ਪਿੰਡ ਆ ਕੇ ਦਲੇਰ ਸਿੰਘ ਦਾ ਜਿਵੇਂ ਸੰਸਾਰ ਹੀ ਬਦਲ ਗਿਆ।
ਮਿਲਟਰੀ ਵਿੱਚ ਪਿਛਲੇ ਅਠਾਰਾਂ ਵੀਹ ਸਾਲ ਤੋਂ ਤੜਕੇ ਉੱਠਣਾ ਤੇ ਕਸਰਤ ਕਰਨੀ ਉਸਦਾ
ਸੁਭਾਅ ਸੀ। ਪਰ ਹੁਣ ਤਾਂ ਡਿਊਟੀ ਹੀ ਕੋਈ ਨਹੀਂ ਸੀ। ਉਸ ਲਈ ਵਿਹਲਾ ਰਹਿਣਾ ਬੜਾ
ਮੁਸ਼ਕਲ ਹੋ ਗਿਆ। ਵਕਤ ਜਿਵੇਂ ਕੀੜੀ ਦੀ ਤੋਰ ਤੁਰ ਰਿਹਾ ਹੋਵੇ। ਹੁਣ ਉਹ ਤੜਕੇ ਹੀ,
ਕਹੀ ਪਕੜ ਕੇ ਖੇਤਾਂ ਨੂੰ ਤੁਰ ਜਾਂਦਾ ਅਤੇ ਬਿਨਾਂ ਮਤਲਬ ਹੀ ਵੱਟਾਂ ਬੰਨੇ ਠੀਕ ਕਰਦਾ
ਰਹਿੰਦਾ। ਇੱਕ ਉਸਦੇ ਹਿੱਸੇ ਆਇਆ ਖੇਤ ਵੀ ਜ਼ਮੀਨ ਦਾ ਸਭ ਤੋਂ ਘਟੀਆ ਭਾਗ ਸੀ।
ਰਿਟਾਇਰਮੈਂਟ ਵਕਤ ਉਸ ਨੂੰ ਜੋ ਇੱਕ ਲੱਖ ਰੁਪਿਆ ਇਕੱਠਾ
ਮਿਲਿਆ, ਉਸ ਨਾਲ ਉਸ ਨੇ ਘਰ ਦਾ ਕੰਮ ਸ਼ੁਰੂ ਕਰਵਾ ਲਿਆ।ਇੱਕ ਰਸੋਈ, ਬੈਠਕ ਅਤੇ
ਬਰਾਂਡਾ ਪਾਉਣ ਦੇ ਨਾਲ ਨਾਲ ਉਸ ਨੇ ਘਰ ਦਾ ਬਾਗਲਾ ਵੀ ਉੱਚਾ ਕਰਵਾ ਦਿੱਤਾ। ਬਾਗਲੇ
ਨੂੰ ਲੱਗੇ ਨਵੇਂ ਗੇਟ ਕਾਰਨ ਘਰ ਸਜਣ ਲੱਗ ਪਿਆ ਸੀ। ਲੱਖ ਰੁਪਿਆ ਕਦੋਂ ਖੱਡੀਂ ਵੜ
ਗਿਆ ਉਸ ਨੂੰ ਪਤਾ ਵੀ ਨਾ ਲੱਗਾ। ਫੌਜ ਵਿੱਚ ਤਾਂ ਸਰਕਾਰੀ ਖਾਣਾ, ਸਰਕਾਰੀ ਰਹਾਇਸ਼
ਅਤੇ ਸਰਕਾਰੀ ਵਰਦੀ ਮਿਲਦੇ ਸਨ, ਕਦੇ ਮਹਿੰਗਾਈ ਦਾ ਪਤਾ ਹੀ ਨਹੀਂ ਸੀ ਲੱਗਿਆ। ਪਰ
ਹੁਣ ਪਿੰਡ ਆਕੇ ਤਾਂ ਖਰਚੇ ਹੀ ਖਰਚੇ ਮੂੰਹ ਅੱਡੀਂ ਖੜ੍ਹੇ ਸਨ। ਘਰ ਦੇ ਸਾਰੇ ਸੌਦੇ
ਪੱਤੇ, ਕੱਪੜੇ ਲੀੜੇ ਅਤੇ ਖਲ਼ ਵੜੇਵੇਂ ਹੀ ਚੈਨ ਨਹੀਂ ਸੀ ਲੈਣ ਦਿੰਦੇ। ਦੇਸ਼ ਦੀਆਂ
ਜੰਗਾਂ ਤੋਂ ਬਾਅਦ ਜਿਵੇਂ ਉਹ ਹੁਣ ਇੱਕ ਪਰਿਵਾਰਕ ਜੰਗ ਲੜ ਰਿਹਾ ਹੋਵੇ।
ਮਨਦੀਪ ਦਸਵੀਂ ਵਿੱਚ ਹੋ ਗਿਆ ਸੀ। ਰਘਵੀਰ ਅਤੇ ਬਿੰਦਰ ਸੱਤਵੀ
ਅਤੇ ਪੰਜਵੀਂ ਵਿੱਚ ਸਨ। ਉਨ੍ਹਾਂ ਦੀਆਂ ਫੀਸਾਂ ਹਰ ਮਹੀਨੇ ਆਈਆਂ ਹੀ ਰਹਿੰਦੀਆਂ।
ਕਿਸੇ ਨੂੰ ਕਾਪੀਆਂ ਕਿਤਾਬਾਂ ਅਤੇ ਕਿਸੇ ਨੂੰ ਪੈੱਨ ਪੈਨਸਲਾਂ ਚਾਹੀਦੀਆਂ ਹੁੰਦੀਆਂ।
ਹੁਣ ਉਹ ਆਪਣੇ ਜਾਂ ਦੇਸ਼ ਲਈ ਨਹੀਂ ਪਰਿਵਾਰ ਲਈ ਜੀ ਰਿਹਾ ਸੀ। ਹੌਲੀ ਹੌਲੀ ਉਸਦੀ
ਕਸਵੀਂ ਬੰਨੀ ਪੱਗ ਦੇ ਗਿਣਵੇਂ ਪੇਚ ਢਿੱਲੇ ਪੈਣ ਲੱਗੇ। ਫਿਕਸੋ ਲਾ ਕੇ ਅਤੇ ਰੱਸੀ
ਪਾਕੇ ਬੰਨੀ ਦਾੜੀ ਨੂੰ ਵੀ ਬਹੁਤ ਵਕਤ ਹੋ ਗਿਆ ਸੀ। ਕਈ ਵਾਰ ਉਹ ਦਾੜੀ ਗੁੱਟੀ ਜਿਹੀ
ਕਰਕੇ ਤੁੰਨ ਲੈਂਦਾ ਜਿਸ ਨਾਲ ਉਹ ਅਘੜੀ ਦੁੱਗੜੀ ਜਿਹੀ ਜਾਪਦੀ। ਪ੍ਰੈੱਸ ਕੀਤੀ ਵਰਦੀ
ਪਾਉਣ ਵਾਲਾ ਦਲੇਰ ਸਿੰਘ ਹੁਣ ਜੁੱਤੀ ਲਿਸ਼ਕਾਉਣੀ ਵੀ ਭੁੱਲ ਜਾਂਦਾ। ਕਈ ਵਾਰ ਉਹ
ਬਿਨਾਂ ਪ੍ਰੈੱਸ ਕੀਤੇ ਕੱਪੜੇ ਹੀ ਪਹਿਨ ਸ਼ਹਿਰ ਨੂੰ ਸਾਈਕਲ ਚੁੱਕ ਕੇ ਤੁਰ ਪੈਂਦਾ।
ਉਸਦੇ ਖਾਣ ਪਹਿਨਣ ਦਾ ਜਿਵੇਂ ਸਲੀਕਾ ਹੀ ਗੁਆਚ ਗਿਆ ਸੀ। ਕਈ ਵਾਰ ਲੱਗਦਾ ਕਿ ਉਸ ਨੇ
ਆਪਣੀ ਜ਼ਿੰਦਗੀ ਐਵੇਂ ਹੀ ਕਿਤੇ ਗੁਆ ਲਈ ਹੈ।
ਬਚਨ ਕੌਰ ਦੀਆਂ ਵੀ ਨਿੱਤ ਨਵੀਆਂ ਮੰਗਾਂ ਹੁੰਦੀਆਂ। ਕਿਸੇ ਦੇ
ਵਿਆਹ ਜਾਣਾ ਹੈ ਤੇ ਕਿਸੇ ਦੇ ਕੁੜਮੱਤ। ਕਿਸੇ ਨੂੰ ਕੱਪੜੇ ਲੈ ਕੇ ਦੇਣੇ ਨੇ ਤੇ ਕਿਸੇ
ਨੂੰ ਕੁੱਝ ਹੋਰ। ਦਲੇਰ ਸਿੰਘ ਦੇ ਰਿਟਾਇਰਮੈਂਟ ਤੋ ਬਾਅਦ ਲਏ ਸੁਪਨੇ ਇੱਕ ਇੱਕ ਕਰਕੇ
ਖੁਰਨ ਲੱਗੇ। ਉਸ ਦਾ ਇੱਕ ਸੁਪਨਾ ਇਹ ਵੀ ਸੀ ਕਿ ਰਿਟਾਇਰ ਹੋ ਕੇ ਇੱਕ ਨਿੱਕਾ ਜਿਹਾ
ਖੂਬਸੂਰਤ ਘਰ ਬਣ ਕੇ ਰਹੇਗਾ। ਜਿਸ ਕੋਲ ਇੱਕ ਸ਼ਾਨਦਾਰ ਬਗੀਚਾ ਹੋਵੇਗਾ। ਉਹ ਫੁੱਲਾਂ
ਬੂਟਿਆਂ ਨੂੰ ਪਾਣੀ ਦਿਆ ਕਰੇਗਾ। ਇੱਕ ਵੈਸਪਾ ਸਕੂਟਰ ਰੱਖ ਲਵੇਗਾ। ਤੇ ਸ਼ੌਕ ਨਾਲ
ਘੁੰਮਿਆ ਫਿਰਿਆ ਕਰੇਗਾ।
ਪਰ ਏਥੇ ਤਾਂ ਗੱਲ ਹੀ ਕੁੱਝ ਹੋਰ ਸੀ। ਫੌਜ ਵਿੱਚ ਸਾਰੀ ਉਮਰ
ਹੱਡ ਤੁੜਵਾ ਕੇ ਵੀ ਹੁਣ ਟੇਕ ਨਹੀਂ ਸੀ ਮਿਲਦੀ। ਸਕੂਟਰ ਦੀ ਬਜਾਏ ਸਾਈਕਲ ਨਾਲ ਹੀ
ਸਬਰ ਕਰਨਾ ਪੈ ਰਿਹਾ ਸੀ। ਉਸ ਦੇ ਆਉਣ ਨਾਲ ਤਾਂ ਭੈਣ ਭਰਾ ਵੀ ਸਗੋਂ ਸ਼ਰੀਕ ਬਣ ਗਏ
ਸਨ। ਉਹ ਤਾਂ ਮਾੜਾ ਮੋਟਾ ਬੋਲਣੋਂ ਵਰਤਣੋਂ ਵੀ ਜਾਂਦੇ ਰਹੇ। ਹੋਰ ਤਾਂ ਹੋਰ ਉਸ ਦੇ
ਤਾਂ ਬੇਬੇ ਬਾਪੂ ਵੀ ਵੰਡੇ ਗਏ ਸਨ।ਭਰਾ ਉਨਾਂ ਨੂੰ ਵੀ ਨਾ ਮਿਲਣ ਦਿੰਦੇ।
ਘਰ ਦੀ ਮੰਦਾਹਾਲੀ ਵਧਦੀ ਹੀ ਜਾ ਰਹੀ ਸੀ। ਖਰਚੇ ਪੂਰੇ ਨਹੀਂ
ਸਨ ਹੋ ਰਹੇ ਅਤੇ ਪੈਨਸ਼ਨ ਵੀ ਬਹੁਤ ਥੋੜੀ ਸੀ। ਇੱਕ ਦਿਨ ਜਦੋਂ ਉਹ ਰੱਮ ਦਾ ਕੋਟਾ ਲੈਣ
ਫੌਜੀ ਦਫਤਰ ਗਿਆ ਤਾਂ ਉਸ ਨੇ ਆਪਣਾ ਦੁੱਖ ਕਿਸੇ ਹੋਰ ਸਾਬਕਾ ਫੌਜੀ ਨੂੰ ਦੱਸਿਆ। ਤਾਂ
ਉਸੇ ਨੇ ਸਲਾਹ ਦਿੱਤੀ ਕਿ ‘ਫੌਜੀਆਂ ਲਈ ਰਿਜ਼ਰਵ ਕੋਟੇ ਵਿੱਚ ਬਹੁਤ ਨੌਕਰੀਆਂ ਹਨ। ਉਹ
ਕਿਤੇ ਵੀ ਅਪਲਾਈ ਕਰ ਦੇਵੇ। ਉਹ ਸੋਚਣ ਲੱਗਿਆ ਕਿਤੇ ਬੈਂਕ ਸਕਿਉਰਟੀ ਗਾਰਡ, ਸਕੂਲ
ਚਪੜਾਸੀ, ਡਰਾਈਵਰ ਜਾਂ ਚੌਂਕੀਦਾਰਾ ਕਰਨ ਦੀ ਨੌਕਰੀ ਹੀ ਮਿਲ ਹੀ ਜਾਵੇ। ਜੇ ਪੜ੍ਹਾਈ
ਚੰਗੀ ਹੰਦੀ ਤਾਂ ਕਿਤੇ ਕਲਰਕੀ ਵੀ ਮਿਲ ਜਾਂਦੀ ਪਰ ਹੁਣ ਤਾਂ ਉਹ ਵੀ ਸੰਭਵ ਨਹੀਂ ਸੀ।
ਉਸ ਰਾਤ ਦਲੇਰ ਸਿੰਘ ਨੂੰ ਨੀਂਦ ਨਾ ਪਈ। ਉਹ ਸਾਰੀ ਰਾਤ
ਸੋਚਦਾ ਰਿਹਾ, ਕਿ “ਕੀ ਹੈ ਇੱਕ ਫੌਜੀ ਦਾ ਜੀਵਨ? ਰੱਮ ਤਾਂ ਇਉਂ ਦਿੰਦੇ ਨੇ ਜਿਵੇਂ
ਵਿਹਲੇ ਬਹਿਕੇ ਸਿਰਫ ਪੀਣੀ ਹੀ ਹੋਵੇ” ਪਰ ਹਾਲਾਤ ਤਾਂ ਇਹ ਬਣ ਗਏ ਸੀ ਕਿ ਉਹ ਬੱਸ ਦੇ
ਟਿਕਟ ਦਾ ਖਰਚਾ ਬਚਾਉਣ ਲਈ ਦੂਰ ਦੁਰੇਡੇ ਸਾਈਕਲ ਤੇ ਹੀ ਚੱਲ ਪੈਂਦਾ। ਸਸਤੇ ਭਾਅ ਤੇ
ਕੋਟੇ ਦੇ ਰੂਪ ਵਿੱਚ ਮਿਲੀ ਰੱਮ ਨੂੰ ਵੀ ਪਿੰਡ ਲਿਆ ਕੇ ਮਹਿੰਗੇ ਭਾਅ ਤੇ ਵੇਚ
ਦਿੰਦਾ। ਮਾਸਟਰ, ਡਾਕਟਰ ਤੇ ਹੋਰ ਲੋਕ ਅਕਸਰ ਰੱਮ ਦੀ ਬੋਤਲ ਪੁੱਛਦੇ ਹੀ ਰਹਿੰਦੇ ਪਰ
ਗੁਜ਼ਾਰਾ ਫਿਰ ਵੀ ਨਹੀਂ ਸੀ ਚੱਲ ਰਿਹਾ। ਅੱਗੇ ਚੱਲ ਕੇ ਬੱਚਿਆਂ ਦੇ ਖਰਚੇ ਤਾਂ ਅਜੇ
ਹੋਰ ਵੀ ਵਧਣੇ ਸਨ।
ਅਗਲੇ ਹਫਤੇ ਅਖ਼ਬਾਰ ਵਿੱਚ ਇੱਕ ਸਾਬਕਾ ਫੌਜੀਆਂ ਲਈ ਆਈ ਅਸਾਮੀ
ਵੇਖਕੇ ਦਲੇਰ ਸਿੰਘ ਨੇ ਵੀ ਅਰਜ਼ੀ ਭਰ ਦਿੱਤੀ। ਦੋ ਹਫਤੇ ਅੰਦਰ ਹੀ ਉਸ ਨੂੰ ਸਕੂਲ
ਚਪੜਾਸੀ ਦੀ ਅਸਾਮੀ ਲਈ ਬੁਲਾ ਲਿਆ ਗਿਆ। ਮਰਦਾ ਤਾਂ ਕੀ ਨਾ ਕਰਦਾ, ਅਨੁਸਾਰ ਉਸ ਨੇ
ਪਿੰਡ ਤੋਂ ਵੀਹ ਕੁ ਕਿਲੋਮੀਟਰ ਦੀ ਦੂਰੀ ਤੇ ਪਿੰਡ ਵਿੱਚ ਬਣੇ ਇੱਕ ਮਿਡਲ ਸਕੂਲ ਵਿੱਚ
ਨੌਕਰੀ ਜੁਆਇਨ ਕਰ ਲਈ। ਫੌਜ ਵਿੱਚ ਸਾਹਿਬ ਦੇ ਹੁਕਮਾਂ ਤੇ ਚੱਲਣ ਵਾਲਾ ਹੁਣ ਬੇਅਸੂਲੇ
ਅਧਿਆਪਕਾਂ ਦੇ ਹੁਕਮਾਂ ਤੇ ਕਠਪੁਤਲੀ ਵੱਗ ਭੱਜਦਾ ਨੱਸਦਾ ਫਿਰਦਾ। ਕਿਸੇ ਨੂੰ ਚਾਹ,
ਕਿਸੇ ਨੂੰ ਪਾਣੀ, ਕਿਸੇ ਦਾ ਸਕੂਟਰ ਸਾਫ ਕਰਦਾ ਤੇ ਕਦੀ ਕਿਆਰੀਆਂ ਸਿੰਜਦਾ। ਸਾਫ
ਸਫਾਈ ਦੇ ਨਾਲ ਨਾਲ ਘੰਟੀ ਵਜਾਉਣਾ ਵੀ ਉਸਦੀ ਡਿਊਟੀ ਸੀ, ਪਰ ਅਧਿਆਪਕ ਤਾਂ ਉਸ ਨੂੰ
ਘਰ ਦਾ ਕੰਮ ਕਰਵਾਉਣ ਲਈ ਵੀ ਲੈ ਜਾਂਦੇ। ਦੇਸ਼ ਦੇ ਰਖਵਾਲੇ ਦਾ ਸਵੈਮਾਣ ਲੁੱਟਿਆ ਜਾ
ਰਿਹਾ ਸੀ ਪਰ ਮਜ਼ਬੂਰਨ ਉਹ ਕਰ ਕੁੱਝ ਵੀ ਨਹੀਂ ਸੀ ਸਕਦਾ।
ਮਾਸਟਰ ਸਕੂਲੇ ਸ਼ਰਾਬ ਪੀਂਦੇ, ਝੁਮਦੇ ਤੇ ਕਈ ਵਾਰੀ ਡਿੱਗਦੇ
ਵੀ। ਉਸ ਨੂੰ ਮੀਟ ਲਿਆਉਣ ਲਈ ਤੇ ਫੇਰ ਬਣਾਉਣ ਲਈ ਆਖਦੇ। ਮਾਸਟਰਨੀਆਂ ਅਤੇ
ਵਿਦਿਆਰਥਣਾ ਬਾਰੇ ਦਾਰੂ ਪੀ ਕੇ ਅਸ਼ਲੀਲ ਗੱਲਾ ਕਰਦੇ। ਉਸ ਨੂੰ ਸਾਰੇ ਭੇਦ ਗੁਪਤ ਰੱਖਣ
ਲਈ ਆਖਦੇ। ਉਸਦੇ ਅੰਦਰਲਾ ਫੌਜੀ ਉਸ ਨੂੰ ਲਾਹਣਤਾਂ ਪਾਉਂਦਾ। ਬੱਚੇ ਪਾਸ ਕਰਵਾਉਣ ਲਈ
ਮਾਸਟਰਾਂ ਨੂੰ ਪੈਸੇ ਤੇ ਪਾਰਟੀਆਂ ਦਿੱਤੀਆਂ ਜਾਂਦੀਆ। ਉਸ ਸੋਚਦਾ “ਅਸੀਂ ਐਵੇਂ
ਸਰਹੱਦਾਂ ਤੇ ਲੜਦੇ ਰਹੇ, ਦੇਸ਼ ਦੇ ਦੁਸ਼ਮਣ ਤਾਂ ਦੇਸ਼ ਅੰਦਰ ਹੀ ਬਥੇਰੇ ਨੇ” ਜਿਆਦਾ ਤਰ
ਮਾਸਟਰ ਫਰਲੋ ਤੇ ਹੀ ਰਹਿੰਦੇ। ਸਰਕਾਰੀ ਸਕੂਲਾਂ ਦੇ ਡਿੱਗ ਰਹੇ ਮਿਆਰ ਕਾਰਨ ਚੰਗੇ
ਪਰਿਵਾਰ ਨਿਆਣਿਆ ਨੂੰ ਪ੍ਰਾਈਵੇਟ ਸਕੂਲਾਂ ‘ਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗੇ। ਇੱਕ
ਦਿਨ ਤਾਂ ਹੱਦ ਹੀ ਹੋ ਗਈ ਜਦੋਂ ਨਵਾਂ ਆਇਆ ਪੀ ਟੀ ਮਾਸਟਰ ਇੱਕ ਅੱਠਵੀਂ ਜਮਾਤ ਦੀ
ਵਿਦਿਆਰਥਣ ਨੂੰ ਬੁੱਕਲ ਵਿੱਚ ਲਈਂ ਬੈਠਾ ਸੀ। ਜਿਸ ਨੂੰ ਉਹ ਟਿਊਸ਼ਨ ਵੀ ਪੜ੍ਹਾਉਂਦਾ
ਸੀ। ਦਲੇਰ ਸਿੰਘ ਨੂੰ ਅਚਾਨਕ ਆਇਆ ਦੇਖਕੇ, ਉਹ ਉਸੇ ਤੇ ਵਰ ਪਿਆ। ਆਖਰ ਉਸ ਦੇ ਫੌਜੀ
ਖੂਨ ਨੇ ਉਬਾਲਾ ਖਾਧਾ ਉਸ ਨੇ ਅਧਿਆਪਕ ਦੀ ਖੂਬ ਲਾਹ ਪਾਹ ਕੀਤੀ। ਤੇ ਹੈੱਡਮਾਸਟਰ ਕੋਲ
ਵੀ ਸ਼ਕਾਇਤ ਕੀਤੀ। ਪਰ ਜਦੋਂ ਉਸ ਨੇ ਵੀ ਗੱਲ ਨਾ ਸੁਣੀ ਤਾਂ ਉਹ ਨੌਕਰੀ ਅਸਤੀਫਾ ਲਿਖ
ਕੇ ਆ ਗਿਆ। ਹੌਲਦਾਰ ਤੋਂ ਚਪੜਾਸੀ ਬਣ ਕੇ ਜੀਣਾ ਉਂਝ ਵੀ ਉਸ ਦੇ ਮਨ ਤੇ ਬੋਝ ਸੀ।ਤੇ
ਫੇਰ ਉਸ ਦਿਨ ਉਹ ਬਹੁਤ ਉਦਾਸ ਰਿਹਾ।
ਦਲੇਰ ਸਿੰਘ ਦੇ ਘਰ ਬੈਠਣ ਨਾਲ ਖਰਚੇ ਦੀ ਹੋਰ ਵੀ ਤੰਗੀ ਹੋ
ਗਈ। ਬਚਨ ਕੌਰ ਵੀ ਖਿੱਝੀ ਖਿੱਝੀ ਰਹਿਣ ਲੱਗੀ। ਦਲੇਰ ਸਿੰਘ ਵੀ ਕੁੜਦਾ ਰਹਿੰਦਾ। ਫਸਲ
ਤਾਂ ਛੇ ਮਹੀਨੇ ਬਾਅਦ ਆਉਣੀ ਸੀ ਪਰੰਤੂ ਰੋਜ਼ ਦੇ ਖਰਚੇ ਉਹ ਕਿੱਥੋਂ ਤੋਰਦਾ? ਲੋੜਾਂ
ਤਾਂ ਹਨੂਮਾਨ ਦੀ ਪੂੰਛ ਵਾਂਗ ਵਧਦੀਆਂ ਹੀ ਜਾਂਦੀਆਂ। ਮਹੀਨਾ ਕੁ ਘਰ ਬੈਠ ਕੇ ਉਸ ਨੇ
ਫੇਰ ਨੌਕਰੀ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ।
ਸੈਂਕੜੇ ਅਰਜੀਆਂ ਭਰਨ ਤੋਂ ਬਾਅਦ ਉਸ ਨੂੰ ਅਨਾਜ ਦੇ ਗੁਦਾਮਾਂ
ਵਿੱਚ ਚੌਂਕੀਦਾਰਾ ਮਿਲ ਗਿਆ।ਉਹ ਅਨਾਜ ਨਾਲ ਭਰੀਆਂ ਹਜ਼ਾਰਾਂ ਬੋਰੀਆਂ ਤੇ ਪਹਿਰਾ
ਦਿੰਦਾ। ਇਹ ਕੰਮ ਤਾਂ ਸਕੂਲ ਤੋਂ ਵੀ ਭੈੜਾ ਸੀ। ਗਰੀਬ ਗੁਰਬੇ, ਪੱਲੇਦਾਰ ਜਾਂ ਕੁੰਡੀ
ਲਾਉਣ ਵਾਲੇ ਕਈ ਹੋਰ। ਪਤਾ ਹੀ ਨਾ ਲੱਗਦਾ ਕਦੋਂ ਸੂਆ ਕੇ ਮਾਰ ਦੋ ਤਿੰਨ ਤਿੰਨ ਕਿੱਲੋ
ਕਣਕ ਕੱਢ ਕੇ ਲੈ ਜਾਂਦਾ। ਚੋਰੀ ਦਾ ਪਤਾ ਲੱਗਣ ਤੇ ਝਾੜ ਝੰਬ ਵੀ ਤਾਂ ਉਸੇ ਦੀ
ਹੁੰਦੀ। ਵੱਡੇ ਫੂਡ ਇਨਸੰਪੈਕਟਰ ਤਾਂ ਬੋਰੀਆਂ ਦੀਆਂ ਬੋਰੀਆਂ ਹੀ ਗਾਇਬ ਕਰ ਦਿੰਦੇ।
ਕੰਡਾ ਲਾਉਣ ਵਾਲੇ ਵੀ ਵਜ਼ਨ ਘਟਾ ਕੇ ਤੋਲ ਲਾਈ ਜਾਂਦੇ। ਵਜ਼ਨ ਪੂਰਾ ਕਰਨ ਲਈ ਕਈ ਵਾਰੀ
ਤਾਂ ਰੇਤਾ ਵੀ ਮਿਲਾ ਦਿੱਤਾ ਜਾਂਦਾ।ਏਨਾਂ ਵੱਡੇ ਚੂਹਿਆਂ ਦਾ ਉਹ ਕੀ ਕਰਦਾ?ਜਿਸ ਵਿੱਚ
ਮਾਰਕਫੈੱਡ ਦੇ ਚੇਅਰਮੈਨ ਤੋਂ ਲੈ ਕੇ ਆਮ ਮੁਲਾਜਮਾਂ ਤੱਕ ਸ਼ਾਮਲ ਸਨ।ਏਥੇ ਤਾਂ ਇਉ
ਲੱਗਦਾ ਸੀ ਜਿਵੇਂ ਕਿ ਉਸ ਨੇ ਚੋਰਾਂ ਦਾ ਚੌਂਕੀਦਾਰਾ ਹੀ ਕਰਨਾ ਹੋਵੇ ਤਾਂ ਕਿ ਉਹ
ਅਨਾਜ਼ ਕੱਢਦੇ ਫੜੇ ਨਾ ਜਾਣ। ਜੇ ਉਹ ਇਸ ਤਰ੍ਹਾਂ ਨਾਂ ਕਰਦਾ ਤਾਂ ਉਹ ਉਸ ਨੂੰ ਨੌਕਰੀ
ਤੋਂ ਕਢਵਾ ਸਕਦੇ ਸਨ, ਜੋ ਕਿ ਹੁਣ ਮਸਾਂ ਹੀ ਮਿਲੀ ਸੀ। ਸੋ ਹੌਲੀ ਹੌਲੀ ਉਸ ਨੇ ਇਹ
ਅੱਕ ਚੱਬਣਾ ਵੀ ਸਿੱਖ ਲਿਆ ਸੀ।
ਏਥੇ ਵੀ ਦਲੇਰ ਸਿੰਘ ਚੇਅਰਮੈਨਾਂ, ਇੰਨਸਪਕੈਟਰਾਂ ਜਾਂ ਸ਼ਹਿਰ
ਦੀਆਂ ਵੱਡੀਆਂ ਹਸਤੀਆਂ ਦੀ ਸੇਵਾ ਵਿੱਚ ਜੁੱਟਿਆ ਰਹਿੰਦਾ। ਕਦੇ ਚਾਂਹ ਬਣਾਉਂਦਾ,
ਉਨ੍ਹਾਂ ਲਈ ਦਾਲਾਂ ਸਬਜ਼ੀਆਂ ਤੇ ਰੋਟੀਆਂ ਗਰਮ ਕਰਦਾ। ਕਦੇ ਉਹ ਉਸ ਨੂੰ ਦਾਰੂ ਦੀ
ਬੋਤਲ ਜਾਂ ਆਂਡੇ ਮੀਟ ਮੰਗਵਾਉਣ ਲਈ ਭਜਾਂਈ ਰੱਖਦੇ। ਜਿਸ ਦੇਸ਼ ਦੀ ਰੱਖਿਆ ਲਈ ਉਸ ਨੂੰ
ਜਾਨ ਵਾਰਨ ਦੇ ਪਾਠ ਪੜ੍ਹਾਏ ਗਏ ਸਨ, ਉਸੇ ਦੇਸ਼ ਦਾ ਤਾਂ ਏਥੇ ਬੇੜਾ ਹੀ ਗਰਕ ਹੋਇਆ
ਪਿਆ ਸੀ। ਕਿਹੜੀ ਕਿਹੜੀ ਚੀਜ਼ ਉਹ ਦੇਖ ਕੇ ਅਣਡਿੱਠ ਕਰੀ ਜਾਂਦਾ? ਕਈ ਵਾਰ ਉਸ ਨੂੰ
ਸ਼ਰਮ ਆਂਉਦੀ ਕਿ ਉਹ ਦੇਸ਼ ਨੂੰ ਬਚਾਉਣ ਖਾਤਰ ਨਹੀਂ ਲੁਟਾਉਣ ਖਾਤਰ ਪਹਿਰਾ ਦੇ ਰਿਹਾ
ਸੀ। ਪਰ ਉਹ ਤਾਂ ਆਪਣਾ ਪਰਿਵਾਰ, ਰਿਸ਼ਤੇ ਅਤੇ ਆਰਥਿਕਤਾ ਬਚਾਉਣ ਲਈ ਲੜ ਰਿਹਾ ਸੀ। ਉਸ
ਦਾ ਨਿੱਕਾ ਜਿਹਾ ਘਰ ਹੀ ਹੁਣ ਉਸ ਲਈ ਦੇਸ਼ ਸੀ।
ਉਸ ਨੂੰ ਬਰਫਾਂ ਬਾਰਡਰਾਂ ਦੇ ਤਾਇਨਾਤ ਆਪਣੇ ਫੌਜੀ ਸਾਥੀ ਯਾਦ
ਆਂਉਦੇ। ਜੋ ਭਰਿਸ਼ਟ ਮੰਤਰੀਆਂ, ਬੇਈਮਾਨ ਲੀਡਰਾਂ ਅਤੇ ਡਕੈਤਾ ਨੂੰ ਬਚਾਉਣ ਲਈ ਪਹਿਰਾ
ਦੇ ਰਹੇ ਸਨ। ਰਿਸ਼ਵਤਖੋਰ ਸ਼ਹਿਰ ‘ਚ ਕਰੋੜਾਂ ਰੁਪਇਆਂ ਦੀਆਂ ਕੋਠੀਆਂ ਉਸਾਰ ਕੇ ਰਹਿ
ਰਹੇ ਸਨ। ਜੋ ਪਹਿਲਾਂ ਸਮੱਗਲਰ ਹੁੰਦਾ ਬਾਅਦ ‘ਚ ਮੰਤਰੀ ਬਣ ਜਾਂਦਾ। ਗੁੰਡੇ,
ਬਲਾਤਕਾਰੀ, ਧਾਰਮਿਕ ਲੀਡਰ, ਚੋਣਾਂ ਜਿੱਤਣ ਵਾਲੇ ਸਭ ਘਿਉ ਖਿਚੜੀ ਸਨ। ਕਨੂੰਨ ਪੈਸੇ
ਨਾਲ ਚੱਲਦਾ ਸੀ। ਜਿਸ ਦੀ ਲਾਠੀ ਉਸੇ ਦੀ ਭੈਂਸ ਵਾਲਾ ਕੰਮ ਸੀ। ਜਦ ਕਿ ਉਸ ਵਰਗੇ ਦੇਸ਼
ਭਗਤ ਕੋਟੇ ‘ਚ ਮਿਲੀ ਰੱਮ ਵੇਚ ਵੇਚ ਕੇ ਆਪਣੇ ਨਿਆਣਿਆਂ ਦੀਆਂ ਫੀਸਾਂ ਭਰ ਰਹੇ ਸਨ।
ਲੋਕ ਉਨ੍ਹਾਂ ਦੀ ਦੇਸ਼ ਭਗਤੀ ਦਾ ਸਤਿਕਾਰ ਕਰਨ ਦੀ ਥਾਂ
ਉਨ੍ਹਾਂ ਨੂੰ ਕਮਲ਼ਾ ਫੌਜੀ…ਵਰਗੇ ਘਟੀਆ ਸ਼ਬਦਾਂ ਨਾਲ ਨਿਵਾਜ਼ਦੇ। ਏਹੋ ਹਾਲ ਆਜ਼ਾਦੀ
ਘੁਲਾਟੀਆਂ ਦਾ ਵੀ ਸੀ, ਜੋ ਸਾਰੀ ਉਮਰ ਖੱਦਰ ਪਹਿਨਦੇ ਰਹੇ ਤੇ ਹੁਣ ਭੁੱਖੇ ਮਰ ਰਹੇ
ਸਨ। ਜਦੋਂ ਕਿ ਲੀਡਰਾਂ ਦੇ ਨਿਆਣੇ ਅੰਗਰੇਜ਼ੀ ਸਕੂਲਾਂ ‘ਚ ਪੜ੍ਹਦੇ, ਤੇ ਉਹ ਸਾਰੇ
ਅਸੂਲਾਂ ਨੂੰ ਛਿੱਕੇ ਟੰਗ ਕਾਲੇ ਅੰਗਰੇਜ਼ ਬਣ, ਆਜ਼ਾਦੀ ਦਾ ਆਨੰਦ ਮਾਣ ਰਹੇ ਸਨ।
ਇੱਕ ਦਿਨ ਉਸ ਦੇ ਸਕੂਲ ਦਾ ਹੈੱਡਮਾਸਟਰ ਕਹਿਣ ਲੱਗਿਆ ਕਿ
ਮੈਨੂੰ ਮਹੀਨੇ ਬਾਅਦ ਦੋ ਬੋਤਲਾਂ ਰੱਮ ਦੀਆਂ ਦੇ ਦਿਆ ਕਰ ਮੈਂ ਤੇਰੇ ਨਿਆਣਿਆਂ ਦੀ
ਫੀਸ ਮੁਆਫ ਕਰਵਾ ਦਿੰਦਾ ਹਾਂ। ਉਸ ਨੇ ਤਾਂ ਇਹ ਵੀ ਕਿਹਾ “ਇਸ ਮੁਲਕ ਵਿੱਚ ਅਸਲੀ
ਕੁੱਝ ਵੀ ਨਹੀਂ ਮਿਲਦਾ, ਹਰ ਚੀਜ਼ ਵਿੱਚ ਹੀ ਮਿਲਾਵਟ ਹੈ। ਪਰ ਲੱਗਦਾ ਹੈ ਕਿ ਫੌਜੀ
ਰੱਮ ਤਾਂ ਅਜੇ ਬਚੀ ਹੋਊ?” ਉਹ ਕਹਿਣਾਂ ਤਾਂ ਚਾਹੁੰਦਾ ਸੀ ਕਿ ਫੌਜੀ ਅਜੇ ਵੀ ਇਸ
ਗੰਧਲ ਚੌਦੇ ਤੋਂ ਬਚੇ ਹੋਏ ਆ, ਪਰ ਕਹਿ ਨਾ ਸਕਿਆ। ਉਸ ਦੀ ਰੱਮ ਦੇ ਖਰੀਦਦਾਰ ਕਈ
ਸਕੂਲ ਮਾਸਟਰ ਹੀ ਸਨ।ਜੋ ਪਹਿਲੀ ਤਰੀਕ ਨੂੰ ਉਸ ਨੂੰ ਯਾਦ ਕਰਨਾ ਨਾ ਭੁੱਲਦੇ। ਕਈ ਵਾਰ
ਉਹ ਸੋਚਦਾ ਜੇ ਕੁੱਤੀ ਵੀ ਚੋਰਾਂ ਨਾਲ ਰਲ਼ ਗਈ ਤਾਂ ਮੁਲਕ ਦੀ ਰਾਖੀ ਕੌਣ ਕਣ ਕਰੂ? ਪਰ
ਬਚਨ ਕੌਰ ਕਹਿੰਦੀ ਹੁਣ ਉਹ ਦੇਸ਼ ਦਾ ਰਖਵਾਲਾ ਨਹੀ, ਇੱਕ ਆਮ ਪੇਂਡੂ ਬੰਦਾ ਹੈ। ਉਹ
ਸਧਾਰਨ ਬੰਦਿਆਂ ਵਾਂਗ ਜੀਣਾ ਸਿੱਖੇ। ਉਹ ਤਾਂ ਇਹ ਵੀ ਕਹਿ ਦਿੰਦੀ ਕਿ ‘ਨਾਲੇ ਟਟੀਰੀ
ਨੇ ਕਿਹੜਾ ਟੰਗਾਂ ਤੇ ਡਿੱਗਦਾ ਅਸਮਾਨ ਰੋਕ ਲੈਣੈ ਏ’ ਏਥੇ ਤਾਂ ਸਾਰਾ ਆਵਾ ਹੀ ਊਤਿਆ
ਹੋਇਆ ਹੈ।
ਹੌਲੀ ਹੌਲੀ ਮਨਦੀਪ ਦੀ ਮਾਨਸਿਕਤਾ ਵੀ ਘਰ ਦੀ ਗਰੀਬੀ ਦਾ
ਹਿੱਸਾ ਬਣ ਗਈ। ਸਕੂਲ ਜਾਣ ਲਈ ਉਸ ਕੋਲ ਖਾਕੀ ਪੈਂਟ ਕਮੀਜ਼ ਵਾਲੀ ਇੱਕੋ ਵਰਦੀ ਸੀ।
ਜਿਸ ਨੂੰ ਹਫਤੇ ਬਾਅਦ ਉਹ ਫੇਰ ਧੋ ਕੇ ਪਾ ਲੈਂਦਾ। ਆਪਣੇ ਪਿਉ ਨੂੰ ਬੇਵਸੀ ਦੌਰਾਨ ਉਹ
ਖਿਝਦੇ, ਕਲਪਦੇ ਅਤੇ ਸਾਈਕਲ ਦੇ ਪੈਡਲ ਮਾਰਦਿਆਂ ਦੇਖ ਦੇਖ ਪਰੇਸ਼ਾਨ ਹੋ ਜਾਂਦਾ। ਦਲੇਰ
ਸਿੰਘ ਤਾਂ ਆਪ ਭੁੱਖਾ ਤ੍ਰਿਹਾਇਆ ਰਹਿ ਕੇ ਵੀ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਆਪ
ਉਹ ਕਦੇ ਸ਼ਹਿਰੋਂ ਚਾਹ ਦਾ ਕੱਪ ਵੀ ਨਾ ਪੀਂਦਾ।ਬਿਮਾਰ ਹੋਵੇਂ, ਬਾਹਰ ਬਾਰਿਸ਼ ਪੈ ਰਹੀ
ਹੋਵੇ, ਭਾਵੇ ਹਨੇਰੀ ਵਗ ਰਹੀ ਹੋਵੇ, ਉਹ ਹੂੰਗਦਾ ਤਾਂ ਰਹਿੰਦਾ ਪਰ ਕੰਮ ਤੋਂ ਛੁੱਟੀ
ਨਾ ਕਰਦਾ। ਫੇਰ ਆਉਣ ਸਾਰ ਖੇਤ ਨੂੰ ਤੁਰ ਜਾਂਦਾ।
ਲੋਕ ਉਸ ਨੂੰ ਬਥੇਰਾ ਕਹਿੰਦੇ ਕਿ ਉਹ ਇਸ ਤਰ੍ਹਾਂ ਨਾ ਕਰੇ। ਪਰ ਉਹ ਇਸ ਕਰਕੇ ਨਾ
ਮੰਨਦਾ ਕਿ ‘ਫੇਰ ਇਹ ਹੋਰ ਕੌਣ ਕਰੂ?’ ਨਿਆਣਿਆਂ ਨੂੰ ਲਾਊਂ ਤਾਂ ਪੜ੍ਹਾਈ ਵਿੱਚ ਪਛੜ
ਜਾਣਗੇ” ਮਨਦੀਪ ਦਾ ਮਨ ਇਹ ਘਟਨਾਕ੍ਰਮ ਵੇਖ ਕੇ ਵਲੂੰਧਰਿਆ ਜਾਂਦਾ। ਮਨਦੀਪ ਉਂਝ ਵੀ
ਹੁਣ ਬਹੁਤ ਇਕੱਲਾ ਮਹਿਸੂਸ ਕਰਦਾ ਸੀ।ਛੋਟੇ ਭਰਾ ਆਪਣੀਆਂ ਖੇਡਾਂ ਵਿੱਚ ਹੀ ਮਸਤ
ਰਹਿੰਦੇ।
ਉਸ ਵਕਤ ਭਾਰਤ ਤੇ ਇੰਦਰਾ ਗਾਂਧੀ ਦਾ ਰਾਜ ਸੀ। ਹਰ ਥਾਂ ਬੋਰਡ
ਲੱਗੇ ਹੋਏ ਸਨ ਕਿ ‘ਗਰੀਬੀ ਹਟਾਉ ਦੇਸ਼ ਬਚਾਉ’ ਬੱਸ ਗਰੀਬ ਤਾਂ ਅਜਿਹੇ ਬੋਰਡਾਂ ਨੂੰ
ਸਿਰਫ ਦੇਖਦੇ ਹੀ ਰਹਿੰਦੇ। ਦੇਸ਼ ਦਾ ਗਰੀਬ ਲੁੱਟੇ ਜਾਣ ਕਾਰਨ ਸਗੋਂ ਹੋਰ ਵੀ ਗਰੀਬ ਹੋ
ਰਿਹਾ ਸੀ। ਲਾਲ ਬਹਾਦਰ ਸ਼ਾਸ਼ਤਰੀ ਨੇ ਜੋ ‘ਜੈ ਜਵਾਨ ਜੈ ਕਿਸਾਨ’ ਦਾ ਨਾਹਰਾ ਦਿੱਤਾ ਸੀ
ਉਸ ਨੂੰ ਵੀ ਮਿੱਟੀ ਵਿੱਚ ਰੋਲ਼ ਦਿੱਤਾ ਗਿਆ। ਪੰਜਾਬ ਦੀ ਤਾਂ ਜਵਾਨੀ ਵੀ ਰੁਲ਼ ਰਹੀ ਤੇ
ਕਿਸਾਨੀ ਵੀ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ।
ਪੰਜਾਬ ਵਿੱਚ ਨਕਸਲੀ ਲਹਿਰ ਦਾ ਪ੍ਰਭਾਵ ਅਜੇ ਵੀ ਮੌਜੂਦ ਸੀ।
ਪੂਰੇ ਦੇਸ਼ ਵਿੱਚ ਇੱਕ ਹੋਰ ਬਗਾਵਤ ਜਨਮ ਲੈ ਰਹੀ ਸੀ। ਵਿਰੋਧੀ ਧਿਰ ਸਰਕਾਰ ਨੂੰ ਜਨਤਕ
ਮਸਲਿਆਂ ਤੇ ਘੇਰਨ ਦਾ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਸਰਕਾਰ ਕਹਿ ਰਹੀ ਕਿ ਇਹ ਉਸਦਾ
ਦੋਸ਼ ਨਹੀਂ ਸਗੋਂ ਵਧ ਰਹੀ ਆਬਾਦੀ ਦਾ ਦੋਸ਼ ਹੈ। ਸਰਕਾਰ ਵਿਰੋਧੀ ਧਿਰ ਦਾ ਮੂੰਹ ਬੰਦ
ਕਰਨ ਲਈ ਪਰਿਵਾਰ ਨਿਯੋਜਨ ਦੀ ਸਕੀਮ ਲੈ ਆਈ। ਹੁਣ ਗਰੀਬੀ ਹਟਾਉ ਦੇਸ਼ ਬਚਾਉ ਦੇ ਨਾਲ
ਨਾਲ ‘ਦੋ ਹੀ ਕਾਫੀ ਹੋਰ ਤੋਂ ਮੁਆਫੀ’ ਜਾਂ ‘ਦੋ ਜਾ ਤਿੰਨ ਬੱਚੇ ਹੋਤੇ ਹੈ ਮੇਂ
ਅੱਛੇ’ ਦੇ ਬੋਰਡ ਵੀ ਲੱਗ ਗਏ।
ਪਰਿਵਾਰ ਨਿਯੋਜਨ ਨੂੰ ਲਾਗੂ ਕਰਨ ਦਾ ਕੰਮ ਪਧ੍ਰਾਨ ਮੰਤਰੀ ਦੇ
ਛੋਟੇ ਬੇਟੇ ਸੰਜੇ ਗਾਂਧੀ ਨੇ ਆਪਣੇ ਹੱਥ ਲੈ ਲਿਆ। ਜੋ ਆਪਣੇ ਧੱਕੜ ਸੁਭਾਅ ਕਰਕੇ
ਜਾਣਿਆ ਜਾਂਦਾ ਸੀ। ਉਸ ਨੇ ਨਸਬੰਦੀ ਕਰਵਾਉਣ ਲਈ ਲਈ ਸਰਕਾਰੀ ਮੁਲਾਜਮਾਂ ਦੀਆਂ ਜ਼ਬਰੀ
ਡਿਊਟੀਆਂ ਲਗਾ ਦਿੱਤੀਆਂ। ਮਾਸਟਰ ਡਾਕਟਰ ਪੱਲਿਉ ਪੈਸੇ ਖਰਚ ਕੇ ਗਰੀਬਾਂ ਨੂੰ ਅਜਿਹੇ
ਕੰਮ ਲਈ ਤਿਆਰ ਕਰਦੇ ਤਾਂ ਵੀ ਕੋਟਾ ਪੂਰਾ ਨਾ ਹੁੰਦਾ। ਕਈ ਗਰੀਬ ਤਾਂ ਕੁੱਝ ਭਾਂਡਿਆਂ
ਖਾਤਰ ਜਾਂ ਸੌਦਾ ਪੱਤਾ ਲੈਣ ਲਈ ਹੀ ਨਸਬੰਦੀ ਕਰਵਾਉਣ ਲੱਗ ਪਏ।
ਪੰਜਾਬ ਦਾ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸੰਜੇ
ਗਾਂਧੀ ਦਾ ਇਸ ਕੰਮ ਲਈ ਹਮਾਇਤੀ ਸੀ। ਇਸ ਧੱਕੜ ਸ਼ਾਹੀ ਕਾਰਨ ਪੂਰੇ ਦੇਸ਼ ਵਿੱਚ
ਹਾਹਾਕਾਰ ਮੱਚ ਗਈ। ਜੋ ਕਦੇ ਵੀ ਖਾਨਾਜੰਗੀ ਵਿੱਚ ਬਦਲ ਸਕਦੀ ਸੀ। ਵਿਰੋਧੀ ਪਾਰਟੀਆਂ
ਇਸ ਧੱਕੇ ਖਿਲਾਫ ਇੱਕ ਰਾਜਨੀਤਕ ਮੰਚ ਤੇ ਇਕੱਠੀਆਂ ਹੋਣ ਲੱਗੀਆਂ ਤੇ ਉਨ੍ਹਾਂ ਜੈ
ਪ੍ਰਕਾਸ਼ ਨਰਾਇਣ ਨੂੰ ਆਪਣਾ ਨੇਤਾ ਚੁਣ ਲਿਆ। ਸਰਕਾਰ ਨੇ ਵਿਗੜਦੇ ਹਾਲਾਤ ਦੇਖ ਕੇ
ਪੂਰੇ ਭਾਰਤ ਵਿੱਚ ਹੀ ਐਮਰਜੈਂਸੀ ਲਗਾ ਦਿੱਤੀ। ਜੋ ਸਵਿਧਾਨ ਦੀ ਧਾਰਾ 325 ਅਧੀਨ 25
ਜੂਨ 1975 ਤੋਂ 21 ਮਾਰਚ 1977 ਤੱਕ ਜਾਰੀ ਰਹੀ।
ਪਰਿਵਾਰ ਨਿਯੋਜਨ ਦੇ ਨਾਲ ਨਾਲ ਗਰੀਬੀ ਹਟਾਉਣ ਦਾ ਝੱਲ ਵੀ
ਰਾਜ ਕੁਮਾਰ ਨੂੰ ਅਜਿਹਾ ਚੜ੍ਹਿਆ, ਕਿ ਉਹ ਰਾਜਧਾਨੀ ਵਿੱਚ ਕਿਤੇ ਵੀ ਝੁੱਗੀਆਂ
ਝੌਂਪੜੀਆਂ ਨਹੀਂ ਸੀ ਦੇਖਣੀਆਂ ਚਾਹੁੰਦਾ। ਗਰੀਬਾਂ ਨੂੰ ਜ਼ਬਰੀ ਹਟਾ ਕਿ ਝੁੱਗੀਆਂ
ਝੌਂਪੜੀਆਂ ਤੇ ਬੁਲਡੋਜ਼ਰ ਫੇਰੇ ਜਾਣ ਲੱਗੇ। ਇਹ ਕੇਹੀ ਸੁੰਦਰਤਾ ਦੀ ਤਸਵੀਰ ਸੀ।
ਵਿਰੋਧੀ ਧਿਰਾਂ ਤਾਂ ਇਹ ਵੀ ਕਹਿ ਰਹੀਆਂ ਰਹੀਆਂ ਕਿ ‘ਸਰਕਾਰ ਗਰੀਬੀ ਨਹੀਂ ਗਰੀਬਾਂ
ਨੂੰ ਹਟਾਉਣਾ ਚਾਹੁੰਦੀ ਹੈ’ ਸਰਕਾਰ ਨੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ ਇੱਕ
‘ਮੀਸਾ’ ਨਾਂ ਦਾ ਐਕਟ ਬਣਾ ਦਿੱਤਾ। ਜਿਸ ਅਨੁਸਾਰ ਕਿਸੇ ਨੂੰ ਵੀ ਚੁੱਕ ਕੇ ਜੇਲ ਵਿੱਚ
ਸੁੱਟਿਆ ਜਾ ਸਕਦਾ ਸੀ। ਧੜਾ ਧੜ ਮੀਸਾ ਅਧੀਨ ਭਾਰਤ ਦੀਆਂ ਜੇਲਾਂ ਭਰਨ ਲੱਗੀਆਂ।
ਪੂਰੇ ਦੇਸ਼ ਵਿੱਚ ਦਫਾ 44 ਲਾ ਦਿੱਤੀ ਗਈ। ਪੰਜ ਬੰਦੇ ਕਿਸੇ
ਵੀ ਥਾਂ ਤੇ ਇੱਕਠੇ ਨਹੀਂ ਸੀ ਹੋ ਸਕਦੇ। ਸਾਰੇ ਜਲਸੇ ਜਲੂਸਾਂ ਤੇ ਪਾਬੰਦੀ ਲੱਗ ਗਈ।
ਪਰ ਲੋਕਾਂ ਦੀ ਜ਼ੁਬਾਨ ਤੋਂ ਨਾਹਰੇ ਗੂੰਜਦੇ ਕਿ ‘ਧੱਕੇਸ਼ਾਹੀ ਨਹੀਂ ਚੱਲੇਗੀ’ ਦੇਸ਼ ਦੇ
ਲੋਕ ਤੰਤਰ ਨੂੰ ਇੱਕ ਵੱਡਾ ਖਤਰਾ ਪੈਦਾ ਹੋ ਗਿਆ।
ਉਸ ਵਕਤ ਤਾਂ ਧੱਕੇਸ਼ਾਹੀ ਦੀ ਹੱਦ ਹੀ ਹੋ ਗਈ ਜਦੋਂ ਕੇਂਦਰ
ਸਰਕਾਰ ਨੇ ਪ੍ਰਧਾਨ ਮੰਤਰੀ ਦੀ ਸ਼ਹਿ ਤੇ ਇੱਕ ਇੱਕ ਕਰਕੇ ਗੈਰ ਕਾਂਗਰਸੀ ਸਰਕਾਰਾਂ
ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਇਹ ਖੇਤਰੀ ਪਾਰਟੀਆਂ ਵੀ ਜੈ ਪ੍ਰਕਾਸ਼ ਨਰਾਇਣ ਦੀ
ਅਗਵਾਈ ਵਾਲੀ ਜਨਤਾ ਪਾਰਟੀ ਨਾਲ ਜੁੜਨ ਲੱਗੀਆਂ। ਪੰਜਾਬ ਵਿੱਚ ਏਸੇ ਮੁਹਿੰਮ ਤਹਿਤ
ਸ਼੍ਰੋਮਣੀ ਅਕਾਲੀ ਦਲ ਨੇ ਵੀ ਐਮਰਜੈਂਸੀ ਦੇ ਖਿਲਾਫ ਮੋਰਚਾ ਲਾ ਦਿੱਤਾ।
ਪਿੰਡਾਂ ਸ਼ਹਿਰਾਂ ਵਿੱਚੋਂ ਲੋਕ ਟਰੱਕ ਅਤੇ ਟਰੈਕਟਰ ਟਰਾਲੀਆਂ
ਭਰਕੇ ਗ੍ਰਿਫਤਾਰੀ ਦੇਣ ਜਾਂਦੇ। ਸਾਰੀਆਂ ਜੇਲਾਂ ਭਰ ਗਈਆਂ। ਦੇਸ਼ ਵਿੱਚ ਅਫਰਾ ਤਫਰੀ
ਦਾ ਮਹੌਲ ਪੈਦਾ ਹੋ ਗਿਆ। ਅਜਿਹੀ ਸਥਿਤੀ ਵਿੱਚ ਕੋਈ ਦੂਸਰਾ ਮੁਲਕ ਵੀ ਹਮਲਾ ਕਰ ਸਕਦਾ
ਸੀ। ਪੂਰੇ ਵਿਸ਼ਵ ਵਿੱਚ ਲੋਕਵਿਰੋਧੀ ਨੀਤੀਆਂ ਦੀ ਸਖਤ ਅਲੋਚਨਾ ਹੋਣ ਲੱਗੀ। ਵਧ ਰਹੇ
ਦਬਾਅ ਕਾਰਨ ਸਰਕਾਰ ਨੇ ਆਪਣੀ ਦੇਖ ਰੇਖ ਹੇਠ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ।
ਚਾਪਲੂਸ ਲੀਡਰਾਂ ਦੀ ਖੁਸ਼ਾਮਦ ਇਸ ਹੱਦ ਤੱਕ ਸੀ ਕਿ ਉਨ੍ਹਾਂ ਐਮਰਜੈਂਸੀ ਨੂੰ ਇੱਕ
ਬਹੁਤ ਵੱਡਾ ਵਰਦਾਨ ਦੱਸਿਆ ਤੇ ਇਹ ਵੀ ਕਿਹਾ ਕਿ ਕਾਂਗਰਸ ਹੀ ਹਰ ਹਾਲਤ ਵਿੱਚ
ਜਿੱਤੇਗੀ।
ਜੈ ਪ੍ਰਕਾਸ਼ ਨਰਾਇਣ ਕੌਮੀ ਲੀਡਰ ਵਜੋਂ ਪੂਰੇ ਦੇਸ਼ ਵਿੱਚ ਛਾ
ਗਏ। ਪਿੰਡਾਂ ਦੀਆਂ ਸੱਥਾਂ ਵਿੱਚ ਹੁਣ ਰਾਜਨੀਤਕ ਗੱਲਾਂ ਹੀ ਚੱਲਦੀਆਂ। ਤੇ ਜਾਂ ਫੇਰ
ਸਰਕਾਰੀ ਧੱਕੇਸ਼ਾਹੀ ਦੀਆਂ। ਵਿਗੜੇ ਹਾਲਾਤ ਦੇਖ ਅਖਬਾਰਾਂ ਤੇ ਸੈਂਸਰ, ਫਿਲਮਾਂ ਤੇ
ਸੈਂਸਰ, ਲੇਖਕਾਂ ਤੇ ਸੈਂਸਰ ਲੱਗ ਗਏ ਸੀ। ਸਰਕਾਰ ਦੀ ਕੈਂਚੀ ਆਏ ਦਿਨ ਹੋਰ ਤਿੱਖੀ
ਹੁੰਦੀ ਜਾ ਰਹੀ ਸੀ। ਪਰ ਸ਼ਾਇਰ ਕਦੋਂ ਚੁੱਪ ਰਹਿੰਦੇ ਨੇ। ਸੁਰਜੀਤ ਪਾਤਰ ਲਿਖ ਰਿਹਾ
ਸੀ :
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਉਸਦੀਆਂ ਇਹ ਸਤਰਾਂ ਲੋਕਾਂ ਦੇ ਸਿਰ ਚੜ ਕੇ ਬੋਲਣ ਲੱਗੀਆਂ।
ਪੰਜਾਬ ਵਿੱਚ ਵੀ ਲਾਲ ਸਿੰਘ ਦਿਲ, ਪਾਸ਼, ਦਰਸ਼ਣ ਖਟਕੜ, ਦਰਸ਼ਣ ਸਿੰਘ ਅਵਾਰਾ ਤੇ ਹੋਰ
ਸ਼ਾਇਰ ਲਿਖ ਰਹੇ ਸਨ। ਬਹੁਤ ਸਾਰੇ ਲੀਡਰ ਰੂਹ ਪੋਸ਼ ਹੋ ਗਏ। ਕਾਲਜਾਂ ਦੇ ਪ੍ਰੋਫੈਸਰ
ਪਕੜੇ ਜਾਣ ਲੱਗੇ। ਮਨਦੀਪ ਦੇ ਆਲੇ ਦੁਆਲੇ ਇਹ ਸਾਰਾ ਕੁੱਝ ਵਾਪਰ ਰਿਹਾ ਸੀ। ਜੋ ਉਸ
ਦੀ ਰੂਹ ਤੇ ਅਸਰ ਅੰਦਾਜ਼ ਹੋ ਰਿਹਾ ਸੀ।
ਬਹੁਤੇ ਮਾਸਟਰ ਫੜੇ ਜਾਣ ਦਾ ਡਰ ਜ਼ਾਹਰ ਕਰਦੇ ਰਹਿੰਦੇ, ਜਾਂ
ਨਸਬੰਦੀ ਦਾ ਕੋਟਾ ਪੂਰਾ ਕਰਨ ਲਈ ਹੀ ਫਿਕਰਮੰਦ ਹੋਏ ਰਹਿੰਦੇ। ਦਸਵੀਂ ਜਮਾਤ ਦੇ ਪੇਪਰ
ਬੋਰਡ ਦੇ ਪੇਪਰ ਸਨ ਪਰ ਪੜ੍ਹਾਈ ਚੰਗੀ ਤਰ੍ਹਾਂ ਹੋ ਨਹੀਂ ਸੀ ਰਹੀ।
21 ਮਾਰਚ ਨੂੰ ਪੰਜਾਬ ਵਿੱਚ ਵੋਟਾਂ ਦਾ ਐਲਾਨ ਹੋ ਗਿਆ। ਫੇਰ
ਸਾਰੇ ਪਾਸੇ ਹੀ ਵੋਟਾਂ ਦਾ ਹੱਲਾ ਗੁੱਲਾ ਸ਼ੁਰੂ ਹੋ ਗਿਆ। ਤੇ ਆਖਿਰ ਵੋਟਾਂ ਵੀ ਪੈ
ਗਈਆਂ।
ਜਦੋਂ 23 ਮਾਰਚ 1977 ਨੂੰ ਵੋਟਾਂ ਦੀ ਗਿਣਤੀ ਹੋਈ ਤਾਂ
ਕਾਂਗਰਸ ਆਪਣੀਆਂ ਲੋਕ ਵਿਰੋਧੀ ਕਰਤੂਤਾਂ ਕਾਰਨ ਮੂਧੇ ਮੂੰਹ ਜਾ ਡਿੱਗੀ। ਜਨਤਾ ਪਾਰਟੀ
ਦੇ ਪੱਖ ਵਿੱਚ ਵਗੀ ਹਵਾ ਸਦਕਾ ਉਹ ਲੋਕ ਸਭਾ ਦੀਆਂ 542 ਸੀਟਾਂ ਵਿੱਚੋਂ 295 ਸੀਟਾਂ
ਲੈ ਕੇ ਬਹੁਮੱਤ ਵਾਲੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ। ਦੇਸ਼ ਵਿੱਚ ਇੱਕ ਨਵਾਂ
ਅਧਿਆਇ ਸ਼ੁਰੂ ਹੋ ਗਿਆ। ਜਿਸ ਨੇ ਆਮ ਲੋਕਾਂ ਤੇ ਵੀ ਅਸਰ ਅੰਦਾਜ਼ ਹੋਣਾ ਸੀ।
|