ਮਨਦੀਪ ਨੂੰ ਲੱਗਦਾ ਜਿਵੇਂ ਸਾਰਾ ਕੁੱਝ ਹੀ ਖੜੋਤ ਵਿੱਚ ਆ
ਗਿਆ ਹੋਵੇ। ਜਦੋਂ ਨਵੰਬਰ ਵਿੱਚ ਉਸ ਦੀ ਮੰਗੇਤਰ ਰਾਜਵਿੰਦਰ ਭਾਰਤ ਆਈ ਸੀ ਤਾਂ
ਉਨ੍ਹਾਂ ਦਾ ਵਿਆਹ ਹੋ ਗਿਆ। ਇਸ ਵਿਆਹ ਤੇ ਦਲੇਰ ਸਿੰਘ ਨੇ ਵਾਹਵਾ ਖਰਚਾ ਕੀਤਾ। ਉਹ
ਖੁਸ਼ ਇਸ ਕਰਕੇ ਸੀ ਕਿ ਚਲੋ ਉਸਦਾ ਪੁੱਤਰ ਕੈਨੇਡਾ ਵਿੱਚ ਸੈੱਟ ਹੋ ਜਾਵੇਗਾ। ਤੇ ਉਸਦਾ
ਬੁਢਾਪਾ ਸੌਖਾ ਕੱਟ ਜਾਵੇਗਾ। ਇਸ ਤਰ੍ਹਾਂ ਛੋਟਿਆਂ ਦਾ ਵੀ ਕੈਨੇਡਾ ਦਾ ਕੰਮ ਬਣ ਜਾਣਾ
ਸੀ। ਹੁਣ ਤਾਂ ਹਾਲਾਤ ਇਹ ਸਨ ਕਿ ਲੋਕ ਏਜੰਟਾਂ ਨੂੰ ਪੰਜ ਪੰਜ ਲੱਖ ਦੇ ਕੇ ਵੀ
ਬਾਹਰਲੇ ਮੁਲਕਾਂ ਨੂੰ ਨਿੱਕਲ ਰਹੇ ਸਨ। ਕੁੱਝ ਲੋਕ ਉਹ ਵੀ ਸਨ ਜੋ ਆਪਣੇ ਕੈਨੇਡਾ ਚੋਂ
ਮੁੜ ਕੇ ਆਏ ਪੁੱਤਰਾਂ ਦੇ ਰਿਸ਼ਤੇ ਲਈ ਮੂੰਹ ਮੰਗੇ ਪੈਸੇ ਮੰਗਦੇ ਸਨ। ਪਰ ਦਲੇਰ ਸਿੰਘ
ਸੋਚਦਾ ਕਿ ਚਲੋ ਜੇ ਉਸਦਾ ਲੱਖ ਦੋ ਲੱਖ ਲੱਗ ਵੀ ਗਿਆ ਤਾਂ ਤਿੰਨੋ ਪੁੱਤਰ ਵੀ ਤਾਂ
ਕੈਨੇਡਾ ਸੈੱਟ ਹੁੰਦੇ ਨੇ?
ਪਰ ਰਾਜਵਿੰਦਰ ਦੇ ਕੈਨੇਡਾ ਮੁੜ ਜਾਣ ਉਪਰੰਤ ਜਰਨੈਲ ਹੁਣ
ਵੱਟੇ ਸੱਟੇ ਦੇ ਰਿਸ਼ਤੇ ਕਹਿ ਕੇ ਰਘਵੀਰ ਤੇ ਬਿੰਦਰ ਦਾ ਰਿਸ਼ਤਾ ਆਪਣੀ ਮਰਜ਼ੀ ਦਾ
ਕਰਵਾਉਣ ਤੇ ਜ਼ੋਰ ਪਾਉਣ ਲੱਗਿਆ। ਜਦ ਕਿ ਮਨਦੀਪ ਦੇ ਸਹੁਰਿਆਂ ਅਤੇ ਰਾਜਵਿੰਦਰ ਨੂੰ ਇਹ
ਗੱਲ ਪਸੰਦ ਨਹੀਂ ਸੀ। ਮਨਦੀਪ ਜਿਥੇ ਇਸ ਕਸ਼ਮਕਸ਼ ਦਾ ਸ਼ਿਕਾਰ ਸੀ, ਉੱਥੇ ਉਸ ਦੇ
ਰਾਜਵਿੰਦਰ ਨਾਲ ਲੰਘਾਏ ਵਕਤ ਨੇ ਉਸ ਦੇ ਜੀਵਨ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਸੀ।
ਉਹ ਚੰਡੀਗੜ ਅਤੇ ਦਿੱਲੀ ਇਕੱਠੇ ਘੁੰਮਦੇ ਰਹੇ ਸਨ। ਪਰ ਹੁਣ ਉਸ ਨੂੰ ਲੱਗਦਾ ਸੀ,
ਜਿਵੇਂ ਉਹ ਅਰਸ਼ ਤੋਂ ਫੇਰ ਫਰਸ਼ ਤੇ ਆ ਡਿੱਗਿਆ ਹੋਵੇ।
ਕੈਨੇਡਾ ਜੀਵਨ ਸਾਥੀ ਕੋਲ ਜਾ ਵਸਣ ਦੀ ਤਾਂਘ ਵੀ ਸੁਲਗਦੀ
ਸੁਲਗਦੀ ਭਾਂਬੜ ਬਣ ਗਈ। ਹੁਣ ਮਨਦੀਪ ਬ੍ਰਿਹੋਂ ਵਿੱਚ ਤੜਫਦਾ, ਕਦੀ ਚਿੱਠੀਆਂ ਲਿਖਦਾ
ਤੇ ਕਦੇ ਐੱਸ ਟੀ ਡੀ ਤੇ ਫੋਨ ਕਰਨ ਲਈ ਦੌੜਦਾ। ਹੋਰ ਸਭ ਕਾਸੇ ਤੋਂ ਉਸਦਾ ਰੁਝਾਨ ਘਟ
ਕੇ ਚਿੱਠੀਆਂ ਅਤੇ ਫੋਨਾਂ ਤੱਕ ਹੀ ਸੀਮਿਤ ਹੋ ਗਿਆ। ਰਾਜਵਿੰਦਰ ਦੀ ਚਿੱਠੀ ਹਰ ਦੂਜੇ
ਤੀਜੇ ਦਿਨ ਆ ਹੀ ਜਾਂਦੀ। ਤੇ ਇਸ ਤਰ੍ਹਾਂ ਉਹ ਉਸ ਨੂੰ ਹਰ ਦੂਜੇ ਤੀਜੇ ਦਿਨ ਫੋਨ ਕਰਨ
ਲਈ ਆਖਦੀ। ਐੱਸ ਟੀ ਡੀ ਅਪਰੇਟਰ ਅਮਰੀਕ ਵੀ ਉਸਦਾ ਮਿੱਤਰ ਬਣ ਗਿਆ। ਉਹ ਮਨਦੀਪ ਦੇ
ਮੂਡ ਦੀਆਂ ਖੁਸ਼ੀਆਂ ਅਤੇ ਗਮੀਆਂ ਨੂੰ ਵੀ ਝੱਟ ਪਛਾਣ ਲੈਂਦਾ।
ਇਨ੍ਹਾਂ ਦਿਨਾਂ ਵਿੱਚ ਜਿੱਥੇ ਦਲੇਰ ਸਿੰਘ ਤੇ ਬਚਨ ਕੌਰ ਕਾਫੀ
ਖੁਸ਼ ਸਨ, ਉੱਥੇ ਕੁੱਝ ਸਕੇ ਸਬੰਧੀ ਸ਼ਰੀਕ ਅਤੇ ਪਿੰਡ ਵਾਲੇ ਸੜ ਬਲ ਗਏ ਸਨ ਕਿ ‘ਇਹ
ਰਿਸ਼ਤਾ ਕਿਵੇਂ ਹੋ ਗਿਆ ਹੈ?’ ਉਨ੍ਹਾਂ ਕਦੇ ਕਿਸੇ ਜ਼ਮੀਨ ਦੀ ਗੱਲ ਨੂੰ ਲੈ ਕੇ, ਤੇ
ਕਦੇ ਕੋਈ ਹੋਰ ਬਹਾਨੇ ਨਾਲ ਪੰਗੇ ਲੈਣ ਦੀ ਕੋਸ਼ਿਸ਼ ਕੀਤੀ। ਤਾਂ ਕਿ ਉਹ ਉਨ੍ਹਾਂ ਨੂੰ
ਕਿਸੇ ਕੇਸ ਵਿੱਚ ਉਲਝਾਂ ਸਕਣ। ਇਹ ਉਹ ਹੀ ਲੋਕ ਸਨ ਜਿਨਾਂ ਨੂੰ ਮਨਦੀਪ ਦੇ ਵੱਧ
ਪੜ੍ਹਨ ਤੇ ਵੀ ਸਮੱਸਿਆ ਸੀ ਤੇ ਘਰ ਵਿਹਲੇ ਰਹਿਣ ਤੇ ਵੀ ਸਮੱਸਿਆ ਸਨ। ਉਨ੍ਹਾਂ ਨੇ
ਮਨਦੀਪ ਨੂੰ ਹਰ ਚੰਗੇ ਕੰਮ ਤੋਂ ਰੋਕੀ ਰੱਖਿਆ ਸੀ।
ਉਨ੍ਹਾਂ ‘ਚੋਂ ਬਹੁਤੇ ਉਹ ਸਨ ਜੋ ਲੰਬੀ ਸੋਚਦੇ ਸੀ ਕਿ ਜੇ ਇਹ
ਛੜੇ ਰਹਿਣਗੇ ਤੇ ਜ਼ਮੀਨ ਸਾਨੂੰ ਮਿਲ ਜਾਊ ਜਾਂ ਫੇਰ ਕਿਸੇ ਅਮਲ ਤੇ ਲੱਗ ਕੇ ਜਾਂ
ਕਰਜ਼ਾਈ ਹੋ ਕੇ ਇਹ ਜ਼ਮੀਨ ਤੇ ਘਰ ਕਦੇ ਜਰੂਰ ਵੇਚਣਗੇ। ਉਧਰ ਬਚਨ ਕੌਰ ਮਨਦੀਪ ਨੂੰ ਵਾਰ
ਵਾਰ ਸਮਝਾਉਂਦੀ “ਦੇਖ ਮੇਰਾ ਪੁੱਤ ਇਹ ਕੰਮ ਸਿਰੇ ਚਾੜਨਾ ਹੈ। ਕੋਈ ਕੋਈ ਤੇਰੇ ਨਾਲ
ਪੰਗਾ ਵੀ ਲਵੇ, ਪਰ ਤੂੰ ਨੀ ਬੋਲਣਾ। ਘਰ ਲੇਟ ਨਹੀਂ ਆਉਣਾ। ਮੁੰਡਿਆਂ ਚ ਨੀ ਬੈਠਣਾ।
ਆਪਾਂ ਇਹ ਮੋਰਚਾ ਫਤਿਹ ਕਰਨਾ ਹੀ ਕਰਨਾ ਹੈ” ਉਹ ਹਾਂ ਵਿੱਚ ਸਿਰ ਹਿਲਾ ਛੱਡਦਾ।
ਮਨਦੀਪ ਮਾਂ ਦੀਆਂ ਗੱਲਾਂ ਨੂੰ ਪੱਲੇ ਬੱਨ ਜੀਵਨ ਦੀ ਇਹ ਲੜਾਈ
ਲੜ ਰਿਹਾ ਸੀ। ਉਸ ਨੇ ਪਿੰਡ ਵਿੱਚ ਜਾਣਾ ਤਿਆਗ ਦਿੱਤਾ। ਹਨੇਰੇ ਸਵੇਰੇ ਘਰੋਂ
ਨਿੱਕਲਣਾ ਵੀ ਛੱਡ ਦਿੱਤਾ। ਲਾਗ ਡਾਟ ਵਾਲਿਆਂ ਤੋਂ ਪਾਸਾ ਵੱਟ ਕੇ ਲੰਘਣ ਲੱਗਿਆ।
ਪੰਜਾਬ ਵਿੱਚ ਖ਼ੂਨ ਖਰਾਬਾ ਉਸੇ ਤਰ੍ਹਾਂ ਜ਼ਾਰੀ ਸੀ। ਰੋਜ਼ ਕਤਲਾਂ ਨਾਲ ਭਰੇ ਅਖ਼ਵਾਰ
ਆਉਂਦੇ ਰਹਿੰਦੇ।
ਫੇਰ ਕਦੇ ਮੈਰਿਜ਼ ਸਰਟੀਫੀਕੇਟ ਕਦੇ ਵਿਆਹ ਦੀ ਵੀਡੀਉ ਕਦੇ
ਫੋਟੋਜ਼ ਕਦੇ ਕੁੱਝ ਤੇ ਕਦੇ ਕੁੱਝ, ਕੈਨੇਡੀਅਨ ਅੰਮਬੈਸੀ ਮੰਗਦੀ ਰਹੀ। ਉਹ ਏਧਰ ਉਧਰ
ਦੌੜਦਾ ਇਹ ਮੰਗਾਂ ਪੂਰੀਆਂ ਕਰਦਾ ਰਿਹਾ। ਦਲੇਰ ਸਿੰਘ ਵੀ ਇਸ ਭੱਜ ਨੱਸ ਵਿੱਚ ਸ਼ਾਮਲ
ਸੀ। ਉਹ ਫਾਈਲਾਂ ਚੁੱਕੀ ਕਦੀ ਸਮਰਾਲੇ ਕਦੀ ਲੁਧਿਆਣੇ ਤੁਰਿਆ ਹੀ ਰਹਿੰਦਾ। ਜੀਵਨ ਦੀ
ਇਹ ਲੜਾਈ ਵੀ ਦੇਸ਼ ਦੀ ਲੜਾਈ ਨਾਲੋਂ ਘੱਟ ਨਹੀਂ ਸੀ।
ਆਖਿਰ ਇੱਕ ਦਿਨ ਇੱਕ ਪੁਲੀਸ ਦੀ ਜੀਪ ਆਈ ਤੇ ਸੁਨੇਹਾ ਦੇ ਗਈ
ਕਿ ਮਨਦੀਪ ਸਮਰਾਲੇ ਥਾਣੇ ਆ ਕੇ ਮਿਲੇ, ਉਸ ਦੀ ਇਨਕੁਆਰੀ ਆਈ ਹੈ। ਇਨਕੁਆਰੀ ਤਾਂ
ਆਉਣੀ ਹੀ ਸੀ, ਜਿਸ ਦੀ ਮਨਦੀਪ ਨੂੰ ਕਾਫੀ ਦਿਨਾਂ ਤੋਂ ਉਡੀਕ ਸੀ। ਮਨਦੀਪ ਜਦ ਸਮਰਾਲੇ
ਥਾਣੇ ਗਿਆ ਤਾਂ ਇੱਕ ਹੌਲਦਾਰ ਨੇ ਉਸ ਨੂੰ ਪੁੱਛਿਆ “ਕਨੇਡਾ ਜਾ ਰਿਹਾ ਏਂ? “ਹਾਂ ਜੀ”
“ਪਰ ਸਾਨੂੰ ਦਾ ਰਿਪੋਰਟ ਮਿਲੀ ਹੈ ਕਿ ਤੇਰੇ ਕੋਲ ਅੱਤਵਾਦੀ ਮੁੰਡੇ ਠਹਿਰਦੇ ਨੇ? ਕੱਲ
ਸੀ ਆਈ ਡੀ ਵਾਲਾ ਗਿਆ ਸੀ ਤੇਰੇ ਪਿੰਡ ਚੋਂ ਹੀ ਰਿਪੋਰਟ ਮਿਲੀ ਹੈ… ਤੇਰਾ ਚਾਲਚਾਲਣ
ਵੀ ਸ਼ੱਕੀ ਹੈ”
“ਨਹੀਂ ਸਰ ਜੀ ਇਹ ਕਿਵੇਂ ਹੋ ਸਕਦਾ ਹੈ?”
“ਪਤਾ ਤਾਂ ਇਹ ਵੀ ਲੱਗਿਆ ਹੈ ਕਿ ਤੂੰ ਨਕਸਲੀ ਵੀ ਰਿਹਾਂ ਏਂ”
“ਜੀ ਬਿਲਕੁੱਲ਼ ਨਹੀ”
ਮਨਦੀਪ ਦੀਆਂ ਲੱਤਾਂ ਕੰਬ ਰਹੀਆਂ ਸਨ।“ਨਹੀਂ ਤੂੰ ਏਦਾਂ
ਕਿਵੇਂ ਜਾ ਸਕਦਾ ਏ। ਮੇਰੀ ਵੀ ਵਰਦੀ ਦਾ ਸੁਆਲ ਏ? ਉਤੋਂ ਮਹੌਲ ਕਿਹੜਾ ਏ?” ਉਹ ਪੈਰ
ਮਲਦਾ ਧਮਕੀ ਦੇ ਲਹਿਜੇ ਵਿੱਚ ਕਹਿ ਕੇ ਤੁਰ ਗਿਆ।
ਜਦ ਨੂੰ ਇੱਕ ਹੋਰ ਸਿਪਾਹੀ ਆ ਪ੍ਰਗਟ ਹੋਇਆ “ਕਾਕਾ ਇਨਕੁਆਰੀ
ਆਈ ਏ? ਕਨੇਡਾ ਜਾਣਾ ਏਂ? ਕੁੱਝ ਦੇ ਲੈ ਕੇ ਕੰਮ ਕੱਢ ਲੈ। ਜੇ ਸਾਹਬ ਨੇ ਰਿਪੋਰਟ ਭੇਜ
ਦਿੱਤੀ ਫੇਰ ਕੁੱਝ ਨਹੀਂ ਬਣਨਾ”
“ਮੈਂ ਕੀ ਕਰ ਸਕਦਾ ਹਾਂ ਕਿਸ ਨਾਲ ਗੱਲ ਕਰਾਂ”
“ਪੰਜ ਹਜ਼ਾਰ ਮਾਰ ਮੱਥੇ ਤੇ ਕਲੀਅਰੈਂਸ ਲੈ ਕੇ ਤੁਰਦਾ ਬਣ?”
“ਪੰਜ ਤਾਂ ਜੀ ਬਹੁਤ ਜ਼ਿਆਦਾ ਹੈ?”
“ਚੱਲ ਮੈਂ ਸਾਹਬ ਨੂੰ ਪੁੱਛ ਲੈਂਦਾ ਹਾਂ ਉਸ ਨੇ ਉਪਰਲਿਆਂ ਨੂੰ ਵੀ ਕੁੱਝ ਦੇਣਾ
ਹੁੰਦਾ ਹੈ”
ਤਦੇ ਉਹ ਗਿਆ ਤੇ ਵਾਪਸ ਆ ਕੇ ਕਿਹਾ
“ਉਹ ਤਾਂ ਮੰਨਦਾ ਨਹੀਂ ਸੀ, ਮੈਂ ਮਸਾਂ ਮਨਾਇਆ ਹੈ ਤਿੰਂਨ
ਹਜ਼ਾਰ ਚ ਮੰਨਿਆ ਹੈ। ਕੱਲ ਨੂੰ ਗਿਆਰਾਂ ਵਜੇ ਪੈਸੇ ਲੈ ਕੇ ਆ ਜਾਵੀਂ ਤੇ ਨਾਲ ਇੱਕ
ਬੋਤਲ ਇੰਗਲਿਸ਼ ਦਾਰੂ ਦੀ ਵੀ। ਥਾਣੇ ਦੇ ਸੱਜੇ ਪਾਸੇ ਫਰੂਟਾਂ ਵਾਲੇ ਅਸ਼ੋਕ ਦੀ ਰੇੜ੍ਹੀ
ਐ, ਤੂੰ ਪੈਸੇ ਤੇ ਬੋਤਲ ਉੱਥੇ ਦੇਣੇ ਨੇ। ਫੇਰ ਤੈਨੂੰ ਉਹ ਇੱਕ ਪਰਚੀ ਦੇਵੇਗਾ, ਉਹ
ਲੈ ਕੇ ਥਾਣੇ ਆ ਜਾਵੀਂ ਤੇ ਕਲੀਅਰੈਂਸ ਲੈ ਜਾਂਵੀ। ਹਾਂ ਸੱਚ ਦੋ ਸੌ ਰੁਪਿਆ ਚਾਹ
ਪਾਣੀ ਦਾ ਵੀ ਉੱਥੇ ਹੀ ਫੜਾ ਜਾਵੀ। ਤੇਰਾ ਦੋ ਹਜ਼ਾਰ ਬਚਾ ਦਿੱਤਾ। ਜੇ ਤੂੰ ਬਾਰਾਂ
ਵਜੇ ਨਾਂ ਆਇਆ ਤਾਂ ਐੱਸ ਐੱਚ ਓ ਸਾਹਿਬ ਨੇ ਰਿਪੋਰਟ ਬਰੰਗ ਮੋੜ ਦੇਣੀ ਆ। ਸਮਝਿਆ”
ਮਨਦੀਪ ਪੈਰ ਜਿਹੇ ਮਲਦਾ ਥਾਣੇ ਤੋਂ ਬਾਹਰ ਨਿੱਕਲ ਆਇਆ। ਉਸ
ਨੂੰ ਲੱਗ ਰਿਹਾ ਸੀ ਕਿ ਉਹ ਕਿਵੇਂ ਜਾ ਕੇ ਦਲੇਰ ਸਿੰਘ ਨੂੰ ਕਹੇਗਾ ਕਿ ਹੁਣ ਐਨੇ
ਪੈਸੇ ਹੋਰ ਚਾਹੀਦੇ ਨੇ? ਉਹ ਤਾਂ ਪਹਿਲਾਂ ਹੀ ਵਿਆਹ, ਕੱਪੜਿਆਂ ਲੀੜਆਂ ਅਤੇ ਪੇਪਰਾਂ
ਤੇ ਲੱਖਾਂ ਰੁਪਏ ਲਾ ਚੁੱਕਾ ਸੀ।
ਘਰ ਜਾ ਕੇ ਉਹ ਆਪਣੀ ਮਾਂ ਬਚਨ ਕੌਰ ਕੋਲ ਨਿਮੋਝੂਣਾ ਜਿਹਾ ਹੋ
ਇਹ ਮੰਗ ਕਰਨ ਲੱਗਾ। ‘ਕੱਲ ਗਿਆਰਾ ਵਜੇ ਤੱਕ ਪੈਸੇ ਚਾਹੀਦੇ ਨੇ’। ਪਰ ਘਰ ਤਾਂ ਪੈਸੇ
ਨਹੀਂ ਸਨ। ਬਚਨ ਕੌਰ ਨੇ ਕਿਹਾ ਤੂੰ ਸਕੂਟਰ ਕੱਢ ਤੇ ਆਪਾਂ ਤੇਰੇ ਮਾਮੇ ਹਰਜੀਤ ਕੋਲ
ਰਣੀਏ ਚੱਲਦੇ ਹਾਂ। ਰਣੀਏ ਜਾ ਕੇ ਬਚਨ ਕੌਰ ਨੇ ਆਪਣੇ ਭਰਾ ਦਾ ਵਾਸਤਾ ਪਾਇਆ ਤਾਂ ਉਸ
ਨੇ ਆੜਤੀਏ ਤੋਂ ਲਿਆ ਕੇ ਉਸ ਨੂੰ ਪੰਜ ਹਜ਼ਾਰ ਦੇ ਦਿੱਤਾ। ਉਨ੍ਹਾਂ ਨੂੰ ਸੁੱਖ ਸਾ ਸਾਹ
ਆਇਆ। ਦੂਸਰੇ ਦਿਨ ਮਨਦੀਪ ਥਾਣੇ ਜਾ ਕੇ ਪੈਸੇ ਫੜਾ ਆਇਆ। ਪਰ ਤੀਸਰੇ ਦਿਨ ਦੋਰਾਹੇ
ਥਾਣੇ ਤੋਂ ਵੀ ਪੁਲੀਸ ਵਾਲਾ ਆ ਗਿਆ। ਉਸ ਨੇ ਕਿਹਾ ਕਿ ਅਸੀਂ ਵੀ ਇਨਕੁਆਰੀ ਭੇਜਣੀ
ਹੈ। ਫੇਰ ਪੰਦਰਾ ਸੌ ਰੁਪਿਆ ਉਸ ਨੂੰ ਜਾ ਕੇ ਦੇਣਾ ਪਿਆ।
ਮਨਦੀਪ ਨੂੰ ਹੁਣ ਹੌਸਲਾ ਸੀ ਕਿ ਸਾਰੇ ਕੰਮ ਹੋ ਗਏ ਨੇ। ਪਰ
ਇਸ ਗੰਧਲਚੌਦੇ ਨੇ ਉਸਦੀ ਮੱਤ ਮਾਰ ਦਿੱਤੀ ਸੀ। ਰਿਸ਼ਵਤਖੋਰੀ ਕਿਵੇਂ ਕੈਂਸਰ ਵਾਂਗ
ਫੈਲੀ ਹੋਈ ਸੀ ਉਹ ਵੇਖ ਕੇ ਹੈਰਾਨ ਹੀ ਰਹਿ ਗਿਆ। ਸੀ ਐੱਮ ਓ ਦੇ ਦਫਤਰ ਚੋਂ
ਡੌਮੀਸਾਈਲ ਲੈਣ, ਤਹਿਸੀਲਦਾਰ ਤੋਂ ਮੈਰਿਜ ਸਰਟੀਫੀਕੇਟ, ਓਥ ਕਮਿਸ਼ਨਰ ਤੋਂ ਐਫੀਡੈਵਿਡ
ਤੇ ਐੱਸ ਡੀ ਐੱਮ ਤੋਂ ਤਸਦੀਕ ਕਰਵਉਣ ਤੱਕ ਲੰਬੜਦਾਰਾਂ, ਸਰਪੰਚ, ਗਵਾਹ ਸਭ ਨੇ ਉਸ
ਨੂੰ ਨੋਚਿਆ ਸੀ। ਹਰ ਫਾਈਲ ਨੂੰ ਨੋਟਾਂ ਦੀ ਜੁੱਤੀ ਪਹਿਨਾ ਅੱਗੇ ਤੋਰਨਾ ਪਿਆ ਸੀ।
ਉਹ ਸੋਚਦਾ ਕਿ ਏਸ ਮੁਲਕ ਵਿੱਚ ਜਿੱਥੇ ਚਪੜਾਸੀ ਤੋਂ ਲੈ ਕੇ
ਪ੍ਰਧਾਨ ਮੰਤਰੀ ਤੱਕ ਭ੍ਰਿਸ਼ਟਾਚਾਰ ਵਿੱਚ ਗਰਕੇ ਹੋਏ ਹਨ ਕੀ ਬਣੇਗਾ ਏਸ ਮੁਲਕ ਦਾ?
ਜਿਥੇ ਦਾਖਲੇ, ਨੌਕਰੀਆਂ ਤੇ ਹੱਸਪਤਾਲ ਦੇ ਬੈੱਡ ਤੱਕ ਪੈਸਿਆਂ ਦੇ ਢੇਰ ਬਿਨਾ
ਉੱਪਲੱਭਦ ਨਹੀਂ ਹਨ, ਉੱਥੇ ਮਨਦੀਪ ਵਰਗੇ ਨੌਜਵਾਨ ਦਾ ਭਵਿੱਖ ਵੀ ਕੀ ਹੋ ਸਕਦਾ ਸੀ ?
ਦੇਸ਼ ਦੇ ਲੀਡਰਾਂ ਨੂੰ ਤਾਂ ਕੋਈ ਫਿਕਰ ਹੀ ਨਹੀਂ ਕਿ ਦੇਸ਼ ਦੀ
ਊਰਜ਼ਾ ਦਾ ਨਿਕਾਸ ਬਾਹਰ ਹੋ ਰਿਹਾ ਹੈ। ਗਰਕੇ ਹੋਏ ਅਮਨ ਕਨੂੰਨ ਵਿੱਚ ਨੌਜਵਾਨ ਮਰ ਰਹੇ
ਸਨ ਦੇਸ਼ ਮਰ ਰਿਹਾ ਸੀ। ਭਾਰਤ ਵਿੱਚ ਖਾਸ ਕਰ ਕੇ ਪੰਜਾਬ ਦਾ ਬੇੜਾ ਡੁੱਬ ਰਿਹਾ ਸੀ।
ਏਸ ਡੁੱਬ ਰਹੇ ਬੇੜੇ ਨੂੰ ਮਨਦੀਪ ਨੇ ਵੀ ਹੁਣ ਛੱਡਣਾ ਸੀ। ਭਾਵੇਂ ਇਸ ਲਈ ਉਸ ਨੂੰ
ਇੱਕ ਡੂੰਘੇ ਸਮੁੰਦਰ ਵਿੱਚ ਛਾਲ ਮਾਰਨੀ ਪੈਣੀ ਸੀ।
ਇਨ੍ਹਾਂ ਦਿਨਾਂ ਵਿੱਚ ਮੌਤ ਮਨਦੀਪ ਨਾਲ ਘਸਰ ਘਸਰ ਕੇ ਲੰਘਦੀ
ਰਹੀ। ਕਿਤੇ ਗੋਲੀ ਚੱਲ ਜਾਦੀ ਤੇ ਕਿਤੇ ਬੰਬ ਫਟ ਜਾਂਦਾ। ਕਿਤੇ ਕੋਈ ੳਸਦਾ ਹੀ
ਨਜ਼ਦੀਕੀ ਹੀ ਅੱਤਵਾਦੀ ਨਿੱਕਲ ਆਉਂਦਾ। ਤੇ ਕਿਤੇ ਕੋਈ ਖਾੜਕੂਆਂ ਦਾ ਹਮਦਰਦ ਉਸ ਨੂੰ
ਗੱਡੀ ਚੜਾਉਣ ਦੀ ਧਮਕੀ ਦੇ ਛੱਡਦਾ। ਪਰ ਉਹ ਤਲਵਾਰ ਦੀ ਧਾਰ ਤੇ ਤੁਰਦਾ ਰਿਹਾ।
ਦਰਵਾਜ਼ਾ ਖੜਕਦਾ ਤਾਂ ਉਸਦਾ ਦਿਲ ਦਹਿਲ ਜਾਂਦਾ ਕਿ ਕੋਈ ਅੱਤਵਾਦੀ ਜਾਂ ਪੁਲੀਸ ਵਾਲਾ
ਨਾ ਹੋਵੇ।
ਰਘਵੀਰ ਨੇ ਉਸ ਨਾਲ ਕਮਰਾ ਵੀ ਬਦਲ ਲਿਆ ਕਿ ਉਹ ਸੜਕ ਕੋਲ ਨਾ
ਪਿਆ ਕਰੇ ਮਤੇ ਕੋਈ ਈਰਖਾ ਵਸ ਹੀ ਕਾਰਾ ਕਰ ਦੇਵੇ। ਪੰਜਾਬ ਵਿੱਚ ਅਜਿਹੇ ਕਤਲ ਵੀ ਹੁਣ
ਆਮ ਹੀ ਹੁੰਦੇ ਸਨ। ਉਹ ਸਿਰਫ ਚਰਨ ਡਾਕੀਏ ਤੋਂ ਬਗੈਰ ਕਿਸੇ ਨੂੰ ਵੀ ਦਰਵਾਜ਼ਾ ਨਾ
ਖੋਹਲਦੇ। ਚਰਨ ਡਾਕੀਆ ਹਮੇਸ਼ਾ ਉਸ ਦਾ ਨਾਂ ਲੈ ਕੇ ਹਾਕ ਮਾਰਦਾ “ਮਨਦੀਪ ਤੇਰੀ ਚਿੱਠੀ
ਆ ਭਾਈ….।
ਅੱਤਵਾਦੀਆਂ ਨੇ ਧੱਕੇ ਨਾਲ ਪੱਤਰਕਾਰਾਂ ਤੋਂ ਆਪਣੀ ਮਰਜ਼ੀ
ਦੀਆਂ ਖ਼ਬਰਾਂ ਲਿਖਵਾਉਣੀਆਂ ਸ਼ੁਰੂ ਕੀਤੀਆਂ। ਜੋ ਨਾ ਲਿਖਦਾ ਫੇਰ ਏ ਕੇ ਸੰਤਾਲੀ ਦੀ
ਹੁੱਜ ਨਾਲ ਲਿਖਵਾਈਆਂ ਜਾਂਦੀਆਂ। ਜੋ ਅਖ਼ਬਾਰ ਖ਼ਬਰਾਂ ਨਾ ਲਾਂਉਂਦਾ ਉਸਦੇ ਪੇਪਰ
ਡਲਿਵਰੀ ਵਾਲੇ ਟਰੱਕ ਫੂਕ ਦਿੱਤੇ ਜਾਂਦੇ। ਤੇ ਅਖ਼ਬਾਰ ਵੰਡਣ ਵਾਲਿਆਂ ਨੂੰ ਗੋਲੀਆਂ
ਮਾਰ ਦਿੱਤੀਆਂ ਜਾਂਦੀਆਂ। ਕਈ ਜੱਗਬਾਣੀ ਦੇ ਹਾਕਰ ਮਾਰ ਦਿੱਤੇ ਗਏ ਤੇ ਅਖ਼ਬਾਰ ਦੀ
ਡਲਿਵਰੀ ਵੀ ਰੁਕਵਾ ਦਿੱਤੀ ਗਈ। ਫੇਰ ਪੰਜਾਬੀ ਟ੍ਰਿਬਿਊਨ ਤੇ ਅਜੀਤ ਵੀ ਰੁਕ ਗਏ।
ਮਨਦੀਪ ਦਾ ਅਖ਼ਬਾਰਾਂ ਬਗੈਰ ਜਿਵੇਂ ਸਾਹ ਘੁੱਟਦਾ ਸੀ। ਪਰ ਹੁਣ ਕਾਹਦਾ ਜੀਣ ਰਹਿ ਗਿਆ
ਸੀ। ਲੋਕ ਕਹਿੰਦੇ ਇਹ ਕਾਰਵਾਈਆਂ ਸਰਕਾਰੀ ਕੈਟ ਕਰਦੇ ਨੇ ਕੋਈ ਕਹਿੰਦਾ ਇਹ ਅੱਤਵਾਦੀ
ਹੀ ਕਰਦੇ ਨੇ।
ਕਈ ਦਿਨਾਂ ਬਾਅਦ 10 ਫਰਵਰੀ 1990 ਦਾ ਅਜੀਤ ਮਿਲਿਆ। ਖ਼ਬਰ ਸੀ
“ਦੱਖਣੀ ਅਫਰੀਕਾ ਦਾ ਨੈਸ਼ਨਲ ਆਗੂ ਨੈਲਸਨ ਮੰਡੇਲਾ 27 ਸਾਲਾਂ ਬਾਅਦ ਜੇਲ ਤੋਂ ਰਿਹਾ”
ਮਨਦੀਪ ਦੀ ਜਿਨੀ ਸਾਰੀ ਉਮਰ ਸੀ, ਨੈਲਸਨ ਮੰਡੇਲਾ ਉਨ੍ਹਾਂ ਸਮਾਂ ਜੇਲ ਵਿੱਚ ਗੁਜ਼ਾਰ
ਚੁੱਕਾ ਸੀ। ਉਹ ਆਪਣੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨੀਆਂ ਚਾਹੁੰਦਾ ਸੀ ਤੇ
ਮਨਦੀਪ ਆਪਣੇ ਦੇਸ਼ ਦੀ 27 ਸਾਲਾ ਕੈਦ ਵਰਗੀ ਜ਼ਿੰਦਗੀ ਤਿਆਗ, ਭਗੌੜਾ ਹੋਣ ਲਈ ਤਿਆਰ
ਸੀ।
ਇੱਕ ਦਿਨ ਮਨਦੀਪ ਆਪਣੀ ਇੱਕ ਨਵੀਂ ਰਚਨਾ ਲੈ ਕੇ ਕ੍ਰਿਸ਼ਨ
ਕੌਸ਼ਲ ਕੋਲ ਗਿਆ। ਰਚਨਾ ਉਸ ਨੂੰ ਬਹੁਤ ਪਸੰਦ ਆਈ ਪਰ ਅੱਜ ਉਹ ਭੈਭੀਤ ਤੇ ਡਰਿਆ ਹੋਇਆ
ਸੀ। ਖਾੜਕੂ ਝੰਡਾ ਸਿੰਘ ਉਸ ਨੂੰ ਮਾਰਨ ਦੀ ਧਮਕੀ ਦੇ ਗਿਆ ਸੀ ਕੇ ਜੇ ਉਸ ਨੇ ਡੇਰੇ
ਵਾਲਿਆਂ ਤੋਂ ਆਪਣੀ ਚਾਰ ਏਕੜ ਜ਼ਮੀਨ ਵਾਪਸ ਨਾ ਲਈ ਤਾਂ ਉਸ ਨੂੰ ਪਿੰਡ ਛੱਡਣਾ ਹੀ
ਪਵੇਗਾ। ਉਧਰ ਡੇਰੇ ਵਾਲੇ ਉਸ ਨੂੰ ਬੰਦੂਕਾਂ ਦਿਖਾ ਰਹੇ ਸਨ ਕਿ ਜ਼ਮੀਨ ਛੁਡਾ ਕੇ
ਵਿਖਾ। ਇੱਕ ਪੰਜਾਬੀ ਮੈਗਜ਼ੀਨ ਦਾ ਕਾਮਰੇਡ ਸੰਪਾਦਕ ਹਰਿੰਦਰ ਹਰਮਨ ਕ੍ਰਿਸ਼ਨ ਦਾ ਦੋਸਤ
ਸੀ ਫੇਰ ਆਪਣੀ ਸਮੱਸਿਆ ਲੈ ਕੇ ਉਸ ਉਸ ਕੋਲ ਜਾਣ ਲਈ ਤਿਆਰ ਹੋਇਆ। ਤੇ ਉਸ ਨੂੰ ਕੁੱਝ
ਰਚਨਾਵਾਂ ਵੀ ਦੇਣੀਆਂ ਸਨ। ਉਹ ਦੋਨੋ ਉਸ ਦੇ ਪਿੰਡ ਨੂੰ ਤੁਰ ਪਏ। ਪਰ ਉੱਥੇ ਜਾ ਕੇ
ਜੋ ਕੁੱਝ ਦੇਖਿਆ ਉਹ ਤਾਂ ਬਿਆਨੋ ਬਾਹਰਾ ਸੀ।
ਹਰਿੰਦਰ ਦਾ ਇੱਕ ਚੇਲਾ ਜੋ ਕਦੇ ਨਕਸਲੀਆਂ ਦਾ ਹਮਦਰਦ ਸੀ ਪਰ
ਹੁਣ ਨਸ਼ਿਆ ਦਾ ਆਦੀ ਸੀ। ਪੈਸਿਆਂ ਦੇ ਲਾਲਚ ਨੂੰ ਉਹ ਖਾੜਕੂਆਂ ਨਾਲ ਰਲ਼ ਗਿਆ। ਏਸੇ
ਤਰਨਜੀਤ ਤੂਫਾਨ ਨੇ ਬੀਤੀ ਰਾਤ ਪਿੰਡ ਦੀ ਇੱਕ ਮੋਟਰ ਤੇ ਅੱਠ ਉਨ੍ਹਾਂ ਹੀ ਭਈਆਂ ਦਾ
ਕਤਲ ਕਰ ਦਿੱਤਾ ਜੋ ਉਸ ਨੂੰ ਰੋਟੀ ਖੁਆਂਉਦੇ ਰਹੇ ਸਨ। ਤੇ ਜਾਂਦੀ ਹੋਈ ਉਨ੍ਹਾਂ ਦੀ
ਜੀਪ ਚਾਰ ਭੱਠਾ ਮਜ਼ਦੂਰਾਂ ਨੂੰ ਵੀ ਮਾਰ ਗਈ। ਏਸੇ ਸਮੇਂ ਉਹ ਹਰਵਿੰਦਰ ਕੋਲ ਵੀ ਰੁਕ
ਕੇ ਗਿਆ ਤੇ ਉਸ ਨੂੰ ਪਾਣੀ ਪਿਆਉਣ ਲਈ ਕਿਹਾ। ਬਾਅਦ ਵਿੱਚ ਪੁਲੀਸ ਦੀਆਂ ਧਾੜਾ ਆਈਆਂ
ਦੇ ਹਰਿੰਦਰ ਨੂੰ ਚੁੱਕ ਕੇ ਲੈ ਗਈਆਂ ਕਿ ਉਸਦੇ ਖਾੜਕੂਆਂ ਨਾਲ ਸਬੰਧ ਨੇ। ਜੇ ਮਨਦੀਪ
ਉਨੀ ਅੱਧਾ ਘੰਟਾ ਪਹਿਲਾਂ ਆ ਜਾਂਦੇ ਤਾਂ ਹੁਣ ਨੂੰ ਉਹ ਵੀ ਜੇਲ ਅੰਦਰ ਹੁੰਦੇ। ਸ਼ਾਇਦ
ਬਠਿੰਡੇ ਦੀ ਲੱਧਾ ਕੋਠੀ ਲਿਜਾ ਕੇ ਪੁਲੀਸ ਉਨ੍ਹਾਂ ਦੇ ਵੀ ਚੱਡੇ ਪਾੜ ਸੁਟਦੀ। ਉਹ
ਹੁਣ ਬਹੁਤ ਡਰ ਗਏ ਸਨ।
ਇੱਕ ਦਿਨ ਮਨਦੀਪ ਰਾਜਵਿੰਦਰ ਨੂੰ ਫੋਨ ਕਰਨ ਲੁਧਿਆਣੇ ਗਿਆ।
ਉਹ ਪ੍ਰੀਤਪੈਲਸ ਸਿਨਮੇ ਕੋਲ ਰੇਲਵੇ ਫਾਟਕ ਕੋਲ ਸਕੂਟਰ ਅਜੇ ਰੋਕ ਹੀ ਰਹੇ ਸਨ ਕਿ ਇੱਕ
ਤੇਜ਼ ਕਾਰ ਉਨ੍ਹਾਂ ਨੂੰ ਫੇਟ ਮਾਰ ਗਈ। ਮਨਦੀਪ ਦਾ ਸਿਰ ਸੜਕ ਤੇ ਜਾ ਵੱਜਿਆ ਮੂੰਹ ਲਹੂ
ਲੁਹਾਣ ਹੋ ਗਿਆ। ਪਿੱਛੇ ਬੈਠੇ ਬੰਦੇ ਦਾ ਗੁੱਟ ਟੁੱਟ ਗਿਆ। ਪਰ ਟ੍ਰੈਫਿਕ ਫੇਰ ਵੀ
ਚੱਲਦੀ ਰਹੀ। ਕੋਈ ਵੀ ਉਹਨਾ ਲਈ ਨਾ ਰੁਕਿਆ। ਸ਼ੁਕਰ ਸੀ ਕਿ ਉਹ ਬਚ ਗਏ ਜਾਂ ਪਿੱਛੇ
ਕੋਈ ਟਰੱਕ ਬੱਸ ਨਹੀਂ ਸੀ ਆ ਰਿਹਾ ਜੋ ਉਨ੍ਹਾਂ ਨੂੰ ਦਰੜ ਦਿੰਦਾ।
ਮੌਤ ਏਨੀ ਨੇੜੇ ਤੋਂ ਲੰਘੀ ਕਿ ਮਨਦੀਪ ਭੈ ਭੀਤ ਹੋ ਗਿਆ। ਇਹ
ਐਕਸੀਡੈਂਟ ਐਸ ਟੀ ਡੀ ਦੇ ਕੋਲ ਹੀ ਹੋਣ ਕਾਰਨ ਉਸਦਾ ਮਿੱਤਰ ਅਮਰੀਕ ਟੈਕਸੀ ਕਰ ਕੇ
ਮਨਦੀਪ ਨੂੰ ਪਿੰਡ ਛੱਡ ਆਇਆ। ਬਚਨ ਕੌਰ ਨੇ ਜਦੋਂ ਮਨਦੀਪ ਦੀ ਏਹ ਹਾਲਤ ਦੇਖੀ ਤਾਂ
ਉਸਦੀਆਂ ਧਾਹਾਂ ਨਿਕਲ ਗਈਆਂ। ਉਹ ਕਹਿ ਰਹੀ ਸੀ “ਜੇ ਕੁੱਝ ਹੋ ਜਾਂਦਾ ਅਸੀਂ ਤਾਂ
ਪੱਟੇ ਜਾਂਦੇ। ਜੈ ਨੂੰ ਖਾਣ ਕੰਮ…ਆਪੇ ਤੇਰਾ ਪਿਉ ਕਰਵਾਊ। ਤੂੰ ਟਿਕ ਕੇ ਘਰ ਬੈਠ
ਤੇਰਾ ਵੀਜ਼ਾ ਆਉਣ ਵਾਲਾ ਹੈ”
ਹੁਣ ਮਨਦੀਪ ਘਰ ਅੰਦਰ ਕੈਦ ਹੋ ਗਿਆ। ਅਖ਼ਬਾਰਾਂ ਵੀ ਬੰਦ ਹੋ
ਗਈਆਂ। ਦੋਸਤ ਮਿੱਤਰ ਵੀ ਆਉਣੋ ਹਟ ਗਏ। ਸਾਹਿਤ ਸਭਾਵਾਂ ਵੀ ਠੱਪ ਹੋ ਗਈਆਂ। ਕ੍ਰਿਸ਼ਨ
ਨੇ ਵੀ ਘਰੋਂ ਨਿੱਕਲਣਾ ਛੱਡ ਦਿੱਤਾ।
ਅੱਠ ਮਾਰਚ ਨੂੰ ਮਸ਼ਹੂਰ ਸ਼ਾਇਰ ਸੁਰਜੀਤ ਰਾਮਪੁਰੀ ਜੀ ਦੀ ਦਿਲ
ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਤਾਂ ਸੱਟਾਂ ਲੱਗੀਆਂ ਹੋਣ ਕਾਰਨ ਓਥੇ ਵੀ ਨਾ
ਜਾ ਸਕਿਆ। ਪਤਾ ਇਹ ਵੀ ਲੱਗਿਆ ਕਿ ਖੇਤੀਬਾੜੀ ਯੁਨੀਵਰਸਿਟੀ ਦੇ ਕਿਸਾਨ ਮੇਲੇ ਤੇ ਜੋ
ਗੋਲੀ ਚੱਲੀ ਸੀ ਉਸ ਕਾਰਨ ਲੱਗੇ ਕਰਫਿਊ ਨੇ ਆਵਾਜਾਈ ਵਿੱਚ ਅਜਿਹਾ ਵਿਘਨ ਪਾਇਆ ਕਿ
ਰਾਮਪੁਰੀ ਸਾਹਿਬ ਦੇ ਭੋਗ ਤੇ ਵੀ ਕੋਈ ਇਕੱਠ ਨਾ ਹੋਇਆ। ਲੋਕਾ ਦੇ ਹੁਣ ਜੀਣੇ ਮਰਨੇ
ਵੀ ਹਰਾਮ ਹੋ ਗਏ ਸਨ।
ਮਨਦੀਪ ਜਿਵੇਂ ਘਰ ਅੰਦਰ ਹੀ ਨਜ਼ਰਬੰਦ ਸੀ। ਕਾਲੀਬੋਲੀ ਰਾਤ
ਵਿੱਚ ਕੋਈ ਚੰਗੀ ਕਿਤਾਬ ਜਾਂ ਰਾਜਵਿੰਦਰ ਦੀ ਚਿੱਠੀ ਹੀ ਬੱਸ ਚਾਨਣ ਦੀ ਲਕੀਰ ਸੀ।
ਕੈਨੇਡਾ ਦਾ ਵੀਜ਼ਾ ਹੁਣ ਇੱਕ ਡੁੱਬ ਰਹੇ ਬੰਦੇ ਲਈ ਤਿਣਕੇ ਦਾ ਸਹਾਰਾ ਸੀ। ਜੀਵਨ ਦੇ
ਹੋਰ ਸਾਰੇ ਰਸਤੇ ਬੰਦ ਹੋ ਗਏ ਸਨ। ਜਿਸਮ ਜਿਵੇਂ ਮੁਰਦਾ ਸੀ। ਇਕੱਲੇ ਸਾਹ ਲੈਣੇ ਹੀ
ਤਾਂ ਜੀਵਨ ਨਹੀਂ ਹੁੰਦਾ। ਜੀਵਨ ਤਾਂ ਅਪਾਹਿਜ਼ ਹੋ ਗਿਆ ਸੀ। ਉਦਾਸੀ ਰੋਗ ਹੋਰ ਭਾਰੂ
ਹੁੰਦਾ ਜਾ ਰਿਹਾ ਸੀ। ਇਸ ਵਾਰ ਬਸੰਤ ਰੁੱਤ ਵਿੱਚ ਕੋਈ ਵੀ ਰੰਗ ਬਿਰੰਗਾ ਪਤੰਗ ਨਾ
ਦਿਸਿਆ। ਲੋਕ ਕਿਤੇ ਬੈਠੇ ਧੁੱਪ ਸੇਕਦੇ ਵੀ ਨਾ ਦਿਸਦੇ। ਸਰੋਂ ਦੇ ਪੀਲੇ ਫੁੱਲ ਉਦਾਸ
ਸਨ। ਹਰ ਪਾਸੇ ਹੀ ਮੁਰਦੇਹਾਣੀ ਛਾਈ ਰਹਿੰਦੀ।
ਫੇਰ ਹੌਲ਼ੀ ਹੌਲ਼ੀ ਮੌਸਮ ਬਦਲ ਗਿਆ। ਕਣਕਾਂ ਨਿਸਰਨ ਲੱਗੀਆਂ।
ਫਸਲਾਂ ਦੇ ਰੰਗ ਬਦਲਣ ਲੱਗੇ। ਹੋਲੇ ਤੋਂ ਬਾਅਦ ਵਿਸਾਖੀ ਫੇਰ ਆ ਗਈ। ਪਰ ਲੋਕਾਂ ਨੂੰ
ਹੁਣ ਇਨ੍ਹਾਂ ਚੀਜਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਸ ਦਿਨ ਮਨਦੀਪ ਵੀ ਆਪਣੇ ਪਿਤਾ
ਦਲੇਰ ਸਿੰਘ ਨਾਲ ਹਾੜ੍ਹੀ ਦਾ ਕੰਮ ਕਰਵਾਕੇ ਘਰ ਪਰਤਿਆ। ਉਸੇ ਵਕਤ ਚਰਨ ਡਾਕੀਏ ਦੀ
ਹਾਕ ਪਈ।“ਮਨਦੀਪ ਆ ਜਾ ਭਾਈ ਲੈ ਆ ਗਿਆ ਤੇਰਾ ਵੀਜ਼ਾ ਵੀ। ਕਰ ਸਾਈਨ ਕਦੋਂ ਦਾ ਉਡੀਕਦਾ
ਸੀ। ਜਾ ਲਿਆ ਗੁੜ ਦੀ ਰੋੜੀ ਕਰਵਾ ਆਪਣੇ ਤਾਏ ਦਾ ਮੂੰਹ ਮਿੱਠਾ। ਨਾਲੇ ਲਿਫਾਫਾ ਖੋਹਲ
ਕੇ ਦਿਖਾ ਕੇ ਵੀਜ਼ਾ ਹੁੰਦਾ ਕਿਹੋ ਜਿਹਾ ਏ। ਜੀਹਦੇ ਪਿੱਛੇ ਸਾਰਾ ਪੰਜਾਬ ਪਾਗਲ ਹੋਇਆ
ਪਿਆ ਏ? ਚਲ ਕੇਨੇਡਾ ਨਾ ਸਈ ਓਥੇ ਦਾ ਵੀਜ਼ਾ ਹੀ ਦੇਖ ਲਈਏ”
ਮਨਦੀਪ ਨੂੰ ਵੀਜ਼ਾ ਦੇਖ ਕੇ ਯਕੀਨ ਨਹੀਂ ਸੀ ਆ ਰਿਹਾ। ਬਚਨ
ਕੌਰ ਚਰਨ ਡਾਕੀਏ ਨੂੰ ਚਾਹ ਧਰਨ ਲੱਗੀ। ਤੇ ਮਨਦੀਪ ਰਾਜਵਿੰਦਰ ਨੂੰ ਖੁਸ਼ਖਬਰੀ ਦੇਣ
ਐੱਸ ਟੀ ਡੀ ਜਾਣ ਦੀ ਤਿਆਰੀ ਕਰਨ ਲੱਗਾ। ਚਰਨ ਡਾਕੀਆ ਕਹਿ ਰਿਹਾ ਸੀ “ਚੱਲ ਭਾਈ ਦਲੇਰ
ਸਿੰਘ ਦੀ ਰੱਬ ਨੇ ਸੁਣ ਲਈ। ਤੂੰ ਤਾਂ ਫੇਰ ਹੁਣ ਸਮੁੰਦਰੋਂ ਪਾਰ ਚਲਾ ਜਾਵੇਗਾ। ਦੇਖੀ
ਕਿਤੇ ਜਾ ਕੇ ਪਿੱਛੇ ਨਾ ਭੁੱਲ ਜਾਵੀਂ। ਆਪਣੇ ਤਾਏ ਨੂੰ ਵੀ ਯਾਦ ਰੱਖੀਂ”
ਮਨਦੀਪ ਨੂੰ ਲੱਗਿਆ ਜਿਵੇ ਡਿੱਕ ਡੋਲੇ ਖਾਂਦੀ ਉਸਦੀ ਕਿਸ਼ਤੀ,
ਆਖਿਰ ਕਿਨਾਰੇ ਤੱਕ ਆ ਹੀ ਪਹੁੰਚੀ ਹੋਵੇ।
|