WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 23

ਸਮੁੰਦਰ ਮੰਥਨ (PDF, 568KB)    


ਆਪਣੇ ਦਾਦਕੇ ਪਿੰਡ ਆ ਕੇ ਮਨਦੀਪ ਨੂੰ ਬੜਾ ਕੁੱਝ ਓਪਰਾ ਜਿਹਾ ਲੱਗਾ। ਕਈ ਗੱਲਾਂ ਤਾਂ ਅਜੀਬ ਸਨ। ਨਾਨਕੇ ਪਿੰਡ ਤੋਂ ਬਿਲਕੁੱਲ ਵੱਖ। ਪਿੰਡ ਵਿੱਚ ਜ਼ਿਆਦਾਤਰ ਘਰ ਪੱਕੇ ਸਨ। ਤਕਰੀਬਨ ਹਰ ਘਰ ਵਿੱਚ ਰਾਤ ਨੂੰ ਬਿਜਲੀ ਦੇ ਲਾਟੂ ਜਗਦੇ। ਪਿੰਡ ਦੀਆਂ ਗਲੀਆਂ ਨਾਲੀਆਂ ਵੀ ਪੱਕੀਆਂ ਸਨ। ਘਰ ਦਾ ਮਹੌਲ ਤਾਂ ਬਿਲਕੁੱਲ ਹੀ ਵੱਖਰਾ ਸੀ। ਰਣੀਏ ਘਰ ਵਿੱਚ ਸ਼ਰੇਆਮ ਰੇਡੀਉ ਸੁਣਨ ਦੀ ਮਨਾਹੀ ਸੀ ਪਰ ਏਥੇ ਰੇਡੀਉ ਕੰਧ ਵਿੱਚ ਬਣੇ ਵੱਡੇ ਸਾਰੇ ਆਲ਼ੇ ਜਿਹੇ ਵਿੱਚ ਰੱਖਿਆ ਹੋਇਆ ਸੀ ਜਿਸ ਨੂੰ ਸਭ ਸੁਣਦੇ ਤੇ ਠਹਾਕੇ ਲਗਾ ਕੇ ਹੱਸਦੇ। ਬਾਕੀਆਂ ਦੇ ਨਾਲ ਮਨਦੀਪ ਵੀ ਦਿਹਾਤੀ ਪ੍ਰੋਗਰਾਮ ਸੁਣਦਾ ਤੇ ਖਤਾਂ ਦੇ ਜਵਾਬ ਵੀ ਸੁਣਦਾ।

ਉਸ ਨੂੰ ਆਪਣੀ ਪਾੜੀ ਗਈ ਚਿੱਠੀ ਦਾ ਦਰਦ ਅਜੇ ਵੀ ਮਹਿਸੂਸ ਹੁੰਦਾ। ਫੌਜਾ ਸਿੰਘ ਉਸ ਨੂੰ ਬੋਲਦਾ ਬੜਾ ਸੋਹਣਾ ਲੱਗਦਾ। ਉਸ ਨੇ ਪਿੰਡ ਰਾਮਪੁਰੇ ਆ ਕੇ ਬੜਾ ਕੁੱਝ ਨਵਾਂ ਸਿੱਖਿਆ। ਕਈ ਲਫਜ ਨਵੇਂ ਸਿੱਖੇ। ਸ਼ਤੀਰ ਦੀ ਜਗਾ ਗਾਡਰ, ਕੜੀਆਂ ਦੀ ਜਗਾ ਬਾਲੇ। ਏਥੇ ਲੋਕਾਂ ਦੇ ਘਰਾਂ ਵਿੱਚ ਗ਼ੁਸਲਖਾਨੇ ਵੀ ਸਨ। ਮਨਦੀਪ ਵੀ ਹਰ ਰੋਜ ਗ਼ੁਸਲਖਾਨੇ ਵਿੱਚ ਨਹਾਉਂਦਾ। ਸ਼ਾਇਦ ਹੀ ਪਿੰਡ ਵਿੱਚ ਕੋਈ ਅਜਿਹਾ ਘਰ ਹੋਵੇ ਜਿੱਥੇ ਔਰਤਾਂ ਮੰਜੇ ਟੇਢੇ ਕਰ, ਉੱਤੇ ਕੱਪੜਾ ਪਾ ਨਹਾਉਂਦੀਆਂ ਹੋਣ। ਖੂਹਾਂ ਦੀ ਥਾਂ ਮੋਟਰਾਂ, ਬੰਬੇ ਵੱਧ ਸਨ। ਔਰਤਾਂ ਮੋਟਰਾਂ ਤੇ ਕੱਪੜੇ ਧੋਣ ਜਾਂਦੀਆਂ। ਪਿੰਡ ਵਿੱਚ ਵੱਡਾ ਛੱਪੜ ਵੀ ਸੀ ਪਰ ਪਸ਼ੂ ਨਹਾਉਣ ਲਈ।

ਇੱਕ ਦਿਨ ਬਾਬਾ ਚੰਦ ਸਿੰਘ ਨੇ ਉਸ ਨੂੰ ਪਿੰਡ ਦੇ ਬੰਨਣ ਤੋਂ ਲੈ ਕੇ ਸਾਰਾ ਇਤਿਹਾਸ ਦੱਸਿਆ। ਉਸ ਨੇ ਇਹ ਵੀ ਦੱਸਿਆ ਕਿ “ਹਜ਼ਾਰਾਂ ਸਾਲ ਪਹਿਲਾਂ ਆਪਣੇ ਗੋਤੀ ਕਬੀਲੇ ਦੇ ਰੂਪ ਵਿੱਚ ਅਫਗਾਨਸਤਾਨ ਵਾਲੇ ਪਾਸਿਉ ਪੰਜਾਬ ਆ ਕੇ ਵਸੇ ਸਨ। ਕਿਉਂਕਿ ਪੰਜਾਬ ਦਾ ਤਾਪਮਾਨ ਬਹੁਤ ਚੰਗਾ ਸੀ ਨਾ ਜਿਆਦਾ ਗਰਮੀ ਤੇ ਨਾਂ ਸਰਦੀ। ਦਰਿਆ ਵੱਗਦੇ ਸਨ ਤੇ ਫਸਲਾਂ ਉੱਗਦੀਆਂ ਸਨ। ਜਿੱਥੋਂ ਤੱਕ ਆਪਣੇ ਪਿੰਡ ਦਾ ਸਵਾਲ ਹੈ ਇਹ ਰਾਜੇ ਸਲਵਾਨ ਦੇ ਪੁੱਤਰ ਕਾਲੇ ਦੀ ਕੁੱਲ ‘ਚੋਂ ਬਾਬੇ ਰਾਮ ਨੇ ਵਸਾਇਆ ਸੀ। ਉਸ ਵਕਤ ਤਾਂ ਸਾਰਾ ਇਲਾਕਾ ਜੰਗਲ ਹੀ ਜੰਗਲ ਸੀ ਤੇ ਉਹ ਏਥੇ ਛੰਨ ਬਣਾ ਕੇ ਰਹਿੰਦਾ ਸੀ। ਲੋਕ ਉਸ ਨੂੰ ਰਾਮਾ ਕਹਿੰਦੇ ਸਨ। ਤੇ ਫੇਰ ਉਸੀ ਛੰਨ ਨਾਲ ਹੋਰ ਘਰ ਜੁੜਦੇ ਗਏ ਤੇ ਇਹ ਪਿੰਡ ਵਸ ਗਿਆ ਰਾਮਪੁਰਾ। ਇਹ ਨਹਿਰ ਤਾਂ ਅਜੇ ਪਿੱਛੇ ਜਿਹੇ ਈ ਨਿਕਲੀ ਆ”

“ਆਪਣੇ ਪਿੰਡ ਦੇ ਗੁਰਦੁਵਾਰੇ ਦਾ ਨਾਂ ਦਮਦਮਾ ਇਸ ਕਰ ਕੇ ਪਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਨਾਲਦੇ ਪਿੰਡ ਤੋਂ ਘੋੜਾ ਪ੍ਰਾਪਤ ਕਰਕੇ, ਆਪਣੇ ਪਿੰਡ ਕੁੱਝ ਦੇਰ ਦਮ ਲੈ ਕੇ ਫੇਰ ਦੇਗਸਰ ਸਾਹਿਬ ਪਹੁੰਚੇ ਤੀ। ਗੁਰੂ ਸਾਹਿਬ ਦੀ ਚਰਨ ਛੋਹ ਆਪਣੇ ਪਿੰਡ ਨੂੰ ਪ੍ਰਾਪਤ ਹੈ। ਉਨਾਂ ਦੀ ਹੀ ਕਿਰਪਾ ਹੈ ਤਾਂ ਹੀ ਤਾਂ ਆਪਣਾ ਪਿੰਡ ਏਨੀ ਤਰੱਕੀ ਤੇ ਆ। ਮਨਦੀਪ ਨੂੰ ਏਥੇ ਆਕੇ ਜਿੱਥੇ ਮਾਂ ਦਾ ਪਿਆਰ ਮਿਲਿਆ ਉਥੇ ਉਸਦੇ ਵੱਡੇ ਬਾਬਾ ਗੁਲਾਬ ਸਿੰਘ ਦੇ ਪਿਆਰ ਨੇ ਤਾਂ ਜਿਵੇਂ ਉਸ ਨੂੰ ਕੀਲ ਹੀ ਲਿਆ ਸੀ”
ਇਸ ਪਿੰਡ ਵਿੱਚ ਛੜਿਆਂ ਦੀ ਬਹੁਤਾਤ ਸੀ। ਜਿਨ੍ਹਾਂ ਜ਼ਮੀਨ ਦੀ ਵੰਡ ਬਚਾਉਣ ਲਈ ਆਪਣੇ ਜੀਵਨ ਦੀ ਆਹੂਤੀ ਦੇ ਦਿੱਤੀ ਸੀ। ਉਹ ਭਰਾ ਦੀ ਪਤਨੀ ਨੂੰ ਵੀ ਆਪਣੀ ਪਤਨੀ ਹੀ ਸਮਝਦੇ ਸਨ। ਪਰ ਉਹ ਕਾਗਜਾਂ ‘ਚ ਪਿਉ ਨਾ ਬਣ ਸਕਦੇ। ਵਿਆਹ ਵੇਲੇ ਧੀ ਦਾ ਪੱਲਾ ਨਾਂ ਫੜਾ ਸਕਦੇ। ਛੜਿਆਂ ਦੇ ਦੁਖਾਂਤ ਤੇ ਬਣੇ ਅਨੇਕਾਂ ਗੀਤ ਪੰਜਾਬ ਵਿੱਚ ਚੱਲਦੇ ਸਨ। ਉਨ੍ਹਾਂ ਦੀ ਜ਼ਮੀਨ ਹਥਿਆ ਕੇ ਮੁੜ ਕੇ ਉਨ੍ਹਾਂ ਨੂੰ ਕੋਈ ਨਾ ਪੁੱਛਦਾ। ਉਹ ਰੋਟੀ ਲਈ ਵੀ ਕਈ ਵਾਰ ਖੁਦ ਹੀ ਹੱਥ ਸਾੜਦੇ। ਕਿਸੇ ਨੂੰ ਆਪਣੀ ਪਤਨੀ ਤੇ ਆਪਣੇ ਬੱਚੇ ਕਹਿਣ ਲਈ ਤਰਸਦੇ। ਕਈ ਤਾਂ ਬੁਢਾਪੇ ਵਿੱਚ ਕੋਈ ਜਾਨਵਰ ਪਾਲ਼ ਕੇ ਉਸ ਨਾਲ ਧੀਆਂ ਪੁੱਤਰਾਂ ਵਰਗਾ ਮੋਹ ਕਰਦੇ ਰਹਿੰਦੇ ਤੇ ਕਈ ਕਿਸੇ ਸਾਧ ਦੇ ਡੇਰੇ ਜਾ ਬੈਠਦੇ।

ਗੁਲਾਬ ਸਿੰਘ ਨੇ ਵੀ ਆਪਣਾ ਬਾਗ ਲਾਇਆ ਹੋਇਆ ਸੀ। ਉਹ ਬੂਟਿਆਂ ਨੂੰ ਪੁੱਤਾਂ ਵਾਂਗ ਪਾਲਦਾ। ਹੁਣ ਏਹੋ ਉਸਦਾ ਸੰਸਾਰ ਸੀ। ਉਹ ਉਨ੍ਹਾਂ ਨੂੰ ਵਕਤ ਸਿਰ ਪਾਣੀ ਦਿੰਦਾ, ਵਾੜਾਂ ਕਰਦਾ ਆਸਰੇ ਗੱਡਦਾ। ਅਵਾਰਾ ਪਸ਼ੂਆਂ ਤੋਂ ਰਾਖੀ ਕਰਦਾ। ਬਾਗ ਦੇ ਵਿਚਕਾਰ ਉਸ ਨੇ ਅੰਬ ਦੇ ਬੂਟੇ ਤੇ ਮਨ੍ਹਾ ਬਣਾਇਆ ਹੋਇਆ ਸੀ। ਉਹ ਕਾਵਾਂ ਤੋਤਿਆਂ ਤੇ ਹੋਰ ਜਨੌਰਾਂ ਨੂੰ ਦਬੱਲੀਂ ਰੱਖਦਾ। ਲੱਕੜ ਦੀ ਪੌੜੀ ਰਾਹੀਂ ਉਹ ਮਨਦੀਪ ਨੂੰ ਵੀ ਮਨ੍ਹੇ ਤੇ ਚੜ੍ਹਾ ਲੈਂਦਾ ਟਿੰਡ ਜਾਂ ਪੀਪਾ ਬਜਾਉਣ ਲਈ ਕਹਿੰਦਾ ਤੇ ਪੱਕੇ ਫਲ਼ ਖਾਣ ਨੂੰ ਦਿੰਦਾ।

ਬਾਗ ਵਿੱਚ ਕੋਇਲਾਂ ਗੀਤ ਗਾਉਂਦੀਆਂ। ਘੁੱਗੀਆਂ ਦਾਤਾ ਤੂੰ, ਦਾਤਾ ਤੂੰ ਕਰਦੀਆਂ ਤੇ ਮੋਰ ਪੈਲਾਂ ਪਾਉਂਦੇ। ਗੁਲਾਬ ਸਿੰਘ ਜਿਵੇਂ ਕਿਸੇ ਬਹਿਸ਼ਤ ਵਿੱਚ ਰਹਿੰਦਾ ਹੋਵੇ। ਮਨਦੀਪ ਦਾ ਉੱਥੋਂ ਘਰ ਆਉਣ ਨੂੰ ਦਿਲ ਨਾ ਕਰਦਾ।

ਦਾਦੀ ਬੇਅੰਤ ਕੌਰ ਦਾ ਵੀ ਇੱਕ ਵੱਖਰਾ ਹੀ ਸੰਸਾਰ ਸੀ। ਉਹ ਸਵੇਰੇ ਦੁੱਧ ਰਿੜਕਦੀ ਮਧਾਣੀ ਦੀ ਘੂੰ ਘੂੰ ਨਾਲ ਜਪੁਜੀ ਸਾਹਿਬ ਦਾ ਪਾਠ ਵੀ ਕਰਦੀ। ਮੱਖਣ ਧਰ ਕੇ ਪ੍ਰਾਂਉਠੇ ਖਾਣ ਨੂੰ ਦਿੰਦੀ। ਕਿਸੇ ਨੂੰ ਵੀ ਕੌੜਾ ਨਾਂ ਬੋਲਦੀ। ਨੂੰਹਾਂ ਨੂੰ ਧੀਆਂ ਨਾਲੋਂ ਵੀ ਵੱਧ ਸਮਝਦੀ। ਦੁੱਖ ਸਿਰਫ ਇੱਕੋ ਗੱਲ ਦਾ ਸੀ ਕਿ ਮਨਦੀਪ ਦੀ ਤਾਈ ਉਸ ਨੂੰ ਪਸੰਦ ਨਹੀਂ ਸੀ ਕਰਦੀ। ਉਸਦਾ ਸ਼ਿਕਵਾ ਇਹ ਸੀ ਕਿ ਮੇਰੇ ਮੁੰਡੇ ਨੂੰ ਤਾਂ ਕੋਈ ਪੁੱਛਦਾ ਨਹੀਂ, ਤੇ ਦਰਾਣੀ ਦੇ ਮੁੰਡੇ ਨੂੰ ਹਰ ਕੋਈ ਪੂਚ ਪੂਚ ਕਰਦਾ ਏ। ਉਹ ਨਿੱਕੀ ਨਿੱਕੀ ਗੱਲ ਤੋਂ ਭਾਂਡੇ ਭੰਨਦੀ ਰਹਿੰਦੀ। ਇੱਕ ਦਿਨ ਜਦ ਚੰਦ ਸਿਉਂ ਦੇ ਮੂੰਹੋਂ ਨਿੱਕਲ ਗਿਆ ਕਿ ਦਲਜੀਤ ਤਾਂ ਬਹੁਤ ਇਲਤੀ ਆ ਤੇ, ਮਨਦੀਪ ਕਿੰਨਾ ਸਾਊ ਏ। ਤਾਂ ਘਰ ਵਿੱਚ ਏਸੇ ਗੱਲ ਨੂੰ ਲੈ ਕੇ ਬੇਹੱਦ ਕਲੇਸ਼ ਪੈ ਗਿਆ।

ਦਲੇਰ ਸਿੰਘ ਜਦੋਂ ਵੀ ਆਉਂਦਾ ਤਾਂ ਨਿੱਤ ਹੀ ਕੋਈ ਫੌਜ ‘ਚੋਂ ਲਿਆਂਦੀ ਨਵੀਂ ਚੀਜ ਆਪਣੇ ਪੁੱਤ ਨੂੰ ਦਿੰਦਾ। ਤਾਂ ਵੀ ਘਰੇ ਕਲੇਸ਼ ਪੈਂਦਾ। ਵੱਡਾ ਭਰਾ ਆਖਦਾ ਕਿ ਫੌਜੀ ਮੇਰੇ ਮੁੰਡੇ ਨਾਲ ਦੂਸਰ ਕਰਦਾ ਹੈ। ਆਪਣੇ ਪੁੱਤ ਨੂੰ ਕਦੇ ਫਲ ਫਰੂਟ ਕਦੇ ਨਵੇਂ ਕੱਪੜੇ ਤੇ ਜੁੱਤੀਆਂ ਲੈ ਕੇ ਦਿੰਦਾ ਏ ਤੇ ਮੈਂ ਵੀ ਇਸੇ ਘਰ ‘ਚ ਮਰਦਾ ਆਂ ਤੇ ਸਾਰਿਆਂ ਲਈ ਕੰਮ ਕਰਦੈਂ?” ਉਹ ਦਲੇਰ ਸਿੰਘ ਦੇ ਮੋਢੇ ਟੰਗੀ ਬੰਦੂਕ ਤੇ ਹੱਥ ‘ਚ ਫੜੇ ਰੇਡੀਉ ਨੂੰ ਵੇਖ ਕੇ ਕਹਿੰਦਾ “ਫੌਜੀਆਂ ਦਾ ਅਕਲ ਨਾਲ ਕੀ ਸਬੰਧ?”

ਕਦੇ ਕਦੇ ਉਹ ਦਾਰੂ ਦੇ ਨਸ਼ੇ ਦੀ ਲੋਰ ਵਿੱਚ ਛੋਟੇ ਭਰਾ ਨੂੰ ਸਰਕਸ ਦਾ ਜੋਕਰ ਵੀ ਕਹਿ ਦਿੰਦਾ। ਜੋ ਪਜ਼ਾਮੇ ਦੀ ਇੱਕ ਮੂਹਰੀ ਉਤਾਂਹ ਚੜਾ ਕੇ ਪਿੰਡ ਵਿੱਚ ਸਾਈਕਲ ਭਜਾਈਂ ਫਿਰਦਾ ਸੀ। ਇਸੇ ਸਾਈਕਲ ਤੇ ਬਿਠਾ ਉਹ ਆਪਣੀ ਪਤਨੀ ਤੇ ਪੁੱਤਰ ਸ਼ਹਿਰ ਲੈ ਤੁਰਦਾ। ਇੱਕ ਦਿਨ ਉਨ੍ਹਾਂ ਸ਼ਹਿਰ ਦੇ ਇੱਕ ਢਾਬੇ ‘ਚ ਬਹਿ ਕੇ ਬਰਫੀ ਸਮੋਸੇ ਵੀ ਖਾਧੇ। ਇੱਕ ਦੋ ਵਾਰ ਉਹ ਲੁਧਿਆਣੇ ਫਿਲਮ ਦੇਖਣ ਵੀ ਗਏ। ਇਸੇ ਛੁੱਟੀ ਦੌਰਾਨ ਮਨਦੀਪ ਨੂੰ ਰੰਗ ਬਿਰੰਗੀ ਸਾਈਕਲੀ ਵੀ ਲੈ ਕੇ ਦਿੱਤੀ ਗਈ। ਤੇ ਫਿਰ ਇੱਕ ਦਿਨ ਜਦੋਂ ਦਲੇਰ ਸਿੰਘ ਦੀ ਛੁੱਟੀ ਖਤਮ ਹੋ ਗਈ ਤੇ ਉਹ ਭਰੇ ਮਨ ਨਾਲ ਹੁਬਕੀ ਹੁਬਕੀ ਰੋਂਦਾ ਫੇਰ ਆਪਣੀ ਫੌਜ ਵਿੱਚ ਪਰਤ ਗਿਆ।

ਬਚਨ ਕੌਰ ਫੇਰ ਮਨਦੀਪ ਨੂੰ ਲੈ ਕੇ ਆਪਣੇ ਪੇਕੇ ਪਰਤ ਆਈ। ਪਤੀ ਨਾਲ ਬੱਸਾਂ ‘ਚ ਕੀਤੇ ਸਫਰ ਨੂੰ ਉਹ ਯਾਦ ਕਰਦੀ ਰਹਿੰਦੀ।

ਮਨਦੀਪ ਨਾਲ ਦੇ ਨਿਆਣਿਆਂ ਨੂੰ ਕਈ ਦਿਲਚਸਪ ਗੱਲਾਂ ਸੁਣਾਉਂਦਾ ਰਹਿੰਦਾ ਕਿ ਕਿਵੇਂ ਉਸਦਾ ਦਾਦਾ ਉਸ ਨੂੰ ਦਰਖਤਾਂ ਤੇ ਬਣੇ ਮਨੇ ਤੇ ਬਿਠਾ ਕੇ ਟਿੰਡ ਕੁੱਟਣ ਲਈ ਆਖਦਾ, ਜਿਸ ਨਾਲ ਕਾਂ ਤੋਤੇ ਚਿੜੀਆਂ ਜਨੌਰ ਸਭ ਭੱਜ ਜਾਂਦੇ। ਤੇ ਕਿਵੇਂ ਉਸ ਨੂੰ ਪੱਕੇ ਅੰਬ ਤੇ ਜਾਮਣਾਂ ਖਾਣ ਨੂੰ ਮਿਲਦੀਆਂ। ਉਹ ਕਦੇ ਕਿਸੇ ਦੇਖੀ ਫਿਲਮ ਦੀਆਂ ਗੱਲਾਂ ਵੀ ਰੌਚਿਕ ਤਰੀਕੇ ਨਾਲ ਦੱਸਦਾ। ਪਿਛਲੀ ਵਾਰ ਦਲੇਰ ਸਿੰਘ ਵਲੋਂ ਜਾਣ ਲੱਗਿਆਂ ਲੈ ਕੇ ਦਿੱਤੇ ਦੋ ਪੈੱਨ, ਸ਼ਿਆਹੀ ਚੂਸ, ਪੈਨਸਲਾਂ ਸਲੇਟੀਆਂ ਨੇ ਸਕੂਲ ਵਿੱਚ ਉਸਦੀ ਟੌਹਰ ਬਣਾ ਦਿੱਤੀ ਸੀ। ਉਸਦੀ ਹਰ ਕਾਪੀ ਤੇ ਉਸਦੇ ਪਿਤਾ ਜੀ ਨੇ ਮਨਦੀਪ ਸਿੰਘ ਲਿਖਿਆ ਹੋਇਆ ਸੀ।

ਧਰਮਾਂ ਵੀ ਛੁੱਟੀਆਂ ਵਿੱਚ ਅਪਣੇ ਨਾਨਕੇ ਪਿੰਡ ਜਾ ਕੇ ਆਇਆ ਸੀ। ਉਸ ਨੇ ਉੱਥੇ ਜਾ ਕੇ ਸਿਰਫ ਹਰਮੋਨੀਅਮ ਵਜਾਇਆ ਸੀ ਤੇ ਜਾਂ ਇੱਕ ਦੋ ਨਵੇਂ ਮੁਹਾਵਰੇ ਸਿੱਖੇ ਸਨ। ਹੋਰ ਉਸ ਕੋਲ ਦੱਸਣ ਲਈ ਕੁੱਝ ਵੀ ਨਹੀਂ ਸੀ। ਉਹ ਮਨਦੀਪ ਨਾਲ ਸਾੜਾ ਕਰਨ ਲੱਗਿਆ। ਉਸ ਦੀਆਂ ਪੈਨਸਲਾ ਸਲੇਟੀਆਂ ਚੁਰਾ ਲੈਂਦਾ ਜਾਂ ਤੋੜ ਦਿੰਦਾ। ਜਾਂ ਕਾਪੀਆਂ ਤੇ ਸਿਆਹੀ ਡੋਲ ਦਿੰਦਾ। ਬਿਨਾਂ ਗੱਲ ਤੋਂ ਲੜ ਪੈਂਦਾ ਤੇ ਕਦੇ ਕੁੱਟ ਵੀ ਸੁੱਟਦਾ।

ਮਹਿਤਾਬ ਕੌਰ ਨੂੰ ਇਸ ਤਰ੍ਹਾਂ ਕਰਦਾ ਉਹ ਚੰਗਾ ਨਾ ਲੱਗਦਾ। ਜੇ ਉਹ ਘੂਰਦੀ ਤਾਂ ਹਰਦੇਵ ਕੌਰ ਮੂੰਹ ਸੁਜਾ ਲੈਂਦੀ। ਨਾਨੀ ਆਪਣੇ ਦੋਹਤੇ ਦਾ ਬੇਹੱਦ ਪਿਆਰ ਕਰਦੀ ਕਿਉਂਕਿ ਉਸ ਨੇ ਹੀ ਮਨਦੀਪ ਨੂੰ ਪਾਲਿਆ ਸੀ। ਉਹ ਜਦ ਚਿੜੀਆਂ ਨੂੰ ਚੋਗਾ ਪਾਉਂਦੀ ਤਾਂ ਮਨਦੀਪ ਨੂੰ ਕੋਲ ਬੁਲਾ ਲੈਂਦੀ ਤੇ ਨਾਲੇ ਸਮਝਾਉਂਦੀ “ਦੇਖ ਮੇਰਾ ਪੁੱਤ ਕਦੇ ਕਿਸੇ ਗੂੰਗੇ ਮੁੱਖ ਤੇ ਗੁਲੇਲ ਨਾ ਚਲਾਈਂ। ਮਾੜੇ ਦੀ ਰੱਖਿਆ ਕਰਨੀ ਚਾਹੀਦੀ ਐ” ਜਦ ਕਿ ਧਰਮਾਂ ਸਾਰਾ ਦਿਨ ਗੁਲੇਲ ਚੁੱਕੀ ਫਿਰਦਾ ਰਹਿੰਦਾ ਤੇ ਜਾਨਵਰਾਂ ਨੂੰ ਨਿਸ਼ਾਨੇ ਮਾਰਦਾ।

ਇੱਕ ਦਿਨ ਸੰਤਾ ਸਿੰਘ ਫੇਰ ਸਮਝਾ ਰਿਹਾ ਸੀ ਕਿ ਆਪਾਂ ਪੁਰਾਤਨ ਨਾਗ ਕਬੀਲੇ ‘ਚੋਂ ਹਾਂ। ਜੋ ਸ਼ਿਵਜੀ ਦੇ ਗਲ ਵਿਚਲੇ ਨਾਗ ਤੋਂ ਪਿਆ ਹੈ। ੳਦੋਂ ਕਬੀਲਿਆਂ ਦੇ ਨਾਂ ਜਾਨਵਰਾਂ ਜਾਂ ਸੱਪਾਂ ਦੇ ਨਾਂ ਤੇ ਹੁੰਦੇ ਤੀ। ਜਦੋਂ ਧਰਮੇ ਨੇ ਇਹੋ ਗੱਲ ਸਕੂਲ ਜਾਕੇ ਦੱਸੀ ਤਾਂ ਉਸ ਦੀ ਲੜਾਕੂ ਬ੍ਰਿਤੀ ਕਰਕੇ ਨਿਆਣਿਆਂ ਨੇ ਉਸ ਦਾ ਨਾਂ ਹੀ ਨਾਗ ਰੱਖ ਲਿਆ। ਉਹ ਹੋਰ ਵੀ ਬਦਲੇ ਖੋਰ, ਲੜਾਕਾ, ਤੇ ਪੰਗੇ ਲੈਣ ਵਾਲਾ ਬਣ ਗਿਆ। ਹੁਣ ਹਰ ਰੋਜ਼ ਉਸ ਦੇ ਉਲਾਂਭੇ ਆਂਉਦੇ। ਜਦੋਂ ਕੋਈ ਮਨਦੀਪ ਨੂੰ ਸਾਊ ਤੇ ਉਸ ਨੂੰ ਸ਼ਰਾਰਤੀ ਆਖਦਾ ਤਾਂ ਉਹ ਖਿੱਝ ਕੇ ਮਨਦੀਪ ਨੂੰ ਨੀਵਾਂ ਦਿਖਾਉਂਦਾ। ਉਸ ਤੋਂ ਹਰ ਚੀਜ਼ ਹਥਿਆਉਣ ਦੀ ਕੋਸ਼ਿਸ਼ ਕਰਦਾ। ਦੋਹਾਂ ਵਿਚਕਾਰ ਇੱਕ ਠੰਢੀ ਜੰਗ ਲੁਕਵੇਂ ਰੂਪ ਵਿੱਚ ਸ਼ੁਰੂ ਹੋ ਗਈ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com