ਮਨਦੀਪ ਦੇ ਮਾਮੇ ਬਲਕਾਰ ਸਿੰਘ ਦੀ ਉਮਰ ਕੋਈ ਅਠੱਤੀ ਕੁ ਸਾਲ
ਦੇ ਕਰੀਬ ਹੋਵੇਗੀ। ਉਹ ਧਾਰਮਿਕ ਗਰੰਥ ਅਤੇ ਪੁਸਤਕਾਂ ਪੜ੍ਹਨ ਦਾ ਬੜਾ ਸ਼ੁਕੀਨ ਸੀ। ਸਭ
ਤੋਂ ਵੱਡਾ ਗੁਰਜੀਤ ਸਿੰਘ ਤਾਂ ਹੈ ਹੀ ਬਹੁਤ ਧਾਰਮਿਕ ਬਿਰਤੀ ਵਾਲਾ ਵਿਅੱਕਤੀ ਸੀ ਅਤੇ
ਉਹ ਕੰਮ ਵੀ ਬਹੁਤ ਕਰਦਾ। ਸਵੇਰੇ ਉੱਠ ਕੇ ਮੱਝਾਂ ਦੀਆਂ ਧਾਰਾਂ ਕੱਢਦਾ। ਫੇਰ ਇਸ਼ਨਾਨ
ਕਰਕੇ ਪੰਜ ਬਾਣੀਆਂ ਦਾ ਪਾਠ ਕਰਦਾ। ਪਾਠ ਦੇ ਨਾਲ ਨਾਲ ਹਲ਼ ਵਾਹੁਣ ਚਲਾ ਜਾਂਦਾ ਜਾਂ
ਖੂਹ ਜੋੜ ਲੈਂਦਾ। ਉਹ ਸਿਰਫ ਪੰਜਵੀਂ ਜਮਾਤ ਤੱਕ ਪੜ੍ਹਿਆ ਹੋਇਆ ਸੀ ਜਦ ਕਿ ਬਲਕਾਰ
ਸਿੰਘ ਨੇ ਦਸ ਜਮਾਤਾਂ ਪਾਸ ਕੀਤੀਆਂ ਹੋਈਆਂ ਸਨ।
ਘਰ ਦਾ ਮਹੌਲ ਧਾਰਮਿਕ ਹੋਣ ਕਾਰਨ ਦੋਹਾਂ ਨੇ ਬਚਪਨ ਵਿੱਚ ਹੀ
ਅਮ੍ਰਿਤ ਛਕ ਲਿਆ ਸੀ। ਦੋਨੋਂ ਕਲੀਆਂ ਵਾਲੇ ਗੋਡਿਉਂ ਨੀਵੇਂ ਕੁੜਤੇ ਪਹਿਨਦੇ ਅਤੇ
ਕਛਹਿਰੇ ਪਾਉਂਦੇ। ਕੁੜਤਿਆਂ ਦੇ ਹੇਠਾਂ ਗਾਤਰੇ ਪਾਏ ਹੁੰਦੇ। ਸ਼ਹਿਰ ਜਾਣ ਲੱਗੇ ਉਹ
ਪਜ਼ਾਮਾ ਵੀ ਪਹਿਨ ਲੈਂਦੇ। ਹਮੇਸ਼ਾਂ ਸਿਰਾਂ ਤੇ ਕੇਸਕੀ ਜਾਂ ਪੱਗ ਬੰਨਦੇ।
ਬਲਕਾਰ ਸਿੰਘ ਪੜ੍ਹੀਆਂ ਪੁਸਤਕਾਂ ਦੀ ਗੱਲ ਸੱਤਵੀ ‘ਚ ਪੜ੍ਹਦੇ
ਮਨਦੀਪ ਨਾਲ ਅਕਸਰ ਕਰਦਾ। ਸਾਹਿਬਜਾਦਿਆਂ ਦੀ ਸ਼ਹੀਦੀ, ਭਾਈ ਤਾਰੂ ਸਿੰਘ ਦਾ ਖੋਪੜੀ
ਲਹਾਉਣਾ, ਮਤੀ ਦਾਸ ਦਾ ਆਰੇ ਨਾਲ ਚੀਰਿਆ ਜਾਣਾ ਤੇ ਮਨੀ ਮਨੀ ਸਿੰਘ ਦਾ ਬੰਦ ਬੰਦ
ਕੱਟਿਆ ਜਾਣਾ, ਮਨਦੀਪ ਦਿਲਚਸਪੀ ਨਾਲ ਸੁਣਦਾ। ਉਹ ਇਹ ਕਹਾਣੀਆਂ ਆਪ ਵੀ ਪੜ੍ਹਨੀਆਂ
ਚਾਹੁੰਦਾ ਸੀ। ਉਹ ਆਪਣੇ ਮਾਮੇ ਤੋਂ ਇਨ੍ਹਾਂ ਬਾਰੇ ਹੋਰ ਵਿਸਥਾਰ ਨਾਲ ਜਾਨਣਾ
ਚਾਹੁੰਦਾ ਤੇ ਸਵਾਲ ਕਰਦਾ ਰਹਿੰਦਾ।
ਕਦੇ ਕਦੇ ਤੈਸ਼ ਵਿੱਚ ਆਇਆ ਉਸਦਾ ਮਾਮਾ ਬਲਕਾਰ ਇਹ ਵੀ ਕਹਿ
ਉੱਠਦਾ, “ਬਾਪੂ ਨੇ ਮੇਰਾ ਵਿਆਹ ਕਰਕੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ” ਭਾਂਵੇਂ
ਉਸਦੇ ਤਿੰਨ ਬੱਚੇ ਵੀ ਹੋ ਗਏ ਸਨ ਪਰ ਉਸ ਨੇ ਅਜੇ ਵੀ ਜੋਗਿੰਦਰੋ ਨੂੰ ਪਤਨੀ ਦੇ ਤੌਰ
ਤੇ ਸਵੀਕਾਰ ਨਹੀਂ ਸੀ ਕੀਤਾ। ਉਹ ਤਾਂ ਉਸ ਨੂੰ ਬੁਲਾਉਂਦਾ ਹੀ ਨਾਂ। ਘਰ ਉਹ ਸਿਰਫ
ਰੋਟੀ ਖਾ ਕੇ ਬਾਹਰ ਹਵੇਲੀ ਵਿੱਚ ਚਲਾ ਜਾਂਦਾ। ਬੱਸ ਕੰਮ ਕਰਦਾ ਤੇ ਪੁਸਤਕਾਂ ਪੜ੍ਹਦਾ
ਰਹਿੰਦਾ। ਰੋਟੀ ਉਹ ਸਿਰਫ ਬੇਬੇ ਮਹਿਤਾਬ ਕੁਰ ਤੋਂ ਹੀ ਮੰਗਦਾ। ਤੇ ਜੋਗਿੰਦਰ ਕੌਰ
ਦੇਖਦੀ ਹੀ ਰਹਿ ਜਾਂਦੀ। ਉਹ ਔਹ ਗਿਆ ਤੇ ਔਹ ਗਿਆ।
ਹਵੇਲੀ ਵਿੱਚ ਇੱਕ ਪੱਕੀ ਬੈਠਕ ਸੀ ਜਿਸ ਵਿੱਚ ਉਸਦੀਆਂ
ਪੁਸਤਕਾਂ ਅਤੇ ਧਾਰਮਿਕ ਗਰੰਥ ਪਏ ਸਨ। ਉਥੇ ਇੱਕ ਹਰਮੋਨੀਅਮ ਵੀ ਪਿਆ ਸੀ, ਜਿਸ ਨੂੰ
ਉਹ ਬਚਪਨ ਤੋਂ ਹੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਨੂੰ ਆਇਆ ਕਦੇ ਵੀ ਨਹੀਂ
ਸੀ। ਕਦੀ ਕਦੀ ਲੋਰ ਵਿੱਚ ਅਇਆ ਉਹ ਇੱਕੋ ਸੁਰ ਤੇ ਉਂਗਲ ਰੱਖ ਕੇ ਸ਼ਬਦ ਪੜ੍ਹਨ ਲੱਗ
ਪੈਂਦਾ ਤੇ ਕੋਲ ਬੈਠੇ ਮਨਦੀਪ ਨੂੰ ਕੋਈ ਡੋਲੂ ਜਾਂ ਥਾਲੀ ਦੀ ਢੋਲਕੀ ਵਜਾਉਣ ਲਈ
ਆਖਦਾ।
ਉਸ ਨੇ ਆਪਣੇ ਕਮਰੇ ਵਿੱਚ ਕੁੱਝ ਸਤਰਾਂ ਗੁਰਬਾਣੀ ਵਿੱਚੋਂ
ਫਰੇਮ ਕਰਵਾਕੇ ਲਾਈਆਂ ਹੋਈਆਂ ਸਨ ਜਿਵੇਂ:
ਮਰਨਾ ਸੱਚ ਤੇ ਜੀਣਾ ਝੂਠ ਜਾਂ ਮਨ ਜੀਤੇ ਜੱਗ ਜੀਤ
ਪਰ ਉਹ ਤਾਂ ਆਪਣਾ ਮਨ ਨਹੀਂ ਸੀ ਜਿੱਤ ਸਕਿਆ। ਉਸ ਨੂੰ ਅਜੇ
ਵੀ ਕਿਸੇ ਸੋਹਣੀ ਕੁੜੀ ਦੀ ਲਾਲਸਾ ਸੀ। ਉਹ ਰੋਜ਼ ਕੋਈ ਨਵੀਂ ਮੰਗ ਰੱਖਕੇ ਕਲੇਸ਼ ਖੜਾ
ਕਰੀ ਰੱਖਦਾ। ਸੰਤਾ ਸਿੰਘ ਆਖਦਾ ਕਿ ‘ਪੁਸਤਕਾਂ ਨੇ ਉਹਦਾ ‘ਡਮਾਕ ਚੱਕ ਦਿੱਤੈ’। ਕਦੇ
ਕਦੇ ਉਹ ਦੁਖੀ ਹੋ ਕੇ ਕਹਿ ਉੱਠਦਾ “ਬਲਕਾਰਿਆ ਜਿਵੇਂ ਤੂੰ ਮੈਨੂੰ ਭੁੰਨਦਾ ਏਂ ਕਿਸੇ
ਦਿਨ ਤੂੰ ਵੀ ਏਵੇਂ ਭੁੱਜੇਗਾਂ। ਸਾਰਾ ਕੁੱਝ ਏਥੇ ਹੀ ਰਹਿ ਜਾਣੈ। ਕਾਹਦੀਆਂ ਮੇਰਾਂ
ਤੇਰਾਂ ਕਰੀ ਜਾਨੈ” ਪਰ ਉਹ ਫੇਰ ਨਾ ਹੱਟਦਾ। ਮਰਨਾ ਸੱਚ ਤੇ ਜੀਊਣਾਂ ਝੂਠ ਵਰਗੀਆਂ
ਪੰਕਤੀਆਂ ਜਿਵੇਂ ਉਸੇ ਦਾ ਮੂੰਹ ਚਿੜਾ ਰਹੀਆਂ ਲੱਗਦੀਆਂ।
ਮਨਦੀਪ ਨਾਲ ਉਹ ਕਦੇ ਕਦੇ ਬਹੁਤ ਹੱਸਦਾ। ਪੁੱਠੇ ਸਿੱਧੇ ਮੂੰਹ
ਬਣਾ ਬਣਾ ਉਸ ਨੂੰ ਡਰਾਉਂਦਾ। ਕਦੇ ਕੁੱਤੇ ਬਿੱਲੀਆਂ ਦੀਆਂ ਆਵਾਜ਼ਾਂ ਕੱਢ ਕੱਢ
ਹਸਾਉਂਦਾ। ਪਰ ਜ਼ਿਆਦਾ ਖੁਸ਼ ਉਹ ਆਪਣੇ ਦੋਸਤ ਸ਼ਿਆਮ ਸਿੰਘ ਨਾਲ ਰਹਿੰਦਾ। ਦੋਵੇਂ ਬਦਲ
ਬਦਲ ਪੁਸਤਕਾਂ ਪੜ੍ਹਦੇ। ਰਲਕੇ ਹਰਮੋਨੀਅਮ ਸਿੱਖਦੇ। ਆਖੰਡਪਾਠ ਦੀਆਂ ਰੌਲਾਂ ਲਾਉਂਦੇ।
ਇੱਕ ਹੋਰ ਉਸਦਾ ਦੋਸਤ ਸੀ ਕੂਕਾ ਸੁਰਜੀਤ ਸਿੰਘ। ਜੋ ਸੰਤਾ ਸਿੰਘ ਦੇ ਤੱਖਰ ਵਾਲੇ
ਦੋਸਤ ਗੁਲਸ਼ਨ ਸਿੰਘ ਦਾ ਮੁੰਡਾ ਸੀ। ਸੁਰਜੀਤ ਸਿੰਘ ਦਾ ਪਿਉੁ ਨਾਮਧਾਰੀ ਸੀ ਤੇ ਉਹ ਆਪ
ਨਕਸਲੀ ਲਹਿਰ ਵੱਲ ਝੁਕ ਗਿਆ। ਧਾਰਮਿਕ ਸਵਾਲ ਲੈ ਕੇ ਉਹ ਜਦ ਵੀ ਆਂਉਦਾ ਤਾਂ ਬਲਕਾਰ
ਸਿੰਘ ਨਾਲ ਆਢਾ ਲਾਅ ਕੇ ਬਹਿ ਜਾਂਦਾ। ਦੋਵੇਂ ਲੜਦੇ ਤੇ ਬਹਿਸਦੇ ਰਹਿੰਦੇ। ਮਨਦੀਪ
ਉਹਨਾਂ ਨੂੰ ਦੇਖਦਾ ਤੇ ਸੁਣਦਾ ਰਹਿੰਦਾ। ਭਾਵੇਂ ਸੁਰਜੀਤ ਸਿੰਘ ਗੁੱਸੇ ਹੋ ਕੇ ਭੱਜ
ਜਾਂਦਾ ਪਰ ਚਾਰ ਪੰਜ ਦਿਨਾਂ ਬਾਅਦ ਫੇਰ ਆ ਕੇ ਕੋਈ ਨਵੀਂ ਬਹਿਸ ਛੇੜ ਲੈਂਦਾ। ਉਹ ਨੂੰ
ਬਹਿਸਣ ਲਈ ਮਸੀਂ ਹੀ ਕੋਈ ਬੰਦਾ ਮਿਲਦਾ। ਲੋਕ ਉਸ ਨੂੰ ਕੂਕਾ ਦੀ ਥਾਂ ਕਸੂਤਾ ਸੁਰਜੀਤ
ਕਹਿ ਕੇ ਬੁਲਾਉਂਦੇ ਪਰ ਉਹ ਆਪਣੇ ਆਪ ਨੂੰ ਕਾਮਰੇਡ ਅਖਵਾ ਕੇ ਖੁਸ਼ ਹੁੰਦਾ।
ਮਨਦੀਪ ਦਾ ਕੰਮ ਉਨ੍ਹਾਂ ਲਈ ਘਰੋਂ ਚਾਹ ਬਣਵਾ ਕੇ ਲਿਆਉਣ ਦਾ
ਹੁੰਦਾ। ਕਿਉਂਕਿ ਉਸ ਨੇ ਖਾਲੀ ਭਾਂਡੇ ਮੋੜਕੇ ਲਿਜਾਣੇ ਹੁੰਦੇ ਅਤੇ ਉਸ ਨੂੰ ਬਹਿਸ
ਸੁਣਨ ਦਾ ਮੌਕਾ ਵੀ ਮਿਲ ਜਾਂਦਾ। ਉਹ ਬਹਿਸਦੇ ਪਸੀਨੋ ਪਸੀਨੀ ਹੋ ਜਾਂਦੇ ਪਰ ਦੋਨੋ ਹੀ
ਨਾਂ ਮੁਚਦੇ। ਮਹਿਤਾਬ ਕੌਰ ਵਲੋਂ ਬਣਾ ਕੇ ਭੇਜੀ ਕੈੜੀ ਇਲਾਚੀਆਂ ਵਾਲੀ ਚਾਅ ਜੋ ਕਲੀ
ਕੀਤੇ ਗਲਾਸਾਂ ਵਿੱਚ ਪਈ ਠੰਢੀ ਹੁੰਦੀ ਰਹਿੰਦੀ, ਉਸ ਵਲ ਵੀ ਉਨ੍ਹਾਂ ਦਾ ਧਿਆਨ ਨਾਂ
ਜਾਂਦਾ। ਉਨ੍ਹਾਂ ਦੀ ਦੋਸਤੀ ਫੇਰ ਵੀ ਸਦਾ ਕਾਇਮ ਸੀ, ਭਾਂਵੇ ਉਹ ਦਰਿਆ ਦੇ ਦੋ ਉਲਟ
ਕੰਢਿਆਂ ਵਾਂਗ ਸਨ, ਜਿਨਾਂ ਵਿਚਕਾਰ ਵਿਰੋਧੀ ਵਿਚਾਰਾਂ ਦਾ ਪਾਣੀ ਵਗਦਾ ਰਹਿੰਦਾ।
ਇੱਕ ਦਿਨ ਉਹ ਬਹਿਸ ਰਹੇ ਸਨ ਕਿ ਆਪਾਂ ਕਿੱਥੋਂ ਤੇ ਕਿਵੇਂ ਆਏ
ਹਾਂ। ਬਲਕਾਰ ਇਸ ਨੂੰ ਰੱਬ ਦੀ ਦੇਣ ਦੱਸਦਾ ਤੇ ਸੁਰਜੀਤ ਪੜ੍ਹਾ ਦਰ ਪੜ੍ਹਾ ਹੋਏ
ਮਨੁੱਖੀ ਵਿਕਾਸ ਦੀ। ਉਹ ਕਿਸੇ ਡਾਰਵਿਨ ਦੀ ਥਿਊਰੀ ਦੀ ਗੱਲ ਵੀ ਕਰਦਾ। ਫੇਰ ਉਹ
ਪੰਜਾਬ ਆ ਕੇ ਵਸੇ ਆਰੀਅਨ ਕਬੀਲਿਆਂ ਦੀ ਗੱਲ ਕਰਨ ਲੱਗ ਪਿਆ। ਫੇਰ ਰਣੀਏ ਪਿੰਡ ਦੇ
ਵਸਣ ਦਾ ਕਿੱਸਾ ਸਣਾਉਣ ਲੱਗ ਪੈਂਦਾ। ਸੁਰਜੀਤ ਇਸਦਾ ਪਿਛੋਕੜ ਖੋਜਦਾ ਮਹਾਂਭਾਰਤ
ਰਮਾਇਣ ਵਿੱਚੋਂ ਹੁੰਦਾ ਹੋਇਆ ਜੰਗਲ ਯੁੱਗ ਵਿੱਚ ਜਾ ਪਹੁੰਚਦਾ ਜਿੱਥੇ ਜੰਗਲੀ ਜਾਨਵਰ
ਮਨੁੱਖ ਦੇ ਦੋਸਤ ਸਨ। ਸ਼ਿਵਜੀ ਦੇ ਗੱਲ ਪਾਇਆ ਸੱਪ, ਤੇ ਫੇਰ ਸੱਪਾਂ ਦੇ ਨਾਵਾਂ ਤੇ
ਬਣੇ ਕਬੀਲੇ ਜਿਨਾਂ ਵਿੱਚ ਨਾਗ ਕਬੀਲਾ ਵੀ ਪ੍ਰਸਿੱਧ ਸੀ, ਬਾਰੇ ਉਹ ਦੱਸਦਾ।
ਉਸ ਅਨੁਸਾਰ ਇਹ ਸਾਰੇ ਆਰੀਅਨ ਕਬੀਲੇ ਸਨ, ਜੋ ਦਰਿਆ ਸਿੰਧ ਦੇ
ਕਿਨਾਰੇ ਵਸ ਗਏ। ਫੇਰ ਉਹ ਇਲਾਕਾ ਹੀ ਇੰਡਸ ਵੈਲੀ ਬਣ ਗਿਆ। ਤੇ ਏਥੋਂ ਦੇ ਵਸਿੰਦੇ
ਸਿੰਧੂ ਤੇ ਬਾਅਦ ਵਿੱਚ ਹਿੰਦੂ ਅਖਵਾਏ। ਕਦੇ ਇਸੇ ਸਰਜ਼ਮੀਨ ਦਾ ਨਾਮ ਸਪਤ ਸਿੰਧੂ ਹੋਇਆ
ਕਰਦਾ ਸੀ। ਇੰਡੂ ਜਾਂ ਇੰਡਸ ਤੋਂ ਹੀ ਇੰਡੀਆ ਬਣਿਆ ਤੇ ਹਿੰਦੂ ਵਸੋਂ ਤੋਂ
ਹਿੰਦੋਸਤਾਨ।
ਏਥੇ ਪਹਿਲਾਂ ਸੱਤ ਦਰਿਆ ਵਗਿਆ ਸਨ। ਸੁਰਜੀਤ ਨੇ ਇਹ ਵੀ
ਦੱਸਿਆ ਕਿ ਪਹਿਲਾਂ ਆਪਾਂ ਸਾਰੇ ਹੀ ਹਿੰਦੂ ਸਾਂ। ਮੁਸਲਮਾਨ ਤੇ ਸਿੱਖ ਤਾਂ ਬਹੁਤ
ਬਾਅਦ ਦੀਆਂ ਗੱਲਾਂ ਨੇ। ਪਰ ਬਲਕਾਰ ਇਸ ਥਿਊਰੀ ਨੂੰ ਕਦੇ ਵੀ ਨਾਂ ਮੰਨਦਾ। ਉਹ ਆਪਣੇ
ਆਪ ਨੂੰ ਸਿਰਫ ਤੇ ਸਿਰਫ ਸਿੱਖ ਮੰਨਦਾ। ਉਹ ਆਖਦਾ ਸਿੱਖਾਂ ਨੂੰ ਹਿੰਦੂਆਂ ਨਾਲ ਰਲਗੱਡ
ਨਾ ਕਰ, ਸਿੱਖ ਇੱਕ ਵੱਖਰੀ ਕੌਮ ਏ ਤੇ ਵੱਖਰਾ ਧਰਮ ਹੈ। ਫੇਰ ਉਹ ਕਿਸੇ ਪੁਸਤਕ
ਵਿੱਚੋਂ ਭਾਈ ਰਣਧੀਰ ਸਿੰਘ ਦਾ ਇਸ ਬਾਰੇ ਲਿਖਿਆ ਕੋਈ ਲੇਖ ਦਖਾਉਣ ਲੱਗ ਪੈਂਦਾ ਜਾਂ
ਭਾਈ ਕਾਹਨ ਸਿੰਘ ਨਾਭਾ ਦੁਆਰਾ ਲਿਖੀ ਪੁਸਤਕ ‘ਹਮ ਹਿੰਦੂ ਨਹੀਂ’ ਅੱਗੇ ਕਰ ਦਿੰਦਾ,
ਪਰ ਸੁਰਜੀਤ ਤਾਂ ਪੈਰਾਂ ਤੇ ਪਾਣੀ ਨਾ ਪੈਣ ਦਿੰਦਾ।
ਬਲਕਾਰ ਸਿੰਘ ਇਨ੍ਹਾਂ ਨੂੰ ਮਨਘੜੰਤ ਗੱਲਾਂ ਦੱਸਦਾ। ਉਸ ਦੇ ਲਈ ਤਾਂ ਸਿੱਖ ਧਰਮ ਹੀ
ਸਭ ਕੁੱਝ ਸੀ ਤੇ ਸਭ ਤੋਂ ਉੱਪਰ ਸੀ। ਹਿੰਦੂ ਧਰਮ ਦੀ ਤਾਂ ਉਹ ਗੱਲ ਹੀ ਸੁਣਨਾ ਨਹੀਂ
ਚਾਹੁੰਦਾ ਸੀ। ਤੇ ਮੁਸਲਮਾਨ ਉਸ ਨੂੰ ਨਿਰਦਈ ਅਤੇ ਜ਼ਾਲਮ ਜਾਪਦੇ ਸਨ। ਪਰ ਸੰਤਾ ਸਿੰਘ
ਉਸ ਦੇ ਉਲਟ ਸੀ। ਉਹ ਸ਼ਿਵਜੀ, ਬਰਮਾਂ, ਵਿਸ਼ਨੂ, ਮਹੇਸ਼, ਰਾਮ ਚੰਦਰ, ਕ੍ਰਿਸ਼ਨ ਸਭ ਨੂੰ
ਧਿਆਂਉਦਾ। ਅਰਦਾਸ ਵਿੱਚ ਸਾਰਿਆਂ ਦੇ ਨਾਂ ਲੈਂਦਾ। ਮਹਿਤਾਬ ਕੌਰ ਵੀ ਰਾਮ ਰਾਮ ਕਹਿ
ਕੇ ਹੀ ਰੱਬ ਦਾ ਨਾਂ ਲੈਂਦੀ ਅਤੇ ਬਲਕਾਰ ਉਸ ਨੂੰ ਕਹਿੰਦਾ “ਮਾਈ ਰਾਮ ਰਾਮ ਕਰਨ ਨਾਲ
ਤੂੰ ਹਿੰਦੂ ਲੱਗਦੀ ਆਂ ਸਤਨਾਮ ਵਾਹਿਗੁਰੂ ਕਿਹਾ ਕਰ”। ਪਰ ਮਹਿਤਾਬ ਕਰ ਹੱਸ ਕੇ ਆਖਦੀ
“ਕੋਈ ਨੀ ਭਾਈ ਕੁੱਛ ਕਹਿ ਲੈ ਰੱਬ ਤਾਂ ਇੱਕੋ ਆ” ਇੱਹੋ ਗੱਲ ਸੁਰਜੀਤ ਆਖਦਾ ਸੀ ਕਿ
ਸਾਰੇ ਇਨਸਾਨ ਇੱਕੋ ਜਿਹੇ ਨੇ। ਪੰਜ ਛੇ ਹਜ਼ਾਰ ਸਾਲ ਪਹਿਲਾਂ ਇਨ੍ਹਾਂ ਵਿੱਚੋਂ ਕੋਈ ਵੀ
ਧਰਮ ਦੁਨੀਆਂ ਤੇ ਨਹੀਂ ਸੀ ਹੁੰਦਾ। ਧਰਮ ਮਨੁੱਖ ਨੇ ਆਪ ਹੀ ਆਪਣੀ ਬਿਹਤਰੀ ਲਈ ਬਣਾਏ
ਨੇ। ਧਰਮ ਮਨੁੱਖ ਲਈ ਬਣਾਏ ਗਏ ਸੀ, ਪਰ ਅੱਜ ਦਾ ਮਨੁੱਖ ਧਰਮ ਲਈ ਬਣ ਗਿਆ। ਧਰਮ ਲਈ
ਮਰ ਵੀ ਸਕਦਾ ਹੈ ਤੇ ਕਿਸੇ ਨੂੰ ਮਾਰ ਵੀ ਸਕਦਾ ਹੈ।
ਬਲਕਾਰ ਕਹਿੰਦਾ ਹਾਂ ਏਹ ਗੱਲ ਸਹੀ ਹੈ ਏਹੋ ਤਾਂ ਕੁਰਬਾਨੀ
ਹੈ। ਪਰ ਸੁਰਜੀਤ ਕਹਿੰਦਾ ਇਹ ਕੁਰਬਾਨੀ ਨਹੀਂ ਨਾਦਾਨੀ ਹੈ। ਜੋਸ਼ ਤੋਂ ਨਹੀ ਹੋਸ਼ ਤੋਂ
ਕੰਮ ਲੈਣਾ ਚਾਹੀਦਾ ਹੈ। ਸੰਤਾ ਸਿੰਘ ਉਨ੍ਹਾਂ ਨੂੰ ਉਲਝੇ ਵੇਖ ਕਹਿੰਦਾ ਕੇ ਇਹ ਨਿੱਤ
ਹੀ ਪਾਣੀ ‘ਚ ਮਧਾਣੀ ਪਾ ਕੇ ਬੈਠ ਜਾਂਦੇ ਨੇ। ਇਨ੍ਹਾਂ ਦੀ ਬਹਿਸ ਹਨੂਮਾਨ ਦੀ ਪੂੰਛ
ਵਾਂਗ ਹਮੇਸ਼ਾਂ ਵਧਦੀ ਹੀ ਚਲੀ ਜਾਂਦੀ ਆ” ਫੇਰ ਉਹ ਕਹਿੰਦਾ “ਅਗਰ ਤੁਹਾਡੀ ਕੋਈ ਨਾ
ਮੰਨੇ ਤਾਂ ਚੁੱਪ ਕਰ ਰਹੋ’ ਕਹਿੰਦੇ ‘ਮੂਰਖ ਨਾਲ ਨਾ ਲੂਝੀਏ ਪੜ੍ਹ ਅੱਖਰ ਏਹੋ ਬੂਝੀਏ’
ਪਰ ਬਲਕਾਰ ਕਾਹਦਾ ਪੜ੍ਹਿਆ ਲਿਖਿਐ ਜੀਹਨੂੰ ਐਨੀ ਗੱਲ ਵੀ ਸਮਝ ਨਹੀ ਆਂਉਦੀ...”। ਪਰ
ਹਟਦੇ ਉਹ ਫੇਰ ਵੀ ਨਾ। ਮਨਦੀਪ ਸਿਰਫ ਸੁਣਦਾ ਤੇ ਸੋਚਦਾ ਰਹਿੰਦਾ।
|