ਇੱਕ ਦਿਨ ਮਨਦੀਪ ਅਤੇ ਧਰਮ ਨੇ ਘਰ ਆ ਕੇ ਦੱਸਿਆ ਕਿ “ਮਾਸਟਰ
ਜੀ ਕੰਿਹੰਦੇ ਨੇ ਕਿ ਧਰਤੀ ਘੁੰਮਦੀਆ” ਸੁਣ ਕੇ ਸੰਤਾ ਸਿੰਘ ਨੂੰ ਗੁੱਸਾ ਚੜ ਗਿਆ। ਉਹ
ਬੋਲਿਆ “ਇਹ ਕੋਈ ਆਟਾ ਪੀਹਣ ਵਾਲੀ ਚੱਕੀ ਆ? ਜਾਂ ਕੋਈ ਭਮੀਰੀ ਆ? ਬਈ ਘੁੰਮਦੀ ਆ।
ਕਿੱਡਾ ਕੁਫਰ ਤੋਲਦੇ ਨੇ ਮਦਰਸੇ ਵਾਲੇ। ਉਏ ਫੇਰ ਇਹ ਆਪਣਾ ਪਿੰਡ ਕਿਉਂ ਨੀ ਘੁੰਮ
ਜਾਂਦਾ? ਜੇ ਧਰਤੀ ਘੁੰਮੇ ਤਾਂ ਐਡੇ ਐਡੇ ਸਮੁੰਦਰ ਨਾ ਛਲਕ ਜਾਣ? ਪਹਾੜ ਨਾ ਡਿੱਗ
ਪੈਣ? ਫੇਰ ਉਹਨਾਂ ਤੋਂ ਇਹ ਵੀ ਪੁੱਛਣਾ ਤੀ ਕਿ ਫੇਰ ਏਡੀ ਵੱਡੀ ਧਰਤੀ ਨੂੰ
ਘੁੰਮਾਉਂਦਾ ਕੌਣ ਆ...?”
ਬੇਚੈਨੀ ਨਾਲ ਸੰਤਾ ਸਿੰਘ ਦੇ ਦਿਲ ਦੀ ਧੜਕਣ ਤੇਜ਼ ਹੋ ਗਈ।
ਜਿਸ ਨੂੰ ਉਹ ਪੱਖਾ ਚੱਲਣਾ ਆਖਦਾ ਸੀ। ਮਹਿਤਾਬ ਕੌਰ ਸੰਤਾ ਸਿੰਘ ਨੂੰ ਇਉਂ ਚਾਦਰ
ਲਪੇਟੀ ਬੈਠੇ ਨੂੰ, ਦੇਖ ਕੇ ਬੋਲ ਰਹੀ ਸੀ “ਚੁੱਪ ਰਹੋ ਕੋਈ ਰੌਲ਼ਾ ਨਾ ਪਾਓ, ਥੋਡੇ
ਬਾਪੂ ਦਾ ਪੱਖਾ ਚੱਲਦੈ” ਉਸ ਰਾਤ ਸੰਤਾ ਸਿੰਘ ਨੂੰ ਨੀਂਦ ਨਹੀਂ ਨਾ ਆਈ। ਉਹ ਸਾਰੀ
ਰਾਤ ਬੈਠਾ ਚੁਬਾਰੇ ਦਾ ਦਰਵਾਜ਼ਾ ਦੇਖਦਾ ਰਿਹਾ ਜੋ ਦੂਜੇ ਪਾਸੇ ਨੂੰ ਨਹੀਂ ਸੀ
ਘੁੰਮਿਆ। ਦੂਸਰੇ ਦਿਨ ਉਹ ਸਕੂਲ ਖੁੱਲਣ ਸਾਰ ਮਾਸਟਰਾਂ ਦੇ ਗਲ਼ ਜਾ ਪਿਆ। ਕਿ “ਆ
ਤੁਸੀਂ ਨਿਆਣਿਆਂ ਨੂੰ ਝੂਠ ਕਿਉਂ ਪੜ੍ਹਾਉਂਦੇ ਉਂ?
ਤਾਂ ਅੱਗੋਂ ਪ੍ਰੀਤੀ ਪੁਰੀਆ ਮਾਸਟਰ ਪਿਆਰਾ ਸਿਉਂ ਬੋਲਿਆ
“ਲੰਬੜਦਾਰ ਸਾਹਿਬ ਆਹ ਪਿਛਲੀ ਵੀਹ ਜੁਲਾਈ ਨੂੰ ਅਮਰੀਕਾ ਦਾ ‘ਨੀਲ ਆਰਮ ਸਟਰੌਂਗ’ ਚੰਦ
ਤੇ ਜਾ ਉੱਤਰਿਆ ਏ। ਮੈਂ ਖੁਦ ਰੇਡੀਉ ਤੇ ਖ਼ਬਰਾਂ ਸੁਣੀਆਂ ਨੇ ਤੇ ਸਾਰੇ ਅਖਬਾਰਾਂ
ਵਿੱਚ ਵੀ ਆਈਆ ਨੇ। ਕੀ ਇਹ ਵੀ ਝੂਠ ਆ?”
ਸੰਤਾਂ ਸਿਉਂ ਉਸ ਨੂੰ ਕੁੱਦ ਕੇ ਪਿਆ “ਹੈਂ ਹੈਂ ਕੀ ਕਿਹਾ?
ਮੂਰਖੋ ਚੰਦ ਤਾਂ ਦੇਵਤਾ ਏ। ਵੇਦਾਂ ਗਰੰਥਾਂ ਵਿੱਚ ਇਸ ਦਾ ਸਾਰਾ ਜਿਕਰ ਆ। ਫੇਰ ਕੀ
ਵੇਦ ਗਰੰਥ ਝੂਠੇ ਨੇ? ਰਿਸ਼ੀ ਗੌਤਮ ਨੇ, ਜਦੋਂ ਕ੍ਰੋਧ ‘ਚ ਆਕੇ ਚੰਦਰਮਾਂ ਦੇ ਗਿੱਲਾ
ਪਰਨਾ ਮਾਰਿਆ ਤਾਂ ਹੀ ਤਾਂ ਉਹ ਦਾਗ ਪਿਆ ਤੀ ਜੋ ਅਜੇ ਤੱਕ ਦੀਂਹਦਾ ਆ। ਕੀ ਇਹ
ਸਾਰੀਆਂ ਸਾਖੀਆਂ ਝੂਠੀਆਂ ਨੇ ਫੇਰ?”
“ਉਹ ਤਾਂ ਚੰਦ ਤੋਂ ਮਿੱਟੀ ਵੀ ਲੈ ਕੇ ਆਏ ਨੇ” ਮਾਸਟਰ ਪਿਆਰਾ
ਸਿੰਘ ਫੇਰ ਬੋਲਿਆ
“ਲੈ ਕਿਸੇ ਟਿੱਬੇ ਨੂੰ ਚੰਦ ਸਮਝ ਕੇ ਚੱਕ ਲਿਆਏ ਹੋਣੇ ਨੇ।
ਨਾਲੇ ਮਿੱਟੀ ਦੱਸ ਭਲਾਂ ਕਿਵੇਂ ਚਮਕ ਪਊ? ਚੰਦ ਦੀ ਐਨੀ ਚਾਨਣੀ ‘ਚ ਆਪਾਂ ਹਲ਼ ਵਾਹੁਨੇ
ਆਂ ਫੇਰ ਉਹ ਚਾਨਣਾ ਕਿਵੇਂ ਹੁੰਦੈ? ਖੁਦ ਟਪਲਾ ਖਾਅ ਗਏ ਨੇ ਤੇ ਲੋਕਾਂ ਨੂੰ ਬੁੱਧੂ
ਬਣਾਉਂਦੇ ਨੇ…। ਜੇ ਕਿਤੇ ਮੈਨੂੰ ਮਿਲਣ ਤਾਂ ਮੈਂ ਜੁੱਤੀਆਂ ਨਾਲ਼ ਇਨਾਂ ਦੇ ਭਾਗ ਲਾਹ
ਦਿਆਂ” ਸੰਤਾ ਸਿੰਘ ਬੇਹੱਦ ਗੁੱਸੇ ਵਿੱਚ ਸੀ।
ਜਦੋਂ ਉਹ ਰੇਡੀਉ ਤੋਂ ਕੋਈ ਵੀ ਅਜਿਹੀ ਖ਼ਬਰ ਸੁਣਦਾ ਤਾਂ ਵੀ
ਉਸ ਦਾ ਹੱਥ ਆਪ ਮੁਹਾਰੇ ਜੁੱਤੀ ਵਲ ਵਧ ਜਾਂਦਾ। ਮਨ ਬੇਚੈਨ ਹੋ ਜਾਂਦਾ। ਪਰ ਤਬਦੀਲੀ
ਤਾਂ ਬੜੀ ਤੇਜ਼ੀ ਨਾਲ ਵਾਪਰ ਰਹੀ ਸੀ। ਉਸਦੇ ਆਪਣੇ ਅੰਦਰੋਂ ਹੀ ਆਵਾਜ਼ ਆਂਉਂਦੀ “ਹੁਣ
ਤੂੰ ਕਿਸ ਕਿਸ ਮਗਰ ਜੁੱਤੀ ਲਾਹੀਂ ਫਿਰੇਂਗਾ?”
ਇਸ ਤਰ੍ਹਾਂ ਦੀ ਤਬਦੀਲੀ ਦੀਆਂ ਗੱਲਾਂ ਜੋਗਿੰਦਰ ਕੌਰ ਤੇ
ਹਰਦੇਵ ਕੌਰ ਵੀ ਕਰ ਰਹੀਆਂ ਸਨ। ਅੱਜ ਉਹ ਪਹਿਲੇ ਦਿਨ ਮੁਹਾਰਿਆਂ ਵਿੱਚ ਛੱਲੀਆਂ
ਡੁੰਗਣ ਆਈਆਂ ਸਨ। ਸਾਉਣੀ ਦੀ ਫਸਲ ਨੂੰ ਪਿੰਡਾਂ ਵਿੱਚ ਕਣਕ ਦੇ ਮੁਕਾਬਲੇ ਕੋਈ ਬਹੁਤਾ
ਮਹੱਤਵ ਨਹੀਂ ਸੀ ਦਿੱਤਾ ਜਾਂਦਾ। ਸਿਰਫ ਮੱਕੀ ਦਾ ਆਟਾ ਪਿਸਾਉਣ ਲਈ ਹੀ ਮੱਕੀ ਬੀਜੀ
ਜਾਂਦੀ। ਫਸਲ ਪੱਕਣ ਤੇ ਔਰਤਾਂ ਮਰਦ ਛੱਲੀਆਂ ਡੁੰਗਦੇ। ਫੇਰ ਇਹ ਛੱਲੀਆਂ ਸੁੱਕਣੀਆਂ
ਪਾਈਆਂ ਜਾਂਦੀਆਂ ਤੇ ਮੁੜਕੇ ਡੰਡਿਆਂ ਸੋਟਿਆਂ ਨਾਲ ਇਨ੍ਹਾਂ ਦੇ ਦਾਣੇ ਝਾੜੇ ਜਾਂਦੇ।
ਹੁਣ ਜੋਗਿੰਦਰ ਕੁਰ ਜੋ ਹੁਣੇ ਆਪਣੇ ਪੇਕਿਆਂ ਤੋਂ ਹੋ ਕੇ ਆਈ ਸੀ ਦੱਸ ਰਹੀ ਸੀ,
“ਕੁੜੇ ਸਾਡੇ ਸਾਡੇ ਪਿੰਡ ਬਰਸਾਲੀਂ ਤਾਂ ਹੁਣ ਕੋਈ ਵੀ ਛੱਲੀਆਂ ਡੰਡਿਆਂ ਨਾਲ ਨਹੀਂ
ਕੁੱਟਦਾ। ਡਰੱਮੀ ਨਾਲ ਹੀ ਦਾਣੇ ਕਢਵਾਉਂਦੇ ਨੇ ਸਾਰੇ। ਭੈਣੇ ਉਹ ਤਾਂ ਉਹ ਮਿੰਟੋ
ਮਿੰਟੀ ਦਾਣੇ ਅੱਡ ਤੇ ਗੁੱਲ ਅੱਡ ਅੱਡ ਕਰ ਦਿੰਦੀ ਆ” ਹਰਦੇਵ ਕੌਰ ਸੁਣ ਸੁਣ ਹੈਰਾਨ
ਹੋ ਰਹੀ ਸੀ।
ਫੇਰ ਦੇਬੂ ਲੰਗੜਾ ਜੋ ਅੱਜ ਦਿਹਾੜੀ ਤੇ ਸੀ, ਗੱਲ ਸੁਣ ਕੇ
ਦੂਰ ਬੈਠਾ ਬੋਲਿਆ “ਲੈ ਦੂਰ ਕੀ ਜਾਣੈ ਆਪਣੇ ਤਾਰੇ ਕਾ ਟੱਬਰ ਨੀ, ਉਹਨੇ ਆਪਣੇ ਖੂਹ
ਤੇ ਜਿੰਨੇ ਦਰਖਤ ਤੀ ਕਿੱਕਰਾਂ ਟਾਹਲੀਆਂ ਨਿੰਮਾਂ ਤੂਤ ਡਕੈਣਾਂ ਸਭ ਵੱਢਤੇ…। ਅਖੈ
ਮੈਂ ਸਫੈਦੇ ਬੀਜਣੇ ਨੇ” ਸੰਤਾ ਸਿੰਘ ਸੁਣ ਕੇ ਬੋਲਿਆ “ਹੈਂ ਹੈਂ ਇਹ ਸਫੈਦਾ ਕੀ
ਹੁੰਦਾ ਐ? ਮੇਰੀ ਐਡੀ ਉਮਰ ਹੋ ਗੀੌ ਮੈਂ ਤਾਂ ਕਦੇ ਸੁਣਿਆਂ ਨੀ। ਉਹ ਨੂੰ ਮੂਰਖ ਨੂੰ
ਪੁੱਛੇ ਕਿ ਟਾਹਲੀ ਵਰਗੀ ਲੱਕੜ ਭਲਾਂ ਕਿਤੋਂ ਲੱਭਣੀ ਆਂ। ਹੁਣ ਤੱਕ ਟਾਹਲੀ ਦੇ ਬਾਲੇ
ਈ ਛੱਤਾਂ ਨੂੰ ਵਰਤਦੇ ਰਹੇ ਆਂ। ਨਿੰਮ ਦੇ ਸੰਦੂਕ, ਜਿਨਾਂ ਨੂੰ ਕਦੇ ਘੁਣ ਨੀ ਲੱਗਦੀ
ਕਿੰਨੇ ਮਸ਼ਹੂਰ ਨੇ। ਨਿੰਮ ਦਾ ਘੋਟਣਾਂ ਐਵੇਂ ਨੀ ਲੋਕ ਬਣਾਉਂਦੇ ਸੌ ਬਿਮਾਰੀਆਂ ਦਾ
ਇਲਾਜ ਆ। ਤੂਤ ਦੇ ਮੋਛੇ ਦੀ ਭਲਾਂ ਕੋਈ ਕੀ ਰੀਸ ਕਰ ਲੂ? ਮਖਾਂ ਇਹ ਸਫੈਦਾ ਹੈ ਕੀ
ਚੀਜ ਆ?”
ਤਾਂ ਦੇਬੂ ਬੋਲਿਆ “ਚਾਚਾ ਦੇਖਿਆ ਤਾਂ ਮੈਂ ਵੀ ਨੀ। ਕਹਿੰਦੇ
ਬਹੁਤ ਉੱਚਾ ਵਧਦੈ। ਪਰ ਏਹਨੂ ਫਲ਼ ਕੋਈ ਨੀ ਲੱਗਦਾ। ਏਹਦੀ ਲੱਕੜ ਕੰਮ ਆਂਉਂਦੀਐ ਜੋ
ਕਹਿੰਦੇ ਬਹੁਤ ਮੈਂਹਗੀ ਵਿਕਦੀ ਆ। ਆਪਣੀ ਨਹਿਰ ਤੇ ਹੁਣ ਤੂਤ ਕਰੌਂਡੇ ਬੇਰੀਆਂ
ਝਾੜੀਆਂ ਪੱਟ ਕੇ ਵੀ ਬੇਲਦਾਰ ਸਫੈਦੇ ਲੌਣ ਲੱਗ ਪਏ ਨੇ। ਮੈਨੂੰ ਪੀਤੂ ਚਾਚੇ ਦਾ
ਮੁੰਡਾ ਕੰਤਾ ਦੱਸਦਾ ਤੀ, ਜਿਹੜਾ ਬੇਲਦਾਰੀ ਕਰਦੈ।
ਛੱਲੀਆਂ ਡੁੰਗਣ ਲਈ ਦੋ ਪਾਰਟੀਆਂ ਸਨ, ਇੱਕ ਔਰਤਾਂ ਦੀ ਤੇ
ਦੂਜੀ ਮਰਦਾਂ ਦੀ। ਅੋਰਤਾਂ ਵਿੱਚ ਦੇਬੂ ਲੰਗੜੇ ਦੀ ਘਰ ਵਾਲੀ ਦਿਆਲੋ, ਪਿੰਦਰੋ
ਚੂਹੜੀ, ਫੱਤੋ ਮਰਾਸਣ, ਹਰਦੇਵ ਕੁਰ ਅਤੇ ਜੋਗਿੰਦਰੋ ਸ਼ਾਮਲ ਸਨ। ਤੇ ਮਰਦਾ ਦੀ ਪਾਰਟੀ
ਵਿੱਚ ਸੰਤਾ ਸਿਉਂ, ਦੇਬੂ ਲੰਗੜਾ, ਕਾਲੂ ਮਰਾਸੀ ਅਤੇ ਗੁਰਜੀਤ ਸਨ। ਮਹਿਤਾਬ ਕੁਰ ਅਤੇ
ਛੋਟੀ ਨੂੰਹ ਪਾਲੋ ਰੋਟੀ ਟੁੱਕ ਦੇ ਆਹਰ ਲਈ ਘਰ ਵਿੱਚ ਹੀ ਸਨ।
ਦੇਬੂ ਨੇ ਫੇਰ ਪੁੱਛਿਆ ਸੀ “ਲੰਬੜਦਾਰਾ ਜੇ ਲੋਕ ਐਂ
ਟਾਹਲੀਆਂ, ਕਿੱਕਰਾਂ, ਬੇਰੀਆਂ, ਤੂੰਤ ਤੇ ਨਿੰਮਾਂ ਵੱਢਣ ਲਗ ਪਏ ਤਾਂ ਫੇਰ ਕੀ
ਬਣੂਗਾ?” ਸੰਤਾ ਸਿੰਘ ਨੇ ਇੱਕੋ ਗੱਲ ਕਹੀ “ਬੱਸ ਇਹ ਕਲਯੁੱਗ ਆ ਤੇ ਮੇਰੀ ਸਮਝੋ
ਬਾਹਰਾ ਏ। ਦੇਖ ਲੈ ਇੰਜਣ ਕਾਹਦੇ ਆ ਗਏ ਹੁਣ ਕਦੇ ਖੂਹੀ ਤੇ ਡੋਲ ਖੜਕਦਾ ਸੁਣਿਆ ਏ?
ਜਦੋਂ ਦੀ ਬਿਜਲੀ ਆਈ ਆ ਦੀਵੇ ਤਾਂ ਊਈਂ ਗੁੱਲ ਹੋ ਗਏ ਨੇ” ਉਸੇ ਵਕਤ ਸੰਤਾ ਸਿੰਘ ਨੂੰ
ਰੇਡੀਉ ਤੋਂ ਆਉਂਦੇ ਦਿਹਾਤੀ ਪ੍ਰੋਗਰਾਮ ਦੀ ਯਾਦ ਆਈ। ਜੋ ਰੋਜ਼ ਹੋਰ ਈ ਤਰ੍ਹਾਂ
ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਇਹ ਸਫੈਦਿਆਂ ਬਾਰੇ ਵੀ ਉਸਨੇ ਦਿਹਾਤੀ ਪ੍ਰੋਗਰਾਮ
ਵਿੱਚ ਗੱਲਾਂ ਕਰਦਿਆਂ ਨੂੰ ਸੁਣਿਆ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਕੀ ਸ਼ੈਅ
ਹੈ। ਉਸ ਨੇ ਬਲਕਾਰ ਨੂੰ ਕਿਹਾ “ਜੇ ਘਰ ਗਿਆ ਤਾਂ ਘਰੋਂ ਰੇੜੂਆਂ ਚੱਕ ਲਿਆਂਈ ਦਿਹਾਤੀ
ਪ੍ਰੋਗਰਾਮ ਅੱਜ ੲੈਥੇ ਸੁਣਲਾਂਗੇ”
ਜਿਉਂ ਹੀ ਰੇਡੀਉ ਨੂੰ ਲਾਇਆ ਤਾਂ ਦਿਹਾਤੀ ਪ੍ਰੋਗਰਾਮ ਅਜੇ
ਸ਼ੁਰੂ ਹੀ ਹੋਇਆ ਸੀ। ਠੰਢੂ ਰਾਮ ਫੌਜਾ ਸਿੰਘ ਨੂੰ ਹਾਕਾਂ ਮਾਰ ਰਿਹਾ ਜੀ ਕਿ ਆ
ਜਾ…ਲੰਘ ਆ… ਲੰਘ ਆ। ਤੇ ਉਸ ਦੇ ਦੱਸਣ ਅਨੁਸਾਰ ਭਾਈਆ ਜੀ ਵੀ ਛਤਰੀ ਲਈ ਕਿਣਮਣ ਤੋਂ
ਬਚਦਾ ਲੰਘ ਆਇਆ ਸੀ।
ਹੁਣ ਲੰਬੜਦਾਰ ਨੂੰ ਫਿਕਰ ਵੀ ਹੋਣ ਲੱਗਾ ਕਿ ਜੇ ਜਲੰਧਰ ਵਿੱਚ
ਮੀਂਹ ਕਣੀ ਹੈ ਤਾਂ ਛੱਲੀਆਂ ਅੱਜ ਬਾਹਰ ਸੁੱਕਣੀਆਂ ਨਹੀਂ ਪਾਉੁਣੀਆਂ ਚਾਹੀਦੀਆਂ। ਤਦੇ
ਕਿਸਾਨਾਂ ਸਬੰਧੀ ਪ੍ਰੋਗਰਾਮ ਸ਼ੁਰੂ ਹੋ ਗਿਆ। ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ
ਪੰਜਾਬ ਦਾ ਕਿਸਾਨ ਹੁਣ ਮੱਕੀ ਨਰਮੇ ਦਾ ਖਹਿੜਾ ਛੱਡ ਕੇ ਝੋਨਾ ਬੀਜੇ। ਸੰਤਾ ਸਿਉਂ ਨੇ
ਤਾਂ ਸਿਰਫ ਕੁੜਤੀ ਝੋਨਾ ਹੀ ਸੁਣੇ ਹੋਏ ਸਨ। ਇਹ ਨਵਾਂ ਝੋਨਾ ਕੀ ਬਲਾ ਹੈ, ਉਸ ਨੂੰ
ਸਮਝ ਨਹੀਂ ਸੀ ਪਈ। ਪਰ ਬਲਕਾਰ ਸਿੰਘ ਜੋ ਸ਼ਹਿਰ ਜਾਂਦਾ ਰਹਿੰਦਾ ਸੀ, ਉਸ ਨੇ ਦੱਸਿਆ
ਕਿ “ਝੋਨਾਂ ਚੌਲਾਂ ਦੀ ਫਸਲ ਨੂੰ ਕਹਿੰਦੇ ਨੇ”
ਫੇਰ ਉਸੇ ਸਾਲ ਬਾਹਰਲਿਆਂ ਦੇ ਟੱਬਰ ਨੇ ਕਰਾਹੇ ਹੋਏ ਖੇਤ
ਵਿੱਚ ਝੋਨਾ ਲਗਾਇਆ। ਤਾਰੇ ਨੇ ਆਪਣੇ ਸਾਰੇ ਖੇਤਾਂ ਦੁਆਲੇ ਸਫੈਦੇ ਲਗਾ ਦਿੱਤੇ।
ਮਿਸਤਰੀਆਂ ਦੇ ਕਿੰਦਰ ਨੇ ਛੱਲੀਆਂ ਕੱਢਣੀ ਡਰੱਮੀ ਵੀ ਲੈ ਲਈ। ਉਹ ਇੱਕ ਰੇੜੇ ਜਿਹੇ
ਤੇ ਢੋਲੀ ਫਿੱਟ ਕਰਕੇ ਸਾਰੇ ਪਿੰਡ ਦੀਆਂ ਛੱਲੀਆਂ ਕੱਢਦਾ ਤੇ ਬਦਲੇ ਵਿੱਚ ਤੋਲ ਦੇ
ਹਿਸਾਬ ਨਾਲ ਸੱਤਵਾਂ ਹਿੱਸਾ ਲੈਂਦਾ। ਦਿਨਾਂ ਵਿੱਚ ਹੀ ਉਸ ਦੀ ਡਰੱਮੀ ਦੂਜੇ ਪਿੰਡਾਂ
ਵਿੱਚ ਵੀ ਜਾਣ ਲੱਗ ਪਈ।
ਰਣੀਏ ਪਿੰਡ ਵਿੱਚ ੱਿਟੱਬੇ ਤੇਜ਼ੀ ਨਾਲ ਕਰਾਹੇ ਜਾ ਰਹੇ ਸਨ।
ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਨੂੰ ਇੰਜਣਾਂ ਦੀ ਫਿੱਟ ਫਿੱਟ ਨੇ ਖਾਹ ਲਿਆ ਸੀ।
ਪਰ ਸੰਤਾ ਸਿੰਘ ਦੇ ਘਰ ਅਜੇ ਵੀ ਚਾਰ ਬਲਦਾਂ ਦੀ ਖੇਤੀ ਸੀ। ਇੱਕ ਬਲਦ ਘਰ ਦਾ ਪਾਲਿਆ
ਵੱਛਾ ਸੀ ਜੋ ਵੀਰੋ ਵਹਿੜੀ ਦੀ ਔਲਾਦ ਸੀ। ਵੀਰੋ ਗਊ ਦਾ ਏਸ ਟੱਬਰ ਨੇ ਹੁਣ ਤੱਕ ਦੁੱਧ
ਪੀਤਾ ਸੀ। ਇੱਕ ਬੀਕਾਨੇਰ ਤੋਂ ਲਿਆਂਦਾ ਭੀਲ ਬਲਦ ਸੀ। ਜੋ ਭੀਲਾਂ ਵਾਂਗੂੰ ਮਸਤੀ ਨਾਲ
ਤੁਰਦਾ ਤੇ ਉਸ ਦਾ ਨਾਂ ਭੀਲ ਹੀ ਪੈ ਗਿਆ। ਇੱਕ ਸਾਵਾ ਸੀ ਜੋ ਨਗੌਰ ਦੀ ਮੰਡੀ ਤੋਂ
ਲਿਆਂਦਾ ਸੀ ਤੇ ਇੱਕ ਬੁੱਢਾ ਬਲਦ ਸੀ ਜੋ ਸਭ ਤੋਂ ਵੱਡਾ ਸੀ। ਇਸ ਦੇ ਨਾਲ ਨਾਲ ਇੱਕ
ਊਠ ਵੀ ਸੀ ਜੋ ਹੁਣ ਵਿਹਲਾ ਹੀ ਰਹਿੰਦਾ। ਊਠ ਦਾ ਕੰਮ ਹੁਣ ਇੰਜਣ ਨੇ ਚੁੱਕ ਲਿਆ ਸੀ।
ਟੋਕਾ ਕੁਤਰਨਾ ਤੇ ਪਾਣੀ ਦੇਣ ਦਾ ਕੰਮ ਇੰਜਣ ਕਰੀ ਜਾਂਦਾ। ਫੇਰ ਸਮਰਾਲੇ ਦੀ ਮੰਡੀ ਤੇ
ਬੋਤਾ ਵੇਚਣ ਦੀ ਸਲਾਹ ਕਰ ਲਈ ਗਈ।
ਪਿੰਡ ਵਿੱਚ ਟਾਵੇਂ ਟਾਵੇਂ ਟਰੈਕਟਰ ਵੀ ਆ ਗਏ। ਲੋਕ ਵਾੜਾਂ
ਬੰਨਿਆਂ ਤੇ ਖੜੇ ਦਰਖਤਾਂ ਨੂੰ ਪੁੱਟਣ ਲੱਗੇ। ਕੋਈ ਕਹਿੰਦਾ “ਯਾਰ ਇਹ ਤੂੰਤ ਸ਼ਾਉਰਾ
ਕਰਦਾ ਤੀ, ਤੇ ਫਸਲ ਮਾਰਦਾ ਸੀ, ਤਾਂ ਵੱਢ ਦਿੱਤਾ” ਕਿੱਕਰਾਂ, ਬੇਰੀਆਂ, ਟਾਹਲੀਆਂ,
ਨਿੰਮਾਂ ਘਟਣ ਲੱਗੀਆਂ। ਸੰਤਾਂ ਸਿੰਘ ਹੈਰਾਨ ਹੁੰਦਾ ਕਿ ਲੋਕ ਹੁਣ ਨਿੰਮ ਦੇ ਸੰਦੂਕ
ਕਿਵੇਂ ਬਣਾਇਆ ਕਰਨਗੇ? ਉਸਦਾ ਅਪਣਾ ਮੁੰਡਾ ਹਰਜੀਤ ਜਦੋਂ ਵਿਆਹ ਵੇਲੇ ਛੁੱਟੀ ਆਇਆ ਸੀ
ਤਾਂ ਕਿੱਕਰ ਦੀ ਦਾਤਣ ਦੀ ਬਜਾਏ ਸਵੇਰੇ ਉੱਠ ਕੇ ਬੁਰਸ਼ ਕਰਦਾ। ਜਦੋਂ ਉਹ ਮੂੰਹ
ਵਿੱਚੋਂ ਝੱਗ ਜਿਹੀ ਕੱਢਦਾ ਤਾਂ ਸੰਤਾਂ ਸਿਉਂ ਨੂੰ ਬੇਹੱਦ ਅਲਕਤ ਆਂਉਦੀ। ਫੇਰ ਉਸ ਨੇ
ਇੱਕ ਦੋ ਬੰਦਿਆਂ ਨੂੰ ਹੋਰ ਵੀ ਬੁਰੱਸ਼ ਕਰਦੇ ਦੇਖਿਆ।
ਲੋਕ ਨੇਮ ਨਾਲ ਰੇਡੀਉ ਤੋਂ ਦਿਹਾਤੀ ਪ੍ਰੋਗਰਾਮ ਸੁਣਦੇ। ਤੇ ਹਰਾ ਇਨਕਲਾਬ ਲਿਆਉਣ
ਦੀਆਂ ਗੱਲਾਂ ਬਾਤਾਂ ਤੋਂ ਨਵੀਂ ਖੇਤੀ ਦੇ ਤੌਰ ਤਰੀਕੇ ਸਿੱਖਦੇ। ਜਿਸ ਦਿਨ ਦੀ
ਲੁਧਿਆਣੇ ‘ਚ ਖੇਤੀਬਾੜੀ ਯੂਨੀਵਰਸਿਟੀ ਬਣ ਗਈ ਸੀ ਤਾਂ ਨਵੇਂ ਬੀਜ਼ ਤੇ ਨਵੀਆਂ ਖਾਦਾਂ
ਦਾ ਵੀ ਰੌਲ਼ਾ ਪੈਣ ਲੱਗ ਪਿਆ।
ਬਾਹਰਲਿਆਂ ਦੇ ਟੱਬਰ ਨੇ ਵੱਧ ਝਾੜ ਲੈਣ ਲਈ ਪੋਨੇ ਕਮਾਦ ਦੀ
ਥਾਂ ਛਿਆਲੀ ਲਿਆ ਬੀਜਿਆ। ਲੋਕਾਂ ਨੇ ਦੇਸੀ ਕਣਕ ਦੀ ਥਾਂ ਮੈਕਸੀਕਣ ਤੇ ਸੋਨਾਲੀਕਾ
ਬੀਜਣੀ ਸ਼ੁਰੂ ਕਰ ਦਿੱਤੀ। ਜੋ ਵਾਕਿਆ ਹੀ ਵੱਧ ਝਾੜ ਦਿੰਦੀਆਂ ਸਨ। ਕਈ ਵਾਰੀ ਸੰਤਾ
ਸਿੰਘ ਨੂੰ ਲੱਗਦਾ ਕਿ ਉਸਦਾ ਟੱਬਰ ਉਸਦੇ ਆਪਣੇ ਹਠ ਕਾਰਨ ਖੇਤੀਬਾੜੀ ਵਿੱਚ ਪਛੜਦਾ ਜਾ
ਰਿਹਾ ਹੈ। ਉਹ ਤਾਂ ਅਜੇ ਤੱਕ ਖੇਤਾਂ ਵਿੱਚ ਰੂੜੀ ਦੀ ਖਾਦ ਹੀ ਪਾਉਂਦੇ ਸਨ। ਜਦੋਂ ਕਿ
ਲੋਕ ਸ਼ਹਿਰੋਂ ਬੋਰੀਆਂ ਵਾਲੀ ਖਾਦ ਲਿਆ ਕੇ ਪਾਂਉਂਦੇ। ਹੁਣ ਤਾਂ ਬਲਕਾਰ ਸਿੰਘ ਵੀ
ਖੇਤੀ ਦੇ ਨਵੇਂ ਢੰਗ ਨਾ ਅਪਣਾਉਣ ਕਰਕੇ ਆਪਣੇ ਪਿਉ ਨਾਲ ਖਹਿਬੜ ਪੈਂਦਾ। ਫੇਰ ਸੰਤਾ
ਸਿੰਘ ਦੇ ਖੇਤਾਂ ਵਿੱਚ ਰੂੜੀ ਦਾ ਨਾਲ ਨਾਲ ਯੂਰੀਆਂ, ਡਾਈ, ਅਮੋਨੀਆਂ ਤੇ ਹੋਰ ਖਾਦਾਂ
ਪੈਣ ਲੱਗੀਆਂ। ਇੱਕ ਦਿਨ ਗਰਾਮ ਸੇਵਕ ਦੇ ਨਾਲ ਬਲਾਕ ਅਫਸਰ ਵੀ ਪਿੰਡ ਦੇ ਦੌਰੇ ਤੇ
ਆਇਆ। ਤੇ ਉਹ ਲੋਕਾਂ ਨੂੰ ਸਮਝਾ ਕੇ ਪਿੰਡ ਨੂੰ ਸੁਸਾਇਟੀ ਦੇਣ ਦਾ ਐਲਾਨ ਕਰ ਗਿਆ।
ਵੇਦ ਪ੍ਰਕਾਸ਼ ਪੰਡਿਤ ਨੂੰ ਸੁਸਾਇਟੀ ਦਾ ਸੈਕਟਰੀ ਬਣਾ ਦਿੱਤਾ ਗਿਆ। ਤੇ ਫੇਰ ਇਹ
ਖਾਦਾਂ ਚੀਨੀ ਪਿੰਡ ਹੀ ਰਾਸ਼ਣ ਕਾਰਡ ਤੇ ਮਿਲਣੇ ਸ਼ੁਰੂ ਹੋ ਗਏ।
1962 ਵਿੱਚ ਸ਼ੁਰੂ ਹੋਈ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ
ਅਤੇ ਵੀਹ ਨਵੰਬਰ 1963 ਨੂੰ ਸ਼ੁਰੂ ਹੋਏ ਭਾਖੜਾ ਡੈਮ ਬਿਜਲੀ ਪ੍ਰਜੈਕਟ ਨੇ ਸੱਤਰਵਿਆਂ
ਤੱਕ ਪੁੱਜਦੇ ਪੁੱਜਦੇ ਸਾਰੇ ਪੰਜਾਬ ਦੀ ਕਾਇਆਂ ਕਲਪ ਕਰ ਦਿੱਤੀ। ਜਿਸ ਨੂੰ ਰੇਡੀਉ
ਵਾਲੇ ਹਰਾ ਇਨਕਲਾਬ ਕਹਿ ਰਹੇ ਸਨ।
ਲੰਬੜਦਾਰ ਸੰਤਾ ਸਿੰਘ ਕੋਲ 25 ਏਕੜ ਜ਼ਮੀਨ ਸੀ। ਪਿੰਡ ਦੇ ਨਾਲ
ਲੱਗਦੀ ਚਾਰ ਏਕੜ ਨਿਆਂਈ ਵਾਲੀ ਜ਼ਮੀਨ ਸਭ ਤੋਂ ਤਕੜੀ ਅਤੇ ਕੀਮਤੀ ਸੀ। ਜਿਸ ਨੂੰ ਬੜੀ
ਮਿਹਨਤ ਨਾਲ ਹੁਣ ਟਿੱਬੇ ਕਰਾਹ ਕੇ ਪੱਧਰ ਕਰ ਲਿਆ ਗਿਆ ਸੀ। ਏਥੇ ਖੜੇ ਝਾੜ ਬੂਟੇ,
ਬਰੂ, ਸਰਕੜਾ ਤੇ ਕੰਡਿਆਲੀਆਂ ਝਾੜੀਆਂ,ਸਾਫ ਕਰ ਦਿੱਤੀਆਂ ਗਈਆਂ। ਹੁਣ ਕਿਤੇ ਵੀ ਸੱਪ
ਦੀ ਕੋਈ ਬਿਰਮੀਂ ਜਾਂ ਚੂਹੇ ਦੀ ਖੁੱਡ ਨਜ਼ਰ ਨਹੀਂ ਸੀ ਆਉਂਦੀ।
ਪਿੰਡ ਦੇ ਨੇੜੇ ਹੋਣ ਕਾਰਨ ਏਥੇ ਜ਼ਿਆਦਾ ਤਰ ਬਰਸੀਮ, ਚਰੀ,
ਟਾਂਡੀ ਜਾਂ ਪਸ਼ੂਆਂ ਲਈ ਹਰਾ ਚਾਰਾ ਬੀਜਿਆ ਜਾਂਦਾ। ਏਥੇ ਕਣਕ ਕਮਾਦ ਅਤੇ ਮੱਕੀ ਵੀ
ਬਹੁਤ ਝਾੜ ਦਿੰਦੇ ਸਨ। ਲੋਕ ਇਸ ਨੂੰ ਝੋਟੇ ਦੇ ਸਿਰ ਵਰਗੀ ਤਕੜੀ ਜ਼ਮੀਨ ਆਖਦੇ।
ਪਹਿਲਾਂ ਏਥੇ ਜਦੋਂ ਖੂਹ ਲੱਗਿਆ ਸੀ ਤਾਂ ਇਸ ਟੱਕ ਦਾ ਨਾ ਨਵਾਂ ਖੂਹ ਪੈ ਗਿਆ ਸੀ।
ਉਦੋਂ 25 ਏਕੜਾਂ ਵਿੱਚੋਂ ਸਿਰਫ ਏਹੋ ਸੇਂਜੂ ਜ਼ਮੀਨ ਸੀ। ਪਰ ਮੋਟਰ ਲੱਗਣ ਨਾਲ ਇਸ ਦੀ
ਅਹਿਮੀਅਤ ਹੁਣ ਹੋਰ ਵੀ ਵੱਧ ਗਈ ਸੀ। ਹੁਣ ਖੂਹ ਦੇ ਨਾਲ ਹੀ ਮੋਟਰ ਵਾਲਾ ਕੋਠਾ ਪੈ
ਗਿਆ। ਪਾਣੀ ਵਾਲਾ ਚੁਬੱਚਾ ਬਣ ਗਿਆ। ਸਰਦੀਆਂ ਵਿੱਚ ਏਥੇ ਦੋ ਦੋ ਮਹੀਨੇ ਘੁਲਾੜੀ ਵੀ
ਚੱਲਦੀ ਰਹਿੰਦੀ।
ਦੂਸਰਾ ਟੱਕ ਜਿਸ ਨੂੰ ਮਘਿਆਣੀ ਵਾਲਾ ਕਿਹਾ ਜਾਂਦਾ। ਪਰ ਇਹ
ਨਾਉਂ ਕਿਵੇਂ ਪਿਆ ਕੋਈ ਨਹੀਂ ਸੀ ਜਾਣਦਾ। ਇਸ ਛੇ ਜਾਂ ਸੱਤ ਏਕੜ ਵਿੱਚ ਸਾਰੀ ਹੀ
ਜ਼ਮੀਨ ਰੇਤਲੀ ਸੀ। ਏਥੇ ਮਾਰੂ ਕਣਕ, ਮੂੰਗਫਲੀ’ ਜੌਂ, ਛੋਲੇ ਜਾਂ ਗੁਆਰਾ ਬਾਜਰਾ ਬੀਜੇ
ਜਾਂਦੇ। ਹੁਣ ਤਾਂ ਏਥੇ ਵੀ ਬੋਰ ਕਰਵਾ ਦਿੱਤਾ ਗਿਆ ਸੀ। ਪਾਣੀ ਮਿਲਣ ਕਾਰਨ ਏਥੇ ਵੀ
ਫਸਲ ਦਾ ਝਾੜ ਵਧ ਗਿਆ। ਇਹ ਜ਼ਮੀਨ ਤੱਖਰ ਪਿੰਡ ਦੇ ਨਾਲ ਜਾ ਲੱਗਦੀ ਸੀ। ਮਾਰੂ ਤੋਂ
ਸੇਜੂੰ ਬਣਨ ਤੇ ਤੱਖਰ ਦੇ ਕਈ ਗਾਹਕ ਇਸ ਨੂੰ ਖਰੀਦਣ ਲਈ ਨੋਟਾਂ ਦੇ ਥੱਬੇ ਚੁੱਕੀਂ
ਫਿਰਦੇ ਸਨ। ਪਰ ਸੰਤਾਂ ਸਿਉਂ ਆਖਦਾ “ਜਿਹਨੇ ਆਪਣੀ ਜ਼ਮੀਨ ਵੇਚ ਤੀ ਉਹਨੇ ਮਾਂ ਵੇਚ
ਤੀ। ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਆ”
ਤੀਸਰਾ ਟੱਕ ਵਿਰਕ ਵਾਲਾ ਸੀ। ਜੋ ਲਬੂੰਤਰਾ ਜਿਹਾ ਕਿਤੋਂ ਤੰਗ
ਤੇ ਕਿਤੋਂ ਚੌੜਾ ਸੀ। ਕਿਤੋਂ ਰੇਤਲਾ ਤੇ ਕਿਤੋਂ ਡਾਕਰ। ਏਥੇ ਤਾਂ ਦੋ ਦੋ ਏਕੜ ਨੂੰ
ਕਈ ਵਾਰ ਸੰਨਮਾਂ ਵੀ ਛੱਡ ਦਿੱਤਾ ਜਾਂਦਾ ਤਾਂ ਕਿ ਅਗਲੀ ਵਾਰ ਫਸਲ ਤਕੜੀ ਹੋ ਜਾਵੇ।
ਏਥੇ ਵੀ ਮੂੰਗਫਲੀ ਤੇ ਕਣਕ ਮੱਕੀ ਤੇ ਜੌ ਛੋਲੇ ਹੀ ਬੀਜੇ ਜਾਂਦੇ। ਫਸਲ ਦੇ ਨਾਲ ਨਾਲ
ਏਥੇ ਚਿੱਬੜ, ਤਰਬੂਜ਼ ਅਤੇ ਕੌੜ ਤੁੰਮੇ ਵੀ ਬਹੁਤ ਹੁੰਦੇ। ਗੁਰਜੀਤ ਸਿੰਘ ਤੜਕੇ ਹਲ਼
ਵਾਹੁਣ ਲਈ ਇਸ ਨੂੰ ਆਪਣੇ ਹਿੱਸੇ ਲੈਂਦਾ। ਜਦ ਤੋਂ ਏਥੇ ਵੀ ਬੋਰ ਕਰ ਦਿੱਤਾ ਗਿਆ ਤਾਂ
ਬੰਬੇ ਦਾ ਪਾਣੀ ਹੀ ਇਸ ਨੂੰ ਸਿੰਜਦਾ। ਡੰਡੇ ਕੱਢਕੇ ਜਾਂ ਕਿਆਰੇ ਭਰਕੇ ਪਾਣੀ ਦੇ ਕੇ
ਜ਼ਮੀਨ ਦੀ ਪਿਆਸ ਬੁਝਾਈ ਜਾਂਦੀ।
ਚੌਥਾ ਟੱਕ ਸੇਮ ਵਾਲੀ ਜ਼ਮੀਨ ਸੀ, ਜੋ ਨਹਿਰ ਕਿਨਾਰੇ ਹੋਣ
ਕਾਰਨ ਸੇਮ ਦੀ ਮਾਰ ਹੇਠ ਹੀ ਰਹਿੰਦੀ। ਇਸ ਦੇ ਨਾਲ ਬਹੁਤ ਵੱਡੀ ਚਰਾਂਦ ਪਈ ਸੀ।
ਜਿੱਥੇ ਪਿੰਡ ਦੇ ਪਸ਼ੂਆਂ ਦੇ ਵੱਗ ਚਰਦੇ ਰਹਿੰਦੇ। ਏਥੇ ਖਜ਼ੂਰਾ ਦੇ ਦਰਖਤ ਵੀ ਬਹੁਤ
ਖੜੇ ਸਨ। ਜਿਨਾਂ ਦੇ ਤਣਿਆਂ ਨਾਲ ਮੁੰਡੇ ਖਿੱਦੋ ਖੂੰਡੀ ਖੇਡਦੇ ਰਹਿੰਦੇ। ਇੱਥੇ ਪਾਣੀ
ਦਾ ਤਲ ਇਨ੍ਹਾਂ ਉੱਚਾ ਸੀ ਕਿ ਟੋਆ ਪੁੱਟਿਆਂ ਪਾਣੀ ਨਿੱਕਲ ਪੈਂਦਾ। ਪਾਣੀ ਦੇ ਨਿੱਕੇ
ਨਿੱਕੇ ਸੂਏ ਵਗਦੇ ਰਹਿੰਦੇ। ਇੱਕ ਪਾਸੇ ਟਿੱਬੇ ਤੇ ਦੂਜੇ ਪਾਸੇ ਸੇਮ। ਇੱਥੇ ਜੋ ਖੂਹ
ਲਗਾਇਆ ਗਿਆ ਸੀ ਉਸਦੀ ਮੌਣ ਤੇ ਬਹਿ ਕੇ, ਪੈਰ ਪਾਣੀ ਨੂੰ ਛੁਹਾਏ ਜਾ ਸਕਦੇ ਸਨ।
ਨਹਿਰ ਨਾਲ ਹੋਣ ਕਰਕੇ ਪਿੰਡ ਦੇ ਸਾਰੇ ਮੁੰਡੇ ਹੀ ਤੈਰਾਕ ਸਨ,
ਜੋ ਖੂਹ ਵਿੱਚ ਛਾਲਾਂ ਮਾਰ ਕੇ ਵੀ ਨਹਾ ਲੈਂਦੇ। ਇਸ ਇਲਾਕੇ ਵਿੱਚ ਸੱਪ ਆਮ ਹੀ ਨਜ਼ਰ
ਪੈ ਜਾਂਦੇ। ਸੰਘਣੇ ਦਰਖਤਾਂ ਦੇ ਝੁੰਡਾਂ ਕਾਰਨ ਏਥੇ ਰੋਜ਼, ਹਿਰਨ ਤੇ ਬਾਰਾਂ ਸਿੰਗੇ
ਵੀ ਝੁੰਡ ਬਣਾ ਕੇ ਘੁੰਮਦੇ ਰਹਿੰਦੇ। ਰਾਤ ਨੂੰ ਗਿੱਦੜ ਹੁਆਂਕਦੇ। ਜੇ ਫਸਲ ਹੋ ਵੀ
ਜਾਂਦੀ ਤਾਂ ਇਹ ਜਾਨਵਰ ਨਾਂ ਛੱਡਦੇ। ਦਿਨ ਵੇਲੇ ਲੋਕ ਖੇਤਾਂ ਵਿੱਚ ਦਰਖਤਾਂ ਤੇ
ਮਨੇ੍ਹ ਬਣਾ ਕੇ ਬੈਠਦੇ। ਜਾਨਵਰਾਂ ਤੋਂ ਫਸਲਾਂ ਦੇ ਬਚਾ ਲਈ ਪੀਪੇ ਖੜਕਾਉਂਦੇ।
ਗੁਲੇਲਾਂ ਨਾਲ ਪੰਛੀ ਉਡਾਂਉਂਦੇ।
ਇਸ ਜ਼ਮੀਨ ਦਾ ਮੁੱਲ ਬਹੁਤ ਘੱਟ ਸੀ। ਏਥੇ ਸਿਰਫ ਤਾਰਾਮੀਰਾ,
ਛੋਲੇ, ਜੌ ਤੇ ਕਮਾਦ ਹੀ ਬੀਜੇ ਜਾਂਦੇ। ਖੇਤ ਦੇ ਇੱਕ ਸਿਰੇ ਦਰਖਤਾਂ ਦਾ ਝੁੰਡ ਸੀ।
ਜਿੱਥੇ ਭੈਰੋਂ ਦੀ ਸਮਾਧ ਸੀ। ਐਤਵਾਰ ਵਾਲੇ ਦਿਨ ਔਰਤਾਂ ਭੈਰੋਂ ਦਾ ਚੂਰਮਾਂ ਲੈਕੇ
ਆਂਉਦੀਆਂ। ਰੋਟ ਵੀ ਪਕਾਇਆ ਜਾਂਦਾ। ਭੈਰੋਂ ਦੀ ਸਮਾਧ ਕਾਰਨ ਇਸ ਖੇਤ ਨੂੰ ਭੈਰੋਂ
ਵਾਲਾ ਖੂਹ ਵੀ ਕਿਹਾ ਜਾਂਦਾ। ਜਿਸ ਤੱਕ ਜਾਣ ਲਈ ਰੇਤਲਾ ਇੱਕ ਪਹਿਆ ਸੀ।
ਗੱਡਾ ਸਿਰਫ ਪਹਿਲਾਂ ਬਣਾਈਆਂ ਲੀਹਾਂ ਵਿੱਚ ਹੀ ਚੱਲ ਸਕਦਾ।
ਜੇ ਬਲਦ ਲੀਹ ਭੰਨ ਦੇਣ ਤਾਂ ਗੱਡਾ ਗੋਡੇ ਗੋਡੇ ਰੇਤੇ ਵਿੱਚ ਫਸ ਜਾਂਦਾ। ਐਨਾਂ ਰੇਤ
ਕਿੱਥੋਂ ਆਇਆ? ਕੋਈ ਨਹੀਂ ਸੀ ਜਾਣਦਾ। ਇਹ ਕਿਸੇ ਸਮੁੰਦਰ ਦਾ ਤਲ ਸੀ, ਜਾਂ ਦਰਿਆ ਦਾ
ਵਹਿਣ ਕਿਸੇ ਨੇ ਵੀ ਖੋਜ਼ ਨਹੀਂ ਸੀ ਕੀਤੀ। ਏਥੋਂ ਵੀ ਬੱਚਿਆਂ ਨੂੰ ਰੇਤ ਵਿੱਚੋਂ ਸੰਖ
ਘੋਗੇ ਤੇ ਸਿੱਪੀਆਂ ਆਮ ਹੀ ਲੱਭ ਜਾਂਦੇ।
ਲੇਕਿਨ ਹਰੇ ਇਨਕਲਾਬ ਨੇ ਇਹ ਸਭ ਕਾਸੇ ਨੂੰ ਨਿਘਲਣਾ ਸ਼ੁਰੂ ਕਰ
ਦਿੱਤਾ। ਸਾਰੇ ਖੇਤਾਂ ਵਿੱਚ ਇੱਕ ਇਨਕਲਾਬੀ ਤਬਦੀਲੀ ਆਉਣੀ ਸ਼ੁਰੂ ਹੋ ਗਈ। ਫੇਰ ਸੰਤਾਂ
ਸਿੰਘ ਦੇ ਪਰਿਵਾਰ ਨੇ ਬੋਤਾ ਵੀ ਵੇਚ ਦਿੱਤਾ। ਬੱਸ ਹਉਸ ਬੋਤੇ ਦੀ ਯਾਦ ਵਿੱਚ ਰਹਿ
ਗਿਆ ਲੱਕੜ ਦਾ ਚਰਨਾ ਤੇ ਕੁੱਝ ਸਮਾਨ…। ਇੱਕ ਸਿੱਧ ਪੱਧਰੇ ਯੁੱਗ ਨੂੰ ਜਿਵੇਂ ਕੋਈ
ਮਹਾਂ ਤਾਕਤ ਨਿੱਗਲਦੀ ਜਾ ਰਹੀ ਹੋਵੇ।
|