WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 13

ਸਮੁੰਦਰ ਮੰਥਨ (PDF, 568KB)    


ਸਮਾਂ ਆਪਣੀ ਤੋਰੇ ਤੁਰਦਾ ਜਾ ਰਿਹਾ ਸੀ। ਬਚਨੋ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ। ਦਲੇਰ ਸਿੰਘ ਦੀ ਛੁੱਟੀ ਪਲਕ ਝਪਕ ਵਿੱਚ ਹੀ ਖਤਮ ਹੋ ਗਈ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਗੁਰਬਚਨ ਦੇ ਨਾਲ ਨਾਲ ਬੇਟਾ ਮਨਦੀਪ ਵੀ ਉਸ ਨੂੰ ਗੱਲਾਂ ਮਾਰਨ ਲਈ ਮਿਲ ਗਿਆ ਸੀ। ਉਸ ਨੇ ਸ਼ਹਿਰ ਜਾ ਕੇ ਆਪਣੇ ਨੰਨੇ ਮੁੰਨੇ ਦੀਆਂ ਫੋਟੋਆਂ ਖਿਚਵਾਈਆਂ। ਕਿੰਨੇ ਹੀ ਕੱਪੜੇ ਤੇ ਖਿਡੌਣੇ ਲੈ ਕੇ ਦਿੱਤੇ। ਪੂਰੀ ਛੁੱਟੀ ਘਰ ਵਿੱਚ ਵਿਆਹ ਵਰਗਾ ਮਹੌਲ ਬਣਿਆ ਰਿਹਾ। ਪਰ ਬਚਨੋਂ ਦੀ ਜਠਾਣੀ ਲਈ ਇਹ ਸਾੜੇ ਦਾ ਮਹੌਲ ਸੀ। ਉਸ ਦਾ ਪੁੱਤ ਜਦੋਂ ਖਿਡੌਣੇ ਵੇਖਦਾ ਤਾਂ ਚੀਕਦਾ ਤੇ ਖਰੂਦ ਪਾਉਂਦਾ।

ਦਲੇਰ ਸਿੰਘ ਆਪਣੇ ਨਵੇਂ ਕਢਵਾਏ ਐਟਲਸ ਸਾਈਕਲ ਤੇ ਇੱਕ ਟੋਕਰੀ ਵੀ ਜੜਾ ਲਿਆਇਆ। ਉਹ ਬੱਚੇ ਦਾ ਸਮਾਨ ਟੋਕਰੀ ‘ਚ ਰੱਖ ਸ਼ਹਿਰ ਨੂੰ ਤੁਰੇ ਹੀ ਰਹਿੰਦੇ। ਪਿੰਡਾਂ ਵਿੱਚ ਹੁਣ ਘੋੜੀਆਂ ਦੀ ਥਾਂ ਸਾਈਕਲਾਂ ਨੇ ਲੈਣੀ ਸ਼ੁਰੂ ਕਰ ਦਿੱਤੀ ਸੀ। ਦਲੇਰ ਸਿੰਘ ਦੇ ਸਹੁਰਿਆਂ ਕੋਲ ਪਹਿਲਾਂ ਚਾਰ ਘੋੜੀਆਂ ਸਨ, ਹੁਣ ਉਨ੍ਹਾਂ ਕੋਲ ਵੀ ਇੱਕ ਹੀ ਰਹਿ ਗਈ ਸੀ। ਉਸ ਦੇ ਆਪਣੇ ਦਾਜ ਵਿੱਚ ਵੀ ਘੋੜੀ ਆਈ ਸੀ। ਪਹਿਲੀ ਵਾਰੀ ਉਹ ਬਚਨੋਂ ਨੂੰ ਏਸੇ ਘੋੜੀ ਤੇ ਬਿਠਾਕੇ ਸਹੁਰੀਂ ਲੈ ਕੇ ਗਿਆ ਸੀ। ਘੋੜ ਸਵਾਰਾਂ ਦੀ ਉਦੋਂ ਟੌਹਰ ਵੇਖਣ ਵਾਲੀ ਹੁੰਦੀ। ਚਾਦਰੇ ਕੁੜਤੇ ਦੇ ਨਾਲ, ਗਲ਼ ਪਾਇਆ ਸੋਨੇ ਦਾ ‘ਕੰਠਾ’ ਕਿੰਨਾ ਜਚਦਾ।

ਪਰ ਉਸਦੇ ਫੌਜ ਵਿੱਚ ਜਾਣ ਤੋਂ ਬਾਅਦ ਘੋੜੀ ਦੀ ਸਾਂਭ ਸੰਭਾਲ ਕੌਣ ਕਰਦਾ? ਚੰਦ ਸਿੰਘ ਨੇ ਤਾਂ ਸਾਫ ਕਹਿ ਦਿੱਤਾ ਸੀ ਕਿ ਜੇ ਵੱਡੇ ਭਰਾ ਨੇ ਵੇਚ ਦਿੱਤੀ ਤਾਂ ਮੈਂ ਜਿੰਮੇਵਾਰ ਨੀ। ਏਹਦੇ ਨਾਲੋਂ ਤਾਂ ਖੁਦ ਹੀ ਵੇਚ ਜਾ। ਫੇਰ ਉਸ ਨੇ ਘੋੜੀ ਵੇਚ ਕੇ ਪੈਸੇ ਚੰਦ ਸਿਉਂ ਨੂੰ ਆਪਣੀ ਛੋਟੀ ਭੈਣ ਦੇ ਵਿਆਹ ਲਈ ਦੇ ਦਿੱਤੇ ਸਨ।

ਤੇ ਉਸ ਦੀ ਜਗਾ ਹੁਣ ਆ ਗਿਆ ਸੀ ਇਹ ਲੋਹੇ ਦਾ ਘੋੜਾ। ਨਾ ਕੱਖ ਖਾਂਦਾ ਨਾ ਪਾਣੀ ਪੀਂਦਾ ਤੇ ਨਾਂ ਹੀ ਕੋਈ ਸਾਂਭ ਸੰਭਾਲ। ਦਲੇਰ ਸਿੰਘ ਆਪਣੇ ਪਿਤਾ ਦੀ ਇਹ ਗੱਲਾਂ ਯਾਦ ਕਰਕੇ ਮੁਸਕਰਾ ਪੈਂਦਾ।

ਦਲੇਰ ਸਿੰਘ ਨੇ ਵੀ ਸਾਈਕਲ ਚਲਾਉਣਾ ਫੌਜ ਵਿੱਚ ਹੀ ਸਿੱਖਿਆ ਸੀ। ਪੜ੍ਹਨ ਮੌਕੇ ਤਾਂ ਉਹ ਦਸ ਕਿਲੋਮੀਟਰ ਦਾ ਪੈਂਡਾ ਪੈਦਲ ਹੀ ਤੁਰ ਕੇ ਹੀ ਜਾਂਦਾ ਰਿਹਾ। ਸਾਰੇ ਇਲਾਕੇ ਵਿੱਚ ਇੱਕੋ ਹੀ ਸਕੂਲ ਸੀ ਸਰਕਾਰੀ ਹਾਈ ਸਕੂਲ ਜਸਪਾਲੋਂ। ਲੋਕਾਂ ਕੋਲ ਆਵਾਜਾਈ ਦੇ ਸਾਧਨ, ਜਾਂ ਘੋੜੀਆਂ ਸਨ ਜਾਂ ਰਥ ਅਤੇ ਜਾਂ ਫੇਰ ਗੱਡੇ। ਗੱਡਿਆਂ ਤੇ ਹੀ ਉਹ ਫਸਲਾਂ ਦੀ ਢੋਆ ਢੁਆਈ ਕਰਦੇ। ਫਸਲ ਵੇਚਣ ਅਤੇ ਖਰੀਦੋ ਫਰੋਖਤ ਕਰਨ ਵੀ ਸ਼ਹਿਰ ਗੱਡਿਆਂ ਤੇ ਹੀ ਜਾਂਦੇ। ਖਰੀਦੋ ਫਰੋਖਤ ਵੀ ਕਾਹਦੀ, ਮੱਝਾਂ ਲਈ ਖਲ਼ ਵੜੇਵੇਂ, ਸੰਗਲ਼, ਛਿੱਕਲੀਆਂ ਜਾਂ ਆਟਾ ਤੇ ਚੀਨੀ ਦੀ ਬੋਰੀ। ਟੱਬਰ ਲਈ ਕੱਪੜਿਆਂ ਦੇ ਥਾਨ। ਸ਼ਹਿਰਾਂ ਵਿੱਚ ਤਾਂਗੇ ਤਾਂ ਸਨ ਪਰ ਉਹ ਸੜਕਾਂ ਤੇ ਹੀ ਚੱਲਦੇ। ਪਿੰਡਾਂ ਦੇ ਊਬੜ ਖਾਬੜ ਰਸਤੇ ਤਾਂ ਗੱਡਿਆਂ ਨੂੰ ਹੀ ਰਾਸ ਆਉਂਦੇ।

ਛੁੱਟੀਆਂ ਦੌਰਾਨ ਦਲੇਰ ਸਿੰਘ ਨੇ ਧੱਕੇ ਨਾਲ ਹੀ ਆਪਣੇ ਵੱਡੇ ਭਾਈ ਸੂਰਤ ਨੂੰ ਵੀ ਸਾਈਕਲ ਸਿਖਾ ਦਿੱਤਾ। ਉਹ ਲੋਕਾਂ ਨੂੰ ਆਪਣੇ ਛਿੱਲੇ ਹੋਏ ਗੋਡੇ ਦਿਖਾਉਂਦਾ ਆਖਦਾ, ‘ਯਾਰ ਵੀਹ ਵਾਰੀ ਡਿੱਗ ਕੇ ਸੱਟਾਂ ਖਾਧੀਆਂ, ਆਹ ਦੇਖ ਰਗੜਾਂ ਲੱਗੀਆਂ ਪਈਆਂ ਨੇ, ਪਰ ਫੌਜੀ ਹਟਿਆ ਈ ਨੀ। ਅਖੇ ਮੈਂ ਤਾਂ ਛੁੱਟੀ ਕੱਟ ਕੇ ਮੁੜ ਜਾਣੈ ਬਾਅਦ ‘ਚ ਸ਼ਂੈਕਲ ਤੂੰ ਚਲਾ ਲਿਆ ਕਰੀ। ਮੈਂ ਕਿਹਾ ਚੱਲ ਆਪਾਂ ਵੀ ਸ਼ੈਹਰ ਦਾ ਗੇੜਾ ਮਾਰ ਆਇਆ ਕਰਾਂਗੇ”

ਭਰਾ ਤੋਂ ਬਾਅਦ ਉਹ ਚੰਦ ਸਿੰਘ ਪਿੱਛੇ ਪੈ ਗਿਆ ਕਿ ‘ਬਾਪੂ ਜੀ ਤੁਸੀਂ ਵੀ ਸਾਈਕਲ ਸਿੱਖੋ’ ਆਪਣੀ ਪੈਨਸ਼ਨ ਸਾਈਕਲ ਤੇ ਜਾ ਕੇ ਲੈ ਕੇ ਆਇਆ ਕਰੋ। ਨਾਲੇ ਸਰੀਰ ਫਿੱਟ ਰਹਿੰਦੈ। ਉਸ ਦੀ ਜਿੱਦ ਅੱਗੇ ਚੰਦ ਸਿੰਘ ਕਿਸੇ ਦੀ ਖੁਰਲੀ ਤੇ ਪੈਰ ਧਰ ਕੇ ਸਾਈਕਲ ਤੇ ਚੜ੍ਹ ਤਾਂ ਗਿਆ ਪਰ ਮੁੜ ਕੇ ਉਸ ਨੂੰ ਉੱਤਰਨਾ ਨਾਂ ਆਵੇ। ਜਦੋਂ ਦਲੇਰ ਸਿੰਘ ਨੇ ਫੜਿਆ ਹੋਇਆ ਸਾਈਕਲ ਛੱਡ ਦਿੱਤਾ ਕਿ ਆਪ ਟ੍ਰਾਈ ਕਰੋ ਤਾਂ ਚੰਦ ਸਿੰਘ ਬਹੁਤ ਡਰ ਗਿਆ। ਉਹ ਪੈਡਲ ਵੀ ਮਾਰੀ ਜਾਵੇ ਤੇ ਸਾਈਕਲ ਵੀ ਭਜਾਈ ਜਾਵੇ। ਨਾਲੇ ਉਹ ਰੌਲਾ ਪਾਈ ਜਾਵੇ ਕਿ ਮੈਨੂੰ ਬਚਾ ਲੋ। ਉਸਦਾ ਸਾਈਕਲ ਸਿੱਧਾ ਜਾਕੇ ਟਾਹਲੀ ‘ਚ ਵੱਜ ਕੇ ਡਿੱਗ ਪਿਆ। ਉਸ ਦੀ ਪਗੜੀ ਲੱਥ ਗਈ ਤੇ ਗੋਡੇ ਰਗੜੇ ਗਏ। ਜਦੋਂ ਲੋਕਾਂ ਹਾਸਾ ਚੁੱਕ ਦਿੱਤਾ ਤਾਂ ਚੰਦ ਸਿੰਘ ਆਪਣੇ ਆਪ ਨੂੰ ਹੀ ਗਾਲ਼ਾ ਕੱਢ ਰਿਹਾ ਸੀ। ਪਰ ਦਲੇਰ ਸਿੰਘ ਉਸ ਨੂੰ ਉਠਾਉਂਦਾ ਕਹਿ ਰਿਹਾ ਸੀ, “ਬਾਪੂ ਜੀ ਆਪ ਤੋ ਫੌਜੀ ਜਵਾਨ ਹੈਂ, ਐਸਾ ਹੋਤਾ ਹੀ ਹੈ। ਲੇਕਿਨ ਜਵਾਨ ਪਿੱਛੇ ਨਹੀਂ ਹਟਤਾ” ਚੰਦ ਸਿਉਂ ਬੋਲਿਆ “ਸਾਰੇ ਪਿੰਡ ਸਾਹਮਣੇੇ ਮੇਰੀ ਪੱਗ ਲੁਹਾ ਕੇ ਰੱਖਤੀ ਹੋਰ ਮੈਂ ਕੀ ਕਰਾਂ?” ਮੰੁਡੀਹਰ ਦਾ ਹਾਸਾ ਨਾਂ ਰੁਕੇ। ਵਿੱਚੋਂ ਹੀ ਕਿਸੇ ਨੇ ਫੌਜੀ ਦੀ ਜਿੱਦ ਦੇਖ ਕੇ ਕਿਹਾ “ਐਵੇਂ ਤਾਂ ਨੀ ਫੌਜੀਆਂ ਨੂੰ ਕਮਲੇ ਕਹਿੰਦੇ”। ਕੋਈ ਹੋਰ ਬੋਲਿਆ “ਫੌਜੀ ਤਾਂ ਹੁਣ ਘਰ ਦੀਆਂ ਤੀਵੀਂਆਂ ਨੂੰ ਵੀ ਸਾਈਕਲ ਸਿਖਾ ਕੇ ਹਟੂ” ਕਈ ਟਕੋਰਾਂ ਵੀ ਮਾਰ ਦਿੰਦੇ “ਫੌਜੀਆਂ ਫੌਜਣ ਨੂੰ ਵੀ ਸਿਖਾ ਲੈ। ਖੇਤ ‘ਚ ਸ਼ੈਕਲ ਤੇ ਰੋਟੀ ਲੈ ਕੇ ਆਇਆ ਕਰੂ”

ਛੁੱਟੀ ਆਇਆ ਦਲੇਰ ਸਿੰਘ ਜਿਵੇਂ ਖੇਤੀ ਦੇ ਕੰਮ ਨੂ ਕੰਮ ਨੂੰ ਵੈਰਾਗਿਆ ਪਿਆ ਸੀ। ਉਹ ਤੜਕੇ ਹੀ ਹਲ਼ ਵਾਹੁਣ ਜਾ ਲੱਗਦਾ। ਜਾਂ ਬੰਬੀ ਚਲਾ ਕੇ ਖੇਤ ਸਿੰਜਣ ਲੱਗ ਪੈਂਦਾ। ਫਸਲ ਚੋਂ ਘਾਹ ਪੁੱਟਦਾ ਰਹਿਦਾ। ਬੰਨੇ ਖੋਤਦਾ। ਉਹ ਧੁੱਪ ‘ਚ ਵੀ ਟਿਕ ਕੇ ਨਾਂ ਬਹਿੰਦਾ। ਲੋਕ ਕਹਿੰਦੇ “ਫੌਜੀ ਨੇ ਹੁਣ ਬਲਦਾਂ ਨੂੰ ਵਕਤ ਪਾਈ ਰੱਖਣਾ ਹੈ। ਨਾਂ ਆਪ ਅਰਾਮ ਕਰਨੈ ਤੇ ਨਾਂ ਕਿਸੇ ਹੋਰ ਨੂੰ ਕਰਨ ਦੇਣਾ ਏ” ਪਰ ਉਹ ਕਿਸੇ ਦੀ ਨਾਂ ਸੁਣਦਾ।

ਮਨਦੀਪ ਦੀ ਆਮਦ ਨਾਲ ਜਿੱਥੇ ਘਰ ਵਿੱਚ ਖੁਸ਼ੀ ਦਾ ਮਹੌਲ ਸੀ, ਉੱਥੇ ਸਾੜਾ ਅਤੇ ਈਰਖਾ ਵੀ ਸੀ। ਗੁਲਾਬ ਸਿੰਘ ਨੂੰ ਫਿਕਰ ਸੀ ਕਿ ਜੇ ਉਸਦੇ ਹੋਰ ਮੁੰਡੇ ਹੋ ਗਏ, ਜ਼ਮੀਨ ਤਾਂ ਹੋਰ ਵੰਡੀ ਜਾਊ। ਫੇਰ ਤਾਂ ਪਿੱਛੇ ਕੁੱਝ ਵੀ ਨਹੀਂ ਰਹਿਣੀ। ਏਸੇ ਜ਼ਮੀਨ ਖਾਤਰ ਤਾਂ ਉਸ ਨੇ ਆਪ ਵਿਆਹ ਨਹੀਂ ਸੀ ਕਰਵਾਇਆ ਕਿ ਜ਼ਮੀਨ ਦੇ ਟੁਕੜੇ ਨਾਂ ਹੋਣ। ਉਹ ਆਖਦਾ “ਲੋਕ ਕਮਲ਼ੇ ਤਾਂ ਨੀ ਜਿਹੜੇ ਸਿਰਫ ਇੱਕ ਮੁੰਡੇ ਦਾ ਵਿਆਹ ਕਰਦੇ ਨੇ” ਅਜੇ ਵੀ ਜੱਟਾਂ ਦੇ ਪਰਿਵਾਰਾਂ ਵਿੱਚ ਇਹ ਰਿਵਾਜ਼ ਪ੍ਰਚੱਲਤ ਸੀ। ਪਰ ਨਵੀਂ ਪੀੜੀ ਆਖਦੀ ਕਿ ਇਹ ਮਹਾਂਭਾਰਤ ਦਾ ਸਮਾਂ ਨਹੀਂ ਕਿ ਪੰਜੇ ਪਾਂਡੋ ਤੇ ਇੱਕ ਦਰੋਪਤੀ ਵਾਲੀ ਗੱਲ ਹੋਵੇ। ਗੁਲਾਬ ਸਿੰਘ ਜ਼ਮਾਨੇ ਦੀ ਤੋਰ ਵੇਖ ਕੇ ਕੁੜਦਾ ਰਹਿੰਦਾ। ਚੰਦ ਸਿੰਘ ਨੂੰ ਇੱਕ ਦਿਨ ਸਾਈਕਲ ਚਲਾਉਂਦਾ ਦੇਖ ਉਸਦਾ ਸਬਰ ਜਵਾਬ ਦੇ ਗਿਆ “ਨਾਂ ਤੂੰ ਨਿਆਣਾ ਏਂ ਭਲਾਂ। ਧੌਲੀ ਦਾੜੀ ਲੈ ਕੇ ਸ਼ੈਕਲ ਤੇ ਚੜਿਆ ਪਿੰਡ ‘ਚ ਲੱਤਾਂ ਹਿਲਾਉਂਦਾ ਫਿਰਦਾ ਇਉਂ ਚੰਗਾ ਲੱਗਦਾ ਏਂ?” ਦਲੇਰ ਸਿੰਘ ਨੇ ਸਮਝਾਇਆ ਕਿ “ਤਾਇਆ ਜੀ ਹੁਣ ਜ਼ਮਾਨਾ ਬਦਲ ਗਿਆ ਹੈ” ਪਰ ਤਾਇਆ ਕਿਸੇ ਦੀ ਕਿੱਥੇ ਸੁਣਦਾ ਸੀ।

ਦਲੇਰ ਸਿੰਘ ਦੇ ਵੱਡੇ ਭਰਾ ਦੀ ਘਰ ਵਾਲੀ ਦਲੀਪ ਕੁਰ ਆਪਣੇ ਮੁੰਡੇ ਨੂੰ ਕੋਸਦੀ ਤੇ ਦਰਾਣੀ ਨੂੰ ਸੁਣਾਉਂਦੀ “ਏਥੇ ਬਹੁਤ ਮੁਰੱਬੇ ਧਰੇ ਪਏ ਨੇ…। ਤੇਰਾ ਖਰਚਾ ਕਿੱਥੋਂ ਫੁਕਾਂ…? ਤੇਰੇ ਪਿਉ ਨੂੰ ਕਿਹੜਾ ਤਨਖਾਹ ਮਿਲਦੀ ਆ। ਤੇਰੀ ਕੀ ਜ਼ਿੰਦਗੀ ਆ? ਕਿਸੇ ਨੇ ਵਿਆਹ ਵੀ ਨੀ ਕਰਨਾ” ਬੇਅੰਤ ਕੁਰ ਬਥੇਰਾ ਆਖਦੀ ਦਲੀਪ ਕੁਰੇ ਕਲੇਸ਼ ਨਾਂ ਕਰ। ਸਭ ਨੇ ਆਪਣੀ ਕਿਸਮਤ ਖਾਣੀ ਹੁੰਦੀ ਆ। ਪਰ ਉਹ ਅੰਦਰਲੇ ਕਮਰੇ ਵਿੱਚ ਸੁੰਨਵੱਟਾ ਜਿਹਾ ਬਣ ਚਾਦਰ ਲਪੇਟ ਕੇ ਪਈ ਹੂੰਗਰ ਮਾਰਦੀ ਰਹਿੰਦੀ। ਉਸ ਦੀ ਹੂੰਗਰ ਉਦੋਂ ਹੀ ਹਟਦੀ ਜਦੋਂ ਉਸਦਾ ਪਤੀ ਸੂਰਤਾ ਸ਼ਰਾਬ ਪੀ ਕੇ ਸਾਰੇ ਟੱਬਰ ਨੂੰ ਗਾਲ਼ਾ ਨਾ ਕੱਢਦਾ। ਦਲੇਰ ਸਿੰਘ ਅਜਿਹੇ ਮੌਕੇ ਚੁੱਪ ਹੀ ਰਹਿੰਦਾ। ਪਰ ਬਚਨੋਂ ਨੂੰ ਉਸ ਦੀ ਚੁੱਪ ਤੇ ਖਿੱਝ ਚੜਦੀ।

ਬਚਨੋਂ ਨੂੰ ਪੇਕਾ ਘਰ ਬਹੁਤ ਯਾਦ ਆਉਂਦਾ। ਜਿੱਥੇ ਉਸ ਦੇ ਆ ਜਾਣ ਤੋਂ ਬਾਅਦ ਹੁਣ ਉਦਾਸੀ ਛਾਈ ਹੋਊ। ਉਧਰ ਮਹਿਤਾਬ ਕੌਰ ਨੂੰ ਤਾਂ ਉਸ ਤੋਂ ਬਿਨਾਂ ਕੋਈ ਕੰਮ ਹੀ ਨਾਂ ਔੜਦਾ। ਮਨਦੀਪ ਦੀ ਯਾਦ ਉਸ ਨੂੰ ਵੀ ਖੋਹ ਪਾਉਂਦੀ। ਸੁੰਨੇ ਘਰ ਵਿੱਚ ਉਸ ਦੀਆਂ ਚਾਂਗਰਾਂ ਅਤੇ ਕਿਲਕਾਰੀਆਂ ਦੇ ਭੁਲੇਖੇ ਪੈਂਦੇ।

ਸੰਤਾਂ ਸਿੰਘ ਸਿੰਘ ਦੋਹਤੇ ਦੇ ਬਹਾਨੇ ਘੜੀ ਹੱਸ ਖੇਡ ਲੈਂਦਾ ਸੀ ਹੁਣ ਉਹ ਵੀ ਉਦਾਸ ਸੀ। ਮਨਦੀਪ ਜਿਵੇਂ ਸਾਰੇ ਟੱਬਰ ਲਈ ਇੱਕ ਖਿਡੌਣਾ ਸੀ। ਮਹਿਤਾਬ ਕੁਰ ਨੇ ਇੱਕ ਦਿਨ ਹਰਦੇਵ ਕੌਰ ਨੂੰ ਕਿਹਾ “ਐਤਕੀ ਤਾਂ ਦਲੇਰ ਸਿੰਘ ਦੀ ਛੁੱਟੀ ਬੜੀ ਲੰਬੀ ਤੀ…ਭਾਈ ਮੁੱਕਣ ਚੇ ਨੀਂ ਔਂਦੀ। ਕਿਸੇ ਹੱਥ ਦਵਾਦਾ ਭੇਜਦੇ ਆਂ ਨਿਆਣੇ ਨੂੰ ਈ ਮਿਲਾ ਕੇ ਲੈ ਜਾਣ। ਇਉਂ ਲੱਗਦੈ ਜਿਵੇਂ ਦੇਖੇ ਨੂੰ ਯੁੱਗੜੇ ਬੀਤ ਗਏ ਹੋਣ” ਫੇਰ ਉਹ ਜੋਗੀਆਂ ਦੇ ਘਰ ਵਲ ਸੁਨੇਹਾ ਦੇਣ ਤੁਰ ਪਈ। ਉਸ ਨੂੰ ਪਤਾ ਸੀ ਕਿ ਫਕੀਰਾ ਜੋਗੀ ਪਿੰਡ ਰਾਮਪੁਰੇ ਵੀ ਖੈਰ ਮੰਗਣ ਜਾਂਦਾ ਹੈ। ਹੁਣ ਤਾਂ ਰਣੀਏ ਤੋਂ ਰਾਮਪੁਰੇ ਤੱਕ ਦੀ ਸੱਤ ਕੋਹ ਵਾਟ ਹੀ ਜਿਵੇਂ ਪਰਦੇਸ ਬਣੀ ਪਈ ਸੀ। ਕੁੱਝ ਹੀ ਸਮੇਂ ਬਾਅਦ ਮਹਿਤਾਬ ਕੁਰ ਜੋਗੀਆਂ ਦੀ ਵੀਹੀ ਵਿੱਚ ਸਿਰ ਤੇ ਚੁੰਨੀ ਸੰਵਾਰਦੀ ਹੋਈ ਵਾਹੋ ਦਾਹ ਤੁਰੀ ਜਾ ਰਹੀ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com