ਸੰਤਾ ਸਿੰਘ ਹੁਣ ਵਿਹੜੇ ਵਿੱਚ ਕੰਧ ਨਾਲ ਮੰਜਾ ਡਾਹੀਂ ਬੈਠਾ ਸੀ।
ਉਹ ਖੂਹ ਤੋਂ ਠੰਢੇ ਪਾਣੀ ਨਾਲ ਨਹਾ ਕੇ ਆਇਆ ਸੀ। ਜਾਂਦੇ ਹੋਏ ਸਿਆਲ਼ ਦੀ ਠੰਢ ਅੱਜ
ਸਵੇਰੇ ਸਵੇਰੇ ਉਸਦੇ ਹੱਡਾਂ ਨੂੰ ਚੁਭ ਰਹੀ ਸੀ। ਦਿਲ ਤਾਂ ਉਸਦਾ ਅੱਗ ਸੇਕਣ ਨੂੰ ਵੀ
ਕਰਦਾ ਸੀ ਪਰ ‘ਐਨਾ ਜੱਭ ਕੌਣ ਕਰੂ?’ ਉਹ ਸੋਚਣ ਲੱਗਿਆ। ਉਸ ਨੇ ਸਿਮਰੋ ਨੂੰ ਹਾਕ
ਮਾਰੀ “ਕੁੜੇ ਭਾਈ ਕਹਿ ਤਾਂ ਆਪਣੀ ਬੇਬੇ ਨੂੰ ਮੈਂ ਵਾਂਢੇ ਜਾਣੈ ਕੱਪੜੇ ਲੀੜੇ ਕੱਢ
ਦੇਵੇ”
“ਮੈਂ ਲਿਆਉਨੀਆਂ ਬਾਪੂ ਕੱਪੜੇ” ਕਹਿ ਕੇ ਸਿਮਰੋ ਘਰ ਅੰਦਰ ਚਲੀ
ਗਈ। ਉਹ ਧੁੱਪ ਵਿੱਚ ਸੁਕਾਉਣ ਲਈਂ ਵਾਲ਼ ਖਿਲਾਰੀ ਬੈਠਾ ਸੀ। ਜੀ ਤਾਂ ਉਸਦਾ ਇਹ ਵੀ
ਕਰਦਾ ਸੀ ਕਿ ਉਹ ਧੀ ਤੋਂ ਸਿਰ ਵਿੱਚ ਸਰੋਂ ਦਾ ਤੇਲ ਝੱਸਵਾ ਕੇ ਧੁੱਪ ਸੇਕੇ। ਪਰ ਐਨਾ
ਸਮਾਂ ਕਿੱਥੇ ਸੀ? ਅੱਜ ਤਾਂ ਉਸਦਾ ਸ਼ਹਿਰ ਜਾਣਾ ਵੀ ਜਰੂਰੀ ਸੀ। ਉਸ ਨੇ ਮੰਜੇ ਨਾਲ
ਸੰਮਾਂ ਵਾਲੀ ਡਾਂਗ ਵੀ ਰੱਖੀ ਹੋਈ ਸੀ। ਜਦ ਤੋਂ ਉਸਦੀ ਨਿਗਾਹ ਘਟੀ ਸੀ, ਉਹ ਹਮੇਸ਼ਾਂ
ਸੋਟੀ ਨਾਲ ਹੀ ਰੱਖਦਾ। ਨਾਲੇ ਇਹ ਕੁੱਤੇ ਬਿੱਲੇ ਤੋਂ ਰਾਖੀ ਕਰਦੀ ਤੇ ਨਾਲੇ ਸਹਾਰੇ
ਦਾ ਸਹਾਰਾ।
ਮਹਿਤਾਬ ਕੌਰ ਨੇ ਸੰਤਾ ਸਿੰਘ ਕੱਪੜੇ ਪਹਿਲਾਂ ਹੀ ਤਿਆਰ ਕਰਕੇ
ਰੱਖੇ ਹੋਏ ਸਨ। ਦੁੱਧ ਚਿੱਟਾ ਸਾਫਾ, ਕੁੜਤਾ ਪਜਾਮਾ ਅਤੇ ਧੌੜੀ ਦੀ ਜੁੱਤੀ। ਸੰਤਾ
ਸਿਉਂ ਨੇ ਭਾਵੇਂ ਅਮ੍ਰਿਤ ਛਕਿਆ ਹੋਇਆ ਸੀ, ਪਰ ਕਛਹਿਰੇ ਦੇ ਉਪਰੋਂ ਉਹ ਹਮੇਸ਼ਾਂ ਧੋਤੀ
ਹੀ ਪਹਿਨਦਾ। ਪਜਾਮਾ ਤਾਂ ਉਹ ਸਿਰਫ ਸ਼ਹਿਰ ਜਾਣ ਲੱਗਿਆ ਹੀ ਪਾਉਂਦਾ। ਜੁੱਤੀ ਉਹ ਜਾਂ
ਤਾਂ ਪਰਨੇ ਦੇ ਲੜ ਬੰਨ ਕੇ ਨੰਗੇ ਪੈਰੀਂ ਤੁਰਦਾ ਤੇ ਜਾਂ ਫੇਰ ਉਸ ਨੂੰ ਸੋਟੀ ਤੇ ਟੰਗ
ਕੇ ਤੁਰਿਆ ਜਾਂਦਾ। ਇਹ ਸੋਚਕੇ ਕਿ ‘ਚਲੋ ਕਾਹਨੂੰ ਖਰਾਬ ਕਰਨੀ ਆ, ਨੇੜੇ ਜਾ ਕੇ ਪਾ
ਲਮਾਂਗਾ, ਹੁਣ ਤਾਂ ਐਵੇਂ ਰੇਤੇ ਨਾਲ ਹੀ ਭਰੂ”
ਉਹ ਦੀ ਪੱਗ ਵੀ ਅਜੀਬ ਜਿਹੀ ਹੁੰਦੀ। ਉਹ ਪੱਗ ਨੂੰ ਵਟੇ ਜਿਹੇ ਦੇ
ਕੇ ਸਿਰ ਤੇ ਮੜ੍ਹਾਸਾ ਜਿਹਾ ਮਾਰ ਲੈਂਦਾ। ਦੂਰੋ ਹੀ ਪਤਾ ਲੱਗ ਜਾਂਦਾ ਕਿ ਲੰਬੜਦਾਰ
ਸੰਤਾ ਸਿਉਂ ਆਉਂਦਾ ਹੈ। ਘਰ ਉਹ ਲਾਣੇਦਾਰ ਵਾਲੇ ਸਾਰੇ ਫਰਜ਼ ਨਿਭਾਉਂਦਾ ਸੀ। ਉਸ ਨੂੰ
ਕਬੀਲਦਾਰੀ ਚਲਾਉਣ ਦਾ ਵਲ ਜੁਆਨੀ ਤੋਂ ਹੀ ਦਾ ਆ ਗਿਆ ਸੀ। ਉਸਦੇ ਮੁੰਡੇ ਭਾਵੇਂ ਪੜ੍ਹ
ਵੀ ਗਏ, ਵੱਡੇ ਹੋਕੇ ਪੈਰਾਂ ਸਿਰ ਵੀ ਹੋ ਗਏ, ਪਰ ਤਾਂ ਵੀ ਉਹ ਹਰ ਗੱਲ ਵਿੱਚ ਬਾਪੂ
ਦੇ ਫੈਸਲੇ ਦੀ ਉਡੀਕ ਹੀ ਕਰਦੇ। ਉਹ ਇਸ ਪਰਿਵਾਰਕ ਬੇੜੀ ਦਾ ਮਲਾਹ ਸੀ। ਜਿਸ ਵਿੱਚ
ਹੁਣ ਮੁਸਾਫਰ ਵੱਧਦੇ ਹੀ ਜਾ ਰਹੇ ਸਨ।
ਸੰਤਾ ਸਿੰਘ ਨੇ ਪੱਗ ਦਾ ਅਜੇ ਪਹਿਲਾ ਗੇੜ ਹੀ ਦਿੱਤਾ ਸੀ ਕਿ
ਸਰਨੋ ਨੇ ਆ ਕਿਹਾ “ਬਾਪੂ ਪਹਿਲਾਂ ਰੋਟੀ ਖਾਅ ਲੈ, ਸਾਫਾ ਫੇਰ ਬੰਨ ਲੀਂ। ਰੋਟੀ ਠੰਢੀ
ਹੋ ਜੂ” ਉਹ ਥਾਲੀ ਵਿੱਚ ਦੋ ਮਿੱਸੀਆਂ ਰੋਟੀਆਂ ਅਤੇ ਮੱਖਣ ਧਰ ਕੇ ਲੱਸੀ ਦਾ ਗਲਾਸ
ਵੀਂ ਲਈਂ ਖੜੀ ਸੀ। ਭੂਰੂ ਕੁੱਤਾ ਮੰਜੇ ਦੇ ਨੇੜੇ ਬੈਠਾ ਬੁਰਕੀ ਦੀ ਝਾਕ ਵਿੱਚ ਪੂਛ
ਹਿਲਾ ਰਿਹਾ ਸੀ। ਸਾਹਮਣੇ ਬਨੇਰੇ ਤੇ ਇੱਕ ਕਾਂ ਕੁਰਲਾ ਰਿਹਾ ਸੀ।
ਮਹਿਤਾਬ ਕੌਰ ਨੇ ਇੱਕ ਵਾਰ ਫੇਰ ਪੰਜੀਰੀ ਦੇ ਸਮਾਨ ਤੋਂ ਲੈ ਕੇ
ਕੱਪੜਾ ਲੀੜਾ, ਲੂਣ ਤੇਲ, ਸਾਬਣ ਸੋਢਾ ਸਾਰਾ ਕੁੱਝ ਯਾਦ ਕਰਾ ਦਿੱਤਾ। ਤੇ ਉਹ ਸੰਦੂਕ
ਵਿੱਚੋਂ ਕੱਢ ਕੇ ਨੋਟਾਂ ਦਾ ਰੁੱਗ ਵੀ ਫੜਾ ਗਈ। ਇਹ ਕਹਿੰਦੀ ਹੋਈ “ਸਰਨੋ ਦੇ ਬਾਪੂ
ਰਕਮ ਗਿਣ ਲੈ, ਕੱਲ ਕਲਾ ਨੂੰ ਫੇਰ ਕਹੇਂਗਾ ਪੈਸੇ ਕਿੱਥੇ ਗਏ। ਜੈ ਖਾਣੀ ਦਾ ਖਰਚਾ ਵੀ
ਬਹੁਤ ਐ”
ਸੰਤਾ ਸਿਉਂ ਬੋਲਿਆ “ਸ਼ੁਕਰ ਕਰ, ਵਸਦੇ ਘਰਾਂ ਦੇ ਹੀ ਖਰਚੇ ਹੁੰਦੇ
ਨੇ। ਜੇ ਰੱਬ ਨੇ ਵੇਲ ਵਧਾਈ ਆ, ਇਹ ਖਰਚੇ ਵਧ ਗਏ ਤਾਂ ਕੀ ਹੋ ਗਿਆ?” ਤੇ ਫੇਰ ਉਹ
ਰੋਟੀ ਖਾਂਦਾ ਖਾਂਦਾ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਿਆ।
ਉਸ ਨੂੰ ਆਪਣਾ ਬਚਪਨ ਯਾਦ ਆ ਗਿਆ। ਉਸਦਾ ਪਿਉ ਬੇਲਾ ਸਿਉਂ ਦੱਸਿਆ
ਕਰਦਾ ਸੀ ਕਿ ਜਦੋਂ ਨਹਿਰ ਦੀ ਖੁਦਾਈ ਹੋ ਰਹੀ ਸੀ, ਉਦੋਂ ਕੁ ਉਸ ਦਾ ਜਨਮ ਹੋਇਆ ਸੀ।
ਪੱਕੀ ਤਰੀਕ ਤਾਂ ਉਸ ਨੂੰ ਵੀ ਨਹੀਂ ਸੀ ਪਤਾ। ਸ਼ਾਇਦ ਉਨੀਵੀਂ ਸਦੀ ਦਾ ਅੰਤਮ ਪੜਾ
ਹੋਵੇ। ਪਿਉ ਨੇ ਤਾਂ ਇਹ ਵੀ ਦੱਸਿਆ ਸੀ ਕਿ ਉਸ ਦਾ ਪੜਦਾਦਾ ਮਹਾਰਾਜਾ ਰਣਜੀਤ ਸਿੰਘ
ਦੀ ਫੋਜ ਵਿੱਚ ਮੰਨਿਆ ਪ੍ਰਮੰਨਿਆ ਯੋਧਾ ਸੀ। ਜੋ ਮਹਾਰਾਜੇ ਦੀ ਛਾਉਣੀ ‘ਰਾਹੋਂ’ ਹੀ
ਰਿਹਾ ਕਰਦਾ ਸੀ। ਜਿਸ ਨੇ ਹਰੀ ਸਿੰਘ ਨਲੂਆ ਦੀ ਕਮਾਂਡ ਹੇਠ ਕਈ ਜੰਗਾ ਵੀ ਲੜੀਆਂ।
ਮਹਾਰਾਜਾ ਰਣਜੀਤ ਸਿੰਘ ਵਲੋਂ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਇੱਕ ਤਲਵਾਰ ਭੇਂਟ
ਕੀਤੀ ਗਈ ਸੀ। ਜੋ ਅੱਜ ਤੱਕ ਵੀ ਉਨ੍ਹਾਂ ਦੇ ਪਰਿਵਾਰ ਕੋਲ ਮੌਜੂਦ ਸੀ।
ਦੱਸਣ ਵਾਲੇ ਤਾਂ ਇਹ ਵੀ ਦੱਸਦੇ ਸਨ ਕਿ ਕਿ ਮਹਾਰਾਜਾ ਰਣਜੀਤ
ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨੂੰ ਜਗੀਰ ਵੀ ਭੇਂਟ ਕੀਤੀ ਸੀ ਜੋ ਦਰਿਆ ਸਤਲੁਜ ਤੋਂ
ਪਾਰ ਬੇਟ ਦੇ ਕਿਸੇ ਇਲਾਕੇ ੱਿਵੱਚ ਸੀ। ਫੇਰ ਉਸ ਦਾ ਕੀ ਬਣਿਆ ਹੁਣ ਕੋਈ ਨਹੀਂ ਸੀ
ਜਾਣਦਾ? ਦਰਿਆ ਸਤਲੁਜ ਦੇ ਨਾਲ ਹੀ ਬੁੱਢਾ ਦਰਿਆ ਵਗਦਾ ਸੀ। ਜਿਸ ਵਿੱਚ ਬਰਸਾਤਾਂ ਨੂੰ
ਹੜ ਆ ਜਾਂਦੇ। ਪਾਣੀ ਦੀ ਮਾਰ ਹੇਠ ਆਏ ਇਸ ਇਲਾਕੇ ਨੂੰ ਬੇਟ ਦਾ ਇਲਾਕਾ ਕਿਹਾ ਜਾਂਦਾ।
ਜਿੱਥੇ ਬਹੁਤ ਸਾਰੀ ਬੇਅਬਾਦ ਜ਼ਮੀਨ ਪਈ ਸੀ। ਸ਼ਾਇਦ ਏਨ੍ਹਾਂ ਹੜ੍ਹਾਂ ਦੇ ਦੁਖਾਂਤ ਦੇ
ਕਰਕੇ, ਲੋਕ ਏਥੇ ਬਸੇਰਾ ਨਹੀਂ ਸੀ ਕਰਦੇ। ਹੜਾਂ ਨਾਲ ਡੰਗਰ ਪਸ਼ੂ ਮਾਰ ਜਾਂਦੇ,
ਬਿਮਾਰੀਆਂ ਫੈਲ ਜਾਂਦੀਆਂ। ਹੁਣ ਧੁੱਸੀ ਬੰਨ ਲੱਗਣ ਨਾਲ ਭਾਵੇਂ ਹੜਾਂ ਤੇ ਕਾਫੀ
ਕੰਟਰੋਲ ਹੋ ਗਿਆ ਸੀ। ਪਰ ਤਾਂ ਵੀ ਜਦੋਂ ਗੋਬਿੰਦਸਾਗਰ ਝੀਲ ਦਾ ਪਾਣੀ ਬਰਸਾਤਾਂ ਦੇ
ਦਿਨਾ ਵਿੱਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਜਾਂਦਾ ਤਾਂ ਵਾਧੂ ਪਾਣੀ ਦਰਿਆ ਸਤਲੁਜ
ਵਿੱਚ ਜਾਂ ਨਹਿਰ ਸਰਹਿੰਦ ਵਿੱਚ ਹੀ ਛੱਡਿਆ ਜਾਂਦਾ। ਉਦੋਂ ਧੁੱਸੀ ਬੰਨ ਵਿੱਚ ਫੇਰ
ਪਾੜ ਪੈ ਜਾਂਦਾ। ਤੇ ਸਾਰਾ ਬੇਟ ਇਲਾਕਾ ਹੜ੍ਹਾਂ ਦੀ ਮਾਰ ਹੇਠ ਆ ਜਾਂਦਾ।
ਰਣੀਏ ਪਿੰਡ ਦੇ ਨਾਲ ਲੱਗਦੀ ਨਹਿਰ ਸਰਹਿੰਦ ਜੋ ਚੌਵੀ ਗਜ਼ ਡੂੰਗੀ
ਅਤੇ ਸੱਤਰ ਮੀਟਰ ਚੌੜੀ ਸੀ ਹੜ੍ਹਾਂ ਦੀ ਰੋਕਥਾਮ ਲਈ ਰਣੀਏ ਪਿੰਡ ਲਈ ਵੀ ਵਰਦਾਨ ਸਾਬਤ
ਹੋਈ। ਏਸੇ ਕਰਕੇ ਤਾਂ ਹੁਣ ਇਹ ਪਿੰਡ ਹੜਾਂ ਦੀ ਕਰੋਪੀ ਤੋਂ ਬਚਿਆ ਹੋਇਆ ਆ ਰਿਹਾ ਸੀ।
ਸੰਤਾਂ ਸਿੰਘ ਦੀ ਸੋਚ ਹੋਰ ਪਿੱਛੇ ਪਰਤੀ। ਜਦੋਂ ਸਾਰੇ ਪੰਜਾਬ
ਵਿੱਚ ਕੱਤੇ ਦੀ ਬਿਮਾਰੀ, ਮਹਾਂਮਾਰੀ ਬਣਕੇ ਫੈਲੀ ਸੀ ਤਾਂ ਉਸਦੇ ਪਰਿਵਾਰ ਨੂੰ ਵੀ
ਡਕਾਰ ਗਈ ਸੀ। ਜਿਸ ਨੂੰ ਯਾਦ ਕਰਕੇ ਉਹ ਅੱਜ ਵੀ ਕੰਬ ਜਾਂਦਾ ਹੈ। ਇਸ ਕੁਸੈਲੀ ਯਾਦ
ਨੇ ਸੰਤਾ ਸਿਉਂ ਦੀ ਰੋਟੀ ਦਾ ਸਵਾਦ ਖਰਾਬ ਕਰ ਦਿੱਤਾ। ਉਸ ਦੇ ਮਾਂ ਪਿਉ ਤੇ ਚਾਰ ਭੈਣ
ਭਰਾ ਉਦੋਂ ਏਸੇ ਬਿਮਾਰੀ ਨਾਲ ਮਰ ਗਏ ਸਨ। ਤੇ ਉਹ ਸਿਰਫ ਇਕੱਲਾ ਰਹਿ ਗਿਆ ਸੀ।
ਉਸ ਦੀ ਮਾਂ ਸਭ ਤੋਂ ਬਾਅਦ ਮਰੀ ਸੀ। ਮਰਨ ਵੇਲੇ ਕਿਵੇਂ ਉਹ ਉਸ
ਨੂੰ ਚਿੰਬੜ ਚਿੰਬੜ ਕੇ ਰੋਈ ਸੀ ਕਿ ‘ਪੁੱਤ ਮੇਰੇ ਤੋਂ ਬਾਦ ਤੂੰ ਕੱਲਾ ਕੀ ਕਰੇਂਗਾ?
ਤੇਰਾ ਰੋਟੀ ਟੁੱਕ ਕੌਣ ਕਰੂ?” ਜੈ ਕੁਰ ਦੇ ਮਰਨ ਦੀ ਦੇਰ ਸੀ ਕਿ ਸੰਤਾਂ ਸਿਉਂ ਸਿਰ
ਮੁਸੀਬਤਾਂ ਦੇ ਪਹਾੜ ਟੁੱਟ ਪਏ। ਸ਼ਰੀਕਾਂ ਨੇ ਉਸ ਦਾ ਘਰ ਅਤੇ ਜ਼ਮੀਨ ਜਾਇਦਾਦ ਦੱਬ ਲਏ।
ਇਹ ਕਹਿਕੇ ਕਿ ਵੱਡੇ ਹੋੇਏ ਨੂੰ ਮੋੜ ਦੇਵਾਂਗੇ। ਪਰ ਜਦੋਂ ਉਹ ਵੱਡਾ ਹੋਇਆ ਤਾਂ ਸ਼ਰੀਕ
ਜ਼ਮੀਨ ਦੇ ਲਾਲਚ ਨੂੰ ਉਸਦੀ ਹੀ ਜਾਨ ਦੇ ਦੁਸ਼ਮਣ ਬਣ ਗਏ। ਇੱਕ ਵਾਰ ਤਾਂ ਚਾਚੀਆਂ
ਤਾਈਆਂ ਨੇ ਉਸ ਦੁੱਧ ਵਿੱਚ ਪੀਸਿਆ ਕੱਚ ਪਾ ਕੇ ਪਿਲਾ ਦਿੱਤਾ ਅਤੇ ਉਹ ਮਰਨੋਂ ਮਸਾਂ
ਹੀ ਬਚਿਆ ਸੀ। ਉਸ ਤੋਂ ਬਾਅਦ ਤਾਂ ਉਸ ਲਈ ਸਾਰੇ ਰਿਸ਼ਤੇ ਹੀ ਮਰ ਗਏ ਸਨ।
ਕਿਸੇ ਸਿਆਣੇ ਨੇ ਮੱਤ ਦਿੱਤੀ ਕਿ ‘ਭਾਈ ਘਰੋਂ ਭੱਜ ਜਾ ਨਹੀਂ ਤਾਂ
ਅਗਲੇ ਤੇਰਾ ਘੋਗਾ ਚਿੱਤ ਕਰ ਦੇਣਗੇ’ ਫੇਰ ਉਹ ਸੱਚ ਮੁੱਚ ਹੀ ਇੱਕ ਸਾਧੂਆਂ ਦੀ ਟੋਲੀ
ਨਾਲ ਰਲ਼ ਕੇ ਪਿੰਡ ਛੱਡ ਗਿਆ। ਉਹ ਡੇਰਿਆ ਵਿੱਚ ਹੀ ਰਹਿੰਦਾ। ਉਥੇ ਸੇਵਾ ਕਰਦਾ ਤੇ
ਰੋਟੀ ਖਾਅ ਛੱਡਦਾ। ਏਥੇ ਰਹਿੰਦਿਆ ਹੀ ਉਸ ਨੇ ਬੜੀ ਧਾਰਮਿਕ ਵਿੱਦਿਆ ਹਾਸਲ ਕੀਤੀ।
ਰਮਾਇਣ, ਮਹਾਂਭਾਰਤ ਅਤੇ ਹੋਰ ਧਾਰਮਿਕ ਗਰੰਥਾਂ ਵਿਚਲੀਆਂ ਅਨੇਕਾਂ ਸਾਖੀਆਂ ਉਸ ਨੂੰ
ਮੂੰਹ ਜ਼ੁਬਾਨੀ ਕੰਠ ਹੋ ਗਈਆ। ਤੇ ਪੰਜ ਬਾਣੀਆਂ ਦਾ ਪਾਠ ਵੀ ਯਾਦ ਹੋ ਗਿਆ।
ਸੰਤ ਬਾਬਾ ਸੁੰਦਰ ਦਾਸ ਹੀ ਉਦੋਂ ਉਸਦਾ ਮਾਂ ਤੇ ਬਾਪ ਸੀ। ਉਹ
ਸੰਤਾ ਸਿੰਘ ਤੋਂ ਸਾਧੂ ਭਾਵੇ ਬਣ ਗਿਆ ਪਰ ਮਨ ਅੰਦਰ ਹੋਈ ਬੇਇਨਸਾਫੀ ਦਾ ਸਿਵਾ ਉਸਦੇ
ਅੰਦਰ ਸਦਾ ਮਘਦਾ ਰਿਹਾ। ਸਿੱਖ ਇਤਿਹਾਸ ਦੀਆਂ ਕਹਾਣੀਆਂ ਉਸ ਨੂੰ ਵੰਗਾਰ ਪਾਉਂਦੀਆਂ
ਰਹੀਆਂ। ਉਸਦਾ ਆਪਣੀ ਵਿਰਾਸਤ ਸੰਭਾਲਣ ਲਈ ਮਨ ਤੜਫਦਾ ਰਹਿੰਦਾ। ਉਹ ਸੂਰਮਿਆਂ ਦੀ
ਉਲਾਦ ਸੀ, ਫੇਰ ਚੁੱਪ ਕਿਵੇਂ ਬੈਠਾ ਰਹਿੰਦਾ? ਉਸ ਵਕਤ ਦੁਨੀਆਂ ਦੇ ਮੁਲਕ ਪਹਿਲੀ
ਸੰਸਾਰ ਜੰਗ ਲੜ ਰਹੇ ਸਨ। ਲੋਕ ਗੋਰਿਆਂ ਦੀ ਫੋਜ ਵਿੱਚ ਵੀ ਭਰਤੀ ਹੋ ਰਹੇ ਸਨ। ਪਰ
ਤੇਰਾਂ ਅਪਰੈਲ 1919 ਨੂੰ ਜਦੋਂ ਜਲ੍ਹਿਆਂ ਵਾਲੇ ਬਾਗ ਵਿੱਚ ਅੰਗਰੇਜ ਹਕੂਮਤ ਨੇ
ਸੈਂਕੜੈ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ, ਤਾਂ ਹਰ ਦੇਸ਼ ਵਾਸੀ ਦਾ
ਹਿਰਦਾ ਭਾਰਤ ਮਾਂ ਨੂੰ ਅਜ਼ਾਦ ਕਰਵਾਉਣ ਲਈ ਤੜਫ ਉੱਠਿਆ। ਉਦੋਂ ਸੰਤਾ ਸਿੰਘ ਵੀ
ਸਾਧੂਆਂ ਵਾਲਾ ਵੇਸ ਉਤਾਰ ਸਿੰਘ ਸਭਾ ਨਾਲ ਜੁੜ ਗਿਆ।
ਧਾਰਮਿਕ ਸਿੱਖਿਆ ਦੇ ਨਾਲ ਨਾਲ ਫੇਰ ਗ਼ਦਰ ਪਾਰਟੀ, ਬਬਰ ਅਕਾਲੀ,
ਕਾਂਗਰਸ, ਆਰੀਆ ਸਮਾਜੀ, ਸੋਸ਼ਲਿਸਟ ਤੇ ਹੋਰ ਪਾਰਟੀਆਂ ਦਾ ਪ੍ਰਚਾਰ ਵੀ ਸੰਤਾ ਸਿੰਘ
ਨੂੰ ਦੇਸ਼ ਸੇਵਾ ਲਈ ਉਕਸਾਉਣ ਲੱਗਿਆ। ਕਦੇ ਉਹ ਸੋਚਦਾ ਕਿ ਦੇਸ਼ ਅਜ਼ਾਦ ਕਰਵਾਉਣ ਤੋਂ
ਪਹਿਲਾਂ ਆਪਣਾ ਜੱਦੀ ਘਰ ਤੇ ਜ਼ਮੀਨ ਵੀ ਸ਼ਰੀਕਾ ਤੋਂ ਆਜ਼ਾਦ ਕਰਵਾ ਲਵੇ। ਅੰਤਰ ਆਤਮਾਂ
ਕਹਿੰਦੀ ਕਿ ਪਹਿਲਾਂ ਆਪਣੇ ਹੱਕ ਲੈਣਾ ਸਿੱਖ। ਉਹਦੇ ਸਾਹਮਣੇ ਕਰਤਾਰ ਸਿੰਘ ਸਰਾਭੇ
ਵਾਲੇ ਦੀ ਕੁਰਬਾਨੀ ਸੀ, ਜੋ ਅਪਣੀ ਮਿੱਟੀ ਲਈ ਫਾਂਸੀ ਚੜ ਗਿਆ। ਤਾਂ ਫੇਰ ਉਹ ਆਪਣੀ
ਮਿੱਟੀ ਲਈ ਸੰਘਰਸ਼ ਕਿਉਂ ਨਹੀਂ ਸੀ ਕਰ ਸਕਦਾ?
ਫੇਰ ਉਸਨੇ ਪੰਦਰਾਂ ਵੀਹ ਚੰਗੇ ਦੋਸਤ ਬਣਾਏ। ਸਰਕਾਰੇ ਦਰਬਾਰੇ
ਪਹੁੰਚ ਕੀਤੀ। ਪਿੰਡ ਦੇ ਲੋਕਾਂ ਨਾਲ ਰਸੂਖ ਵਧਾਇਆ। ਤੇ ਪਟਵਾਰੀ ਨੂੰ ਹੱਥ ‘ਚ ਲਿਆ।
ਫੇਰ ਪੁਰਾਣੇ ਵਸੀਹਤ ਨਾਮੇ ਕਢਵਾਏ। ਸੰਤ ਸੁੰਦਰ ਦਾਸ ਦੀ ਮੱਦਦ ਤੇ ਪੁਲੀਸ ਦੀ ਮੱਦਦ
ਨਾਲ ਇੱਕ ਦਿਨ ਉਹ ਮੁੜ ਆਪਣੀ ਜੱਦੀ ਜ਼ਮੀਨ ਜਾਇਦਾਦ ਤੇ ਕਾਬਜ਼ ਹੋ ਗਿਆ। ਫੇਰ ਕਿਸੇ
ਜਾਣ ਪਛਾਣ ਵਾਲੇ ਨੇ ਉਸ ਨੂੰ ਸਾਕ ਵੀ ਕਰਵਾ ਦਿੱਤਾ। ਤੇ ਮਹਿਤਾਬ ਕੌਰ ਉਸਦੀ ਪਤਨੀ
ਬਣਕੇ ਘਰ ਆ ਗਈ। ਸੁੱਕੀ ਸੜੀ ਵੇਲ ਫੇਰ ਤੋਂ ਲਗਰਾਂ ਕੱਢਣ ਲੱਗੀ। ਜਿਸ ਨੂੰ ਅੱਜ ਇੱਕ
ਹੋਰ ਨਵਾਂ ਚੂੰਆਂ ਫੁੱਟ ਪਿਆ ਸੀ। ਸੰਤਾ ਸਿਉਂ ਮੁਸਕਰਾਇਆ ਤੇ ਬੋਲਿਆ “ਕੁੜੇ
ਸਿਮਰੋ…ਚੱਕੋ ਭਾਈ ਭਾਡੇ। ਮੈਂ ਚੱਲਦਾ ਆਂ ਸ਼ਹਿਰ ਨੂੰ” ਫੇਰ ਉਸ ਨੇ ਡਾਂਗ ਚੁੱਕੀ ਤੇ
ਤੁਰ ਪਿਆ।
|