WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 29

ਸਮੁੰਦਰ ਮੰਥਨ (PDF, 568KB)    


ਪਿੰਡ ਰਾਜੇਵਾਲ ਵਿੱਚ ਰੌਣਕ ਲੱਗੀ ਪਈ ਸੀ। ਜ਼ੈਲਦਾਰ ਘੁਮੰਡਾ ਸਿੰਘ ਦੇ ਜਵਾਨ ਪੁੱਤਰ ਮੋਦਨ ਸਿੰਘ ਨੂੰ ਮਰਿਆਂ ਤਕਰੀਬਨ ਅਠਾਰਾਂ ਵਰੇ ਬੀਤ ਗਏ ਸਨ। ਉਸ ਤੋਂ ਬਾਅਦ ਖੁਸ਼ੀ ਨੇ ਪਹਿਲੀ ਵਾਰ ਇਸ ਘਰ ਵਿੱਚ ਪੈਰ ਪਾਏ ਸਨ। ਗੁਰਜੀਤ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਕਿ ਕੀ ਕਰੇ ਤੇ ਕੀ ਨਾ ਕਰੇ। ਸਾਰਾ ਕੰਮ ਹੀ ਨਾਨਕਾ ਮੇਲ਼ ਨੇ ਆਉਣ ਸਾਰ ਸੰਭਾਲ ਲਿਆ ਸੀ। ਮੀਤੋ ਦਾ ਵੱਡੇ ਤੋਂ ਛੋਟਾ ਮੁੰਡਾ ਰਣਬੀਰ ਜੋ ਕਿਸੇ ਵੱਡੇ ਸ਼ਹਿਰ ਵਿੱਚ ਵਿੱਚ ਪੜ੍ਹਦਾ ਸੀ, ਆਪਣਾ ਸ਼ਹਿਰੀ ਰੰਗ ਵਿਖਾਉਂਦਾ ਫਿਰ ਰਿਹਾ ਸੀ। ਉਸਦੀ ਬੋਲ ਚਾਲ, ਕੱਪੜਾ ਲੀੜਾ ਤੇ ਬੈਠਣ ਉੱਠਣ ਦਾ ਤਰੀਕਾ ਸਭ ਨਾਲੋਂ ਅਲੱਗ ਹੋਣ ਕਾਰਨ ਉਹ ਕਿਸੇ ਵਿੱਚ ਵੀ ਨਹੀਂ ਸੀ ਰਲ਼ਦਾ। ੳੇੁਸਦੇ ਤੌਰ ਤਰੀਕੇ ਵੇਖ ਕੇ ਸੰਤਾ ਸਿੰਘ ਉਸ ਨੂੰ ਲਾਲਾ ਭਗਤ ਰਾਮ ਕਹਿ ਕੇ ਬੁਲਾ ਰਿਹਾ ਸੀ।

ਹਲਵਾਈ ਆਪਣੇ ਕੰਮ ਵਿੱਚ ਜੁੱਟੇ ਹੋਏ ਸਨ। ਲੱਡੂ ਵੱਟੇ ਜਾ ਰਹੇ ਸਨ ਅਤੇ ਜਲੇਬੀਆਂ ਕੱਢੀਆਂ ਜਾ ਰਹੀਆਂ ਸਨ। ਸੰਤਾ ਸਿੰਘ ਹਲਵਾਈ ਨੂੰ ਪਕੌੜੇ ਕੱਢਣ ਲਈ ਪੁੱਛ ਰਿਹਾ ਸੀ, ਪਰ ਹਲਵਾਈ ਕਹਿ ਰਿਹਾ ਸੀ ਕਿ ਸਵੇਰੇ ਕੱਢਾਂਗੇ ਬਰਾਤ ਆਉਣ ਤੋਂ ਪਹਿਲਾਂ। ਤਾਜ਼ੇ ਤਾਜ਼ੇ ਖਾਣ ਨੂੰ ਸਵਾਦ ਲੱਗਣਗੇ। ਪਰ ਸੰਤਾ ਸਿਉਂ ਕਹਿ ਰਿਹਾ ਸੀ ਕਿ ਮੈਂ ਪਤੌੜਾਂ ਦੀ ਨੀ ਪਕੌੜਿਆਂ ਦੀ ਗੱਲ ਕਰਦਾ ਹਾਂ ਜੋ ਭਾਜੀ ‘ਚ ਮੇਲ਼ ਨੂੰ ਵਿਦਾ ਕਰਨ ਵੇਲੇ ਦਈਦੇ ਨੇ। ਹਲਵਾਈ ਬੋਲਿਆ “ਬਜ਼ੁਰਗੋ ਹੁਣ ਪਤੌੜ ਪਤੂੜ ਕੋਈ ਨੀ ਕਹਿੰਦਾ ਏਨਾਂ ਨੂੰ ਵੀ ਪਕੌੜੇ ਈ ਕਹਿੰਦੇ ਨੇ” ਸੰਤਾਂ ਸਿੰਘ ਨੂੰ ਲੱਗਿਆ ਜਿਵੇਂ ਹਰ ਕੋਈ ਉਸ ਨਾਲ ਝੇਡਾਂ ਜਿਹੀਆਂ ਕਰ ਰਿਹਾ ਹੋਵੇ।

ਸ਼ਾਮ ਨੂੰ ਚਾਰ ਕੁ ਵਜੇ, ਵਿਆਹ ਵਾਲੇ ਸਮਾਨ ਦੀ ਭਰੀ ਹੋਈ ਟਰਾਲੀ ਆ ਗਈ। ਨਾਲ ਪੰਜ ਸੱਤ ਬੰਦੇ ਵੀ ਸਨ, ਜਿਨਾਂ ਸਮਾਨ ਉਤਾਰਨਾ ਸ਼ੁਰੂ ਕਰ ਦਿੱਤਾ। ਪਰ ਪਿੰਡ ਵਿੱਚ ਚਾਨਣੀਆਂ ਕਾਇਨਾਤਾ ਲਾਉਣ ਦਾ ਸੱਦਾ ਤਾਂ ਦਿੱਤਾ ਹੀ ਨਹੀਂ ਸੀ ਗਿਆ। ਸੰਤਾ ਸਿੰਘ ਨੇ ਆਪਣੀ ਕੁੜੀ ਮੀਤੋ ਨੂੰ ਬੁਲਾ ਕੇ ਸ਼ਰੀਕੇ ਨਾਲੋਂ ਟੁੱਟ ਪੈਣ ਦੀ ਚਿਤਾਵਨੀ ਦਿੱਤੀ। ਪਰ ਮੀਤੋ ਇਹ ਕਹਿ ਰਹੀ ਸੀ ਕਿ “ਟੈਂਟ ਵਾਲੇ ਕੀਤੇ ਹੋਏ ਨੇ ਬਾਪੂ ਤੂੰ ਐਵੇਂ ਨਾਂ ਫਿਕਰ ਕਰੀ ਜਾ”

ਕਈ ਚਾਨਣੀਆਂ ਕਨਾਤਾਂ ਨੂੰ ਸ਼ਮਿਆਨਾ ਕਹਿ ਰਹੇ ਸਨ, ਜੋ ਸੰਤਾ ਸਿੰਘ ਨੂੰ ਬੜਾ ਓਪਰਾ ਜਿਹਾ ਲੱਗਿਆ। ਫੁੱਲਾਂ ਬੂਟਿਆ ਵਾਲਾ ਇਹ ਤੰਬੂ ਜਦੋਂ ਲੱਗ ਗਿਆ ਤਾਂ ਬਹੁਤ ਵੱਖਰਾ ਤੇ ਨਵੀਂ ਕਿਸਮ ਦਾ ਲੱਗਦਾ ਸੀ। ਇੱਕ ਹੋਰ ਬਜ਼ੁਰਗ ਤਾਂ ਦੇਖ ਕੇ ਹੈਰਾਨ ਹੀ ਹੋ ਗਿਆ ਉਹ ਕਹੀ ਜਾਵੇ “ਆ ਰਾਤੋ ਰਾਤ ਮਹਿਲ ਕੀਹਨੇ ਉਸਾਰਤੇ? ਰਾਤ ਤਾਂ ਸਹੁਰੀ ਦਾ ਏਥੇ ਕੁਛ ਵੀ ਨਹੀਂ ਤੀ”

ਸੰਤਾ ਸਿੰਘ ਦੀ ਅਕਲ ਤੋਂ ਸਭ ਕੁੱਝ ਬਾਹਰ ਹੋਣ ਕਾਰਨ, ਉਹ ਅਜੇ ਵੀ ਬੁੜ ਬੁੜ ਕਰੀ ਜਾ ਰਿਹਾ ਸੀ। ਪਰ ਬਲਕਾਰ ਸਿਉਂ ਕਹਿ ਰਿਹਾ ਸੀ “ਬਾਪੂ ਤੈਨੂੰ ਕੀ ਜੋ ਕਰਦੇ ਨੇ ਕਰੀ ਜਾਣ। ਜੇ ਤੂੰ ਕੋਲ਼ ਖੜਕੇ ਕੰਮ ਕਰਵਾ ਸਕਦਾ ਏਂ ਤਾਂ ਕਰਵਾ ਦੇ ਨਹੀਂ ਤਾਂ ਚੁੱਪ ਰਹਿ” ਫੇਰ ਸੰਤਾ ਸਿਉਂ ਨੇ ਵੀ ਸੋਚ ਲਿਆ ਸੀ ਕਿ ਹੁਣ ਕਿਸੇ ਨੂੰ ਨਹੀਂ ਟੋਕਣਾ।

ਦੂਸਰਾ ਦਿਨ ਚੜ੍ਹਿਆ ਤਾਂ ਨਾਨਕੇ ਤੜਕੇ ਹੀ ਉੱਠ ਪਏ। ਲਾਗੀਆਂ ਨੂੰ ਹੁਕਮ ਚਾੜੇ ਜਾ ਰਹੇ ਸਨ, ਭਾਂਡੇ ਧੋਵੋ, ਸੱਦਾ ਦਵੋ ਆਹ ਕਰੋ ਤੇ ਔਹ ਕਰੋ। ਨਾਨਕਾ ਮੇਲ਼ ਦੇ ਨਾਲ ਆਏ ਲਾਗੀ ਵੀ ਹੁਣ ਤਾਂ ਏਥੇ ਰਚ ਮਿਚ ਗਏ ਸਨ। ਸੰਤਾ ਸਿੰਘ ਨੇ ਉੱਠ ਕੇ ਫੇਰ ਚਾਨਣੀਆਂ ਕਨਾਤਾਂ ਵੱਲ ਗੇੜਾ ਕੱਢਿਆ, ਜਿੱਥੇ ਬਰਾਤ ਢੁੱਕਣ ਸਾਰ ਚਾਹ ਪਿਆਈ ਜਾਣੀ ਸੀ। ਹੁਣ ਇਸ ਬੰਦ ਛੱਤੇ ਮਕਾਨ ਵਿੱਚ ਬਿਜਲੀ ਦੇ ਲਾਟੂ ਵੀ ਜਗ ਰਹੇ ਸਨ ਤੇ ਬਿਜਲੀ ਵਾਲੇ ਕਿੰਨੇ ਹੀ ਪੱਖੇ, ਫਰਨ ਫਰਨ ਚੱਲ ਰਹੇ ਸਨ। ਹੱਥ ਧੋਣ ਲਈ ਪਾਣੀ ਵਾਲੀ ਟੈਂਕੀ ਫਿੱਟ ਕੀਤੀ ਪਈ ਸੀ। ਸੰਤਾ ਸਿਉਂ ਹੈਰਾਨ ਸੀ ਕਿ ‘ਜੇ ਕਿਸੇ ਲਾਗੀ ਨੇ ਖੁਦ ਜੱਗ ਫੜਕੇ ਬਰਾਤੀਆਂ ਦੇ ਹੱਥ ਨਾ ਧੁਆਏ ਜਾਂ ਹੱਥ ਵਾਲੇ ਵੱਡੇ ਪੱਖੇ ਆਪ ਨਾ ਝੱਲੇ ਤਾਂ ਫੇਰ ਸੇਵਾ ਕਾਹਦੀ ਹੋਈ?’ ਇਹ ਤਾਂ ਨਿਰਾ ਮਸ਼ੀਨੀ ਕੰਮ ਹੋਇਆ ਪਿਆ ਏ।

ਉਨ੍ਹੇ ਇੱਕ ਬੰਦੇ ਨੂੰ ਪੁੱਛਿਆ, “ਜੰਨ ਨੂੰ ਚਾਹ ਪਾਣੀ ਵਰਤਾਉਣ ਲਈ ਸ਼ਰੀਕੇ ਨੂੰ ਕੋਈ ਸੱਦਾ ਸੁੱਦਾ ਭੇਜ ਦਿੱਤਾ ਕੇ ਨਹੀਂ?” ਤਾਂ ਉਹ ਬੰਦਾ ਬੋਲਿਆ “ਬਜੁਰਗੋ ਆਪੇ ਵਹਿਰੇ ਵਰਤਾਉਣਗੇ” “ਕੇਹੜੇ ਬਹਿੜੇ” ਸੰਤਾ ਸਿੰਘ ਨੂੰ ਗੱਲ ਸਮਝ ਨਾ ਆਈ। ਏਨੇ ਨੂੰ ਸੰਤਾ ਸਿੰਘ ਦਾ ਦੋਹਤਾ ਆ ਗਿਆ, “ਨਾਨਾ ਜੀ ਸਾਰਾ ਪ੍ਰਬੰਧ ਹੋਇਆ ਹੋਇਆ ਹੈ, ਤੁਸੀਂ ਕੋਈ ਫਿਕਰ ਨਾ ਕਰੋ” ਸੰਤਾ ਸਿੰਘ “ਚੰਗਾ ਭਾਈ” ਕਹਿ ਮੰਜੇ ਤੇ ਜਾ ਬੈਠਾ।

ਹੁਣ ਬੈਠਾ ਉਹ ਸੋਚ ਰਿਹਾ ਸੀ ਕਿ ਕਿਵੇਂ ਸਾਡੇ ਵੇਲੇ ਆਈ ਬਰਾਤ ਦੀ ਸੇਵਾ ਕੋਰਿਆਂ ਤੇ ਬਿਠਾ ਮਿੱਠੇ ਚੌਲ਼ਾਂ ਨਾਲ ਕੀਤੀ ਜਾਂਦੀ ਸੀ। ਦੁੱਧ, ਖੀਰ ਸੂਜੀ ਦਾ ਕੜਾਹ ਤੇ ਮੰਡੇ ਪਿੰਡ ਦੇ ਮੁੰਡੇ ਹੀ ਤਾਂ ਵਰਤਾਉਂਦੇ ਤੀ। ਸੰਤਾ ਸਿਉਂ ਨੂੰ ਆਪਣਾ ਵਿਆਹ ਯਾਦ ਆ ਗਿਆ। ਤੇ ਫੇਰ ਕਈ ਹੋਰ। ਕਿਵੇਂ ਰਥਾਂ ਅਤੇ ਘੋੜਿਆਂ ਨੂੰ ਸਜਾਇਆ ਜਾਂਦਾ ਤੀ। ਦਸ ਦਸ ਦਿਨ ਬਰਾਤ ਰਹਿੰਦੀ ਤੀ। ਤੇ ਮਹੀਨਾ ਮਹੀਨਾ ਵਿਆਹ ਚੱਲਦਾ ਤੀ। ਬਰਾਤੀ ਆਪਣੇ ਬਿਸਤਰੇ ਵੀ ਗੱਡਿਆਂ ਤੇ ਰੱਖ ਕੇ ਨਾਲ ਹੀ ਲੈ ਜਾਂਦੇ ਤੀ। ਦੂਜੇ ਪਿੰਡ ਦੇ ਲੋਕਾਂ ਨਾਲ ਘੋਲ ਕਰਦੇ ਕੌਡੀ ਖੇਲਦੇ। ਬੋਲੀਆਂ ਪਾਉਂਦੇ ਅਤੇ ਕਲੀਆਂ ਲਾਉਣ ਦਾ ਮੁਕਾਬਲਾ ਕਰਦੇ। ਹੁਣ ਤਾਂ ਜੰਨ ਸਵੇਰੇ ਆਂਉਦੀਆ ਤੇ ਆਥਣ ਨੂੰ ਮੁੜ ਜਾਂਦੀ ਆ। ਝੱਟ ਰੋਟੀਆਂ ਤੇ ਪਟੱਕ ਦਾਲ਼। ਵਿਆਹ ਜਿਵੇਂ ਕੋਈ ਖੇਡ ਜਿਹੀ ਬਣ ਗਿਆ ਹੋਵੇ”

“ਹੁਣ ਇਹ ਵਰਤਾਉਣ ਵਾਲੇ ਬਹਿੜੇ ਪਤਾ ਨੀ ਕਿੱਥੋਂ ਆ ਗਏ। ਅਸੀਂ ਵੱਛਿਆਂ ਨੂੰ ਵਹਿੜੇ ਕਹਿੰਦੇ ਆਂ ਤੇ ਇਹ ਭੱਜ ਭੱਜ ਕੇ ਵਰਤਾਉਣ ਵਾਲਿਆ ਨੂੰ। ਨਾਲੇ ਪਤਾ ਨਹੀ ਇਹ ਕਿਸ ਜਾਤ ਦੇ ਹੋਣਗੇ। ਸਿਗਟਾਂ ਬੀੜੀਆਂ ਪੀਣ ਵਾਲੇ ਹੋਣਗੇ। ਮੈਂ ਤਾਂ ਨੀ ਉਨ੍ਹਾਂ ਦੇ ਹੱਥ ਦਾ ਕਦੇ ਖਾਂਦਾ। ਮੈਂ ਤਾਂ ਸਾਰੀ ਉਮਰ ਸੁੱਚੇ ਹੱਥ ਦੀ ਈ ਰੋਟੀ ਖਾਧੀ ਆ। ਹੁਣ ਏਨਾਂ ਭੜਾਕੂਆਂ ਪਿੱਛੇ ਮੈਂ ਆਪਣਾ ਧਰਮ ਭ੍ਰਸ਼ਟ ਕਰ ਲਵਾਂ? ਅਖੇ ਵਹਿੜੇ ਵਰਤਾਉਣਗੇ … ਹੂੰ…ਤਾਂ ਅਸੀਂ ਕੱਛਾਂ ‘ਚ ਹੱਥ ਦਈਂ ਖੜੇ ਹੋਮਾਂਗੇ, ਸ਼ਰਮ ਨਾ ਆਊ? ਲੋਕ ਕੀ ਕਹਿਣਗੇ? ਕੇ ਉਹ ਤਾਂ ਪਿਉ ਵਾਹਰੇ ਮੁੰਡੇ ਖੁੰਡੇ ਤੀ ‘ਲਾਕੇ ਦੇ ਮੰਨੇ ਤੰਨੇ ਲੰਬੜਦਾਰ ਸੰਤਾ ਸਿਉਂ ਦੀ ਵੀ ਮੱਤ ਮਾਰੀ ਗਈ” ਫੇਰ ਉਹ ਬੁੜਬੜਾਇਆ “ਚੱਲ ਆਪਾਂ ਨੂੰ ਕੀ। ਪਾਲ਼ਤੇ ਪਨਾਸਤੇ ਹੁਣ ਜੋ ਮਰਜੀ ਕਰੀ ਜਾਣ”

ਬਰਾਤ ਦੀ ਲਾਰੀ ਪਹੁੰਚ ਗਈ ਸੀ, ਨਾਲ ਤਿੰਨ ਕਾਰਾਂ ਵੀ ਸਨ। ਵਿਆਹੰਦੜ ਘੋੜੀ ਤੇ ਨਹੀਂ ਕਾਰ ‘ਚ ਹੀ ਬੈਠਾ ਸੀ। ਬੈਂਡ ਬਾਜੇ ਵਾਲੇ ਵੀ ਵਰਦੀਆਂ ਵਾਲੇ ਸਨ। ‘ਪੀਪਨੀਆਂ ਨਹੀ ਇਹ ਤਾਂ ਪਿਤਲੀਆ ਬੈਂਡ ਲੱਗਦੈ’। ਸੰਤਾ ਸਿੰਘ ਅੱਖਾਂ ਤੇ ਹੱਥ ਦਾ ਛੱਪਰ ਜਿਹਾ ਬਣਾਈ ਖੜਾ ਸੋਚ ਰਿਹਾ ਸੀ। ਪਿੱਤਲ ਦੇ ਬੜੇ ਬੜੇ ਵਾਜੇ ਭੌਂ ਭੌਂ ਕਰਨ ਲੱੱਗੇ ਤੇ ਡੱਗ ਡੱਗ ਡਊਂ ਡਊਂ ਹੋਣ ਨਾਲ ਸਾਰੇ ਪਾਸੇ ਰੌਲ਼ਾ ਪੈ ਗਿਆ ਕਿ ਜੰਨ ਆ ਗੀ, ਜੰਨ ਆ ਗੀ। ਕੁੜੀਆਂ ਬੁੜੀਆਂ ਪ੍ਰਾਹੁਣਾ ਵੇਖਣ ਲਈ ਕੋਠਿਆਂ ਦੇ ਬਨੇਰਿਆਂ ਤੇ ਜਾ ਖੜੀਆਂ ਹੋਈਆਂ। ਫੇਰ ਬਰਾਤ ਵਾਜੇ ਦੇ ਪਿੱਛੇ ਅੱਗੇ ਵਧਣ ਲੱਗੀ। ਲਾਗੀ ਨੇ ਮਿਲਣੀ ਕਰਨ ਲਈ ਕਿਹਾ। ਸੰਤਾ ਸਿੰਘ ਦੀ ਵੀ ਮਿਲਣੀ ਕਰਵਾਈ ਗਈ। ਫੋਟੋਗ੍ਰਾਫਰ ਨੇ ਫੋਟੋਆਂ ਖਿੱਚੀਆਂ। ਇਹ ਸੰਤਾਂ ਸਿੰਘ ਦੇ ਜੀਵਨ ਦੀ ਸਭ ਤੋਂ ਪਹਿਲੀ ਫੋਟੋ ਸੀ। ਤੇ ਫੇਰ ਬਰਾਤ ਨੂੰ ਚਾਹ ਲਈ ਲਿਜਾਇਆ ਗਿਆ।

ਮੇਜਾਂ ਤੇ ਵਿਛੇ ਦੁੱਧ ਚਿੱਟੇ ਮੇਜਪੋਸ਼। ਪਤੌੜ, ਬਰਫੀਆਂ, ਰਸਗੁੱਲੇ, ਗੁਲਾਬ ਜਾਮਣਾ ਤੇ ਚਟਣੀ ਦੀਆਂ ਬੋਤਲਾਂ। ਸੰਤਾਂ ਸਿੰਘ ਸਿੰਘ ਵਰਦੀਧਾਰੀ ਵਹਿੜਿਆਂ ਨੂੰ ਏਧਰ ਉਧਰ ਦੌੜਦੇ ਦੇਖਦਾ ਰਿਹਾ ਤੇ ਹੈਰਾਨ ਹੁੰਦਾ ਰਿਹਾ। ਬਰਾਤ ਨੇ ਖਾਅ ਪੀਕੇ ਪਾਣੀ ਵਾਲੀ ਟੈਂਕੀ ਤੋਂ ਆਪ ਹੀ ਹੱਥ ਧੋਤੇ ਤੇ ਤੌਲ਼ੀਏ ਨਾਲ ਹੱਥ ਪੂੰਝੇ। ਕਈ ਖਾਣੇ ਤਾਂ ਸੰਤਾਂ ਸਿਉਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਹਨ। ਜਦੋਂ ਉਸ ਨੂੰ ਕਿਸੇ ਨੇ ਦੱਸਿਆਂ ਕਿ ਆਂਡਿਆ ਦੇ ਆਮਲੇਟ ਵੀ ਹਨ ਤਾਂ ਵੈਸ਼ਨੂੰ ਸੰਤਾ ਨੇ ਹੋਰ ਕੁੱਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ।

ਬਰਾਤ ਵਾਲਿਆਂ ਨੇ ਜੰਨ ਘਰ ਦੀ ਛੱਤ ਤੋ ਦੋ ਮੰਜੇ ਜੋੜ ਲਾਊਡ ਸਪੀਕਰ ਲਾ ਦਿੱਤਾ ਸੀ। ਵਿਹੜੇ ਵਿੱਚ ਕੁੜੀਆਂ ਦਾ ਗਿੱਧਾ ਪੈ ਰਿਹਾ ਸੀ। ਏਧਰ ਆਨੰਦਕਾਰਜ ਲਈ ਲਈ ਰਾਗੀ ਸਿੰਘਾਂ ਨੇ ਸ਼ਬਦ ਕੀਰਤਣ ਸ਼ੁਰੂ ਕਰ ਦਿੱਤਾ। ਜਿੱਥੇ ਕੁੱਝ ਚਿਰ ਪਹਿਲਾਂ ਆਮਲੇਟ ਵਰਤਾਏ ਜਾ ਰਹੇ ਸਨ, ਹੁਣ ਉਸੇ ਥਾਂ ਮਹਾਰਾਜ ਦੀ ਬੀੜ ਪ੍ਰਕਾਸ਼ ਸੀ। ਬਲਕਾਰ ਸਿਉਂ ਜੋ ਮੋਟਰ ਤੇ ਨਹਾਉਣ ਗਿਆ ਸੀ ਉਸ ਨੇ ਘਰ ਆ ਕੇ ਦੱਸਿਆ ਕਿ ਬਰਾਤ ਨੂੰ ਮੀਟ ਖੁਆਉਣ ਲਈ ਦੋ ਬੱਕਰੇ ਵੀ ਵੱਢੇ ਗਏ ਸਨ। ਕਸਾਈਆਂ ਨੇ ਬੱਕਿਰਿਆਂ ਨੂੰ ਕਰਲਾਉਂਦਿਆ ਹੀ ਲੱਤਾਂ ਤੋਂ ਫੜ ਕੇ ਤਲਵਾਰਾਂ ਨਾਲ ਵੱਢ ਸੁੱਟਿਆ ਸੀ। ਫੇਰ ਆਨੰਦਕਾਰਜ ਵੇਲੇ ਇੱਕ ਪਾਸੇ ਦੇਗ ਬਣ ਰਹੀ ਸੀ ਤੇ ਦੂਸਰੇ ਪਾਸੇ ਹਲਵਾਈ ਮੀਟ ਰਿੰਨ ਰਹੇ ਸਨ। ਬਲਕਾਰ ਸਿੰਘ ਨੇ ਸੰਤਾ ਸਿਉਂ ਨੂੰ ਕਿਹਾ ਸੀ “ਛੱਡ ਬਾਪੂ ਵਿਆਹ ਨੂੰ। ਚੱਲੋ ਟੱਬਰ ਲੈ ਕੇ ਪਿੰਡ ਨੂੰ। ਆਪਾਂ ਕਿਉਂ ਪਾਪਾਂ ਦੇ ਭਾਗੀ ਬਣੀਏ?” ਪਰ ਸੰਤਾ ਸਿੰਘ ਵਿਧਵਾ ਧੀ ਦੀ ਪਹਿਲੀ ਕੁੜੀ ਦੇ ਵਿਆਹ ਤੇ ਕਿਵੇਂ ਐਡਾ ਫੈਸਲਾ ਲੈ ਲੈਂਦਾ? ਉਸ ਨੇ ਮੀਤੋ ਨੂੰ ਕੋਲ ਸੱਦ ਕੇ ਕੁਪੱਤ ਤਾਂ ਬਹੁਤ ਕੀਤੀ। ਪਰ ਉਹ ਕਹਿੰਦੀ “ਬਾਪੂ ਹੁਣ ਮੁੰਡਿਆ ਦਾ ਰਾਜ ਹੈ ਮੇਰਾ ਨੀ…। ਜੋ ਕਰਦੇ ਨੇ ਕਰੀ ਜਾਣਦੇ ਤੈਨੂੰ ਕੀ?”

ਪਰ ਸੰਤਾਂ ਸਿਉਂ ਨੇ ਕਿਹਾ “ਕੁੜੀਏ ਤੂੰ ਤਾਂ ਜਾਣਦੀ ਆਂ ਕਿ ਆਪਣੇ ਘਰ ਕਦੇ ਮੀਟ ਨੀ ਵੜਿਆ ਤੇ ਹੁਣ ਲੋਕ ਮੇਰਾ ਮੂੰਹ ਕਾਲ਼ਾ ਨੀ ਕਰਨਗੇ ਜਦੋਂ ਇਹ ਪਤਾ ਲੱਗੂ?”
ਦੁਪਹਿਰ ਦੀ ਰੋਟੀ ਵੇਲੇ ਸ਼ਰਾਬੀ ਹੋਏ ਬਰਾਤੀਆਂ ਨੇ ਖੂਬ ਭੰਗੜਾ ਪਾਇਆ। ਉਹ ਬੈਂਡ ਤੇ ਨੱਚ ਰਹੇ ਸਨ, ਪਰ ਇਸ ਬਰਾਤ ਨਾਲ ਨਚਾਰ ਨਹੀਂ ਸਨ ਆਏ। ਇੱਕ ਦੋ ਰਫਲਾਂ ਵਾਲੇ ਹਵਾਈ ਫਾਇਰ ਵੀ ਕਰੀ ਜਾ ਰਹੇ ਸਨ। ਕੁੜੀਆਂ ਬੁੜੀਆਂ ਕੋਠਿਆਂ ਤੇ ਚੜ ਕੇ ਬਰਾਤ ਦਾ ਧਮੱਚੜ ਪੈਂਦਾ ਵੇਖ ਰਹੀਆਂ ਸਨ।

ਸੰਤਾ ਸਿੰਘ ਤਾਂ ਖੱਟ ਤੇ ਵੀ ਨਾ ਬੈਠਿਆ। ਖੱਟ ਦੇ ਸਮਾਨ ਦੀ ਲਿਸਟ ਪੜ੍ਹੀ ਗਈ ਜਿਸ ਨੂੰ ਮਨਦੀਪ ਵੀ ਸੁਣ ਰਿਹਾ ਸੀ, ਕਿ ਇਕਵੰਜਾ ਭਾਂਡੇ, ਮੁੰਡੇ ਨੂੰ ਸਕੂਟਰ, ਰੇਡੀਉ, ਬਿਜਲੀ ਵਾਲਾ ਪੱਖਾ ਤੇ ਘੜੀ। ਸੋਨੇ ਦਾ ਕੜਾ ਤੇ ਹੱਥ ਨੂੰ ਛਾਪ। ਲੜਕੀ ਨੂੰ ਇੱਕੀ ਬਿਸਤਰੇ, ਗਿਆਰਾਂ ਸੂਟ, ਸਿਲਾਈ ਮਸ਼ੀਨ ਬਗੈਰਾ ਬਗੈਰਾ। ਪਰ ਸੰਤਾ ਸਿਉਂ ਦੇ ਨੱਕ ਵਿੱਚ ਤਾਂ ਮੀਟ ਦੀ ਦੁਰਗੰਧ ਹੀ ਤਰਥੱਲ ਮਚਾਉਂਦੀ ਰਹੀ। ਮਹਿਤਾਬ ਕੌਰ ਨੇ ਵੀ ਦਾਜ ਦਾ ਦਿਖਾਵਾ ਦਖਾਉਣ ਸਮੇ ਖੁਸ਼ੀ ਜਾਹਰ ਨਾਂ ਕੀਤੀ। ਕਿਉਂਕਿ ਲੰਬੜਦਾਰ ਨੇ ਮੀਤੋ ਨੂੰ ਕਿਹਾ ਸੀ ਕਿ ‘ਕੁੜੀਏ ਸੱਦ ਆਪਣੀ ਬੇਬੇ ਨੂੰ’ ਤੇ ਮੁੜ ਸਾਰਾ ਗੁੱਸਾ ਉਸ ਤੇ ਹੀ ਉਤਾਰ ਦਿੱਤਾ ਸੀ।

ਖੱਟ ਸਮੇਂ ਧੱਕੇ ਨਾਲ ਪਿਲਾਇਆ ਕੋਕਾ ਕੋਲਾ ਸੰਤਾ ਸਿੰਘ ਦੇ ਨੱਕ ‘ਚੋਂ ਜਿਵੇਂ ਅਜੇ ਵੀ ਬਾਹਰ ਨਿੱਕਲਣ ਨੂੰ ਫਿਰਦਾ ਹੋਵੇ। ਉਸ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਸਾਰੀ ਬਰਾਤ ਸਾਹਮਣੇ ਲੜਕੀ ਸੁਖਪਾਲ ਨੰਗੇ ਮੂੰਹ ਹੀ ‘ਨੰਦਾਂ ਤੇ ਕਿਉਂ ਆ ਬੈਠੀ। ਉਸ ਦੀ ਬੇਬੇ ਤਾਂ ਸਿਆਣੀ ਸੀ ਉਹ ਹੀ ਸਮਝਾਂ ਦਿੰਦੀ, ਕਿ ਸਾਡੇ ਖਾਨਦਾਨ ‘ਚ ਤਾਂ ਕੁੜੀਆਂ ਕੱਪੜੇ ਵਿੱਚ ਲਿਪਟ ਕੇ ਹੀ ਬੈਠਦੀਆਂ ਨੇ’ ਪਰ ਏਥੇ ਤਾਂ ਹਰ ਮਰਿਯਾਦਾ ਨੂੰ ਭੰਗ ਕੀਤਾ ਜਾ ਰਿਹਾ ਸੀ।

ਸ਼ਾਮ ਨੂੰ ਦਾਜ ਦਾ ਸਮਾਨ ਲਾਰੀ ਤੇ ਲੱਦਿਆ ਗਿਆ। ਪੇਟੀ ਕੁਰਸੀਆਂ ਮੇਜ ਤੇ ਹੋਰ ਸਮਾਨ ਵੀ। ਸ਼ਾਮ ਨੂੰ ਬਰਾਤ ਵਿਦਾ ਹੋ ਗਈ। ਮੁੰਡੇ ਵਾਲੇ ਪੈਸਿਆਂ ਦੀ ਛੋਟ ਕਰ ਰਹੇ ਸਨ। ਮਾਂ ਦੇ ਗਲ਼ ਲੱਗ ਰੋਂਦੀ ਸੁਖਪਾਲ ਨੂੰ ਵੇਖ ਸੰਤਾ ਸਿਉਂ ਦਾ ਵੀ ਗੱਚ ਭਰ ਆਇਆ। ਮਾਮੇ ਬਲਕਾਰ ਨੇ ਭਾਣਜੀ ਨੂੰ ਕਾਰ ‘ਚ ਬਿਠਾ ਡੋਲ਼ੀ ਵਿਦਾ ਕੀਤੀ। ਸੰਤਾਂ ਸਿੰਘ ਨੇ ਸਭ ਕੁੱਝ ਭੁੱਲ ਭਲਾ ਕੇ ਦੋਹਤੀ ਨੂੰ ਪਿਆਰ ਦਿੱਤਾ। ਰਾਤ ਨੂੰ ਮੰਜੇ ਤੇ ਪਿਆ ਉਹ ਸੋਚ ਰਿਹਾ ਸੀ ਕਿ ਹੁਣ ਵਾਕਿਆ ਹੀ ਉਹ ਬੁੱਢਾ ਹੋ ਗਿਆ ਹੈ ਤੇ ਹੁਣ ਜ਼ਮਾਨਾ ਬਹੁਤ ਅੱਗੇ ਲੰਘ ਗਿਆ ਹੈ। ਬੱਸ ਹੁਣ ਤਾਂ ਸਭ ਕੁੱਝ ਛੱਡ ਛਡਾ ਕੇ ਉਸ ਨੂੰ ਮਾਲ਼ਾ ਫੇਰਨੀ ਚਾਹੀਦੀ ਆ।

ਤਿੰਨ ਦਿਨ ਦੀ ਨਾਨਕ-ਛੱਕ ਭੁਗਤਾਕੇ ਉਹ ਗੱਡੇ ਤੇ ਬੈਠ, ਫੇਰ ਪਿੰਡ ਨੂੰ ਮੁੜ ਆਏ। ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਹੋਰ ਬਹੁਤ ਕੁੱਝ ਨਵਾਂ ਭਰ ਗਿਆ। ਜੋ ਕਿਸੇ ਬਦਲ ਰਹੇ ਵਕਤ ਦਾ ਹੀ ਸੰਕੇਤ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com