WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 53

ਸਮੁੰਦਰ ਮੰਥਨ (PDF, 568KB)    


23 ਸਤੰਬਰ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਬੰਦ ਹੋ ਗਿਆ। ਪਰ ਦਿੱਲੀ ਵਿੱਚ ਹੀ ਨਹੀਂ। ਪੂਰੇ ਦੇਸ਼ ਵਿੱਚ ਹਾਲ ਦੁਹਾਈ ਮੱਚੀ ਹੋਈ ਸੀ। ਜਿੱਥੇ ਟਾਂ੍ਰਜਿਸਟਰ ਬੰਬ ਫਟਣ ਨਾਲ ਕੁੱਝ ਬੰਦੇ ਮਰ ਗਏ ਸਨ। ਪਰ ਪੰਜਾਬ ਦੀਆਂ ਚੋਣਾਂ ਤੇ ਇਸਦਾ ਕੋਈ ਫਰਕ ਨਾ ਪਿਆ। ਨਾ ਲਹੂ ਭਿੱਜੇ ਮਹੌਲ ਦਾ ਤੇ ਨਾ ਹੀ ਬਾਈਕਾਟ ਦਾ। ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਛੇ ਬੰਬ ਫਟੇ। ਬਟਾਲੇ ਵਿੱਚ ਬੰਬ ਫਟਣ ਨਾਲ ਕੁੱਝ ਬੱਚੇ ਵੀ ਮਾਰੇ ਗਏ। ਮਨੁੱਖੀ ਜਾਨਾਂ ਦੀ ਕੋਈ ਕੀਮਤ ਹੀ ਨਹੀਂ ਸੀ ਰਹਿ ਗਈ। ਪ੍ਰਸਾਸ਼ਨ ਨੇ ਬੰਬਾਂ ਦੇ ਮੁੱਖ ਦੋਸ਼ੀ ਵਲੋਂ ਖਾੜਕੂ ਸੁਖਦੇਵ ਸਿੰਘ ਦਾ ਨਾ ਲਿਆ। ਜਿਸ ਦੇ ਸਿਰ ਤੇ ਇੱਕ ਲੱਖ ਦਾ ਇਨਾਮ ਵੀ ਰੱਖ ਦਿੱਤਾ ਗਿਆ। 25 ਸਤੰਬਰ 1985 ਨੂੰ ਪੰਜਾਬ ਵਿੱਚ 60% ਮੱਤਦਾਨ ਹੋਇਆ। ਮਨਦੀਪ ਵੋਟ ਪਾਉਣ ਤਾਂ ਗਿਆ ਪਰ ਉੱਥੇ ਜਾ ਕੇ ਹੀ ਪਤਾ ਚੱਲਿਆ ਕਿ ਵੋਟਰ ਲਿਸਟ ਵਿੱਚ ਤਾਂ ਉਸਦਾ ਨਾਂ ਹੀ ਨਹੀਂ ਸੀ। ਹੋਰ ਵੀ ਬਹੁਤ ਸਾਰੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਸਨ ਸ਼ਾਇਦ ਕਿਸੇ ਸਾਜਿਸ਼ ਅਧੀਨ।

ਆਈ ਟੀ ਆਈ ਸਮਰਾਲਾ ਵਿੱਚ ਸੀ ਆਰ ਪੀ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਨਾਲ ਹੀ ਤਾਜ਼ਾ ਘਟਨਾਵਾਂ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਦਫਾ 144 ਲਗਾ ਦਿੱਤੀ ਗਈ। ਜਿਸ ਅਨੁਸਾਰ ਪੰਜ ਤੋਂ ਵੱਧ ਬੰਦੇ ਕਿਤੇ ਵੀ ਖੜ ਕੇ ਗੱਲ ਨਹੀ ਸੀ ਕਰ ਸਕਦੇ। ਕੋਈ ਜਲਸਾ ਜਲੂਸ ਜਾਂ ਮੁਜ਼ਾਹਰਾ ਨਹੀਂ ਸੀ ਹੋ ਸਕਦਾ। 27 ਸਤੰਬਰ ਤੱਕ ਸਾਰੇ ਨਤੀਜ਼ੇ ਐਲਾਨ ਦਿੱਤੇ ਗਏ।

ਪੰਜਾਬ ਵਿੱਚ 115 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਈਆਂ ਜਿਨਾਂ ‘ਚੋਂ ਅਕਾਲੀ 73 ਸੀਟਾਂ ਜਿੱਤ ਗਏ ਤੇ ਕਾਂਗਰਸ ਨੂੰ ਸਿਰਫ 32 ਸੀਟਾਂ ਹੀ ਮਿਲੀਆਂ। ਭਾਜਪਾ ਚਾਰ ਸੀਟਾਂ ਤੇ ਜਿੱਤੀ ਅਤੇ ਚਾਰ ਆਜ਼ਾਦ ਉਮੀਦਵਾਰ ਜਿੱਤੇ। ਕਮਿਊਨਿਸਟਾਂ ਅਤੇ ਜੰਤਾਂ ਪਾਰਟੀ ਵਾਲਿਆਂ ਨੂੰ ਸਿਰਫ ਇੱਕ ਇੱਕ ਸੀਟ ਤੇ ਹੀ ਸਬਰ ਕਰਨਾ ਪਿਆ। ਮਨਦੀਪ ਦੇ ਹਲਕੇ ਸਮਰਾਲਾ ਤੋਂ ਅਕਾਲੀ ਦਲ ਦਾ ਅਮਰਜੀਤ ਸਿੰਘ ਚੋਣ ਜਿੱਤ ਗਿਆ। ਦਵਿੰਦਰ ਸਿੰਘ ਗਰਚਾ ਅਤੇ ਰਾਜਿੰਦਰ ਸਿੰਘ ਧਾਰੀਵਾਲ ਵੀ ਜਿੱਤ ਗਏ। ਉਧਰ ਲੁਧਿਆਣਾ ਸ਼ਹਿਰੀ ਤੋਂ ਮੇਵਾ ਸਿੰਘ ਗਿੱਲ ਨੇ ਕਾਂਗਰਸ ਦੇ ਵੱਡੇ ਥੱਮ ਜੋਗਿੰਦਰਪਾਲ ਪਾਂਡੇ ਨੂੰ ਸੁੱਟ ਲਿਆ। ਪੰਜਾਬ ਵਿੱਚ ਅਕਾਲੀਆਂ ਦੀ ਬੱਲੇ ਬੱਲੇ ਹੋ ਗਈ।

ਪੰਜਾਬ ਵਿੱਚ ਜਦੋਂ ਵੀ ਅਕਾਲੀ ਜਿੱਤੇ ਤਾਂ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵਾ ਹਮੇਸ਼ਾਂ ਪ੍ਰਕਾਸ਼ ਸਿੰਘ ਬਾਦਲ ਹੀ ਕਰਦਾ ਰਿਹਾ। ਪਰ ਇਸ ਵਾਰ ਤਾਂ ਉਲਟ ਹੋ ਗਿਆ ਸੀ। ਉਸ ਨੂੰ ਹਵਾ ਦਾ ਰੁੱਖ ਵੇਖਕੇ ਇਹ ਦਾਹਵਾ ਤਿਆਗਣਾ ਪਿਆ। ਚੋਣਾਂ ਵਿੱਚ ਤਲਵੰਡੀ ਧੜਾ ਅਲੱਗ ਥਲੱਗ ਪੈ ਗਿਆ।

ਮੁੱਖ ਮੰਤਰੀ ਵਜੋਂ ਸ: ਸੁਰਜੀਤ ਸਿੰਘ ਬਰਨਾਲੇ ਦਾ ਨਾਂ ਅੱਗੇ ਆਇਆ। ਜਦੋਂ 29 ਸਤੰਬਰ ਨੂੰ ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਪਦ ਲਈ ਸਹੁੰ ਚੁੱਕੀ ਤਾਂ ਉਸ ਨੇ ਆਪਣੀ ਕੈਬਨਿਟ ਵਿੱਚ ਕੈਪਟਨ ਅਮਰਿੰਦਰ ਸਿੰਘ, ਬਸੰਤ ਸਿੰਘ ਖਾਲਸਾ, ਮੇਜਰ ਸਿੰਘ ਓਬੋਕੇ ਅਤੇ ਸੁਖਜਿੰਦਰ ਸਿੰਘ ਨੂੰ ਵੀ ਲਿਆ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹੇਠੀ ਮਹਿਸੂਸ ਕਰਦੇ ਹੋਏ ਮੁੱਖ ਮੰਤਰੀ ਤੋਂ ਹੇਠਾਂ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਦੇ ਖ਼ੂਨ ਖਰਾਬੇ ਵਾਲੇ ਮਹੌਲ ਵਿੱਚ ਇਹ ਇੱਕ ਨਿੱਕੀ ਜਿਹੀ ਤਬਦੀਲੀ ਸੀ।

ਪੰਜਾਬ ਦੇ ਲੋਕਾਂ ਨੇ ਅਜੇ ਜੀਣਾ ਨਹੀਂ ਸੀ ਛੱਡਿਆ। ਪਰ ਲੋਕਾਂ ਕੋਲ ਕੋਈ ਚੰਗਾ ਲੀਡਰ ਵੀ ਨਹੀਂ ਸੀ। ਕਈ ਵਾਰ ਅਖ਼ਬਾਰਾਂ ਵਿੱਚ ਦੂਸਰੇ ਲੀਡਰਾਂ ਦੀਆਂ ਖ਼ਬਰਾਂ ਲੱਗਦੀਆਂ। ਫਲ਼ਸਤੀਨੀਆਂ ਦਾ ਲੀਡਰ ਯਾਸਰ ਅਰਾਫਾਤ ਤਾਂ ਅਕਸਰ ਖ਼ਬਰਾਂ ਵਿੱਚ ਰਹਿੰਦਾ। ਇਸਰਾਈਲ ਉਸਦੇ ਦਫਤਰ ਤੇ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਪਰ ਇਹ ਲੀਡਰ ਕਦੇ ਧਾਰਮਿਕ ਸਥਾਨਾਂ ਨੂੰ ਢਾਲ ਬਣਾਕੇ ਆਪਣੀ ਲੜਾਈ ਨਹੀਂ ਸੀ ਲੜਦੇ ਤੇ ਨਾਂ ਹੀ ਸਾਡੇ ਗੁਰੂਆਂ ਨੇ ਹੀ ਕਦੇ ਅਜਿਹਾ ਕੀਤਾ ਸੀ।

ਮਨਦੀਪ ਸੋਚਦਾ ਕਿ ਅਗਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਅਕਾਲ ਤਖਤ ਤੇ ਪਨਾਹ ਨਾ ਲੈਂਦੇ ਜਾਂ ਦਰਬਾਰ ਸਾਹਿਬ ਅੰਦਰ ਏਨੇ ਹਥਿਆਰ ਇਕੱਠੇ ਨਾ ਕਰਦੇ ਤਾਂ ਸ਼ਾਇਦ ਏਨਾਂ ਵੱਡਾ ਦੁਖਾਂਤ ਵੀ ਨਾ ਵਾਪਰਦਾ। ਪਰ ਅਜਿਹਾ ਕਰਨ ਤੋਂ ਉਨ੍ਹਾਂ ਨੂੰ ਸ਼ਰੋਮਣੀ ਕਮੇਟੀ ਵੀ ਨਹੀਂ ਸੀ ਰੋਕ ਸਕੀ। ਇਹ ਸਭ ਕਾਸੇ ਦਾ ਦੁਖਾਂਤ ਹੁਣ ਪੰਜਾਬ ਦੇ ਵਾਸੀ ਭੁਗਤ ਰਹੇ ਸਨ। ਜਿਨਾਂ ਵਿੱਚੋਂ ਮਨਦੀਪ ਵੀ ਇੱਕ ਸੀ।

ਮਨਦੀਪ ਇਸ ਸਾਰੇ ਮਹੌਲ ਦੌਰਾਨ ਆਪਣੇ ਇੱਕ ਦੋਸਤ, ਕ੍ਰਿਸ਼ਨ ਕੌਸ਼ਲ ਦਾ ਸਾਥ ਨਾ ਛੱਡ ਸਕਿਆ। ਜਿੱਥੇ ਵੀ ਜਾਂਦੇ ਦੋਵੇਂ ਇਕੱਠੇ ਹੀ ਜਾਂਦੇ। ਦੋਨੋ ਲਿਖਦੇ ਸਨ ਅਤੇ ਖਿਆਲਾਂ ਦੀ ਵੀ ਸਾਂਝ ਸੀ। ਕਦੇ ਸਮਰਾਲੇ ਫੰਕਸ਼ਨ ਹੁੰਦਾ ਤੇ ਕਦੇ ਦੋਰਾਹੇ। ਜਿੱਥੇ ਉਹ ਨਾਮਵਰ ਲੇਖਕਾਂ ਨੂੰ ਮਿਲਦੇ। ਏਸੇ ਸਮੇਂ ਦੌਰਾਨ ਮਨਦੀਪ ਤੇ ਕ੍ਰਿਸ਼ਨ ਨੇ ਬਾਲਗ ਵਿਦਿਆ ਅਧਿਕਾਰੀਆਂ ਨਾਲ ਮਿਲਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਕਂੈਪ ਵੀ ਆਪਣੇ ਪਿੰਡ ਲਗਵਾਇਆ। ਇਸ ਵਾਰ ਦਾ ਦੁਸਹਿਰਾ ਉਸਨੇ ਤੇ ਕ੍ਰਿਸ਼ਨ ਕੌਸ਼ਲ ਨੇ ਰਲ਼ ਕੇ ਵੇਖਿਆ। ਪਰ ਹਿੰਦੂਆਂ ਤੇ ਸਿੱਖਾਂ ਦਾ ਇਹ ਸਾਂਝਾ ਤਿਉਹਾਰ ਵੀ ਹੁਣ ਮਹੌਲ ਦੀ ਭੇਂਟ ਚੜ੍ਹ ਚੁੱਕਾ ਸੀ। ਨਾ ਤਾਂ ਇਸ ਵਾਰ ਸ਼ਹਿਰਾਂ ਵਿੱਚ ਦਸ ਦਿਨ ਪਹਿਲਾਂ ਹੋਣ ਵਾਲੀ ਰਾਮਲੀਲਾ ਹੀ ਸ਼ੁਰੂ ਹੋਈ ਤੇ ਨਾਂ ਹੀ ਦੁਸ਼ਹਿਰੇ ਵਾਲੇ ਦਿਨ ਹਿੰਦੂ ਵੀਰਾਂ ਵਲੋਂ ਸਵਾਂਗ ਜਾਂ ਹੋਰ ਝਾਕੀਆਂ ਕੱਢੀਆਂ ਗਈਆਂ। ਇੰਝ ਜਾਪਦਾ ਸੀ ਜਿਵੇਂ ਪੰਜਾਬ ਦੀਆਂ ਸੜਕਾਂ ਤੇ ਅੱਤਵਾਦ ਦਾ ਰਾਵਣ ਦਨਦਨਾਂਦਾ ਫਿਰ ਰਿਹਾ ਹੋਵੇ। ਜਿਸ ਨੇ ਪੰਜਾਬ ਦੀ ਸੀਤਾ ਰੂਪੀ ਸ਼ਾਂਤੀ ਦਾ ਅਪਹਰਣ ਕਰ ਲਿਆ ਸੀ।

ਮਨਦੀਪ ਨੇ ਪੱਤਰ ਵਿਆਰ ਰਾਂਹੀ ਅਗਲੀ ਪੜ੍ਹਾਈ ਵੀ ਸ਼ੁਰੂ ਕੀਤੀ ਹੋਈ ਸੀ। ਨਿੱਜੀ ਸੰਪਰਕ ਪ੍ਰੋਗਰਾਮ ਤਹਿਤ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਗਿਆ, ਤਾਂ ਕ੍ਰਿਸ਼ਨ ਵੀ ਉਸਦੇ ਨਾਲ ਸੀ। ਉਨ੍ਹਾਂ ਨੂੰ ਯੂਨੀਵਰਸਿਟੀ ਹੋਸਟਲ ਵਿੱਚ ਕਮਰਾ ਨਾ ਮਿਲਿਆ ਤੇ ਉਹ ਗੁਰਦੁਵਾਰਾ ਦੂਖਨਿਵਾਰਨ ਸਾਹਿਬ ਆ ਗਏ। ਉਨ੍ਹਾਂ ਨੂੰ ਸਰਾਂ ਵਿੱਚ 25 ਨੰਬਰ ਕਮਰਾਂ ਮਿਲ ਗਿਆ। ਬਾਕੀ ਸਾਰੇ ਕਮਰੇ 84 ਦੇ ਦੰਗਾ ਪੀੜਤਾਂ ਨਾਲ ਭਰੇ ਪਏ ਸਨ। ਦਰਬਾਰ ਸਾਹਿਬ ਤੇ ਹਮਲੇ ਵਕਤ ਜਿਹੜੇ ਉੱਨੀ ਹੋਰ ਗੁਰਦੁਵਾਰਿਆਂ ਤੇ ਹਮਲਾ ਕੀਤਾ ਗਿਆ ਸੀ, ਉਨ੍ਹਾਂ ਵਿੱਚ ਦੂਖਨਿਵਾਰਨ ਸਾਹਿਬ ਵੀ ਸੀ। ਜਿੱਥੇ ਗੋਲੀਆਂ ਵੀ ਚੱਲੀਆਂ ਸਨ।

ਦੂਸਰੇ ਦਿਨ ਉਹ ਹੋਟਲ ਤੇ ਚਾਹ ਪੀਣ ਗਏ ਤਾਂ ਅਖ਼ਬਾਰ ਵੀ ਫੜ ਲਿਆਏ। ਖ਼ਬਰਾਂ ਸਨ ਕਿ ਜੋਗਿੰਦਰਪਾਲ ਪਾਂਡੇ ਦਾ ਮੁੰਡਾ ਵੀ ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ ਹੈ। ਵੋਟਾਂ ਵਿੱਚ ਹਾਰ ਗਏ ਕਾਂਗਰਸੀ ਲੀਡਰ ਪਾਰਟੀ ਲਈ ਇਹ ਦੂਸਰੀ ਵੱਡੀ ਸੱਟ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਸ ਵਕਤ ਰੂਸ ਦੌਰੇ ਤੇ ਸਨ। ਉਨ੍ਹਾਂ ਦੀ ਨਵੇਂ ਰਾਸ਼ਟਰਪਤੀ ਗੋਰਵਾਚੇਵ ਨਾਲ ਹੱਥ ਮਿਲਾਉਂਦਿਆਂ ਦੀ ਅੱਜ ਦੇ ਅਖ਼ਬਾਰ ਵਿੱਚ ਫੋਟੋ ਸੀ।

ਫੇਰ ਇਕੱਤੀ ਅਕਤੂਬਰ ਨੂੰ ਉਹ ਇੰਦਰਾ ਗਾਂਧੀ ਦੀ ਪਹਿਲੀ ਬਰਸੀ ਤੇ ਦਿੱਲੀ ਪਰਤ ਆਏ। ਸਰਕਾਰ ਨੇ ਤੇ ਮੀਡੀਏ ਨੇ ਇੰਦਰਾ ਗਾਂਧੀ ਨੂੰ ਤਾਂ ਯਾਦ ਕੀਤਾ, ਪਰ ਦੰਗਿਆਂ ‘ਚ ਮਾਰੇ ਗਏ ਬੇਕਸੂਰ ਲੋਕ, ਜਿਨਾਂ ਦੀ ਗਿਣਤੀ ਕੋਈ 3000 ਦੇ ਕਰੀਬ ਸੀ, ਉਨ੍ਹਾਂ ਨੂੰ ਨਾ ਤਾਂ ਮੀਡੀਏ ਨੇ ਤੇ ਨਾਂ ਹੀ ਸਰਕਾਰ ਨੇ ਯਾਦ ਕੀਤਾ। ਇਨਸਾਫ, ਮਿਲਣਾ ਤਾਂ ਅਜੇ ਬਹੁਤ ਦੂਰ ਦੀ ਗੱਲ ਸੀ।

ਮਨਦੀਪ ਨੇ ਯੂਨੀਵਰਸਿਟੀ ਰਹਿੰਦਿਆਂ ਪ੍ਰੌਫੈਸਰਾਂ ਦੀ ਧੜੇਬੰਦੀਆਂ ਤੇ ਅੱਤਵਾਦ ਦਾ ਪ੍ਰਭਾਵ ਵੀ ਬਹੁਤ ਦੇਖਿਆ। ਇੱਕ ਪ੍ਰੋ: ਤਾਂ ਮਾਣ ਨਾਲ ਦੱਸਿਆ ਕਰਦਾ ਸੀ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਤੇ ਪੰਜ ਮੈਂਬਰੀ ਪੰਥਕ ਕਮੇਟੀ ਦੇ ਲੀਡਰ ਉਸੇ ਕੋਲ ਆਕੇ ਰਹਿੰਦੇ ਹਨ। ਉਹ ਆਖਦਾ ਕਿ ਮੇਰੇ ਸਾਹਮਣੇ ਤਾਂ ਕੋਈ ਖੰਘ ਵੀ ਨਹੀਂ ਸਕਦਾ। ਲੋਕ ਮੇਰੀ ਤਾਕਤ ਨੂੰ ਜਾਣਦੇ ਹਨ। ਅਸਲ ਵਿੱਚ ਪੰਜਾਬ ਅੰਦਰ ਹੁਣ ਖਾੜਕੂਆਂ ਦਾ ਰਾਜ ਸੀ। ਉਨ੍ਹਾਂ ਦੀਆਂ ਚਿੱਠੀਆਂ ਵੀ ਉਨ੍ਹਾਂ ਹੀ ਕੰਮ ਕਰਦੀਆਂ ਸਨ ਜਿਨੀਆਂ ਕਿ ਮੁੱਖ ਮੰਤਰੀ ਜਾਂ ਹੋਰ ਮੰਤਰੀਆਂ ਦੀਆਂ।

ਨਵੰਬਰ ਦੇ ਪਹਿਲੇ ਹਫਤੇ ਮਨਦੀਪ ਫੇਰ ਪਿੰਡ ਆ ਗਿਆ। ਇੱਕ ਦਿਨ ਸ਼ਾਮ ਨੂੰ ਸਕੂਲ ਮਾਸਟਰ ਸ਼ਰਾਬ ਪੀ ਕੇ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ। ਲੋਕਾਂ ਨੂੰ ਬਹੁਤ ਹੈਰਾਨੀ ਹੋਈ ਕਿ ਮਾਸਟਰਾਂ ਨੂੰ ਖਾੜਕੂਆਂ ਤੋਂ ਡਰ ਨਹੀਂ ਲੱਗਿਆ। ਸਕੂਲਾਂ ਵਿੱਚ ਜਾਟ, ਭਾਪੇ ਹਿੰਦੂ ਸਿੱਖ ਮਾਸਟਰਾਂ ਦੇ ਅੱਡ ਅੱਡ ਧੜੇ ਸਨ।

ਪਿੰਡ ਵਿੱਚ ਕਿਸੇ ਦੀ ਕੁੜੀ ਦਾ ਵਿਆਹ ਸੀ। ਪਰ ਖਾੜਕੂਆਂ ਤੋਂ ਡਰਦਿਆਂ ਨਾਂ ਕੋਈ ਵਾਜੇ ਵਾਲੇ ਲਿਆਂਦੇ ਗਏ, ਨਾ ਹੀ ਕੋਈ ਲਾਊਡ ਸਪੀਕਰ ਤੇ ਨਾਂ ਹੀ ਕੋਈ ਭੰਗੜਾ। ਜਿਵੇਂ ਬਰਾਤੀ ਕਿਸੇ ਦੀ ਮਰਗ ਤੇ ਆਏ ਹੋਣ। ਮਨਦੀਪ ਸੋਚਦਾ ‘ਲੋਕਾਂ ਦੀਆਂ ਨਿੱਕੀਆਂ ਖੁਸ਼ੀਆਂ ਖੋਹ ਕੇ ਇਹ ਖਾੜਕੂ ਲੋਕ ਦਿਖਾਉਣਾ ਕੀ ਚਾਹੁੰਦੇ ਨੇ? ਜੇ ਕਿਤੇ ਸੱਚੀਂ ਹੀ ਇਨ੍ਹਾਂ ਦਾ ਰਾਜ ਆ ਗਿਆ, ਇਹ ਤਾਂ ਲੋਕਾਂ ਨੂੰ ਸਾਹ ਵੀ ਨਹੀਂ ਲੈਣ ਦੇਣਗੇ। ਜੇਕਰ ਪੰਜਾਬ ਦੇ ਲੋਕ ਹੀ ਖਿਲਾਫ ਹੋ ਗਏ ਤਾਂ ਇਹ ਸੰਘਰਸ਼ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਚਾਰ ਦਿਨ ਵੀ ਨਹੀਂ ਚੱਲਣਾ’

ਹੁਣ ਮੌਤਾਂ ਦੀ ਗਿਣਤੀ ਕਰਦਿਆਂ ਰੋਜ਼ ਮਨ ਤਾਂ ਉਦਾਸ ਹੁੰਦਾ ਹੀ ਸੀ। ਪਰ ਕਈ ਹੋਰ ਖ਼ਬਰਾਂ ਵੀ ਮਨ ਉਦਾਸ ਕਰ ਦਿੰਦੀਆਂ। ਭਾਰਤ ਦੀ ਹਾਕੀ ਆਸਟਰੇਲੀਆਂ ਤੋਂ ਬੁਰੀ ਤਰ੍ਹਾਂ ਹਾਰ ਗਈ ਸੀ। ਹਿੰਦੀ ਨਾਵਲਕਾਰ ਗੁਲਸ਼ਨ ਨੰਦਾ, ਜਿਸ ਦੇ ਨਾਵਲ ਮਨਦੀਪ ਅਕਸਰ ਪੜ੍ਹਿਆ ਕਰਦਾ ਸੀ ਦਾ ਦਿਹਾਂਤ ਹੋ ਗਿਆ ਸੀ। ਹੁਣ ਮਨਦੀਪ ਦਾ ਘਰ ਦੇ ਕੰਮਾਂ ਵਿੱਚ ਵੀ ਦਿਲ ਨਹੀਂ ਸੀ ਲੱਗਦਾ।

ਮਸਾਂ ਮਸਾਂ ਉਡੀਕਦਿਆਂ ਨੂੰ ਯੂਨੀਵਰਸਿਟੀ ਵਿੱਚ ਅਗਲਾ ਸੰਪਰਕ ਪ੍ਰੋਗਰਾਮ ਆਇਆ। ਇਸ ਵਾਰ ਵੀ ਉਨ੍ਹਾਂ ਨੂੰ ਗੁਰਦੁਵਾਰਾ ਦੂਖਨਿਵਾਰਨ ਸਾਹਿਬ ਹੀ ਰਹਿਣਾ ਪਿਆ। ਕਈ ਹੋਰ ਮੁੰਡੇ ਦੋਸਤ ਬਣ ਗਏ। ਪਰ ਦੂਜੇ ਦਿਨ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੱਦੇ ਤੇ ਅਣਮਿੱਥੇ ਸਮੇਂ ਲਈ ਹੜਤਾਲ ਹੋ ਗਈ ਤੇ ਯੂਨੀਵਰਸਿਟੀ ਫੇਰ ਬੰਦ ਕਰ ਦਿੱਤੀ ਗਈ। ਫੈਡਰੇਸ਼ਨ ਵਾਲੇ ਬੱਸਾਂ ਨੂੰ ਘੇਰ ਘੇਰ ਹੁੱਲੜ ਮਚਾ ਰਹੇ ਸਨ। ਲੜਕੀਆਂ ਨੂੰ ਵੀ ਹੋਸਟਲ ਛੱਡ ਕੇ ਘਰਾਂ ਨੂੰ ਜਾਣ ਲਈ ਮਜ਼ਬੂਰ ਕਰ ਰਹੇ ਸਨ।

ਬਾਕੀ ਲੋਕਾਂ ਵਾਂਗੂੰ ਮਨਦੀਪ ਵੀ ਆਪਣਾ ਸਮਾਨ ਚੁੱਕ ਕੇ ਘਰ ਆ ਵੜਿਆ। ਹੁਣ ਵੀ ਦਲੇਰ ਸਿੰਘ ਨੇ ਉਸ ਤੋਂ ਕੋਈ ਬਹੁਤੀ ਪੁੱਛ ਗਿੱਛ ਨਾ ਕੀਤੀ। ਬੱਸ ਬਚਨ ਕੌਰ ਨੇ ਪੁੱਛਿਆ ਸੀ “ਕੀ ਗੱਲ ਮੁੜ ਆਇਆ?” ਤਾਂ ਉਸਦਾ ਜਵਾਬ ਸੀ ਹੜਤਾਲ ਹੋ ਗਈ। ਬਚਨ ਕੌਰ ਬੋਲੀ “ਪਤਾ ਨਹੀਂ ਸਾਰੇ ਪਾਸੇ ਕੀ ਘੇਸੂ ਫਿਰਿਆ ਹੋਇਆ ਹੈ”

ਫੇਰ ਮਨਦੀਪ ਕਿਸੇ ਦੇ ਵਿਆਹ ਤੇ ਚਲਾ ਗਿਆ। ਦੂਸਰੇ ਦਿਨ ਘਰ ਹੀ ਮਿਸਤਰੀ ਲੱਗਿਆ ਹੋਣ ਕਰਕੇ ਉਸ ਨਾਲ ਕੰਮ ਕਰਵਾਂਉਦਾ ਰਿਹਾ। ਤੀਸਰੇ ਦਿਨ ਮਾਛੀਵਾੜੇ ਸਾਹਿਤ ਸਭਾ ਤੇ ਕਹਾਣੀ ਪੜ੍ਹਨ ਚਲਾ ਗਿਆ। ਉਧਰ ਦਲੇਰ ਸਿੰਘ ਬਚਨ ਕੌਰ ਨੂੰ ਆਖਦਾ “ਮੈਂ ਹੁਣ ਕਿੰਨਾ ਕੁ ਚਿਰ ਮਰਦਾ ਰਹਾਂਗਾ ਮਨਦੀਪ ਨੂੰ ਕਹਿ ਕੁੱਝ ਕਰੇ। ਜਾ ਕੋਈ ਨੌਕਰੀ ਲੱਭੇ ਜਾਂ ਫੇਰ…”

“ ਜਾਂ ਫੇਰ ਕੀ ਮਤਲਬ ਘਰੋਂ ਚਲਾ ਜਾਵੇ?” ਉਹ ਟੁੱਟ ਕੇ ਪਈ।

ਬਚਨ ਕੌਰ ਕਹਿ ਰਹੀ ਸੀ ਕਿ “ਹੁਣ ਉਹ ਵਿਚਾਰਾ ਕੀ ਕਰੇ? ਬਥੇਰਾ ਸੋਚਦਾ ਹੈ ਪਰ ਕੋਈ ਰਸਤਾ ਲੱਭੇ ਵੀ… ਤਾਂ ਹੀ ਤਾਂ ਹੈ ਨਾਂ…। ਜੇ ਜ਼ਿਆਦਾ ਤੰਗ ਕਰਾਂਗੇ ਫੇਰ ਖਾੜਕੂਆ ਨਾਲ ਜਾ ਰਲ਼ੂ। ਫੇਰ ਕੀ ਕਰਾਂਗੇ?”

ਇਸ ਵਾਰ ਤਾਂ ਮਨਦੀਪ ਦੋਸਤਾਂ ਤੇ ਕਹਿਣ ਤੇ ਫਤਹਿਗੜ੍ਹ ਦੀ ਸਭਾ ਤੇ ਵੀ ਨਾ ਗਿਆ। ਸਭ ਕੁੱਝ ਫਿੱਕਾ ਫਿੱਕਾ ਜਾਪ ਰਿਹਾ ਸੀ। ਅੱਜ ਦੀ ਖ਼ਬਰ ਸੀ ਫਤਹਿਗੜ੍ਹ ਸਭਾ ਤੇ ਨਿੱਕਲਣ ਵਾਲੇ ਜਲੂਸ ਦੀ ਅਗਵਾਈ ਨੂੰ ਲੈ ਕੇ ਨਿਹੰਗ ਸੰਤਾਂ ਸਿੰਘ ਤੇ ਬਾਬਾ ਪ੍ਰੀਤਮ ਸਿੰਘ ਧੜਿਆਂ ਵਿਚਾਰ ਲੜਾਈ। ਗੋਲੀਆਂ ਚੱਲਣ ਨਾਲ ਚਾਰ ਦੀ ਮੌਤ ਹੋਈ, ਤੇ ਜਥੇਦਾਰ ਪ੍ਰੀਤਮ ਸਿੰਘ ਬਾਂਹ ਤੇ ਤਲਵਾਰ ਦਾ ਟੱਕ ਵੱਜਿਆ। ਮਨਦੀਪ ਸੋਚਦਾ ਰਿਹਾ “ਇਹ ਸਾਹਿਬਜ਼ਾਦਿਆਂ ਨੂੰ ਸ਼ਰਧਾਜਲੀ ਦੇਣ ਗਏ ਸੀ, ਜਾਂ ਆਪਣੀ ਤਾਕਤ ਦਾ ਦਿਖਾਵਾ ਕਰਨ?” ਔਝੜ ਪਏ ਲੀਡਰਾਂ ਨੇ ਸਾਰੇ ਪੰਜਾਬ ਨੂੰ ਹੀ ਔਝੜ ਰਾਹਾਂ ਤੇ ਪਾ ਦਿੱਤਾ ਸੀ। ਜਿਸ ਦਾ ਅਜੇ ਕੋਈ ਅੰਤ ਨਹੀਂ ਸੀ ਦਿਖਾਈ ਦਿੰਦਾ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com