WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 35

ਸਮੁੰਦਰ ਮੰਥਨ (PDF, 568KB)    


ਆਖਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਮਨਦੀਪ ਨੇ ਨਾਨਕੇ ਛੱਡ ਆਪਣੇ ਪਿੰਡ ਰਾਮਪੁਰੇ ਨੂੰ ਜਾਣਾ ਸੀ। ਜਿੱਥੇ ਗੁਰਬਚਨ ਕੌਰ ਰੁੜਕੀ ਤੋਂ ਆਕੇ, ਹੁਣ ਆਪਣੇ ਦੂਜੇ ਦੋ ਪੁੱਤਰਾਂ ਨਾਲ ਰਹਿ ਰਹੀ ਸੀ ਅਤੇ ਤੀਜੇ ਨੂੰ ਵੀ ਬੜੀ ਸ਼ਿੱਦਤ ਨਾਲ ਉਡੀਕ ਰਹੀ ਸੀ। ਧਰਮਾਂ ਅਤੇ ਮਨਦੀਪ ਸਰਕਾਰੀ ਮਿਡਲ ਸਕੂਲ ਪੱਟੀਆਂ ਤੋਂ ਆਪਣਾ ਅੱਠਵੀਂ ਦਾ ਸਰਟੀਫੀਕੇਟ ਅਤੇ ਕਰੈਕਟਰ ਸਰਟੀਫੀਕੇਟ ਲੈ ਆਏ ਸਨ। ਉਸ ਦਿਨ ਅੱਖੜ ਸਮਝਿਆ ਜਾਂਦਾ ਹਿਸਾਬੀਆ ਅਤੇ ਡਰਾਂਇਗੀਆ ਮਾਸਟਰ ਰਾਮ ਪ੍ਰਤਾਪ ਜਿਸ ਨੂੰ ਦੋ ਉੱਚੇ ਦੰਦਾਂ ਕਾਰਨ ਨਿਆਣੇ ਦੁੱਗੜ ਕਹਿੰਦੇ ਸੀ ਉਹ ਵੀ ਉਨਾਂ ਨੂੰ ਬੜੇ ਪਿਆਰ ਨਾਲ ਮਿਲਿਆ ਸੀ। ਉਹ ਮਾੜੀ ਜਿਹੀ ਗਲਤੀ ਪਿੱਛੇ ਹੀ ਵਿਦਿਆਰਥੀਆਂ ਨੂੰ ਬੇਕਿਰਕ ਹੋ ਕੇ ਕੁਟਾਪਾ ਚਾੜਦਾ ਅਤੇ ਸੀ। ਕਈ ਤਾਂ ਉਸ ਨੂੰ ਜਮਦੂਤ ਵੀ ਕਹਿੰਦੇ ਸਨ।

ਰਾਪ ਪ੍ਰਤਾਪ ਨੇ ਉੱਚੇ ਦੰਦਾ ਵਿੱਚ ਮੁਸਕ੍ਰਾਉਦੇ ਆਖਿਆ ਸੀ ‘ਵਿੱਛੜ ਚੱਲੀ ਫੇਰ ਹੰਸਾ ਦੀ ਜੋੜੀ’ ਪਰ ਅਦਤ ਅਨੁਸਾਰ ਅੱਜ ਉਸ ਨੇ ਇਹ ਨਹੀਂ ਸੀ ਕਿਹਾ ‘ਕੀਹਦੇ ਪੇ ਨੂੰ ਪੁੱਛ ਕੇ ਚੱਲੇ ਓਂ?’ ਹਰ ਗੱਲ ਨਾਲ ਪੇ ਕਹਿਣਾ ਉਸਦਾ ਤਕੀਆ ਕਲਾਮ ਸੀ। ਉਹ ਨਿਆਣਿਆਂ ਨੂੰ ਅਕਸਰ ਆਖਦਾ “ਥਾਡੇ ਪੇ ਨੇ ਜੰਮਕੇ ਮੇਰੇ ਗਲ਼ ਪਾ ਤੇ’ ਹੁਣ ਪੇ ਤੋਂ ਪੁੱਛੋ, ਜਾ ਕੇ ਇਹ ਨੰਬਰੀ ਦੇ ਸੁਆਲ? ਹਰਾਮਜਾਦੇ ਨਾ ਹੋਣ ਕਿਸੇ ਥਾਂ ਦੇ…। ਅਲਜ਼ਬਰਾ ਤਾਂ ਕੀ ਆਉਣਾ ਹੈ ਅਜੇ ਤੱਕ ਲਘੁੱਤਮ ਕੱਢਣਾ ਨੀ ਔਂਦਾ” ਉਹ ਕਲਾਸ ਵਿੱਚ ਰੂਲ (ਕੁਟਾਪੇ ਵਾਲਾ ਡੰਡਾ) ਫੜਕੇ ਹੀ ਵੜਦਾ ਜਿਵੇਂ ਕੋਈ ਜਲਾਦ ਹੋਵੇ। ਕਈਆਂ ਦੇ ਤਾਂ ਦੇਖ ਹੀ ਪਜਾਮੇ ਭਿੱਜ ਜਾਂਦੇ। ਗਿੱਲਾ ਪਜਾਮਾ ਦੇਖ ਕੇ ਤਾਂ ਉਹ ਦੰਦ ਕਰੀਚਣ ਲੱਗ ਪੈਂਦਾ।

ਮਾਸਟਰ ਰਾਮ ਸਰੂਪ ਉਸ ਦੇ ਬਿਲਕੁੱਲ ਉਲਟ ਜੀ। ਜੋ ਹਿੰਦੀ ਵਾਲੀ ਮਾਸਟਰਨੀ ਨਾਲ ਇਸ਼ਕ ਲੜਾਉਂਦਾ ਰਹਿੰਦਾ। ਮੁੰਡਿਆ ਤੋਂ ਗੀਤ ਸੁਣਦਾ ਤੇ ਚੁਟਕਲੇ ਸੁਣਾਉਂਦਾ ਰਹਿੰਦਾ। ਆਪਣੇ ਕਈ ਚਹੇਤਿਆ ਤੋਂ ਸਾਗ ਛੱਲੀਆਂ ਅਤੇ ਗੰਨੇ ਵੀ ਮੰਗਵਾਂਉਦਾ ਰਹਿੰਦਾ। ਅੱਜ ਵੀ ਉਸ ਨੇ ਕਿਹਾ ਸੀ ਜੋੜੀਏ ਪਾਸ ਕੇ ਚੱਲੇ ਓਂ ਕੋੲ ਿਤੱਤਾ ਤੱਤਾ ਗੁੜ, ਗੰਨੇ ਜਾਂ ਵੇਲਣੇ ਤੋਂ ਤਾਜਾ ਰਸ ਹੀ ਲੈ ਆਂਉਦੇ।

ਮਨਦੀਪ ਦੇ ਧਰਮਾਂ ਦੋ ਵਾਰ ਉਸ ਨੂੰ ਛੱਲੀਆਂ ਤੇ ਸਾਗ, ਮਾਛੀਵਾੜੇ ਜਾ ਉਸ ਦੇ ਘਰ ਸਾਈਕਲ ਤੇ ਲਟਾਪੀਂਘ ਹੁੰਦੇ ਜਾਕੇ ਦੇ ਆਏ ਸਨ। ਪਰ ਫੇਰ ਵੀ ਉਸ ਦੀ ਰੂਹ ਨਹੀਂ ਸੀ ਰੱਜਦੀ।

ਇਸੇ ਸਕੂਲ ਵਿੱਚ ਮਾਸਟਰ ਸੁਜਾਨ ਸਿੰਘ ਅਤੇ ਧਰਮਪਾਲ ਵੀ ਸਨ। ਮਾਸਟਰ ਧਰਮਪਾਲ ਨੇ ਮਨਦੀਪ ਨੂੰ ਥਾਪੜਾ ਦਿੰਦੇ ਹੋਏ ਹੋਏ ਕਿਹਾ ਸੀ ‘ਆਪਣੇ ਅੰਦਰਲੇ ਕਲਾਕਾਰ ਨੂੰ ਮਰਨ ਨਾ ਦੇਵੀਂ ਤੂੰ ਜਰੂਰ ਕੁੱਝ ਬਣੇਗਾ’ ਤੇ ਉਸ ਨੇ ਹੀ ਮਨਦੀਪ ਨੂੰ ਹਰ ਸ਼ਨਿੱਚਰਵਾਰ ਨੂੰ ਹੋਣ ਵਾਲੇ ਬਾਲ-ਦਰਬਾਰ ਵਿੱਚ ਬੋਲਣ ਲਾਇਆ ਸੀ। ਹੁਣ ਤਾਂ ਉਹ ਗਾ ਵੀ ਲੈਂਦਾ ਸੀ ਤੇ ਆਪਣੀ ਲਿਖੀ ਸਕਿੱਟ ਵੀ ਖੇਡਦਾ। ਇਸ ਲੜੀਵਾਰ ਸਕਿੱਟ ਵਿੱਚ ਉਹ ਫੌਜਾ ਸਿਉਂ ਦਾ ਰੋਲ ਕਰਦਾ। ਜਿਸ ਕਰਕੇ ਨਾਲ ਦੇ ਮੁੰਡੇ ਉਸ ਨੂੰ ਫੌਜਾ ਸਿੰਘ ਹੀ ਕਹਿਣ ਲੱਗ ਪਏ ਸਨ।

ਇਸ ਸਕੂਲ ਵਿੱਚ ਕੁੜੀਆਂ ਵੀ ਪੜ੍ਹਦੀਆਂ ਸਨ ਪਰ ਉਹ ਕਦੇ ਕਿਸੇ ਮੁੰਡੇ ਨਾਲ ਗੱਲ ਨਾ ਕਰਦੀਆਂ। ਜੇ ਕੋਈ ਗੱਲ ਕਰਦੀ ਵੀ ਲੋਕ ਉਂਜ ਹੀ ਉਸਦੀਆਂ ਗੱਲਾਂ ਬਣਾ ਦਿੰਦੇ। ਉਹ ਤਾਂ ਬੱਸ ਮੁੰਡਿਆਂ ਦੀਆਂ ਸ਼ਕਾਇਤਾਂ ਹੀ ਲਾਉਂਦੀਆਂ ਰਹਿੰਦੀਆਂ। ਮਨਦੀਪ ਆਖਰੀ ਵਾਰ ਮਿਲਣਾ ਚਾਹੁੰਦਾ ਹੋਇਆ ਵੀ ਕਿਸੇ ਕੁੜੀ ਨੂੰ ਮਿਲ ਨਾ ਸਕਿਆ। ਇਹ ਰਿਵਾਜ਼ ਹੀ ਨਹੀਂ ਸੀ।

ਆਖਰੀ ਦਿਨ ਮਨਦੀਪ ਬਿੰਦੀ ਨੂੰ ਮਿਲਣ ਬਾਰੇ ਸੋਚਣ ਲੱਗਿਆ। ਪਰ ਕੋਈ ਵੀ ਸਬੱਬ ਨਹੀਂ ਸੀ ਬਣ ਰਿਹਾ। ਉਹ ਉਸ ਨਾਲ ਜੀ ਭਰਕੇ ਗੱਲਾਂ ਕਰਨੀਆਂ ਚਾਹੁੰਦਾ ਸੀ। ਆਖਿਰ ਐਤਵਾਰ ਵਾਲੇ ਦਿਨ ਉਸਦਾ ਪਿਤਾ ਦਲੇਰ ਸਿੰਘ ਉਸ ਨੂੰ ਲੈਣ ਆ ਹੀ ਪਹੁੰਚਾ। ਉਸ ਦਿਨ ਪਿੰਡ ਵਿੱਚ ਭੈਰੋਂ ਦਾ ਰੋਟ ਲੱਗਣਾ ਸੀ। ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਚਿੜੀਆਂ ਨੇ ਭੈਰੋਂ ਦਾ ਚੂਰਮਾਂ ਲੈ ਸਮਾਧਾਂ ਤੇ ਜਾਣਾ ਸੀ। ਮਨਦੀਪ ਨੂੰ ਪੂਰੀ ਆਸ ਸੀ ਕਿ ਅੱਜ ਬਿੰਦੀ ਉਸ ਨੂੰ ਉਥੇ ਜਰੂਰ ਦਿਸੇਗੀ। ਪਰ ਆਪਣੇ ਪਿਤਾ ਨੂੰ ਵੇਖ ਕੇ ਉਸਦਾ ਦਿਲ ਟੁੱਟ ਗਿਆ। ਉਸ ਨੂੰ ਤਾਂ ਲੱਗਦਾ ਸੀ ਕਿ ਦੋ ਚਾਰ ਦਿਨਾਂ ਤੱਕ ਉਸਦਾ ਮਾਮਾ ਛੱਡ ਕੇ ਆਊ, ਪਰ ਅਚਾਨਕ ਇਹ ਕੀ ਹੋ ਗਿਆ ਸੀ। ਉਸ ਨੇ ਆਨੀ ਬਹਾਨੀ ਕਈ ਗੇੜੇ ਵੀਹੀ ਵਿੱਚ ਵੀ ਲਾਏ ਪਰ ਬਿੰਦੀ ਬਾਹਰ ਹੀ ਨਾ ਨਿੱਕਲੀ। ਜਿਉਂ ਜਿਉਂ ਮਹਿਤਾਬ ਕੌਰ ਉਸਦੇ ਕੱਪੜੇ ਝੋਲਿਆਂ ਵਿੱਚ ਪਾ ਰਹੀ ਸੀ ਤਾਂ ਉਸ ਦਾ ਰੋਣ ਨਿੱਕਲ ਰਿਹਾ ਸੀ।

ਏਨੇ ਨੂੰ ਬਲਕਾਰ ਸਿੰਘ ਘਰ ਆ ਗਿਆ। ਉਸ ਨੇ ਕਿਹਾ ਕਿ ਦਿਨ ਢਲੇ ਚਲੇ ਜਾਇਉ। ਆਉ ਅਜੇ ਹਵੇਲੀ ਚੱਲਦੇ ਹਾਂ ਨਾਲੇ ਧਰਮੇ ਨੇ ਵੀ ਤਾਂ ਤਿਆਰੀ ਕਰਨੀ ਹੈ। ਦਲੇਰ ਸਿੰਘ ਨੇ ਮਨਦੀਪ ਨੂੰ ਨਾਲ ਹੀ ਚੱਲਣ ਨੂੰ ਕਿਹਾ। ਰਸਤੇ ਵਿੱਚ ਦੇਖਿਆਂ ਕੁੜੀਆਂ ਬਰੋਟੇ ਤੇ ਪੀਂਘ ਝੂਟ ਰਹੀਆਂ ਸਨ ਪਰ ਬਿੰਦੀ ਨਹੀਂ ਸੀ। ਸਾਂਝੀ ਖੂਹੀ ਅੱਗੇ ਬਣੇ ਚਬੂਤਰੇ ਤੇ ਕਾਕਾ ਮਹਿਰਾ ਭੈਰੋਂ ਦਾ ਰੋਟ ਪਕਾ ਰਿਹਾ ਸੀ। ਬਲਕਾਰ ਸਿੰਘ ਆਪਣੀ ਆਦਤ ਮੁਤਾਬਕ ਵਿਸਥਾਰ ਵਿੱਚ ਦੱਸ ਰਿਹਾ ਸੀ।ਕਿ ਅੱਜ ਸਾਡੇ ਪਿੰਡ ਭੈਰੋਂ ਦਾ ਰੋਟ ਹੈ। ਔਰਤਾਂ ਭੈਰੋਂ ਦਾ ਚੂਰਮਾ ਲੈ ਸਮਾਧਾਂ ਤੇ ਮੱਥਾ ਟੇਕਣ ਜਾਂਦੀਆਂ ਨੇ। ਗੋਰਖ ਨਾਥ ਵਾਂਗ ਭੈਰੋਂ ਨਾਥ ਵੀ ਬੜਾ ਪ੍ਰਸਿੱਧ ਜੋਗੀ ਹੋਇਆ ਹੈ।

ਸਾਹਨੇਵਾਲ ਕੋਲ ਵਸਿਆ ਪਿੰਡ ਭੈਰੋਂ ਮੁੰਨਾ ਇਸੇ ਜੋਗੀ ਦੇ ਨਾਂ ਤੇ ਹੈ। ਜਿੱਥੇ ਕਦੇ ਇਸਦਾ ਟਿੱਲਾ ਹੋਇਆ ਕਰਦਾ ਸੀ। ਸਾਡੇ ਇਲਾਕੇ ਵਿੱਚ ਇਸਦਾ ਬੜਾ ਪ੍ਰਭਾਵ ਰਿਹਾ ਹੈ। ਹੁਣ ਵੀ ਇਸਦੇ ਚੇਲੇ ਭੈਰੋਂ ਭਰੀ ਕਹਾਉਂਦੇ ਨੇ ਤੇ ਅਕਸਰ ਗਜ਼ਾ ਕਰਨ ਆਂਉਦੇ ਰਹਿੰਦੇ ਨੇ। ਇਹ ਮੂੰਹੋ ਬੋਲਕੇ ਖੇਰ ਨਹੀਂ ਮੰਗਦੇ ਬੱਸ ਟੱਲ ਖੜਕਾਉਂਦੇ ਅੱਗੇ ਪਿੱਛੇ ਹੋਈ ਜਾਂਦੇ ਨੇ, ਤੇ ਕਦੇ ਟਿਕ ਕੇ ਨਹੀਂ ਖੜ੍ਹਦੇ।

ਫੇਰ ਮਾਮਾ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦੀ ਮੰਨਤਾ ਬਹੁਤ ਸੀ। ਉਸਦੀ ਮੌਤ ਪਿੱਛੋਂ ਲੋਕਾਂ ਨੇ ਉਸ ਦੀ ਯਾਦ ਵਿੱਚ ਅਸਥਨ ਬਣਾ ਲਏ ਅਤੇ ਪੂਜਾ ਕਰਨ ਲੱਗ ਪਏ। ਦਲੇਰ ਸਿੰਘ ਨੇ ਪੁੱਛਿਆ ਇਹ ਚੂਰਮਾ ਕੀ ਹੁੰਦਾ ਹੈ? ਤਾਂ ਬਲਕਾਰ ਸਿੰਘ ਨੇ ਦੱਸਿਆ ਕਿ ‘ਚੂਰੀ…’ ਮੱਕੀ ਦੀਆਂ ਰੋਟੀਆਂ ਨੂੰ ਘਿਉ ਸ਼ੱਕਰ ਵਿੱਚ ਗੁੰਨ ਕੇ ਉਸ ਦੇ ਪਿੰਨੇ ਕੀਤੇ ਜਾਂਦੇ ਨੇ। ਕਹਿੰਦੇ ਨੇ ਭੈਰੋਂ ਨਾਥ ਨੂੰ ਇਹ ਚੂਰੀ ਬਹੁਤ ਪਸੰਦ ਸੀ। ਉਸ ਦੇ ਸ਼ਰਧਾਲੂ ਉਦੋਂ ਵੀ ਉਸ ਨੂੰ ਚੂਰੀ ਲੈ ਕੇ ਜਾਂਦੇ ਸਨ। ਤੇ ਇਸੇ ਕਰਕੇ ਇਹ ਹੁਣ ਵੀ ਚੂਰਮਾਂ ਚੜਾਇਆ ਜਾਂਦਾ ਹੈ। ਫੇਰ ਮੱਥਾ ਟੇਕ ਕੇ, ਬਾਕੀ ਲੋਕਾਂ ਵਿੱਚ ਵੰਡ ਦਿੱਤਾ ਜਾਂਦਾ ਹੈ।

ਬਲਕਾਰ ਸਿੰਘ ਨੇ ਕਿਹਾ ਇਹ ਮੇਲੇ ਦਾ ਤਾਂ ਮਨਦੀਪ ਨੂੰ ਬਹੁਤ ਚਾਅ ਹੁੰਦਾ ਹੈ। ਮੇਰੀ ਮੰਨੋ ਅੱਜ ਮੇਲਾ ਦੇਖੋ ਨਾਲੇ ਰਾਤ ਨੂੰ ਗੱਲਾਂ ਮਾਰਾਂਗੇ। ਸਵੇਰੇ ਹੀ ਚਲੇ ਜਾਇਉ।

ਆਖਿਰ ਉਸ ਨੇ ਦਲੇਰ ਸਿੰਘ ਨੂੰ ਰਾਤ ਰਹਿਣ ਲਈ ਮਨਾ ਹੀ ਲਿਆ। ਮਨਦੀਪ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਗਿਆ। ਉਹ ਅੰਦਰਲੇ ਘਰ ਨੂੰ ਦੌੜਿਆ ਤਾਂ ਕਿ ਮਾਮੀ ਹਰਦੇਵ ਕੌਰ ਨਾਲ ਭੈਰੋਂ ਦੀ ਸਮਾਧ ਤੇ ਮੱਥਾ ਟੇਕਣ ਜਾ ਸਕੇ। ਉਧਰ ਮਾਮਾ ਪਸ਼ੂਆਂ ਨੂੰ ਝਿੜਕ ਰਿਰਾ ਸੀ ਕਿ ਦੇਖ ਕਿਵੇਂ ਭੈਰਵੀ ਲੱਗੀ ਹੈ। ਮਨਦੀਪ ਆਪੇ ਸਮਝ ਗਿਆ ਕਿ ਇਸ ਗੱਲ ਦੇ ਤਾਰ ਵੀ ਭੈਰੋਂ ਨਾਥ ਨਾਲ ਜਾਂ ਭੈਰੋਂ ਭਰੀ ਸਾਧਾਂ ਨਾਲ ਹੀ ਜੁੜੇ ਹੋਣਗੇ। ਮੁੜਕੇ ਆਉਂਦੇ ਨੂੰ ਅਚਾਨਕ ਬਿੰਦੀ ਦਿਖ ਗਈ ਜੋ ਆਪਣੀ ਵੱਡੀ ਭਾਬੀ ਨਾਲ ਮੱਥਾ ਟੇਕਣ ਜਾ ਰਹੀ ਸੀ। ਭਾਬੀ ਦੇ ਹੱਥ ਢਕੀ ਹੋਈ ਥਾਲੀ ਸੀ ਤੇ ਬਿੰਦੀ ਕੋਲ ਅੱਗ ਦੀ ਡੋਈ ਜਿਸ ਵਿੱਚੋਂ ਧੂੰਆਂ ਨਿੱਕਲ ਰਿਹਾ ਸੀ। ਜਦ ਉਹ ਮੁਸਕਰਾਈ ਤਾਂ ਮਨਦੀਪ ਨੂੰ ਉਸ ਦਾ ਚਿਹਰਾ ਅੰਗਿਆਰ ਵਾਂਗੂੰ ਦਗਦਾ ਲੱਗਿਆ। ਪਰ ਉਸਦੇ ਦੇ ਮਨ ਅੰਦਰੋ ਨਿੱਕਲਦਾ ਉਦਾਸੀ ਦਾ ਧੂੰਆਂ, ਤਾਂ ਕਿਸੇ ਨੂੰ ਵੀ ਨਜ਼ਰ ਨਹੀਂ ਸੀ ਆਉਂਣਾ।

ਦੂਸਰੇ ਦਿਨ ਦੀ ਸਵੇਰ ਹੋਈ। ਮਨਦੀਪ ਰਣੀਆ ਆਂ ਛੱਡਕੇ ਰਾਮਪੁਰੇ ਨੂੰ ਤੁਰ ਰਿਹਾ ਸੀ। ਜਿਵੇਂ ਕਿਸੇ ਨੂੰ ਫਾਂਸੀ ਲੱਗਣੀ ਹੋਵੇ। ਘੋਰ ਉਦਾਸੀ ‘ਚ ਡੁੱਬੇ ਨੂੰ ਜਾਪਿਆ ਜਿਵੇਂ ਨਾਨੀ ਮਹਿਤਾਬ ਕੌਰ ਜਿਵੇਂ ਰੋਅ ਰਹੀ ਸੀ। ਚਿੜੀਆਂ, ਜਨੌਰ, ਪਸ਼ੂ ਪੰਛੀ ਜਿਵੇਂ ਸਭ ਰੋਅ ਰਹੇ ਸਨ। ਕਾਲੂ ਅਤੇ ਭੂਰੂ ਨਾਂ ਦੇ ਕੁੱਤੇ ਅੱਜ ਵੀ ਉਸ ਤੋਂ ਕੁੱਝ ਖਾਣ ਲਈ ਮੰਗ ਰਹੇ ਸਨ। ਸੁੰਘ ਸੁੰਘ ਕੇ ਚੂੰ ਚੂੰ ਕਰਦੇ ਉਸਦੇ ਆਲੇ ਦੁਆਲੇ ਘੁੰਮ ਰਹੇ ਸਨ। ਉਧਰ ਮਾੜੀ ਵਾਲੇ ਅੰਬਾਂ ਨੂੰ ਬੂਰ ਪੈ ਗਿਆ ਸੀ। ਜਲਦੀ ਹੀ ਅੰਬੀਆਂ ਵੀ ਲੱਗ ਜਾਣੀਆਂ ਸਨ। ਕੋਇਲਾਂ ਵੀ ਉਸੇ ਤਰ੍ਹਾਂ ਕੂਕਣੀਆਂ ਸਨ। ਰੂੜੀਆਂ ਅਤੇ ਵਾੜਾਂ ਵਿੱਚ ਕੂਲੇ ਪੱਤਿਆਂ ਵਾਲੇ ਅੰਬ ਦੇ ਬੂਟੇ ਵੀ ਉਸੇ ਤਰ੍ਹਾਂ ਉੱਗਣੇ ਸਨ। ਪਰ ਮਨਦੀਪ ਨੇ ਨਹੀਂ ਸੀ ਹੋਣਾ। ਅੱਕ ਕੱਕੜੀ ਦੇ ਫੰਬਿਆਂ ਵਾਂਗ ਉਸ ਨੂੰ ਤਾਂ ਹਾਲਾਤ ਦੀ ਹਨੇਰੀ ਉਡਾਕੇ ਲੈ ਚੱਲੀ ਸੀ। ਕੱਲ ਨੂੰ ਕਿਸੇ ਬਹਾਨੇ ਜਦੋਂ ਬਿੰਦੀ ਨੇ ਕੋਠੇ ਚੜ੍ਹ ਕੇ ਲੰਬੜਾਂ ਦੇ ਘਰ ਵਲ ਤੱਕਣਾ ਸੀ ਤਾਂ ਉਸ ਨੂੰ ਕੁੱਝ ਵੀ ਨਜ਼ਰ ਨਹੀਂ ਸੀ ਆਉਣਾ। ਮਨਦੀਪ ਆਪ ਮੁਹਾਰੇ ਨਿੱਕਲ ਗਏ ਅਥਰੂ ਨਿੱਕਲ ਗਏ ਜੋ ਉਸ ਨੇ ਬਾਂਹ ਨਾਲ ਹੀ ਪੂੰਝ ਸੁੱਟੇ।

ਅੱਜ ਉਸਦਾ ਭਾਵੁਕ ਮਨ ਕਿਸੇ ਪਿੰਜਣੀ ਵਿੱਚ ਪਿੰਜਿਆ ਜਾ ਰਿਹਾ ਸੀ। ਉਸ ਦੇ ਦੋਸਤ ਵੀ ਜਾਣ ਦਾ ਪਤਾ ਲੱਗਣ ਤੇ ਮਿਲਣ ਆਏ। ਮਾਣੂ, ਤੋਤਾ, ਸ਼ਿੰਦਾ ਤੇ ਕੇਸੂ ਵੀ ਬਹੁਤ ਉਦਾਸ ਸਨ। ਭੂਰੀ ਕੱਟੀ ਅਤੇ ਪੰਜ ਕਲਿਆਣੀ ਮੱਝ ਮੂੰਹ ਚੁੱਕ ਚੁੱਕ ਅੜਿੰਗ ਰਹੀਆਂ ਸਨ। ਉਨ੍ਹਾਂ ਨੂੰ ਪਾਣੀ ਅੱਜ ਪਤਾ ਨਹੀਂ ਕਿਸ ਨੇ ਪਿਆਉਣਾ ਸੀ। ਪਾਣੀ ਪਿਆਉਣ ਦਾ ਟਾਈਮ ਤਾਂ ਹੋ ਚੁੱਕਿਆ ਸੀ। ਅੱਜ ਤਾਂ ਉਸ ਨੂੰ ਕਿਸੇ ਨੇ ਕਹਿਣਾ ਵੀ ਨਹੀਂ ਸੀ, ਕਿਉਂਕਿ ਉਹ ਹੁਣ, ਇਸ ਘਰ ਦਾ ਹਿੱਸਾ ਨਹੀਂ ਸੀ ਰਿਹਾ।
ਅੱਜ ਜਦੋਂ ਉਹ ਨਹਾ ਕੇ ਹਟਿਆਂ ਤਾਂ ਮਹਿਤਾਬ ਕੌਰ ਨੇ ਹਮੇਸ਼ਾਂ ਦੀ ਤਰ੍ਹਾਂ ਜੂੜਾ ਗੁੰਦ ਕੇ ਸਿਰ ਤੇ ਰੁਮਾਲ ਬੰਨ ਦਿੱਤਾ ਨਾਲੇ ਕਿਹਾ ਕੇ ‘ਹੁਣ ੳੱਥੇ ਜਾਕੇ ਸਾਫਾ ਬੰਨਿਆ ਕਰੀ ਸੁੱਖ ਨਾਲ ਤੂੰ ਜਵਾਨ ਹੋ ਗਿਆ ਏਂ’।

ਤੁਰਨ ਲੱਗੇ ਮਨਦੀਪ ਸਾਰੇ ਨੂੰ ਸਭ ਜੱਫੀ ਪਾ ਕੇ ਮਿਲੇ। ਪਰ ਮਹਿਤਾਬ ਕੌਰ ਦੇ ਡੱਕੇ ਅਥਰੂਆਂ ਦਾ ਬੰਨ ਉਛਾਲਾ ਮਾਰ ਗਿਆ। ਉਹ ਤਾਂ ਅੱਜ ਇਹ ਵੀ ਨਾ ਕਹਿ ਸਕੀ, ‘ਨੰਦ ਆ ਨੀ ਨੰਦ ਆ ਇਹ ਤਾਂ ਮੇਰਾ ਚੰਦ ਆ’ ਬੱਸ ਚੁੱਪ ਚੁਪੀਤੀ ਨੇ ਪੰਜ ਰੁਪਈਏ ਉਸ ਦੀ ਜੇਬ ਵਿੱਚ ਤੁੰਨ ਦਿੱਤੇ। ਮਾਮੀਆਂ, ਹਰਦੇਵ ਕੌਰ ਅਤੇ ਜੁਗਿੰਦਰ ਕੌਰ ਵੀ ਚੁੰਨੀਆਂ ਨਾਲ ਅੱਖਾਂ ਪੂੰਝਦੀਆਂ ਰਹੀਆਂ।

ਧਰਮਾਂ ਭੱਜ ਕੇ ਸੰਤਾ ਸਿਉਂ ਨੂੰ ਹਵੇਲੀ ਵਿੱਚੋਂ ਮਿਲਣ ਲਈ ਬੁਲਾ ਲਿਆਇਆ। ਸਖਤ ਸੁਭਾ ਮੰਨਿਆ ਜਾਣ ਵਾਲਾ ਸੰਤਾ ਸਿੰਘ ਵੀ ਅੱਜ ਉਦਾਸ ਹੋ ਗਿਆ। ਉਸ ਨੇ ਅੱਖਾਂ ਭਰਦਿਆਂ ਮਨਦੀਪ ਦਾ ਸਿਰ ਪਲੋਸਿਆ ਅਤੇ ਜੇਬ ‘ਚੋਂ ਕੱਢ ਕੇ ਪੰਜਾਂ ਦਾ ਨੋਟ ਵੀ ਫੜਾਇਆ। ਮਾਮੇ ਬਲਕਾਰ ਸਿੰਘ ਸਮੇਤ ਸਭ ਨੇ ਭਾਣਜੇ ਨੂੰ ਹੌਸਲਾ ਦਿੱਤਾ।
ਗੁਰਜੀਤ ਮਾਮਾ ਹਸਦਾ ਬੋਲਿਆ ‘ਤੁਸੀਂ ਤਾਂ ਇਉਂ ਕਰਦੇ ਹੋਂ ਜਿਵੇਂ ਕੁੜੀ ਸਹੁਰੀਂ ਤੋਰੀ ਦੀ ਆ’ ਨਾਨੇ ਨੇ ਬੱਸ ਏਨਾ ਕਿਹਾ ‘ਜਹਾਂ ਦਾਣੇ ਤਹਾਂ ਖਾਣੇ’ ਫੇਰ ਦਲੇਰ ਸਿੰਘ ਨੇ ਕਿਹਾ ਸੀ “ਚਲੋ ਤੁਰੋਂ ਧੁੱਪ ਤੋਂ ਪਹਿਲਾਂ ਪਹਿਲਾਂ” ਅਥਰੂ ਸੰਭਾਲਦਾ ਮਨਦੀਪ ਸਾਈਕਲ ਦੇ ਪਿੱਛੇ ਪਿੱਛੇ ਤੁਰ ਪਿਆ ਸੀ।

ਜਦੋਂ ਉਹ ਬਿੰਦੀ ਦੇ ਘਰ ਅੱਗਿਉ ਲੰਘਿਆ ਉਹ ਫੇਰ ਨਾ ਦਿਸੀ, ਬੱਸ ਮਨੋਂ ਹੀ ਫਤੇਹਿ ਬੁਲਾ ਦਿੱਤੀ। ਥੇਹ ਤੇ ਨਿਆਣੇ ਖੇਲ ਰਹੇ ਸਨ। ਬਰੋਟੇ ਤੇ ਕੁੜੀਆਂ ਦੀ ਪੀਂਘ ਲਟਕਦੀ ਸੀ। ਫੇਰ ਸੇਘਲ ਵੀ ਲੰਘ ਗਈ ਤੇ ਸਾਹਮਣੇ ਕਿਸ਼ਤੀ ਦਿਖਾਈ ਦੇ ਰਹੀ ਸੀ। ਜਿਸ ਦਾ ਖੜਕਦਾ ਸੰਗਲ ਅੱਜ ਉਸਦੇ ਦਿਲ ਤੇ ਵੱਜਿਆ। ਪਰ ਦਿਲ ਤਾਂ ਕਿਤੇ ਪਿੱਛੇ ਵਿੱਚ ਹੀ ਰਹਿ ਗਿਆ ਸੀ।

ਉਹ ਨਹਿਰ ਤੋਂ ਪਾਰ ਜਾ ਉੱਤਰੇ। ਇਹ ਨਹਿਰ ਜਿਵੇਂ ਰਣੀਏ ਤੇ ਰਾਮਪੁਰੇ ਵਿਚਕਾਰ ਸਰਹੱਦ ਬਣ ਗਈ ਹੋਵੇ। ਉਸ ਦੇ ਅੰਦਰ ਵੀ ਤਾਂ ਇੱਕ ਲਕੀਰ ਗੂੜੀ ਹੋਣ ਲੱਗੀ ਸੀ। ਉਹ ਸੋਚਣ ਲੱਗਿਆ ਮੈਂ ਕੌਣ ਹਾਂ? ਮੇਰੇ ਨਾਲ ਅਜਿਹਾ ਕਿਉਂ ਹੋਇਆ ਏ? ਪਹਿਲਾਂ ਮੈਨੂੰ ਮਾਪਿਆਂ ਨਾਲੋਂ ਤੋੜ ਦਿੱਤਾ ਗਿਆ ਤੇ ਹੁਣ ਉਸ ਧਰਤੀ ਨਾਲੋਂ ਜਿਸ ਨੂੰ ਮੈਂ ਆਪਣਾ ਸਮਝ ਬੈਠਾ ਸੀ। ਆਖਿਰ ਇਹ ਸਜ਼ਾ ਕਿਸ ਵਾਸਤੇ? ਸਾਈਕਲ ਦੇ ਕੈਰੀਅਰ ਤੇ ਬੈਠਾ ਉਹ ਸੋਚਾਂ ਵਿੱਚ ਡੁੱਬਿਆ ਪਿਆ ਸੀ। ਪਿਤਾ ਜੀ ਦੀਆਂ ਗੱਲਾਂ ਦਾ ਜਵਾਬ ਵੀ ਹਾਂ ਹੂੰ ਕਰਕੇ ਦਈ ਜਾ ਰਿਹਾ ਸੀ। ਧਰਮੇੇ ਨੂੰ ਅਜੇ ਪਿੱਛੋਂ ਮਾਮੇ ਬਲਕਾਰ ਸਿੰਘ ਨੇ ਲੈ ਕੇ ਤੁਰਨਾ ਸੀ ਜਿਸ ਨੇ ਅਜੇ ਭਈਆਂ ਨੂੰ ਰੋਟੀ ਫੜਾ ਕੇ ਆਉਣੀ ਸੀ। ਮਨਦੀਪ ਦੀਆਂ ਅੱਖਾਂ ‘ਚੋਂ ਅਥਰੂ ਆਪ ਮੁਹਾਰੇ ਹੀ ਨਿੱਕਲਦੇ ਰਹੇ। ਨਹਿਰ ਸਰਹਿੰਦ ਦਾ ਪਾਣੀ ਵੀ ਤਾਂ ਆਪ ਮੁਹਾਰੇ ਹੀ ਵਗ ਰਿਹਾ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com