WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 54

ਸਮੁੰਦਰ ਮੰਥਨ (PDF, 568KB)    


ਇਹ 12 ਮਾਰਚ 1986 ਦਾ ਦਿਨ ਸੀ। ਇੱਕ ਖ਼ਬਰ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੇ ਚਹੇਤੇ, ਕਲਾਕਾਰਾਂ ਦੇ ਕਦਰਦਾਨ, ਪੰਜਾਬ ਨੂੰ ਬੁਲੰਦੀਆਂ ਤੇ ਦੇਖਣ ਵਾਲੇ ਮਹਿੰਦਰ ਸਿੰਘ ਰੰਧਾਵਾ ਦੀ ਮੌਤ ਹੋ ਗਈ ਸੀ। ਦੂਸਰੇ ਦਿਨ ਸਾਰਾ ਪੰਜਾਬ ਹੀ ਅਥਰੂ ਕੇਰਦਾ ਰਿਹਾ। ਪੰਜਾਬ ਦੇ ਬੁੱਧੀਜੀਵੀ ਵੀ ਸੁੰਨ ਸਨ। ਹਾਲਾਤ ਹੀ ਕੁੱਝ ਅਜਿਹੇ ਸਨ। ਹਰ ਪਾਸੇ ਅਸਥਿਰਤਾ ਦਾ ਮਹੌਲ ਸੀ। ਕਦੇ ਵੀ ਕਿਤੇ ਵੀ ਕੁੱਝ ਵੀ ਵਾਪਰ ਸਕਦਾ ਸੀ।

ਇਹ ਹੋਲੇ ਮੁਹੱਲੇ ਦੇ ਦਿਨ ਸਨ। ਨਹਿਰ ਸਰਹਿੰਦ ਕਿਨਾਰੇ ਇਸ ਵਾਰ ਫੇਰ ਲੰਗਰ ਲੱਗ ਗਏ ਸਨ। ਨਿਹੰਗ ਸਿੰਘ ਅਤੇ ਆਮ ਲੋਕ ਵਹੀਰਾਂ ਘੱਤ ਕੇ ਆਨੰਦਪੁਰ ਸਾਹਿਬ ਵਲ ਨੂੰ ਜਾ ਰਹੇ ਸਨ। ਪੰਜਾਬ ਇਸ ਹਾਲ ਵਿੱਚ ਵੀ ਜੀ ਰਿਹਾ ਸੀ। ਮਨਦੀਪ ਆਪਣੇ ਹਿੰਦੂ ਦੋਸਤ ਅਸ਼ਵਨੀ ਨਾਲ ਅਜੇ ਵੀ ਨਹਿਰ ਕਿਨਾਰੇ ਰੋਜ਼ ਹੀ ਘੁੰਮਣ ਚਲਾ ਜਾਂਦਾ। ਦੋਵੇਂ ਕੋਈ ਵਿਸ਼ਾਂ ਸ਼ੁਰੂ ਕਰਕੇ ਉਸ ਤੇ ਬਹਿਸ ਕਰਦੇ।

ਪਿੰਡ ਦੇ ਕਿਸੇ ਸ਼ਰਾਰਤੀ ਮੁੰਡੇ ਨੇ ਅਸ਼ਵਨੀ ਦੇ ਘਰ ਅੱਗੇ ਪੇਪਰ ਚਪਕਾ ਦਿੱਤਾ ਸੀ ਕਿ ਜਾਂ ਤਾਂ ਉਹ ਪਿੰਡ ਛੱਡ ਕੇ ਚਲੇ ਜਾਣ ਤੇ ਜਾਂ ਫੇਰ ਨਤੀਜ਼ਾ ਭੁਗਤਣ ਲਈ ਤਿਆਰ ਰਹਿਣ। ਮਨਦੀਪ ਸੋਚਦਾ ਰਿਹਾ ਕਿ ਏਦਾਂ ਕੋਈ ਕਿਸੇ ਨੂੰ ਧੱਕੇ ਨਾਲ ਪਿੰਡੋਂ ਕਿਵੇਂ ਕੱਢ ਸਕਦਾ ਹੈ? ਪਰ ਅਜਿਹਾ ਹੀ ਹੋ ਰਿਹਾ ਸੀ। ਕਈ ਲੋਕ ਤਾਂ ਹਿੰਦੂ ਪਰਿਵਾਰਾਂ ਨੂੰ ਪੁੱਛਣ ਲੱਗ ਪਏ ਸਨ ਜੇ ਤੁਸੀ ਜਾਣਾ ਹੋਇਆ ਤਾਂ ਆਪਣਾ ਘਰ ਸਾਨੂੰ ਹੀ ਵੇਚ ਕੇ ਜਾਇਉ । ਮਨੁੱਖੀ ਹੱਕਾਂ ਦੀ, ਸਰਕਾਰ ਅਤੇ ਅੱਤਵਾਦੀ ਗਰੁੱਪਾਂ ਵਲੋਂ ਘੋਰ ਉਲੰਘਣਾ ਹੋ ਰਹੀ ਸੀ। ਆਮ ਬੰਦੇ ਦੀ ਤਾਂ ਅਜਿਹੇ ਹਾਲਾਤਾਂ ਵਿੱਚ ਬੁੱਕਤ ਹੀ ਕੋਈ ਨਹੀਂ ਸੀ ਰਹਿ ਗਈ।

ਫੇਰ ਹੋਲੇ ਮਹੱਲੇ ਤੇ ਜਦੋਂ ਨਵਾਂ ਬਣਿਆ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ ਦੀ ਸਟੇਜ ਤੋਂ ਭਾਸ਼ਨ ਕਰਨ ਲੱਗਾ ਤਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨੇ ਉਸ ਨੂੰ ਬੋਲਣ ਹੀ ਨਾ ਦਿੱਤਾ। ਇਸ ਮੌਕੇ ਹੋਈ ਗੜਬੜ ਨੂੰ ਦਬਾਉਣ ਲਈ ਪੁਲੀਸ ਨੂੰ ਗੋਲੀ ਚਲਾਉਣੀ ਪਈ। ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਇਸ ਗੜਬੜ ਦਾ ਜਿੰਮਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਲਿਆ। ਜਿਨਾਂ ਵਲੋਂ ਜਵਾਬੀ ਗੋਲੀਆਂ ਵੀ ਚਲਾਈਆਂ ਗਈਆਂ। ਉਦੋਂ ਤਾਂ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਬਣ ਗਏ ਜਦੋਂ 28 ਮਾਰਚ ਵਾਲੇ ਦਿਨ ਪੁਲਿਸ ਵਰਦੀ ਵਿੱਚ ਮੋਟਰ ਸਾਈਕਲ ਅੱਤਵਾਦੀਆਂ ਨੇ ਲੁਧਿਆਣੇ ਦੇ ਦਰੇਸੀ ਗਰਾਊਂਡ ਕੋਲ ਅੱਨੇ ਵਾਹ ਗੋਲੀਆਂ ਚਲਾ ਕੇ 13 ਲੋਕਾਂ ਨੂੰ ਥਾਂ ਤੇ ਹੀ ਢੇਰ ਕਰ ਦਿੱਤਾ। ਇਸ ਹਮਲੇ ਵਿੱਚ ਦੋ ਪੁਲੀਸ ਵਾਲੇ ਵੀ ਮਾਰੇ ਗਏ। ਨਕੋਦਰ ਅਤੇ ਲੁਧਿਆਣਾ ਵਿੱਚ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ।

ਕੇਂਦਰ ਸਰਕਾਰ ਪੰਜਾਬ ਦੇ ਹਾਲਾਤਾਂ ਤੋਂ ਭੈਭੀਤ ਹੋ ਗਈ। ਇਸ ਘਟਨਾਂ ਤੋਂ ਬਾਅਦ ਪੰਜਾਬ ਦੇ ਗਵਰਨਰ ਸ਼ੰਕਰ ਦਿਆਲ ਸ਼ਰਮਾਂ ਨੂੰ ਹਟਾ ਕੇ ਸਿਧਾਰਥ ਸ਼ੰਕਰ ਰੇਅ ਨੂੰ ਪੰਜਾਬ ਦਾ ਨਵਾਂ ਗਵਰਨਰ ਲਾ ਦਿੱਤਾ ਗਿਆ। ਜੋ ਕਿ ਪਹਿਲਾਂ ਬੰਗਾਲ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕਾ ਸੀ। ਇਸ ਦੇ ਨਾਲ ਨਾਲ ਆਈ ਜੀ ਬੀ ਐੱਸ ਧਾਲੀਵਾਲ ਨੂੰ ਬਦਲ ਕੇ ਬਹੁਤ ਹੀ ਸਖਤ ਰਵਈਆ ਅਪਨਾਉਣ ਵਾਲੇ ਜੂਲੀਅਸ ਰਿਬੇਰੋ ਨੂੰ ਪੰਜਾਬ ਦਾ ਨਵਾਂ ਆਈ ਜੀ ਲਾ ਦਿੱਤਾ ਗਿਆ।ਉਸ ਨੇ ਆਉਣ ਸਾਰ ਬਿਆਨ ਦਾਗ ਦਿੱਤਾ ਕਿ ‘ਗੋਲੀ ਦਾ ਬਦਲਾ ਗੋਲੀ ਨਾਲ ਲਿਆ ਜਾਵੇਗਾ’। ਪੰਜਾਬ ਵਿੱਚ ਨੌਜਵਾਨਾਂ ਨੂੰ ਚੁੱਕ ਕੇ ਹੋਰ ਵੀ ਪੁਲਿਸ ਮੁਕਾਬਲੇ ਬਣਾਏ ਜਾਣ ਲੱਗੇ।

ਅੱਤਵਤਦੀਆਂ ਨੂੰ ਮਾਰਨ ਬਦਲੇ ਪੁਲਿਸ ਨੂੰ ਤਰੱਕੀਆਂ ਦਿੱਤੀਆਂ ਜਾਣ ਲੱਗੀਆਂ। ਪੁਲੀਸ ਨੇ ਪੰਜਾਬ ਵਿੱਚ ਅੱਤਵਾਦੀਆਂ ਦੀ ਤਰਜ਼ ਤੇ ਅਪਣੇ ਕੈਟ ਦਾਖਲ ਕਰਕੇ ਵਹਿਸ਼ੀ ਨਾਚ ਨੱਚਣਾ ਸ਼ੁਰੂ ਕੀਤਾ। ਕੈਟ ਬੱਸਾਂ ਚੋਂ ਕੱਢ ਕੱਢ ਕੇ ਬੰਦੇ ਮਰਦੇ, ਬਲਾਤਕਾਰ ਕਰਦੇ, ਲੁੱਟਾਂ ਖੋਹਾਂ ਵੀ ਕਰਦੇ ਪਰ ਨਾਂ ਅੱਤਵਾਦੀਆਂ ਦਾ ਲੱਗਦਾ। ਪੰਜਾਬ ਦੇ ਹਜ਼ਾਰਾਂ ਮੁੰਡੇ ਲਾਪਤਾ ਹੋ ਗਏ। ਅਣਪਛਾਤੀਆਂ ਲਾਸ਼ਾਂ ਸੂਇਆਂ ਟੋਬਿਆਂ ਨਹਿਰਾਂ ਤੋਂ ਆਮ ਹੀ ਮਿਲਣ ਲੱਗੀਆਂ। ਕਾਲੇ ਕੱਛਿਆਂ ਵਾਲੇ ਗ੍ਰੋਹ ਮੱਝਾਂ ਦੇ ਥਣ ਵੱਢ ਕੇ ਲੈ ਜਾਂਦੇ। ਅੋਰਤਾਂ ਦੇ ਵਾਲੀਆਂ ਸਮੇਤ ਕੰਨ ਹੀ ਕੱਟ ਕੇ ਲੈ ਜਾਂਦੇ, ਸੁੱਤੇ ਪਇਆਂ ਦੀਆਂ ਟੰਗਾਂ ਤੋੜ ਜਾਂਦੇ। ਸਾਰੇ ਪੰਜਾਬ ਵਿੱਚ ਏਸ ਘਟੀਆ ਮਹੌਲ ਕਾਰਨ ਹਾਹਾਕਾਰ ਮੱਚੀ ਹੋਈ ਸੀ। ਹਿੰਦੂ ਪਰਿਵਾਰ ਪੰਜਾਬ ਛੱਡ ਕੇ ਭੱਜਣ ਲੱਗੇ।

ਮਨਦੀਪ ਹੁਣ ਬੇਹੱਦ ਉਦਾਸ ਰਹਿਣ ਲੱਗਿਆ। ਪੰਜਾਬ ਵਿੱਚ ਸਾਰੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ। ਏਥੋਂ ਤੱਕ ਕੇ ਬਾਲਗ ਸਿੱਖਿਆ ਕੇਂਦਰ ਵੀ ਬੰਦ ਕਰ ਦਿੱਤੇ ਗਏ। ਸਾਹਿਤ ਸਭਾਵਾਂ ਤੇ ਸਮਾਗਮ ਵੀ ਠੱਪ ਹੋ ਗਏ। ਮਨਦੀਪ ਕੋਲੋਂ ਸਮਾਂ ਲੰਘਾਉਣ ਦੇ ਹੁਣ ਇਹ ਬਹਾਨੇ ਵੀ ਜਾਂਦੇ ਰਹੇ। ਹੁਣ ਤਾਂ ਜੇ ਉਹ ਕਿਸੇ ਦੋਸਤ ਕੋਲ ਮਿਲਣ ਲਈ ਜਾਂਦਾ ਤਾਂ ਇਹ ਵੀ ਡਰ ਲੱਗਦਾ ਕਿ ਮੁੰਡੇ ਦੀ ਲਾਗ ਡਾਟ ਵਾਲਾ ਹੀ ਪਿੰਡੋਂ ਕੋਈ ਪੁਲੀਸ ਨੂੰ ਫੋਨ ਨਾ ਕਰ ਦੇਵੇ ਕਿ ਇਸ ਕੋਲ ਬਾਹਰਲੇ ਮੁੰਡੇ ਆਂਉਦੇ ਨੇ। ਲੋਕਾਂ ਨੇ ਅੱਤਵਾਦ ਦੀ ਆੜ ਹੇਠ ਦੁਸ਼ਮਣੀਆਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਿਧਰੇ ਗੱਡੀਆਂ ‘ਚੋਂ ਕੱਢ ਕੇ ਇੱਕੋ ਫਿਰਕੇ ਦੇ ਲੋਕ ਮਾਰੇ ਜਾ ਰਹੇ ਸਨ ਤੇ ਕਿਧਰੇ ਪੰਜਾਬ ਦੇ ਦਰਿਆ ਅਣਪਛਾਤੀਆਂ ਲਾਸ਼ਾਂ ਨੂੰ ਢੋਹ ਰਹੇ ਸਨ। 13 ਅਪਰੈਲ ਨੂੰ ਅਮ੍ਰਿਤਸਰ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ। ਉਸ ਨੇ ਫੈਸਲੇ ਤਾਂ ਕੀ ਲੈਣੇ ਸਨ, ਬਲਕਿ ਧੜੇ ਬੰਦੀ ਦਾ ਸ਼ਿਕਾਰ ਹੋ ਕੇ ਰਹਿ ਗਿਆ।

ਮਨਦੀਪ ਦਾ ਅਖ਼ਬਾਰ ਪੜ੍ਹਨ ਨੂੰ ਵੀ ਹੁਣ ਉੱਕਾ ਦਿਲ ਨਾ ਕਰਦਾ। ਏਹੋ ਜਿਹੀਆਂ ਖ਼ਬਰਾਂ ਹੀ ਪਾਕਿਸਤਾਨ ਵਿੱਚੋਂ ਆਂਉਦੀਆਂ ਕਿ ਬੇਨਜ਼ੀਰ ਤੇ ਕਾਤਲਾਨਾ ਹਮਲਾ। ਉਧਰ ਕੁੰਭ ਦੇ ਮੇਲੇ ਤੇ ਹੋਈ ਭਗਦੜ ਸਮੇਂ ਪੰਜਾਹ ਵਿਅੱਕਤੀਆਂ ਦੀ ਮੌਤ ਹੋ ਗਈ। ਕਿਧਰੇ ਅਮਰੀਕਾ ਵਲੋਂ ਲਿਬੀਆ ਤੇ ਹਮਲੇ ਕਾਰਨ ਕਰਨਲ ਮੋਹਮਾਰ ਗਦਾਫੀ ਦੀ ਬੇਟੀ ਸਣੇ ਸੌ ਲੋਕ ਤ੍ਰਿਪੋਲੀ ਵਿੱਚ ਮਾਰੇ ਗਏ ਸਨ। ਦਿੱਲੀ ਵਿੱਚ ਗੁੱਟਨਿਰਲੇਪ ਦੇਸ਼ਾਂ ਦੀ ਮੀਟਿੰਗ ਫੇਰ ਹੋ ਰਹੀ ਸੀ। ਪਤਾ ਨਹੀਂ ਦੁਨੀਆਂ ਕਿਸ ਚੀਜ਼ ਦੀ ਪ੍ਰਾਪਤੀ ਲਈ ਲੜ ਰਹੀ ਸੀ?

ਰੂਸ ਨੇ ਅਮਰੀਕਾ ਤੇ ਬ੍ਰਤਾਨੀਆਂ ਨੂੰ ਆਪਹੁਦਰੀਆਂ ਕਰਨ ਖਿਲਾਫ ਚਿਤਾਵਨੀ ਦੇ ਦਿੱਤੀ। ਮਨਦੀਪ ਤਾਂ ਇਹ ਪੜ੍ਹ ਕੇ ਵੀ ਮਾਯੂਸ ਹੋ ਗਿਆ ਕੇ ਹਰਦੁਆਰ ਕੁੰਭ ਦੇ ਮੌਕੇ ਜੋ ਭਗਦੜ ਕਾਰਨ 50 ਲੋਕ ਮਾਰੇ ਗਏ ਸਨ ਉਸ ਦਾ ਕਾਰਨ ਤਿੰਨ ਮੁੱਖ ਮੰਤਰੀਆਂ ਦਾ ਹਰ ਕੀ ਪੌੜੀ ਤੇ ਇਸ਼ਨਾਨ ਕਰਨ ਲਈ ਪੁੱਜਣਾ ਸੀ। ਜਿਨਾਂ ਵਿੱਚ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਵੀ ਸੀ। ਉਹ ਹੀ ਭਜਨ ਲਾਲ ਜਿਸ ਦੀਆਂ ਗਲਤੀਆਂ ਅਤੇ ਤੰਗ ਸੋਚ ਨੇ ਪੰਜਾਬ ਦੇ ਮਹੌਲ ਨੂੰ ਲਾਂਬੂ ਲਾਏ ਸਨ। ਇਹ ਲੀਡਰ ਅਜੇ ਵੀ ਟਿਕ ਕੇ ਨਹੀਂ ਸੀ ਬੈਠਦੇ।

30 ਅਪਰੈਲ ਨੂੰ ਅਮ੍ਰਿਤਸਰ ਪੰਜ ਮੈਂਬਰੀ ਪੰਥਕ ਕਮੇਟੀ ਨੇ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨ ਕਰ ਦਿੱਤਾ। ਨੀਮ ਫੌਜੀ ਦਲਾਂ ਨੂੰ, ‘ਹਰਮੰਦਰ ਸਾਹਿਬ ਵਿੱਚ ਦੇਸ਼ ਵਿਰੋਧੀ ਤਾਕਤਾਂ ਨੇ’ ਕਹਿ ਕੇ ਹਰਮੰਦਿਰ ਸਾਹਿਬ ਵਿੱਚ ਪ੍ਰਵੇਸ਼ ਕਰਨ ਦਾ ਬਹਾਨਾ ਮਿਲ ਗਿਆ।

ਮਨਦੀਪ ਨੂੰ ਸਮਝ ਨਹੀਂ ਸੀ ਆਂਉਦੀ ਕਿ ਜਦ ਪੇਪਰ ਸਿਰ ਤੇ ਹੰਦੇ ਹਨ ਤਾਂ ਅਜਿਹਾ ਉਦੋਂ ਹੀ ਕਿਉਂ ਵਾਪਰਦਾ ਹੈ? ਸਿਆਸੀ ਲੋਕਾਂ ਨੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਬਲਦੀ ਦੇ ਬੁੱਥੇ ਦੇ ਰੱਖਿਆ ਸੀ ਤੇ ਉਨ੍ਹਾਂ ਦੇ ਆਪਣੇ ਨਿਆਣੇ ਬਿਦੇਸ਼ਾਂ ਵਿੱਚ ਪੜ੍ਹਦੇ ਸਨ। ਹੁਣ ਮਨਦੀਪ ਵਰਗੇ ਪੇਪਰਾਂ ਦੀ ਤਿਆਰੀ ਕਿਵੇਂ ਕਰਦੇ? ਪੇਪਰ ਤਾਂ ਪਤਾ ਨਹੀਂ ਹੋਣੇ ਵੀ ਸੀ ਕਿ ਨਹੀਂ?

ਲਾਸ਼ਾਂ ਤੇ ਢੇਰ ਤੇ ਗੋਲੀਆਂ ਦੀ ਗੜਗੜਾਹਟ ਵਿੱਚ ਭਲਾਂ ਕਿੱਦਾਂ ਕੋਈ ਸ਼ਾਂਤੀ ਨਾਲ ਪੜ੍ਹ ਸਕਦਾ ਹੈ? ਉਹ ਹੀ ਗੱਲ ਹੋਈ। ਇੱਕ ਮਈ ਮਨਦੀਪ ਦਾ ਰੋਲ ਨੰਬਰ ਆ ਗਿਆ। ਉੱਧਰ ਉਸੇ ਦਿਨ ਨੀਮ ਫੌਜੀ ਦਸਤੇ ਦਰਬਾਰ ਸਾਹਿਬ ਦੀ ਤਲਾਸ਼ੀ ਲੈ ਰਹੇ ਸਨ। ਗੁਰਬਾਣੀ ਪ੍ਰਸਾਰਨ ਬੰਦ ਕਰ ਦਿੱਤਾ ਗਿਆ। ਖਾਲਿਸਤਾਨ ਦੇ ਐਲਾਨ ਦੀ ਵੀ ਅਤੇ ਨੀਮ ਫੌਜੀ ਦਲਾਂ ਦੇ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਦੀ ਵੀ ਭਰਪੂਰ ਨਿੰਦਾ ਹੋ ਰਹੀ ਸੀ। ਇਹ ਮਈ ਦਾ ਮਹੀਨਾ ਵੀ ਏਨਾਂ ਹੀ ਗੱਲਾਂ ਵਿੱਚ ਬੀਤ ਗਿਆ।
ਮਈ ਮਹੀਨੇ ਦੇ ਅੰਤ ਤੇ ਮਨਦੀਪ ਦਾ ਇੱਕ ਦੁਬਈ ਤੋਂ ਪਰਤਿਆ ਦੋਸਤ ਖਹਿੜੇ ਪੈ ਗਿਆ ਸੀ ਕਿ ਉਸ ਨੂੰ ਵਾਪਸ ਜਹਾਜ਼ ਚੜਾਉਣ ਉਹ ਦਿੱਲੀ ਤੱਕ ਚੱਲੇ। ਪਰ ਇਨ੍ਹਾਂ ਦਿਨਾਂ ਵਿੱਚ ਦਿੱਲੀ ਜਾਣਾ ਪਗੜੀ ਵਾਲੇ ਨੰਜਵਨ ਲਈ ਮੌਤ ਨੂੰ ਮਾਸੀ ਆਖਣ ਵਾਲੀ ਗੱਲ ਸੀ। ਸ਼ੱਕੀ ਨਿਗਾਹਾਂ ਬੱਸਾਂ ਵਿੱਚ ਉਨ੍ਹਾਂ ਨੂੰ ਤਾੜਦੀਆਂ ਰਹੀਆਂ। ਦਿੱਲੀ ਜਾਕੇ ਉਨ੍ਹਾਂ ਨੂੰ ਕਿਸੇ ਵੀ ਹੋਟਲ ਵਿੱਚ ਫੇਰ ਕਮਰਾ ਨਾ ਮਿਲਿਆ।

ਪਹਿਲਾਂ ਉਨ੍ਹਾਂ ਦੀਆਂ ਸ਼ਕਲਾਂ ਪੋਸਟਰਾਂ ਤੇ ਲੋੜੀਂਦੇ ਖਤਰਨਾਕ ਅੱਤਵਾਦੀਆਂ ਨਾਲ ਮਿਲਾਈਆਂ ਜਾਂਦੀਆਂ। ਅੰਤ ਨੂੰ ਉਨਾਂ ਗੁਰਦੁਵਾਰਾ ਸ਼ੀਸ਼ ਗੰਜ ਸਾਹਿਬ ਵਿੱਖੇ ਰਾਤ ਕੱਟੀ। ਸਿੱਖਾਂ ਦਾ ਉਹ ਗੁਰੂ ਜਿਸ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।ਜਿਸ ਨੇ ਧਾਰਮਿਕ ਕੱਟੜਤਾ ਦੇ ਖਿਲਾਫ ਏਸੇ ਚਾਂਦਨੀ ਚੰਂਕ ਵਿੱਚ ਬਲੀਦਾਨ ਦਿੱਤਾ ਸੀ ਅੱਜ ਉਸੇ ਚਾਂਦਨੀ ਚੰਂਕ ਵਿੱਚ ਸਧਾਰਨ ਸਿੱਖ ਨੂੰ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਸੀ। ਹਾਲਾਤ ਉਥੇ ਦੇ ਉਥੇ ਹੀ ਖੜੇ ਸਨ ਜਿੱਥੇ ਅਕਤੂਬਰ 1984 ਵਿੱਚ ਖੜ੍ਹੇ ਸਨ। ਜਦੋਂ ਮਨਦੀਪ ਆਪਣੇ ਪਿਤਾ ਦਲੇਰ ਸਿੰਘ ਨਾਲ ਆਪਣੇ ਚਾਚੇ ਨੂੰ ਜਹਾਜ਼ ਚੜ੍ਹਾਉਣ ਆਇਆ ਸੀ ਤੇ ਉਦੋਂ ਵੀ ਹੋਟਲ ਚ ਕਮਰਾ ਨਾ ਮਿਲਣ ਕਾਰਨ ਉਹ ਸੀਸ ਗੰਜ ਗੁਰਦੁਵਾਰੇ ਹੀ ਰਹੇ ਸਨ। ਹੁਣ ਤਾਂ ਸਗੋਂ ਸਿੱਖਾਂ ਪ੍ਰਤੀ ਨਫਰਤ ਹੋਰ ਵਧ ਗਈ ਸੀ।

ਦੂਸਰੇ ਦਿਨ ਜਿਸ ਟੈਕਸੀ ਰਾਂਹੀ ਉਹ ਏਅਰ ਪੋਰਟ ਗਏ, ਉਸ ਦੇ ਡ੍ਰਾਈਵਰ ਨੇ ਤਾਂ ਭਿੰਡਰਾਵਾਲਾ, ਬਾਦਲ ਅਤੇ ਟੌਹੜੇ ਨੂੰ ਬੇਹੱਦ ਗੰਦੀਆਂ ਗਾਲਾਂ ਕੱਢੀਆਂ। ਜਿਨਾਂ ਦਿੱਲੀ ਵਿੱਚ ਹਜ਼ਾਰਾਂ ਲੋਕਾਂ ਦਾ ਕਤਲ ਕਰਵਾ ਦਿੱਤਾ ਸੀ ਤੇ ਅਜੇ ਵੀ ਉਨ੍ਹਾਂ ਦੀ ਰੋਜ਼ੀ ਰੋਟੀ ਤੇ ਲੱਤਾਂ ਮਾਰ ਰਹੇ ਸਨ। ਟੈਕਸੀ ਵਾਲੇ ਬਿੱਲੂ ਨੇ ਦੱਸਿਆ ਕਿ ‘ਉਹ ਵੀ ਸਿੱਖ ਹੈ ਪਰ ਹੁਣ ਉਸ ਨੇ ਵਾਲ ਕਟਾ ਦਿੱਤੇ ਨੇ, ਤੇ ਕੜਾ ਵੀ ਉਤਾਰ ਦਿੱਤਾ ਹੈ। ਹੁਣ ਤਾਂ ਉਹ ਪੰਜਾਬੀ ਵੀ ਨਹੀਂ ਬੋਲਦਾ। ਉਹ ਕਹਿੰਦਾ “ਮੈਂ ਆਪਣੇ ਟੱਬਰ ਦਾ ਪੇਟ ਵੀ ਤਾਂ ਪਾਲਣਾ ਹੈ”। ਮਨਦੀਪ ਨਫਰਤ ਦਾ ਦਰਿਆ ਪਾਰ ਕਰਕੇ ਫੇਰ ਪੰਜਾਬ ਮੁੜ ਆਇਆ ਸੀ।

ਇਹ 9 ਜੂਨ 1986 ਦਾ ਦਿਨ ਸੀ। ਸਮਰਾਲਾ ਸ਼ਹਿਰ ਪੁਲੀਸ ਨਾਲ ਨੱਕੋ ਨੱਕ ਭਰਿਆ ਪਿਆ ਸੀ। ਏਸੇ ਸ਼ਹਿਰ ਵਿੱਚ ਕਦੇ ਜਰਨੈਲ ਸਿੰਘ ਭਿੰਡਰਾਵਾਲੇ ਨੇ ਸੈਂਕੜੇ ਟਰੱਕਾਂ ‘ਚ ਭਰੇ ਹਥਿਆਰਬੰਦ ਬੰਦ ਨੌਜਵਾਨਾਂ ਨਾਲ ਕਾਨਫਰੰਸ ਕੀਤੀ ਸੀ। ਅੱਜ ਉਸੇ ਜਗਾ ਤੋਂ ਕੋਈ ਦੋ ਕੁ ਫਰਲਾਂਗ ਦੀ ਦੂਰੀ ਤੇ ਬਣੀ ਆਈ ਟੀ ਆਈ ਵਿੱਚ ਅਕਾਲੀ ਕਾਨਫਰੰਸ ਹੋ ਰਹੀ ਸੀ। ਉਹ ਹੀ ਅਕਾਲੀ ਜੋ ਭਿੰਡਰਾਂਵਾਲੇ ਸੰਤਾਂ ਦੀ ਚੜ੍ਹਾਈ ਵੇਲੇ ਗੁਮਨਾਮੀ ਦੀਆਂ ਖੱਡਾਂ ਵਿੱਚ ਛਪਨ ਹੋ ਗਏ ਸਨ ਹੁਣ ਫੇਰ ਸਟੇਜਾਂ ਦਾ ਸ਼ਿੰਗਾਰ ਬਣਨ ਲੱਗੇ।

ਸਾਬਕਾ ਖਜ਼ਾਨਾ ਮੰਤਰੀ ਬਲਵੰਤ ਸਿੰਘ, ਬਸੰਤ ਸਿੰਘ ਖਾਲਸਾ, ਮੈਂਬਰ ਪਾਰਲੀਮੈਂਟ ਬਲਵੰਤ ਸਿੰਘ ਰਾਮੂਵਾਲੀਆ ਜਿਸ ਨੂੰ ਮਨਦੀਪ ਮੁੰਡਿਆਂ ਸੰਗ ਬਾਦਲ ਦੀ ਕੋਠੀ ਟਿਕਟ ਦਵਾਉਣ ਤੇ ਫੇਰ ਫਰੀਦਕੋਟ ਵਿੱਚ ਚੋਣਾਂ ਜਤਾਉਣ ਵੀ ਗਿਆ ਸੀ। ਹੁਣ ਉਹ ਵੀ ਵੱਡਾ ਲੀਡਰ ਬਣ ਉੱਚੀਆਂ ਹਵਾਵਾਂ ‘ਚ ਉੱਡਦਾ ਏਸ ਕਾਨਫਰੰਸ ਵਿੱਚ ਸ਼ਿਰਕਤ ਕਰ ਰਿਹਾ ਸੀ।

ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਹਾਸਿਆਂ ਦਾ ਬਾਦਸ਼ਾਹ ਵਿਅੰਗਕਾਰ ਡਾ: ਗੁਰਨਾਮ ਸਿੰਘ ਸਿੰਘ ਤੀਰ ਵੀ ਏਥੇ ਪਹੁੰਚੇ ਹੋਏ ਸਨ। ਪੰਜਾਬ ਦੇ ਭਵਿੱਖ ਬਾਰੇ ਅਤੇ ਅੱਤਵਾਦ ਦੀ ਰੋਕਥਾਮ ਬਾਰੇ ਸਾਰੇ ਅੱਡੀਚੋਟੀ ਦਾ ਜ਼ੋਰ ਲਾ ਕੇ ਬੋਲ ਰਹੇ ਸਨ। ਉਹ ਤਾਂ ਸਾਰੇ ਹੀ ਸਟੇਨਗੱਨਾਂ ਦੇ ਸਾਏ ਹੇਠ ਸਨ। ਪਰ ਆਮ ਪੰਜਾਬੀ ਇਹ ਲੜਾਈ ਨੰਗੇ ਧੜ ਲੜ ਰਿਹਾ ਸੀ। ਲੀਡਰ ਨੇ ਤਾਂ ਅਖ਼ਬਾਰਾਂ ਵਿੱਚ ਫੋਟੋਆਂ ਛਪਾ ਕੇ ਜਾਂ ਚੌਧਰ ਚਮਕਾ ਕੇ ਖੁਸ਼ ਹੋ ਲੈਣਾ ਸੀ, ਪਰ ਮਨਦੀਪ ਵਰਗੇ ਹਜ਼ਾਰਾਂ ਗਭਰੂਆਂ ਦਾ ਭਵਿੱਖ ਕੀ ਸੀ? ਵੱਡੀ ਭੀੜ ਵਿੱਚ ਸਰੋਤਾ ਬਣਿਆ ਮਨਦੀਪ ਵੀ ਧਰਤੀ ਖਰੋਚਦਾ ਸੋਚਦਾ ਰਿਹਾ। ਹੁਣ ਤਾਂ ਉਸ ਨੂੰ ਮਰਨ ਤੋਂ ਡਰ ਵੀ ਨਹੀਂ ਸੀ ਲੱਗਦਾ।

ਘਰ ਆਇਆ ਤਾਂ ਉਸਦੀ ਭੂਆ ਆਪਣੀ ਧੀ ਦੇ ਵਿਆਹ ਦਾ ਕਾਰਡ ਦੇਣ ਆਈ ਹੋਈ ਸੀ। ਤੇ ਨਾਲ ਇਹ ਵੀ ਕਹਿਣ ਆਈ ਸੀ ਕਿ ਮੀਟ ਨਹੀਂ ਬਣਾਉਣਾ ਤੇ ਸ਼ਰਾਬ ਨੀ ਪਿਆਉਣੀ। ਬਰਾਤ ਵੀ ਨੀ ਆਉਣੀ। ਬੱਸ ਪੰਜ ਸੱਤ ਬੰਦੇ ਹੀ ਆਉਣਗੇ ਤੇ ‘ਨੰਦ ਲੈਕੇ ਮੁੜ ਜਾਣਗੇ।

ਤੁਸੀਂ ਵੀ ਇੱਕ ਦੋ ਜਾਣੇ ਆ ਜਾਇਉ। ਨਾਨਕੇ ਤਾਂ ਚਾਹੀਦੇ ਹੀ ਨੇ। ਥੋਨੂੰ ਤਾਂ ਪਤਾ ਹੀ ਹੈ ਖਾੜਕੂਆਂ ਨੇ ਸਭ ਕੁੱਝ ਬੰਦ ਕੀਤਾ ਹੋਇਆ ਹੈ। ਬੱਸ, ਸਭ ਕੁੱਝ ਸੁੱਖੀ ਸਾਂਦੀ ਨਿੱਬੜ ਜਾਏ। ਮਨਦੀਪ ਦਾ ਜੀ ਕਰਦਾ ਸੀ ਸਭ ਨੂੰ ਗਾਲਾਂ ਕੱਢੇ। ਕਿ ਲੋਕਾਂ ਦੇ ਵਿਆਹ ਸ਼ਾਦੀ ਦੀਆਂ ਨਿੱਕੀਆਂ ਮੋਟੀਆਂ ਖੁਸ਼ੀਆਂ ਖੋਹਣ ਵਾਲਿਉ, ਤੁਸੀਂ ਤਾਂ ਔਰੰਗਜ਼ੇਬ ਤੋਂ ਵੀ ਗਏ ਗੁਜ਼ਰੇ ਨਿੱਕਲੇ। ਅਗਰ ਕੱਲ ਨੂੰ ਥੋਡਾ ਰਾਜ ਆ ਗਿਆ ਤੁਸੀਂ ਤਾਂ ਲੋਕਾਂ ਨੂੰ ਸਾਹ ਵੀ ਨਹੀਂ ਕੱਢਣ ਦੇਣਾ। ਪੰਜਾਬ ਵਿੱਚ ਸਭ ਪਾਸੇ ਜਿਵੇਂ ਮੁਰਦੇਹਾਣੀ ਛਾਈ ਪਈ ਸੀ। ਆਮ ਲੋਕ ਪੁਲੀਸ ਅਤੇ ਅੱਤਵਾਦ ਦੇ ਪੁੜਾਂ ਵਿੱਚ ਪਿਸ ਰਹੇ ਸਨ। ਬਾਦਲ ਤੇ ਟੌਹੜੇ ਵਰਗੇ ਲੀਡਰ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੇ ਸਨ।

ਮਨਦੀਪ ਦਾ ਛੋਟਾ ਭਰਾ ਬਿੰਦਰ ਜਿਸ ਨੂੰ ਪਿੰਡ ਵਿੱਚ ਕਿਸੇ ਕੁੜੀ ਨਾਲ ਮੁਹੱਬਤ ਹੋ ਗਈ। ਜਿਵੇਂ ਅਕਸਰ ਚੜਦੀ ਉਮਰ ਵਿੱਚ ਮੁੰਡੇ ਕੁੜੀਆਂ ਇੱਕ ਦੂਸਰੇ ਵਲ ਖਿੱਚੇ ਜਾਂਦੇ ਹਨ, ਇਸੇ ਤਰ੍ਹਾਂ ਉਹ ਵੀ ਖਿੱਚਿਆ ਗਿਆ ਸੀ। ਪਰ ਜਦੋਂ ਕੁੜੀ ਦੇ ਘਰਦਿਆਂ ਨੂੰ ਸ਼ੱਕ ਪਿਆ ਤਾਂ ਉਨਾਂ ਪੁਲੀਸ ਕੋਲ ਜਾਕੇ ਉਸ ਦਾਂ ਨਾਂ ਅੱਤਵਾਦੀ ਵਜੋਂ ਲਿਖਾ ਦਿੱਤਾ। ਉਸ ਰਾਤ ਮਨਦੀਪ ਕੋਲ ਇੱਕ ਪਤਵੰਤ ਪਾਂਧੀ ਨਾਂ ਦਾ ਲੇਖਕ ਵੀ ਆਇਆ ਹੋਇਆ ਸੀ। ਉਹ ਸਵੇਰੇ ਸਵੇਰੇ ਆਪਣੀ ਮੋਟਰ ਵਲ ਜਾ ਰਹੇ ਸਨ, ਤਾਂ ਸੀ ਆਈ ਏ ਸਟਾਫ ਦੀ ਗੱਡੀ ਬਿੰਦਰ ਨੂੰ ਚੁੱਕ ਕੇ ਲੈ ਗਈ।

ਦਲੇਰ ਸਿੰਘ ਨੇ ਤਾਂ ਬੇਵਸ ਹੋਏ ਨੇ ਗਾਲਾਂ ਹੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਿ “ਮੈਂ ਇਕੱਲਾ ਬੰਦਾ ਹਾਂ ਮਸਾਂ ਨੌਕਰੀ ਕਰਦਾ ਹਾਂ ਤਾਂ ਕਿਤੇ ਘਰ ਚੱਲਦਾ ਹੈ। ਸਾਰੀ ਉਮਰ ਮੈਂ ਫੌਜ ਵਿੱਚ ਗੁਆ ਦਿੱਤੀ ਹੁਣ ਮੈਨੂੰ ਆਹ ਦਿਨ ਦੇਖਣੇ ਪੈ ਰਹੇ ਨੇ । ਉਹ ਲੋਕੋ ਮੈਂ ਕਿੱਧਰ ਜਾਵਾਂ” ਉਸ ਨੂੰ ਪਤਾ ਸੀ ਕਿ ਪੁਲੀਸ, ਉਸ ਦੇ ਮੁੰਡੇ ਨੂੰ ਮਾਰ ਵੀ ਸਕਦੀ ਹੈ। ਇਹ ਤਾਂ ਪੱਕਾ ਸੀ ਕਿ ਨੋਟਾਂ ਦਾ ਥੱਬਾ ਲਏ ਬਗੈਰ ਤਾਂ ਹੁਣ ਉਨ੍ਹਾਂ ਨੇ ਛੱਡਣਾ ਵੀ ਨਹੀਂ ਸੀ।

ਅਖੌਤੀ ਖਾੜਕੂਆਂ ਨੂੰ ਅਤੇ ਪੁਲੀਸ ਨੂੰ ਲੋਕਾਂ ਦਾ ਲਹੂ ਪੀਣ, ਤੇ ਮਾਇਆ ਇਕੱਠੀ ਕਰਨ ਲਈ ਇਹ ਸੁਨਹਿਰੀ ਮੌਕਾ ਮਿਲਿਆ ਹੋਇਆ ਸੀ। ਮਨਦੀਪ ਨੇ ਬਹੁਤ ਭੱਜ ਨੱਸ ਕੀਤੀ ਪਰ ਬਿੰਦਰ ਦਾ ਕਿਤੋਂ ਕੁੱਝ ਪਤਾ ਨਾ ਲੱਗਿਆ, ਕਿ ਪੁਲੀਸ ਉਸ ਨੂੰ ਕਿੱਥੇ ਲੈ ਗਈ ਸੀ।

ਉਸ ਨੇ ਇੱਕ ਵਾਕਿਫ ਪੱਤਰਕਾਰ ਨਾਲ ਮਿਲ ਕੇ ਦੂਸਰੇ ਦਿਨ ਦੀਆਂ ਸਾਰੀਆਂ ਅਖ਼ਬਾਰਾਂ ਵਿੱਚ ਜਦੋੰ ਖਬਰ ਲੁਆਈ ਤਾਂ ਕਿਤੇ ਪ੍ਰਸਾਸ਼ਨ ਹਰਕਤ ਵਿੱਚ ਆਇਆ। ਉਹ ਵੀ ਤਾਂ, ਕਿ ਮਨਦੀਪ ਦੀ ਮਾਸੀ ਦਾ ਮੁੰਡਾ ਇੱਕ ਚੰਗਾ ਚਲਦਾ ਪੁਰਜ਼ਾ ਸੀ। ਜਿਸ ਕੋਲ ਸ਼ਰਾਬ ਦੇ ਠੇਕੇ ਸਨ ਤੇ ਉਨ੍ਹਾਂ ਠੇਕਿਆਂ ਵਿੱਚ ਇੱਕ ਅਕਾਲੀ ਮੰਤਰੀ ਦਾ ਹਿੱਸਾ ਵੀ ਸੀ। ਬਚਨ ਕੌਰ ਆਪਣੇ ਭਾਣਜੇ ਕੋਲ ਰੋਈ, ਤਾਂ ਕਿਤੇ ਉਸ ਨੇ ਮੰਤਰੀ ਨੂੰ ਵਿੱਚ ਪਾ ਕੇ ਘੱਟ ਪੈਸਿਆਂ ‘ਚ ਗੱਲ ਨਿਬੇੜਕੇ ਬਿੰਦਰ ਨੂੰ ਛੁਡਵਾ ਦਿੱਤਾ। ਪਰ ਇਸੇ ਸਾਰੇ ਚੱਕਰ ਵਿੱਚ ਪੁਲੀਸ, ਲੀਡਰ ਅਤੇ ਠੇਕੇਦਾਰਾਂ ਦਾ ਜੋ ਗੰਦਾ ਵਤੀਰਾ ਖਾਣ ਪੀਣ ਦੇ ਢੰਗ ਅਤੇ ਕਮੀਨਗੀ ਦੇਖੀ, ਉਸ ਨੇ ਮਨਦੀਪ ਦਾ ਕਾਲਜਾ ਛਲਣੀ ਕਰ ਦਿੱਤਾ। ਨਾਲ ਫਿਰਨ ਵਾਲਿਆਂ ਨੂੰ ਤਾਂ ਮਸਾਂ ਖਾਣ ਪੀਣ ਦਾ ਬਹਾਨਾ ਮਿਲਿਆ ਹੋਇਆ ਸੀ।

ਮਨਦੀਪ ਆਪਣੀ ਭੂਆ ਦੀ ਕੁੜੀ ਦੇ ਵਿਆਹ ਜਾ ਆਇਆ, ਪਰ ਉਥੇ ਦਿਲ ਨਹੀਂ ਸੀ ਲੱਗ ਰਿਹਾ। ਵਿਆਹ ਤੇ ਮਰਗ ਵਿੱਚ ਹੁਣ ਕੋਈ ਬਹੁਤਾ ਅੰਤਰ ਨਹੀਂ ਸੀ ਰਹਿ ਗਿਆ। ਰਾਤ ਨੂੰ ਬੰਦ ਕਮਰੇ ਵਿੱਚ ਔਰਤਾਂ ਨੇ ਜਦੋਂ ਲਕੋ ਕੇ ਜਾਗੋ ਕੱਢੀ। ਮਰਦਾਂ ਨੇ ਤੂੜੀ ਵਾਲੇ ਕੋਠੇ ਵਿੱਚ ਲੁਕ ਕੇ ਦੋ ਘੁੱਟ ਸ਼ਰਾਬ ਦੇ ਲਾਏ ਤਾਂ ਮਨਦੀਪ ਦਾ ਭੁੱਬਾਂ ਮਾਰ ਕੇ ਰੋਣ ਨੂੰ ਜੀ ਕਰਦਾ ਸੀ।

ਉਸ ਨੂੰ 1971 ਦੀ ਲੜਾਈ ਵੇਲੇ ਹੋਈ ਬਲੈਕ ਆਊਟ ਯਾਦ ਆ ਗਈ। ਵਿਆਹ ਤੋਂ ਬਾਅਦ ਉਹ ਆਪਣੇ ਇੱਕ ਫੌਜੀ ਦੋਸਤ ਦੇ ਭਰਾ ਨਾਲ ਜੰਮੂ ਚਲਾ ਗਿਆ। ਜੰਮੂ ਕਸ਼ਮੀਰ ਵਿੱਚ ਵੀ ਰੌਲਾ ਸੀ ਪਰ ਪੰਜਾਬ ਜਿਨਾਂ ਨਹੀਂ ਸੀ। ਦੋ ਤਿੰਨ ਦਿਨ ਉਹ ਮਿਲਟਰੀ ਕੁਆਟਰਾਂ ਵਿੱਚ ਰਹੇ ਤੇ ਚੰਗਾ ਵਕਤ ਲੰਘਿਆ। ਡਰ ਭੈਅ ਤੋਂ ਮੁਕਤੀ ਮਿਲੀ ਰਹੀ। ਪਰ ਮੁੜ ਫੇਰ ਉਨ੍ਹਾਂ ਅੱਤਵਾਣ ਦੀ ਮਘਦੀ ਭੱਠੀ ਜਾ ਡਿੱਗਣਾ ਸੀ। ਹੋਰ ਤਾਂ ਹੱਲ ਹੀ ਕੋਈ ਨਹੀਂ ਸੀ।

ਇਹ 21 ਸਤੰਬਰ 1986 ਦਾ ਦਿਨ ਸੀ। ਪੰਜਾਬ ਵਿੱਚ ਹੋਈਆਂ ਮੌਤਾਂ ਵਿੱਚ ਇੱਕ ਕੁਦਰਤੀ ਮੌਤ ਹੋਰ ਰਲ਼ ਗਈ ਜਿਸ ਨੇ ਮਨਦੀਪ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਇਹ ਸੀ ਉਸਦੇ ਨਾਨਾ ਸ: ਸੰਤਾ ਸਿੰਘ ਲੰਬੜਦਾਰ ਦੀ ਮੌਤ।ਇੱਕ ਤੁਰਦਾ ਫਿਰਦਾ ਇਤਿਹਾਸ ਮਰ ਗਿਆ ਸੀ। ਤੇ ਇੱਕ ਯੁੱਗ ਖਤਮ ਹੋ ਗਿਆ ਸੀ। ਮਨਦੀਪ ਦੇ ਮਨ ਵਿੱਚ ਸਿੱਖ ਧਰਮ ਦਾ ਅਤੇ ਇਨਸਾਨੀਅਤ ਦਾ ਬੀਜ ਬੀਜਣ ਵਾਲਾ ਸੰਤਾ ਸਿੰਘ ਹੁਣ ਇਸ ਦੁਨੀਆਂ ਵਿੱਚ ਨਹੀਂ ਸੀ ਰਿਹਾ। ਉਸੇ ਸਿੱਖੀ ਨੂੰ ਕੱਟੜਵਾਦ ਲੀਰੋਲੀਰ ਕਰ, ਗਲੀਆਂ ਵਿੱਚ ਵਿਛਾ ਕੇ, ਲਿਤਾੜਨ ਤੇ ਤੁੱਲਿਆ ਹੋਇਆ ਸੀ।

ਜੇ ਕੋਈ ਸਕੂਲੀ ਲੜਕੀ ਜੀਨ ਪਹਿਨ ਲੈਂਦੀ ਤਾਂ ਇਹ ਬਾਬੇ ਅਖਵਾਉਣ ਵਾਲੇ ਸ਼ਰੇ ਬਜ਼ਾਰ ਉਸਦੀ ਪੈਂਟ ਲੀਰੋ ਲੀਰ ਕਰਕੇ ਉਸ ਨੂੰ ਨਗਨ ਕਰ ਦਿੰਦੇ ਤੇ ਤਮਾਸ਼ਾ ਵੇਖਦੇ। ਮੁੰਡਿਆਂ ਨੂੰ ਕੇਸਰੀ ਪੱਗਾਂ ਬੰਨਣ ਲਈ ਉਸੇ ਤਰ੍ਹਾਂ ਮਜ਼ਬੂਰ ਕੀਤਾ ਜਾ ਰਿਹਾ ਸੀ ਜਿਵੇਂ ਕਦੇ ਔਰੰਗਜ਼ੇਬ ਹਿੰਦੂਆਂ ਨੂੰ ਜਨੇਊ ਲਹਵਾੳੇਣ ਲਈ ਕਰਦਾ ਸੀ। ਹੁਣ ਤਾਂ ਘਰਾਂ ਅੰਦਰ ਵੜ ਕੇ ਸਮੂਹਿਕ ਬਲਾਤਕਾਰ ਵੀ ਕੀਤੇ ਜਾ ਰਹੇ ਸਨ। ਸਟੇਨਾਂ ਦੇ ਜ਼ੋਰ ਤੇ ਇਹ ਸਾਰਾ ਕੁੱਝ ਹੋ ਰਿਹਾ ਸੀ। ਮਨਦੀਪ ਆਪਣੀ ਮਾਂ ਬਚਨੋ ਨਾਲ ਜਾ ਕੇ ਆਪਣੇ ਨਾਨੇ ਦਾ ਸਸਕਾਰ ਕਰਵਾ ਆਇਆ। ਜਿੱਥੇ ਵੀ ਲੋਕ ਜੁੜਦੇ ਅੱਤਵਾਦ ਜਾਂ ਪੁਲਿਸ ਤਸ਼ੱਦਤ ਹੀ ਵਿਸ਼ਾ ਹੁੰਦਾ ਸੀ।

25 ਸਤੰਬਰ ਨੂੰ ਸਿਓਲ ਵਿੱਚ ਏਸ਼ੀਅਨ ਗੇਮਾਂ ਦੀ ਸ਼ੁਰੂਆਤ ਨੇ ਥੋੜੀ ਜਿਹੀ ਲੋਕਾਂ ਦੀ ਸੋਚ ਬਦਲੀ। ਲੋਕਾਂ ਨੇ ਹਾਕੀ ਦੀ ਕੁਮੈਂਟਰੀ ਬਗੈਰਾ ਮੁੜ ਤੋਂ ਸੁਣਨੀ ਸ਼ੁਰੂ ਕੀਤੀ। ਭਾਰਤੀ ਕੁੜੀਆਂ ਹਾਕੀ ਵਿੱਚ ਥਾਈਲੈਂਡ ਨੂੰ 9-0 ਨਾਲ ਹਰਾ ਕੇ ਸੋਨ ਤਮਗਾ ਜਿੱਤ ਗਈਆਂ। ਖਜ਼ਾਨ ਸਿੰਘ ਨੇ ਵੀ ਚਾਂਦੀ ਦਾ ਤਮਗਾ ਜਿੱਤ ਲਿਆ। ਪਰ ਇਹ ਸਾਰੀਆਂ ਗੱਲਾਂ ਤੇ ਫੇਰ ਉਦੋਂ ਕਾਲਖ ਫਿਰ ਗਈ ਜਦੋਂ ਅੱਤਵਾਦੀਆਂ ਨੇ ‘ਦਰਸ਼ਨ ਸਿੰਘ ਕਨੇਡੀਅਨ’ ਨੂੰ ਜੋ ਕਿ ਇੱਕ ਲੋਕ ਪੱਖੀ ਤੇ ਇਮਾਨਦਾਰ ਨੇਤਾ ਸੀ, ਇਸ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਕਿ ਉਸਦੇ ਵਿਚਾਰ ਵੱਖਰੇ ਸਨ। ਇਹ ਕਾਹਦੀ ਸਿੱਖੀ ਸੀ? ਜੋ ਦੂਜਿਆਂ ਦੀ ਗੱਲ ਸੁਣਨ ਵਿੱਚ ਹੀ ਯਕੀਨ ਨਹੀਂ ਸੀ ਰੱਖਦੀ। ਬਾਬੇ ਨਾਨਕ ਦੀ ਗੋਸ਼ਿਟ ਨੀਤੀ ਕਿੱਥੇ ਚਲੀ ਗਈ? ਜ਼ੁਲਮ ਖਿਲਾਫ ਲੜਨ ਵਾਲੇ ਹੀ ਹੁਣ ਲੋਕਾਂ ਤੇ ਏਨੇ ਘਟੀਆਂ ਪੱਧਰ ਦੇ ਜੁਲਮ ਕਰ ਰਹੇ ਸਨ ਕਿ ਸ਼ਰਮ ਆ ਰਹੀ ਸੀ। ਪਰ ਸਭ ਪਾਸੇ ਮੁਰਦਾ ਖਾਮੋਸ਼ੀ ਸੀ। ਕੋਈ ਵੀ ਸੂਰਮਾ ਨਹੀਂ ਸੀ ਨਿੱਤਰ ਰਿਹਾ ਜੋ ਹੱਕ ਸੱਚ ਦੀ ਆਵਾਜ਼ ਬੁਲੰਦ ਕਰੇ ਤਾਂ ਜੋ ਇਸ ਕੂੜ ਦੀ ਹਨੇਰੀ ਨੂੰ ਠੱਲ ਪਾਵੇ।

ਫੇਰ 30 ਸਤੰਬਰ ਸੰਤਾ ਸਿੰਘ ਦਾ ਭੋਗ ਸੀ। ਰਣੀਏ ਪਿੰਡ ਦੀ ਸੱਥ ਵਿੱਚ ਟੈਂਟ ਲਾਕੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਸੰਤਾਂ ਸਿੰਘ ਦਾ ਵੱਡਾ ਮੁੰਡਾ ਗੁਰਜੀਤ ਸਿੰਘ ਸੰਤ ਬਣਿਆ ਹੋਣ ਕਰਕੇ, ਸੈਂਕੜੇ ਸੰਤ ਇਸ ਸਮਾਗਮ ਤੇ ਆਏ। ਲਿਸ਼ਕਦੀਆਂ ਕਾਰਾਂ, ਚਮਕਦੇ ਬਸਤਰ, ਨਾਮ ਖੁਮਾਰੀ ਵਿੱਚ ਬਗਲੇ ਵਾਂਗ ਮੁੰਦੀਆਂ ਅੱਖਾਂ। ਇਹ ਕੇਹੀ ਸਿੱਖੀ ਸੀ? ਜਿਸ ਨੂੰ ਲੋਕਾਂ ਤੇ ਹੋ ਰਿਹਾ ਜ਼ੁਲਮ ਨਜ਼ਰ ਹੀ ਨਹੀਂ ਸੀ ਆ ਰਿਹਾ। ਮਰਨ ਪਿੱਛੋ ਮੁਕਤੀ ਦੀਆਂ ਗੱਲਾਂ ਕਰਨ ਵਾਲੇ ਜੀਂਦਿਆਂ ਨੂੰ ਜ਼ੁਲਮ ਦੇ ਪੰਜੇ ਚੋਂ ਛੁਡਾਉਣ ਲਈ ਇੱਕ ਸ਼ਬਦ ਵੀ ਬੋਲਣਾ ਨਹੀਂ ਸਨ ਚਾਹੁੰਦੇ। ਇਹ ਵਿਚਾਰੇ ਤਾਂ ਖੁਦ ਬੰਦੂਕਾਂ ਦੇ ਪਹਿਰੇ ਹੇਠ ਜਾਨਾਂ ਲਕੋਂਦੇ ਫਿਰ ਰਹੇ ਸਨ।

ਗੁਰਦੇਵ ਸਿੰਘ ਲਲਤੋਂ, ਸਾਧੂ ਸਿੰਘ ਦਰਦ ਵੀ ਆਪਣੀਆਂ ਰਸਮੀ ਜਿਹੀਆਂ ਕਵਿਤਾਵਾਂ ਪੜ੍ਹ ਗਏ। ਪਰ ਸੰਤਾਂ ਸਿੰਘ ਦੀ ਅਸਲ ਰੂਹ ਤੱਕ ਤੇ ਗੁਰੂ ਦੀ ਉਸ ਮਹਾਨ ਸਿੱਖੀ ਤੱਕ, ਜਿਸ ਦੇ ਸਬਕ ਮਨਦੀਪ ਨੇ ਸੰਤਾ ਸਿੰਘ ਪਾਸੋਂ ਲਏ ਸਨ, ਕੋਈ ਵੀ ਨਾ ਪਹੁੰਚਿਆ। ਮਨਦੀਪ ਨੂੰ ਇਹ ਸਮਾਗਮ ਇੱਕ ਆਡੰਬਰ ਤੋਂ ਵੱਧ ਕੁੱਝ ਵੀ ਨਾ ਜਾਪਿਆ।

ਇਹ ਦੋ ਅਕਤੂਬਰ ਦਿਨ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਮਹਾਤਮਾਂ ਗਾਂਧੀ ਦੀ ਜਯੰਤੀ ਕਾਰਨ, ਜਦੋਂ ਉਸ ਦੀ ਸਮਾਧ ਤੇ ਪਹੁੰਚੇ ਤਾਂ ਝਾੜੀਆਂ ਵਿੱਚ ਲੁਕੇ, ਕਿਸੇ ਵਿਅੱਕਤੀ ਨੇ, ਉਨ੍ਹਾਂ ਤੇ ਗੋਲੀ ਚਲਾਈ। ਪਰ ਉਹ ਵਾਲ ਵਾਲ ਬਚ ਗਏ। ਇਸ ਖ਼ਬਰ ਨੇ ਪੂਰੇ ਦੇਸ਼ ਨੂੰ ਫੇਰ ਹਿਲਾ ਕੇ ਦਿੱਤਾ। ਦੇਸ਼ ਵਿੱਚ ਹੁਣ ਫੇਰ ਸਿੱਖ ਵਿਰੋਧੀ ਦੰਗੇ ਭੜਕ ਸਕਦੇ ਸਨ ਜੇ ਕੁੱਝ ਹੋ ਜਾਂਦਾ। ਪੂਰੇ ਦੇਸ਼ ਵਿੱਚ ਸਿੱਖ ਭੈਭੀਤ ਹੋ ਗਏ। ਪਰ ਖਾੜਕੂ ਜਥੇਬੰਦੀਆਂ ਬੇਹੱਦ ਖੁਸ਼ ਸਨ ਕਿ ਅੱਗ ਅਜੇ ਭੜਕ ਰਹੀ ਹੈ। ਤੇ ਹੋਰ ਵੀ ਰੋਟੀਆਂ ਸੇਕੀਆਂ ਜਾ ਸਕਦੀਆਂ ਨੇ।

ਉਹ ਸੋਚਦੇ ਕਿ ਜੇ ਬਾਹਰ ਵਸਦੇ ਸਿੱਖਾਂ ਤਾਂ ਉਜਾੜਾ ਹੋ ਜਾਵੇ। ਜਦੋਂ ਉਹ ਸਾਰੇ ਸਿੱਖ ਪੰਜਾਬ ਵਿੱਚ ਆ ਗਏ ਤਾਂ ਸਿੱਖਾਂ ਦਾ ਇੱਕ ਵੱਖਰਾ ਸਤਾਨ ਆਪੇ ਬਣ ਗਿਆ। ਹਿੰਦੂਆ ਨੂੰ ਤਾਂ ਏਥੋਂ ਡਰਾ ਕੇ ਵੀ ਭਜਾਇਆ ਜਾ ਸਕਦਾ ਸੀ। ਪਰ ਅਜਿਹਾ ਤਾਂ ਹੀ ਹੋ ਸਕਦਾ ਸੀ ਜੇ ਬਾਹਰ ਫੇਰ ਸਿੱਖ ਮਰਨ ਜਾਂ ਦੰਗੇ ਭੜਕਣ। ਪੰਜਾਬ ਦੇ ਲੋਕਾਂ ਨੇ ਇਸ ਵਾਰ 1947 ਵਰਗੀਆਂ ਬਚਕਾਨਾਂ ਹਰਕਤਾਂ ਨਹੀਂ ਸੀ ਕੀਤੀਆਂ। ਅੱਤਵਾਦੀਆਂ ਬੱਸਾਂ ‘ਚੋਂ ਕੱਢ ਕੱਢ, ਦੁਕਾਨਾਂ ‘ਚੋਂ ਕੱਢ ਇੱਕੋ ਫਿਰਕੇ ਦੇ ਬਥੇਰੇ ਲੋਕ ਮਾਰੇ ਕਿ ਦੰਗੇ ਭੜਕਣ ਪਰ ਪੰਜਾਬ ਵਿੱਚ ਅਜਿਹਾ ਹੋ ਨਾ ਸਕਿਆ।

ਕਰਮਜੀਤ ਸਿੰਘ ਨਾਂ ਦੇ ਮੁੰਡੇ ਨੇ ਰਾਜੀਵ ਤੇ ਗੋਲੀ ਚਲਾ ਕੇ ਇੱਕ ਹੋਰ ਵੱਡਾ ਕਾਰਨਾਮਾ ਕਰ ਦੇਣਾ ਸੀ। ਪਤਾ ਲੱਗਿਆ ਕਿ ਉਸ ਨੇ ਦਿੱਲੀ ਦੰਗਿਆ ਸਮੇਂ ਮਾਰੇ ਗਏ ਇੱਕ ਦੋਸਤ ਦਾ ਬਦਲਾ ਲੈਣ ਲਈ ਅਜਿਹਾ ਕੀਤਾ ਸੀ। ਜੋ ਟੁੱਥ ਬਰੱਸ਼ ਅਤੇ ਪਾਣੀ ਦੀ ਬੋਤਲ ਸਮੇਤ, ਇੱਕ 12 ਬੋਰ ਦਾ ਦੇਸੀ ਜਿਹਾ ਪਸਤੌਲ ਲਈਂ, ਦੋ ਦਿਨਾਂ ਤੋਂ ਇਨ੍ਹਾਂ ਝਾੜੀਆਂ ਵਿੱਚ ਲੁਕਿਆ ਬੈਠਾ ਸੀ। ਮਨਦੀਪ ਜਿੱਧਰ ਵੀ ਜਾਂਦਾ ਹੁਣ ਲੋਕ ਏਸੇ ਖ਼ਬਰ ਨੂੰ ਰਿੜਕ ਰਹੇ ਸਨ।

ਮਨਦੀਪ ਦਾ ਆਪਣੇ ਤਾਏ ਦੇ ਪਰਿਵਾਰ ਨਾਲ ਵੀ ਜ਼ਮੀਨ ਨੂੰ ਲੈ ਕੇ ਕੁੱਝ ਝਗੜਾ ਸੀ। ਜਿਸ ਕਰਕੇ ਹੁਣ ਆਪਸੀ ਬੋਲ ਚਾਲ ਵੀ ਨਹੀਂ ਸੀ। ਮਨਦੀਪ ਦੀ ਤਾਈ ਕਾਫੀ ਸੀਬੋ ਬਿਮਾਰ ਰਹਿੰਦੀ ਸੀ। ਇੱਕ ਦਿਨ ਉਸ ਨੇ ਕਿਸੇ ਕੋਲ ਸੁਨੇਹਾ ਭੇਜਿਆ ਕਿ ਉਹ ਮਨਦੀਪ ਨੂੰ ਮਿਲਣਾ ਚਾਹੁੰਦੀ ਹੈ ਤੇ ਉਸ ਨੱਲ ਗੱਲਾਂ ਕਰਨੀਆਂ ਚਾਹੁੰਦੀ ਹੈ। ਬਚਨ ਕੌਰ ਨੂੰ ਡਰ ਸੀ ਕਿ ਕਿਤੇ ਇਹ ਕੋਈ ਚਾਲ ਨਾ ਹੋਵੇ। ਮਹੌਲ ਨੂੰ ਮੱਦੇ ਨਜ਼ਰ ਰੱਖਦਿਆਂ ਬਚਨ ਕੌਰ ਨੇ ਉਸ ਨੂੰ ਪਿੰਡ ਵਿੱਚ ਨਹੀਂ ਜਾਣ ਸੀ ਦਿੱਤਾ। ਪਰ ਮਨਦੀਪ ਨੂੰ ਉਸ ਵਕਤ ਬੇਹੱਦ ਧੱਕਾ ਵੱਜਾ ਜਦੋਂ ਉਸ ਦੀ ਤਾਈ ਉਸ ਨੂੰ ਮਿਲੇ ਬਗੈਰ ਹੀ ਪੂਰੀ ਹੋ ਗਈ। ਮਨਦੀਪ ਅੰਦਰੋਂ ਨਿੱਤ ਟੁੱਟ ਤੇ ਤਿੜਕ ਰਿਹਾ ਸੀ। ਰਿਸ਼ਤੇ ਨਾਤੇ ਵੀ ਸਾਥ ਛੱਡਦੇ ਜਾ ਰਹੇ ਸਨ।

ਰਾਤ ਨੂੰ ਭਾਵੇਂ ਕੋਈ ਮਰ ਰਿਹਾ ਹੋਵੇ, ਤਾਂ ਵੀ ਡਰਦਾ ਬੰਦਾ, ਕਿਸੇ ਹੋਰ ਲਈ ਦਰਵਾਜ਼ਾ ਨਾ ਖੋਹਲਦਾ। ਟੈਕਸੀ ਵਾਲੇ ਦੁੱਗਣੇ ਪੈਸੇ ਲੈ ਕੇ ਵੀ ਰਾਤ ਬਰਾਤੇ ਨਾ ਤੁਰਦੇ ਕਿ ਮਤੇ ਕੋਈ ਅੱਤਵਾਦੀ ਜਾਂ ਪੁਲੀਸ ਵਾਲੇ ਉਨ੍ਹਾਂ ਨੂੰ ਕਿਸੇ ਹੋਰ ਪਾਸੇ ਲੈ ਤੁਰਨ ਤੇ ਉਹ ਐਵੇਂ ਹੀ ਮਾਰੇ ਜਾਣ। ਤਾਈ ਸੀਬੋ ਜਦੋਂ ਰਾਤ ਨੂੰ ਬੇਹੱਦ ਤਕਲੀਫ ਵਿੱਚ ਸੀ ਤਾਂ ਘਰਦੇ ਭੈਅ ਕਾਰਨ ਹੀ ਦਿਨ ਚੜ੍ਹਨ ਦੀ ਉਡੀਕ ਕਰਦੇ ਰਹੇ ਤੇ ਹਸਪਤਾਲ ਨਾ ਲੈ ਕੇ ਗਏ। ਉਹ ਦਰਦਾਂ ਨਾ ਸਹਾਰਦੀ ਹੋਈ ਏਸੇ ਕਾਰਨ ਦਮ ਤੋੜ ਗਈ। ਕਿਉਕਿ ਛੇ ਵਜੇ ਸ਼ਾਮ ਨੂੰ ਤਾਂ ਪੰਜਾਬ ਦੀਆਂ ਸੜਕਾਂ ਤੇ ਸਭ ਕੁੱਝ ਮੁਰਦਾ ਹੋ ਜਾਂਦਾ ਸੀ। ਹਰ ਪਾਸੇ ਹੀ ਸਰਕਾਰੀ ਤੇ ਗੈਰ ਸਰਕਾਰੀ ਅੱਤਵਾਦ ਦਾ ਰਾਜ ਹੁੰਦਾ।

ਤਾਈ ਦੇ ਅਫਸੋਸ ਵਿੱਚ ਮਨਦੀਪ ਕਈ ਦਿਨ ਡੁੱਬਿਆ ਰਿਹਾ। ਇੱਕ ਦਿਨ ਮਿੱਥੇ ਪ੍ਰੋਗ੍ਰਾਮ ਅਨੁਸਾਰ ਉਸਨੇ ਸਾਹਿਤਕ ਪ੍ਰਗਰਾਮ ਤੇ ਜਾਣਾ ਸੀ, ਜਿੱਥੇ ਉਸ ਨੇ ਇੱਕ ਕਹਾਣੀਕਾਰ ਤੇ ਪਰਚਾ ਪੜ੍ਹਨਾ ਸੀ। ਪਰਚਾ ਪੜ੍ਹਿਆ ਤੇ ਪ੍ਰਸੰਸ਼ਾ ਵੀ ਹੋਈ। ਪਰ ਦਿਲ ਏਸ ਕਰਕੇ ਦੁੱਖੀ ਹੋਇਆ ਕਿ ਪ੍ਰਧਾਨਗੀ ਮੰਡਲ ਵਿੱਚ ਬੈਠੇ ਨਾਮਵਰ ਲੇਖਕਾਂ ਵਿੱਚੋਂ ਇੱਕ ਜੋ ਪਹਿਲਾਂ ਨਕਸਲੀ ਲਹਿਰ ਦਾ ਧੂਆਂ ਧਾਰ ਪ੍ਰਚਾਰਕ ਸੀ ਹੁਣ ਖਾਲਿਸਤਾਨ ਦੇ ਸੋਹਲੇ ਗਾ ਰਿਹਾ ਸੀ। ਤੇ ਪੰਜਾਬ ‘ਚੋਂ ਭਈਆਂ ਨੂੰ ਭਜਾਉਣ ਦੀਆਂ ਗੱਲਾਂ ਕਰ ਰਿਹਾ ਸੀ।

ਇਹ ਫ੍ਰਿਕਾਪ੍ਰਸਤ ਲੀਡਰਾਂ ਨੂੰ ਪੰਜਾਬ ਦੇ ਨਾਇਕ ਦੱਸਦਾ ਅਤੇ ਅੱਤਵਾਦੀ ਲਹਿਰ ਨੂੰ ਸਿੱਖਾਂ ਦੀ ਆਜ਼ਾਦੀ ਦਾ ਸੰਘਰਸ਼। ਕਈ ਕਾਮਰੇਡ ਲੇਖਕ ਇਸ ਤੋਂ ਬਿਲਕੁੱਲ ਉੱਲਟ ਸੋਚਦੇ। ਇਹ ਸਟੇਜ ਵੀਹੀ ‘ਚ ਲੜੀ ਜਾਣ ਵਰਗੀ ਲੜ੍ਹਾਈ ਦਾ ਰੂਪ ਧਾਰ ਗਈ ਸੀ। ਗਾਲੀ ਗਲੋਚ ਤੋਂ ਪੱਗਾਂ ਲੱਥਣ ਤੱਕ ਸਥਿਤੀ ਪਹੁੰਚ ਗਈ ਸੀ। ਬਹੁਤੇ ਲੇਖਕ ਇਸ ਸਥਿਤੀ ਵਿੱਚ ਬਾਂਦਰ ਟਪੂਸੀਆਂ ਲਾ, ਕਦੀ ਏਧਰ ਕਦੀ ਉਧਰ ਹੋ ਰਹੇ ਸਨ।

ਦਲੇਰ ਸਿੰਘ ਦੇ ਮਾਨਸਿਕ ਬੋਝ ਨੂੰ ਹਲਕਾ ਕਰਨ ਲਈ ਮਨਦੀਪ ਦਾ ਛੋਟਾ ਭਰਾ ਬਿੰਦਰ ਫੌਜ ਵਿੱਚ ਭਰਤੀ ਹੋ ਗਿਆ। ਪਰ ਮਨਦੀਪ ਦਾ ਮਨ ਫੌਜ ਵਿੱਚ ਜਾਣ ਨੂੰ ਨਹੀਂ ਸੀ ਮੰਨਿਆ। ਜਿਸ ਦਿਨ ਉਹ ਲਖਨਊ ਨੂੰ ਰਵਾਨਾ ਹੋਇਆ ਤਾਂ ਬੇਹੱਦ ਰੋਇਆ ਵੀ। ਮਨਦੀਪ ਦੀਆਂ ਵੀ ਭੁੱਬਾਂ ਨਿੱਕਲ ਗਈਆਂ। ਇਹ ਕੇਹੋ ਜਿਹੀ ਮਜ਼ਬੂਰੀ ਸੀ। ਉਹ ਪੜ੍ਹ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਸਨ। ਪਰ ਮੌਕਾ ਪ੍ਰਸਤ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸੀ। ਤੇ ਨੌਜਵਾਨਾਂ ਨੂੰ ਕਿਤਾਬਾਂ ਦੀ ਥਾਂ ਬੰਦੂਕਾਂ ਪਕੜਾਂ ਦਿੱਤੀਆਂ ਸਨ। ਹੁਣ ਜ਼ਿੰਦਗੀ ਨਹੀਂ ਬਲਕਿ ਸ਼ਹੀਦ ਬਣਾਏ ਜਾਣ ਦੇ ਝਾਂਸੇ ਦਿੱਤੇ ਜਾਂਦੇ। ਵੱਡੇ ਘਰਾਂ ਦੇ ਕਾਕੇ ਵਿਆਹੇ ਜਾਂਦੇ, ਕੋਈ ਸਮੱਸਿਆ ਨਹੀਂ ਸੀ। ਮਨਦੀਪ ਤੋਂ ਕਈ ਛੋਟੇ ਵੀ ਵਿਆਹੇ ਗਏ। ਪਰ ਇੱਕ ਨਿਮਨ ਕਿਸਾਨੀ ਵਰਗ ਨਾਲ ਸਬੰਧਤ ਬੇਰੁਜ਼ਗਾਰ ਮੁੰਡੇ ਨੂੰ ਭਲਾਂ ਕੌਣ ਆਪਣੀ ਧੀ ਦੇ ਦਿੰਦਾ? ਬੰਦੇ ਦੀ ਸਰੀਰਕ ਲੋੜ ਦੇ ਨਾਲ ਨਾਲ ਇੱਕ ਮਾਨਸਿਕ ਲੋੜ ਵੀ ਹੁੰਦੀ ਹੈ। ਜਿਸ ਤੋਂ ਬਗੈਰ ਬੰਦਾ ਖੁਦ ਨੂੰ ਰੋਗੀ ਮਹਿਸੂਸ ਕਰਦਾ ਹੈ। ਮਨਦੀਪ ਦੀ ਵੀ ਤਾਂ ਹੁਣ ਏਹੋ ਦਸ਼ਾ ਸੀ।

ਫੇਰ ਮਨਦੀਪ ਤੇ ਇੱਕ ਹੋਰ ਬੰਬ ਡਿੱਗਿਆ। ਉਸ ਦਾ ਮੁਢਲਾ ਦੋਸਤ ਜੋ ਸਕੂਲ ਵਿੱਚ ਉਸ ਨਾਲ ਇੱਕੋ ਡੈਸਕ ਤੇ ਬਹਿੰਦਾ ਸੀ ਜਿਸ ਨਾਲ ਉਸਦਾ ਹਰ ਭੇਦ ਸਾਂਝਾ ਸੀ। ਜਿਸ ਨਾਲ ਰਲਕੇ ਉਸ ਨੇ ਸ਼ੈਰ ਕਰਨੀ ਸ਼ੁਰੂ ਕੀਤੀ ਤੇ ਮਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਫੇਰ ਉਨ੍ਹਾਂ ਬਦਲ ਬਦਲ ਕੇ ਨਾਵਲ ਪੜ੍ਹਨੇ, ਫਿਲਮਾਂ ਦੇਖਣੀਆਂ ਹੁਣ ਉਸੇ ਦੋਸਤ ਦੀ ਇੱਕ ਮੋਟਰ ਸਾਈਕਲ ਹਾਦਸੇ ਵਿੱਚ ਮੌਤ ਹੋ ਗਈ। ਮਨਦੀਪ ਦਾ ਇੱਕ ਹੋਰ ਦੋਸਤ ਵੀ ਸੀ ਜੋ ਨਿਰਾਸ਼ਤਾ ਦੇ ਆਲਮ ਵਿੱਚ ਅਜਿਹਾ ਡੁੱਬਿਆ, ਕੇ ਨਸ਼ੀਲੀਆਂ ਗੋਲੀਆਂ ਖਾਣ ਲੱਗ ਪਿਆ। ਹੁਣ ਤਾਂ ਉਸ ਕੋਲ ਕੋਈ ਮਨ ਦੇ ਭੇਦ ਸਾਂਝੇ ਕਰਨ ਵਾਲਾ ਦੋਸਤ ਵੀ ਨਾ ਰਿਹਾ।

ਇਹ 29 ਦਸੰਬਰ ਨੂੰ ਜਿਸ ਦਿਨ ਸੀ ਜਿਸ ਦਿਨ ਉਸਦੇ ਦੋਸਤ ਦੀ ਮੌਤ ਹੋਈ। ਦੂਸਰੇ ਦਿਨ ਫੈਡਰੇਸ਼ਨ ਦੇ ਸੱਦੇ ਤੇ ਸਾਰਾ ਪੰਜਾਬ ਬੰਦ ਸੀ। ਬਹੁਤੇ ਰਿਸ਼ਤੇਦਾਰ ਉਸ ਨੂੰ ਦਾਗ ਲਵਾਉਣ ਵੀ ਨਾ ਆ ਸਕੇ। ਕੁੱਝ ਕੁ ਬੰਦਿਆਂ ਨੇ ਹੀ ਉਸ ਨੂੰ ਅਗਨ ਭੇਂਟ ਕਰਕੇ ਸਬਰ ਕਰ ਲਿਆ ਸੀ।

ਹੁਣ ਮਨਦੀਪ ਅੱਗੇ ਬਹੁਤ ਵੱਡਾ ਪ੍ਰਸ਼ਨ ਚਿੰਨ ਸੀ? ਕਿ ਖਾੜਕੂਆਂ ਨਾਲ ਰਲ਼ ਜਾਏ ਜਾਂ ਖੁਦਕਸ਼ੀ ਕਰ ਲਵੇ। ਪਰ ਦੋਹਾਂ ਗੱਲਾਂ ਲਈ ਉਸਦੀ ਜ਼ਮੀਰ ਨਹੀਂ ਸੀ ਮੰਨਦੀ। ਪ੍ਰੋਫੈਸਰ ਬਣਨ ਦਾ ਸੁਪਨਾ ਤਾਂ ਹੁਣ ਪੂਰਾ ਨਹੀਂ ਸੀ ਹੋਣਾ। ਪਿਉ ਨੇ ਉਸ ਨੂੰ ਵਿਹਲੜ ਤੇ ਨਿਕੰਮਾ ਸਮਝ ਕੇ ਬੁਲਾਉਣਾ ਹੀ ਛੱਡ ਦਿੱਤਾ ਸੀ।

ਹੁਣ ਤਾਂ ਦਲੇਰ ਸਿੰਘ ਨੂੰ ਆਪਣਾ ਛੋਟਾ ਪੁੱਤ ਹੀ ਅਸਲ ਪੁੱਤ ਜਾਪਦਾ। ਜੋ ਕੇ ਉਸ ਦੇ ਕਹਿਣ ਤੇ ਫੌਜ ਵਿੱਚ ਜਾ ਭਰਤੀ ਹੋਇਆ ਸੀ। ਰਾਤ ਨੂੰ ਮਨਦੀਪ ਪਿਆ ਤਾਰਿਆਂ ਨੂੰ ਘੂਰਦਾ ਰਹਿੰਦਾ। ਮਾਂ ਬਚਨ ਕੌਰ ਪੁੱਤ ਦੀ ਬੇਚੈਨੀ ਸਮਝਦੀ ਆਖਦੀ “ਸੌਂ ਜਾ ਪੁੱਤ ਰੱਬ ਭਲੀ ਕਰੂ ਬਹੁਤਾ ਸੋਚਿਆਂ ਵੀ ਕੀ ਬਣਦਾ ਹੈ”?

ਪਰ ਕਾਲੀ ਬੋਲੀ ਰਾਤ ਤਾਂ ਮੁੱਕਣ ਵਿੱਚ ਹੀ ਨਹੀਂ ਸੀ ਆਂਉਦੀ। ਕਈ ਵਾਰ ਤਾਂ ਲੱਗਦਾ ਸੀ ਕਿ ਇਹ ਹਨੇਰ ਇੱਕ ਦਿਨ ਸਭ ਨੂੰ ਨਿੱਗਲ ਲਵੇਗਾ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com