ ਬਿਸ਼ਨੇ ਦੇ ਦੰਦ ਜੁੜ ਗਏ। ਉਹ ਹੈਰਾਨ ਹੋਈ ਜਾ ਰਿਹਾ ਸੀ ਤੇ
ਕਹਿ ਰਿਹਾ ਸੀ “ ਉਹ ਫੌਜੀਆ ਨਾ ਕੋਈ ਬੋਤਾ ਨਾ ਹਲਟ ਬਈ ਹੱਦ ਹੋਗੀ…। ਪਾਣੀ ਸਹੁਰਾ
ਕਿੱਥੋਂ ਆਈ ਜਾਂਦੈ…। ਭਾਈ ਕਲਯੁੱਗ ਆ..”
ਜਦੋਂ ਬਾਬੇ ਬਿਸ਼ਨੇ ਨੇ ਛੁੱਟੀ ਆਏ ਚੰਦ ਸਿੰਘ ਨੂੰ ਪਹਿਲੀ
ਵਾਰ ਸਾਈਕਲ ਚਲਾਉਂਦੇ ਨੂੰ ਵੇਖਿਆ ਸੀ ਤਾਂ ਉਦੋਂ ਵੀ ਉਹ ਕਹਿਣ ਲੱਗਿਆ ਸੀ, “ਜੇ
ਤੇਰਾ ਇਹ ਘੋੜਾ ਕੁੱਛ ਖਾਂਦਾ ਪੀਂਦਾ ਨੀ ਫੇਰ ਇਹ ਭੱਜਦਾ ਕਿਮੇਂ ਆ? ਅੱਛਾ ਤਾਂ ਹੁਣ
ਇਹ ਲੋਹੇ ਦੇ ਘੋੜੇ ਆਇਆ ਕਰਨਗੇ। ਨਾਂ ਕੱਖ ਪੱਠੇ ਖਾਣ ਨਾਂ ਪਾਣੀ ਪੀਣ। ਬਈ ਇਹ ਤਾਂ
ਕਮਾਲ ਹੋ ਗੀ”
ਬਦਲਦੇ ਜਾ ਰਹੇ ਜ਼ਮਾਨੇ ਨੂੰ ਵੇਖ ਕੇ ਹੁਣ ਵੀ ਬਿਸ਼ਨਾ ਬੌਂਦਲ
ਗਿਆ ਸੀ। ਉਹ ਕਹਿਣ ਲੱਗਾ ਫੌਜੀਆਂ ਇਹ ਤੇਰੀ ਕੁਰਬਾਨੀ ਆਂ, ਜਿਹੜਾ ਉੱਪਰ ਵਾਲੇ ਨੇ
ਤੈਨੂੰ ਇਹ ਬਿਨਾਂ ਬੌਲਦੋਂ ਹਲਟ ਦੇ ਦਿੱਤਾ। ਥੋਡੇ ਬਜ਼ੁਰਗ ਨੇ ਕਹਿੰਦੇ ਗੁਰੂ ਦੇ
ਲਾਲਾ ਲਈ ਰੋਜ਼ੀ ਨੂ ਲੱਤ ਮਾਰੀ ਤੀ। ਬਈ ਦੱਸਦੇ ਨੇ ਗੁਰੂ ਦੇ ਸਹਿਬਜਾਦੇ ਉਨੇ ਅੱਖੀ
ਦੇਖੇ ਤੀ। ਕਹਿੰਦੇ ਸੂਰਜ ਮੰਗੂ ਦਗਦੇ ਚਿਹਰਿਆਂ ਦੀ ਤਾਬ ਨੀ ਤੀ ਝੱਲੀ ਜਾਂਦੀ।
ਕੈਂਹਦੇ ਉਸ ਬਜ਼ੁਰਗ ਨੇ ਤਾਂ, ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਣ ਵੀ ਕੀਤੇ ਤੀ ਜਦੋਂ
ਉਹ ਕਟਾਣਾ ਸਾਹਿਬ ਆਏ ਤੀ। ਜਦੋਂ ਗੁਰੂ ਜੀ ਨੂੰ ਲੱਲ ਕਲਾਂ ਪਿੰਡ ਦੇ ਕਿਸੇ ਸੇਵਕ ਨੇ
ਘੋੜਾ ਦਿੱਤਾ ਤਾਂ ਉਸ ਘੋੜੇ ਦੀ ਕੱਖ ਪੱਠੇ ਨਾਲ ਸੇਵਾ ਵੀ ਤੁਹਾਡੇ ਉਸੇ ਬਜ਼ੁਰਗ ਨੇ
ਹੀ ਕੀਤੀ ਤੀ।
ਕਹਿੰਦੇ ਫੇਰ ਥੋਡੀ ਅਗਲੀ ਪੀੜੀ ਦੇ ਬਜ਼ੁਰਗ ਮਾਅਰਾਜਾ ਰਣਜੀਤ
ਸਿੰਘ ਸਿੰਘ ਦੀ ਫੌਜ ‘ਚ ਵੀ ਰਹੇ। ਫੇਰ ਤੁਸੀਂ ਦੋਨੇ ਭਾਈ ਫੋਜ ‘ਚ ਰਹੇ। ਤੇ ਹੁਣ
ਅੱਗੇ ਦਲੇਰ ਸਿਉਂ ਵੀ ਦੇਸ਼ ਦੀ ਸੇਵਾ ‘ਚ ਲੱਗ ਗਿਆ। ਮਖਾਂ ਥੋਡੇ ਟੱਬਰ ਨੇ ਕੁਰਬਾਨੀ
ਵੀ ਕਿਤੇ ਥੋੜੀ ਕੀਤੀ ਆ। ਤਾਂ ਹੀ ਤਾਂ ਹੁਣ ਇਹ ਲੈਹਰਾਂ ਬੈਹਰਾਂ ਨੇ” ਉਸ ਨੇ ਖੜੀ
ਫਸਲ ਵੱਲ ਹੱਥ ਘੁਮਾਇਆ ਤੇ ਦੂਰ ਤੱਕ ਦੇਖਦਾ ਰਿਹਾ।
ਸ਼ਾਮ ਦਾ ਵਕਤ ਹੋਣ ਕਾਰਨ, ਦਿਨ ਢਲਣ ਵਾਲਾ ਸੀ। ਟਾਵਾਂ ਟਾਵਾਂ
ਗੱਡਾ ਪਹੇ ਤੇ ਪਿੰਡ ਵਲ ਨੂੰ ਜਾ ਰਿਹਾ ਸੀ। ਜਦੋਂ ਬਾਬਾ ਬਿਸ਼ਨਾ ਤੇ ਉਸਦਾ ਸਾਥੀ,
ਕੇਹਰੂ ਪਿੰਡ ਨੂੰ ਜਾਣ ਲੱਗੇ ਤਾਂ ਗੁਲਾਬ ਸਿੰਘ ਨੇ ਕਿਹਾ “ਮੈਂ ਵੀ ਚੱਲਦਾ ਹਾਂ
ਥੋਡੇ ਨਾਲ ਈ। ਘਰ ਰੋਟੀ ਖਾਣ ਜਾਣੈ”। ਉਸ ਨੇ ਮੋਦਨ ਮੋਚੀ ਵਲੋਂ ਬਣਾਈ ਧੌਹੜੀ ਦੀ
ਜੁੱਤੀ ਪਾਈ ਤੇ ਸੰਮਾਂ ਵਾਲੀ ਡਾਂਗ ਚੁੱਕ ਲਈ। ਜਦੋਂ ਉਹ ਤੁਰਨ ਹੀ ਲੱਗੇ ਤਾਂ ਦੋ
ਲੜਾਕੂ ਜਹਾਜ਼ ਕੰਨ ਪਾੜਵੀ ਆਵਾਜ਼ ਨਾਲ ਅਸਮਾਨ ਚੀਰਦੇ ਲੰਘ ਗਏ। ਗੁਲਾਬ ਸਿੰਘ ਦੇ
ਮੂੰਹੋਂ ਆਪ ਮੁਹਾਰੇ ਹੀ ਨਿੱਕਲਆ “ਵਾਹਗਰੂ ਸੁੱਖ ਰੱਖੀਂ”।
|