WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 8

ਸਮੁੰਦਰ ਮੰਥਨ (PDF, 568KB)    


ਦਲੇਰ ਸਿੰਘ ਨੂੰ ਜਿਉਂ ਹੀ ਪੁੱਤਰ ਦੇ ਜਨਮ ਦੀ ਖ਼ਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਭਾਰਤ ਚੀਨ ਸਰਹੱਦ ਤੇ ਕਸ਼ੀਦਗੀ ਲਗਾਤਾਰ ਵਧਦੀ ਹੀ ਜਾ ਰਹੀ ਸੀ। ਸੈਨਾ ਦੇ ਨਾਲ ਨਾਲ ਬਾਰਡਰ ਸਕਿਉਰਟੀ ਫੋਰਸ ਅਤੇ ਸੈਂਟਰਲ ਰੀਜ਼ਰਵ ਪੁਲੀਸ ਵੀ ਤਾਇਨਾਤ ਕਰ ਦਿੱਤੀ ਗਈ ਸੀ। ਲੜਾਈ ਕਿਸੇ ਵੇਲੇ ਵੀ ਛਿੜ ਸਕਦੀ ਸੀ। ਇਸ ਮੌਕੇ ਨਵ-ਵਿਆਹਿਆਂ ਦੇ ਮਨਾ ਵਿੱਚ ਉਦਾਸੀ ਦਾ ਮਾਰੂ ਰਾਗ ਵੱਜਣਾ ਕੁਦਰਤੀ ਹੀ ਸੀ। ਕਿਉਂਕਿ ਇਸੇ ਕਰਕੇ ਸਾਰਿਆਂ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ ਗਈਆਂ ਸਨ।

ਜਵਾਨ ਬਰਫਾਂ ਲੱਦੇ ਪਹਾੜਾਂ ਵਿੱਚ ਉਤਸ਼ਾਹ ਨਾਲ ਜੀਣ ਦਾ ਕੋਈ ਨਾ ਕੋਈ ਬਹਾਨਾਂ ਲੱਭੀਂ ਹੀ ਰੱਖਦੇ। ਹਫਤੇ ਬਾਅਦ ਮਿਲੀਆਂ ਚਿੱਠੀਆਂ ਦੁੱਖ ਅਤੇ ਸੁੱਖ ਦੇ ਸੁਨੇਹੇ ਲੈ ਕੇ ਆਉਂਦੀਆਂ। ਫੇਰ ਕਿਸੇ ਬਹਾਨੇ ਜਸ਼ਨ ਤਾਂ ਹੋ ਹੀ ਜਾਂਦਾ। ਜਿਸ ਦਿਨ ਮੁੰਡਾ ਜਨਮਣ ਦਾ ਕਾਰਡ ਮਿਲਿਆ, ਕਾਇਦੇ ਅਨੁਸਾਰ ਉਸ ਦਿਨ ਦਾ ਜਸ਼ਨ ਦਲੇਰ ਸਿੰਘ ਦੇ ਜਿੱਮੇ ਸੀ। ਸੀ ਓ ਤੋਂ ਲੈ ਕੇ ਬਰਗੇਡੀਅਰ ਤੱਕ ਸਭ ਇਸ ਖੁਸ਼ੀ ਵਿੱਚ ਸ਼ਾਮਲ ਹੋਏ। ਫੌਜੀ ਮੱਘਾਂ ਵਿੱਚ ਰੱਮ ਛਲਕਦੀ ਰਹੀ ਅਤੇ ਭੰਗੜਾ ਪੈਂਦਾ ਰਿਹਾ। ਦਲੇਰ ਸਿੰਘ ਨਾਲ ਖੁਸ਼ੀ ਵਿੱਚ ਝੂਮਦੇ ਜਵਾਨ ਥਾਲੀਆਂ ਦੇ ਕੱਪਾਂ ਨੂੰ ਹੀ ਮਿਊਜ਼ਕ ਇੰਨਸਟਰੂਮੈਂਟ ਸਮਝ ਕੇ ਵਜਾਉਣ ਲੱਗੇ।

ਨਾਇਕ ਦਲੇਰ ਸਿੰਘ ਉਸ ਦਿਨ ਵਾਕਿਆ ਹੀ ਹੀਰੋ ਸੀ। ਉਸਦਾ ਜੀ ਕਰਦਾ ਸੀ ਕੇ ਉਡ ਕੇ ਆਪਣੇ ਪਿੰਡ ਚਲਾ ਜਾਵੇ ਤੇ ਬੱਚੇ ਨੂੰ ਬਾਹਾਂ ਤੇ ਚੁੱਕ ਕਿਲਕਾਰੀਆਂ ਮਾਰੇ। ਬਚਨੋਂ ਨੂੰ ਬਾਹਾਂ ਵਿੱਚ ਘੁੱਟ ਕੇ ਏਹਨਾਂ ਸੋਹਣਾ ਬੱਚਾ ਦੇਣ ਲਈ ਉਸਦਾ ਧੰਨਵਾਦ ਕਰੇ। ਪਰ ਉਹ ਆਪਣੀ ਮਜ਼ਬੂਰੀ ਦਾ ਕੀ ਕਰਦਾ? ਪਤਾ ਨਹੀ ਅਜੇ ਊਠ ਦਾ ਬੁੱਲ ਕਦੋਂ ਡਿੱਗਣਾ ਸੀ। ਉਹ ਤਾਂ ਸੋਚਦਾ ਸੀ ਕਿ ਨਿੱਤ ਨਿੱਤ ਦੀ ਘੈਂਸ ਘੈਂਸ ਨਾਲੋ ਇੱਕ ਦਿਨ ਕੱਟਾ ਕੱਟੀ ਹੋ ਹੀ ਜਾਵੇ। ਤੇ ਫੌਜੀ ਭਰਾਵਾਂ ਦੇ ਮਨ ਤੋਂ ਇਹ ਬੋਝ ਲਹੇ। ਪਰ ਪਤਾ ਨਹੀ ਅਜੇ ਕੀ ਹੋਣਾ ਸੀ?

ਕਈਆਂ ਵਿਚਾਰਿਆਂ ਨੇ ਤਾਂ ਦੇਸ਼ ਦੀ ਭੇਂਟ ਚੜ ਜਾਣਾ ਸੀ। ਫੇਰ ਸਰਕਾਰ ਵਲੋਂ ਉਨ੍ਹਾਂ ਦੀਆਂ ਪਤਨੀਆਂ ਨੂੰ ਪਤੀਆਂ ਬਦਲੇ ਸਿਲਾਈ ਮਸ਼ੀਨਾਂ ਦੇ ਕੇ, ਉਨ੍ਹਾਂ ਦੇ ਅਥਰੂ ਪੂੰਝ ਦਿੱਤੇ ਜਾਣੇ ਸਨ। ਦਲੇਰ ਸਿੰਘ ਨੂੰ ਅੱਜ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਹਨੇ ਜ਼ਿੰਦਗੀ ਵਿੱਚ ਕਿੱਡਾ ਵੱਡਾ ਗਲਤ ਫੈਸਲਾ ਲੈ ਲਿਆ ਸੀ। ਇਹ ‘ਡਸਿਪਲਨਡ ਲਾਈਫ’ ਕਿੱਲੇ ਬੰਨੇ ਪਸ਼ੂ ਵਰਗੀ ਹੁੰਦੀ ਹੋਵੇਗੀ, ਇਹ ਤਾਂ ਉਸ ਨੇ ਪਹਿਲਾਂ ਕਦੀ ਸੋਚਿਆ ਹੀ ਨਹੀਂ ਸੀ। ਫੇਰ ਉਸ ਰਾਤ ਨੂੰ ਨਸ਼ੇ ਦੀ ਲੋਰ ਵਿੱਚ ਵੀ, ਉਸ ਨੂੰ ਨੀਂਦ ਨਹੀਂ ਸੀ ਪਈ। ਯਾਦਾਂ ਦੀ ਇੱਕ ਫਿਲਮ ਜਿਹੀ ਉਸਦੇ ਮਨ ਵਿੱਚ ਚੱਲਦੀ ਰਹੀ ਸੀ।

ਉਸਦਾ ਪਿਤਾ ਚੰਦ ਸਿੰਘ ਆਪ ਵੀ ਇੱਕ ਫੌਜੀ ਸੀ। ਘਰ ਦੀ ਥੋੜੀ ਜ਼ਮੀਨ ਕਾਰਨ ਹੀ ਤਾਂ ਉਹ ਫੌਜ ਵਿੱਚ ਭਰਤੀ ਹੋਇਆ ਸੀ। ਨੌਕਰੀ ਹੋਣ ਕਰਕੇ ਹੀ ਤਾਂ ਉਸਦਾ ਵਿਆਹ ਹੋਇਆ ਸੀ।

ਉਸਦਾ, ਆਪਣੀ ਮਾਂ ਬੇਅੰਤ ਕੌਰ ਦੇ ਵਿਆਹ ਬਾਰੇ ਖੁਦ ਉਸ ਵਲੋਂ ਬਾਰੇ ਸੁਣਾਈਆਂ ਗੱਲਾਂ ਯਾਦ ਕਰਕੇ ਉਸਦਾ ਹਾਸਾ ਵੀ ਨਿੱਕਲ ਗਿਆ। ਉਸ ਦੀ ਮਾਂ ਨੇ ਦੱਸਿਆ ਸੀ ਕਿ “ਕਿ ਮੇਰਾ ਬਾਪੂ ਉਦੋਂ ਲਹੌਰ ਦੇ ਗੁਰਦੁਵਾਰੇ ਵਿੱਚ ਗਰੰਥੀ ਹੋਇਆ ਕਰਦਾ ਤੀ। ਤੇਰਾ ਬਾਪੂ ਚੰਦ ਸਿੰਘ ਹਰ ਐਤਵਾਰ ਨੂੰ, ਬਾਕੀ ਫੌਜੀਆਂ ਵਾਂਗ, ਗੁਰਦੁਵਾਰੇ ਮੱਥਾ ਟੇਕਣ ਆੳਂੁਦਾ ਸੀ। ਤੇ ਛੁੱਟੀ ਵਾਲੇ ਦਿਨ ਆਖੰਡਪਾਠ ਦੀ ਰੌਲ਼ ਵੀ ਲੁਆ ਦਿੰਦਾ। ਜੋ ਮੇਰੇ ਬਾਪੂ ਨੂੰ ਬੜਾ ਚੰਗਾ ਲੱਗਦਾ। ਉਦੋ ਤੇਰਾ ਬਾਪੂ ਕੋਈ ਵੀਹਾਂ ਕੁ ਵਰਿਆਂ ਦਾ ਹੋਊ। ਤੇ ਮੈਂ ਸਿਰਫ ਤੇਰਾ ਕੁ ਵਰਿਆਂ ਦੀ ਸੀ”।

ਦਲੇਰ ਸਿੰਘ ਦੀ ਬੇਬੇ ਦੱਸਿਆਂ ਕਰਦੀ ਸੀ “ਗੁਰਦੁਵਾਰੇ ਰਹਿ ਕੇ ਮੈਂ ਆਪਣੇ ਬਾਪੂ ਕੋਲੋਂ ਹੀ ਗੁਰਮੁਖੀ ਪੜ੍ਹਨੀ ਸਿੱਖ ਲਈ ਤੀ। ਪੰਜ ਗਰੰਥੀ ਦਾ ਪਾਠ ਵੀ ਕਰ ਲੈਂਦੀ ਤੀ। ਮੇਰੇ ਪਿਉ ਦਾ ਨਾਂ ਨਿਹਾਲ ਸਿਉਂ ਤੀ। ਇੱਕ ਦਿਨ ਉਹਨੇ ਵੱਡੇ ਸਾਹਬ ਨੂੰ ਆਖ ਦਿੱਤਾ ਕਿ ਚੰਦ ਸਿਉਂ ਨਾਲ ਮੈਂ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹੁੰਦਾ ਹਾਂ? ਉਸ ਨੇ ਤੇਰੇ ਬਾਪੂ ਨਾਲ ਗੱਲ ਤੋਰੀ ਤੇ ਮਨਾ ਵੀ ਲਿਆ। ਫੇਰ ਭਾਈ ਉਸੇ ਗੁਰਦੁਵਾਰੇ ਸਾਡੇ ‘ਨੰਦ ਹੋ ਗੇ”।

ਦਲੇਰ ਸਿੰਘ ਨੂੰ ਫੇਰ ਇੱਕ ਹੋਰ ਯਾਦ ਆਈ ਸੀ। ਇਹ ਉਸਦੇ ਪਿਤਾ ਚੰਦ ਸਿੰਘ ਦੀ ਸੀ।

“ਉਦੋਂ ਮੈਂ ਸਿਗਨਲ ਕੋਰ ਵਿੱਚ ਤਾ। ਸਿਗਨਲ ਉਦੋਂ ਸ਼ੀਸ਼ੇ ਝੰਡੀ ਨਾਲ ਭੇਜੇ ਜਾਂਦੇ ਤੇ, ਸ਼ੀਸ਼ੇ ਦੀ ਲਿਸ਼ਕੋਰ ਰਾਹੀ ਸੁਨੇਹੇ ਭੇਜੇ ਜਾਂਦੇ ਤੇ। ਜੋ ਮੈਂ ਈਂ ਭੇਜਦਾ, ਸ਼ੀਸ਼ਾ ਝੰਡੀ ਰਾਂਹੀ। ਸਾਬ ਲੋਕ ਮੈਨੂੰ ਬਹੁਤ ਇੱਜਤ ਦਿੰਦੇ ਤੇ। ਗੋਰੇ ਸੈਕਿੰਡ ਵਰਲਡ ਵਾਰ ‘ਚ ਮੈਨੂੰ ਸਿੰਘਾ ਪੁਰ ਮਲਾਇਆ ਲੈ ਗੇ ਤੇ। ਉਦੋਂ ਮੈਂ ਪੈਹਲੀ ਵੇਰ ਸਮੁੰਦਰੀ ਜਹਾਜ਼ ਚ ਚੜਿਆ”

ਉਹਦਾ ਬਾਪੂ ਤਾਂ ਇਹ ਵੀ ਦੱਸਦਾ ਸੀ ਕਿ “ਪਲੇਗ ਦੀ ਬਿਮਾਰੀ ਨੇ ਸਾਡਾ ਸਾਰਾ ਟੱਬਰ ਹੀ ਖਤਮ ਕਰ ਦਿੱਤਾ ਤੀ।ਮੈਂ ਤੇ ਗੁਲਾਬ ਹੀ ਬਚੇ ਰਹੇ। ਗੁਲਾਬ ਨੇ ਹੀ ਮੈਨੂੰ ਪਾਲਿਆ। ਉਹ ਮੇਰਾ ਭਰਾ ਵੀ ਹੈ ਅਤੇ ਬਾਪ ਵੀ। ਜ਼ਮੀਨ ਸਾਡੇ ਕੋਲ ਮੁੱਢੋਂ ਹੀ ਥੋੜੀ ਸੀ। ਮੈਂ ਤਾਂ ਕਾਜ਼ੀ ਨੂਰ ਮੁਹੰਮਦ ਤੋਂ ਗੁਰਮੁੱਖੀ ਸਿੱਖ ਹੀ ਲਈ ਪਰ ਗੁਲਾਬ ਨੇ ਉਹ ਵੀ ਨਾ ਸਿੱਖੀ। ਫੇਰ ਉਹ ਫੌਜ ‘ਚ ਭਰਤੀ ਹੋ ਗਿਆ। ਤਾਂ ਗੁਲਾਬ ਬਿਨਾਂ ਘਰ ਭਾਂਅ ਭਾਂਅ ਕਰਨ ਲੱਗ ਪਿਆ। ਉਹਦੇ ਜਾਣ ਤੋਂ ਬਾਅਦ ਮੈਂ ਉੜਦੂ ਵੀ ਸਿੱਖ ਲਿਆ। ਤੇ ਸਾਰਾ ਪਿੰਡ ਚਿੱਠੀਆਂ ਪੜ੍ਹਾਉਣ ਮੇਰੇ ਕੋਲੇ ਔਂਦਾ ਤਾ” ਫੇਰ ਇੱਕ ਦਿਨ ਚੰਦ ਸਿੰਘ, ਦਲੇਰ ਸਿੰਘ ਨੂੰ ਥਾਪੀ ਦੇ ਕੇ ਆਖਣ ਲੱਗਾ “ਪੁੱਤ ਏਨਾ ਕੁ ਪੜ੍ਹ ਜਾ ਕਿ ਆਪਣੀ ਚਿੱਠੀ ਆਪ ਲਿਖਣ ਪੜ੍ਹਨ ਜੋਗਾ ਹੋ ਜਾਮੇ। ਔਖਾ ਸੌਖਾ ਦਸਵੀਂ ਕਰ ਜਾ। ਫੇਰ ਮੈਂ ਤੈਨੂੰ ਫੌਜ ‘ਚ ਭਰਤੀ ਕਰਵਾਦੂੰ। ਬੜਾ ਅਫਸਰ ਬਣੀਂ। ਮੇਰੇ ਮੰਗੂ ਸਿਪਾਹੀ ਪੈਨਸ਼ਨ ਨਾ ਆਈ” ਨੌਵੀਂ ਤੱਕ ਤਾਂ ਉਹ ਠੀਕ ਪੜ੍ਹਿਆਂ ਪਰ ਦਸਵੀਂ ‘ਚੋ ਫੇਲ ਹੋ ਗਿਆ। ਫੇਰ ਦਲੇਰ ਸਿਉਂ ਨੂੰ ਆਪਣੇ ਪਿਉ ਦਾ ਸਾਹਮਣਾ ਕਰਨ ਦਾ ਹੌਸਲਾ ਨਾ ਪਿਆ। ਕਿਸੇ ਨੇ ਦੱਸਿਆ ਕਿ ‘ਦੋਰਾਹੇ ਫੌਜ ਦੀ ਭਰਤੀ ਹੁੰਦੀ ਆ’। ਉਹ ਜਸਪਾਲੋਂ ਸਕੂਲ ਤੋਂ ਸਿੱਧਾ ਹੀ ਭਰਤੀ ਦੇਖਣ ਚਲਾ ਗਿਆ। ਤੇ ਕੁੱਝ ਹੀ ਟੈਸਟਾਂ ਤੋਂ ਬਾਅਦ ਉਸ ਨੂੰ ਸੀਲੈਕਟ ਕਰ ਲਿਆ ਗਿਆ ਸੀ। ਉਸ ਨੂੰ ਪਤਾ ਸੀ ਕਿ ਉਨ੍ਹਾ ਪਾਸ ਗੁਜਾਰੇ ਜੋਗੀ ਜ਼ਮੀਨ ਨਹੀਂ ਹੈ। ਤੇ ਜੱਟਾਂ ਦੇ ਵਿਆਹ ਮੁੰਡਿਆਂ ਨੂੰ ਨਹੀਂ, ਸਗੋਂ ਜ਼ਮੀਨਾਂ ਨੂੰ ਹੁੰਦੇ ਨੇ। ਬਚਨ ਕੌਰ ਨਾਲ ਵੀ ਤਾਂ ਉਸਦਾ ਵਿਆਹ ਇਸੇ ਨੌਕਰੀ ਕਰਕੇ ਹੀ ਹੋਇਆ ਸੀ?

ਦਲੇਰ ਸਿੰਘ ਦਾ ਤਾਇਆ ਗੁਲਾਬ ਸਿਉਂ ਤਾਂ ਉਸਦੇ ਵਿਆਹ ਹੱਕ ਵਿੱਚ ਬਿਲਕੁੱਲ ਨਹੀਂ ਸੀ। ਉਹ ਤਾਂ ਇਸ ਧਾਰਨਾ ਦਾ ਹਾਮੀ ਸੀ ਕਿ ਜੱਟ ਦਾ ਇੱਕੋ ਪੁੱਤ ਵਿਆਹਿਆ ਜਾਣਾ ਚਾਹੀਦਾ ਹੈ, ਤਾਂ ਕਿ ਜ਼ਮੀਨ ਨਾਂ ਵੰਡੀ ਜਾਵੇ। ਇਸੇ ਕਰਕੇ ਤਾਂ ਉਸ ਨੇ ਆਪ ਵਿਆਹ ਕਰਵਾਉਣ ਦੀ ਬਜਾਏ, ਆਪਣੇ ਛੋਟੇ ਭਰਾ ਚੰਦ ਸਿੰਘ ਦਾ ਵਿਆਹ ਕਰ ਦਿੱਤਾ ਸੀ। ਭਾਰਤ ਵਿੱਚ ਬਹੁਕੰਤੀ ਰਿਵਾਜ਼, ਜੋ ਪੁਰਾਤਨ ਸਮਿਆਂ ਤੋਂ ਹੀ ਚਲਾ ਆ ਰਿਹਾ ਸੀ, ਅਜੇ ਵੀ ਪ੍ਰਚੱਲਤ ਸੀ। ਸਾਰੇ ਭਰਾਵਾਂ ਦੀ ਇੱਕ ਹੀ ਸਾਂਝੀ ਪਤਨੀ ਹੁੰਦੀ ਜਿਵੇਂ ਪਾਂਡੋਆਂ ਦੀ ਪੰਚਾਲੀ ਸੀ। ਨਿਆਣੇ ਭਾਵੇਂ ਕਿਸੇ ਦੇ ਵੀ ਹੋਣ ਪਰ ਉਹ ਨਾਂ ਉਸੇ ਦੇ ਚੜਦੇ ਜਿਹੜਾ ਅਸਲ ਚ ਵਿਆਹ ਕਰਵਾਉਂਦਾ। ਨਿਆਣਿਆਂ ਦੀ ਮਾਂ ਨੂੰ ਖੁਦ ਵੀ ਪਤਾ ਨਹੀਂ ਸੀ ਹੁੰਦਾ ਕਿ ਕਿਹੜਾ ਜੁਆਕ ਕਿਸ ਦਾ ਹੈ। ਏਸੇ ਲਈ ਤਾਂ ਜੁਆਕ ਜੰਮਣ ਸਾਰ ਆਂਢਣਾਂ ਗੁਆਂਢਣਾ ਅੰਦਾਜ਼ਾ ਲਾਉਂਦੀਆਂ ਕਿ ਨਿਆਣੇ ਦਾ ਮੜੰਗਾ ਕੀਹਦੇ ਤੇ ਗਿਆ ਹੈ? ਉਦੋਂ ਤਾਂ ਚਾਚੇ ਤਾਇਆਂ ਨੂੰ ਵੀ ਪਿਉ ਦੇ ਸਮਾਨ ਹੀ ਸਮਝਿਆ ਜਾਂਦਾ ਸੀ।

ਚਾਚੇ ਤਾਏ ਵੀ ਉਨ੍ਹਾਂ ਨਿਆਣਿਆਂ ਨੂੰ ਪੁੱਤ ਸਮਝ ਕੇ ਆਪਣੀ ਸਾਰੀ ਜਾਇਦਾਦ ਸੰਭਾਲ ਦਿੰਦੇ। ਗੁਲਾਬ ਸਿੰਘ ਉਨ੍ਹਾ ਦਾ ਪਿਉ ਵੀ ਸੀ ਤੇ ਤਾਇਆ ਵੀ। ਜਿਸ ਨੇ ਜ਼ਮੀਨ ਨਾਂ ਵੰਡਣ ਦੇ ਮਾਰੇ ਨੇ ਆਪਣੇ ਸੁਪਨਿਆਂ ਦੀ ਕੁਰਬਾਨੀ ਦੇ ਦਿੱਤੀ ਸੀ। ਬੇਅੰਤ ਕੌਰ ਲਈ ਉਹਦਾ ਦਰਜਾ ਚੰਦ ਸਿੰਘ ਦੇ ਬਰਾਬਰ ਹੀ ਸੀ। ਬਲਕਿ ਉਸ ਤੋਂ ਵੀ ਉੱਚਾ ਸੀ। ਉਹ ਬੱਚਿਆਂ ਨੂੰ ਹਰ ਗੱਲ ‘ਚ ਆਖਦੀ ਥੋਡੇ ਤਾਇਆ ਜੀ ਕੀ ਕਹਿਣਗੇ?

ਪਰ ਜਦੋਂ ਬੱਚੇ ਵੱਡੇ ਹੋ ਗਏ ਤਾਂ ਉਨ੍ਹਾਂ ਇਸ ਪਾਂਡੋ ਪ੍ਰਵਿਰਤੀ ਤੋਂ ਕਿਨਾਰਾ ਕਰ ਲਿਆ। ਸਾਰੇ ਪੰਜਾਬ ਵਿੱਚ ਹੀ ਇੱਕ ਮਰਦ ਤੇ ਇੱਕ ਔਰਤ ਦਾ ਰਿਸ਼ਤਾ ਪ੍ਰਚੱਲਤ ਹੋ ਰਿਹਾ ਸੀ। ਜੱਟ ਜ਼ਮੀਨ ਨੂੰ ਪਾਸੇ ਰੱਖ ਹੁਣ ਆਪਣੇ ਸਾਰੇ ਮੁੰਡੇ ਵਿਆਹੁਣ ਲੱਗੇ ਸਨ। ਤੇ ਏਸੇ ਤਰ੍ਹਾਂ ਦਲੇਰ ਸਿੰਘ ਵੀ ਵਿਆਹਿਆ ਗਿਆ। ਹੁਣ ਅੱਗੋਂ ਉਸ ਦੇ ਹਿੱਸੇ ਦੀ ਜ਼ਮੀਨ ਦਾ ਵੀ ਨਵਾਂ ਵਾਰਿਸ ਪੈਦਾ ਹੋ ਗਿਆ ਸੀ।

ਗੁਲਾਬ ਸਿੰਘ ਨੇ ਵੱਡੇ ਲੜਕੇ ਦਾ ਰਿਸ਼ਤਾ ਪੱਕਾ ਕਰਨ ਵੇਲੇ ਇਹ ਵਾਅਦਾ ਵੀ ਕੀਤਾ ਸੀ ਕਿ ਉਨ੍ਹਾਂ ਤਾਂ ਇੱਕੋ ਲੜਕਾ ਵਿਆਉਣਾ ਏ। ਬਾਕੀ ਦੀ ਜ਼ਮੀਨ ਵੀ ਉਸੇ ਦੇ ਨਿਆਣਿਆਂ ਨੂੰ ਹੀ ਜਾਊ। ਪਰ ਹੁਣ ਕਹਾਣੀ ਕਿਸੇ ਹੋਰ ਹੀ ਪਾਸੇ ਤੁਰ ਪਈ ਸੀ। ਵਿਆਹ ਤੇ ਆਏ ਵੱਡੇ ਭਰਾ ਦੇ ਸਹੁਰੇ ਨਰੈਣ ਸਿਉਂ ਨੇ ਇਸ ਗੱਲ ਤੇ ਗੁੱਸਾ ਵੀ ਜ਼ਾਹਰ ਕੀਤਾ ਸੀ ਕਿ “ਉਦੋਂ ਤਾਂ ਕੈਂਦੇ ਤੀ ਇੱਕੋ ਵਿਔਹਣਾ ਹੁਣ ਚਾਰ ਕਿੱਲੇ ਜਮੀਨ ਚੋਂ ਮੇਰੀ ਕੁੜੀ ਕੀ ਢੀਮਾਂ ਖਾਊ”? ਫੇਰ ਜ਼ਮੀਨ ਨੂੰ ਲੈ ਕੇ ਦਲੇਰ ਸਿੰਘ ਨੂੰ ਸੁਣੀਆਂ ਸੁਣਾਈਆਂ ਹੋਰ ਕਿੰਨੀਆਂ ਹੀ ਗੱਲਾਂ ਯਾਦ ਆਉਣ ਲੱਗੀਆਂ।

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com