WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 28

ਸਮੁੰਦਰ ਮੰਥਨ (PDF, 568KB)    


ਆਖਰ ਹਾੜ ਦਾ ਮਹੀਨਾ ਵੀ ਆ ਹੀ ਗਿਆ। ਸੰਤਾਂ ਸਿੰਘ ਦਾ ਪਰਿਵਾਰ ਨਾਨਕ ਸ਼ੱਕ ਜਾਣ ਦੀ ਪੂਰੀ ਤਿਆਰੀ ਵਿੱਚ ਸੀ। ਬਲਦਾਂ ਅਤੇ ਰੇੜ੍ਹੀ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਲਿਆ ਗਿਆ। ਬਲਦਾਂ ਦੇ ਸਿੰਗਾਂ ਨੂੰ ਸਰੋਂ ਦੇ ਤੇਲ ਨਾਲ ਵੀ ਲਿਸ਼ਕਾ ਲਿਆ ਗਿਆ। ਦੋ ਦਿਨ ਪਹਿਲਾਂ ਹੀ ਰੇੜ੍ਹੀ ਨੂੰ ਵਿੱਢ ਲਾ ਦਿੱਤਾ ਗਿਆ ਸੀ। ਮਹਿਤਾਬ ਕੌਰ ਨੇ ਸੂਫ ਦਾ ਘੱਗਰਾ ਪਰੈੱਸ ਕਰਵਾ ਲਿਆ ਸੀ। ਪਿੰਡ ਵਿੱਚੋਂ ਜਿਹੜੇ ਦੋ ਲਾਗੀ ਨਾਲ ਲੈ ਕੇ ਜਾਣੇ ਸਨ ਉਨ੍ਹਾਂ ਦੀ ਵੀ ਤਿਆਰੀ ਕਰਵਾ ਦਿੱਤੀ ਗਈ। ਫੇਰ ਕਾਰ ਵਿਹਾਰ ਦਾ ਸਾਰਾ ਸਮਾਨ ਰੇੜ੍ਹੀ ਤੇ ਲੱਦਿਆ ਜਾਣ ਲੱਗਾ। ਛੱਜ ਕੁੱਟਣ ਦੀ ਰਸਮ ਵਾਲਾ ਵੀ ਸਾਰਾ ਸਮਾਨ ਰੱਖ ਲਿਆ ਗਿਆ। ਵਿਆਹ ਤੋਂ ਦੋ ਦਿਨ ਪਹਿਲਾਂ ਹੀ ਉਹ ਸ਼ਗਨਾ ਦੇ ਗੀਤ ਗਾਂਉਦੇ, ਘਰ ਦੇਬੂ ਹਵਾਲੇ ਕਰ ਰਾਜੇਵਾਲ ਨੂੰ ਤੁਰ ਪਏ।

ਨਿਆਣਿਆਂ ਸਿਆਣਿਆਂ ਵਿੱਚ ਵਿਆਹ ਦਾ ਬੇਹੱਦ ਚਾਅ ਸੀ। ਬਲਕਾਰ ਸਿੰਘ ਨੇ ਰੇੜ੍ਹੀ ਹੱਕਣੀ ਸੀ। ਉਨਂੇ ਤੜਕੇ ਉੱਠ ਕੇ ਬਲਦਾਂ ਨੂੰ ਨੁਹਾਇਆ। ਨੱਥਾਂ ਠੀਕ ਕੀਤੀਆਂ। ਪੇੜੇ ਖੁਆਏ। ਬਲਦਾਂ ਦੀ ਖੁਰਾਕ ਪੇੜਿਆਂ ਲਈ ਜੌਂ ਛੋਲਿਆਂ ਦੇ ਆਟੇ ਦੀ ਬੋਰੀ ਵੀ ਰੇੜ੍ਹੀ ਤੇ ਧਰ ਲਈ। ਹਰਦੇਵ ਕੌਰ ਦਾ ਪੰਜ ਕਲਿਆਣੀ ਮੱਝ ਤੋਂ ਵਿਛੜਨ ਨੂੰ ਦਿਲ ਨਹੀਂ ਸੀ ਕਰਦਾ, ਜੋ ਉਸਦੇ ਹੱਥ ਪਈ ਹੋਈ ਸੀ। ਅੱਜ ਦੀ ਧਾਰ ਤਾਂ ਕੱਢ ਲਈ ਸੀ ਦੂਜੇ ਦਿਨ ਲਈ ਉਸ ਨੂੰ ਫੇਰ ਅ੍ਾਂਉਣਾ ਪੈਣਾ ਸੀ। ਪਰ ਉਸ ਨੇ ਊਰਨੇ ਵਾਲੀ ਮਾਸੀ ਨੂੰ ਤੇ ਗੁਰਜੀਤ ਨੂੰ ਨਾਲ ਲੈਕੇ, ਸਮਰਾਲੇ ਤੋਂ ਸਵੇਰ ਦਾ ਭੂੰਡ ਫੜਕੇ ਆ ਜਾਣਾ ਸੀ। ਤਿੰਨ ਪਈਹੇ ਟੈਂਪੂੰ ਨੂੰ ਹਰਦੇਵ ਕੌਰ ਭੂੰਡ ਹੀ ਕਹਿੰਦੀ ਸੀ ਜੋ ਉਨ੍ਹਾਂ ਦੇ ਪਿੰਡ ਦਾ ਮੁੰਡਾ ਜੀਤਾ ਹੀ ਚਲਾਉਂਦਾ ਸੀ।

ਬਲਦਾਂ ਨੂੰ ਥਾਪੀਆਂ ਦੇ ਕੇ ਬਲਕਾਰ ਸਿੰਘ ਨੇ ਵਹਿਗੁਰੂ ਕਹਿ ਕੇ ਗੱਡਾ ਹੱਕਿਆ। ਮਨਦੀਪ ਨੂੰ ਬਲਦਾਂ ਲਈ ਵਰਤੇ ਮਾਮੇ ਦੇ ਬੋਲ, ਮਾਖਿਉਂ ਮਿੱਠੇ ਜਾਪ ਰਹੇ ਸਨ। ਜਿਵੇਂ ਉਹ ਬਲਦ ਹੱਕਦਾ ਕਹਿ ਰਿਹਾ ਸੀ:

“ਉਹ ਚੱਲ ਬੱਗਿਆ ਸ਼ੇਰਾ। ਤੱਤਾ ਤੱਤਾ ਤੱਤਾ। ਉਹ ਜੀਂਦਾ ਰਹਿ। ਹੱਟ ਹੱਟ ਹੱਟ। ਪੁੱਚ ਪੁੱਚ ਪੁੱਚ। ਠਾਹਾਂ ਠਹਾਂ ਠਾਹਾਂ। ਤਾਂਹਾ ਤਾਂਹਾ ਤਾਂਹਾ। ਕਦੇ ਉਹ ਖੱਬਾ ਰੱਸਾ ਖਿੱਚਦਾ ਤੇ ਕਦੇ ਸੱਜਾ। ਰੇੜੀ੍ਹ ਰਫਤਾਰ ਨਾਲ ਤੁਰੀ ਜਾ ਰਹੀ ਸੀ। ਭਾਂਵੇਂ ਉਹ ਸੁਵੱਖਤੇ ਤੁਰੇ, ਪਰ ਧੁੱਪ ਫੇਰ ਵੀ ਸੂਲਾਂ ਵਾਂਗ ਚੁਭ ਰਹੀ ਸੀ।

ਬਲਕਾਰ ਸਿੰਘ ਨੇ ਬੈਂਤ ਲੱਗੀ ਨਵੀਂ ਪਰੈਣ ਹੱਥ ‘ਚ ਫੜੀ ਹੋਈ ਸੀ। ਪਰ ਉਹ ਬਲਦਾ ਦੇ ਮਾਰਦਾ ਬਹੁਤ ਘੱਟ ਸੀ। ਉਹ ਪਰੈਣ ਵਿੱਚ ਆਰ ਲਵਾਣ ਦੇ ਵੀ ਸਖਤ ਖਿਲਾਫ ਸੀ। ਤੇ ਇਸ ਨੂੰ ਪਸ਼ੂਆਂ ਤੇ ਜ਼ੁਲਮ ਸਮਝਦਾ ਸੀ। ਉਹ ਅਜਿਹਾ ਕਰਨ ਵਾਲੇ ਲੋਕਾਂ ਨੂੰ ਹੁਣ ਵੀ ਪਾਪੀ ਦੱਸ ਰਿਹਾ ਸੀ। ਉਸਦੀ ਗੱਲ ਸੁਣ ਕੇ ਮਿੱਠੂ ਲਾਗੀ ਬੋਲਿਆ “ਲੰਬੜਦਾਰਾ ਮੈਂ ਸੁਣਿਆਂ ਕਿ ਮੈਹਸਾਂ ਦੇ ਲੌਣ ਵਾਲਾ ਇੱਕ ਨਵਾਂ ਟੀਕਾ ਆਇਐ। ਕਹਿੰਦੇ ਉਹ ਲਾਉੁ ਤਾਂ ਮੈਹਸ ਦੁੱਧ ‘ਤਾਰ ਲੈਂਦੀ ਆ। ਕੀ ਇਹ ਗੱਲ ਠੀਕ ਆ?”

ਸੰਤਾ ਸਿੰਘ ਬਲਿਆ “ਪਸੂ ਦੇ ਸੂਆ ਮਾਰਨਾ ਪਾਪ ਆ। ਨਾਲੇ ਖਬਰਾ ਉਸ ਸੂਏ ‘ਚ ਕੀ ਹੁੰਦਾ ਹੋਊ। ਉਹੋ ਦੁੱਧ ਆਪਾ ਪੀਣੈ” ਸੰਤਾ ਸਿੰਘ ਉਸ ਦੀ ਗੱਲ ਸੁਣ ਕੇ ਬੇਚੈਨ ਹੋ ਗਿਆ ਸੀ॥

ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਬੋਲਿਆ ‘ਸਹੁਰੀ ਦੀਆਂ ਨਮੀਆਂ ਨਮੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਆਹ ਰੇੜੂਏ ਵਾਲੇ ਠੰਢੂ ਰਾਮ ਉਨੀ ਵੀ ਐਵੇਂ ਦੀਆਂ ਗੱਲਾਂ ਕਰੀ ਜਾਣਗੇ। ਰੋਜ਼ ਅਖੇ ਹਰਾ ਅਨਕਲਾਬ ਆ ਰਿਹਾ। ਸਾਨੂੰ ਤਾਂ ਹਰਾ ਨੀਲਾ, ਲਾਲ ਪੀਲਾ ਕੁੱਝ ਵੀ ਨੀ ਦੀਂਹਦਾ। ਅਖੇ ਫਸਲਾਂ ਤੇ ਆਹ ਸਪਰੇਅ ਕਰੋ ਜਾਂ ਅੋਹ ਫਲਾਣੀ ਸਪਰੇਅ ਕਰੋ, ਨਾ ਮਖਾਂ ਲੋਕ ਕਮਲ਼ੇ ਈ ਤੀ ‘ਜੋ ਹੁਣ ਤੱਕ ਫਸਲਾਂ ਨੂੰ ਗੁੱਡਦੇ ਰਹੇ। ਦੇਖੀ ਇਹ ਦਵਾਈਆਂ ਕਦੇ ਲੋਕਾਂ ਨੂੰ ਜਰੂਰ ਮਾਰਨਗੀਆਂ। ਫਸਲਾਂ ਤੇ ਏਨਾਂ ਦਾ ਕੁੱਛ ਤਾਂ ਅਸਰ ਹੋਊ? ਨਾਲੇ ਹੁਣ ਬੰਬੇ ਲੱਗ ਗੇ, ਲੋਕ ਦਵਾਈਆਂ ਛਿੜਕਣਗੇ, ਕਣਕਾਂ ਕੱਢਣੀਆਂ ਡਰੱਮੀਆਂ ਆ ਗਈਆਂ। ਲੋਕ ਤਾਂ ਇਉਂ ਵਿਹਲੇ ਹੋ ਜਾਣਗੇ। ਜੇ ਉਨ੍ਹਾਂ ਦੇ ਕਰਨ ਲਈ ਹੀ ਕੁੱਝ ਨਾ ਰਿਹਾ ਫੇਰ ਬਿਮਾਰੀਆਂ ਨਾਲ ਤਾਂ ਮਰਨਗੇ ਹੀ”

ਉਹ ਫਿਕਰਮੰਦ ਹੋਇਆ ਪਿਆ ਸੀ। ਮੱਝਾਂ ਦੇ ਸੂਏ, ਭਈਆਂ ਦੀ ਡਾਰਾਂ, ਫਸਲਾਂ ਤੇ ਛਿੜਕੀ ਜਾ ਰਹੀ ਦਵਾਈ ਜਿਵੇਂ ਸਾਰਾ ਕੁੱਝ ਉਸ ਦੇ ਦਿਮਾਗ ਨੂੰ ਬੁਖਾਰ ਵਾਂਗ ਚੜ੍ਹ ਰਿਹਾ ਸੀ। ਉਸ ਨੇ ਕਿਹਾ “ਮੈਨੂੰ ਤਾਂ ਇਉਂ ਲੱਗਦੈ ਜਿਵੇਂ ਕੋਈ ਜਾਣ ਬੁੱਝ ਕੇ ਸਾਡੇ ਨਾਲ ਨੌਸਰ ਕਰ ਰਿਹਾ ਹੋਵੇ”

ਗੱਡੇ ਤੇ ਬੈਠੀਆਂ ਔਰਤਾਂ ਸੂਟਾਂ ਗਹਿਣਿਆਂ ਦੀ ਚਰਚਾ ਵਿੱਚ ਰੁੱਝੀਆਂ ਹੋਈਆਂ ਸਨ। ਗੱਡਾ ਨਹਿਰੋ ਨਹਿਰ, ਕੱਚੇ ਰਸਤੇ ਗੜ੍ਹੀ ਦੇ ਪੁਲ਼ ਵਲ ਨੂੰ ਜਾ ਰਿਹਾ ਸੀ, ਜਿੱਥੋਂ ਅੱਗੇ ਪੱਕੀ ਸੜਕ ਮਿਲਣੀ ਸੀ। ਹੁਣ ਨਹਿਰ ਤੇ ਸੰਘਣੇ ਦਰਖਤ ਸ਼ੁਰੂ ਹੋ ਗਏ। ਕਿੱਕਰਾਂ, ਬੇਰੀਆਂ, ਟਾਹਲੀਆਂ, ਤੂਤ ਤੇ ਹੋਰ ਝਾੜ ਛਿੱਛਰ। ਸਾਰੇ ਦਰਖਤਾਂ ਤੇ ਜਗਲਾਤ ਮਹਿਕਮੇਂ ਦੇ ਨੰਬਰ ਲੱਗੇ ਹੋਏ ਸਨ। ਕਿਤੇ ਕਿਤੇ ਪਸ਼ੂਆਂ ਦੇ ਵੱਗ ਵੀ ਚਰ ਰਹੇ ਸਨ। ਰਸਤੇ ਵਿੱਚ ਇੱਕ ਦੋ ਥਾਵਾਂ ਤੇ ਉਨ੍ਹਾਂ ਅੱਗਿਉਂ ਹਿਰਨਾਂ ਦੀ ਡਾਰ ਵੀ ਲੰਘੀ ਤੇ ਇੱਕ ਥਾਂ ਨਹਿਰ ਵਿੱਚੋਂ ਉਨ੍ਹਾਂ ਨੇ ਰੋਜ਼ ਤੇ ਬਾਰਾਂ ਸਿੰਗੇ ਪਾਣੀ ਪੀਂਦੇ ਵੇਖੇ। ਇੱਕ ਥਾਂ ਬਹੁਤ ਸਾਰੇ ਦਰਖਤ ਵੱਢੇ ਪਏ ਸਨ ਤੇ ਮਜ਼ਦੂਰ ਨਵੇਂ ਦਰਖਤਾਂ ਲਈ ਟੋਏ ਪੁੱਟ ਰਹੇ ਸਨ। ਜਿਨਾਂ ਨੂੰ ਵੇਖ ਰੁਲਦਾ ਫੇਰ ਬੋਲ ਪਿਆ “ਤਾਇਆ ਜਗਤੇ ਕਾ ਭੋਲੂ ਦੱਸਦਾ ਤੀ ਬਈ ਓਧਰ ਸੀਲੋਂ ਦੇ ਪੁਲ਼ ਵਲ ਵੀ ਪੁਰਾਣੇ ਦਰਖਤ ਵੱਢ ਵੱਢ ਕੇ ਸਫੈਦੇ ਲਾਈ ਜਾਂਦੇ ਨੇ। ਕਹਿੰਦੇ ਸਫੈਦਾ ਬਹੁਤ ਉੱਚਾ ਜਾਂਦੈ ਤੇ ਲੱਕੜ ਵੀ ਮਹਿੰਗੀ ਵਿਕਦੀ ਆ। ਤੇ ਉਹ ਜਗਾ ਵੀ ਘੱਟ ਲੈਂਦਾ ਏ। ਫੇਰ ਸਰਕਾਰ ਬੀਜ ਬੀਜ ਵੇਚ ਦੂ ਤੇ ਬਣਾਊ ਪੈਸੇ। ਕੀ ਕਹਿੰਦਾ?”

ਸੰਤਾ ਸਿਉਂ ਬੋਲਿਆ “ਫੇਰ ਉਹਦੀ ਛਾਂ ਤਾਂ ਨੀ ਹੋਣੀ ਤੇ ਫਲ਼ ਵੀ ਨੀ ਲੱਗਦੇ ਹੋਣੇ। ਰਾਹੀਆਂ ਨੂੰ ਉਹਦਾ ਕੀ ਫੈਦਾ ਹੋਊ? ਨਾਲੇ ਬਾਣੀ ਤਾਂ ਕਹਿੰਦੀ ਆ ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਬਲਾ ਗੁਮਾਨ ਨਾ ਕਰੀ। ਇਹ ਸਫੈਦਾ ਵੀ ਸਿੰਬਲ ਦਾ ਹੀ ਕੋਈ ਭਾਈ ਹੋਣੈ” ਇੰਨੇ ਨੂੰ ਇੱਕ ਮੁੰਡਾ ਰੌਲਾ ਪੌਂਦਾ ਦੌੜ ਰਿਹਾ ਸੀ। ਜਗਲਾਤੀਆ ਆ ਗਿਆ, ਜਗਲਾਤੀਆਂ ਆ ਗਿਆ। ਤੇ ਬਾਕੀ ਮੁੰਡਿਆਂ ਨੇ ਪਸ਼ੂ ਕੁੱਟ ਕੁੱਟ ਕੇ ਦਰਖਤਾਂ ਵਿੱਚੋਂ ਭਜਾਉਣੇ ਸ਼ੁਰੂ ਕਰ ਦਿੱਤੇ। ਜਿਨਾਂ ਨੂੰ ਵੇਖ ਰੇੜ੍ਹੀ ਜੁੜੇ ਬਲਦ ਵੀ ਡਰ ਗਏ।

ਜਗਲਾਤੀਆਂ, ਜੰਗਤਾਲ ਮਹਿਕਮੇ ਵਲੋਂ ਦਰਖਤਾਂ ਦੀ ਸਾਂਭ ਸੰਭਾਲ ਲਈ ਰੱਖਿਆ ਹੋਇਆ ਮੁਲਾਜ਼ਮ ਸੀ। ਜੋ ਪਸ਼ੂਆਂ ਨੂੰ ਦਰਖਤਾਂ ‘ਚ ਚਰਦੇ ਪਕੜ ਕੇ ਭਾਰੀ ਜੁਰਮਾਨਾ ਠੋਕਦਾ। ਦਾਣਿਆਂ ਦੀ ਅੱਧੀ ਬੋਰੀ ਜਾ ਨਕਦ ਪੈਸੇ ਲੈ ਕੇ ਹੀ ਪਸ਼ੂ ਛੱਡਦਾ।

ਪੁਲ ਤੋਂ ਪਹਿਲਾਂ ਬਲਕਾਰ ਸਿੰਘ ਨੇ ਇੱਕ ਸੰਘਣੀ ਛਾਂ ਵਾਲੇ ਦਰਖਤ ਹੇਠ ਰੇੜ੍ਹੀ ਰੋਕੀ। ਬਲਦਾ ਨੂੰ ਪਾਣੀ ਪਿਆਇਆ। ਸਵਾਰੀਆਂ ਵੀ ਹਾਜ਼ਤ ਨਵਿਰਤੀ ਲਈ ਝਾੜਾਂ ਪਿੱਛੇ ਜਾ ਵੜੀਆਂ। ਫੇਰ ਰੇੜ੍ਹੀ ਦੀ ਭੰਡਾਰੀ ਵਿੱਚੋਂ ਪੋਣੇ ‘ਚ ਬੰਨੀਆਂ ਰੋਟੀਆਂ, ਸਬਜੀ ਆਚਾਰ ਤੇ ਗੁੜ ਕੱਢੇ ਗਏ। ਸਾਰਿਆਂ ਨੇ ਦੋ ਦੋ ਰੋਟੀਆਂ ਖਾਧੀਆਂ ਪਾਣੀ ਪੀਤਾ ਤੇ ਅਗਲੇ ਸਫਰ ਲਈ ਤੁਰ ਪਏ।

ਸੜਕ ਤੇ ਜਾ ਕੇ ਗੱਡੇ ਦੀ ਸਪੀਡ ਤੇਜ਼ ਹੋ ਗਈ। ਜਿੱਥੇ ਟਾਵੀਂ ਟਾਵੀਂ ਕਾਰ ਵੀ ਗੁਜਰਦੀ, ਜਿਸ ਨੂੰ ਵੇਖ ਧਰਮਾਂ ਤੇ ਮਨਦੀਪ ਖੁਸ਼ ਹੋ ਜਾਂਦੇ। ਕਦੀ ਕਦੀ ਬੱਸ ਅਤੇ ਟਰੱਕ ਵੀ ਲੰਘਦੇ। ਜਿਨਾਂ ਦਾ ਰੌਲਾ ਸੁਣ ਬਲਦ ਡਰਦੇ ਸਨ। ਤਿੰਨ ਪਈਏ ਭੂੰਡ ਸਵਾਰੀਆਂ ਨਾਲ ਤੁੰਨੇ ਹੋਏ ਲੰਘਦੇ। ਤੇਜ਼ ਸਪੀਡ ਗੱਡੀਆਂ ਅੱਗੇ ਤਾਂ ਗੱਡਾ ਕੀੜੀ ਦੀ ਤੋਰ ਤੁਰ ਰਿਹਾ ਮਹਿਸੂਸ ਹੁੰਦਾ। ਸੰਤਾ ਸਿਉਂ ਕਹਿ ਰਿਹਾ ਸੀ “ਗੱਡਾ ਤਾਂ ਵਿਚਾਰਾ ਮੇਰੇ ਵਰਗਾ ਹੈ। ਹੁਣ ਤਾਂ ਇਸ ਦਾ ਸਮਾਂ ਬੀਤ ਗਿਆ ਲੱਗਦੈ। ਹੁਣ ਸਹੁਰਾ ਧੀਰਜ ਭਾਅ ਦਾ ਨਹੀਂ ਕਾਹਲੀ ਦਾ ਵੇਲਾ ਆ ਗਿਆ”

ਢਲਦੀ ਦੁਪਹਿਰ ਤੱਕ ਉਹ ਸਮਰਾਲੇ ਦੀ ਜੂਹ ਵਿੱਚ ਜਾ ਵੜੇ। ਸ਼ਹਿਰ ਵਿੱਚ ਚਹਿਲ ਪਹਿਲ ਸ਼ੁਰੂ ਹੋ ਗਈ ਸੀ। ਉਨ੍ਹਾਂ ਸ਼ਹਿਰ ਵੜਨ ਤੋਂ ਪਹਿਲਾਂ, ਇੱਕ ਨਲਕੇ ਤੇ ਗੱਡਾ ਰੋਕ ਕੇ ਪਾਣੀ ਪੀਤਾ। ਸੰਤਾ ਸਿੰਘ ਕਹਿ ਰਿਹਾ ਸੀ “ਸ਼ਹਿਰ ‘ਚ ਤਾਂ ਸਹੁਰਾ ਪਾਣੀ ਵੀ ਮੁੱਲ ਵਿਕਦੈ, ਏਥੇ ਹੀ ਪੀ ਲਵੋ ਹੁਣ ਪਾਣੀ। ਕਦੇ ਸਮਾਂ ਆਊ ਪਿੰਡਾਂ ਦੇ ਲੋਕ ਵੀ ਮੁੱਲ ਦਾ ਪਾਣੀ ਪੀਆ ਕਰਨਗੇ। ਫੇਰ ਇੱਕ ਦੋ ਪੈਟਰੋਲ ਪੰਪ ਵੀ ਆਏ। ਤਾਂ ਦਾਣਾ ਮੰਡੀ ਸ਼ੁਰੂ ਹੋ ਗਈ। ਦੂਜੇ ਪਾਸੇ ਪਸ਼ੂਆਂ ਦੀ ਮੰਡੀ ਲੱਗੀ ਹੋਈ ਸੀ। ਸ਼ਹਿਰ ਕਾਫੀ ਸਾਰੇ ਟਰੈਕਟਰ ਵੀ ਮਿਲੇ। ਹੁਣ ਦੁਕਾਨਾਂ ਹੀ ਦੁਕਾਨਾਂ ਆ ਰਹੀਆਂ ਸਨ। ਕਿਤਾਬਾਂ ਦੀਆਂ, ਚਾਹ ਦੀਆਂ, ਖਲ ਵੜਵਿਆਂ ਅਤੇ ਸੰਗਲਾਂ ਦੀਆਂ। ਕੱਪੜੇ ਦੀਆਂ ਦੁਕਾਨਾ, ਸਬਜ਼ੀ ਵਾਲੀਆਂ ਰੇੜੀਆਂ। ਸਾਰੇ ਸ਼ਹਿਰ ਵਲ ਨੂੰ ਅੱਖਾਂ ਪਾੜ ਪਾੜ ਝਾਕ ਰਹੇ ਸਨ। ਇੱਕ ਦੁਕਾਨ ਤੇ ਗੱਡਾ ਰੋਕ ਕੇ ਉਨ੍ਹਾਂ ਇੱਕ ਟਰੰਕ ਤੇ ਕੁਝ ਨਿੱਕੜ ਸੁੱਕੜ ਹੋਰ ਲਿਆ। ਉਨ੍ਹਾ ਦੇ ਪਿੰਡ ਵਾਲੇ ਕਿੰਦਰ ਮਿਸਤਰੀ ਦੀ ਦੁਕਾਨ ਅੱਗੋਂ ਵੀ ਉਹ ਲੰਘੇ। ਤੇ ਜੋ ਸੰਤਾ ਸਿੰਘ ਨੇ ਸਭ ਨੂੰ ਦਿਖਾਈ।

ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਅੱਗੇ ਜਾ ਕੇ ਹੀ ਪਿੰਡ ਰਾਜੇਵਾਲ ਆ ਗਿਆ। ਗੱਡਾ ਪਿੰਡ ਦੀ ਜੂਹ ਵੜਿਆ ਹੀ ਸੀ ਕਿ ਨਿਆਣਿਆਂ ਰੌਲਾ ਚੁੱਕ ਦਿੱਤਾ ਨਾਨਕਾ ਮੇਲ਼ ਆ ਗਿਆ, ਨਾਨਕਾ ਮੇਲ਼ ਆ ਗਿਆ। ਫੇਰ ਸ਼ਗਨਾਂ ਦੇ ਗੀਤ ਸ਼ੁਰੂ ਹੋ ਗਏ। ਉਧਰੋਂ ਸਿੱਠਣੀਆਂ ਦਿੰਦੀਆਂ ਦਾਦਕੀਆਂ ਉਨ੍ਹਾਂ ਨੂੰ ਅੱਗੇ ਲੈਣ ਆਈਆਂ। ਫੇਰ ਬੋਲੀਆਂ ਦਾ ਗਹਿ ਗੱਚ ਮੁਕਾਬਲਾ ਹੋਇਆ। ਵਧਾਈਆਂ ਮੰਗਣ ਵਾਲੇ ਮੇਲੀਆਂ ਦੇ ਕੱਪੜੇੇ ਖਿੱਚਦੇ ਰਹੇ। ਜ਼ੈਲਦਾਰ ਦੀ ਪੋਤੀ ਤੇ ਲੰਬੜਦਾਰ ਸੰਤਾ ਸਿੰਘ ਦੀ ਦੋਹਤੀ ਦੇ ਸ਼ਗਨਾਂ ਵਿੱਚ ਜਿਵੇਂ ਸਾਰਾ ਪਿੰਡ ਹੀ ਰੰਗਿਆ ਗਿਆ ਸੀ। ਹਰ ਇੱਕ ਦਾ ਚਿਹਰਾ ਖੁਸ਼ੀ ਨਾਲ ਖਿੜਿਆ ਪਿਆ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com