ਕੋਈ ਸਮਾਂ ਅਜਿਹਾ ਵੀ ਹੁੰਦਾ ਹੈ, ਜਦੋਂ ਤੁਹਾਨੂੰ ਚਿੱਠੀਆਂ
ਤੋਂ ਵੀ ਭੈਅ ਆਉਣ ਲੱਗ ਜਾਂਦਾ ਹੈ। ਚੰਦ ਸਿੰਘ ਨੂੰ ਲੋਕਾਂ ਦੀਆਂ ਚਿੱਠੀਆਂ ਪੜ੍ਹਨ
ਵਿੱਚ ਤਾਂ ਕੋਈ ਹਰਜ਼ ਨਹੀਂ ਸੀ, ਪਰ ਉਹ ਕਿਸੇ ਮਨਹੂਸ ਚਿੱਠੀ ਨੂੰ ਪੜ੍ਹਨ ਤੋਂ ਬਹੁਤ
ਡਰਦਾ ਸੀ। ਕਈ ਵਾਰੀ ਤਾਂ ਉਸ ਨੂੰ ਹਰੀ ਸਿੰਘ ਡਾਕੀਏ ਤੋਂ ਵੀ ਭੈਅ ਆਉਣ ਲੱਗ ਪੈਂਦਾ।
ਉਨ੍ਹਾਂ ਦਿਨਾਂ ਵਿੱਚ ਤਾਰ ਦਾ ਮਤਲਬ ਸੀ ਕੋਈ ਮਨਹੂਸ ਖ਼ਬਰ। ਰੱਬ ਦਾ ਸ਼ੁਕਰ ਸੀ ਕਿ
ਪਿੰਡ ਦੇ ਅੱਠ ਦਸ ਫੌਜੀ ਭਾਵੇਂ ਲੜਾਈ ਵਿੱਚ ਸ਼ਾਮਲ ਸਨ ਪਰ ਕਿਸੇ ਦੇ ਵੀ ਘਰ ਕੋਈ ਐਸੀ
ਵੈਸੀ ਤਾਰ ਨਹੀਂ ਸੀ ਆਈ। ਚੰਦ ਸਿੰਘ ਨੂੰ ਮਾਪਿਆਂ ਅੱਗੇ ਪੁੱਤਰਾਂ ਦੇ ਤੁਰ ਜਾਣ ਦੇ
ਦਰਦ ਦਾ ਪਤਾ ਸੀ।
ਆਪਣੇ ਮਨ ਨੂੰ ਹੋਰ ਪਾਸੇ ਲਾਈ ਰੱਖਣ ਲਈ, ਕਦੇ ਉਹ
ਗੁਰਦੁਵਾਰੇ ਜਾ ਕੇ ਗੂਰੂ ਗਰੰਥ ਸਾਹਿਬ ਦਾ ਪਾਠ ਕਰਨ ਲੱਗ ਪੈਂਦਾ ਅਤੇ ਕਦੇ ਕੁੱਝ
ਹੋਰ। ਵਿਹਲੇ ਸਮੇਂ ਵਿੱਚ ਉਹ ਪੁਸਤਕਾਂ ਪੜ੍ਹਦਾ ਰਹਿੰਦਾ। ਘਰ ਵਿੱਚ ‘ਪ੍ਰੀਤਲੜੀ’
ਨਾਂ ਦਾ ਰਸਾਲਾ ਨਿਰੰਤਰ ਆ ਰਿਹਾ ਸੀ। ਇਸ ਦੇ ਨਾਲ ਨਾਲ ਉਹ ਜਨਮ ਸਾਖੀਆਂ, ਜੀਵਨ
ਜਾਂਚ, ਬੈਰਾਗ਼ ਸ਼ਤਕ, ਗੁਰ ਬਿਲਾਸ ਪਾਤਸ਼ਾਹੀ ਦਸਵੀਂ, ਕਲਗੀਧਰ ਚਮਤਕਾਰ, ਗੁਰਪ੍ਰਤਾਪ
ਸੂਰਜ ਗਰੰਥ। ਇਸੇ ਤਰ੍ਹਾਂ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ, ਭਾਈ ਨੌਧ ਸਿੰਘ,
ਸਤਵੰਤ ਸਿੰਘ ਤੇ ਇਸਦੇ ਨਾਲ ਨਾਲ ਨਾਨਕ ਸਿੰਘ, ਪ੍ਰਿ: ਤੇਜਾ ਸਿੰਘ’ ਪ੍ਰੋ: ਜੋਧ
ਸਿੰਘ ਅਤੇ ਅਨੇਕਾਂ ਹੋਰ ਲੇਖਕਾਂ ਨੂੰ ਪੜ੍ਹਦਾ ਰਹਿੰਦਾ। ਹੱਲਿਆਂ ਵਿੱਚ ਮਾਰੇ ਗਏ
ਪੁੱਤਰ ਦੀ ਮੌਤ ਤੋਂ ਬਾਅਦ ਉਸ ਨੇ ਆਪਣਾ ਰਿਸ਼ਤਾ ਪੁਸਤਕਾਂ ਨਾਲ ਜੋੜ ਲਿਆ ਸੀ। ਜਿਸ
ਕਰਕੇ ਉਸ ਦੇ ਜੀਵਨ ਵਿੱਚ ਇੱਕ ਤਬਦੀਲੀ ਮਹਿਸੂਸ ਕੀਤੀ ਜਾ ਸਕਦੀ ਸੀ।
ਜਦੋਂ ਚੰਦ ਸਿੰਘ ਬਹੁਤ ਉਦਾਸ ਹੋ ਜਾਂਦਾ ਤਾਂ ਨਹਿਰ ਸਰਹਿੰਦ
ਕੰਢੇ ਜਾ ਬੈਠਦਾ। ਨਹਿਰ ਦੇ ਸੰਘਣੇ ਝਾੜ ਬੂਟੇ, ਕੋਈ ਫੈਲਿਆ ਹੋਇਆ ਜੰਗਲ਼ ਜਾਪਦੇ।
ਕੰਡਿਆਲੇ ਝਾੜ ਛਿੱਛਰ ਦੇ ਨਾਲ ਨਾਲ ਜੰਗਲਾਤ ਮਹਿਕਮੇਂ ਨੇ ਟਾਹਲੀਆਂ, ਤੂਤ,
ਕਿੱਕਰਾਂ, ਫਲਾਹੀਆਂ ਅਤੇ ਜਾਮਣਾਂ ਦੇ ਰੁੱਖ ਵੀ ਲਗਵਾ ਦਿੱਤੇ ਸਨ। ਉਸ ਦਾ ਮੁੰਡਾ
ਜਗਮੋਹਣ ਵੀ ਤਾਂ ਏਨ੍ਹਾਂ ਹਰੇ ਭਰੇ ਦਰਖਤਾਂ ‘ਚ ਬੈਠ ਕੇ ਪੜ੍ਹਿਆ ਕਰਦਾ ਸੀ।
ਨਹਿਰ ਸਰਹਿੰਦ, ਜਿਸਦਾ ਪਾਣੀ ਅੱਜ ਸਾਫ ਨਿੱਤਰਿਆ ਵਗ ਰਿਹਾ
ਸੀ। 1947 ਦੇ ਹੱਲਿਆਂ ਸਮੇਂ ਇਸਦਾ ਰੰਗ ਲਾਲ ਸੂਹਾ ਹੋ ਗਿਆ ਸੀ। ਜਦੋਂ ਫਸਾਦੀਆਂ ਨੇ
ਇੱਕੋ ਫਿਰਕੇ ਦੇ ਮੁਸਾਫਰਾਂ ਦੀਆਂ ਭਰੀਆਂ ਹੋਈਆਂ ਰੇਲਾਂ ਵੱਢ ਸੁੱਟੀਆਂ। ਸਤਲੁਜ ਦੀ
ਬੇਟੀ ਸਰਹਿੰਦ ਨੇ ਕਦੇ ਹਜ਼ਾਰਾਂ ਲਾਸ਼ਾਂ ਦਾ ਭਾਰ ਢੋਇਆ ਸੀ। ਪੰਜਾਬ ਦੀ ਉਹ ਧਰਤੀ ਜਿਸ
ਤੇ ਵੇਦ ਰਚੇ ਗਏ, ਤੇ ਜੋ ਗੁਰੂਆਂ ਪੀਰਾਂ ਸੂਫੀਆਂ ਦੀ ਧਰਤੀ ਸੀ ਉਦੋਂ ਲਹੂ ਲੁਹਾਣ
ਹੋ ਗਈ। ਏਹੋ ਖ਼ੂਨੀ ਹਨੇਰੀ, ਉਸ ਦੇ ਪੁੱਤ ਨੂੰ ਵੀ ਉਡਾ ਕੇ ਲੈ ਗਈ ਸੀ।
ਚੰਦ ਸਿੰਘ ਨੇ ਸੋਚਿਆ ਕਿ ਕਿਉਂ ਨਾ ਉਹ ਵੀ ਸਵੇਰੇ ਗੁਲਾਬ
ਸਿੰਘ ਨੂੰ ਨਾਲ ਲੈ ਕੇ ਰਣੀਏ ਜਾ ਆਵੇ। ਨਾਲੇ ਲੰਬੜਦਾਰ ਸੰਤਾ ਸਿਉਂ ਨੂੰ ਮਿਲ
ਆਉਣਗੇ। ਚੰਦ ਸਿੰਘ ਦੇ ਦਲੇਰ ਸਿੰਘ ਤੋਂ ਇਲਾਵਾ ਚਾਰ ਮੁੰਡੇ ਹੋਰ ਸਨ। ਵੱਡਾ ਸੂਰਤ
ਖੇਤੀ ਕਰਵਾਉਂਦਾ ਸੀ। ਉਹ ਚੋਬਰਾਂ ਦੀ ਢਾਣੀ ‘ਚ ਬੈਠ ਕੇ ਦਾਰੂ ਪੀਣ ਦਾ ਵੀ ਸ਼ੁਕੀਨ
ਸੀ। ਉਹ ਘਰ ਵੀ ਘੱਟ ਹੀ ਵੜਦਾ। ਉਸ ਤੋਂ ਛੋਟਾ ਦਲੇਰ ਸਿੰਘ ਸੀ। ਦਲੇਰ ਤੋਂ ਛੋਟਾ
ਸੁਖਨੈਣ ਹੋਮ ਗਾਰਡ ਵਿੱਚ ਭਰਤੀ ਹੋ ਗਿਆ ਸੀ। ਉਸ ਤੋਂ ਛੋਟਾ ਗੇਲੂ ਸੀ। ਤੇ ਗੇਲੂ
ਤੋਂ ਛੋਟਾ ਹਰਮੀਤ, ਜੋ ਕਿਸੇ ਨਾਲ ਟਰੱਕ ਦਾ ਕਲੀਨਰ ਲੱਗ ਗਿਆ ਸੀ। ਪਰ ਇਨ੍ਹਾਂ
ਵਿੱਚੋਂ ਕੋਈ ਵੀ ਜਗਮੋਹਣ ਸਿੰਘ ਦੀ ਥਾਂ ਨਾਂ ਭਰ ਸਕਿਆ।
ਚੰਦ ਸਿੰਘ ਹਰ ਵੇਲੇ ਆਪਣੇ ਕਤਲ ਹੋਏ ਪੁੱਤ ਨੂੰ ਝੂਰਦਾ
ਰਹਿੰਦਾ। ਬੇਅੰਤ ਕੌਰ ਨੇ ਕਿਸੇ ਦਾ ਮਿੰਨਤ ਤਰਲਾ ਕਰਕੇ ਵੱਡੇ ਮੁੰਡੇ ਲਈ ਸਾਕ ਲਿਆ
ਸੀ ਕਿ ਸ਼ਾਇਦ ਸੁਧਰ ਜਾਊ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ ਸੀ। ਤਾਂ ਹੀ ਤਾਂ
ਗੁਰਬਚਨ ਕੌਰ ਪੇਕੇ ਰਹਿ ਰਹੀ ਸੀ। ਬੇਅੰਤ ਕੌਰ ਨੇ ਹੀ ਕਿਹਾ ਸੀ ਕਿ “ਇਹ ਤਾਂ ਨਿੱਤ
ਦਾ ਸ਼ਰਾਬੀ ਹੈ ਐਵੇਂ ਬਹੂ ਨੂੰ ਕੁੱਝ ਬੋਲ ਦਿੱਤਾ ਤਾਂ ਮੈਂ ਦਲੇਰ ਸਿਉਂ ਨੂੰ ਕੀ
ਜਵਾਬ ਦਊਂ?” ਦਲੇਰ ਸਿੰਘ ਘਰ ਦੀ ਸਾਰੀ ਜਿੰਮੇਵਾਰੀ ਸਮਝਦਾ ਸੀ। ਉਹ ਬੇਹਦ ਸਾਊੂ ਵੀ
ਸੀ। ਥੋੜੀ ਜ਼ਮੀਨ ਹੋਣ ਕਾਰਨ ਤੇ ਵੱਡੀ ਕਬੀਲਦਾਰੀ ਕਰਕੇ ਹੀ ਤਾਂ ਉਹ ਫੌਜ ਵਿੱਚ ਭਰਤੀ
ਹੋਇਆ ਸੀ ਤਾਂ ਕਿ ਭੈਣਾਂ ਦੇ ਵਿਆਹ ਕਰ ਸਕੇ।
ਹੁਣ ਹਰ ਕੋਈ ਉਸ ਨੂੰ ਯਾਦ ਕਰਦਾ। ਜਦੋਂ ਉਸ ਦੀ ਚਿੱਠੀ
ਆਉਂਦੀ ਤਾਂ ਸਾਰੇ ਟੱਬਰ ਨੂੰ ਚਾਅ ਚੜ ਜਾਂਦਾ। ਫੇਰ ਚੰਦ ਸਿੰਘ ਦੇ ਇੱਕ ਹੱਥ ਕੋਈ
ਕਿਤਾਬ ਹੁੰਦੀ ਤੇ ਦੂਸਰੇ ਹੱਥ ਦਲੇਰ ਸਿੰਘ ਦੀ ਚਿੱਠੀ। ਉਹ ਜਿੱਥੇ ਕਿਸੇ ਦਰਖਤ ਥੱਲੇ
ਦਿਲ ਕਰਦਾ ਹੱਥਲੀ ਕਿਤਾਬ ਜਾਂ ਚਿੱਠੀ ਪੜ੍ਹਨ ਬੈਠ ਜਾਂਦਾ। ਇਸ ਵਾਰੀ ਆਈ ਚਿੱਠੀ
ਵਿੱਚ ਦਲੇਰ ਸਿੰਘ ਨੇ ਲਿਖਿਆ ਸੀ “ਬਾਪੂ ਜੀ ਤਾਇਆ ਜੀ ਨੂੰ ਨਾਲ ਲੈ ਕੇ ਰਣੀਏ ਗੇੜਾ
ਮਾਰ ਆਇੳੇੁ। ਫੇਰ ਉਸ ਨੇ ਦੂਸਰੇ ਦਿਨ ਹੀ ਜਾਣ ਦਾ ਪੱਕਾ ਮਨ ਬਣਾ ਲਿਆ। ਉਹ ਸੋਚਦਾ
ਕਿ ਫੇਰ ਤਾਂ ਵਾਢੀ ਪੈ ਜਾਣੀ ਹੈ। ਨਾਲੇ ਸੰਤਾ ਸਿਉਂ ਨੂੰ ਆਵਤ ਲਈ ਪੁੱਛ ਆਂਵਾਗੇ।
ਤੇ ਬਹਾਨੇ ਨਾਲ ਗੱਲਾਂ ਬਾਤਾਂ ਵੀ ਹੋ ਜਾਣਗੀਆਂ।
ਦਿਨ ਦੇ ਚੜ੍ਹਾ ਨਾਲ ਚੰਦ ਸਿੰਘ ਅਤੇ ਗੁਲਾਬ ਸਿੰਘ ਕਿਸ਼ਤੀ
ਰਾਹੀਂ, ਨਹਿਰ ਪਾਰ ਕਰਕੇ, ਉੱਚੇ ਟਿੱਬਿਆਂ ‘ਚੋਂ ਹੁੰਦੇ ਹੋਏ ਰਣੀਏ ਦੀ ਜੂਹ ‘ਚ ਜਾ
ਪਹੁੰਚੇ। ਪਿੰਡ ਨੇੜੇ ਜਾ ਕੇ ਉਨ੍ਹਾਂ ਸੰਮਾਂ ਵਾਲੀਆਂ ਡਾਂਗਾ ਤੇ ਟੰਗੀਆਂ ਆਪਣੀਆਂ
ਜੁੱਤੀਆਂ ਉਤਾਰ ਕੇ ਪਾਈਆਂ ਅਤੇ ਧੋਤੀਆਂ ਦੀ ਥਾਂ ਪਜਾਮੇ ਪਹਿਨੇ। ਪਿੰਡਾਂ ਵਿੱਚ
ਪਜਾਮੇ ਅਜੇ ਕੁੱਝ ਲੋਕ ਹੀ ਪਹਿਨਦੇ ਸਨ ਜ਼ਿਆਦਾਤਰ ਲੋਕ ਤਾਂ ਖੱਦਰ ਤੇ ਕੁੜਤਿਆਂ ਨਾਲ
ਲੱਠੇ ਦੀਆਂ ਧੋਤੀਆਂ ਹੀ ਪਹਿਨਦੇ ਸਨ। ਇਸ ਪਿੰਡ ਦੇ ਪਛੜੇਪਣ ਦਾ ਅੰਦਾਜ਼ਾ ਬੰਨਾ ਟੱਪਣ
ਸਾਰ ਹੀ ਲੱਗ ਜਾਂਦਾ ਸੀ। ਲੋਕ ਹੁੱਕੇ ਗੁੜਗੜਾ ਰਹੇ ਸਨ ਤੇ ਕਈ ਲੰਗੋਟ ਲਾਈ ਖੇਤਾਂ
ਵਿੱਚ ਕੰਮ ਕਰ ਰਹੇ ਸਨ। ਆਧੁਨਿਕ ਵਿਕਾਸ ਤੋਂ ਬੇਖ਼ਬਰ ਸਨ ਏਥੋਂ ਦੇ ਲੋਕ। ਹੁੱਕਾ
ਪੀਣਾ ਇਸ ਪਿੰਡ ਦੇ ਮਰਦਾਂ ਦਾ ਸਭ ਤੋਂ ਵੱਡਾ ਮਨਪ੍ਰਚਾਵਾ ਸੀ।
ਮਨਪ੍ਰਚਾਵੇ ਦੇ ਸਾਧਨ ਹੋਰ ਵੀ ਹੋਣਗੇ ਜਿਵੇਂ ਰਾਸਧਾਰੀਆਂ ਦਾ
ਰਾਸ ਪਾਉਣਾ, ਵਿਆਹ ਸ਼ਾਦੀਆਂ ਵਿੱਚ ਨੱਚਣਾ। ਪਰ ਰਾਸਧਾਰੀਏ ਢੋਲਕਾਂ ਵਾਜਿਆਂ ਨਾਲ
ਗਾਉਂਦੇ। ਉਨ੍ਹਾਂ ਨਾਲ ਆਏ ਅਲੂੰਏ ਗਭਰੂ, ਨਚਾਰ ਬਣਕੇ ਔਰਤਾਂ ਦੇ ਭੇਸ ਵਿੱਚ ਨੱਚਦੇ।
ਇਹ ਦਿਲਕਸ਼ ਅਦਾਵਾਂ ਨਾਲ ਲੋਕਾ ਦਾ ਮਨੋਰੰਜਨ ਵੀ ਕਰਦੇ। ਪਿੰਡ ਦੇ ਸਾਰੇ ਰਸਤੇ ਹੀ
ਅਜੇ ਕੱਚੇ ਸਨ। ਗੱਡਿਆਂ ਤੋਂ ਬਿਨਾਂ ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ ਸੀ। ਸਰਦੇ
ਪੁੱਜਦੇ ਘਰ ਅਤੇ ਸ਼ੁਕੀਨ ਗਭਰੂ ਘੋੜੀਆਂ ਵੀ ਰੱਖਦੇ ਸਨ।
ਨਹਿਰ ਦੇ ਨਾਲ ਨਾਲ ਫੈਲੀ ਚਰਾਂਦ ਵਿੱਚ ਪਸ਼ੂਆਂ ਦੇ ਵੱਗ ਚਰ
ਰਹੇ ਸਨ। ਮੁੰਡੇ ਪਸ਼ੂਆਂ ਨੂੰ ਹੋਕਰੇ ਮਾਰਦੇ ਹੋਏ ਪਿੰਡ ਵਲ ਜਾਂਦੇ ਦੋ ਓਪਰੇ
ਮੁਸਾਫਰਾਂ ਨੂੰ ਵੀ ਤੱਕ ਰਹੇ ਸਨ। ਤੇ ਸੋਚਦੇ ਹੋਣਗੇ ਕਿ ਇਹ ਏਨੇ ਸਾਂਝਰੇ ਇਹ
ਕਿਨ੍ਹਾਂ ਦੇ ਪ੍ਰਾਹੁਣੇ ਚੱਲੇ ਨੇ? ਕਈ ਮੁੰਡੇ ਮੱਝਾਂ ਤੇ ਹੂਟੇ ਲੈ ਰਹੇ ਸਨ। ਪਿੰਡ
ਦੇ ਬਾਹਰ ਬਿਜਲੀ ਦਾ ਕੋਈ ਵੀ ਖੰਭਾ ਉਨ੍ਹਾਂ ਨੂੰ ਨਜਰ ਨਾ ਆਇਆ। ਨਹਿਰ ਦੇ ਨਾਲ ਨਾਲ
ਇੱਕ ਕਤਾਰ ਖੰਭਿਆਂ ਦੀ ਜਰੂਰ ਸੀ, ਪਰ ਉਹ ਟੈਲੀਫੂਨ ਦੇ ਖੰਭੇ ਸਨ। ਅੰਗਰੇਜ਼ਾਂ ਸਮੇਂ
ਦੀ ਹੀ ਇਹ ਟੈਲੀਫੋਨ ਲਾਈਨ ਸੀ।
ਕਈ ਮੁੰਡੇ ਖੰਭਿਆਂ ਤੇ ਚੜ੍ਹੇ ਤਾਰਾਂ ਨੂੰ ਕੰਨ ਲਾਈਂ ਬੈਠੇ
ਵੀ ਦਿਖਾਈ ਦਿੱਤੇ ਜਿਵੇਂ ਉਹ ਕਿਸੇ ਦੀਆਂ ਗੱਲਾਂ ਸੁਣ ਰਹੇ ਹੋਣ। ਦੋਹਾਂ ਦਾ ਤ੍ਰੇਹ
ਨੇ ਬੁਰਾ ਹਾਲ ਕੀਤਾ ਪਿਆ ਸੀ। ਉਹ ਸੋਚਦੇ ਸੀ ਕਿ ਕੁੜਮਾਂ ਦੇ ਘਰ ਜਾ ਕੇ ਠੰਢੇ ਸੱਤੂ
ਜਾਂ ਸ਼ੱਕਰ ਵਾਲਾ ਸ਼ਰਬਤ ਪੀਣਗੇ। ਟਿੱਬਿਆਂ ਦੀ ਰੇਤ ਲਗਾਤਾਰ ਉਡ ਰਹੀ ਸੀ। ਦਿਨ ਦੇ
ਚੜ੍ਹਾ ਨਾਲ ਗਰਮੀ ਵੀ ਵਧ ਰਹੀ ਸੀ। ਜੁੱਤੀਆਂ ਵਿੱਚ ਰੇਤਾ ਪੈਣ ਨਾਲ ਉਨਾਂ ਤੋਂ
ਤੁਰਿਆ ਨਹੀਂ ਸੀ ਜਾ ਰਿਹਾ। ਦੋਬਾਰਾ ਫੇਰ ਉਨ੍ਹਾਂ ਜੁੱਤੀਆਂ ਖੋਹਲ ਕੇ ਪਰਨੇ ਦੇ ਲੜ
ਬੰਨ ਲਈਆਂ। ਤੇ ਆਪਣੇ ਕਦਮਾਂ ਵਿੱਚ ਹੋਰ ਤੇਜ਼ੀ ਲੈ ਆਂਦੀ।
|