WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 19

ਸਮੁੰਦਰ ਮੰਥਨ (PDF, 568KB)    


ਵਿਆਹ ਤੋਂ ਇੱਕ ਦਿਨ ਪਹਿਲਾਂ ਸੰਤਾਂ ਸਿੰਘ ਦੀ ਹਵੇਲੀ ਵਿੱਚ ਚੜੀ ਭੱਠੀ ਕਾਰਨ ਸਾਰੇ ਪਿੰਡ ਵਿੱਚ ਲੱਡੂਆਂ ਜਲੇਬੀਆਂ ਦੀ ਮਹਿਕ ਫੈਲੀ ਗਈ। ਨਾਨਕਾ ਮੇਲ਼ ਗੀਤਾਂ ਦੀ ਸ਼ਹਿਬਰ ਲਾਉਂਦਾ ਪਿੰਡ ਰਣੀਏ ਪਹੁੰਚ ਚੁੱਕਾ ਸੀ। ਏਧਰ ਪਿੰਡ ਵਲੋਂ ਦਾਦਕੀਆਂ ਵੀ ਨਾਨਕੀਆਂ ਦੇ ਗੀਤਾਂ ਦੇ ਜਵਾਬ ਗੀਤਾਂ ਨਾਲ ਹੀ ਮੋੜਦੀਆਂ:

ਇਨ੍ਹਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ-ਜਿਹੀਆਂ ਬੋਲੀਆਂ ਪੈਅ ਰਹੀਆਂ ਸਨ:

ਫੇਰ ਨਾਨਕੀਆਂ ਨੇ ਕੋਠੇ ਚੜ ਕੇ ਛੱਜ ਕੁੱਟਿਆ। ਦਾਦਕਿਆਂ ਨਾਲ ਮੇਹਣੋ ਮੇਹਣੀ ਹੋਣ ਵਾਲੀਆਂ ਨਾਨਕੀਆਂ ਸ਼ਾਮ ਤੱਕ ਵਿਆਹ ਵਾਲੇ ਪਰਿਵਾਰ ਦਾ ਮਹੱਤਵ ਪੂਰਨ ਹਿੱਸਾ ਬਣ ਗਈਆਂ। ਸਾਰੀਆਂ ਰਲਕੇ ਪਿੰਡ ਵਿੱਚ ਹਲਵਾ ਪੂੜੀਆਂ ਵੰਡਣ ਗਈਆਂ ਅਤੇ ਸ਼ਾਮ ਨੂੰ ਸ਼ਰੀਕੇ ਵਿੱਚੋਂ ਮੰਜੇ ਬਿਸਤਰੇ ਇਕੱਠੇ ਕਰਨ ਵੀ ਗਈਆਂ। ਸ਼ਾਮ ਢਲਦਿਆਂ ਹੀ ਸੀਤੂ ਆਪਣੇ ਵਾਜੇ ਵਾਲਿਆਂ ਨੂੰ ਲੈ ਕੇ ਆ ਗਿਆ। ਬੀਨਾਂ ਦੀ ਪੀਂ ਪੀਂ ਤੇ ਢੋਲ ਦੀ ਡੁੱਮ ਡੁੱਮ ਗੂੰਜਣ ਲੱਗੀ। ਫੇਰ ਲੈ ਤਾਲ ਵਿੱਚ ਵਾਜਾ ਵੱਜਣ ਲੱਗ ਪਿਆ।

ਉਨ੍ਹਾਂ ਨਾਲ ਇੱਕ ਅਲੂੰਆਂ ਜਿਹਾਂ ਮੁੰਡਾ, ਕੁੜੀਆਂ ਵਾਲੇ ਕੱਪੜੇ ਪਹਿਨ ਦੋ ਗੁੱਤਾ ਕਰਕੇ ਨਚਾਰ ਬਣਿਆ ਹੋਇਆ ਸੀ। ਪਿੰਡ ਦੇ ਕਈ ਮਨਚਲੇ ਉਸ ਦੁਆਲੇ ਹੀ ਮੱਖੀਆਂ ਵਾਂਗ ਮਡਰਾਉਂਦੇ ਰਹੇ। ਪਰ ਸੰਤਾਂ ਸਿੰਘ ਨੇ ਨਚਾਰ ਨੂੰ ਨੱਚਣ ਤੋਂ ਵਰਜ਼ ਦਿੱਤਾ। ਮੁੰਡੇ ਖੁੰਡੇ ਉਸ ਦੀਆਂ ਮਿੰਨਤਾ ਕਰਦੇ ਰਹੇ ਕਿ ‘ਖੁਸ਼ੀ ਦਾ ਮੌਕਾ ਹੈ ਦੋ ਤਰਜ਼ਾਂ ਤੇ ਨੱਚ ਲੈਣ ਦੇ’। ਪਰ ਸੰਤਾਂ ਸਿੰਘ ਨਾ ਮੰਨਿਆ। ਬੜੀ ਮੁਸ਼ਕਲ ਨਾਲ ਉਸ ਨੇ ਸਿਰਫ ਘੋੜੇ ਵਾਲੇ ਨੂੰ ਹੀ ਨੱਚਣ ਦੀ ਇਜ਼ਾਜ਼ਤ ਦਿੱਤੀ। ਘੋੜੇ ਦੇ ਖੋਲ ‘ਚ ਵੜਿਆ ਇਹ ਬੰਦਾ ਢੋਲ ਦੀ ਤਾਲ ਤੇ ਟਪੂਸੀਆਂ ਮਾਰਦਾ ਅੱਗੇ ਪਿੱਛੇ ਦੌੜਦਾ। ਜਿਵੇਂ ਉਹ ਸੱਚ ਮੁੱਚ ਦਾ ਹੀ ਘੋੜ ਸਵਾਰ ਹੋਵੇ। ਲੋਕ ਖੁਸ਼ ਹੁੰਦੇ ਉਸ ਤੋਂ ਹੀ ਪੈਸੇ ਵਾਰਦੇ ਰਹੇ। ਰਾਤ ਪੈਂਦਿਆਂ ਸਾਰ ਹੀ ਸੰਤਾਂ ਸਿੰਘ ਦੀ ਅਣਦੇਖੀ ਕਰਦਿਆਂ ਨਾਨਕੀਆਂ ਨੇ ਜਾਗੋ ਵੀ ਕੱਢੀ। ਤੇ ਸਾਰੀ ਰਾਤ ਪਿੰਡ ਵਿੱਚ ਪੂਰਾ ਖੁੜਦੁੱਮ ਪੈਂਦਾ ਰਿਹਾ।
ਕਈ ਮਰਦ ਰਿਸ਼ਤੇਦਾਰ ਹਵੇਲੀ ਵਿੱਚ ਮੰਜਿਆਂ ਤੇ ਬੈਠੇ ਸ਼ਰਾਬ ਪੀਂਦੇ ਰਹੇ। ਕਈ ਖਾਸ ਬੰਦਿਆਂ ਨੂੰ ਫੌਜੀ ਰੱਮ ਵੀ ਪਿਆਈ ਗਈ। ਸੰਤਾਂ ਸਿੰਘ ਵੀ ਰੱਮ ਦੇ ਦੋ ਤਿੰਨ ਹਾੜੇ ਲਾਅ, ਹਵਾ ਪਿਆਜ਼ੀ ਹੋਇਆ ਫਿਰਦਾ ਸੀ। ਮਨਦੀਪ ਨੇ ਵੀ ਇਸ ਸਾਰੇ ਕਾਸੇ ਨੂੰ ਨੇੜਿਉਂ ਵੇਖਿਆ। ਜੋ ਉਸ ਨੂੰ ਬੜਾ ਹੀ ਚੰਗਾ ਲੱਗਿਆ।

ਵਿਆਹ ਵਾਲੇ ਦਿਨ ਪਹੁ ਫੁੱਟਣ ਸਾਰ ਬਾਲਟੀਆਂ ਪਤੀਲੇ ਖੜਕਣ ਲੱਗੇ। ਔਰਤਾਂ ਮਾੜੇ ਮੋਟੇ ਬਣਾਏ ਗੁਸਲਖਾਨੇ ਉੱਪਰ ਕਬਜ਼ਾ ਜਮਾਉਣ ਲਈ ਕਾਹਲੀਆਂ ਪੈ ਰਹੀਆਂ ਸਨ। ਮਰਦ ਪਰਨਾ ਤੇ ਸਾਬਣ ਤੇਲ ਲੈ ਕੇ ਖੂਹਾਂ, ਬੰਬਿਆਂ ਵਲ ਨਹਾਉਣ ਜਾ ਰਹੇ ਸਨ। ਕਈ ਤਾਂ ਹਵੇਲੀ ਵਾਲੇ ਨਲਕੇ ਥੱਲੇ ਹੀ ਵਾਹਿਗੁਰੂ ਕਹਿ ਬੈਠ ਗਏ। ਤੇ ਕਈ ਅਜੇ ਕਿੱਕਰਾਂ ਦੀਆਂ ਦਾਤਣਾਂ ਕਰਦੇ ਫਿਰ ਰਹੇ ਸਨ। ਸਿਮਰੋ ਦਾ ਵਿਆਹ ਇੱਕ ਦਿਨ ਪਹਿਲਾਂ ਹੋ ਚੁੱਕਾ ਸੀ ਤੇ ਅੱਜ ਸੰਤਾ ਸਿੰਘ ਨੇ ਛੋਟੇ ਮੁੰਡੇ ਹਰਜੀਤ ਨੂੰ ਵਿਆਹੁਣ ਜਾਣਾ ਸੀ।

ਹੁਣ ਬਰਾਤ ਚੜ੍ਹਨ ਦੀਆਂ ਤਿਆਰੀਆਂ ਹੋ ਰਹੀਆਂ ਸਨ। ਹਰ ਕਿਸੇ ਵਲੋਂ ਨਵੇਂ ਕੱਪੜੇ ਪਹਿਨੇ ਜਾ ਰਹੇ ਸਨ ਤੇ ਪੱਗਾਂ ਬੰਨੀਆਂ ਜਾ ਰਹੀਆਂ ਸਨ। ਕੋਈ ਪੱਗ ਦੀ ਪੂਣੀ ਕਰਵਾ ਰਿਹਾ ਸੀ ਤੇ ਕਿਸੇ ਨੂੰ ਸ਼ੀਸ਼ਾ ਨਹੀਂ ਸੀ ਲੱਭ ਰਿਹਾ। ਔਰਤਾਂ ਗਹਿਣੇ ਗੱਟੇ ਪਾ, ਪਾਊਡਰ ਕਰੀਮਾਂ ਲਾ ਰਹੀਆਂ ਸਨ। ਕਈਆਂ ਨੇ ਦੰਦਾਸੇ ਮਲ਼ੇ ਤੇ ਕਈਆਂ ਨੇ ਲਿਪਸਟਿੱਕਾਂ ਵੀ ਲਾਈਆਂ। ਇੱਕ ਵੱਡੀ ਬੱਸ ਤੇ ਤੇ ਦੋ ਗੱਡੀਆਂ ਪਿੰਡ ਦੇ ਗੋਰੇ ਆ ਖੜੀਆਂ ਹੋਈਆਂ। ਸ਼ਹਿਰੀ ਬੈਂਡ ਦੀ ਭੌਂ ਭੌਂ ਤੇ ਡੱਮ ਡੱਮ ਵੀ ਸ਼ੁਰੂ ਹੋ ਗਈ ਸੀ। ਤੂੜੀ ਵਾਲੇ ਕੋਠੇ ‘ਚ ਖੜੇ ਰਥ ਦੀ ਅੱਜ ਕਿਸੇ ਨੇ ਸਾਰ ਵੀ ਨਾਂ ਲਈ।

ਹਰਜੀਤ ਨੇ ਨਾਹੀ ਧੋਈ ਤੋਂ ਬਾਅਦ ‘ਅਚਕਨ ਸੂਟ’ ਦੀ ਬਜਾਏ ਪੈਂਟ ਸ਼ਰਟ ਪਹਿਨੇ ਸਨ। ਪਿੰਡ ਦੇ ਲੋਕਾਂ ਨੂੰ ਮੋਟਰਾਂ ਵਿੱਚ ਝਾਂਟੀ ਲੈਣ ਦਾ ਬੇਹੱਦ ਚਾਅ ਸੀ। ਸੰਤਾਂ ਸਿੰਘ ਨਵਾਂ ਕੁੜਤਾ ਪਜਾਮਾਂ ਪਹਿਨੀ ਹੋਰ ਜਲਦੀ ਕਰਨ ਦੇ ਹੁਕਮ ਦੇ ਰਿਹਾ ਸੀ। ਅੱਜ ਬਲਾਕਾਰ ਤੇ ਗੁਰਜੀਤ ਦੀ ਵੀ ਟੌਹਰ ਵੀ ਦੇਖਣ ਵਾਲੀ ਸੀ। ਫੇਰ ਵੱਡੇ ਵਡੇਰਿਆਂ ਦੇ ਨਾਲ ਨਾਲ ਗੁਰਦੁਵਾਰੇ ਵੀ ਮੱਥਾ ਟਿਕਾਇਆ ਗਿਆ। ਸਿਮਰੋ, ਸ਼ਰਨੋ, ਬਚਨੋ ਅਤੇ ਮੀਤੋ ਆਪਣੇ ਭਰਾ ਨੂੰ ਰਸਮ ਅਨੁਸਾਰ ਚੁੰਨੀ ਝੱਲ ਰਹੀਆਂ ਸਨ। ਹਰਦੇਵ ਕੌਰ ਤੇ ਜੋਗਿੰਦਰ ਕੌਰ ਨੇ ਰਲ ਕੇ ਦਿਉਰ ਦੇ ਸੁਰਮਾਂ ਪਾਇਆ। ਸਭ ਤੋਂ ਅਹਿਮ ਗੱਲ ਇਹ ਸੀ ਕਿ ਮਨਦੀਪ ਨੂੰ ਆਪਣੇ ਮਾਮੇ ਦਾ ਸਰਵਾਲਾ ਵੀ ਬਣਾਇਆ ਗਿਆ। ਮਹਿਤਾਬ ਕੌਰ ਦੇ ਅੱਜ ਚਾਅ ਨਹੀਂ ਸੀ ਚੁੱਕੇ ਜਾ ਰਹੇ। ਇਸ ਤਰ੍ਹਾਂ ਜੰਨ ਚੜਦੀ ਨੂੰ ਵੇਖਣ ਲਈ ਲੋਕਾਂ ਦਾ ਤਾਂਤਾ ਜੁੜ ਗਿਆ। ਜਿਉਂ ਹੀ ਲੰਬੜਦਾਰ ਸੰਤਾ ਸਿੰਘ ਨੇ ਹੀ ਗੱਡੀ ਉਤੋਂ ਪੈਸੇ ਸੁੱਟੇ ਤਾਂ ਨਿਆਣਿਆਂ ਦਾ ਪੈਸੇ ਚੁਗਣ ਲਈ ਘਮਸਾਣ ਮੱਚ ਗਿਆ। ਤੇ ਇਸਦੇ ਨਾਲ ਹੀ ਬਰਾਤ ਚੜ ਗਈ।

ਮਨਦੀਪ ਦੀ ਉਮਰ ਲੱਗਭਗ ਦਸ ਸਾਲ ਹੋ ਚੁੱਕੀ ਸੀ। ਅੱਜ ਉਹ ਪਹਿਲੀ ਵਾਰ ਕਿਸੇ ਦੀ ਬਰਾਤ ਚੜ੍ਹਿਆ। ਜਿਉਂ ਹੀ ਬਰਾਤ ਭਗਵਾਨਪੁਰੇ ਪਹੁੰਚੀ ਤਾਂ ਉਥੇ ਵੀ ਜੰਨ ਦੇਖਣ ਵਾਲਿਆ ਦਾ ਬਹੁਤ ਇਕੱਠ ਸੀ। ਕੱਚੇ ਰਸਤਿਆਂ ਦੇ ਉੱਡਦੀ ਧੂੜ ਵਿੱਚ ਵੱਜਦਾ ਢੋਲ। ਪਿੰਡ ਦੇ ਆਲੇ ਦੁਆਲੇ ਕਣਕਾਂ ਦੇ ਵੱਢ ਸਨ। ਕਿਤੇ ਕਿਤੇ ਅਜੇ ਗਹਾਈ ਵੀ ਚੱਲ ਰਹੀ ਸੀ। ਰਸਤੇ ‘ਚ ਬਹੁਤ ਸਾਰੇ ਲੋਕ ਚਰੀ ਵੱਢਦੇ, ਹਲ਼ ਚਲਾਉਂਦੇ, ਤੇ ਗੱਡੇ ਹੱਕੀਂ ਜਾਂਦੇ ਦਿਸਦੇ ਸਨ। ਕਿਤੇ ਕਿਤੇ ਕੋਈ ਸਾਈਕਲ ਸਵਾਰ ਵੀ ਦਿਸ ਜਾਂਦਾ। ਲੋਕ ਹੈਰਾਨ ਹੋ ਹੋ ਵਾਜਾ ਅਤੇ ਗੱਡੀਆਂ ਵੇਖ ਰਹੇ ਸਨ। ਨਿਆਣੇ ਗੱਡੀਆਂ ਮਗਰ ਭੱਜਦੇ ਰਹੇ। ਕਈ ਨੰਗ ਧੜੰਗੇ, ਕਈ ਵੱਡੀਆਂ ਨਿੱਕਰਾਂ ਵਾਲੇ ਤੇ ਕਈ ਨਲ਼ੀ ਚੋਚੋ ਜਿਹੇ।

ਫੇਰ ਮਿਲਣੀ ਹੋਈ। ਮੋਹਤਬਰ ਬੰਦਿਆਂ ਨੂੰ ਖੇਸ ਤੇ ਰੁਪਈਆ ਦਿੱਤਾ ਗਿਆ। ਸਾਰੀ ਕਾਰਵਾਈ ਲਾਗੀ ਨਿਭਾਅ ਰਹੇ ਸਨ। ਬਰਾਤ ਢੁੱਕਣ ਸਾਰ ਹੀ ਚਾਹ ਪਾਣੀ ਦਾ ਸੱਦਾ ਆ ਗਿਆ। ਵਿਆਹ ਵਾਲ਼ੇ ਘਰ ਦੇ ਵਿਹੜੇ ਵਿੱਚ ਚਾਨਣੀਆਂ ਕਨਾਤਾਂ ਲੱਗੀਆਂ ਹੋਈਆਂ ਸਨ। ਕੁੱਝ ਵੱਡੇ ਮੇਜ ਸਜੇ ਹੋਏ ਸਨ। ਕੁੱਝ ਬਰਾਤੀ, ਵਿਛਾਏ ਹੋਏ ਫਰਸ਼ਾਂ ਅਤੇ ਦੋਲਿਆਂ ਤੇ ਬੈਠ ਗਏ। ਕਈ ਬਜ਼ੁਰਗ ਟੇਬਲਾਂ ਤੇ ਖਾਣ ਨੂੰ ਖੁਰਲੀਆਂ ਤੇ ਖਾਣਾ ਦੱਸ ਰਹੇ ਸਨ। ਪਿੰਡ ਦੇ ਮੁੰਡਿਆਂ ਨੇ ਹੀ ਬਰਾਤ ਨੂੰ ਚਾਹ ਪਾਣੀ ਪਿਆਇਆ। ਉਹ ਲੱਡੂ ਜਲੇਬੀਆਂ, ਬਰਫੀ ਪਕੌੜੇ ਵਰਤਾ ਰਹੇ ਸਨ। ਵਰਤਾਏ ਜਾਣ ਵਾਲੇ ਭਾਂਡਿਆਂ ਤੇ ‘ਵੇਲ ਪਿੰਡ ਭਗਵਾਨ ਪੁਰਾ’ ਲਿਖਿਆ ਹੋਇਆ ਸੀ। ਤੇ ਇਹ ਭਾਡੇ ਕਲੀ ਕੀਤੇ ਹੋਏ ਸਨ। ਚਾਹ ਪਾਣੀ ਤੋਂ ਬਾਅਦ ਬੈਂਡ ਵਾਜੇ ਨਾਲ ਹੀ ਬਰਾਤ ਧਰਮਸ਼ਾਲਾ ਵਿੱਚ ਡਹੇ ਮੰਜਿਆ ਤੇ ਜਾ ਬੈਠੀ।

ਕੁੱਝ ਬਰਾਤੀ ਆਦਤ ਅਨੁਸਾਰ ਪਿੰਡ ਦਾ ਗੇੜਾ ਲਾਉਣ ਨਿੱਕਲ ਪਏ ਅਤੇ ਕੁੱਝ ਨੇ ਤਾਸ਼ ਦੀ ਬਾਜ਼ੀ ਮਘਾ ਲਈ। ਸੰਤਾ ਸਿੰਘ ਨੇ ਗੱਡੀ ‘ਚੋਂ ਰਸ ਭਰੀ ਦੀਆਂ ਚਾਰ ਪੇਟੀਆਂ ਕਢਵਾਈਆਂ ਤੇ ਲਾਗੀ ਨੂੰ ਕਿਹਾ “ਚਾਰ ਚਾਰ ਬੰਦਿਆਂ ਨੂੰ ਇੱਕ ਬੋਤਲ ਦੇ ਹਿਸਾਬ ਨਾਲ ਵੰਡ ਦਿਉ”। ਕੁੜੀ ਵਾਲੇ ਪਾਸਿਉਂ ਜੱਗ ਗਲਾਸ ਪਕੌੜੀਆਂ ਅਤੇ ਪਤੌੜ ਪਹੁੰਚ ਗਏ ਸਨ। ਲੋਕ ਇੱਕੋ ਸਾਹੇ ਹਾੜ੍ਹਾ ਲਾਕੇ ਮੂੰਹ ਕਰਾਰਾ ਕਰਦੇ। ਕਈਆਂ ਦੇ ਤਾਂ ਜਲਦੀ ਹੀ ਮੁਫਤ ਦੀ ਪੀਣ ਨਾਲ ਪੈਰ ਹਿੱਲ ਗਏ। ਏਨੇ ਨੂੰ ਢੋਲ ਤੇ ਡੱਗਾ ਬੱਜਿਆ।

ਭਗਵਾਨਪੁਰ ਦੇ ਲਾਗੀ ਵਲੋਂ ਦੁਪਹਿਰ ਦੀ ਰੋਟੀ ਦਾ ਸੱਦਾ ਆ ਗਿਆ ਸੀ। ਅਨੰਦ ਕਾਰਜ ਤਾਂ ਅਜੇ ਦੂਸਰੇ ਦਿਨ ਸਵੇਰੇ ਹੋਣੇ ਸਨ। ਕਈਆਂ ਨੇ ਢੋਲ ਦੀ ਤਾਲ ਤੇ ਨੱਚਣਾ ਸ਼ੁਰੂ ਕਰ ਦਿੱਤਾ। ਰੋਟੀ ਖਾਣ ਜਾਂਦੀ ਬਰਾਤ ਨੂੰ ਦੇਖਣ ਲਈ ਕੋਠੇ ਤੀਵੀਆਂ ਨਾਲ ਭਰੇ ਪਏ ਸਨ। ਜੰਨ ‘ਚ ਲਿਆਂਦੇ ਲਾਊਡ ਸਪੀਕਰ ਨੇ ਵੀ ਪੂਰੀ ਰੌਣਕ ਲਗਾਈ ਪਈ ਸੀ। ਪੰਜ ਦਸ ਦਿਨਾ ਦੀ ਰਹਾਇਸ਼ ਦੀ ਬਜਾਏ ਹੁਣ ਬਰਾਤ ਸਿਰਫ ਇੱਕ ਰਾਤ ਰੱਖਣ ਦਾ ਹੀ ਰਿਵਾਜ਼ ਪੈ ਗਿਆ ਸੀ। ਸਾਰੀ ਰਾਤ ਵਿਆਹ ਦਾ ਮਨੋਰੰਜਨ ਚੱਲਦਾ ਰਿਹਾ ਤੇ ਧੂਤਕੜਾ ਪੈਂਦਾ ਰਿਹਾ।

ਦੂਸਰੇ ਦਿਨ ਸਵੇਰੇ ਹੀ ਆਨੰਦ ਕਾਰਜ ਦਾ ਸੱਦਾ ਆ ਗਿਆ। ਬਰਾਤੀ ਘਰੋਂ ਲਿਆਂਦੇ ਕੱਪੜੇ ਪਹਿਨ ਤਿਆਰ ਬਰ ਤਿਆਰ ਹੋ ਕੇ ਬੈਠੇ ਗਏ। ਰਾਗੀਆਂ ਵਲੋਂ ਕੀਰਤਨ ਆਰੰਭ ਹੋ ਚੁੱਕਾ ਸੀ। ਫੇਰ ਪੰਡਾਲ ਅੰਦਰ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਗਦੈਲੇ ਤੇ ਚਿੱਟੀ ਚਾਦਰ ਵਿਛਾਈ ਗਈ। ਰਾਗੀ ਸਿੰਘ ਨੇ ਹਰਜੀਤ ਨੂੰ ਉਸ ਤੇ ਬੈਠਣ ਲਈ ਕਿਹਾ ਤੇ ਉਸ ਤੋਂ ਕੁੱਝ ਸਮਾਂ ਬਾਅਦ ਚਾਦਰ ‘ਚ ਲਿਪਟੀ ਦੁਲਹਣ ਵੀ ਆ ਬੈਠੀ। ਫੇਰ ਰਾਗੀਆਂ ਵਲੋਂ ਲਾਵਾਂ ਦਾ ਪਾਠ ਸ਼ੁਰੂ ਕੀਤਾ ਗਿਆ। ਅੰਤ ਤੇ ਵਿਆਹ ਹੋਇਆ ਮੇਰੇ ਬਾਬਾਲਾ ਵਾਲਾ ਸ਼ਬਦ ਪੜ੍ਹਿਆ ਗਿਆ। ਫੇਰ ਤਿੰਨ ਕੁੜੀਆਂ ਨੇ ਰਲ਼ ਕੇ ਸਿੱਖਿਆ ਪੜ੍ਹੀ। ਤੇ ਲੋਕਾਂ ਪੈਸੇ ਦਿੱਤੇ। ਅਨੰਦਾਂ ਤੋਂ ਬਾਅਦ ਬਰਾਤ ਫੇਰ ਧਰਮਸ਼ਾਲਾ ਨੂੰ ਮੁੜ ਗਈ।

ਫੇਰ ਖੱਟ ਦਾ ਸੱਦਾ ਆ ਗਿਆ। ਤਕਰੀਬਨ ਸਾਰੇ ਬਰਾਤੀਆਂ ਦੀਆਂ ਮਿਲਣੀਆਂ ਕਰਵਾਈਆਂ ਗਈਆਂ। ਪਿੰਡ ਵਿੱਚ ਕੁੱਝ ਪੱਤਲਾਂ ਵੀ ਭੇਜੀਆਂ ਗਈਆਂ। ਤੇ ਖਾਸ਼ ਰਿਸ਼ਤੇਦਾਰਾਂ ਨੂੰ ਮੁੰਦੀਆਂ ਪਾਈਆਂ ਗਈਆਂ। ਕਿਸੇ ਪੜੇ ਲਿਖੇ ਸੱਜਣ ਨੇ ਦਿੱਤੇ ਦਾਜ ਦੀ ਲਿਸਟ ਪੜ੍ਹੀ। ਜੋ ਏਦਾਂ ਪੜ੍ਹਦਾ ਸੀ, “ਕੀੜੀ ਤੇ ਘਰ ਨਰਾਇਣ ਆਏ ਨੇ। ਸਭ ਨੂੰ ਜੀ ਆਇਆਂ। ਅਸੀਂ ਲੜਕੀ ਵਾਲੇ, ਦੇਣ ਦੇ ਤਾਂ ਕੁੱਝ ਯੋਗ ਨੀ” ਵਿੱਚੋਂ ਹੀ ਕੋਈ ਬੋਲਿਆ “ਨਾ ਭਾਈ ਨਾ ਜੀਹਨੇ ਧੀ ਦੇ ਦਿੱਤੀ ਉਹਨੇ ਰੱਖਿਆ ਕੀ?” ਬੰਦਾ ਫੇਰ ਸ਼ੁਰੂ ਹੋ ਗਿਆ, “ਲੜਕੀ ਲਈ ਇੱਕੀ ਸੂਟ। ਗਿਆਰਾਂ ਬਿਸਤਰੇ, ਇਕਵੰਜਾ ਭਾਂਡੇ, ਬਿਜਲੀ ਵਾਲਾ ਪੱਖਾ, ਰੇਡੀਉ, ਐਟਲਸ ਦਾ ਸਾਈਕਲ, ਛੇ ਕੁਰਸੀਆਂ ਤੇ ਮੇਜ। ਲੜਕੇ ਲਈ ਜੋੜਾ ਜਾਮਾ, ਕੜਾ, ਘੜੀ, ਤੇ ਕੰਠਾ। ਸੱਸ ਨੂੰ ਵਾਲੀਆਂ....” ਏਨੇ ਨੂ “ਬਸ ਜੀ ਬੱਸ ਐਨਾਂ ਨਾ ਕਰੋ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ। ਬਨੇਰਿਆਂ ਤੇ ਬੈਠੀਆਂ ਔਰਤਾਂ ਅਜੇ ਵੀ ਸਿੱਠਣੀਆਂ ਦੇ ਰਹੀਆਂ ਸਨ। ਖੱਟ ਖਤਮ ਹੋਣ ਤੇ ਬਰਾਤ ਫੇਰ ਭੰਗੜਾ ਪਾਂਉਂਦੀ ਡੇਰੇ ਨੂੰ ਮੁੜ ਗਈ ਅਤੇ ਪਿੰਡ ਦੇ ਲੋਕਾਂ ਨੂੰ ਦਾਜ ਦਿਖਾਵਾ ਦਿਖਾਉਣ ਲਈ ਸਮਾਨ ਮੰਜਿਆਂ ਤੇ ਸਜਾ ਦਿੱਤਾ ਗਿਆ। ਭਗਵਾਨਪੁਰੇ ਦੀ ਨੈਣ ਦਿਖਾਵਾ ਦੇਖਣ ਲਈ ਪਿੰਡ ਵਿੱਚ ਸੱਦਾ ਦੇਣ ਚਲੀ ਗਈ।

ਹੁਣ ਵਿਹੜੇ ਵਿੱਚ ਡਹੇ ਮੰਜੇ ਦਾਜ ਦੇ ਸਮਾਨ ਨਾਲ ਭਰੇ ਪਏ ਸਨ। ਔਰਤਾਂ ਇੱਕ ਇੱਕ ਚੀਜ਼ ਨੂੰ ਹੱਥ ਲਾ ਕੇ ਨੀਝ ਨਾਲ ਤੱਕਦੀਆਂ ਰਹੀਆਂ। ਉਹ ਸ਼ਗਨਾਂ ਦੇ ਸੂਟਾਂ ਨੂੰ ਹੱਥਾਂ ਨਾਲ ਮਲ਼ ਮਲ਼ ਕੇ ਵੇਖਦੀਆਂ। ਸਮਾਨ ਨੂੰ ਪਲੋਸੀਆਂ ਅਤੇ ਅਸੀਸਾਂ ਦਿੰਦੀਆਂ, “ਗੁਰੂ ਭਲਾ ਕਰੇ ਭਾਈ ਬਹੁਤ ਵਧੀਆਂ ਹੋ ਗਿਆ” ਕਈ ਕਹਿ ਰਹੀਆਂ ਸਨ “ਪਾਲੋ ਨੂੰ ਘਰ ਵੀ ਚੰਗਾ ਮਿਲਿਆ ਤੇ ਮੁੰਡਾ ਵੀ ਭਾਈ ਬਹੁਤ ਸਨੁੱਖਾ ਏ।ਕੈਂਹਦੇ ਫੌਜੀ ਆ...। ਚਲੋਂ ਭਾਈ ਬਹੁਤ ਵਧੀਆ ਹੋ ਗਿਆ। ਭਾਰ ਲਹਿ ਗਿਆ। ਸੁੱਖੀ ਸਾਂਦੀ ਕੁੜੀ ਆਪਣੇ ਘਰ ਜਾਊ”

ਫੇਰ ਉਸੇ ਸ਼ਾਮ ਬਰਾਤ ਵਿਦਾ ਹੋਈ। ਦਾਜ ਦਾ ਸਮਾਨ ਬੱਸ ਤੇ ਲੱਦਿਆ ਗਿਆ। ਲੜਕੀ ਨੂੰ ਰੋਂਦੀ ਨੂੰ ਡੋਲੀ ਵਿੱਚ ਬਠਾਇਆ ਗਿਆ। ਨੈਣ ਉਸਦੀ ਸਹਾਇਕ ਬਣਕੇ ਨਾਲ ਜਾ ਰਹੀ ਸੀ। ਦੁਲਹਣ ਅੱਜ ਵਿਅੱਕਤੀ ਵਿਸ਼ੇਸ਼ ਸੀ। ਹਰਜੀਤ ਅਗਲੀ ਸੀਟ ਤੇ ਬੈਠ ਗਿਆ ਤੇ ਦੁਲਹਣ ਨੈਣ ਨਾਲ ਪਿੱਛ ਬੈਠ ਗਈੇ। ਗੁਰਪਾਲ ਕੌਰ ਲੰਬਾ ਘੁੰਡ ਕੱਢੀਂ ਬੈਠੀ ਸੀ। ਨੈਣ ਹੀ ਹਰ ਚੀਜ਼ ਦਾ ਧਿਆਨ ਰੱਖ ਰਹੀ ਸੀ। ਸੰਤਾ ਸਿੰਘ ਨੇ ਡੋਲੀ ਤੋਂ ਪੈਸੇ ਸੁੱਟੇ। ਨਿਆਣਿਆਂ ਨੇ ਪੈਸੇ ਚੁਗੇ। ਤੇ ਫੇਰ ਢੋਲ ਢਮੱਕਿਆਂ ਦੀ ਗੂੰਜ ਵਿੱਚ ਗੱਡੀਆਂ ਧੂੜ ਵਿੱਚ ਗੁਆਚ ਗਈਆਂ। ਤੇ ਸਾਰੇ ਪਿੰਡ ਵਿੱਚ ਸੁੰਨ ਪਸਰ ਗਈ।

ਓਧਰ ਦੂਰੋਂ ਗੱਡੀਆਂ ਦੀ ਧੂੜ ਉੱਡਦੀ ਵੇਖ ਸਾਰੇ ਰਣੀਏ ਪਿੰਡ ਵਿੱਚ ਡੰਡ ਪੈ ਗੀ ਕਿ ‘ਜੰਨ ਆ ਗੀ, ਜੰਨ ਆ ਗੀ’। ਔਰਤਾਂ ਨੇ ਗੀਤਾਂ ਦੀਆਂ ਹੇਕਾਂ ਚੁੱਕੀਆਂ। ‘ਵੀਰਾ ਵਿਆਹ ਲਿਆਇਆ….’ ਨਵੀ ਵਿਆਹੀ ਦੁਲਹਣ ਨੂੰ ਵੇਖਣ ਲਈ ਔਰਤਾਂ ਦਾ ਤਾਂਤਾ ਜਿਹਾ ਜੁੜ ਗਿਆ। ਗੱਡੀ ਵਾਲੇ ਡਰਾਈਵਰ ਨੇ ਬੂਹਾ ਖੁਲਵਾਈ ਦੀ ਬੋਤਲ ਤੇ ਗਿਆਰਾਂ ਰੁਪਏ ਲਏ ਤਾਂ ਹੀ ਦਰਵਾਜ਼ਾ ਖੋਹਲਣ ਦਿੱਤਾ। ਫੇਰ ਮਹਿਤਾਬ ਕੌਰ ਨੇ ਚੌਂਕੀ ਤੇ ਖੜੇ ਨੂੰਹ ਪੁੱਤ ਦੇ ਸਿਰ ਤੋਂ ਦੋ ਚੁੰਨੀਆਂ ਲੈਕੇ ਪਾਣੀ ਵਾਰ ਕੇ ਪੀਤਾ। ਆਖਰੀ ਘੁੱਟ ਵੇਲੇ ਮੇਲ਼ ‘ਚੋਂ ਪਤਾ ਨਹੀਂ ਕੀਹਨੇ ਗੜਬੀ ਨੂੰ ਧੱਫਾ ਮਾਰ ਕੇ ਇੱਕ ਰਸਮ ਅਨੁਸਾਰ ਦੰਦ ਭੰਨਣ ਦੀ ਕੋਸਿਸ਼ ਕੀਤੀ। ਔਰਤਾਂ ਨੇ ਨਵੀਂ ਵਿਆਹੀ ਦੁਲਹਣ ਨੂੰ ਚੌਂਕੀ ਤੋਂ ਉਤਾਰਿਆ ਤੇ ਪਾਣੀ ਵਾਰਨ ਵਾਲੇ ਗੀਤ ਗਾਏ। ਕਈਆਂ ਨੇ ਕਿਹਾ ਭਾਈ ਬਹੂ ਤਾਂ ਬਹੁਤ ਸੋਹਣੀ ਹੈ। ਮਹਿਤਾਬ ਕੌਰ ਨੂੰ ਹਰ ਕੋਈ ਵਧਾਈਆਂ ਦੇ ਰਿਹਾ ਸੀ ਤੇ ਉਹ ਵੀ ਗੁਰੂ ਭਲਾ ਕਰੇ ਆਖੀ ਜਾ ਰਹੀ ਸੀ।

ਪਿੰਡ ਵਿੱਚ ਇਸ ਵਿਆਹ ਦੀ ਚਰਚਾ ਕਈ ਦਿਨ ਚੱਲਦੀ ਰਹੀ। ਲੋਕ ਕਹਿ ਰਹੇ ਸਨ ਕਿ “ਲੰਬੜਾਂ ਨੇ ਤਾਂ ਨਵੇਂ ਜ਼ਮਾਨੇ ਦਾ ਵਿਆਹ ਕੀਤਾ ਹੈ। ਕੀ ਰੇੜੂਆ ਤੇ ਕੀ ਬਾਜਾ ਉੱਤੋਂ ਮੋਟਰ ਗੱਡੀਆਂ…। ਅਰਜਣ ਪੰਡਿਤ ਕੋਲ਼ ਜਾਕੇ ਖਬਰਾਂ ਸੁਣਨ ਦੀ ਬਜਾਏ, ਸੰਤਾ ਸਿੰਘ ਹੁਣ ਘਰੇ ਰੇਡੀਉ ਤੇ ਖਬਰਾਂ ਸਣਿਆ ਕਰੂ”

ਫੇਰ ਦਾਜ ਵਿੱਚ ਆਏ ਰੇਡੀਉ ਤੇ ਗਰਦ ਮਿੱਟੀ ਦੇ ਬਚਾ ਲਈ ਕੱਪੜੇ ਦਾ ਕਵਰ ਚੜਾ ਦਿੱਤਾ ਗਿਆ। ਫੇਰ ਪਿੰਡ ਦੀਆਂ ਔਰਤਾਂ ਕਈ ਦਿਨ ਬਹੂ ਦੇਖਣ ਆਂਉਦੀਆਂ ਰਹੀਆਂ ਤੇ ਰੁਪਏ ਦਾ ਸ਼ਗਨ ਵੀ ਦਿੰਦੀਆਂ ਰਹੀਆਂ।

ਇਸ ਵਿਆਹ ਵਿੱਚ ਦਲੇਰ ਸਿੰਘ ਨੂੰ ਛੁੱਟੀ ਨਾ ਮਿਲਣਾ ਸਭ ਨੂੰ ਰੜਕਦਾ ਰਿਹਾ। ਲੰਬੜਾਂ ਦੀ ਨਵੀਂ ਬਹੂ ਹਮੇਸ਼ਾਂ ਲੰਬਾ ਘੁੰਡ ਕੱਢ ਕੇ ਰੱਖਦੀ। ਇੱਕ ਦੋ ਵਾਰ ਸਾਈਕਲ ਪਿੱਛੇ ਬਹਿ ਕੇ ਉਹ ਆਪਣੇ ਫੌਜੀ ਪਤੀ ਨਾਲ ਸ਼ਹਿਰ ਵੀ ਜਾ ਆਈ ਸੀ। ਹੁਣ ਸਭ ਤੋਂ ਵੱਧ ਹੈਰਾਨੀ ਸੰਤਾਂ ਸਿੰਘ ਨੂੰ ਰੇਡੀਉ ਸੁਣ ਸੁਣ ਕੇ ਹੁੰਦੀ ਕਿ ਕਿਵੇਂ ਜਲੰਧਰੋਂ ਬੈਠੇ ਬੰਦੇ ਦਾ ਬੋਲ ਹਵਾ ਤੇ ਚੜ ਕੇ ਉਸਦੇ ਰੇਡੀਉ ਤੇ ਪਹੁੰਚ ਜਾਂਦਾ ਹੈ। ਇਹ ਸੋਚ ਸੋਚ ਉਸਦਾ ਦਿਮਾਗ ਥੱਕ ਜਾਂਦਾ। ਫੇਰ ਉਹ ਸੋਚਦਾ “ਐਂ ਕਿਤੇ ਬੰਦਾ ਰੱਬ ਬਣ ਜਾਊ। ਉਹ ਵੀ ਤਾਂ ਬੜਾ ਬੇਅੰਤ ਹੈ” ਤੇ ਫੇਰ ਉਹ ਪਾਠ ਕਰਨ ਲੱਗ ਪੈਂਦਾ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com