25 ਮਾਰਚ 1984। ਸਮਾਂ ਸਵੇਰੇ ਗਿਆਰਾਂ ਵਜੇ ਦਾ। ਦਲੇਰ ਸਿੰਘ
ਦੇ ਘਰ ਦਾ ਬਾਹਰਲਾ ਫਾਟਕ ਖੜਕਿਆ, ਤਾਂ ਦੇਖਿਆ ਕਿ ਤਿੰਨ ਬੰਦੇ ਬੂਹੇ ਵਿੱਚ ਖੜੇ ਨੇ।
ਨਾਲ ਦੇ ਪਿੰਡ ਦਾ ਡਾ: ਮੱਘਰ, ਗੁਰਤਾਰ ਸਿੰਘ ਜਲਾਲ ਅਤੇ ਅਕਾਲੀ ਲੀਡਰ ਰਾਵਿੰਦਰ
ਸਿੰਘ ਧਾਰੀਵਾਲ। ਗੁਰਤਾਰ ਸਿੰਘ ਜਲਾਲ ਮਨਦੀਪ ਨਾਲ ਕਾਲਜ ਪੜ੍ਹਦੇ ਦੋਸਤ, ਦਮਨ ਦਾ
ਮਿੱਤਰ ਹੋਣ ਕਾਰਨ ਮਨਦੀਪ ਨੂੰ ਵੀ ਜਾਣਦਾ ਹੈ। ਗੁਰਤਾਰ ਨੂੰ ਕੁੱਝ ਮਹੀਨੇ ਪਹਿਲਾਂ
ਹੀ ਅਕਾਲੀ ਦਲ ਵਲੋਂ ਤਹਿਸੀਲ ਸਮਰਾਲਾ ਦੇ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਸੀ। ਆਪਣੀ
ਪਾਰਟੀ ਲਈ ਉਹ ਸ਼ੋ੍ਰਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਰਹੇ ਰਾਵਿੰਦਰ
ਸਿੰਘ ਧਾਰੀਵਾਲ ਦੀ ਚੋਣ ਮੁਹਿੰਮ ਦੇ ਸਿਲਸਲੇ ਵਿੱਚ ਫਿਰ ਰਹੇ ਸਨ। ਧਾਰੀਵਾਲ ਪਹਿਲਾਂ
ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਚਲਿਆ ਆ ਰਿਹਾ ਸੀ।
ਉਨ੍ਹਾਂ ਮਨਦੀਪ ਨੂੰ ਕਿਹਾ ਕਿ ਇਸ ਵਾਰ ਹੋ ਰਹੀਆਂ ਚੋਣਾਂ ਵਿੱਚ ਪ੍ਰਚਾਰ ਵਿੱਚ ਲਈ,
ਉਹ ਉਨ੍ਹਾਂ ਦੀ ਮੱਦਦ ਕਰੇ।
ਰਸਮੀ ਤੌਰ ਤੇ ਭਾਂਵੇਂ ਮਨਦੀਪ ਹਾਂ ਕਰ ਦਿੱਤੀ। ਪਰ ਉਸੇ
ਦਿਨ, ਐੱਮ ਏ ਦੇ ਪੇਪਰਾਂ ਲਈ ਉਸ ਦਾ ਰੋਲ ਨੰਬਰ ਆ ਗਿਆ ਸੀ। ਕਿਉਂਕਿ ਉਹ ਅੱਜ ਕੱਲ
ਪੱਤਰ ਵਿਹਾਰ ਸਿੱਖਿਆ ਰਾਹੀਂ ਐੱਮ ਏ ਪੰਜਾਬੀ ਦੀ ਤਿਆਰੀ ਕਰ ਰਿਹਾ ਸੀ। ਲੁਧਿਆਣੇ ਦਾ
ਐੱਸ ਡੀ ਪੀ ਹਾਇਰ ਸੈਕੰਡਰੀ ਸਕੂਲ, ਉਸ ਨੂੰ ਪੇਪਰਾਂ ਲਈ ਸੈਂਟਰ ਮਿਲਿਆ ਸੀ। ਪਰ
ਪੇਪਰ ਹੋ ਵੀ ਸਕਣਗੇ ਜਾਂ ਨਹੀਂ ਇਹ ਅਜੇ ਯਕੀਨ ਨਾਲ ਨਹੀਂ ਸੀ ਕਿਹਾ ਜਾ ਸਕਦਾ।
ਪੰਜਾਬ ਵਿੱਚ ਕਤਲ ਲਗਾਤਾਰ ਵਧਦੇ ਹੀ ਜਾ ਰਹੇ ਸਨ। ਪੇਪਰਾਂ
ਤੋਂ ਐਨ ਪਹਿਲਾਂ 3 ਅਪਰੈਲ ਨੂੰ ਅੱਤਵਾਦੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਨਾਮਵਰ
ਪ੍ਰੋ: ਡਾ: ਵਿਸ਼ਵਨਾਥ ਤਿੜਾੜੀ ਨੂੰ ਕਤਲ ਕਰ ਦਿੱਤਾ। ਕਈ ਲੋਕ ਕਹਿੰਦੇ ਸਨ ਕਿ ਉਹ
ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ, ਇਸ ਕਰਕੇ ਕਤਲ ਕੀਤਾ ਗਿਆ ਹੈ। ਪਰ ਕਈ ਕਹਿੰਦੇ
ਸਨ ਕਿ ਇਹ ਯੂਨੀਵਰਸਿਟੀ ਦੀ ਅੰਦਰੂਨੀ ਰਾਜਨੀਤੀ ਕਰਕੇ ਕਤਲ ਹੋਇਆ ਹੈ। ਅਜਿਹੇ ਭਾੜੇ
ਦੇ ਕਤਲ ਅਤੇ ਬਦਲਾਖੋਰੀ ਵੀ ਅੱਤਵਾਦ ਦੇ ਖਾਤੇ ਪੈ ਰਹੀ ਸੀ। ਪੰਜਾਬ ਦੇ ਸਧਾਰਨ
ਲੋਕਾਂ ਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਹੀ ਕਿ ਕਿਹੜਾ ਮਦਾਰੀ ਇਹ ਖੂਨੀ ਨਾਚ ਨਚਾ
ਰਿਹਾ ਹੈ।
ਤਿੰਨ ਅਪਰੈਲ ਨੂੰ ਹੀ ਭਾਰਤ ਦਾ ਪਹਿਲਾ ਪੁਲਾੜ ਯਾਤਰੀ ਰਾਕੇਸ਼
ਸ਼ਰਮਾ ਸਲਿਊਟ 11 ਰਾਹੀਂ ਆਪਣੇ ਦੋ ਰੂਸੀ ਯਾਤਰੀਆਂ ਨਾਲ ਪੁਲਾੜ ਵਿੱਚ ਪੁੱਜਾ। ਉਹ
ਦੁਨੀਆਂ ਦਾ 138 ਵਾਂ ਪੁਲਾੜ ਯਾਤਰੀ ਸੀ। ਭਾਰਤ ਸਰਕਾਰ ਲਈ ਇਹ ਬਹੁਤ ਵੱਡੀ ਪ੍ਰਾਪਤੀ
ਸੀ, ਕਿ ਭਾਰਤ ਦੁਨੀਆਂ ਦਾ ਚੌਦਵਾਂ ਪੁਲਾੜੀ ਦੇਸ਼ ਬਣ ਗਿਆ ਹੈ। ਰਾਕੇਸ਼ ਸ਼ਰਮਾਂ ਨਾਲ
ਪੁਲਾੜ ਵਿੱਚੋਂ ਹੋਈ ਗੱਲਬਾਤ, ਮੀਡੀਆ ਲਗਾਤਾਰ ਪ੍ਰਸਾਰਤ ਕਰ ਰਿਹਾ ਸੀ। ਰੇਡੀਉ
ਟੈਲੀਵੀਯਨ ਵਾਰ ਵਾਰ ਇਹ ਖ਼ਬਰਾਂ ਦਿਖਾ ਰਹੇ ਸਨ। ਪਰ ਪੰਜਾਬ ਦੇ ਲੋਕ ਤਾਂ ਲਹੂ
ਭਿੱਜੀਆਂ ਅਖ਼ਬਾਰਾਂ ਵਿੱਚ ਸਵੇਰ ਸਾਰ ਲਾਸ਼ਾਂ ਦੀ ਹੀ ਗਿਣਤੀ ਕਰਦੇ। ਏਥੈ ਤਾਂ ਧਰਤੀ
ਲਹੂ ਲੁਹਾਨ ਹੋਈ ਪਈ ਸੀ। ਕਿਹੜੀ ਤਰੱਕੀ ਤੇ ਕਿਹੜੀਆਂ ਮੁਬਾਰਕਾਂ?
ਆਮ ਲੋਕਾਂ ਨੇ ਇਸ ਖ਼ਬਰ ਨੂੰ ਕੋਈ ਮਹੱਤਵ ਨਾ ਦਿੱਤਾ। ਦੂਸਰੇ
ਹੀ ਦਿਨ ਚਾਰ ਅਪਰੈਲ ਦੀਆਂ ਅਖਬਾਰਾਂ ਵਿੱਚ ਤਾਂ ਇਹ ਮੁੱਖ ਸੁਰਖੀ ਮੁੱਖ ਸੀ ਕਿ
‘ਪੰਜਾਬ ਦੇਸ਼ ਦਾ ਸਭ ਤੋਂ ਵੱਧ ਖਤਨਾਕ ਸੂਬਾ ਹੋਣ ਕਾਰਨ ਦੋਸ਼ੀਆਂ ਨੂੰ ਦੇਖਦੇ ਹੀ ਸਾਰ
ਗੋਲੀ ਮਾਰਨ ਦਾ ਐਲਾਨ ਕਰ ਦਿੱਤਾ ਗਿਆ ਏ। ਪੰਜਾਬ ਵਿੱਚ ਹੁਣ ਦਲੀਲ ਅਤੇ ਅਪੀਲ ਦੋਨੋ
ਖਤਮ ਹੋ ਗਈਆਂ ਸਨ। ਜਿਸ ਵਿੱਚ ਆਮ ਬੰਦੇ ਦਾ ਵੀ ਸਾਹ ਘੁੱਟਣ ਲੱਗਿਆ।
ਦੂਜੇ ਦਿਨ ਵਿਸ਼ਵਨਾਥ ਤਿਵਾੜੀ ਦਾ ਸਸਕਾਰ ਹੋਇਆ। ਪੰਜਾਬ ਦੇ
ਸਮੁੱਚੇ ਮਹੌਲ ਨੂੰ ਜਾਣੋ ਅੱਗ ਹੀ ਲੱਗ ਗਈ। ਉੱਧਰ ਅਕਾਸ਼ ਵਿੱਚ ਸਲਿਊਟ 11 ਮੁੱਖ ਸ਼ਟਲ
ਤੋਂ ਅਲੱਗ ਹੋ ਇੱਕ ਸੈਕਿੰਡ ਵਿੱਚ ਅੱਠ ਮੀਲ ਦੇ ਹਿਸਾਬ ਨਾਲ 90 ਮਿੰਟ ਵਿੱਚ ਧਰਤੀ
ਦੀ ਪਰਕਰਮਾਂ ਕਰਨ ਲੱਗਿਆ। ਤੇ ਏਧਰ ਖਾੜਕੂ ਜਥੇਬੰਦੀਆਂ ਨੇ ਪੰਜਾਬ ਨੂੰ ਭਾਰਤ ਤੋਂ
ਵੱਖ ਕਰਕੇ ਖਾਲਿਸਤਾਨ ਬਣਾਉਣ ਲਈ ਵੀ ਪੰਜਾਬ ਵਿੱਚ ਹਿੰਸਾ ਦੇ ਭਾਂਬੜ ਬਾਲ ਦਿੱਤੇ।
ਪੰਜਾਬ ਦਾ ਲਾਅ ਐਂਡ ਆਰਡਰ ਦਮ ਤੋੜ ਗਿਆ। ਪੂਰਾ ਪ੍ਰਸਾਸ਼ਨ ਦਹਿਸ਼ਤ ਦੇ ਇਸ ਮਹੌਲ ਵਿੱਚ
ਗੁਰੂ ਨਾਨਕ ਨਿਵਾਸ ਦੁਆਲੇ ਮੰਡਰਾਉਣ ਲੱਗਾ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ
ਜ਼ੀਰੋ ਹੋ ਕੇ ਰਹਿ ਗਿਆ।
ਸਾਰੇ ਹੁਕਮ, ਬਦਲੀਆਂ, ਸਰਕਾਰੀ ਕੰਮ ਕਾਜ, ਦੀਵਾਨੀ ਅਤੇ
ਫੌਜਦਾਰੀ ਕੇਸਾਂ ਦੇ ਫੈਸਲੇ ਵੀ ਗੁਰੂ ਨਾਨਕ ਨਿਵਾਸ ਹੀ ਵਿੱਚੋਂ ਹੀ ਹੋਣ ਲੱਗੇ। ਸ਼ਾਮ
ਛੇ ਵੱਜਦੇ ਨੂੰ ਪੰਜਾਬ ਵਿੱਚ ਸੰਨਾਟਾ ਛਾ ਜਾਂਦਾ ਅਤੇ ਲੋਕ ਘਰਾਂ ਵਿੱਚ ਦੁਬਕ
ਜਾਂਦੇ। ਹੋਰ ਤਾਂ ਹੋਰ ਉਨ੍ਹਾਂ ਨੂੰ ਤਾਂ ਰਾਤ ਨੂੰ ਆਪਣੇ ਕੁੱਤੇ ਖੁੱਲੇ ਰੱਖਣ ਦੀ
ਵੀ ਖੁੱਲ ਨਹੀਂ ਸੀ। ਅਜਿਹੇ ਹਾਲਾਤਾਂ ਵਿੱਚ ਭਲਾ ਪੇਪਰ ਕਿਵੇਂ ਹੋ ਸਕਦੇ ਸਨ? ਅੱਠ
ਅਪਰੈਲ 1984 ਨੂੰ ਪੰਜਾਬੀ ਯੂਨੀਵਸਿਟੀ ਪਟਿਆਲਾ ਨੇ ਆਪਣੇ ਸਾਰੇ ਇਮਤਿਹਾਨ ਅਣਮਿੱਥੇ
ਸਮੇਂ ਲਈ ਮੁਲਤਬੀ ਕਰ ਦਿੱਤੇ।
13 ਅਪਰੈਲ ਨੂੰ ਵਿਸਾਖੀ ਵਾਲਾ ਦਿਨ ਸੀ। ਮਨਦੀਪ ਨੂੰ ਹੁਣ
ਕੱਟੜ ਧਾਰਮਿਕਵਾਦ ਤੋਂ ਖਿਝ ਜਿਹੀ ਚੜ੍ਹਨ ਲੱਗ ਪਈ । ਉਸਦੇ ਤਾਂ ਜਵਾਨੀ ਦੇ ਦਿਨ
ਰਾਜਨੀਤਕ ਮਹੌਲ ਸਦਕਾ ਘਰ ਦੀ ਚਾਰਦੀਵਾਰੀ ਵਿੱਚ ਹੀ ਕੈਦ ਹੋ ਗਏ ਸਨ। ਪੜ੍ਹਾਈ ਅੱਧ
ਵਿਚਕਾਰ ਲਟਕ ਗਈ ਸੀ। ਮਾਤਾ ਪਿਤਾ ਦੀਆਂ ਉਸ ਤੇ ਲਾਈਆਂ ਆਸਾਂ ਨੂੰ ਬੂਰ ਪੈਣ ਦੀ
ਸੰਭਾਵਨਾ ਤਾਂ ਅਜੇ ਦੂਰ ਤੱਕ ਵੀ ਨਜ਼ਰ ਨਹੀਂ ਸੀ ਆ ਰਹੀ। ਇਸ ਵਾਰ ਵਿਸਾਖੀ ਤੇ ਨਾ
ਤਾਂ ਉਹ ਮਾਛੀਵਾੜੇ ਗੁਰਦੁਵਾਰਾ ਚਰਨ ਕੰਵਲ ਸਾਹਿਬ ਗਿਆ ਅਤੇ ਨਾ ਹੀ ਦੇਗਸਰ ਕਟਾਣਾ
ਸਾਹਿਬ। ਬਲਕਿ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਆਪਣੇ ਦੋਸਤ ਕ੍ਰਿਸ਼ਨ ਕੌਸ਼ਲ ਨਾਲ ਸੰਤ
ਰਾਮ ਉਦਾਸੀ ਦੇ ਸਨਮਾਨ ਸਮਾਰੋਹ ਵਿੱਚ ਚਲਾ ਗਿਆ। ਜੋ ਕਿ ਪ੍ਰੋ: ਮੋਹਣ ਸਿੰਘ
ਫਾਂਊਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ ਵਲੋਂ ਕਰਵਾਇਆ ਜਾ ਰਿਹਾ ਸੀ। ਏਥੇ
ਹੋਰ ਵੀ ਬਹੁਤ ਸਾਰੇ ਕਵੀ ਪਹੁੰਚੇ ਹੋਏ ਸਨ। ਇਸ ਮੌਕੇ ਜੋ ਕਵੀ ਦਰਬਾਰ ਹੋਇਆ ਉਸ
ਵਿੱਚ ਪੰਜਾਬ ਦਾ ਦੁਖਾਂਤ ਹੀ ਭਾਰੂ ਰਿਹਾ। ਸ਼ਾਇਰ ਆਪਣੇ ਸ਼ਬਦਾਂ ਵਿੱਚ ਨਿਰਦੋਸ਼ੇ ਮਾਰੇ
ਜਾਣ ਵਾਲਿਆਂ ਲਈ ਖੂਨ ਦੇ ਅਥਰੂ ‘ਚੋ ਰਹੇ ਸਨ।
ਉਸ ਦਿਨ ਮਨਦੀਪ ਹਿੱਲ ਗਿਆ ਜਦੋਂ ਬੱਸ ਚੜ੍ਹਨ ਵਕਤ ਕ੍ਰਿਸ਼ਨ
ਕੌਸ਼ਲ ਨੇ ਆਪਣੇ ਬੈਗ ‘ਚੋਂ ਕੱਢ ਕੇ ਪੀਲਾ ਪਟਕਾ ਸਿਰ ਤੇ ਬੰਨ ਲਿਆ। ਕਿਉਂਕਿ ਬੱਸਾਂ
ਵਿੱਚੋਂ ਇੱਕੋ ਫਿਰਕੇ ਦੇ ਲੋਕਾਂ ਨੂੰ ਕੱਢ ਕੱਢ ਕੇ ਮਾਰਨ ਦੀਆਂ ਖ਼ਬਰਾਂ ਨੇ ਪੰਜਾਬ
ਦੇ ਹਿੰਦੂ ਪਰਿਵਾਰਾਂ ਵਿੱਚ ਬੇਹੱਦ ਦਹਿਸ਼ਤ ਫੈਲਾ ਦਿੱਤੀ ਸੀ। ਲੁਧਿਆਣੇ ਤੋਂ ਸਮਰਾਲੇ
ਤੱਕ ਦਾ ਸਫਰ ਅੱਜ ਮੁੱਕਣ ਵਿੱਚ ਹੀ ਨਹੀਂ ਸੀ ਆ ਰਿਹਾ। ਜਿਵੇਂ ਸੜਕਾਂ ਤੇ ਮੌਤ ਤੁਰੀ
ਫਿਰ ਰਹੀ ਹੋਵੇ। ਬੱਸ ਚੜਨ ਵਾਲਾ ਤੇ ਹਰ ਦਾੜੀ ਵਾਲਾ ਬੰਦਾ ਅੱਤਵਾਦੀ ਜਾਪ ਰਿਹਾ ਸੀ,
ਜੋ ਝੋਲੇ ‘ਚੋਂ ਕਦੇ ਵੀ ਗੰਨ ਕੱਢਕੇ ਸਾਰਿਆਂ ਨੂੰ ਭੁੰਨ ਸੁੱਟੇਗਾ। ਪਰ ਉਹ ਸੂਰਜ
ਛਿਪਣ ਤੋਂ ਪਹਿਲਾਂ ਹੀ ਸੁੱਖੀ ਸਾਂਦੀ ਆਪੋ ਆਪਣੇ ਘਰ ਪਹੁੰਚ ਗਏ।
ਸੋਲਾਂ ਅਪਰੈਲ ਦੀ ਅਖ਼ਬਾਰ ਚੁੱਕਦਿਆਂ ਹੀ ਮਨਦੀਪ ਦੇ ਹੱਥ
ਕੰਬੇ। ਜਿਵੇਂ ਕੋਈ ਕਿਸੇ ਦੀ ਲਾਸ਼ ਨੂੰ ਚੁੱਕਦਾ ਹੈ। ਮੁੱਖ ਸੁਰਖੀ ਸੀ ਕਿ ‘ਪੰਜਾਬ
ਵਿੱਚ 34 ਰੇਲਵੇ ਸਟੇਸ਼ਨ ਸਾੜ ਕੇ ਸੁਆਹ’। ਹੁਣ ਤਾਂ ਉਸਦਾ ਮਨ ਕਿਤੇ ਵੀ ਨਹੀਂ ਸੀ
ਲੱਗ ਰਿਹਾ। ਉਸ ਰਾਤ ਤਾਂ ਚੱਜ ਨਾਲ ਨੀਂਦ ਵੀ ਨਾ ਆਈ। ਦੂਸਰੇ ਦਿਨ ਦੀ ਅਖ਼ਬਾਰ ਫੇਰ
ਕਤਲਾ ਹੀ ਕਤਲਾਂ ਨਾਲ ਭਰੀ ਪਈ ਸੀ।
ਜਲੰਧਰ ਦੀਆਂ ਅਖ਼ਬਾਰਾਂ ਤਾਂ ਪਹਿਲਾਂ ਹੀ ਦੋ ਧਿਰਾਂ ਵਿੱਚ
ਵੰਡੀਆਂ ਗਈਆਂ ਸਨ। ਹੁਣ ਉਹ ਹਿੰਦੂ ਸਨ ਜਾਂ ਸਿੱਖ। ਇੱਕ ਦੂਜੇ ਦੇ ਧਰਮ ਨੂੰ ਅਤੇ
ਸੋਚ ਨੂੰ ਨੀਵਾਂ ਦਿਖਾਇਆ ਜਾਣ ਲੱਗਾ। ਪੰਜਾਬ ਵਿੱਚ ਸੁਲਗ ਰਹੀ ਫਿਰਕਾਪ੍ਰਸਤੀ ਦੀ
ਧੂਣੀ ਵਿੱਚ ਹੁਣ ਇਹ ਅਖ਼ਬਾਰਾਂ ਆਪਣੇ ਪੱਤਰਕਾਰੀ ਦੇ ਫਰਜ ਭੁਲਾਕੇ ਸਗੋਂ ਹੋਰ ਬਾਲਣ
ਪਾਉਣ ਲੱਗੇ। ਇਸੇ ਘਟਨਾਕ੍ਰਮ ਨੇ ਪਹਿਲਾਂ ਜੱਗਬਾਣੀ ਸਮੂਹ ਦੇ ਲਾਲਾ ਜਗਤ ਨਰਾਇਣ ਦੀ
ਜਾਨ ਲਈ ਸੀ। ਤੇ 12 ਮਈ 1984 ਨੂੰ ਅੱਤਵਾਦੀਆਂ ਨੇ ਉਸ ਦੇ ਬੇਟੇ ਰਮੇਸ਼ ਨੂੰ ਵੀ ਜੋ
ਕਿ ਜੱਗ ਬਾਣੀ ਦਾ ਮੌਜੂਦਾ ਸੰਪਾਦਕ ਸੀ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ। ਜਿਸ ਨਾਲ
ਪੰਜਾਬ ਵਿੱਚ ਹਿੰਸਾ ਦੇ ਲਾਬੂੰ ਹੋਰ ਉੱਚੇ ਹੋ ਗਏ।
ੁਣ ਮਨਦੀਪ ਦੀ ਵਧ ਰਹੀ ਉਦਾਸੀ ਅਤੇ ਭਟਕਣ ਉਸ ਨੂੰ ਕਿਤੇ ਵੀ
ਟਿਕ ਕੇ ਨਾਂ ਬੈਠਣ ਦਿੰਦੀਆਂ। ਇਨ੍ਹਾਂ ਹਾਲਾਤਾਂ ਵਿੱਚ ਹੀ ਉਨ੍ਹਾਂ ਇੱਕ ਲਿਖਾਰੀ
ਸਭਾ ਦਾ ਗਠਨ ਕਰ ਲਿਆ। ਜਿੱਥੇ ਵਕਤ ਵੀ ਪਾਸ ਹੋ ਜਾਂਦਾ ਅਤੇ ਹਮ ਖਿਆਲ ਲੇਖਕ ਦੋਸਤ
ਵੀ ਮਿਲ ਪੈਂਦੇ। ਹਰ ਮਹੀਨੇ ਇਸ ਸਾਹਿਤ ਸਭਾ ਦੀ ਇਕੱਤਰਤਾ ਹੁੰਦੀ, ਜਿਸ ਵਿੱਚ ਹਰ
ਤਰ੍ਹਾਂ ਦੇ ਲੋਕ ਆਂਉਦੇ। ਧਾਰਮਿਕ ਪ੍ਰਸੰਗ ਲਿਖਣ ਵਾਲੇ ਢਾਡੀ ਦਲਬੀਰ ਸਿੰਘ ਬੀਰ
ਵਰਗੇ ਵੀ, ਜਿਨਾਂ ਦੀ ਮੌਜੂਦਾ ਲਹਿਰ ਨਾਲ ਵੀ ਹਮਦਰਦੀ ਸੀ। ਕਾਮਰੇਡ ਕਿਸਮ ਦੇ ਬੰਦੇ
ਵੀ ਅਤੇ ਨਿਰੋਲ ਸਾਹਿਤਕਾਰ ਵੀ।
ਇੱਕ ਦਿਨ ਏਸ ਸਭਾ ਨੇ ਆਪਣਾ ਪਹਿਲਾ ਸਮਾਗਮ ਕਰਵਾਉਣ ਦਾ
ਫੈਸਲਾ ਕੀਤਾ ਜਿਸ ਵਿੱਚ ਗੁਲਵੰਤ ਗਿੱਲ ਦੀ ਪੁਸਤਕ ਰਿਲੀਜ਼ ਕੀਤੀ ਜਾਣੀ ਸੀ। ਇਸ ਦੀ
ਪ੍ਰਧਾਨਗੀ ਲਈ ਇਲਾਕੇ ਦੇ ਨਾਮਵਰ ਲੇਖਕ ਸੁਰਜੀਤ ਸੂਰਜ ਨੂੰ ਸੱਦਣ ਦਾ ਵੀ ਫੈਸਲਾ
ਕੀਤਾ ਗਿਆ। ਜੋ ਕਿ ਇਨੀ ਦਿਨੀ ਚੰਡੀਗੜ ਪੰਜਾਬ ਬੁੱਕ ਸੈਂਟਰ ਦਾ ਮਨੇਜਰ ਸੀ। ਮਨਦੀਪ
ਇਸੇ ਸੰਸਥਾ ਦੇ ਮੀਤ ਪ੍ਰਧਾਨ ਨਾਲ ਮਿਲ ਕੇ ਚੰਡੀਗੜ ਸੂਰਜ ਸਾਹਿਬ ਨੂੰ ਸੱਦਾ ਪੱਤਰ
ਦੇਣ ਗਿਆ ਕਿਉਂਕਿ ਉਹ ਸੰਸਥਾ ਦਾ ਜਨਰਲ ਸਕੱਤਰ ਸੀ।
ਪਹਿਲਾਂ ਉਹ ਪੰਜਾਬੀ ਟ੍ਰਿਬਿਊਨ ਦੇ ਦਫਤਰ ਖ਼ਬਰਾਂ ਫੜਾਉਣ ਗਏ,
ਜਿੱਥੇ ਉਨ੍ਹਾਂ ਦੀ ਮੁਲਾਕਾਤ ਹਰਭਜਨ ਹਲਵਾਰਵੀ ਸਾਹਿਬ ਨਾਲ ਹੋਈ। ਫੇਰ ਉਹ ਕੇਂਦਰੀ
ਪੰਜਾਬੀ ਲੇਖਕ ਸਭਾ ਦੇ ਦਫਤਰ ਤੇਰਾ ਸਿੰਘ ਚੰਨ ਨੂੰ ਮਿਲਣ ਗਏ ਅਤੇ ਆਪਣੀ ਸਭਾ ਨੂੰ
ਇਸ ਵੱਡੀ ਸੰਸਥਾ ਨਾਲ ਜੋੜਿਆ। ਆਖਰ ਵਿੱਚ ਪੰਜਾਬ ਬੁੱਕ ਸੈਂਟਰ ਤੇ ਗਏ ਜਿੱਥੇ
ਸੁਰਜੀਤ ਜੀ ਨੇ ਬਹੁਤ ਇਜ਼ਤ ਮਾਣ ਕੀਤਾ ਅਤੇ ਉਨ੍ਹਾਂ ਦਾ ਸੱਦਾ ਪ੍ਰਵਾਨ ਕਰਕੇ ਸਮਾਗਮ
ਦੀ ਪ੍ਰਧਾਨਗੀ ਕਰਨ ਦਾ ਵਾਹਦਾ ਵੀ ਕੀਤਾ।ਜਾਣ ਸਮੇਂ ਸੂਰਜ ਸਾਹਿਬ ਨੇ ਮਨਦੀਪ ਨੂੰ
ਕੁੱਝ ਕਿਤਾਬਾਂ ਤੋਹਫੇ ਵਜੋਂ ਦਿੱਤੀਆਂ ਜਿਨਾਂ ਵਿੱਚ ਇੱਕ ਪੁਸਤਕ ਕਾਮਰੇਡ ਅਵਤਾਰ
ਸਿੰਘ ਮਲਹੋਤਰਾ ਦੀ ‘ਪੰਜਾਬ ਬਚਾਉ ਤੇ ਦੇਸ਼ ਬਚਾਉ’ ਵੀ ਸੀ। ਜੋ ਘਰ ਆਕੇ ਮਨਦੀਪ ਨੇ
ਇੱਕੋ ਸਾਹੇ ਪੜ੍ਹ ਛੱਡੀ ਤਾਂ ਕਿ ਇਸ ਸਮੱਸਿਆ ਦੀ ਸਮਝ ਆ ਸਕੇ। ਪਰ ਸਾਰਾ ਕੁੱਝ
ਅੱਕੀਂ ਪਲਾਹੀਂ ਹੱਥ ਮਾਰਨ ਵਾਲੀ ਗੱਲ ਸੀ। ਪਿੰਡ ਆਕੇ ਉਹ ਸਮਾਗਮ ਦੀ ਤਿਆਰੀ ਵਿੱਚ
ਰੁੱਝ ਗਏ।
ਇੱਕ ਜੂਨ 1984 ਦਾ ਦਿਨ ਸੀ। ਮਨਦੀਪ ਸਵੇਰੇ ਸਵੇਰੇ ਨਹਿਰ
ਸਰਹਿੰਦ ਤੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਗਿਆ। ਉਸ ਦੇ ਨਾਲ ਉਸਦਾ ਦੋਸਤ ਅਸ਼ਵਨੀ ਵੀ
ਸੀ। ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਸਾਰੀ ਨਹਿਰ ਦੇ ਨਾਲ ਨਾਲ ਤਾਂ ਮਿਲਟਰੀ
ਤਾਇਨਾਤ ਸੀ। ਫੌਜੀਆਂ ਵਲੋਂ ਮੋਰਚੇ ਪੁੱਟੇ ਜਾ ਰਹੇ ਸਨ। ਸੈਨਾ ਨੇ ਮਨਦੀਪ ਉਨ੍ਹਾਂ
ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਵੱਡੀ
ਲੜਾਈ ਲੱਗਣ ਵਾਲੀ ਹੋਵੇ। ਖ਼ਬਰਾਂ ਤਾਂ ਪਹਿਲਾਂ ਹੀ ਸੈਂਸਰ ਹੋ ਹੋ ਆ ਰਹੀਆਂ ਸਨ। ਪਰ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਹਾਲਾਤ ਬਹੁਤ ਖਰਾਬ ਹੋਣ ਕਾਰਨ ਸਾਰੇ ਪੰਜਾਬ
ਵਿੱਚ ਹੀ ਮਿਲਟਰੀ ਲਗਾ ਦਿੱਤੀ ਗਈ ਹੈ। ਤੇ ਪੰਜਾਬ ਹੁਣ ਮਿਲਟਰੀ ਦੇ ਹਵਾਲੇ ਕਰ
ਦਿੱਤਾ ਗਿਆ ਹੈ। ਬਹੁਤੇ ਲੋਕ ਅੰਦਰੋਂ ਖੁਸ਼ ਵੀ ਸਨ ਅਤੇ ਡਰੇ ਹੋਏ ਵੀ ਸਨ ਕਿ ਚੱਲੋ
ਪੰਜਾਬ ਵਿੱਚ ਹੁਣ ਪੁਲੀਸ ਦਾ ਤਸ਼ੱਦਤ ਘਟੇਗਾ ਅਤੇ ਅੱਤਵਾਦੀਆਂ ਵਲੋਂ ਵਰਤਾਇਆ ਜਾ
ਰਿਹਾ ਕਹਿਰ ਵੀ ਰੁਕੇਗਾ। ਪੰਜਾਬ ਦੇ ਜਨ-ਸਧਾਰਨ ਲੋਕਾਂ ਦੀ ਹਾਲਤ ਦੋ ਪੁੜਾ ਵਿੱਚ
ਪਿਸਣ ਵਾਲੀ ਬਣੀ ਹੋਈ ਸੀ।
ਤਿੰਨ ਜੂਨ ਐਤਵਾਰ ਦਾ ਦਿਨ ਚੜ੍ਹਿਆ। ਮਨਦੀਪ ਨੂੰ ਯਾਦ ਆਇਆ
ਕਿ ਅੱਜ ਤਾਂ ਸਮਰਾਲੇ ਸਾਹਿਤ ਸਭਾ ਦੀ ਮੀਟਿੰਗ ਹੈ, ਕਿਉਂ ਨਾ ਉਥੇ ਜਾਇਆ ਜਾਵੇ।
ਨਾਲੇ ਤਾਂ ਪੰਜਾਬ ਦੇ ਹਾਲਾਤਾਂ ਬਾਰੇ ਕੋਈ ਉੱਘ ਸੁੱਘ ਮਿਲੇਗੀ ਅਤੇ ਨਾਲੇ ਲੇਖਕਾਂ
ਨੂੰ ਮਿਲ ਕੇ 24 ਜੂਨ ਨੂੰ ਹੋਣ ਵਾਲੇ ਸਮਾਗਮ ਦੇ ਕਾਰਡ ਦਿੱਤੇ ਜਾ ਸਕਣਗੇ। ਉਹ ਦਲੇਰ
ਸਿੰਘ ਅਤੇ ਬਚਨ ਕੌਰ ਦੇ ਰੋਕਣ ਤੇ ਵੀ ਨਾ ਰੁਕਿਆ ਤੇ ਘਰੋਂ ਮੀਟੰਗ ਲਈ ਚੱਲ ਪਿਆ।
ਨਹਿਰ ਤੇ ਮਿਲਟਰੀ ਨੇ ਉਸਦੀ ਕਈ ਵਾਰ ਤਲਾਸ਼ੀ ਲਈ ਅਤੇ ਕਈ ਥਾਵਾਂ ਤੇ ਪੁੱਛ ਗਿੱਛ ਵੀ
ਕੀਤੀ।
ਨੀਲੋਂ ਪੁਲ ਤੋਂ ਜਦੋਂ ਉਹ ਸਮਰਾਲੇ ਲਈ ਬੱਸ ਚੜਿਆ ਤਾਂ
ਦੇਖਿਆਂ ਕਿ ਬੱਸ ਦੀਆਂ ਪਿਛਲੀਆਂ ਸੀਟਾਂ ਤੇ ਵੀ ਛੇ ਮਿਲਟਰੀ ਦੇ ਹਥਿਆਰ ਬੰਦ ਕਮਾਂਡੋ
ਤਇਨਾਤ ਹਨ, ਜਿਨਾਂ ਦੇ ਸਿਰਾਂ ਤੇ ਕਾਲੇ ਪਟਕੇ ਬੰਨੇ ਹੋਏ ਸੀ ਅਤੇ ਹੱਥਾਂ ਵਿਚ
ਅਸਾਲਟਾਂ। ਉਨ੍ਹਾਂ ਦੇ ਹੱਥ ਅਸਾਲਟਾਂ ਦੇ ਘੋੜਿਆਂ ਤੇ ਇਸ ਤਰ੍ਹਾਂ ਟਿਕਾਏ ਹੋਏ ਸਨ
ਕਿ ਜਿਵੇਂ ਅੱਤਵਾਦੀਆਂ ਨੂੰ ਦੇਖਦੇ ਸਾਰ ਹੀ ਗੋਲੀ ਮਾਰ ਦੇਣਗੇ।
ਮਨਦੀਪ ਸਮਰਾਲੇ ਮਿਊਨਸਪੈਲਟੀ ਦੇ ਪਾਰਕ ਵਿੱਚ ਪਹੁੰਚ ਗਿਆ
ਜਿੱਥੇ ਸਾਹਿਤਕ ਮੀਟਿੰਗ ਸ਼ੁਰੂ ਹੋ ਚੁੱਕੀ ਸੀ। ਲੇਖਕ ਰਚਨਾ ਪਾਠ ਕਰਦੇ ਫਿਕਰਮੰਦੀ ਵੀ
ਜ਼ਾਹਰ ਕਰ ਰਹੇ ਸਨ ਕਿ ਹੁਣ ਪੰਜਾਬ ਦਾ ਕੀ ਬਣੇਗਾ? ਹਾਲਾਤ ਇਹ ਸਨ ਕਿ ਅਜਿਹੀ ਮੀਟਿੰਗ
ਤੇ ਵੀ ਅੱਤਵਾਦੀ ਅਸਾਲਟਾਂ ਦਾ ਮੀਂਹ ਵਰਸਾ ਸਕਦੇ ਸਨ। ਦਹਿਸ਼ਤ ਫੈਲਾਉਣ ਅਤੇ ਵੱਡੀਆਂ
ਸੁਰਖੀਆਂ ਲਗਾ ਕੇ, ਆਪਣੀ ਸ਼ਕਤੀਸ਼ਤਲੀ ਹੋਂਦ ਪ੍ਰਗਟਾਉਣ ਲਈ ਖੁੰਭਾਂ ਵਾਂਗੂ ਉੱਗੀਆਂ
ਜਥੇਬੰਦੀਆਂ ਵਾਲੇ ਕੁੱਝ ਵੀ ਕਰ ਸਕਦੇ ਸਨ। ਸਾਰਿਆਂ ਨੇ ਜਲਦੀ ਮੀਟਿੰਗ ਮੁਕਾ ਕੇ ਘਰ
ਜਾਣ ਦਾ ਫੈਸਲਾ ਕੀਤਾ ਪਰ ਕੁੱਝ ਕੁ ਲੇਖਕ ਇੱਕ ਸ਼ਾਇਰ ਦੇ ਸੱਦੇ ਤੇ ਉਸ ਦੇ ਘਰ ਨੂੰ
ਤੁਰ ਪਏ। ਉੱਥੇ ਜਾ ਕੇ ਗੱਲਾਂ ਬਾਤਾਂ ਦੇ ਨਾਲ ਨਾਲ ਰਚਰਾਵਾਂ ਦਾ ਦੌਰ ਅਤੇ ਮਧੁਰਾ
ਪਾਨ ਦਾ ਸਿਲਸਲਾ ਵੀ ਚੱਲ ਪਿਆ।
ਅਜੇ ਦੋ ਦੋ ਪੈੱਗ ਲਗਾ ਕੇ ਮਹਿਫਲ ਜੰਮੀ ਹੀ ਸੀ ਕਿ ਮੇਜ਼ਬਾਨ
ਸ਼ਾਇਰ ਦੀ ਪਤਨੀ ਦੌੜੀ ਦੌੜੀ ਆਈ ਕਿ ਟੀ ਵੀ ਤੇ ਦਿਖਾ ਰਹੇ ਨੇ ਕਿ ਸਾਰੇ ਪੰਜਾਬ ਵਿੱਚ
ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਚਾਰ ਤੋਂ ਵਧ ਇਕੱਠੇ ਹੋਏ ਬੰਦਿਆਂ
ਨੂੰ ਦੇਖਦੇ ਸਾਰ ਹੀ ਗੋਲੀ ਮਾਰਨ ਦੇ ਹੁਕਮ ਕਰ ਦਿੱਤੇ ਗਏ ਨੇ। ਪਰ ਉਹ ਤਾਂ ਦਸ
ਬਾਰਾਂ ਜਾਣੇ ਸਨ ਅਤੇ ਸਭ ਨੇ ਆਪੋ ਆਪਣੇ ਘਰੀਂ ਵੀ ਜਾਣਾ ਸੀ। ਸਭ ਦੀ ਪੀਤੀ ਇੱਕ ਦਮ
ਹੀ ਉੱਤਰ ਗਈ। ਮੇਜ਼ਬਾਨ ਸ਼ਾਇਰ ਫਿਕਰਮੰਦ ਹੁੰਦਾ ਬੋਲਿਆ ਹੁਣ “ ਹੁਣ ਸਭ ਨੂੰ ਆਪੋ
ਆਪਣੇ ਘਰ ਜਾਣਾ ਚਾਹੀਦਾ ਹੈ। ਹਾਲਾਤ ਠੀਕ ਨਹੀਂ ਹਨ। ਕੁੱਝ ਵੀ ਹੋ ਸਕਦਾ ਏ” ਤੇ ਉਹ
ਕੋਈ ਵੀ ਗੱਲ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦਾ।
ਚੰਡੀਗੜ੍ਹ ਦੇ ਪੰਜਾਬੀ ਅਖ਼ਬਾਰ ਵਿੱਚ ਕੰਮ ਕਰਦਾ ਇੱਕ ਨਾਮਵਰ ਕਹਾਣੀਕਾਰ ਵੀ ਇਸ
ਕਰਫਿਊ ਦੀ ਲਪੇਟ ਵਿੱਚ ਆ ਗਿਆ ਸੀ। ਪੰਜਾਬ ਵਿੱਚ ਬੱਸਾਂ ਬੰਦ ਹੋ ਗਈਆਂ ਸਨ। ਤੇ
ਟੈਲੀਫੋਨ ਵੀ ਮੁਰਦਾ ਹੋ ਗਏ। ਇਹ ਕਹਾਣੀਕਾਰ ਆਪਣੇ ਬੱਚਿਆਂ ਅਤੇ ਪਤਨੀ ਦਾ ਫਿਕਰ
ਕਰਦਾ ਕਿਸੇ ਹੋਰ ਲੇਖਕ ਦਾ ਘਰ ਚਲਾ ਗਿਆ। ਬਾਕੀਆਂ ਨਾਲ ਤਾਂ ਪਤਾ ਨਹੀਂ ਕੀ ਬਣਿਆ ਪਰ
ਮਨਦੀਪ ਨੂੰ ਅਤੇ ਕ੍ਰਿਸ਼ਨ ਕੌਸ਼ਲ ਨੂੰ ਬਾਜ਼ਾਰ ਵਿੱਚ ਨਿੱਕਲਣ ਸਾਰ ਹੀ ਮਿਲਟਰੀ ਨੇ ਘੇਰ
ਲਿਆ। ਉਨ੍ਹਾਂ ਦੀ ਤਲਾਸ਼ੀ ਲਈ ਗਈ ਅਤੇ ਕਾਫੀ ਪੁੱਛ ਗਿੱਛ ਕਰਨ ਤੋਂ ਬਾਅਦ, ਮਿਲਟਰੀ
ਦੀ ਇੱਕ ਗੱਡੀ ਜੋ ਦੋਰਾਹੇ ਵਲ ਜਾ ਰਹੀ ਸੀ ਉਸ ਨੇ ਉਨ੍ਹਾਂ ਨੂੰ ਰਾਮਪੁਰੇ ਕੋਲ ਉਤਾਰ
ਦੇਣ ਦੀ ਗੱਲ ਕਹੀ। ਉਹ ਦੋਵੇਂ ਬਹੁਤ ਡਰੇ ਹੋਏ ਸਨ ਕਿ ਕਿਤੇ ਰਸਤੇ ਵਿੱਚ ਹੀ ਨਾ
ਕਿਤੇ ਮੁਕਾਬਲਾ ਬਣਾ ਦਿੱਤਾ ਜਾਵੇ। ਪਰ ਇਹ ਸੈਨਿਕ ਚੰਗੇ ਨਿੱਕਲੇ ਜੋ ਉਨ੍ਹਾਂ ਨੂੰ
ਕਰਫਿਊ ਦੌਰਾਨ ਮੁੜ ਕੇ ਘਰੋਂ ਨਾ ਨਿੱਕਲਣ ਦੀ ਹਿਦਾਇਤ ਦੇ ਕੇ ਉਤਾਰ ਗਏ।
ਦੂਸਰੇ ਦਿਨ ਗੁਲਵੰਤ ਗਿੱਲ ਦੇ ਨਾਲ ਕਹਾਣੀਕਾਰ ਹਰਜੀਤ ਸ਼ਾਹੀ
ਮਨਦੀਪ ਕੋਲ ਆਏ। ਹਰਜੀਤ ਸ਼ਾਹੀ ਬਹੁਤ ਫਿਕਰਮੰਦ ਸੀ। ਉਸ ਦੇ ਪਰਿਵਾਰ ਤੱਕ ਪੁੱਜਣ ਦਾ
ਉਸ ਪਾਸ ਕੋਈ ਵੀ ਸਾਧਨ ਨਹੀਂ ਸੀ। ਹੁਣ ਵੀ ਉਹ ਮਿਲਟਰੀ ਨੂੰ ਚਕਮਾ ਦੇ ਕੇ ਹੀ ਖੇਤਾਂ
ਦੀਆਂ ਪਹੀਆਂ ਜਾਂ ਪਗਡੰਡੀਆਂ ਰਾਹੀਂ ਸਾਈਕਲ ਚਲਾਉਂਦੇ ਮਨਦੀਪ ਕੋਲ ਪੁੱਜੇ ਸਨ।
ਉਨ੍ਹਾਂ ਮਨਦੀਪ ਨੂੰ ਦਾਰੂ ਪੁੱਛੀ। ਮਨਦੀਪ ਦੇ ਘਰ ਅਕਸਰ ਰੱਮ ਦੀ ਬੋਤਲ ਹੁੰਦੀ ਹੀ
ਸੀ। ਉਸ ਨੇ ਆਪਣੇ ਪਿਤਾ ਦਲੇਰ ਸਿੰਘ ਤੋਂ ਇੱਕ ਬੋਤਲ ਮਹਿਮਾਨਾਂ ਵਾਸਤੇ ਲੈ ਲਈ।
ਇੱਕ ਦੋ ਪੈੱਗ ਲਗਾ ਕੇ ਹਰਜੀਤ ਸ਼ਾਹੀ ਨੇ ਮਨਦੀਪ ਨੂੰ ਆਪਣਾ
ਰੇਡੀੳੇ ਲਿਆਉਣ ਲਈ ਕਿਹਾ ਅਤੇ ਉਸ ਨੂੰ ਬੀ ਬੀ ਸੀ ਤੇ ਲਾਉਣ ਲਈ ਵੀ ਕਿਹਾ। ਜਿਉਂ ਹੀ
ਬੀ ਬੀ ਸੀ ਚੱਲਿਆ ਤਾਂ ਪਹਿਲੀ ਖ਼ਬਰ ਇਹ ਹੀ ਕਿ ਭਾਰਤੀ ਸੈਨਾ ਸ਼੍ਰੀ ਦਰਬਾਰ ਸਾਹਿਬ
ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਅੱਤਵਾਦੀਆਂ ਨਾਲ ਘਮਸਾਣ ਦੀ ਜੰਗ ਜ਼ਾਰੀ ਹੈ। ਹੁਣ
ਉਨ੍ਹਾਂ ਨੂੰ ਅਸਲੀਅਤ ਪਤਾ ਲੱਗੀ। ਫਿਰ ਤਾਂ ਪੰਜਾਬ ਦੇ ਸਾਰੇ ਲੋਕ ਹੀ ਸਾਹ ਸੂਤ ਕੇ
ਬੀ ਬੀ ਸੀ ਦੀਆਂ ਖ਼ਬਰਾਂ ਸੁਣਨ ਲੱਗੇ। ਭਾਰਤੀ ਮੀਡੀਆਂ ਤਾਂ ਅਜੇ ਕੁੱਝ ਵੀ ਦੱਸ ਨਹੀਂ
ਸੀ ਰਿਹਾ।
ਲੋਕਾਂ ਵਿੱਚ ਬੇਚੈਨੀ ਵਧਦੀ ਜਾ ਰਹੀ ਸੀ। ਸੈਨਾ ਦੇ ਘੇਰੇ
ਕਾਰਨ ਲੋਕ ਬਗਾਵਤ ਵੀ ਤਾਂ ਨਹੀਂ ਸੀ ਕਰ ਸਕਦੇ। ਮਿਲਟਰੀ ਦੇ ਸੈਨਕ ਅਸਾਲਟਾਂ ਬੀੜੀਆਂ
ਗੱਡੀਆਂ ਨਾਲ ਪਿੰਡ ਦੇ ਕਈ ਗੇੜੇ ਲਾ ਚੁੱਕੇ ਸਨ। ਉਹ ਪਿੰਡੋਂ ਲੱਸੀ ਚਾਹ ਆਲੂ ਗੰਢੇ
ਅਤੇ ਰੋਟੀਆਂ ਵੀ ਲਿਜਾ ਰਹੇ ਸਨ। ਸ਼ਾਮ ਨੂੰ ਜਦੋਂ ਮਨਦੀਪ ਆਪਣੇ ਇੱਕ ਦੋਸਤ ਨਾਲ ਨਹਿਰ
ਤੇ ਗਿਆ ਤਾਂ ਉਹ ਕੁੱਝ ਮਿਲਟਰੀ ਦੇ ਉਦਾਸ ਸਿੱਖ ਨੌਜਵਾਨਾ ਨੂੰ ਵੀ ਮਿਲਿਆ। ਜਿਨਾਂ
ਦੱਸਿਆਂ ਕਿ ਰਾਤੀ ਉਨ੍ਹਾਂ ਦੇ ਨਾਲ ਦੇ ਸਾਥੀ ਜਿਨਾਂ ਦੀ ਗਿਣਤੀ ਤਕਰੀਬਨ ਪੰਜਾਹ ਸੀ
ਅਮ੍ਰਿਤਸਰ ਗਏ ਸਨ ਤੇ ਹਮਲੇ ਵਿੱਚ ਸ਼ਾਮਲ ਹੋਏ ਸਨ। ਹੁਣ ਪਤਾ ਲੱਗਿਆ ਹੈ ਕਿ ਉਹ ਸਾਰੇ
ਦੇ ਸਾਰੇ ਹੀ ਮਾਰੇ ਗਏ ਹਨ। ਕ੍ਰਿਸ਼ਨ ਕੌਸ਼ਲ ਤਾਂ ਮਨਦੀਪ ਦਾ ਸਾਈਕਲ ਮੰਗ ਕੇ ਆਪਣੇ
ਪਿੰਡ ਮਿਆਣੀ ਨੂੰ ਚਲਾ ਗਿਆ।
ਦੂਸਰੇ ਦਿਨ ਪਤਾ ਇਹ ਵੀ ਲੱਗਿਆ ਕਿ ਹਰਜੀਤ ਸ਼ਾਹੀ ਕਹਾਣੀਕਾਰ
ਵੀ ਬੇਚੈਨੀ ਨਾ ਝੱਲਦਾ ਹੋਇਆ ਗੁਲਵੰਤ ਗਿੱਲ ਦਾ ਸਾਈਕਲ ਮੰਗ ਕੇ ਹੀ ਚੰਡੀਗੜ੍ਹ ਲਈ
ਰਵਾਨਾ ਹੋ ਗਿਆ ਸੀ। ਪੰਜਾਬ ਵਿੱਚ ਅਫਵਾਵਾਂ ਦਾ ਬਜ਼ਾਰ ਬੇਹੱਦ ਗਰਮ ਸੀ। ਕੋਈ ਕਹਿ
ਰਿਹਾ ਸੀ ਕਿ ਮਿਲਟਰੀ ਨੇ ਦਰਬਾਰ ਸਾਹਿਬ ਵੱਲ ਵਧਦੇ ਹਜ਼ਾਰਾਂ ਲੋਕ ਮਾਰ ਮੁਕਾਏ ਨੇ।
ਕੋਈ ਕਹਿ ਰਿਹਾ ਸੀ ਕਿ ਦਰਬਾਰ ਸਾਹਿਬ ਬਿਲਕੁੱਲ ਢਹਿ ਢੇਰੀ ਹੋ ਗਿਆ ਏ ਤੇ ਹੁਣ
ਸਿੱਖਾਂ ਦੇ ਜੀਣ ਦਾ ਕੋਈ ਵੀ ਹੱਜ ਨਹੀਂ। ਕਈ ਲੋਕੀ ਕਹਿ ਰਹੇ ਸਨ ਕਿ ‘ਹਿੰਦੂ ਲੱਡੂ
ਵੰਡ ਰਹੇ ਨੇ ਤੇ ਕਹਿ ਰਹੇ ਨੇ ਕਿ ਹੁਣ ਪਤਾ ਲੱਗੂ ਵੱਡੇ ਖਾੜਕੂਆਂ ਨੂੰ’ ਹਿੰਦੂ
ਪਰਿਵਾਰ ਇੰਦਰਾ ਗਾਂਧੀ ਨੂੰ ਦੁਰਗਾ ਦੀ ਅਵਤਾਰ ਆਖ ਰਹੇ ਸਨ। ਪੰਜ ਜੂਨ ਦੀਆਂ ਖ਼ਬਰਾਂ
ਵਿੱਚ ਬੀ ਬੀ ਸੀ ਨੇ ਫੇਰ ਦੱਸਿਆ ਕਿ ਦਰਬਾਰ ਸਾਹਿਬ ਸਮੂਹ ਵਿੱਚ ਲਗਾਤਾਰ ਭਾਰੀ
ਗੋਲਾਬਾਰੀ ਜ਼ਾਰੀ ਹੈ।
ਮਨਦੀਪ ਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਸੀ ਆਈ। ਲਹੂ ਹੀ
ਲਹੂ ਅਤੇ ਦਰਬਾਰ ਸਾਹਿਬ ਸਹਿਬ ਦੀ ਬੇਅਦਬੀ ਦੇ ਸਪਨੇ ਆਉਂਦੇ ਰਹੇ। ਲਾਸ਼ਾਂ ਨਾਲ
ਭਰਿਆਂ ਹੋਇਆ ਸਰੋਵਰ ਉਸ ਦੇ ਜ਼ਹਿਨ ਵਿੱਚ ਘੁੰਮ ਰਿਹਾ ਸੀ। ਛੇ ਜੂਨ ਸਵੇਰੇ ਉਸ ਨੇ
ਖ਼ਬਰਾਂ ਵਿੱਚ ਸੁਣਿਆ ਕਿ ਹਮਲੇ ਵਿੱਚ ਹੁਣ ਤੱਕ 240 ਅੱਤਵਾਦੀ ਮਾਰੇ ਗਏ ਹਨ ਅਤੇ 47
ਫੌਜੀ ਵੀ ਸ਼ਹੀਦ ਹੋਏ ਹਨ। ਖ਼ਬਰਾਂ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਸ਼੍ਰੋਮਣੀ
ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਮੋਰਚੇ
ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਵੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ
ਹੈ।ਪਰ ਸੰਤ ਜਰਨੈਲ਼ ਸਿੰਘ ਦੀ ਅਜੇ ਵੀ ਕੋਈ ਉੱਘ ਸੁੱਘ ਨਹੀਂ ਸੀ। ਫੇਰ ਇੱਕ ਖ਼ਬਰ ਨਸ਼ਰ
ਹੋਈ ਕਿ ਦਰਬਾਰ ਸਾਹਿਬ ਸਮੂਹ ਦੀ ਬਿਜਲੀ ਅਤੇ ਪਾਣੀ ਕੱਟ ਦਿੱਤੇ ਗਏ ਹਨ। ਫੌਜਾਂ
ਅੰਦਰ ਜਾ ਚੁੱਕੀਆਂ ਨੇ ਅਤੇ ਅਪਰੇਸ਼ਨ ਬਲਿਊ ਸਟਾਰ ਜਾਰੀ ਹੈ। ਦਰਬਾਰ ਸਾਹਿਬ ਤੋਂ
ਕੀਰਤਣ ਦਾ ਪ੍ਰਸਾਰਣ ਤਾਂ ਪਹਿਲਾਂ ਹੀ ਬੰਦ ਹੋ ਚੁੱਕਾ ਸੀ। ਕਿਸੇ ਨੂੰ ਹੁਣ ਕੋਈ ਪਤਾ
ਨਹੀਂ ਸੀ ਕਿ ਉੱਥੇ ਕੀ ਹੋ ਰਿਹਾ ਹੈ।
ਫੇਰ ਸੱਤ ਜੂਨ ਦੀ ਸਵੇਰ ਇਹ ਖ਼ਬਰ ਵੀ ਆ ਗਈ ਕਿ ਜਰਨੈਲ ਸਿੰਘ
ਭਿੰਡਰਾਂਵਾਲੇ ਦੀ ਲਾਸ਼ ਮਿਲ ਚੁੱਕੀ ਹੈ ਅਤੇ ਉਸਦੇ ਨਾਲ ਉਸਦਾ ਸਾਥੀ ਅਮਰੀਕ ਸਿੰਘ ਜੋ
ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ, ਵੀ ਮਾਰਿਆ ਜਾ ਚੁੱਕਾ ਹੈ। ਬੀ ਬੀ ਸੀ ਨੇ
ਇਹ ਭੇਤ ਵੀ ਖੋਹਲ ਦਿੱਤਾ ਕਿ ਸਿੱਖਾ ਦੀ ਮੁਕੱਦਸ ਇਮਾਰਤ ਅਕਾਲ ਤਖਤ ਨੂੰ ਭਾਰਤੀ
ਸੈਨਾ ਨੇ ਬੰਬਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਢਾਹ ਢੇਰੀ ਕਰ ਦਿੱਤਾ ਹੈ। ਦਰਬਾਰ
ਸਮੂਹ ਵਿਚਲੇ ਅਕਾਲ ਬੁੰਗੇ ਨੂੰ ਵੀ ਤਹਿਸ਼ ਨਹਿਸ਼ ਕਰ ਦਿੱਤਾ ਗਿਆ ਹੈ। ਤੇ ਹਰਮੰਦਰ
ਸਾਹਿਬ ਨੂੰ ਵੀ ਗੋਲੀਆਂ ਲੱਗੀਆਂ ਨੇ।
ਖ਼ਬਰਾਂ ਪੜ੍ਹਨ ਵਾਲਾ ਦੱਸ ਰਿਹਾ ਸੀ ਕਿ ਹਰ ਪਾਸੇ ਲਾਸ਼ਾ ਹੀ
ਲਾਸ਼ਾਂ ਅਤੇ ਖ਼ੂਨ ਹੀ ਖ਼ੂਨ ਹੈ। ਸੈਂਕੜੇ ਲਾਸ਼ਾਂ ਸਰੋਵਰ ਵਿੱਚ ਤਰ ਰਹੀਆਂ ਨੇ। ਇਹ
ਖ਼ਬਰਾਂ ਸੁਣਨ ਸਾਰ ਮਿਲਟਰੀ ਵਿੱਚ ਸਿੱਖ ਫੌਜੀਆਂ ਨੇ ਬਗਾਵਤ ਕਰ ਦਿੱਤੀ। ਉਹ ਹਥਿਆਰਾਂ
ਸਮੇਤ ਬੈਰਕਾਂ ਵਿਚੋਂ ਦੌੜ ਪਏ। ਕਈਆਂ ਨੂੰ ਗੋਲੀਆਂ ਵੀ ਮਾਰ ਦਿੱਤੀਆਂ ਗਈਆਂ। ਪੰਜਾਬ
ਦੇ ਅਨੇਕਾਂ ਹੋਰ ਗੁਰਦੁਆਰਿਆਂ ਵਿੱਚ ਵੀ ਸੈਨਾ ਨੇ ਹੱਲਾ ਬੋਲ ਦਿੱਤਾ।
ਸਾਰੇ ਪੰਜਾਬ ਦੇ ਲੋਕ ਹੀ ਭੜਕ ਉੱਠੇ। ਉਸ ਦਿਨ ਬਹੁਤਿਆਂ ਦੇ
ਘਰਾਂ ਵਿੱਚ ਰੋਟੀ ਨਾ ਪੱਕੀ। ਲੋਕ ਗੁੱਸੇ ਨਾਲ ਕੰਬਦੇ ਲਹੂ ਦੇ ਅਥਰੂ ਚੋਅ ਰਹੇ ਸਨ।
ਧਾਰਮਿਕ ਭਾਵਨਾਵਾਂ ਨੂੰ ਲੱਗੀ ਠੇਸ ਕਾਰਨ ਉਨ੍ਹਾਂ ਦੇ ਹਿਰਦੇ ਛਲਣੀ ਹੋ ਗਏ ਸਨ।
ਮਨਦੀਪ ਵੀ ਤਾਂ ਧੁਰ ਅੰਦਰ ਤੱਕ ਹਿੱਲ ਗਿਆ ਸੀ। ਉਸ ਦਿਨ ਬਹੁਤ ਸਾਰੀਆਂ ਗੱਲਾਂ ਉਸ
ਦੇ ਦਿਮਾਗ ਵਿੱਚ ਘੁਮਦੀਆਂ ਰਹੀਆਂ। ਉਹ ਖੇਤਾਂ ਨੂੰ ਤੁਰ ਗਿਆ ਫੇਰ ਬੇਵਸੀ ਅਤੇ
ਗੁੱਸੇ ਵਿੱਚ ਅੰਨੇ ਵਾਹ ਕਹੀ ਚਲਾਉਂਦਾ ਰਿਹਾ।
|