ਸਮਰਾਲੇ ਪਹੁੰਚ ਕੇ ਸੰਤਾ ਸਿੰਘ ਡਾਕਖਾਨੇ ਗਿਆ। ਸਭ ਤੋਂ ਪਹਿਲਾਂ ਉਸ ਨੇ ਅਪਣੇ ਜਵਾਈ
ਦਲੇਰ ਸਿੰਘ ਨੂੰ, ਮੁੰਡਾ ਹੋਣ ਦੀ ਸੂਚਨਾ, ਤਾਰ ਰਾਹੀਂ ਭੇਜੀ। ਫੇਰ ਉਹ ਰੁਲਦੂ ਰਾਮ
ਦੀ ਦੁਕਾਨ ਤੇ ਬਹਿ ਕਾ ਚਾਹ ਪੀਣ ਲੱਗਿਆ। ਉੱਥੇ ਹੀ ਕਿਸੇ ਨੇ ਦੱਸਿਆ ‘ਭਾਰਤ ਦੀ ਚੀਨ
ਨਾਲ ਲੜਾਈ ਲੱਗ ਗਈ ਏ’ ਦਲੇਰ ਸਿੰਘ ਵੀ ਤਾਂ ਪਿਛਲੇ ਪੰਜ ਛੇ ਮਹੀਨਿਆਂ ਤੋਂ ਲੇਹ
ਲਦਾਖ ਵਲ ਕਿਤੇ ਉਧਰ ਹੀ ਸੀ। ਸੰਤਾ ਸਿੰਘ ਨੇ ਸੋਚਿਆ “ਇਹ ਤਾਂ ਬੜੀ ਮਾੜੀ ਗੱਲ ਹੋਈ
ਪਤਾ ਨੀ ਤਾਰ ਮਿਲੂ ਵੀ ਕਿ ਨਹੀਂ” ਕਈ ਲੋਕ ਪੰਡਤ ਨਹਿਰੂ ਦਾ ਮਜ਼ਾਕ ਉਡਾ ਰਹੇ ਸਨ ਕਿ
“ਹੋਰ ਮਾਰੇ ‘ਹਿੰਦੀ ਚੀਨੀ ਭਾਈ ਭਾਈ’ ਦੇ ਨਾਹਰੇ। ਅਗਲਿਆਂ ਪਿੱਠ ‘ਚ ਛੁਰਾ ਘੋਪ
ਦਿੱਤਾ”
ਸ਼ਹਿਰ ਵਿੱਚ ਅਫਰਾ ਤਫਰੀ ਜਿਹੀ ਮੱਚੀ ਪਈ ਸੀ। ਉਸ ਨੇ ਮਹਿਤਾਬ ਕੁਰ ਵੱਲੋਂ ਕਹੇ,
ਸਾਰੇ ਸੌਦੇ ਤੇ ਕੱਪੜੇ ਲੀੜੇ ਲੈ ਲਏ। ਛੱਜੂ ਕਰਾੜ ਨੇ ਸਾਰਾ ਕੁੱਝ ਇਕੱਠਾ ਕਰਕੇ ਦੋ
ਮੀਟਰ ਦੇ ਲੱਠੇ ਵਿੱਚ ਗਠੜੀ ਜਿਹੀ ਬੰਨ ਦਿੱਤੀ। ਸੰਤਾ ਸਿੰਘ ਲੱਧੜ ਪਿੰਡ ਤੱਕ
ਪਹੁੰਚਣ ਲਈ ਧੂਤੇ ਦੇ ਤਾਂਗੇ ਵਿੱਚ ਜਾ ਬੈਠਿਆ। ਬਾਰੂ ਦਾ ਤਾਂਗਾ ਤਾਂ ਨਿੱਕਲ ਚੁੱਕਾ
ਸੀ। ਲੋਕ ਤਾਂਗੇ ਵਿੱਚ ਵੀ ਅਜਿਹੀਆਂ ਹੀ ਗੱਲਾਂ ਕਰ ਰਹੇ ਸਨ। ਜੋ ਲੜਾਈ ਲੱਗਣ ਬਾਰੇ
ਸਨ।
ਹੋਲਾ ਮੁਹੱਲਾ ਖਤਮ ਹੋਣ ਕਾਰਨ ਜਥਿਆ ਦੇ ਜਥੇ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ
ਸਨ। ਘੋੜਿਆਂ ਤੇ ਨਗਾਰੇ ਵਜਾਉਂਦੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਜੈਕਾਰੇ ਗਜਾ
ਰਹੀਆਂ ਸਨ। ਰੇੜੀਆਂ ਅਤੇ ਗੱਡਿਆਂ ਤੇ ਵੀ ਲੋਕ ਸ਼ਬਦ ਪੜ੍ਹਦੇ ਜਾ ਰਹੇ ਸਨ। ਰਸਤੇ
ਵਿੱਚ ਉਨ੍ਹਾਂ ਨੇ ਇੱਕ ਦੋ ਲਾਰੀਆਂ, ਮੋਟਰ ਗੱਡੀਆਂ ਅਤੇ ਟਰੈਕਰ ਵੀ ਦੇਖੇ। ਇਸ ਵਾਰੀ
ਉਹ ਆਪ ਵੀ ਆਨੰਦਪੁਰ ਸਾਹਿਬ ਜਾਣਾ ਚਾਹੁੰਦਾ ਸੀ, ਪਰ ਬਚਨੋ ਕਰਕੇ ਨਹੀਂ ਸੀ ਗਿਆ ਕਿ
‘ਨਾ ਜਾਣੇ ਕੀ ਲੋੜ ਪੈ ਜਾਵੇ’
ਰਸਤੇ ਵਿੱਚ ਲੋਕਾਂ ਨੇ ਸੰਗਤਾਂ ਲਈ ਲੰਗਰ ਲਗਾਏ ਹੋਏ ਸਨ। ਜਦੋਂ ਉਹ ਢੰਡੇ ਪਿੰਡ
ਕੋਲ ਪਹੁੰਚਿਆ ਤਾਂ ਉਸ ਨੂੰ ਮਿੱਠੂ ਨਾਈ ਮਿਲ ਪਿਆ। ਜੋ ਬਚਨੋ ਦੇ ਸਹੁਰੀਂ ਭੇਲੀ ਦੇ
ਕੇ ਮੁੜਿਆ ਸੀ। ਉਸ ਨੇ ਦੱਸਿਆ ਕਿ ‘ਰਾਮਪੁਰੇ ਵਾਲੇ ਵੀ ਹੋਲੇ ਗਏ ਹੋਏ ਤੀ। ਬੱਸ ਉਨਾ
ਦੀ ਮਾਤਾ ਈ ਘਰ ਤੀ। ਜਾਂ ਛੋਟਾ ਮੁੰਡਾ ਮਿਲਿਆ। ਕੈਂਹਦੇ ਤੀ ਰਾਤ ਰਹਿ ਕੇ ਜਾਂਈ। ਪਰ
ਮੈਂ ਮੰਨਿਆ ਨੀ । ਰੋਟੀ ਨੂੰ ਵੀ ਬੜਾ ਜੋਰ ਪਾਇਆ। ਮੈਂ ਕਿਹਾ ਨਹੀਂ…। ਸੋਚਿਆ ਰਾਹ
‘ਚ ਕਿਤੇ ਲੰਗਰ ਛਕ ਲਾਂ ਗੇ। ਨਾਲੇ ਚੰਗਾ ਹੁੰਦੈ। ਊਂ ਬਥੇਰੀ ਸੇਵਾ ਕਰਤੀ। ਆਹ ਖੇਸੀ
ਤੇ ਦੋ ਰੁਪੈ ਵੀ ਦਿੱਤੇ ਨੇ। ਲੰਬੜਦਾਰ ਜੀ ਜੀਂਦੇ ਵਸਦੇ ਰਹਿਣ। ਤੁਸੀਂ ਵੀ ਲੰਗਰ ਛਕ
ਲੋ। ਚੰਗਾ ਸਾਥ ਬਣ ਗਿਆ ਏ। ਹੁਣ ਪਿੰਡ ਤੱਕ ਗੱਲਾਂ ਮਾਰਦੇ ਚੱਲਾਂਗੇ। ਨਾਲੇ ਆਹ
ਗੱਠੜੀ ਵੀ ਮੈਂਨੂੰ ਫੜਾ ਦੋ”
ਲੰਗਰ ਛਕ ਕੇ ਉਹ ਪੈਦਲ ਹੀ ਪਿੰਡ ਵਲ ਨੂੰ ਚੱਲ ਪਏ। ਨਹਿਰ ਵਾਲੀ ਕਿਸ਼ਤੀ ਚੜਨ ਤੋਂ
ਪਹਿਲਾਂ ਰਸਤੇ ਵਿੱਚ ਦੇਸੀ ਸ਼ਰਾਬ ਦਾ ਠੇਕਾ ਵੀ ਸੀ। ਸੰਤਾ ਸਿਉਂ ਨੇ ਮਿੱਠੂ ਨਾਈ ਦੇ
ਕੰਨ ਨੇੜੇ ਮੂੰਹ ਕਰਕੇ ਕਿਹਾ “ਵਧਾਈਆਂ ਵਾਲਾ ਦਿਨ ਆ। ਫੜ ਲੀ ਏ ੱਿੲਕ ਸੰਤਰੇ ਦੀ?
ਨਾਲੇ ਘਰੇ ਕੋਈ ਆ ਜਾਂਦਾ ਏ ? ਘੁੱਟ ਘੁੱਟ ਆਪਾ ਵੀ ਲਾ ਲਮਾਂਗੇ” ਮਿੱਠੂ ਸਿਰਫ
ਹੱਸਿਆ।
ਸੰਤਾ ਸਿੰਘ ਨੇ ਇੱਕ ਪੋਟਲੀ ਜਿਹੀ ਖੀਸੇ ‘ਚੋਂ ਕੱਢ ਕੇ ਦਸ ਰੁਪਏ ਫੜਾਏ ਅਤੇ
ਬੋਤਲ ਲਿਆਉਣ ਲਈ ਕਿਹਾ। ਕਿਸ਼ਤੀ ਪਾਰ ਕਰਕੇ ਉਨ੍ਹਾਂ ਜੀਤੂ ਮਲਾਹ ਤੋਂ ਗਲਾਸ ਲੈ ਕੇ,
ਨਲਕੇ ਤੇ ਹੀ ਇੱਕ ਇੱਕ ਪੈੱਗ ਵੀ ਲਾਇਆ ਕਿ ਵਾਟ ਸੌਖੀ ਨਿੱਬੜ ਜਾਊ। ਬਹੁਤ ਘੱਟ ਲੋਕ
ਜਾਣਦੇ ਸਨ ਕਿ ਧਾਰਮਿਕ ਬਿਰਤੀ ਵਾਲਾ ਸੰਤਾ ਸਿਉਂ ਕਦੀ ਕਦਾਈ ਪੈੱਗ ਵੀ ਲਾ ਲੈਂਦਾ
ਹੈ। ਦਰਅਸਲ ਲੰਬੜਦਾਰੀ ਕਰਦਿਆ ਹੀ ਉਸ ਨੂੰ ਪੀਣ ਦਾ ਇਹ ਝੱਸ ਪਿਆ ਸੀ। ਕਦੇ ਆਏ ਗਏ
ਤੋਂ ਜਾਂ ਕਿਸੇ ਦਿਨ ਤਿਉਹਾਰ ਤੇ ਉਹ ਇਹ ਸ਼ੌਂਕ ਪੂਰਾ ਕਰ ਲੈਂਦਾ। ਪਿੰਡ ਪਹੁੰਚਦਿਆਂ
ਉਨ੍ਹਾਂ ਨੂੰ ਦਿਨ ਦਾ ਛੁਪਾ ਹੋ ਗਿਆ। ਉਹ ਤੇ ਮਿੱਠੂ ਨਾਈ ਬਾਹਰਲੇ ਘਰ ਹੀ ਚਲੇ ਗਏ।
ਦੋਹਾਂ ਨੇ ਜਾਕੇ ਇੱਕ ਇੱਕ ਹਾੜਾ ਹੋਰ ਲਾਇਆ। ਤੇ ਫੇਰ ਆਪੋ ਆਪਣੇ ਘਰਾਂ ਨੂੰ ਤੁਰ
ਪਏ। ਮਿੱਠੂ ਨਾਈ ਸੌਦੇ ਪੱਤੇ ਵੀ ਘਰ ਛੱਡ ਆਇਆ।
ਸਾਰੇ ਜਾਣੇ ਰੋਟੀ ਖਾਅ ਹਟੇ ਸਨ। ਹਰਦੇਵ ਅਤੇ ਜੋਗਿੰਦਰੋ ਭਾਂਡੇ ਮਾਂਜਣ ਦੀ
ਤਿਆਰੀ ਕਰ ਰਹੀਆਂ ਸਨ।ਬਾਹਰ ਕਿਸੇ ਨੇ ਬੂਹਾ ਖੜਕਾਇਆ “ਇਸ ਵੇਲੇ ਕੌਣ ਹੋ ਸਕਦੈ”
ਮਹਿਤਾਬ ਕੁਰ ਹੈਰਾਨ ਹੋਈ। ਬੂਹੇ ਨੇੜੇ ਜਾਕੇ ਪੁੱਛਿਆ ਕਿ ‘ਭਾਈ ਕੌਣ ਆਂ?’ ਤਾਂ
ਆਵਾਜ ਆਈ “ਮਾਸੀ ਮੈਂ ਗਰਨਾਮ ਕੁਰ ਆਂ ਰਾਮਪੁਰੇ ਤੋਂ। ਕੁੰਡਾ ਖੋਹਲੋ” ਮਹਿਤਾਬ ਕੁਰ
ਨੇ ਕੁੰਡਾ ਖੋਹਲਿਆ ਤਾਂ ਗੁਰਨਾਮ ਕੁਰ ਤੇ ਉਹਦੇ ਘਰ ਵਾਲਾ ਪਿਆਰਾ ਸਿਉਂ ਖੜੇ ਸੀ।
ਸਤਿ ਸ੍ਰੀ ਅਕਾਲ ਤੋਂ ਬਾਅਦ ਉਹ ਬੋਲੇ “ਹੋਲੇ ਤੋਂ ਆਏ ਆਂ…ਗੜ੍ਹੀ ਦੇ ਪੁਲ ਤੋਂ
ਦੋਰਾਹੇ ਵਲ ਜਾਣ ਦਾ ਕੋਈ ਸਾਧਨ ਭਾਲ ਰਹੇ ਸੀ। ਪਰ ਕੁੱਝ ਵੀ ਨੀ ਮਿਲਿਆ। ਜਦ ਨੂੰ
ਰਣੀਏ ਦੀ ਸੰਗਤ ਮਿਲਗੀ। ਬੱਸ ਉਨ੍ਹਾਂ ਨਾਲ ਬੈਠ ਕੇ ਥੋਨੂੰ ਮਿਲਣ ਆ ਗਏ। ਅਸੀਂ ਕਿਹਾ
ਉੱਤੋਂ ਕਵੇਲ਼ਾ ਹੁੰਦਾ ਏ ਰਣੀਏ ਰਾਤ ਕੱਟ ਕੇ ਸਵੇਰੇ ਵਗ ਚੱਲਾਂਗੇ। ਨਾਲੇ ਬਚਨੋਂ ਦੀ
ਵੀ ਸੁੱਖ ਸਾਂਦ ਦਾ ਵੀ ਪਤਾ ਲੱਗਜੂ”।
“ਧੰਨ ਭਾਗ ਸਾਡੇ, ਭਾਈ ਤੁਸੀਂ ਚਰਨ ਪਾਏ। ਨਾਲੇ ਭਾਈ ਵਧਾਈਆਂ। ਆਪਣੀ ਬੀਬੀ ਬਚਨ
ਕੁਰ ਕੋਲ ਕਾਕਾ ਐ। ਥੋਡਾ ਮਾਸੜ ਅੱਜ ਈ ਦਲੇਰ ਸਿਉਂ ਨੂੰ ਤਾਰ ਭੇਜ ਕੇ ਅਇਐ” ਮਹਿਤਾਬ
ਕੌਰ ਨੇ ਦੱਸਿਆ। ਦੋਨਾਂ ਵਲੋਂ ਖੁਸ਼ ਹੁੰਦਿਆਂ ਮੋੜਵੀਆਂ ਵਧਾਈਆਂ ਦਿੱਤੀਆਂ ਗਈਆਂ।
ਗੁਰਨਾਮ ਕੌਰ ਤਾਂ ਹੱਥ ਪੈਰ ਧੋ ਕੇ ਗੁਰਬਚਨ ਕੌਰ ਨੂੰ ਘੁੱਟ ਕੇ ਮਿਲੀ। ਬੱਚੇ ਨੂੰ
ਗੋਦ ਵਿੱਚ ਲੈ ਕੇ ਬੋਲੀ “ਦੇਖ ਤੇਰੀ ਭੂਆ ਆਈ ਆ” ਫੇਰ ਉਹ ਕਿੰਨੀ ਹੀ ਦੇਰ ਬੱਚੇ ਨੂੰ
ਲਾਡ ਲਡਾਉਂਦੀ ਰਹੀ।
ਬੋਲ ਬਰਾਲ਼ਾ ਸੁਣ ਕੇ ਸੰਤਾ ਸਿੰਘ ਵੀ ਚੁਬਾਰੇ ਤੋਂ ਥੱਲੇ ਆ ਗਿਆ। ਹਰਦੇਵ ਅਤੇ
ਜੋਗਿੰਦਰੋ ਸੁੱਖ ਸਾਂਦ ਪੁੱਛ, ਝਲਿਆਨੀ ‘ਚ ਚਲੀਆਂ ਗਈਆਂ। ਮਹਿਤਾਬ ਕੌਰ ਨੇ ਹਾਂਡੀ
ਦਾ ਢੱਕਣ ਚੁੱਕਿਆ। ਕੌਲੀ ਕੁ ਕਾਲੇ ਛੋਲਿਆਂ ਦੀ ਸਬਜ਼ੀ ਪਈ ਸੀ। ਪਰ ਏਹਦੇ ਨਾਲ ਤਾਂ
ਰੋਟੀ ਦਾ ਸਰਨਾ ਨਹੀਂ ਸੀ। ਉਹਨੇ ਜੋਗਿੰਦਰੋ ਨੂੰ ਕਿਹਾ “ਤੂੰ ਚਾਚੀ ਪ੍ਰਸਿੰਨੀ ਤੋਂ
ਕੋਈ ਦਾਲ਼ ਭਾਜੀ ਫੜ ਲਿਆ। ਜਾਹ ਕੌਲੀ ਲੈ ਜਾ। ਮੈਂ ਜਦ ਨੂੰ ਸ਼ੱਕਰ ਘਿਉ ਰਲ਼ਾ ਕੇ
ਰੱਖਦੀ ਆਂ” ਮਹਿਤਾਬ ਕੁਰ ਅਪਣੀ ਪ੍ਰੇਸ਼ਾਨੀ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦੇਣਾ
ਚਾਹੁੰਦੀ ਸੀ।
ਉਸ ਨੇ ਸਿਮਰੋ ਦੇ ਕੰਨ ‘ਚ ਕਿਹਾ “ਕਹਿ ਆਪਣੇ ਬਾਪੂ ਨੂੰ ਪ੍ਰਾਹੁਣੇ ਨੂੰ ਬਾਹਰ
ਘੁਮਾ ਫਿਰਾ ਲਿਆਵੇ ਜਦ ਨੂੰ ਅਸੀਂ ਰੋਟੀ ਟੁੱਕ ਦਾ ਪ੍ਰਬੰਧ ਕਰਦੇ ਹਾਂ” ਉਸ ਨੇ
ਤੁਰੰਤ ਗਰਮ ਦੁੱਧ ‘ਚ ਮਿੱਠਾ ਪਾ ਕੇ ਪਿਆਰਾ ਸਿਉਂ ਨੂੰ ਪੀਣ ਲਈ ਦਿੱਤਾ ਤੇ ਫੇਰ
ਸੰਤਾ ਸਿਉਂ ਅਤੇ ਪਿਆਰਾ ਸਿੰਘ ਚੁਬਾਰੇ ਜਾ ਚੜੇ।
ਕੁੱਝ ਦੇਰ ਗੱਲਾਂ ਮਾਰਕੇ ਉਹ ਬਾਹਰਲੇ ਘਰ ਵਲ ਤੁਰ ਪਏ। ਜਿੱਥੇ ਸੰਤਾ ਸਿੰਘ ਨੇ
ਰਸ ਭਰੀ ਦੀ ਪੌਣੀ ਕੁ ਬੋਤਲ ਰੱਖੀ ਹੋਈ ਸੀ। ਉਸ ਨੇ ਨਾਂ ਨਾਂ ਕਰਦੇ ਪਿਆਰਾ ਸਿੰਘ
ਨੂੰ ਦੋ ਤਿੰਨ ਹਾੜੇ ਲੁਆ ਹੀ ਦਿੱਤੇ। ਜਦ ਨੂੰ ਉਹ ਮੁੜਕੇ ਆਏ ਤਾਂ ਜੋਗਿੰਦਰੋ
ਪ੍ਰਸਿੰਨੀ ਚਾਚੀ ਵਲੋਂ ਲਿਆਂਦੇ ਸਾਗ ਦੇ ਛੰਨੇ ਨੂੰ ਤੁੜਕਾ ਲਾ ਚੁੱਕੀ ਸੀ। ਉਹਨੇ
ਕੌਲੀ ਨਹੀਂ ਸਗੋਂ ਛੰਨਾ ਭਰਕੇ ਸਾਗ ਦਾ ਭੇਜਿਆ ਸੀ ਕਿ ਖੁੱਲਾ ਸਰ ਜਾਊ। ਮਹਿਤਾਬ ਕੌਰ
ਨੇ ਸ਼ੱਕਰ ਘਿਉ ਕੌਲੀਆਂ ਵਿੱਚ ਪਾ ਦਿੱਤਾ। ਛੋਲਿਆਂ ਦੀ ਥੋੜੀ ਥੋੜੀ ਸਬਜੀ ਵੀ ਪਾ
ਦਿੱਤੀ। ਤੇ ਰੋਟੀ ਦਾ ਵਧੀਆ ਕੰਮ ਸਰ ਗਿਆ।
ਲੰਬੜਦਾਰਾਂ ਦਾ ਪਰਿਵਾਰ ਵੈਸ਼ਨੂੰ ਸੀ। ਆਏ ਗਏ ਨੂੰ ਭਾਵੇਂ ਮੀਟ ਤਾਂ ਨਾ ਦਿੰਦੇ,
ਪਰ ਪੈੱਗ ਦਾ ਪ੍ਰਬੰਧ ਜਰੂਰ ਕਰ ਦਿੰਦੇ ਪਰ ਉਹ ਵੀ ਸਿਰਫ ਬਾਹਰਲੇ ਘਰ। ਇਸ ਪਿੰਡ
ਵਿੱਚ ਭਾਂਵੇ ਘਰ ਦੀ ਸ਼ਰਾਬ ਵੀ ਨਿੱਕਲਦੀ ਸੀ ਤੇ ਕਈਆਂ ਦੀਆਂ ਚੱਲਦੀਆਂ ਭੱਠੀਆਂ ਵੀ
ਫੜੀਆਂ ਗਈਆਂ ਸਨ। ਸੰਤਾ ਸਿੰਘ ਨੇ ਲੰਬੜਦਾਰ ਹੋਣ ਦੇ ਨਾਤੇ ਆਪ ਕਦੀ ਗੈਰਕਨੂੰਨੀ ਕੰਮ
ਨਹੀਂ ਸੀ ਕੀਤਾ। ਆਂਡਾ ਮੀਟ ਇਸ ਘਰ ਦੇ ਅੰਦਰ ਵੀ ਤੇ ਬਾਹਰ ਵੀ ਲਿਆਉਣਾ ਮਨ੍ਹਾ ਸੀ।
ਇਸ ਟੱਬਰ ਵਿੱਚ ਜੀਵ ਹੱਤਿਆ ਨੂੰ ਘੋਰ ਪਾਪ ਸਮਝਿਆ ਜਾਂਦਾ ਸੀ।
ਉਨ੍ਹਾਂ ਆਏ ਮਹਿਮਾਨਾਂ ਨੂੰ ਮੰਜਿਆਂ ਅੱਗੇ ਮੇਜ ਰੱਖ ਕੇ ਬੜੇ ਸੇਵਾ ਭਾਵ ਨਾਲ,
ਦੀਵੇ ਦੀ ਲੋਅ ਵਿੱਚ ਪ੍ਰਸ਼ਾਦਾ ਛਕਾਇਆ। ਪਿਆਰਾ ਸਿੰਘ ਹੈਰਾਨ ਸੀ ਕਿ ਏਸ ਪਿੰਡ ਵਿੱਚ
ਅਜੇ ਤੱਕ ਬਿਜਲੀ ਕਿਉਂ ਨਹੀਂ ਆਈ? ਉਸਦੇ ਆਪਣੇ ਪਿੰਡ ਅਤੇ ਹੋਰਾਂ ਪਿੰਡਾਂ ਵਿੱਚ ਤਾਂ
ਬਿਜਲੀ ਆਈ ਨੂੰ ਕਈ ਵਰੇ ਬੀਤ ਗਏ ਸਨ। ਸੰਤਾ ਸਿਉਂ ਉਸ ਦੀਆਂ ਗੱਲਾਂ ਸੁਣ ਸੁਣ ਹੈਰਾਨ
ਹੋ ਰਿਹਾ ਸੀ ਕਿ ਬਿਜਲੀ ਵਾਲੀ ‘ਬੱਤੀ’ ਬਿਨਾਂ ਤੇਲ ਤੋਂ ਹੀ ਜਗਦੀ ਰਹਿੰਦੀ ਹੈ। ਤੇ
ਉਸ ਨੂੰ ਬੁਝਾਉਣ ਲਈ ਕੋਈ ਫੂਕ ਵੀ ਨਹੀਂ ਮਾਰਨੀ ਪੈਂਦੀ।
ਕਦੇ ਕਦੇ ਸੰਤਾਂ ਸਿਉਂ ਕਹਿੰਦਾ “ਸਹੁਰੀ ਦਾ ਕਲਯੁੱਗ ਆ ਗਿਆ ਏ ਹੁਣ ਤਾਂ। ਮਖਾਂ
ਨਹੀਂ ਕਦੇ ਬਿਨਾਂ ਬੱਤੀ ਤੋਂ ਦੀਵੇ ਬਲਦੇ ਸੁਣੇ ਤੀ?” ਫੇਰ ਉਸ ਨੇ ਪੁੱਛਿਆ “ਭਲਾਂ
ਜਿਹੜੀ ਮੀਂਹ ਪੈਂਦੇ ‘ਚ ਰੱਬ ਤੇ ਲਿਸ਼ਕਦੀ ਆਂ, ਇਹ ਵੀ ਕੋਈ ਉਸੇ ਬਿਜਲੀ ਦੀ ਭੈਣ
ਹੋਊ। ਜਾਂ ਖੌਰੇ ਉਸੇ ਨੂੰ ਫੜ ਕੇ ਬੰਦ ਕਰ ਲਿਆ ਹੋਵੇ? ਪਰ ਸਾਖੀਆਂ ਤਾਂ ਦੱਸਦੀਆਂ
ਨੇ ਕੇ ਉੱਪਰਲੀ ਬਿਜਲੀ ਤਾਂ ਕੰਸ ਦੀ ਭਾਣਜੀ ਆ। ਕ੍ਰਿਸ਼ਨ ਦੀ ਭੈਣ ਤੇ ਵਾਸੂਦੇਵ ਦੀ
ਧੀ। ਜੀਹਨੂੰ ਉਹਨੇ ਧਰਤੀ ਤੇ ਪਟਕਾ ਕੇ ਮਾਰਿਆ ਤੀ। ਤਾਂ ਹੀ ਤਾਂ ਹੁਣ ਮਾਮੇ ਭਾਣਜੇ
ਨੂੰ ਬਿਜਲੀ ਲਿਸ਼ਕਦੀ ਵਿੱਚ ਕੋਲ ਨੀ ਖੜਨ ਦਿੰਦੇ। ਉਦੋਂ ਦਾ ਹੀ ਵੈਰ ਏ। ਜੇ ਮਾਮਾ
ਭਾਣਜਾ ਦੂਰ ਦੂਰ ਰਹਿਣ ਕਹਿੰਦੇ ਫੇਰ ਨੀ ਕੋਈ ਨੁਕਸਾਨ ਕਰਦੀ”
ਪਿਆਰਾ ਸਿੰਘ ਜੋ ਕਿੱਤੇ ਵਜੋਂ ਸਕੂਲ ਮਾਸਟਰ ਸੀ, ਸੰਤਾਂ ਸਿੰਘ ਦੀਆਂ ਗੱਲਾਂ ਸੁਣ
ਕੇ ਤਿੜ ਤਿੜ ਕਰਕੇ ਹੱਸਦਾ। ਜਿਵੇਂ ਕੋਈ ਚੁਟਕਲੇ ਸੁਣ ਰਿਹਾ ਹੋਵੇ। ਉਸ ਦਾ ਤਾਂ ਅੱਜ
ਬੜਾ ਹੀ ਮਨੋਰੰਜਨ ਹੋਇਆ। ਪਰ ਸੰਤਾ ਸਿਉਂ ਪਰੇਸ਼ਾਨ ਹੋ ਗਿਆ, ਪਿਆਰਾ ਸਿਉਂ ਦੀਆਂ
ਗੱਲਾਂ ਸੁਣਕੇ। ਦੂਸਰੇ ਦਿਨ ਗੁਰਜੀਤ ਤੇ ਬਲਕਾਰ ਰਿਸ਼ਤੇਦਾਰਾਂ ਨੂੰ ਗੱਡੇ ਤੇ ਬਿਠਾ
ਕੇ ਤਾਂਗਾ ਚੜਾ ਆਏ। ਉਹ ਜਾਂਦੇ ਜਾਂਦੇ ਬੱਚੇ ਨੂੰ ਪੰਜਾਂ ਦਾ ਨੋਟ ਵੀ ਸ਼ਗਨ ਦੇ ਕੇ
ਗਏ ਸਨ। ਤੇ ਮਹਿਤਾਬ ਕੌਰ ਨੇ ਉਨ੍ਹਾਂ ਦੀ ਮੰਨ ਮਨੌਤ ਵਿੱਚ ਕੋਈ ਕਸਰ ਨਹੀਂ ਸੀ
ਛੱਡੀ।
|