ਮਨਦੀਪ ਅਤੇ ਉਸਦੇ ਪਿਤਾ ਨੇ ਕੋਈ ਵੀ ਚੰਗਾ ਕਾਲਜ ਨਹੀਂ ਸੀ
ਛੱਡਿਆ, ਜਿੱਥੇ ਦਾਖਲਾ ਫਾਰਮ ਨਹੀਂ ਭਰੇ ਸਨ। ਪਰ ਹਰ ਥਾਂ ਤੋਂ ਨਿਰਾਸ਼ਾਂ ਹੀ ਪੱਲੇ
ਪਈ ਸੀ। ਹੁਣ ਇਸੇ ਕਾਲਜ ਨੂੰ ਮਨਦੀਪ ਨੇ ਆਪਣੀ ਹੋਣੀ ਮੰਨ ਲਿਆ। ਉਹ ਜਿਵੇਂ ਪਟਾਕ
ਕਰਦਾ ਸੁਪਨਿਆਂ ਦੇ ਅਸਮਾਨ ਤੋਂ ਜ਼ਮੀਨ ਤੇ ਆ ਡਿੱਗਿਆ ਹੋਵੇ। ਦਲੇਰ ਸਿੰਘ ਨੇ ਵੀ
ਹਾਰੇ ਹੋਏ ਜੁਆਰੀਏ ਵਾਂਗ ਕਿਸਮਤ ਅੱਗੇ ਗੋਡੇ ਟੇਕ ਦਿੱਤੇ ਸਨ। ਕਾਲਜ ਦੀ ਫੀਸ ਭਰਕੇ,
ਦੋ ਤਿੰਨ ਪੈਂਟਾਂ ਸ਼ਰਟਾਂ ਵਾਲੇ ਸੂਟ ਵੀ ਸਿਲਵਾ ਦਿੱਤੇ ਅਤੇ ਦੋ ਨਵੀਂਆਂ ਪੱਗਾਂ ਲੈ
ਦਿੱਤੀਆਂ। ਬੱਸ ਏਥੋਂ ਸ਼ੁਰੂ ਹੋ ਗਿਆ ਸੀ ਮਨਦੀਪ ਦਾ ਨਵਾਂ ਜੀਵਨ।
ਦਲੇਰ ਸਿੰਘ ਨੂੰ ਹੁਣ ਐਨਾ ਹੀ ਹੌਸਲਾ ਸੀ ਕਿ ਉਸਦਾ ਪੁੱਤਰ
ਨਾਨ-ਮੈਡੀਕਲ ਵਿੱਚ ਦਾਖਲ ਹੋ ਗਿਆ ਹੈ। ਕਾਲਜ ਦਾ ਪਛਾਣ-ਪੱਤਰ ਬਣ ਗਿਆ। ਕਲਾਸਾਂ
ਕਿੱਥੇ ਕਿੱਥੇ ਲੱਗਣੀਆਂ ਸਨ, ਦੇ ਪਤੇ ਨਾਲ ਟਾਈਮ ਟੇਬਲ ਵੀ ਮਿਲ ਗਿਆ। ਫੇਰ ਹੋ ਗਈ
ਸੀ ਸਾਇੰਸ ਦੀ ਪੜ੍ਹਾਈ ਸ਼ੁਰੂ। ਮਨਦੀਪ ਨੂੰ ਮੈਥ ਅਤੇ ਸਾਇੰਸ ਦਾ ਕੁੱਝ ਵੀ ਸਮਝ ਨਹੀਂ
ਸੀ ਆ ਰਿਹਾ। ਅਜੇ ਤਿੰਨ ਚਾਰ ਦਿਨ ਹੀ ਕਾਲਜ ਖੁੱਲੇ ਨੂੰ ਹੋਏ ਹੋਣੇ ਨੇ ਕਿ ਇੱਕ ਦਿਨ
ਬਾਹਰ ਕਾਲਜ ਦੇ ਲਾਅਨ ਵਿੱਚ ਨਾਹਰੇ ਵੱਜਣੇ ਸ਼ੁਰੂ ਹੋ ਗਏ ਕਿ ‘ਸਾਡੇ ਹੱਕ ਏਥੇ ਰੱਖ’
ਇਨਕਲਾਬ ਜਿੰਦਾਬਾਦ। ਲੋਟੂ ਟੋਲੇ ਮੁਰਦਾਬਾਦ।
ਪ੍ਰੋ:ਫਰਮਾਹਾਂ ਨੇ ਪੜ੍ਹਾਉਣਾ ਉੱਤੇ ਹੀ ਛੱਡ ਕੇ ਕਿਹਾ “ਜਾਉ
ਸਟਰਾਈਕ ਹੋ ਗਈ ਏ” ਤੇ ਵਿਦਿਆਰਥੀ ਕਲਾਸ ‘ਚੋਂ ਬਾਹਰ ਨਿੱਕਲ ਆਏ। ਬਾਕੀ ਕਲਾਸਾਂ ਵੀ
ਕਮਰਿਆਂ ਤੋਂ ਬਾਹਰ ਨਿੱਕਲ ਰਹੀਆਂ ਸਨ। ਸਾਹਮਣੇ ਲਾਅਨ ਵਿੱਚ ਬਹੁਤ ਵੱਡਾ ਇਕੱਠ ਸੀ।
ਇੱਕ ਮੁੰਡਾ ਬਾਹਾਂ ਕੱਢ ਕੱਢ ਭਾਸ਼ਨ ਕਰ ਰਿਹਾ ਸੀ। ਜਿਸ ਦਾ ਵਿਸ਼ਾ ਸੀ ਕਿ
ਵਿਦਿਆਰਥੀਆਂ ਦਾ ਬੱਸ ਕਿਰਾਇਆ ਮੁਆਫ ਹੋਵੇ ਨਹੀਂ ਤਾਂ ਉਹ ਘੋਲ ਆਰੰਭ ਕਰ ਦੇਣਗੇ।
ਫੇਰ ਉਸ ਨੇ ਕਾਲਜ ਦੇ ਕੁੱਝ ਵਰਤੇ ਜਾਂਦੇ ਫੰਡਾਂ ਦੀ ਦੁਰਵਰਤੋਂ ਬਾਰੇ ਗੱਲ ਕੀਤੀ।
ਫੇਰ ਉਸਨੇ ਰੂਸੀ ਇਨਕਲਾਬ ਅਤੇ ਮਾਉ ਦੀ ਗੱਲ ਤੋਰ ਲਈ। ਇਸ ਰੈਲੀ ਵਿੱਚ ਇੱਕ ਮੁੱੰਡੇ
ਨੇ ਸੰਤ ਰਾਮ ਉਦਾਸੀ ਦਾ ਗੀਤ ਵੀ ਗਾਇਆ।
ਫੇਰ ਵੀਤਨਾਮ, ਨਿਕਾਰਾਗੂਆ, ਲੈਨਨ, ਹੋਚੀਮਿੱਨ, ਸਰਮਾਏਦਾਰੀ, ਮੋਗਾ ਕਾਂਡ, ਰੰਧਾਵੇ
ਦਾ ਕਤਲ, ਕਾਤਲਾਂ ਨੂੰ ਫਾਂਸੀ ਲਾਉ ਲਾਉ ਵਰਗੇ ਵਿਸ਼ਿਆਂ ਤੇ ਭਾਸ਼ਨ ਹੋਏ। ਅੰਤ ਨੂੰ
ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰਿਆਂ ਦੇ ਨਾਲ ਰੈਲੀ ਖਤਮ ਹੋ ਗਈ ਅਤੇ ਇਹ ਵੀ
ਦੱਸਿਆ ਗਿਆ ਕਿ ਅੱਜ ਸਾਰਾ ਦਿਨ ਕਾਲਜ ਬੰਦ ਰਹੇਗਾ। ਮਨਦੀਪ ਨੂੰ ਇਸ ਭਾਸ਼ਨਬਾਜੀ ਦਾ
ਕੁੱਝ ਵੀ ਸਮਝ ਨਾ ਪਿਆ। ਬਹੁਤੀਆਂ ਗੱਲਾਂ ਤਾਂ ਉਨ੍ਹਾਂ ਦੇ ਕਾਲਜ ਨਾਲ ਸਬੰਧਿਤ ਹੀ
ਨਹੀਂ ਸਨ। ਮਨਦੀਪ ਉਸ ਦਿਨ ਵੱਗ ਚੋਂ ਵਿਛੜੀ ਗਾਂ ਵਾਂਗ ਕਾਲਜ ਵਿੱਚ ਫਿਰਦਾ ਰਿਹਾ।
ਉਸ ਦੇ ਇੱਕ, ਦੋ ਦੋਸਤ ਹੋਰ ਵੀ ਬਣ ਗਏ। ਕੈਨਟੀਨ ਵਿੱਚ ਚਾਹ ਬਗੈਰਾ ਪੀ ਕੇ ਸਭ ਘਰਾਂ
ਨੂੰ ਮੁੜ ਗਏ।
ਮਨਦੀਪ ਘਰ ਜਾਕੇ ਵੀ ਸੋਚਦਾ ਰਿਹਾ ਕਿ ਇਹ ਲੈਨਿਨ ਕੌਣ ਹੋਇਆ?
ਮਾਉ ਕੌਣ ਹੋਊ” ਤਿੰਗਲਾਨਾ ਕਿੱਥੇ ਹੈ? ਡੀਗੋਗਾਰਸ਼ੀਆ ਜਾਂ ਵੀਤਨਾਮ ਕਿੱਥੇ ਹੋਣਗੇ?
ਜਿਨਾਂ ਦੀਆਂ ਗੱਲਾਂ ਇਹ ਮੁੰਡੇ ਅੱਡੀਆਂ ਚੁੱਕ ਚੁੱਕ ਤੇ ਬਾਹਾਂ ਉਲਾਰ ਉਲਾਰ ਕਰਦੇ
ਸੀ। ਬਾਅਦ ਵਿੱਚ ਇਹ ਵੀ ਪਤਾ ਲੱਗਿਆ ਸੀ ਕਿ ਹੜਤਾਲ ਕਰਵਾਉਣ ਵਾਲੇ ਮੁੰਡੇ ਵੀ ਕਿਸੇ
ਬਾਹਰਲੇ ਕਾਲਜ ਵਿੱਚੋਂ ਆਏ ਸਨ। ਕੋਈ ਕਹਿੰੰਦਾ ਸੀ ਕਿ ਇਹ ਪੰਜਾਬ ਸਟੂਡੈਂਟ ਯੂਨੀਅਨ
ਦੇ ਮੁੰਡੇ ਹਨ। ਪਤਾ ਲੱਗਿਆ ਕਿ ਇੱਕ ਕੋਈ ਸਟੂਡੈਂਟ ਫੈਡਰੇਸ਼ਨ ਵੀ ਹੈ।
ਪਰ ਮਨਦੀਪ ਲਈ ਤਾਂ ਹਾਲੇ ਇਹ ਸਾਰਾ ਕੁੱਝ ਨਵਾਂ ਹੀ ਸੀ। ਪਰ
ਉਹ ਤਾਂ ਸੋਚਦਾ ਸੀ ਕਿ ਐਨੀ ਫੀਸ ਵੀ ਭਰੀ ਤੇ ਕਿੰਨੀ ਪੜ੍ਹਾਈ ਖਰਾਬ ਹੋਈ। ਉਸ ਦਿਨ
ਕਈ ਮੁੰਡੇ ਖੰਨੇ ਫਿਲਮ ਵੇਖਣ ਤੁਰ ਗਏ ਸਨ। ਕਈ ਆਸ਼ਕੀ ਮਸ਼ੂਕੀ ਵਿੱਚ ਰੁੱਝੇ ਰਹੇ।
ਮਨਦੀਪ ਸੋਚਦਾ ਰਿਹਾ ਕਿ ਅੰਤ ਨੂੰ ਉਨ੍ਹਾਂ ਮੁੰਡਿਆਂ ਦਾ ਕੀ ਬਣੂ? ਉਸ ਨੂੰ ਵੀ ਕੋਈ
ਮੁੰਡਾ ਧੱਕੇ ਨਾਲ ਹੀ ਪੰਜ ਰੁਪਏ ਵਿੱਚ ਪ੍ਰਿਥੀਪਾਲ ਰੰਧਾਵਾ ਦਾ ਪੋਸਟਰ ਵੇਚ ਗਿਆ
ਸੀ। ਜਿਸ ਨੂੰ ਕੁੱਝ ਸਮਾਂ ਪਹਿਲਾਂ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਤਲ
ਕਰ ਦਿੱਤਾ ਸੀ। ਕਹਿੰਦੇ ਉਹ ਵੀ ਪੰਜਾਬ ਸਟੂਡੈਂਟ ਯੂਨੀਅਨ ਦਾ ਹੀ ਨੁਮਾਇੰਦਾ ਸੀ। ਘਰ
ਆਕੇ ਉਸ ਨੇ ਇਸ ਸਬੰਧੀ ਕੋਈ ਗੱਲ ਨਾ ਕੀਤੀ।
ਦੂਜੇ ਦਿਨ ਉਹ ਫੇਰ ਕਾਲਜ ਗਿਆ। ਕਲਾਸਾਂ ਲਾਈਆਂ ਪਰ ਨੌਨ
ਮੈਡੀਕਲ ਦਾ, ਉਸ ਨੂੰ ਫੇਰ ਕੁੱਝ ਵੀ ਸਮਝ ਨਹੀਂ ਸੀ ਪੈ ਰਿਹਾ। ਏਸੇ ਤਰ੍ਹਾਂ ਦਸ
ਬਾਰਾਂ ਦਿਨ ਲੰਘ ਗਏ। ਉਹ ਕਲਾਸ ਵਿੱਚ ਕਿਸੇ ਵੀ ਗੱਲ ਦਾ ਜਵਾਬ ਨਾ ਦੇ ਸਕਦਾ। ਉਸ
ਨੂੰ ਫਜ਼ਿਕਸ, ਕਮਿਸਟਰੀ ਅਤੇ ਮੈਥ ਬਿਲਕੁੱਲ ਪੱਲੇ ਨਹੀਂ ਸੀ ਪੈ ਰਹੇ। ਦੂਸਰੇ ਕਮਰੇ
ਵਿੱਚ ਪ੍ਰੋ:ਮਹਿੰਦਰ ਸਿੰਘ ਪੰਜਾਬੀ ਅਧਿਆਪਕ ਜਦੋਂ ਹੀਰ ਵਾਰਿਸ਼ ਸ਼ਾਹ ਪੜ੍ਹਾਉਂਦਾ ਤਾਂ
ਉਸਦਾ ਧਿਆਨ ਤਾਂ ਸਗੋਂ ਉੱਥੇ ਜਾ ਜੁੜਦਾ। ਇੱਕ ਦਿਨ ਪ੍ਰੋ: ਫਰਵਾਹਾ ਕਹਿਣ ਲੱਗਿਆ
“ਮਨਦੀਪ ਜੇ ਤੇਰਾ ਇਨਟਰਸਟ ਕਿਸੇ ਹੋਰ ਚੀਜ਼ ਵਿੱਚ ਹੈ ਤਾਂ ਉੱਧਰ ਜਾ…। ਅਜਿਹਾ ਨਾ
ਹੋਵੇ ਕਿ ਏਧਰੋਂ ਵੀ ਫੇਲ ਹੋ ਜਾਵੇਂ ਤੇ ਉਧਰ ਵੀ ਤੇਰਾ ਕੁੱਝ ਨਾ ਬਣੇ। ਤੇਰੇ ਕੋਲ
ਸਿਰਫ ਦੋ ਦਿਨ ਹੋਰ ਨੇ ਸਬਜੈਕਟ ਬਦਲਣ ਲਈ।
ਮਨਦੀਪ ਦੀ ਇਹ ਹਿੰਮਤ ਨਾ ਪਈ ਕਿ ਸਬਜੈਕਟ ਬਦਲਣ ਦੀ ਗੱਲ
ਆਪਣੇ ਪਿਉ ਨਾਲ ਸਾਂਝੀ ਕਰ ਸਕੇ। ਦੂਸਰੇ ਦਿਨ ਜਾ ਕੇ ਉਸ ਨੇ ਖੁਦ ਹੀ ਸਬਜੈਕਟ ਬਦਲ
ਲਏ। ਉਸ ਨੂੰ ਪਤਾ ਸੀ ਕਿ ਇਸ ਗੱਲ ਦਾ ਬਾਪੂ ਨੂੰ ਬਹੁਤ ਦੁੱਖ ਹੋਵੇਗਾ। ਤੇ ਉਹਦੇ
ਰਹਿੰਦੇ ਖੂੰਹਦੇ ਸੁਪਨੇ ਵੀ ਟੁੱਟ ਜਾਣਗੇ। ਪਰ ਉਸ ਕੋਲ ਹੋਰ ਚਾਰਾ ਵੀ ਕੋਈ ਨਹੀਂ
ਸੀ। ਇਹ ਉਸ ਦੀ ਪਿਉ ਦੇ ਖਿਲਾਫ ਪਹਿਲੀ ਬਗਾਵਤ ਸੀ। ਜਿਸ ਤੋਂ ਬਾਅਦ ਉਸਦੇ ਪਿਉ ਨੇ
ਮਨਦੀਪ ਵਿੱਚ ਦਿਲਚਸਪੀ ਹੀ ਲੈਣੀ ਛੱਡ ਦਿੱਤੀ। ਬਹੁਤ ਲੋੜ ਹੋਵੇ ਤਾਂ ਬੁਲਾ ਲੈਂਦਾ
ਜੇ ਨਾ ਲੋੜ ਹੋਵੇ ਤਾਂ ਨਾਂ ਸਈ। ਦਲੇਰ ਸਿੰਘ ਨੇ ਅੱਕ ਕੇ ਕਿਹਾ ਸੀ ‘ਹੁਣ ਜੋ ਮਰਜੀ
ਕਰ’ ਮਨਦੀਪ ਹੁਣ ਆਰਟ ਦੇ ਸਬਜੈਕਟ ਪੜ੍ਹਨ ਲੱਗਿਆ। ਜਿਵੇਂ ਉਜਾੜ ਬੀਆਬਾਨਾਂ ਵਿੱਚੋਂ
ਉਹ ਹਰੀਆਂ ਕਚੂਰ ਵਾਦੀਆਂ ਵਿੱਚ ਆ ਗਿਆ ਹੋਵੇ। ਹੁਣ ਕਾਲਜ ਵਿੱਚ ਉਸਦਾ ਦਿਲ ਵੀ ਲੱਗਣ
ਲੱਗਿਆ।
21 ਮਾਰਚ 1977 ਦੇ ਦਿਨ ਭਾਰਤ ਵਿੱਚੋਂ ਐਮਰਜੈਂਸੀ ਹਟਣ ਨਾਲ,
ਸਾਰੀਆਂ ਰਾਜਨੀਤਕ ਪਾਰਟੀਆਂ ਵਿੱਚ ਹੀ ਰੈਲੀਆਂ ਕਰਨ ਦਾ ਜਿਵੇਂ ਹੜ ਜਿਹਾ ਆ ਗਿਆ।
ਨਕਸਲਵਾੜੀ ਮੂਵਮੈਂਟ ਦੌਰਾਨ ਜਿਹੜੀ ਅਕਾਲੀ ਸਰਕਾਰ ਨੌਜਵਾਨ ਨਕਸਲੀ ਮੁੰਡਿਆਂ ਨੂੰ
ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਲਈ ਬਦਨਾਮ ਹੋਕੇ, ਲੋਕਾਂ ਨਾਲੋਂ ਟੁੱਟ ਗਈ
ਸੀ। ਹੁਣ ਉਸਦੇ ਕਾਰਕੁੰਨ, ਐਮਰਜੈਂਸੀ ਸਮੇਂ ਦਿੱਤੀਆਂ ਗ੍ਰਿਫਤਾਰੀਆਂ ਅਤੇ ਲਾਏ ਗਏ
ਮੋਰਚੇ ਕਾਰਨ, ਆਪਣੇ ਆਪ ਨੂੰ ਦੁੱਧ ਧੋਤੇ ਅਤੇ ਲੋਕ ਪੱਖੀ ਸਮਝਣ ਲੱਗੇ।
ਉਨ੍ਹਾਂ ਦੀਆਂ ਜਨਤਾ ਪਾਰਟੀ ਨਾਲ ਰਲ ਕੇ ਚੋਣ ਜਿੱਤਣ ਲਈ
ਸਰਗਰਮੀਆਂ ਤੇਜ਼ ਹੋ ਗਈਆਂ। ਹੌਲੀ ਹੌਲੀ ਨਕਸਲਵਾਦੀ ਵਿਚਾਰਧਾਰਾ ਵੀ ਜਿਵੇਂ ਨਿੱਸਲ
ਹੋਣ ਲੱਗੀ ਸੀ। ਇੱਕ ਖਲਾਅ ਜਿਹਾ ਪੈਦਾ ਹੁੰਦਿਆਂ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ
ਨੁਮਾਇੰਦੇ ਵੀ ਕਾਲਜ ਵਿੱਚ ਆ ਕੇ ਅਪਣਾ ਵਿੰਗ ਕਾਇਮ ਕਰ ਗਏ। ਫੈਡਰੇਸ਼ਨ ਦਾ ਮੁੱਖ
ਲੀਡਰ ਕਾਲਜ ਵਿੱਚ ਪੜ੍ਹਾਉਂਦੀ ਇੱਕ ਪ੍ਰੋਫੈਸਰ ਦਾ ਦੇਵਰ ਹੋਣ ਕਾਰਨ, ਅਕਸਰ ਕਾਲਜ
ਵਿੱਚ ਆੳਂੁਦਾ ਜਾਂਦਾ ਸੀ। ਇਸ ਲਡਿਰ ਦੀ ਕਈ ਪ੍ਰੋਫੈਸਰਾਂ ਅਤੇ ਪ੍ਰਿੰਸੀਪਲ ਨਾਲ ਵੀ
ਕਾਫੀ ਨੇੜਤਾ ਸੀ। ਕਾਲਜ ਦੇ ਪ੍ਰਧਾਨ ਅਤੇ ਮਨੇਜਮੈਂਟ ਨੂੰ ਮਨਾ ਕੇ ਇਸ ਲੀਡਰ ਨੇ
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੱਦੇਨਜ਼ਰ ਰੱਖਦਿਆਂ ਕਾਲਜ ਵਿੱਚ ਇੱਕ ਕੀਰਤਣ
ਦਰਬਾਰ ਵੀ ਰਖਵਾ ਦਿੱਤਾ।
ਮਿੱਥੀ ਤਾਰੀਕ ਦੇ ਸੁਭਾ ਕਾਲਜ ਵਿੱਚ ਗੁਰੂ ਗ੍ਰੰਥ ਸਾਹਿਬ ਦਾ
ਪ੍ਰਕਾਸ਼ ਹੋਇਆ ਅਤੇ ਕੀਰਤਣ ਦਰਬਾਰ ਆਰੰਭ ਹੋ ਗਿਆ। ਉਸਨ ਦਿਨ ਅਤੁੱਟ ਲੰਗਰ ਵੀ ਵਰਤ
ਰਹੇ ਸਨ। ਬਹੁਤ ਸਾਰੇ ਮੁੰਡੇ ਕੁੜੀਆਂ ਸੇਵਾ ਵਿੱਚ ਜੁਟੇ ਹੋਏ ਸਨ। ਕੁੱਝ ਦੋਸਤ
ਮਨਦੀਪ ਨੂੰ ਆਖ ਰਹੇ ਸਨ ਕਿ ਆਪਾਂ ਨੂੰ ਵੀ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਹੈ।
ਆਖਰੀ ਦਿਨ ਲੀਡਰਾਂ ਦੇ ਭਾਸ਼ਨ ਹੋਏ। ਇੱਕ ਲੀਡਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ
ਵੀ ਸੀ, ਜਿਸ ਦੇ ਜ਼ੋਰਦਾਰ ਭਾਸ਼ਨ ਨੇ ਮਨਦੀਪ ਵਰਗੇ ਕਈ ਮੁੰਡਿਆਂ ਦੇ ਮਨ ਬਦਲ ਦਿੱਤੇ।
ਤੇ ਇੱਕ ਦਿਨ ਉਹ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰ ਬਣ ਗਏ। ਮਨਦੀਪ
ਨੂੰ ਇਸ ਦਾ ਜਨਰਲ ਸਕੱਤਰ ਥਾਪ ਦਿੱਤਾ ਗਿਆ। ਕੁੱਝ ਦਿਨਾ ਬਾਅਦ ਹੀ ਸਟੱਡੀ ਸਰਕਲ ਦਾ
ਨੁਮਾਇੰਦਾ ਆ ਕੇ ਦੱਸ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਕੈਂਪ ਫਤਹਿ
ਗੜ੍ਹ ਗੁਰੂਦੁਵਾਰਾ ਸਾਹਿਬ ਵਿਖੇ ਲੱਗ ਰਿਹਾ ਹੈ, ਉੱਥੇ ਸਾਰੇ ਨੁੰਮਾਇੰਦਿਆਂ ਦਾ
ਜਾਣਾ ਜਰੂਰੀ ਹੈ।
ਮਨਦੀਪ ਨੇ ਘਰ ਆ ਕੇ ਆਪਣੀ ਮਾਂ ਨਾਲ ਗੱਲ ਕੀਤੀ। ਬਚਨ ਕੌਰ
ਦੇ ਸਹਿਮਤ ਹੋਣ ਤੇ ਉਹ ਕੈਂਪ ਤੇ ਜਾਣ ਲਈ ਤਿਆਰ ਹੋ ਗਿਆ। ਇਹ ਸਿਰਫ ਚਾਰ ਦਿਨਾਂ ਦਾ
ਕੈਂਪ ਸੀ। ਇਸ ਕੈਂਪ ਵਿੱਚ ਭੂਪਿੰਦਰ ਅਤੇ ਜੱਸਾ ਵੀ ਉਸਦੇ ਨਾਲ ਸਨ। ਜੱਸੇ ਦਾ ਚਾਚਾ
ਪੁਰਾਣਾ ਕਾਮਰੇਡ ਹੋਣ ਕਾਰਨ ਜੱਸੇ ਤੇ ਦੋਨਾਂ ਵਿਚਾਰਧਾਰਾਵਾਂ ਪ੍ਰਭਾਵ ਸੀ। ਉਹ ਗਾਅ
ਵੀ ਬਹੁਤ ਅੱਛਾ ਲੈਂਦਾ ਸੀ। ਆਪਣੇ ਨਾਲ ਵਕਤ ਪਾਸ ਕਰਨ ਲਈ ਉਹ ਜਸਵੰਤ ਕੰਵਲ ਦੇ ਦੋ
ਨਾਵਲ ਵੀ ਲੈ ਕੇ ਗਿਆ ਸੀ ‘ਰਾਤ ਬਾਕੀ ਹੈ’ਅਤੇ ‘ਮਿੱਤਰ ਪਿਆਰੇ ਨੂੰ’ ਫਤਿਹ ਗੜ੍ਹ
ਸਾਹਿਬ ਉਹ ਕੁੱਝ ਬੱਸ ਦਾ ਅਤੇ ਕੁੱਝ ਰੇਲ ਦਾ ਸਫਰ ਤਹਿ ਕਰਦੇ ਹੋਏ ਪਹੁੰਚ ਗਏ। ਫੇਰ
ਰਿਕਸ਼ਾ ਲੈ ਕੇ ਜੋਤੀ ਸਰੂਪ ਗੁਰੁਦਵਾਰਾ ਸਾਹਿਬ ਪਹੁੰਚੇ, ਜਿੱਥੇ ਇਹ ਕੈਂਪ ਲੱਗਣਾ
ਸੀ। ਪਹਿਲੇ ਦਿਨ ਛੋਟੇ ਸਾਹਿਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੇ ਦਰਸ਼ਣ ਕਰਵਾਏ ਗਏ।
ਮੁਗਲਾਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਸੁਣਾਈਆਂ ਗਈਆਂ ਅਤੇ ਸੱਚੇ ਸਿੱਖ ਬਣਨ ਦੀ
ਅਰਦਾਸ ਕਰਵਾ ਕੇ ਕੈਂਪ ਸ਼ੁਰੂ ਕੀਤਾ ਗਿਆ। ਜਿਸ ਵਿੱਚ ਪਹਿਲਾਂ ਹਥਿਆਰਾਂ ਨੂੰ ਪੀਰ
ਮੰਨ ਕੇ ਪੂਜਾ ਕਰਨ ਲਈ ਆਖਿਆ ਗਿਆ। ਫੇਰ ਲੈਕਚਰ ਹੋਏ ਕਿ ‘ਹਮ ਹਿੰਦੂ ਨਹੀਂ’ ਜਾਂ
‘ਸਿੱਖ ਇੱਕ ਵੱਖਰੀ ਕੌਮ ਹੈ’।ਵੱਖਰੀ ਕੌਮ ਦਾ ਇੱਕ ਵੱਖਰਾ ਮੁਲਕ ਹੁੰਦਾ ਹੈ। ਤੇ
ਸਾਡਾ ਮੁਲਕ ਹੈ ‘ਖਾਲਿਸਤਾਨ’
ਫੇਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਵਾਏ ਗਏ। ਦੂਸਰੇ
ਦਿਨ ਕੇਸਰੀ ਦਸਤਾਰਾਂ ਪਹਿਨਣ ਦੀ ਗੱਲ ਕੀਤੀ। ਕੌਮਨਿਸ਼ਟਾਂ ਨੂੰ ਅਤੇ ਲੈਨਿਨ ਨੂੰ ਰੱਜ
ਕੇ ਭੰਡਿਆ ਗਿਆ। ਕੀਰਤਣ ਵੀ ਹੋਇਆ ਜਿਸ ਵਿੱਚ ਜੱਸੇ ਨੇ ਵੀ ਭਾਗ ਲਿਆ। ਇਹ ਚਾਰ
ਦਿਨਾਂ ਕੈਂਪ ਤੋਂ ਬਾਅਦ ਮਨਦੀਪ ਨੂੰ ਆਪਣਾ ਆਪਾ ਸਿੱਖ ਜਾਪਣ ਲੱਗਿਆ। ਸਿੱਖ ਕੌਮ ਜਿਸ
ਦੀ ਇੱਕ ਵੱਖਰੀ ਪਹਿਚਾਣ ਸੀ। ਕੌੜੀਆਂ ਮਿੱਠੀਆਂ ਯਾਦਾਂ ਨਾਲ ਉਹ ਕੈਂਪ ‘ਚੋਂ ਪਰਤੇ
ਪਰ ਜੱਸਾ ਆਪਣੇ ਦੋਨੋ ਨਾਵਲ ਮਨਦੀਪ ਨੂੰ ਦੇ ਗਿਆ ਤੇ ਕਹਿ ਗਿਆ ਕਿ ਘਰ ਜਾ ਕੇ ਜਰੂਰ
ਪੜ੍ਹੀਂ।
ਮਨਦੀਪ ਨੇ ਘਰ ਆਕੇ ਦੋਨੋ ਨਾਵਲ ਪੜ੍ਹੇ। ਬਹੁਤ ਵਧੀਆ ਕਹਾਣੀ
ਰਸ ਸੀ। ਤੇ ਉਹ ਛੱਡ ਹੀ ਨਾ ਸਕਿਆ। ਉਨ੍ਹਾਂ ਨੂੰ ਮੁਕਾ ਕੇ ਹੀ ਦਮ ਲਿਆ। ਬੱਸ ਫੇਰ
ਤਾਂ ਉਹ ਜਸਵੰਤ ਕੰਵਲ ਦੀ ਲਿਖਤ ਦਾ ਦੀਵਾਨਾ ਹੀ ਹੋ ਗਿਆ। ਕੌਮੇਨਿਜ਼ਮ ਵਿਚਾਰਧਾਰਾ ਉਸ
ਨੂੰ ਚੰਗੀ ਲੱਗਣ ਲੱਗੀ। ਉਸ ਨੇ ਲੱਭ ਲੱਭ ਕੇ ਜਸਵੰਤ ਕੰਵਲ ਦੇ ਸਾਰੇ ਨਾਵਲ ਪੜ੍ਹ
ਛੱਡੇ, ਲਹੂ ਦੀ ਲੋਅ ਤੱਕ ਉਸ ਨੇ ਜਿੰਨੇ ਵੀ ਲਿਖੇ ਸਨ। ਕੰਵਲ ਦਾ ਇੱਕ ਇੱਕ ਲਫਜ ਉਸ
ਨੂੰ ਪੂਜਾ ਸਮਾਨ ਜਾਪਣ ਲੱਗਿਆ।
ਫੇਰ ਸਟੱਡੀ ਸਰਕਲ ਵਾਲਿਆਂ ਦੀ ਇੱਕ ਵਿਸ਼ਾਲ ਕਾਨਫਰੰਸ ਜਦੋਂ
ਲੁਧਿਆਣੇ, ਖਾਲਸਾ ਕਾਲਜ ਵਿੱਚ ਹੋਈ ਜਿਸ ਵਿੱਚ ਜਿਸ ਵਿੱਚ ਮਨਦੀਪ ਵੀ ਗਿਆ ਸੀ। ਤਾਂ
ਸਰਕਲ ਦੇ ਕੌਮੀ ਪ੍ਰਧਾਨ ਨੇ ਜਸਵੰਤ ਕੰਵਲ ਨਾਵਲਕਾਰ ਦੀਆਂ ਲਿਖਤਾਂ ਨੂੰ ਸਿੱਖੀ ਨੂੰ
ਲੱਗਿਆ ਘੁਣ ਆਖਿਆ। ਉਸ ਦੀ ਦਾੜੀ ਨੂੰ ਦਾੜੀ ਨਹੀਂ ਕੰਡਿਆਲੀ ਝਾੜੀ ਆਖਿਆ। ਕਮਿਊਨਿਜ਼ਮ
ਖਿਲਾਫ ਗਾਲਾਂ ਵਰਗੀ ਭਾਸ਼ਾ ਵਰਤੀ ਅਤੇ ਅੰਤ ਤੇ ਖਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਏ।
ਮਨਦੀਪ ਆਪਣੇ ਚਹੇਤੇ ਲੇਖਕ ਦੀ ਬੇਇੱਜ਼ਤੀ ਬ੍ਰਦਾਸ਼ਤ ਨਾ ਕਰ
ਸਕਿਆ ਤੇ ਕਾਨਫਰੰਸ ਵਿੱਚੇ ਛੱਡ ਕੇ ਬਾਹਰ ਆ ਗਿਆ। ਕਾਲਜ ਆਕੇ ਉਸ ਨੇ ਇਸ ਸੰਸਥਾ ਤੋਂ
ਅਸਤੀਫਾ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰਾਂ ਨੇ ਉਸ ਨੂੰ
ਬਹੁਤ ਮਨਾਇਆ ਪਰ ਉਹ ਨਾ ਹੀ ਮੰਨਿਆ।
|