WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 46

ਸਮੁੰਦਰ ਮੰਥਨ (PDF, 568KB)    


ਭਿੰਡਰਾਂਵਾਲੇ ਸੰਤਾਂ ਦੀ ਪਾਲਿਸੀ ਅਤੇ ਸੰਘਰਸ਼ ਸਬੰਧੀ ਤੌਰ ਤਰੀਕਿਆਂ ਨਾਲ ਭਾਵੇਂ ਮਨਦੀਪ ਕਦੀ ਵੀ ਸਹਿਮਤ ਨਹੀਂ ਸੀ ਰਿਹਾ ਪਰ ਜਿਸ ਤਰੀਕੇ ਨਾਲ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ, ਇਹ ਵੀ ਸਰਕਾਰ ਦਾ ਕੋਈ ਵਧੀਆ ਤਰੀਕਾ ਨਹੀਂ ਸੀ। ਉਸ ਦੀ ਮੌਤ ਨੇ ਅਤੇ ਦਰਬਾਰ ਸਾਹਿਬ ਤੇ ਹੋਏ ਘਿਨਾਉਣੇ ਹਮਲੇ ਨੇ ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹਮਲਾ ਉਸ ਦਿਨ ਕੀਤਾ ਗਿਆ ਸੀ, ਜਿਸ ਦਿਨ ਦਰਬਾਰ ਸਾਹਿਬ ਸਮੂਹ ਵਿੱਚ ਸ਼੍ਰੀ ਗੁਰੂ ਅਰਜਣ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਸੀ। ਸਧਾਰਨ ਲੋਕ ਜੋ ਗੁਰੂ ਦੇ ਦਰਬਾਰ ਨਤਮਸਤਕ ਹੋਣ ਗਏ ਸਨ, ਸਭ ਭੁੰਨ ਸੁੱਟੇ ਸਨ। ਦੁੱਧ ਪੀਂਦੇ ਬੱਚੇ ਵੀ ਨਾਂ ਬਖਸ਼ੇ ਗਏ। ਪੱਗਾਂ ਦਾੜੀਆਂ ਵਾਲਿਆਂ ਨੂੰ ਤਾਂ ਪਿੱਠ ਪਿੱਛੇ ਹੱਥ ਬੰਨ ਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ ਸੀ। ਜੋ ਪ੍ਰਕਰਮਾ ਹਰ ਰੋਜ਼ ਦੁੱਧ ਅਤੇ ਪਵਿੱਤਰ ਜਲ ਨਾਲ ਧੋਤੀ ਜਾਂਦੀ ਸੀ ਅੱਜ ਲਹੂ ਨਾਲ ਗੜੁੱਚ ਸੀ। ਹਵਾ ਵਿੱਚ ਬਾਰੂਦ ਅਤੇ ਲਾਸ਼ਾਂ ਦੀ ਦੁਰਗੰਧ, ਪੰਜਾਬ ਦੇ ਘਰਾਂ ਵਿੱਚ ਬੈਠੇ ਲੋਕ ਵੀ ਮਹਿਸੂਸ ਕਰ ਰਹੇ ਸਨ।

ਮਨਦੀਪ ਨੂੰ ਉਹ ਦਿਨ ਵੀ ਯਾਦ ਆਇਆ ਜਦੋਂ ਇੱਕ ਦਿਨ ਗੁਰਤਾਰ ਸਿੰਘ ਜਲਾਲ ਅਤੇ ਮਨਦੀਪ ਦਾ ਕਾਲਜ ਪੜ੍ਹਦਾ ਦੋਸਤ ਦਮਨ ਇੱਕ ਦਿਨ ਮੋਟਰ ਸਾਈਕਲ ਤੇ ਉਸ ਕੋਲ ਆਏ ਸਨ। ਅਪਰੈਲ ਦਾ ਮਹੀਨਾ ਅਜੇ ਸ਼ੁਰੂ ਹੀ ਹੋਇਆ ਸੀ। ਦਮਨ ਨੇ ਦੱਸਿਆ ਸੀ ਕਿ “ਗੁਰਤਾਰ ਦੇ ਐਤਕੀ ਜਿਲ੍ਹਾ ਲਧਿਆਣਾ ਦੇ ਯੂਥ ਵਿੰਗ ਦਾ ਪ੍ਰਧਾਨ ਬਣ ਜਾਣ ਦੀ ਪੂਰੀ ਉਮੀਦ ਹੈ। ਪਰ ਇਸ ਕੰਮ ਲਈ ਉਸ ਨੇ ਆਪਣੀ ਤਾਕਤ ਦਾ ਸਬੂਤ ਹਾਈ ਕਮਾਂਡ ਨੂੰ ਦੇਣਾ ਹੈ। ਜਿਸ ਲਈ ਆਪਾਂ ਧਰਮ ਯੁੱਧ ਮੋਰਚੇ ਲਈ ਏਥੋਂ ਪੰਜ ਟਰੱਕ ਭਰਕੇ ਅਮ੍ਰਿਤਸਰ ਲਿਜਾਣੇ ਨੇ। ਪੰਜ ਸੌ ਬੰਦੇ ਦਾ ਵਾਹਦਾ ਕੀਤਾ ਹੋਇਆ ਏ। ਉੱਥੇ ਸਾਰੀ ਅਕਾਲੀ ਲੀਡਰਸ਼ਿੱਪ ਵੀ ਹੋਊ। ਪੂਰੀ ਬਹਿ ਜਾ ਬਹਿ ਜਾ ਕਰਵਾਉਣੀ ਹੈ। ਤੂੰ ਉੱਠ ਸਾਡੇ ਨਾਲ ਤੁਰ। ਟਰੱਕਾਂ ਦਾ ਪ੍ਰਬੰਧ ਅਸੀਂ ਕਰ ਲਿਆ ਹੈ”

“ਬੱਸ ਆਪਣੇ ਨਾਲ ਪੜ੍ਹਦੇ ਜਾਂ ਜਾਣ ਪਛਾਣ ਵਾਲੇ ਸਾਰੇ ਮੁੰਡੇ ਆਪਾਂ ਇਕੱਠੇ ਕਰਨੇ ਨੇ। ਅੱਜ ਤੇ ਕੱਲ, ਆਪਾਂ ਪਿੰਡ ਪਿੰਡ ਜਾਣਾ ਹੈ। ਰਸਤੇ ਵਿੱਚੋਂ ਜਸਦੀਪ ਨੇ ਵੀ ਕਾਰ ਲੈ ਕੇ ਆਪਣੇ ਨਾਲ ਚੱਲਣਾ ਹੈ। ਕੱਲ ਕਲਾਂ ਨੂੰ ਜੇ ਤੇਰਾ ਕੋਈ ਨੌਕਰੀ ਬਗੈਰਾ ਦਾ ਕੰਮ ਹੋਇਆ ਤਾਂ ਤੂੰ ਗੁਰਤਾਰ ਨੂੰ ਦੱਸੀਂ…। ਉਹ ਕਰਵਾਉਣ ਦਾ ਵਾਹਦਾ ਕਰਦਾ ਹੈ। ਬੱਸ ਤਿਆਰ ਹੋ ਜਾ ਹੁਣ ਜਲਦੀ”। ਮਨਦੀਪ ਆਪਣੀ ਮਾਂ ਨੂੰ ਇਹ ਹੀ ਗੱਲ ਦੱਸਕੇ ਗੁਰਤਾਰ ਉਨ੍ਹਾਂ ਨਾਲ ਤੁਰ ਗਿਆ।

ਉਸ ਦਿਨ ਉਹ ਕਈ ਲੋਕਾਂ ਦੇ ਘਰ ਗਏ। ਜਦੋਂ ਉਹ ਕਾਲਜ ਪੜ੍ਹਦੇ ਨਾਜ਼ਰ ਸਿੰਘ ਦੇ ਘਰ ਗਏ, ਤਾਂ ਉਸ ਦਾ ਪਹਿਲਾ ਸਵਾਲ ਇਹ ਹੀ ਸੀ ਕਿ “ਅਮ੍ਰਿਤਸਰ ਜਾ ਕੇ ਭਿੰਡਰਾਂਵਾਲੇ ਸੰਤਾਂ ਨੂੰ ਵੀ ਮਲਾਉਂਗੇ?”

ਉਸਦੇ ਪਿਉ ਜਗੀਰ ਸਿੰਘ ਨੇ ਚਾਹ ਪੀਂਦਿਆਂ ਦੱਸਿਆ। ਕਿ “ਉਨ੍ਹਾਂ ਦੀ ਡੇਰੇ ਨਾਲ ਲੱਗਦੀ ਜ਼ਮੀਨ ਨੂੰ ਡੇਰੇ ਵਾਲੇ ਬਾਬਿਆਂ ਨੇ ਆਪਣੇ ਗੁੰਡਿਆਂ ਰਾਹੀਂ ਧੱਕੇ ਨਾਲ ਕਬਜ਼ਾ ਕਰ ਲਿਆ। ਅਸੀਂ ਸਰਕਾਰੇ ਦਰਬਾਰੇ ਫਿਰ ਕੇ ਹੰਭ ਗਏ ਹਾਂ ਪਰ ਉਨ੍ਹਾਂ ਦੀ ਰਾਜਨੀਤਕ ਲੋਕਾਂ ਨਾਲ ਏਨੀ ਸਾਂਝ ਹੈ ਕਿ ਉਹ ਸਾਡੀ ਕੋਈ ਵਾਹ ਨਹੀਂ ਜਾਣ ਦਿੰਦੇ। ਸੁਣਿਆ ਹੈ ਕਿ ਇਸ ਤਰ੍ਹਾਂ ਦੇ ਕਬਜ਼ੇ ਛਡਾਉਣ ਲਈ ਭਿੰਡਰਾਂਵਾਲੇ ਸੰਤਾਂ ਦੀ ਇੱਕੋ ਚਿੱਠੀ ਕਾਫੀ ਆ। ਜੇ ਚਿੱਠੀ ਦਵਾ ਦਵੋਂ ਫੇਰ ਤਾਂ ਭਾਂਵੇਂ ਸਾਰੇ ਟੱਬਰ ਨੂੰ ਹੀ ਮੋਰਚੇ ‘ਚ ਲੈ ਚੱਲੋ”

ਗੁਰਤਾਰ ਨੇ ਰਾਜਨੀਤਕਾਂ ਵਾਲਾ ਵਾਹਦਾ ਠੋਕ ਕੇ ਕਰ ਲਿਆ ਕਿ “ਕਿਉਂ ਨਹੀਂ, ਜਰੂਰ ਮਿਲਾਵਾਂਗੇ” ਨਾਜ਼ਰ ਸਿੰਘ ਬੋਲਿਆ “ਜੇ ਹਥਿਆਰ ਦੀ ਲੋੜ ਪੈ ਗਈ ਕੀ ਉਹ ਵੀ ਦਵਾ ਦਉਂ ਗੇ? ਡੇਰੇ ਵਾਲਿਆਂ ਨਾਲ ਤਾਂ ਫੇਰ ਮੈਂ ਆਪੇ ਹੀ ਸਮਝ ਲਊਂ”।ਗੁਰਤਾਰ ਬੋਲਿਆ “ਤੂੰ ਸੰਤਾਂ ਨਾਲ ਆਪੇ ਗੱਲ ਕਰ ਲਈ ਉਹ ਜਵਾਬ ਨੀ ਦਿੰਦੇ”

11 ਅਪਰੈਲ ਦਾ ਦਿਨ ਸੀ। ਜਲਾਲ ਪਿੰਡ ਦੇ ਗੁਰਦੁਵਾਰੇ ਵਿੱਚ ਇੱਕ ਵੱਡਾ ਪੰਡਾਲ ਸਜਿਆ ਹੋਇਆ ਸੀ। ਨੀਲੀਆਂ ਪੱਗਾਂ ਤੇ ਪੀਲੀਆਂ ਪੱਟੀਆਂ ਸਜਾਈਂ ਸੈਕੜੇ ਲੋਕ ਢਾਡੀ ਵਾਰਾਂ ਦਾ ਆਨੰਦ ਮਾਣ ਰਹੇ ਸਨ। ਇਸ ਪੰਡਾਲ ਵਿੱਚ ਅੱਜ ਬਹੁਤੇ ਨੌਜਵਾਨ ਹੀ ਨਜ਼ਰ ਆ ਰਹੇ ਸਨ। ਜਿਉਂ ਹੀ ਇਲਾਕੇ ਦੇ ਅਕਾਲੀ ਲੀਡਰਾਂ ਵਿੱਚ ਘਿਰੀ ਬੀਬੀ ਗੁਰਲੇਪ ਕੌਰ ਮੈਂਬਰ ਪਾਰਲੀਮੈਂਟ ਪੰਡਾਲ ਵਿੱਚ ਪਹੁੰਚੀ ਤਾਂ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ। ਬੀਬੀ ਨੇ ਕਿਹਾ “ਮੈਨੂੰ ਅੱਗੇ ਤੋਂ ਅੱਗੇ ਤੋਂ ਸਰਦਾਰਨੀ ਗੁਰਲੇਪ ਕੌਰ ਕਿਹਾ ਜਾਵੇ। ਇਹ ਮੋਰਚਾ ਸਰਦਾਰੀਆਂ ਬਚਾਉਣ ਲਈ ਹੀ ਤਾਂ ਲਾਇਆ ਗਿਆ ਹੈ”

ਫੇਰ ਆਨੰਦਪੁਰ ਮਤੇ ਦੀਆਂ ਗੱਲਾਂ, ਮਰਜੀਵੜੇ ਬਣਨ ਦੀਆਂ ਗੱਲਾਂ। ਅੰਤ ਗੁਰਤਾਰ ਸਿੰਘ ਨੂੰ ਹਾਰ ਪਾਕੇ ਸਨਮਾਨਿਤ ਕੀਤਾ ਗਿਆ। ਉਸਦੀ ਕੁਰਬਾਨੀ ਦਾ ਮੁੱਲ ਸਮਾ ਆਉਣ ਤੇ ਪਾਉਣ ਦੀ ਗੱਲ ਵੀ ਕੀਤੀ ਗਈ। ਜੈਕਾਰਿਆਂ ਦੀ ਗੂੰਜ ਵਿੱਚ ਜਥੇ ਨੂੰ ਮੋਰਚੇ ਲਈ ਤੋਰਿਆ ਗਿਆ। ਬੈਨਰ ਲੱਗੇ ਟਰੱਕਾਂ ਵਿੱਚ ਬੈਠਣ ਸਾਰ ਸਿੰਘਾਂ ਦੇ ਜੈਕਾਰੇ ਹੋਰ ਉੱਚੇੇ ਹੋ ਗਏ। ਅਤੇ ਪੰਜ ਦੇ ਪੰਜ ਟਰੱਕ ਧਰਮ ਯੁੱਧ ਮੋਰਚੇ ‘ਚ ਗ੍ਰਿਫਤਾਰੀਆਂ ਦੇਣ ਲਈ ਅਮ੍ਰਿਤਸਰ ਵਾਲ ਰਵਾਨਾ ਹੋ ਪਏ। ਇਨ੍ਹਾਂ ਜਥਿਆਂ ਦੇ ਇੱਕ ਟਰੱਕ ਵਿੱਚ ਮਨਦੀਪ ਵੀ ਸੀ।

ਮਨਦੀਪ ਨੂੰ ਇਹ ਸਾਰੇ ਮਾਮਲੇ ਵਿੱਚ ਕਿਤੇ ਵੀ ਪੰਜਾਬ ਦੇ ਹਿੱਤਾਂ ਲਈ ਫਿਕਰਮੰਦੀ ਨਹੀਂ ਸੀ ਜਾਪੀ ਬਲਕਿ ਇਹ ਆਪਣੀ ਲੀਡਰੀ ਚਮਕਾਉਣ ਲਈ, ਸ਼ਕਤੀ ਪ੍ਰਦਰਸ਼ਨ ਦਾ ਦਿਖਾਵਾ ਜ਼ਿਆਦਾ ਸੀ। ਮਨਦੀਪ ਨੂੰ ਇਹ ਸਾਰਾ ਕੁੱਝ ਅਪਣੇ ਕਾਲਜ ਪੜ੍ਹਦੇ ਦੋਸਤ ਅਤੇ ਜਮਾਤੀ ਦਮਨ ਦੇ ਮੂੰਹ ਨੂੰ ਕਰਨਾ ਪੈ ਰਿਹਾ ਸੀ। ਇਸ ਵਾਰ ਸਲਾਨਾ ਇਮਤਿਹਾਨ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਜਾਣ ਕਾਰਨ, ਇੱਕ ਤਾਂ ਉਸ ਵਲੋਂ ਪੇਪਰਾਂ ਲਈ ਕੀਤੀ ਤਿਆਰੀ ਧਰੀ ਧਰਾਈ ਰਹਿ ਗਈ ਸੀ। ਉਹ ਆਪ ਤਾਂ ਬੇਹੱਦ ਉਦਾਸ ਸੀ ਹੀ ਪਰ ਤਾਂ ਵੀ ਆਪਣੇ ਪਿਤਾ ਦਲੇਰ ਸਿੰਘ ਪ੍ਰਤੀ ਚਿੰਤਾ ਵੀ ਉਸ ਨੂੰ ਸਤਾ ਰਹੀ ਸੀ। ਦਲੇਰ ਸਿੰਘ ਦਾ ਨਿੱਕੀ ਨਿੱੱਕੀ ਗੱਲ ਤੇ ਖਿਝਣਾ ਹੁਣ ਉਹ ਸਮਝਦਾ ਸੀ।

ਘਰ ਦੇ ਨਿਰਾਸ਼ਾ ਭਰੇ ਮਹੌਲ ‘ਚੋਂ ਨਿੱਕਲਣ ਲਈ, ਦਰਬਾਰ ਸਾਹਿਬ ਦੇ ਦਰਸ਼ਣਾ ਲਈ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਨੇੜਿਉਂ ਦੇਖਣ ਲਈ ਉਹ ਵੀ ਤਾਂ ਉਤਸੁਕ ਸੀ। ਹੁਣ ਤਾਂ ਘਰੋਂ ਵੀ ਉਸ ਨੂੰ ਕੋਈ ਬਹੁਤਾ ਰੋਕਿਆ ਟੋਕਿਆ ਨਾ ਜਾਂਦਾ। ਜੇਬ ਖਰਚ ਜੋਗੇ ਪੈਸੇ ਉਹ ਬਾਲਗ ਸਿੱਖਿਆਂ ਦੀਆਂ ਕਲਾਸਾਂ ਲਾਕੇ ਬਣਾ ਲੈਂਦਾ ਸੀ। ਇਸ ਵਾਰ ਵੀ ਉਹ ਦੋ ਸੌ ਰੁਪਿਆ ਜੇਬ ਵਿੱਚ ਪਾਕੇ ਘਰੋਂ ਨਿੱਕਲ ਪਿਆ। ਉਸ ਨੇ ਦਮਨ ਨੂੰ ਦੱਸ ਦਿੱਤਾ ਸੀ ਕਿ ਉਹ ਗ੍ਰਿਫਤਾਰੀ ਨਹੀਂ ਦਵੇਗਾ। ਬਾਕੀ ਕੁੱਝ ਮੁੰਡਿਆਂ ਨਾਲ ਅਕਾਲੀ ਲੀਡਰਸ਼ਿੱਪ ਸਾਹਮਣੇ ਵੱਡੇ ਜਥੇ ਦਾ ਇਕੱਠ ਦਿਖਾਕੇ, ਉਹ ਉਸੇ ਟਰੱਕ ਵਿੱਚ ਮੁੜ ਆਵੇਗਾ। ਦਮਨ ਨੇ ਵੀ ਮੁੜਨਾ ਸੀ। ਗੁਰਤਾਰ ਨੇ ਕਿਹਾ ਸੀ ਕਿ ਚਲੋ ਠੀਕ ਹੈ। ਇਸੇ ਸ਼ਰਤ ਤੇ ਹੀ ਉਹ ਨਾਲ ਗਿਆ ਸੀ। ਉਸ ਦੇ ਮਨ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਸੋਚਾਂ ਆ ਰਹੀਆਂ ਸਨ।

ਉਸ ਨੂੰ ਉਹ ਦਿਨ ਵੀ ਯਾਦ ਆਇਆ, ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਿਸੇ ਮੁਜ਼ਰਮ ਵਾਂਗ ਨਹੀਂ ਸਗੋਂ ਇੱਕ ਵਿਸ਼ੇਸ਼ ਵਿਅੱਕਤੀ ਦੇ ਤੌਰ ਤੇ। ਉਸ ਨੂੰ ਗੜ੍ਹੀ ਪਿੰਡ ਦੇ ਗੈਸਟ ਹਾਊਸ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਬੈਠਣ ਲਈ ਸਪੈਸ਼ਲ਼ ਪਲੰਘ ਦਾ ਇੰਤਜਾਮ ਸੀ। ਖਾਣਾ ਬਣਾਉਣ ਵਾਲੇ ਵੀ ਉਨ੍ਹਾਂ ਦੇ ਆਪਣੇ ਹੀ ਬੰਦੇ ਸਨ। ਕਹਿੰਦੇ ਅਦਾਲਤ ਦਾ ਜੱਜ ਉਨ੍ਹਾਂ ਦੀ ਸੁਣਵਾਈ ਲਈ ਖੁਦ ਆਕੇ ਪੇਸ਼ ਹੁੰਦਾ ਸੀ। ਉਦੋਂ ਪਿੰਡਾਂ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲੀਆਂ। ਕੋਈ ਕਹਿੰਦਾ ਸੀ ਕਿ ਸੰਤਾਂ ਵਿੱਚ ਤਾਕਤ ਬਹੁਤ ਹੈ। ਉਨ੍ਹਾਂ ਦੇ ਚਿਹਰੇ ਤੇ ਐਨਾ ਨੂਰ ਹੈ ਕਿ ਕੋਈ ਕੁੱਝ ਕਹਿਣ ਦੀ ਹਿੰਮਤ ਹੀ ਨਹੀਂ ਕਰਦਾ।

ਪਰ ਕਈ ਲੋਕ ਕਹਿੰਦੇ ਉਹ ਸਰਕਾਰੀ ਬੰਦਾ ਹੈ। ਦਿੱਲੀ ਵਾਲੇ ਸੰਤੋਖ ਸਿੰਘ ਦੇ ਭੋਗ ਤੇ ਇੰਦਰਾ ਗਾਂਧੀ ਨੇ ਉਸ ਦੇ ਖੁਦ ਪੈਰੀ ਹੱਥ ਲਾਇਆ ਸੀ। ਕਈ ਲੋਕ ਕਹਿੰਦੇ ਕਿ ਉਹ ਗਿਆਨੀ ਜ਼ੈਲ ਸਿੰਘ ਦਾ ਬੰਦਾ ਹੈ। ਗਿਆਨੀ ਇੱਕੋ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦਾ ਹੈ। ਆਪਣੇ ਕੱਟੜ ਵਿਰੋਧੀ ਦਰਬਾਰਾ ਸਿੰਘ ਦੇ ਰਾਜ ਵਿੱਚ ਅਫਰਾ ਤਫਰੀ ਫੈਲਾ ਕੇ ਉਹ ਉਸ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਲਹਾਉਣਾ ਚਾਹੁੰਦਾ ਹੈ।

ਕਈ ਇਹ ਵੀ ਕਹਿੰਦੇ ਕਿ ਕਾਂਗਰਸ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਨੂੰ ਦੋ ਫਾੜ ਕਰਨ ਲਈ ਉਨ੍ਹਾਂ ਦੇ ਬਰਾਬਰ ਇੱਕ ਅਜਿਹੀ ਸਖਸ਼ੀਅਤ ਖੜੀ ਕਰਨਾ ਚਾਹੁੰਦੀ ਹੈ ਜੋ ਹੌਲੀ ਹੌਲੀ ਲੋਕਾਂ ਦੇ ਦਿਲਾਂ ਤੇ ਵੀ ਕਬਜ਼ਾ ਕਰ ਲਵੇ ਅਤੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਕ ਕਮੇਟੀ ਤੇ ਵੀ। ਜੇ ਅਕਾਲੀਆਂ ਦੇ ਹੱਥੋਂ ਸ਼ਰੋਮਣੀ ਕਮੇਟੀ ਭਾਵ ਸੋਨੇ ਦੇ ਆਂਡੇ ਦੇਣ ਵਾਲੀ ਮੁਰਗ਼ੀ, ਜਿਸ ਦਾ ਸਲਾਨਾ ਬੱਜਟ ਹੀ ਪੰਜਾਬ ਸਰਕਾਰ ਦੇ ਬੱਜਟ ਦੇ ਨੇੜੇ ਸੀ, ਨਿੱਕਲ ਗਈ ਤਾਂ ਅਕਾਲੀਆਂ ਦੀ ਰੀੜ ਦੀ ਹੱਡੀ ਟੁੱਟ ਜਾਵੇਗੀ ਤੇ ਉਹ ਕਦੇ ਵੀ ਚੋਣਾ ਵਿੱਚ ਕਾਂਗਰਸ ਨੂੰ ਮਾਤ ਨਹੀਂ ਦੇ ਸਕਣਗੇ।

ਮਨਦੀਪ ਸੋਚਦਾ ਰਿਹਾ ਕਿ ਪੂਰੇ ਭਾਰਤ ਦੀ ਪ੍ਰੈੱਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇੱਕ ਨਾਇਕ ਦੇ ਤੌਰ ਤੇ ਏਨਾਂ ਉਭਾਰਿਆ ਸੀ, ਕਿ ਤਕਰੀਬਨ ਹਰ ਪਰਚੇ ਵਿੱਚ ਹੀ ਉਸਦੀਆਂ ਹੱਥ ਵਿੱਚ ਤੀਰ ਫੜੇ ਵਾਲੀਆਂ ਫੋਟੋਆਂ ਛਪਦੀਆਂ ਰਹੀਆਂ। ਮਨਦੀਪ ਨੇ ਵੀ ਇੱਕ ਅਜਿਹਾ ਹੀ ਇੱਕ ਲੇਖ ਪੜ੍ਹਿਆ ਜਿਸ ਦਾ ਸਿਰਲੇਖ ਸੀ ‘ਨਾ ਮੈਂ ਅੱਤਵਾਦੀ ਨਾ ਮੈਂ ਵੱਖਵਾਦੀ ਮੈਂ ਜਰਨੈਲ ਸਿੰਘ ਭਿੰਡਰਾਂਵਾਲਾ’ ਤੇ ਉਹ ਵੀ ਪੜ੍ਹਕੇ ਬੇਹੱਦ ਪ੍ਰਭਾਵਤ ਹੋਇਆ ਸੀ। ਫੇਰ ਇੱਕ ਵਾਰ ਸਮਰਾਲੇ ਸੰਤ ਭਿੰਡਰਾਵਾਲੇ ਆਏ।ਉਨ੍ਹਾਂ ਦੇ ਨਾਲ ਸਟੇਨਗੱਨਾਂ ਵਾਲੇ ਨੌਜਵਾਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਆਏ। ਜਿਨਾਂ ਨੇ ਟਰੱਕਾਂ ਤੇ ਅਸਾਲਟਾਂ ਬੀੜੀਆਂ ਹੋਈਆਂ ਸਨ। ਉਨ੍ਹਾਂ ਨੰਗੀਆਂ ਤਲਵਾਰਾਂ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ‘ਗਾਰਡ ਆਫ ਆਨਰ’ ਵੀ ਦਿੱਤਾ ਸੀ।

ਉਸ ਦਿਨ ਪੰਜਾਬ ਪੁਲੀਸ ਚੁੱਪ ਚਾਪ ਸਾਰਾ ਕੁੱਝ ਦੇਖਦੀ ਰਹੀ ਸੀ। ਜਿਵੇਂ ਸੰਤ ਕੋਈ ਬਾਗੀ ਨਹੀਂ ਸਗੋਂ ਪੰਜਾਬ ਦਾ ਮੁੱਖ ਮੰਤਰੀ ਹੋਵੇ। ਸੰਤਾਂ ਨੇ ਸਰਕਾਰ ਦੇ ਖਿਲਾਫ ਧੂੰਆਂ ਧਾਰ ਭਾਸ਼ਨ ਕੀਤਾ। ਆਪਣੇ ਭਾਸ਼ਨ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸੱਤ ਸੱਤ ਹਿੰਦੂ ਆਂਉਦੇ ਨੇ ਜੇ ਉਹ ਸਾਡੀ ਪੱਗ ਦਾ ਲਿਹਾਜ਼ ਨਹੀਂ ਕਰਦੇ ਤਾਂ ਸਾਨੂੰ ਵੀ ਉਨ੍ਹਾਂ ਦੀਆਂ ਬੋਦੀਆਂ ਦਾ ਵੀ ਕੋਈ ਲਿਹਾਜ਼ ਨਹੀਂ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬਾਹਮਣੀ ਇੰਦਰਾ ਵੀ ਕਿਹਾ। ਤੇ ਲੋਕਾਂ ਜੋਸ਼ ਵਿੱਚ ਆ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਂਦੇ ਰਹੇ। ਪਰ ਪੁਲੀਸ ਤਮਾਸ਼ਾ ਵੇਖਦੀ ਰਹੀ।

ਸੰਤ ਭਿੰਡਰਾਂ ਵਾਲਿਆਂ ਦਾ ਭਾਸ਼ਨ ਅੱਗ ਤੇ ਪਟਰੌਲ ਪਾਉਣ ਵਰਗਾ ਸੀ। ਉਦੋਂ ਮਨਦੀਪ ਸੋਚਦਾ ਸੀ ਕਿ ਇਨ੍ਹਾਂ ਦੇ ਸੇਵਕਾਂ ਕੋਲ ਜਿੰਨੇ ਹਥਿਆਰ ਅਤੇ ਅਸਾਲਟਾਂ ਹਨ ਕੀ ਇਹ ਸਾਰੇ ਲਾਈਸੰਸੀ ਹਨ? ਜੇ ਹਨ ਤਾਂ ਸਰਕਾਰ ਨੇ ਆਪਣੇ ਵਿਰੋਧੀ ਨੂੰ ਤੇ ਪੰਜਾਬ ਵਿੱਚ ਅੱਗ ਭੜਕਾਉਣ ਵਾਲਿਆਂ ਨੂੰ ਇਹ ਲਾਈਸੰਸ ਕਿਉਂ ਤੇ ਕਿਵੇਂ ਦਿੱਤੇ? ਜੇ ਇਹ ਹਥਿਆਰ ਬਿਨਾਂ ਲਾਈਸੰਸੀ ਹਨ ਤਾਂ ਪੁਲੀਸ ਏਨ੍ਹਾਂ ਨੂੰ ਫੜਦੀ ਕਿਉਂ ਨਹੀਂ? ਕੁੱਝ ਨਾ ਕੁੱਝ ਤਾਂ ਸੀ ਜੋ ਉਸ ਵਕਤ ਸ਼ੱਕੀ ਸੀ। ਸਰਕਾਰ ਵਲੋਂ ਜਾਣ ਬੁੱਝ ਕੇ ਪੰਜਾਬ ਵਿੱਚ ਇੱਕ ਅਜਿਹਾ ਕੈਂਸਰ ਫੈਲਾਇਆ ਗਿਆ ਜੋ ਫੇਰ ਪੰਜਾਬ ਦੀ ਨਸ ਨਸ ਵਿੱਚ ਫੈਲ ਗਿਆ।

ਸਰਕਾਰੀ ਸ਼ਹਿ ਤੇ ਹੀ ਸੰਤ ਭਿੰਡਰਾਂਵਾਲਾ ਗੁਰੂ ਨਾਨਕ ਨਿਵਾਸ ਤੋਂ ਹੁੰਦਾ ਹੁੰਦਾ ਅਕਾਲ ਤਖਤ ਤੱਕ ਪਹੁੰਚ ਗਿਆ। ਅੰਦਰ ਜਿੰਨੇ ਹਥਿਆਰ ਜਮਾਂ ਹੋਏ ਉਹ ਅਸਮਾਨੋਂ ਤਾਂ ਡਿੱਗੇ ਨਹੀਂ ਸਨ। ਐਨੀ ਸੀ ਆਰ ਪੀ ਅਤੇ ਪੁਲੀਸ ਦੇ ਹੁੰਦੇ ਹੋਏ ਕਿਸੇ ਵੀ ਨਾਕੇ ਤੇ ਉਨ੍ਹਾਂ ਹਥਿਆਰਾਂ ਨੂੰ ਰੋਕਿਆ ਕਿਉਂ ਨਾ ਗਿਆ? ਕੀ ਇਹ ਅਕਾਲੀਆਂ ਨੂੰ ਗੁੱਠੇ ਲਾਉਣ ਲਈ ਅਤੇ ਦਰਬਾਰ ਸਾਹਿਬ ਦੇ ਕਬਜ਼ਾ ਕਰਨ ਜਾਂ ਫੇਰ ਸਿੱਖਾਂ ਨੂੰ ਪਾੜ ਦੇਣ ਦੀ ਕੋਈ ਸਰਕਾਰੀ ਚਾਲ ਸੀ? ਫਰ ਜਦੋਂ ਇਹ ਚਾਲ ਰਾਸ ਨਾ ਆਈ ਤਾਂ ਸਰਕਾਰ ਨੇ ਦੇਸ਼ ਦੀਆਂ ਹਿੰਦੂ ਵੋਟਾਂ ਹਥਿਆਉਣ ਲਈ ਅਪ੍ਰੇਸ਼ਨ ਨੀਲਾ ਤਾਰਾ ਕਰ ਦਿੱਤਾ। ਹਜ਼ਾਰਾਂ ਬੇਕਸੂਰ ਲੋਕਾਂ ਦਾ ਲਹੂ ਵਹਾ ਦਿੱਤਾ ਗਿਆ। ਅੱਜ ਮਨਦੀਪ ਬੇਹੱਦ ਉਦਾਸ ਸੀ।

ਮਨਦੀਪ ਦੇ ਦਿਮਾਗ ਵਿੱਚ ਅਜੇ ਵੀ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਘੁੰਮ ਰਹੀ ਸੀ। ਜਿਸ ਦਿਨ ਉਹ ਅਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਪਹਿਲਾਂ ਤਾਂ ਪਿੰਡ ਮੁੰਡੀਆਂ ਕੋਲੋਂ ਚੜੇ ਅਕਾਲੀ ਦਲ ਦੇ ਸਿੰਘਾਂ ਵਲੋਂ ਲਿਆਂਦੀ ਅਫੀਮ ਸਭ ਨੂੰ ਵਰਤਾਈ ਗਈ ਤਾਂ ਕਿ ਉਹ ਉੱਚੀ ਆਵਾਜ਼ ਵਿੱਚ ਨਾਹਰੇ ਲਗਾਉਣ ਤੇ ਕੋਈ ਕਸਰ ਨਾ ਰਹਿ ਜਾਵੇ। ਫੇਰ ਦਰਿਆ ਬਿਆਸ ਲੰਘ ਕੇ ਇੱਕ ਵਾਰ ਫੇਰ ਕਾਲ਼ੀ ਨਾਗਣੀ ਵਰਤਾਈ ਗਈ ਸੀ। ਜਿਸ ਦੇ ਸੇਵਨ ਨੇ ਕਈਆਂ ਸਿੰਘਾਂ ਦੇ ਗਲ਼ੇ ਬਿਠਾ ਦਿੱਤੇ। ਮਨਦੀਪ ਨੂੰ ਵੀ ਦਮਨ ਨੇ ਮੱਕੀ ਦੇ ਦਾਣੇ ਜਿੰਨੀ ਖੁਆ ਦਿੱਤੀ ਸੀ। ਜਿਸ ਨੇ ਉਸ ਦੀਆਂ ਵੀ ਰਗਾਂ ਬਿਠਾ ਦਿੱਤੀਆਂ ਸਨ।

ਟਰੱਕ ਡਰਾਈਵਰਾਂ ਨੇ ਜਦੋਂ ਗੁਰਤਾਰ ਪਾਸੋਂ ਸ਼ਰਾਬ ਮੰਗੀ ਤਾਂ ਉਸ ਨੂੰ ਸ਼ਰਾਬ ਵੀ ਪਿਆਈ ਗਈ। ਸ਼ਾਮ ਦੇ ਸੱਤ ਕੁ ਵਜੇ ਸਾਰੇ ਟਰੱਕ ਹਰਮੰਦਰ ਸਾਹਿਬ ਦੇ ਸਾਹਮਣੇ ਜਾ ਪਹੁੰਚੇ। ਕੰਪਲੈਕਸ ਦਾ ਆਲਾ ਦੁਆਲਾ ਸੀ ਆਰ ਪੀ ਦੀ ਛਾਉਣੀ ਜਾਪ ਰਿਹਾ ਸੀ। ਜਦੋਂ ਉਹ ਅੰਦਰ ਵੜੇ ਤਾਂ ਸੰਤਾਂ ਦੇ ਸੇਵਕ ਅਸਾਲਟਾਂ ਵਾਲੇ ਨੌਜਵਾਨ ਟੋਲਿਆਂ ਦੇ ਰੂਪ ਵਿੱਚ ਘੁੰਮ ਰਹੇ ਸਨ। ਜਿੰਨੀ ਦੇਰ ਤੱਕ ਬਾਕੀ ਲੋਕਾਂ ਨੇ ਮੱਥਾ ਟੇਕਿਆ ਅਤੇ ਇਸ਼ਨਾਨ ਕੀਤਾ ਤਾਂ ਗੁਰਤਾਰ ਨੇ ਬਾਕੀ ਲੀਡਰਾਂ ਰਾਹੀ ਭਿੰਡਰਾਂਵਾਲੇ ਸੰਤਾਂ ਨੂੰ ਮਿਲਣ ਦੀ ਆਗਿਆ ਵੀ ਲੈ ਲਈ।

ਜਿਉਂ ਹੀ ਗੁਰੂ ਨਾਨਕ ਨਿਵਾਸ ਦੀਆਂ ਪੌੜੀਆਂ ਚੜ੍ਹੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਹਥਿਆਰਬੰਦ ਨੌਜਵਾਨਾਂ ਦੇ ਘੇਰੇ ਵਿੱਚ ਆਪਣੇ ਕਮਰੇ ਵਲ ਨੂੰ ਹੀ ਆ ਰਹੇ ਸਨ। ਉਨ੍ਹਾਂ ਸਭ ਨੂੰ ਫਤਹਿ ਬੁਲਾਈ। ਪਰ ਤੁਰੰਤ ਹੀ ਰੁਕਦੇ ਬੋਲੇ “ਤੁਹਾਡੇ ‘ਚੋਂ ਸ਼ਰਾਬ ਕੀਹਨੇ ਪੀਤੀ ਹੈ?” ਤੇ ਟਰੱਕ ਡਰਾਈਵਰ ਨੇ ਆਪਣੀ ਗਲਤੀ ਮੰਨ ਲਈ ਸੀ ਕਿ ਅੱਗੇ ਤੋਂ ਉਹ ਅਜਿਹਾ ਨਹੀਂ ਕਰੇਗਾ। ਉਸ ਨੇ ਇਹ ਵੀ ਦੱਸਿਆ ਕਿ ਉਹ ਕਲਕੱਤੇ ਦਾ ਗੇੜਾ ਲਾ ਕੇ ਆਇਆ ਹੈ ਤੇ ਬਹੁਤ ਥੱਕਿਆ ਹੋਇਆ ਸੀ ਪਰ ਜਥੇਦਾਰ ਨੂੰ ਜਵਾਬ ਨਹੀਂ ਦੇ ਸਕਿਆ।

ਸੰਤਾਂ ਨੇ ਕਿਹਾ “ਚਲੋਂ ਚੰਗੇ ਕੰਮ ਲਈ ਬੰਦੇ ਲੈ ਕੇ ਆਇਆ ਏਂ ਮੈਂ ਇਸ ਵਾਰ ਤਾਂ ਤੈਨੂੰ ਮੁਆਫ ਕਰ ਦਿੰਦਾ ਹਾਂ ਪਰ ਅੱਗੇ ਤੋਂ ਅਜਿਹਾ ਭੁੱਲ ਮਕੇ ਵੀ ਨਾ ਕਰੀਂ”
ਕਮਰੇ ‘ਚ ਹੋਈ ਗੱਲਬਾਤ ਦੌਰਾਨ ਸੰਤਾਂ ਨੇ ਡਰਾਈਵਰ ਨੂੰ ਇਹ ਵੀ ਪੁੱਛਿਆ ਸੀ ਕਿ “ਤੂੰ ਵਾਲ ਕਿਉਂ ਕਟਵਾਏ ਨੇ? ਹੁਣ ਇਨ੍ਹਾਂ ਨੂੰ ਰੱਖਣ ਦਾ ਵਾਹਦਾ ਕਰ” ਤਾਂ ਡਰਾਈਵਰ ਬੋਲਿਆ “ਜੀ ਮੈਂ ਇਹ ਝੂਠਾ ਵਾਹਦਾ ਨਹੀਂ ਕਰ ਸਕਦਾ। ਮੈਂ ਲੰਬੇ ਰੂਟ ਤੇ ਜਾਂਦਾ ਹਾਂ ਤਿੰਨ ਤਿੰਨ ਦਿਨ ਨਹਾਉਣ ਨੂੰ ਮਿਲਦੇ। ਕਈ ਵਾਰ ਗਰਮੀ ਵੀ ਬਹੁਤ ਹੁੰਦੀ ਐ । ਜਿੱਥੇ ਦੇਖਿਆਂ ਨਹਾ ਲਈਦਾ ਏ…ਮੇਰੇ ਤੋਂ ਕੇਸ ਨਹੀਂ ਰੱਖੇ ਜਾਣੇ” ਉਹ ਭੋਲੇ ਪਣ ਵਿੱਚ ਇਹ ਵੀ ਕਹਿ ਗਿਆ ਕਿ “ਜੇ ਮੇਰੇ ਵਾਂਗੂੰ ਤੁਸੀਂ ਵੀ ਲੰਬੇ ਰੂਟ ਤੇ ਟਰੱਕ ਚਲਾਉਣਾ ਹੋਵੇ ਤੁਸੀਂ ਵੀ ਐਦਾਂ ਨਹੀਂ ਸੀ ਰਹਿ ਸਕਦੇ। ਅਸੀਂ ਸਿੱਖਾਂ ਦੇ ਮੁੰਡੇ ਹਾਂ ਪਰ ਦਸਾਂ ਨੌਹਾਂ ਦੀ ਕਮਾਈ ਕਰਕੇ ਟੱਬਰ ਪਾਲਦੇ ਹਾਂ। ਬਾਬਾ ਵੀ ਇਹ ਗੱਲ ਜਾਣਦਾ ਹੋਊ”। ਪਰ ਸੰਤਾਂ ਨੇ ਉਸ ਨਾਲ ਵਹਿਸ ਵਿੱਚ ਪੈਣਾ ਠੀਕ ਨਾ ਸਮਝਿਆ ਤੇ ਨਾ ਹੀ ਉਨ੍ਹਾਂ ਨੂੰ ਕੋਈ ਢੁਕਵਾਂ ਉੱਤਰ ਔੜਿਆ।

ਉਸ ਤੋਂ ਬਾਅਦ ਸੰਤ ਆਪਣੇ ਕਮਰੇ ਵਿੱਚ ਪਲੰਘ ਤੇ ਬੈਠੇ ਗੱਲਾਂ ਕਰਦੇ ਰਹੇ। ਉਨ੍ਹਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਸਵਾਲ ਜਵਾਬ ਵੀ ਹੋਏ। ਦੋ ਸਵਾਲ ਮਨਦੀਪ ਨੇ ਵੀ ਕੀਤੇ ਇੱਕ ਸਵਾਲ ਇਹ ਸੀ ਕਿ “ਜਿਸ ਤਰ੍ਹਾਂ ਮੀਡੀਆ ਕਹਿੰਦਾ ਹੈ ਕਿ ਆਪ ਹਿੰਦੂਆਂ ਨੂੰ ਨਫਰਤ ਕਰਦੇ ਹੋ ਜਦ ਕਿ ਸਿੱਖੀ ਅਨੁਸਾਰ ਸਾਰੇ ਪ੍ਰਮਾਤਮਾਂ ਦਾ ਅੰਸ਼ ਹਨ?”

ਤਾਂ ਸੰਤ ਭਿੰਡਰਾਵਾਲੇ ਬੋਲੇ “ਮੀਡੀਆ ਝੂਠ ਬੋਲਦਾ ਹੈ। ਮੈਨੂੰ ਰੋਜ਼ ਰੋਟੀ ਖਵਾਉਣ ਵਾਲਾ ਵੀ ਇੱਕ ਹਿੰਦੂ ਲੜਕਾ ਹੈ। ਮੈਂ ਤਾਂ ਕਦੇ ਉਸ ਨੂੰ ਵਾਲ ਰੱਖਣ ਨੂੰ ਵੀ ਨਹੀਂ ਕਿਹਾ। ਮੈ ਤਾਂ ਕਹਿੰਦਾ ਹਾਂ ਕਿ ਹਿੰਦੂ ਪੱਕਾ ਹਿੰਦੂ ਬਣੇ ਸਿੱਖ ਪੱਕਾ ਸਿੱਖ ਹੋਵੇ ਤੇ ਮੁਸਲਮਾਨ ਪੱਕਾ ਮੁਸਲਮਾਨ।

ਦੂਸਰਾ ਸਵਾਲ ਇਹ ਸੀ ਕਿ “ਤੁਹਾਡੀਆਂ ਪਾਲਿਸੀਆਂ ਅਤੇ ਨਕਸਲੀਆਂ ਦੇ ਸਮਾਜਵਾਦ ਵਿੱਚ ਕੀ ਫਰਕ ਹੈ? ਤਾਂ ਸੰਤ ਬੋਲੇ “ਮੇਰਾ ਆਪਣਾ ਭਤੀਜਾ ਸਵਰਨ ਵੀ ਨਕਸਲੀ ਰਿਹਾ ਹੈ। ਹੁਣ ਵੀ ਸਾਡੇ ਨਾਲ ਕਈ ਸਿੰਘ ਨੇ ਹਨ ਜੋ ਪਹਿਲਾਂ ਨਕਸਲੀ ਲਹਿਰ ਵਿੱਚ ਵੀ ਰਹੇ ਨੇ। ਅਸਲ ਵਿੱਚ ਦੋਨੋ ਸਮਾਜ ਦੀ ਬੇਹਤਰੀ ਅਤੇ ਹੱਕਾਂ ਲਈ ਲੜ੍ਹਦੇ ਨੇ ਤੇ ਦੋਨੋ ਵਕਤ ਆਉਣ ਤੇ ਹਥਿਆਰ ਬੰਦ ਸੰਘਰਸ਼ ਦੇ ਹਮਾਇਤੀ ਨੇ। ਦੋਨਾਂ ਦੀ ਹੀ ਟੱਕਰ ਸੈਂਟਰ ਸੈਂਟਰ ਸਰਕਾਰ ਨਾਲ ਹੈ। ਸਰਕਾਰ ਜਿਸ ਤਰ੍ਹਾਂ ਨਕਸਲੀਆਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਦੀ ਸੀ ਹੁਣ ਸਾਡੇ ਸਿੰਘਾ ਨੂੰ ਵੀ ਮਾਰ ਰਹੀ ਐੈ। ਸਾਨੂੰ ਆਨੰਦਪੁਰ ਦਾ ਮਤਾ ਮਨਵਾਉਣ ਕੁਰਬਾਨੀਆਂ ਦੇਣੀਆ ਹੀ ਪੈਣਗੀਆਂ”

ਅਜੇ ਗੱਲਾਂ ਹੋ ਹੀ ਰਹੀਆਂ ਸਨ ਕਿ ਮਨਦੀਪ ਦਾ ਦਿਲ ਕੱਚਾ ਹੋਣ ਲੱਗ ਪਿਆ ਸੀ ਤੇ ਉਲਟੀ ਵੀ ਆਉਣ ਲੱਗੀ। ਉਲਟੀ ਕਰਨ ਲਈ ਉਹ ਗੁਰੂ ਨਾਨਕ ਨਿਵਾਸ ਤੋਂ ਬਾਹਰ ਦੌੜਦਾ ਹੋਇਆ ਨਿਕਲਿਆ। ਉਸੇ ਵਕਤ ਸੀ ਆਰ ਪੀ ਦੇ ਜਵਾਨਾ ਦੀਆਂ ਕਈ ਅਸਾਲਟਾਂ ਉਸ ਵਲ ਤਣ ਗਈਆ।

ਉਸ ਨੇ ਬਾਹਰ ਨਿੱਕਲ ਕੇ ਉਲਟੀ ਕਰ ਦਿੱਤੀ ਅਤੇ ਦੱਸਿਆ ਕਿ ਉਹ ਤਾਂ ਬਿਮਾਰ ਹੈ ਤਾਂ ਕਿਤੇ ਸੈਕੜੇ ਸਵਾਲਾਂ ਦੇ ਉੱਤਰ ਦੇਣ ਬਾਅਦ ਉਸਦਾ ਖਹਿੜਾ ਛੁੱਟਿਆ ਸੀ। ਉਸ ਰਾਤ ਉਹ ਵਾਪਸ ਮੁੜ ਆਏ ਪਰ ਸੰਤ ਭਿੰਡਰਾਵਾਲਾ ਗੱਲਬਾਤ ਦੌਰਾਨ ਉਸ ਨੂੰ ਕੋਈ ਬਹੁਤਾ ਖਤਰਨਾਕ ਵਿਅੱਕਤੀ ਨਾ ਜਾਪਿਆ। ਜਿਵੇਂ ਉਸ ਨੂੰ ਮੀਡੀਆ ਪੇਸ਼ ਕਰ ਰਿਹਾ ਸੀ। ਬਲਕਿ ਉਨ੍ਹਾਂ ਤਾਂ ਸਾਰੇ ਸਵਾਲਾਂ ਦੇ ਜਵਾਬ ਬੜੇ ਚੰਗੇ ਤਰੀਕੇ ਨਾਲ ਅਤੇ ਸਹਿਜ ਹੋ ਕੇ ਦਿੱਤੇ ਸਨ। ਜਿਸ ਨਾਲ ਮਨਦੀਪ ਹੁਣ ਦਿਲੋਂ ਉਨ੍ਹਾਂ ਦੀ ਇੱਜਤ ਕਰਨ ਲੱਗ ਪਿਆ। ਸੰਤਾਂ ਦੀ ਸਖਸ਼ੀਅਤ ਦਾ ਮਨਦੀਪ ਤੇ ਬਹੁਤ ਡੂੰਘਾ ਅਸਰ ਪਿਆ ਸੀ।

ਇਸੇ ਗੱਲਬਾਤ ਦੌਰਾਨ ਜਦੋਂ ਨਾਜ਼ਰ ਸਿੰਘ ਨੇ ਸੰਤਾਂ ਨੂੰ ਪੁੱਛਆ “ਕੀ ਮੈਨੂੰ ਰਿਵਾਲਵਰ ਮਿਲ ਸਕਦਾ ਹੈ?” ਤਾਂ ਸੰਤ ਬੋਲੇ “ਤੂੰ ਸਾਡੇ ਕੋਲ ਹੀ ਰਹਿ ਪਾ…ਤੇ ਸੰਘਰਸ਼ ‘ਚ ਸ਼ਾਮਲ ਹੋ ਜਾ, ਫੇਰ ਭਾਵੇਂ ਏ ਕੇ 47 ਲੈ ਲਈਂ” ਨਾਜ਼ਰ ਸਿੰਘ ਨੇ ਗੁਰਤਾਰ ਨੂੰ ਕਿਹਾ “ਮੇਰੇ ਘਰ ਦੱਸ ਦਿਉ ਮੈਂ ਤਾਂ ਹੁਣ ਸੰਤਾਂ ਕੋਲ ਹੀ ਰਹਾਂਗਾ” ਤੇ ਫੇਰ ਇੱਕ ਮਹੀਨਾ ਉਹ ਉਥੇ ਹੀ ਰਿਹਾ ਸੀ।

ਮਈ 1984 ਦੇ ਆਖਰੀ ਹਫਤੇ ਉਹ ਮਨਦੀਪ ਨੂੰ ਲੁਧਿਆਣੇ ਤੋਂ ਆਉਣ ਵਾਲੀ ਇੱਕ ਬੱਸ ਵਿੱਚ ਮਿਲਿਆ। ਉਸ ਨੇ ਹੁਣ ਦਾੜੀ ਰੱਖੀ ਹੋਈ ਸੀ ਤੇ ਸਿਰ ਤੇ ਕੇਸਰੀ ਪੱਗ ਵੀ ਬੰਨੀ ਹੋਈ ਸੀ। ਉਸ ਨੇ ਦੱਸਿਆ ਕਿ “ਸੰਤਾਂ ਪਾਸੋਂ ਅਮ੍ਰਿਤ ਛਕ ਲਿਆ ਹੈ ਤੇ ਹੁਣ ਅਸੀਂ ਸੰਤਾਂ ਦੇ ਹੀ ਹੋ ਗਏ ਹਾਂ” ਉਸ ਨੇ ਮਨਦੀਪ ਨੂੰ ਕਿਹਾ ਕਿ ਅਠਾਈ ਮਈ ਨੂੰ ਫੇਰ ਮੈਂ ਅਮ੍ਰਿਤਸਰ ਜਾ ਰਿਹਾ ਹਾਂ ਤੂੰ ਵੀ ਮੇਰੇ ਨਾਲ ਚੱਲ। ਆਪਾਂ ਗੁਰੂ ਅਰਜਣ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੋਂ ਬਾਅਦ ਵਾਪਸ ਆ ਜਾਵਾਂਗੇ” ਪਰ ਮਨਦੀਪ ਨੇ ਕਿਹਾ ਸੀ ਕਿ ਉਹ ਸੋਚ ਕੇ ਦੱਸੇਗਾ। ਜਦੋ ਉਸ ਨੇ ਘਰ ਗੱਲ ਕੀਤੀ ਤਾਂ ਮਨਦੀਪ ਦੇ ਪਿਤਾ ਦਲੇਰ ਸਿੰਘ ਨੇ ਸਖਤੀ ਨਾਲ ਉਸ ਨੂੰ ਅਮ੍ਰਿਤਸਰ ਜਾਣੋ ਮਨਾ ਕਰ ਦਿੱਤਾ ਕਿ “ਘਰੇ ਨਹੀ ਅਰਾਮ ਨਾਲ ਬੈਠ ਹੁੰਦਾ ਉੱਤੋਂ ਹਾਲਾਤ ਐਨੇ ਖ਼ਰਾਬ ਨੇ”

ਫੇਰ ਇਸੇ ਗੁਰਪੁਰਬ ਤੇ ਹੀ ਇਹ ਭਾਣਾ ਵਰਤ ਗਿਆ। ਹਜ਼ਾਰਾਂ ਬੇਕਸੂਰ ਲੋਕ ਗੋਲੀਆਂ ਨਾਲ ਭੁੰਨ ਸੁੱਟੇ। ਬੀ ਬੀ ਸੀ ਦੀਆਂ ਖ਼ਬਰਾਂ ਸੁਣ ਸੁਣ ਬਚਨ ਕੌਰ ਧਰਤੀ ਨਮਸਕਾਰਦੀ ਕਹਿ ਰਹੀ ਸੀ “ਹੇ ਸੱਚਿਆ ਪਤਾਸ਼ਾਹ ਤੂੰ ਮੇਰੇ ਪੁੱਤ ਨੂੰ ਹੱਥ ਦੇ ਕੇ ਬਚਾ ਲਿਆ। ਨਹੀਂ ਤਾਂ ਅਸੀ ਪੱਟੇ ਜਾਂਦੇ”

ਪਰ ਮਨਦੀਪ ਸੋਚਦਾ ਸੀ “ਜਿਹੜੇ ਉੱਥੇ ਮਾਰੇ ਗਏ ਉਹ ਵੀ ਤਾਂ ਕਿਸੇ ਮਾਂ ਦੇ ਪੁੱਤ ਹੀ ਹੋਣਗੇ” ਸੱਤ ਜੂਨ ਨੂੰ ਉਨ੍ਹਾਂ ਖੂਹੀ ਵਿੱਚ ਮੋਟਰ ਧਰਨੀ ਸੀ ਜਿਸ ਕਰਕੇ ਦਲੇਰ ਸਿੰਘ ਦੇ ਕਹਿਣ ਤੇ ਮਨਦੀਪ ਖੇਤ ਤਾਂ ਚਲਾ ਗਿਆ ਪਰ ਕੰਮ ਨੂੰ ਉਸਦੀ ਵੱਢੀ ਰੂਹ ਨਹੀਂ ਸੀ ਕਰਦੀ। ਉਸਦਾ ਆਪ ਮੁਹਾਰੇ ਰੋਣ ਨਿੱਕਲ ਰਿਹਾ ਸੀ। ਫੇਰ ਉਹ ਕਈ ਰਾਤਾਂ ਸੌਂ ਨਾ ਸਕਿਆ। ਬੱਚਿਆਂ ਦੇ ਚੀਕ ਚਿਹਾੜੇ, ਲਹੂ ਲਹੂ ਹੀ ਲਹੂ, ਲਾਸ਼ਾਂ ਨਾਲ ਭਰਿਆਂ ਸਰੋਵਰ ਉਸਦੇ ਸੁਪਨੇ ਵਿੱਚ ਜਦੋਂ ਆਂਉਂਦੇ ਤਾਂ ਉਹ ਧੰਧਕ ਕੇ ਉੱਠ ਖੜਦਾ। ਪਤਾ ਨਹੀਂ ਪੰਜਾਬ ਵਾਸੀਆਂ ਲਈ ਇਹ ਕਿਸ ਤਰ੍ਹਾਂ ਦਾ ਇਮਤਿਹਾਨ ਸੀ ਜੋ ਉਨ੍ਹਾਂ ਦੀਆਂ ਨੀਦਾਂ ਉਡਾ ਕੇ ਲੈ ਗਿਆ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com