ਰਿਕਸ਼ਾ ਦਰਸਨੀ ਡਿਓਡੀ ਪਾਸ ਜਾਕੇ ਰੁਕਿਆ। ਬਾਹਰ ਕਾਫੀ ਚਹਿਲ
ਪਹਿਲ ਸੀ। ਦਰਬਾਰ ਸਾਹਿਬ ‘ਚੋਂ ਕੀਰਤਨ ਦੀਆਂ ਰਸਭਿੰਨੀਆਂ ਆਵਾਜ਼ਾਂ ਆ ਰਹੀਆਂ ਸਨ।
ਆਲੇ ਦੁਆਲੇ ਨਜ਼ਰ ਦੁੜਾਇਆਂ, ਸੀ ਆਰ ਪੀ ਐੱਫ ਦੇ ਸਿਪਾਹੀ ਅਤੇ ਪੁਲੀਸ ਵਾਲੇ ਵੱਡੀ
ਗਿਣਤੀ ਵਿੱਚ ਨਜ਼ਰ ਆ ਰਹੇ ਸਨ। ਪਰ ਹੁਣ ਸਾਕਾ ਨੀਲਾ ਤਾਰਾ ਤੋਂ ਪਹਿਲਾ ਵਰਗੀ
ਘੇਰਾਬੰਦੀ ਨਹੀਂ ਸੀ। ਉਨ੍ਹਾਂ ਜੋੜਾ ਘਰ ਵਿੱਚ ਜੋੜੇ ਜਮਾਂ ਕਰਵਾਕੇ ਪੈਰ ਧੋਤੇ ਅਤੇ
ਦਰਸ਼ਨੀ ਡਿਓਡੀ ਵਿੱਚ ਪ੍ਰਵੇਸ਼ ਕਰ ਗਏ। ਸਰੋਵਰ ਦੇ ਡਲਕਾਂ ਮਾਰਦੇ ਪਾਣੀ ਵਿੱਚ
ਸੁਨਹਿਰੀ ਮੰਦਿਰ ਬਹੁਤ ਖੂਬਸੂਰਤ ਲੱਗ ਰਿਹਾ ਸੀ। ਇਸੇ ਅਸਥਾਨ ਦੇ ਚਰਚੇ ਦੁਨੀਆਂ ਭਰ
ਵਿੱਚ ਹੋਏ ਸਨ। ਪਰ ਜਲਦੀ ਹੀ ਇਹ ਵੇਖ ਕੇ ਉਨ੍ਹਾਂ ਦਾ ਮਨ ਬੁਝ ਗਿਆ ਕਿ ਅੰਦਰ ਅਜੇ
ਵੀ ਕਾਫੀ ਕੁੱਝ ਢੱਠਾ ਪਿਆ ਸੀ। ਪਾਣੀ ਵਾਲੀ ਟੈਂਕੀ ਅਤੇ ਅਕਾਲ ਬੁੰਗਾ ਖੰਡਰ ਬਣੇ ਪਏ
ਸਨ। ਥਾਂ ਥਾਂ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਸਨ। ਇਹ ਨਿਸ਼ਾਨ ਸੁਨਿਹਰੀ ਮੰਦਿਰ
ਤੇ ਵੀ ਸਨ। ਜਿਸ ਬਾਰੇ ਮੀਡੀਆ ਕਹਿ ਰਿਹਾ ਸੀ ਕਿ ਗੋਲਡਨ ਟੈਂਪਲ ਨੂੰ ਤਾਂ ਇੱਕ ਵੀ
ਗੋਲੀ ਨਹੀਂ ਲੱਗੀ।
ਦਰਬਾਰ ਸਾਹਿਬ ਸਮੂਹ ਤੇ ਕਾਲਾ ਧੂੰਆਂ ਜੰਮਿਆ ਹੋਇਆ ਸੀ।
ਬਰਬਾਦੀ ਦੇ ਨਿਸ਼ਾਨ ਥਾਂ ਥਾਂ ਦੇਖੇ ਜਾ ਸਕਦੇ ਸਨ। ਪਤਾ ਲੱਗਦਾ ਸੀ ਕਿ ਜੂਨ 1984
ਵਿੱਚ ਏਥੇ ਗਹਿ ਗੱਚ ਲੜਾਈ ਹੋਈ ਹੋਵੇਗੀ। ਸਿੱਖ ਅਜਾਇਬ ਘਰ ਦੀਆਂ ਜਾਲੀਆਂ ਵੀ
ਟੁੱਟੀਆਂ ਪਈਆਂ ਸਨ। ਦਰਸ਼ਨੀ ਡਿਓਡੀ ਦੇ ਅੰਦਰਲੇ ਪਾਸੇ ਬਹੁਤ ਵੱਡਾ ਮਲਬੇ ਦਾ ਢੇਰ
ਲੱਗਿਆ ਪਿਆ ਸੀ। ਹੋਰ ਤਾਂ ਹੋਰ ਸੰਗਮਰਮਰ ਤੇ ਤੇਲ ਛਿੜਕ ਕੇ ਜਾਲ ਦਿੱਤੇ ਗਏ ਲੋਕਾਂ
ਦੇ ਜਿਸਮਾਂ ਦੇ ਨਿਸ਼ਾਨ ਵੀ ਜਿਉਂ ਦੇ ਤਿਉਂ ਬਣੇ ਹੋਏ ਸਨ। ਕਈ ਥਾਵਾਂ ਤੇ ਤਾਂ ਲਹੂ
ਦੇ ਛਿੱਟੇ ਅਜੇ ਵੀ ਦੇਖੇ ਜਾ ਸਕਦੇ ਸਨ।
ਉਹ ਬਾਬਾ ਦੀਪ ਸਿੰਘ ਦੇ ਬੁੰਗੇ ਤੇ ਵੀ ਗਏ ਜਿੱਥੇ ਮਿਲਟਰੀ
ਦਾ ਗੋਲੇ ਦਾਗਦਾ ਟੈਂਕ ਫਸ ਗਿਆ ਸੀ ਤੇ ਉਸ ਥਾਂ ਅਜੇ ਵੀ ਵੱਡਾ ਸਾਰਾ ਖੱਡਾ ਬਣਿਆ
ਹੋਇਆ ਸੀ। ਮਨਦੀਪ ਭਾਵੇਂ ਕੱਟੜ ਧਾਰਮਿਕ ਨਹੀਂ ਸੀ ਪਰ ਉਸਦੇ ਅੰਦਰ ਪਈ ਸੰਸਕਾਰਾਂ ਦੀ
ਜ਼ਮੀਨ ਵਿੱਚ ਜਿਵੇਂ ਕੋਈ ਤੂਫਾਨ ਉੱਠ ਰਿਹਾ ਹੋਵੇ। ਸਰੋਵਰ ਵਿੱਚ ਪੈ ਰਿਹਾ ਲਾਈਟਾਂ
ਦਾ ਖੂਬਸੂਰਤ ਅਕਸ ਮਨਦੀਪ ਨੂੰ ਅੱਜ ਟੁੰਬ ਨਹੀਂ ਸੀ ਰਿਹਾ। ਇਸ ਤਰ੍ਹਾਂ ਲੱਗਦਾ ਸੀ
ਜਿਵੇਂ ਅਜੇ ਵੀ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਪਾਣੀ ਤੇ ਤੈਰ ਰਹੀਆਂ ਹੋਣ। ਸਾਹਮਣੇ
ਅਕਾਲ ਤਖਤ ਦੀ ਸਿੱਖ ਸੰਗਤਾਂ ਵਲੋਂ ਨਵੀਂ ਬਣੀ ਇਮਾਰਤ ਨਕਲੀ ਜਿਹੀ ਜਾਪ ਰਹੀ ਸੀ।
ਪਹਿਲੀ ਮੀਨਾਕਾਰੀ ਵਾਲੀ, ਗੁਰੂਆਂ ਦੇ ਸਮੇਂ ਦੀ ਇਮਾਰਤ ਤਾਂ ਟੈਂਕਾ ਦੇ ਗੋਲਿਆਂ ਨੇ
ਖੰਡਰ ਬਣਾ ਦਿੱਤੀ ਸੀ। ਫੇਰ ਜੋ ਸਰਕਾਰੀ ਮੱਦਦ ਨਾਲ ਨਿਹੰਗ ਮੁੱਖੀ ਬਾਬਾ ਸੰਤਾ ਸਿੰਘ
ਨੇ ਬਣਾਈ ਸੀ, ਸਿੱਖ ਸੰਗਤਾ ਨੇ ਉਸ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ। ਤੇ ਹੁਣ ਵਾਲੀ
ਇਮਾਰਤ ਸਿੱਖ ਸੰਗਤਾਂ ਨੇ ਆਪ ਬਣਵਾਈ ਸੀ।
ਮਨਦੀਪ ਤੇ ਸੁਰਜੀਤ ਸੀਲੋਂ ਦੇਗਾਂ ਕਰਵਾਕੇ ਪਹਿਲਾਂ ਦਰਬਾਰ
ਦੇ ਅੰਦਰ ਬੈਠ ਕੀਰਤਨ ਸੁਣਦੇ ਰਹੇ ਤੇ ਫੇਰ ਉਹ ਅਕਾਲ ਤਖਤ ਸਾਹਿਬ ਤੇ ਚਲੇ ਗਏ।
ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਵਲੋਂ ਚਲਾਈ ਪੀਰੀ ਪੀਰੀ ਦੀ ਰੀਤ ਅਨੁਸਾਰ ਖਾਲਸਾਈ
ਝੰਡੇ ਝੁੱਲ ਰਹੇ ਸਨ। ਇਹ ਹੀ ਉਹ ਥਾਂ ਸੀ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ,
ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ, ਫੌਜ ਨਾਲ ਲੜਦੇ, ਮਾਰੇ ਗਏ ਸਨ ਤੇ ਉਨਾਂ
ਦੀਆਂ ਲਾਸ਼ਾਂ ਵੀ ਏਥੋਂ ਹੀ ਬਰਾਮਦ ਕੀਤੀਆਂ ਗਈਆਂ ਸਨ। ਆਸੇ ਪਾਸੇ ਅਜੇ ਵੀ ਮਲਬੇ ਦੇ
ਢੇਰ ਲੱਗੇ ਪਏ ਸਨ।
ਉਨ੍ਹਾਂ ਪਾਠ ਸੁਣਨ ਦੇ ਨਾਲ ਨਾਲ ਗੁਰੂ ਹਰਗੋਬਿੰਦ ਸਾਹਿਬ
ਅਤੇ ਗੁਰੂ ਗੋਬਿੰਦ ਸਿੰਘ ਦੇ ਹਥਿਆਰਾਂ ਦੇ ਦਰਸ਼ਨ ਵੀ ਕੀਤੇ। ਫੇਰ ਉਨ੍ਹਾਂ ਨੇ ਦੁੱਖ
ਭੰਜਨੀ ਬੇਰੀ, ਗੁਰੂ ਰਾਮਦਾਸ ਸਰਾਂ, ਤੇਜ਼ਾ ਸਿੰਘ ਸਮੁੰਦਰੀ ਹਾਲ ਵੀ ਘੁੰਮ ਕੇ ਵੇਖੇ
ਅਤੇ ਗੁਰੂ ਨਾਨਕ ਨਿਵਾਸ ਵੀ ਗਏ। ਜਿੱਥੋਂ ਇਹ ਸਾਰਾ ਸਿੱਖ ਮੋਰਚਾ ਚਲਾਇਆ ਗਿਆ ਸੀ।
ਏਥੇ ਹੀ ਮਨਦੀਪ ਐਕਸ਼ਨ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲਿਆ
ਸੀ।
ਹੁਣ ਉਹ ਹਥਿਆਰ ਬੰਦ ਮੁੰਡਿਆਂ ਦੇ ਕਾਫਲੇ ਕਿਧਰੇ ਨਜ਼ਰ ਨਹੀਂ
ਸਨ ਆ ਰਹੇ। ਗੁਰੂ ਨਾਨਕ ਨਿਵਾਸ ਦਾ ਨਜ਼ਾਰਾ ਤਾਂ ਸਭ ਤੋਂ ਭਿਆਨਕ ਸੀ। ਧੁਆਂਖੀਆਂ
ਕੰਧਾਂ। ਜਲੇ ਹੋਰ ਦਰਵਾਜੇ। ਤੇ ਡਿੱਗੀਆਂ ਹੋਈਆਂ ਪੌੜੀਆਂ। ਤਿੰਨ ਬੱਸਾਂ ਵੀ ਜਲੀਆਂ
ਖੜੀਆਂ ਸਨ। ਕਮਰਿਆਂ ਦੀਆਂ ਕੰਧਾਂ ਤੇ ਗਾੜਾ ਧੂੰਆਂ ਜੰਮਿਆ ਹੋਇਆ ਸੀ। ਸੰਤਾਂ ਵਾਲੇ
ਕਮਰੇ ਨੂੰ ਹੁਣ ਜੰਦਰਾ ਲੱਗਿਆ ਹੋਇਆ ਸੀ। ਸਾਰਾ ਕੁੱਝ ਹੀ ਝੁਲਸਿਆ ਪਿਆ ਸੀ। ਉਨ੍ਹਾਂ
ਗੁਰੂ ਨਾਨਕ ਨਿਵਾਸ ਦੀ ਛੱਤ ਤੇ ਚੜ ਕੇ ਵੀ ਬਰਬਾਦੀ ਦਾ ਸਾਰਾ ਮੰਜ਼ਿਰ ਵੇਖਿਆ।
ਮਨਦੀਪ ਅਤੇ ਸੁਰਜੀਤ ਗੁਰੂ ਨਾਨਕ ਨਿਵਾਸ ਤੋਂ ਥੱਲੇ ਉੱਤਰ
ਆਏ। ਸ਼੍ਰੋਮਣੀ ਕਮੇਟੀ ਦੇ ਦਫਤਰ ਪਾਸ ਦਿੱਲੀ ਦੰਗਿਆਂ ਚੋਂ ਉੱਜੜ ਕੇ ਆਏ ਸ਼ਰਨਾਰਥੀਆਂ
ਦੀ ਕਾਫੀ ਭੀੜ ਸੀ। ਕਈਆਂ ਦੇ ਪੁੱਤਰ, ਕਈਆਂ ਦੇ ਪਤੀ ਅਤੇ ਬੁੱਢੇ ਮਾਪੇ ਮਾਰੇ ਗਏ
ਸਨ। ਕਈ ਦੀਆਂ ਦੀਆਂ ਮਾਪਿਆਂ ਦੀ ਇੱਜਤ ਤਾਂ ਉਨ੍ਹਾਂ ਦੇ ਸਾਹਮਣੇ ਹੀ ਲੀਰੋ ਲੀਰ
ਕੀਤੀ ਗਈ ਸੀ। ਏਧਰ ਪੰਜਾਬ ਵਿੱਚ ਵੀ ਖਾੜਕੂਵਾਦ ਦੇ ਨਾਂ ਹੇਠ ਇੱਕੋ ਫਿਰਕੇ ਦੇ ਲੋਕ
ਬੱਸਾਂ ਚੋਂ ਕੱਢ ਕੱਢ ਕੇ ਮਾਰੇ ਜਾਂਦੇ ਰਹੇ ਜਾਂ ਬਜ਼ਾਰਾਂ ਵਿੱਚ ਗੋਲੀਆਂ ਬੰਬਾਂ ਨਾਲ
ਭੁੰਨੇ ਜਾਂਦੇ ਰਹੇ।
ਆਮ ਮਨੁੱਖ ਨੇ ਬੇਹੱਦ ਦੁਖਾਂਤ ਭੋਗਿਆ ਜੋ ਅਜੇ ਵੀ ਜ਼ਾਰੀ ਸੀ।
ਦਿੱਲੀ ਦੰਗਿਆਂ ਚੋਂ ਆਏ ਇਹ ਵੀ ਆਮ ਲੋਕ ਹੀ ਤਾਂ ਸਨ, ਜਿਨਾਂ ਦੀ ਕੋਈ ਸੁਣਵਾਈ ਨਹੀਂ
ਸੀ। ਮੈਲੇ ਕੁਚੈਲੇ ਕੱਪੜੇ, ਉਲਝੇ ਵਾਲ ਅਤੇ ਚਿਹਰੇ ਤੇ ਉਦਾਸੀ। ਸਾਹਮਣੇ ਹਰਿਮੰਦਰ
ਸਾਹਿਬ ਦੇ ਚਾਰ ਦਰਵਾਜ਼ੇ ਮਨੁੱਖਤਾ ਨੂੰ ਸਾਂਝੀਵਾਲ ਦਾ ਉਪਦੇਸ਼ ਦੇਣ ਵਾਲੇ ਵੀ ਅੱਜ
ਉਦਾਸ ਜਾਪ ਰਹੇ ਸਨ। ਮਨੁਖ ਕਿੰਨਾ ਵੱਡਾ ਦਰਿੰਦਾ ਹੋ ਸਕਦਾ ਹੈ ਇਹ ਤਾਂ ਸੋਚਿਆ ਵੀ
ਨਹੀਂ ਸੀ ਜਾ ਸਕਦਾ। ਲੱਖਾਂ ਤੋਂ ਕੱਖ ਦੇ ਹੋਏ ਇਹ ਲੋਕ ਅੱਜ ਬੇਘਰ ਸਨ। ਕੋਈ ਇਨ੍ਹਾਂ
ਦੀ ਬਾਤ ਵੀ ਨਹੀਂ ਸੀ ਪੁੱਛ ਰਿਹਾ। ਉਹ ਵੀ ਦਿਲ ਤੇ ਪੱਥਰ ਰੱਖਕੇ ਹੀ ਉਨ੍ਹਾਂ ਕੋਲੋਂ
ਗੁਜ਼ਰ ਗਏ ਸਨ।
ਦਰਬਾਰ ਸਾਹਿਬ ਸਮੂਹ ਤੋਂ ਬਾਹਰ ਨਿੱਕਲ ਕੇ ਦੋਨੋ ਸਿੰਧੀ
ਹੋਟਲ ਵਲ ਚੱਲ ਪਏ। ਅੰਦਰ ਕਿਸੇ ਸਰਾਂ ਵਿੱਚ ਰਹਿਣਾ ਉਨ੍ਹਾਂ ਨੂੰ ਠੀਕ ਨਹੀਂ ਸੀ
ਜਾਪਿਆ। ਹੋਟਲ ਦੇ ਮਾਲਿਕ ਨੇ ਕਮਰਾ ਪੁੱਛਣ ਤੇ ਦੋਹਾਂ ਨੂੰ 16 ਨੰਬਰ ਕਮਰਾ ਬੁੱਕ ਕਰ
ਦਿੱਤਾ। ਇਸ ਛੋਟੇ ਜਿਹੇ ਕਮਰੇ ਦਾ ਕਿਰਾਇਆ ਸਿਰਫ 25 ਰੁਪਏ ਸੀ। ਹੋਟਲ ਵਿੱਚ ਰਾਤ
ਰਹਿਣ ਲਈ ਹੋਰ ਵੀ ਕਾਫੀ ਬੰਦੇ ਠਹਿਰੇ ਹੋਏ ਸਨ। ਕਮਰੇ ਵਿੱਚ ਸਮਾਨ ਰੱਖਕੇ ਉਹ ਬਜ਼ਾਰ
ਵਿੱਚ ਰੋਟੀ ਖਾਣ ਚਲੇ ਗਏ। ਹਾਲ ਬਜ਼ਾਰ ਵਿੱਚ ਦਾਖਲ ਹੁੰਦਿਆਂ ਹੀ ਮਨਦੀਪ ਨੂੰ ਆਪਣੇ
ਤਾਏ ਜਗਮੋਹਨ ਸਿੰਘ ਦੀ ਯਾਦ ਆਈ, ਜਿਸ ਨੂੰ 1947 ਵਿੱਚ ਜਨੂੰਨੀਆਂ ਨੇ ਟਾਂਗੇ
ਵਿੱਚੋਂ ਲਾਹ ਕੇ ਏਸੇ ਬਜ਼ਾਰ ਵਿੱਚ ਬਰਛਿਆਂ ਨਾਲ ਕੋਹਿਆ ਸੀ। ਖਾਣਾ ਖਾਣ ਵੇਲੇ ਵੀ
ਮਨਦੀਪ ਇਹੋ ਸੋਚਦਾ ਰਿਹਾ ਕਿ ਮਨੁੱਖ ਅੱਜ ਵੀ ਤਾਂ ਉੱਥੇ ਹੀ ਖੜ੍ਹਾ ਹੈ ਉਸੇ ਤਰ੍ਹਾਂ
ਜਨੂੰਨ ‘ਚ ਅੰਨਾ ਹੋਇਆ।
ਵਾਪਸ ਹੋਟਲ ਆ ਕੇ ਪਤਾ ਚੱਲਿਆ ਕਿ ਇਹ ਉਹ ਹੀ ਸਿੰਧੀ ਹੋਟਲ
ਹੈ ਜਿੱਥੇ ਬਲਜੀਤ ਕੌਰ ਦੇ ਇਸ਼ਾਰੇ ਤੇ ਪ੍ਰਸਿੱਧ ਖਾੜਕੂ ਸੁਰੰਿਦਰ ਸਿੰਘ ਸੋਢੀ ਦਾ
ਕਤਲ ਕੀਤਾ ਗਿਆ ਸੀ ਤੇ ਫੇਰ ਇੱਕ ਹੁਕਮ ਅਧੀਨ 24 ਘੰਟੇ ਦੇ ਅੰਦਰ ਅੰਦਰ ਹੀ ਬਲਜੀਤ
ਕੌਰ ਦੀ ਲਾਸ਼ ਦੇ ਟੁੱਕੜੇ ਬੋਰੀ ਵਿੱਚ ਪਾਕੇ ਲੰਗਰ ਵਾਲੀ ਭੱਠੀ ਵਿੱਚ ਸਾੜ ਦਿੱਤੇ ਗਏ
ਸਨ। ਇਹ ਸਿੰਧੀ ਹੋਟਲ ਅੱਤਵਾਦੀ ਸਰਗਰਮੀਆਂ ਦਾ ਹਿੱਸਾ ਰਿਹਾ ਸੀ। ਗੁਰੂ ਨਾਨਕ ਨਿਵਾਸ
ਦੇ ਨੇੜੇ ਹੋਣ ਕਾਰਨ ਬਹੁਤ ਸਾਰਾ ਅਦਾਨ ਪ੍ਰਦਾਨ ਏਥੇ ਹੀ ਹੁੰਦਾ ਰਿਹਾ।
ਜਿਸ ਕਮਰੇ ਵਿੱਚ ਉਹ ਪਏ ਸਨ ਉਸ ਦੇ ਦਰਵਾਜ਼ੇ ਦੀਆਂ ਫੱਟੀਆਂ
ਪੁੱਟ ਕੇ ਦੁਬਾਰਾਂ ਲਾਈਆਂ ਸਾਫ ਦਿਸਦੀਆਂ ਸਨ। ਪਤਾ ਲੱਗਿਆ ਕਿ ਕਿਸੇ ਖਾੜਕੂ ਨੇ
ਘੇਰਾ ਪੈਣ ਤੇ ਅੰਦਰ ਖੁਦਕਸ਼ੀ ਕਰ ਲਈ ਸੀ ਤੇ ਜਿਸ ਨੂੰ ਫੇਰ ਦਰਵਾਜ਼ਾ ਤੋੜ ਕੇ ਅੰਦਰੋਂ
ਕੱਢਿਆ ਗਿਆ ਸੀ। ਇਹ ਪਤਾ ਲੱਗਣ ਤੇ ਦੋਹਾਂ ਨੂੰ ਨੀਂਦ ਨਹੀਂ ਸੀ ਆ ਰਹੀ।
ਮਨਦੀਪ ਅਤੇ ਸੁਰਜੀਤ ਹੋਟਲ ਦੇ ਇੱਕ ਹੋਰ ਕਰਿੰਦੇ ਨਾਲ ਗੱਲਾਂ
ਕਰਨ ਲੱਗ ਪਏ। ਉਹ ਕਹਿੰਦਾ “ਐਕਸ਼ਨ ਵੇਲੇ ਤਾਂ ਜੀ ਏਥੇ ਪੂਰਾ ਕਹਿਰ ਬੀਤਦਾ ਸੀ। ਅਸੀਂ
ਤਾਂ ਅੰਦਰ ਲੁਕੇ ਬੈਠੇ ਸਾਂ। ਬੰਬਾਂ ਗੋਲੀਆਂ ਦੀਆਂ ਕੰਨ ਪਾੜ੍ਹਵੀਆਂ ਆਵਾਜ਼ਾਂ ਆ
ਰਹੀਆਂ ਸਨ। ਪੂਰਾ ਅਮ੍ਰਿਤਸਰ ਹੀ ਜਲ ਰਿਹਾ ਸੀ। ਬੱਚਿਆਂ ਬਜੁਰਗਾਂ ਦੀਆਂ ਚੀਕਾਂ ਸਨ।
ਲਹੂ ਦੇ ਫੁਹਾਰੇ ਸਨ। ਇਮਾਰਤਾਂ ਦੜਾ ਦੜ ਡਿਗ ਰਹੀਆਂ ਸਨ। ਲੱਗਦਾ ਸੀ ਕਿ ਸਭ ਕੁੱਝ
ਖਤਮ ਹੋ ਜਾਵੇਗਾ। ਗੋਲੀਆਂ ਦੇ ਖੋਲਾਂ ਨਾਲ ਸਾਡੇ ਹੋਟਲ ਦੀ ਛੱਤ ਭਰੀ ਪਈ ਸੀ। ਹਰ
ਪਾਸੇ ਮਿਲਟਰੀ ਹੀ ਮਿਲਟਰੀ ਸੀ। ਕਈ ਦਿਨ ਤਾਂ ਅਸੀਂ ਆਪਣੇ ਘਰ ਵੀ ਨਹੀਂ ਜਾ ਸਕੇ।
ਫੋਨ ਵੀ ਸਾਰੇ ਡੈੱਡ ਹੋ ਗਏ ਸਨ ਤੇ ਬਿਜਲੀ ਵੀ ਗੁੱਲ। ਉਸ ਐਕਸ਼ਨ ਵਿੱਚੋਂ ਤਾਂ ਜੀ
ਅਸੀਂ ਮਸਾਂ ਹੀ ਬਚੇ ਸੀ” ਉਹ ਅਜੇ ਵੀ ਡਰ ਮਹਿਸੂਸ ਕਰ ਰਿਹਾ ਸੀ। ਇਸੇ ਪ੍ਰਕਾਰ
ਗੱਲਾਂ ਕਰਦਿਆਂ ਨੂੰ ਰਾਤ ਦੇ ਬਾਰਾਂ ਵੱਜ ਗਏ ਤੇ ਸਾਲ 1985 ਵੀ ਚੜ੍ਹ ਪਿਆ।
ਮਸਾਂ ਇੱਕ ਦੋ ਘੰਟੇ ਉਨ੍ਹਾਂ ਦੀ ਅੱਖ ਲੱਗੀ ਹੋਵੇਗੀ। ਮਨਦੀਪ
ਨੇ ਘੜੀ ਵੇਖੀ ਤਾਂ ਸਵੇਰ ਦੇ ਚਾਰ ਵੱਜਣ ਲੱਗੇ ਸਨ। ਉਸ ਨੇ ਸੁਰਜੀਤ ਨੂੰ ਉਠਾਇਆ।
ਬਾਥਰੂਮ ਜਾ ਤਿਆਰ ਹੋ ਕੇ ਉਨਾਂ ਕਮਰੇ ਵਿੱਚ ਹੀ ਚਾਹ ਮੰਗਵਾ ਲਈ। ਰੇਡੀਉ ਤੇ ਦਰਬਾਰ
ਸਹਿਬ ਵਿੱਚੋਂ ਕੀਰਤਣ ਦਾ ਸਿੱਧਾ ਪ੍ਰਸਾਰਣ ਚੱਲ ਰਿਹਾ ਸੀ। ਰਾਤੀਂ ਜ਼ੋਰਦਾਰ ਮੀਂਹ
ਪੈਣ ਕਾਰਨ ਬਾਹਰ ਬਹੁਤ ਜ਼ਿਆਦਾ ਠੰਢ ਸੀ। ਧੁੰਦ ਪਈ ਹੋਣ ਕਾਰਨ ਕੁੱਝ ਵੀ ਨਜ਼ਰ ਨਹੀਂ
ਸੀ ਆ ਰਿਹਾ। ਫੇਰ ਉਹ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ
ਲਈ ਨਿੱਕਲ ਪਏ।
ਦਰਸ਼ਨੀ ਡਿਓਡੀ ਦੇ ਬਾਹਰ ਜੋੜੇ ਲਾਹ ਕੇ ਜਦੋਂ ਉਹ ਅੰਦਰ ਨੂੰ
ਤੁਰੇ ਤਾਂ ਸੰਗਮਰਮਰ ਤੋਂ ਠੰਢ ਕਾਰਨ, ਸੀਤ ਚੜ੍ਹ ਰਿਹਾ ਸੀ। ਸਰਦੀ ਜਿਵੇਂ ਪੈਰਾਂ
ਨੂੰ ਚੀਰ ਰਹੀ ਹੋਵੇ। ਜੇ ਉਹ ਮੈਟ ਤੇ ਤੁਰਦੇ ਤਾਂ ਉਸਦੇ ਸਖਤ ਅਤੇ ਠੰਢ ਨਾਲ ਫਰੀਜ਼
ਹੋ ਚੁੱਕੇ ਬੁਰ ਪੈਰਾਂ ਵਿੱਚ ਸੂਲਾਂ ਵਾਂਗ ਖੁਭਦੇ। ਫੇਰ ਉਨ੍ਹਾਂ ਇਸੇ ਕੜਾਕੇ ਦੀ
ਠੰਢ ਵਿੱਚ ਬੜੀ ਸ਼ਰਧਾ ਨਾਲ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਦੇਗਾਂ ਵੀ
ਕਰਵਾਈਆਂ। ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਉਹ ਕਿੰਨੀ ਹੀ ਦੇਰ ਕੀਰਤਨ ਸੁਣਦੇ ਰਹੇ।
ਪਰ ਪਤਾ ਨਹੀ ਕਿਉਂ ਉਨ੍ਹਾਂ ਦਾ ਮਨ ਅਜੇ ਵੀ ਹੋਈ ਬਰਬਾਦੀ ਕਾਰਨ ਅਸ਼ਾਂਤ ਸੀ।
ਫੇਰ ਉਹ ਬਾਹਰ ਬੈਠੇ ਰਹੇ। ਸਰੋਵਰ ਦਾ ਪਾਣੀ ਬਹੁਤ ਖੂਬਸੂਰਤ
ਜਾਪ ਰਿਹਾ ਸੀ। ਸਾਹਮਣੇ ਅਕਾਲ ਤਖਤ ਸਾਹਿਬ ਦੀ ਨਵੀਂ ਬਣੀ ਇਮਾਰਤ ਦਾ ਅਕਸ ਵੀ ਪਾਣੀ
ਵਿੱਚ ਡਲਕਾਂ ਮਾਰ ਰਿਹਾ ਸੀ। ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਅਜੇ ਵੀ ਕਾਰ ਸੇਵਾ
ਚੱਲ ਰਹੀ ਸੀ। ਫੇਰ ਉਹ ਭੋਰਾ ਸਾਹਿਬ ਗਏ ਜੋ ਬੰਦ ਪਿਆ ਸੀ। ਅਕਾਲ ਤਖਤ ਸਾਹਿਬ ਕੋਲ
ਉਨ੍ਹਾਂ ਉਹ ਖੂਹ ਵੀ ਵੇਖਿਆ ਜਿਸ ਵਿੱਚੋਂ ਕਹਿੰਦੇ ਐਕਸ਼ਨ ਸਮੇਂ ਬਹੁਤ ਖਤਰਨਾਕ ਹਥਿਆਰ
ਮਿਲੇ ਸਨ। ਬਾਹਰ ਨਿੱਕਲਣ ਲੱਗੇ ਤਾਂ ਹੋਰ ਕਈ ਜਲੀਆਂ ਲਾਸ਼ਾਂ ਦੇ ਅਕਾਰ, ਸੰਗਮਰਮਰ ਤੇ
ਬਣੇ ਦਿਖਾਈ ਦਿੱਤੇ। ਗੋਲੀਆਂ ਦੇ ਨਿਸ਼ਾਨ ਤਾਂ ਆਮ ਹੀ ਵੇਖੇ ਜਾ ਸਕਦੇ ਸਨ। ਇਹ ਕਿਹੋ
ਜਿਹਾ ਸੰਤਾਪ ਸੀ? ਮਨਦੀਪ ਨੂੰ ਸਮਝ ਨਹੀਂ ਸੀ ਆ ਰਿਹਾ।
ਮਨ ਵਿੱਚ ਅਨੇਕਾਂ ਸੁਆਲ ਲੈ ਕੇ ਉਹ ਦਰਬਾਰ ਸਾਹਿਬ ਕੰਪਲੈਕਸ
ਵਿੱਚੋਂ ਬਾਹਰ ਆ ਗਏ। ਬਾਹਰ ਨਿੱਕਲ ਕੇ ਇੱਕ ਵਾਰ ਫੇਰ ਚਾਹ ਪੀਤੀ। ਪੁਸਤਕਾਂ ਵਾਲਾ
ਬਜ਼ਾਰ ਅਜੇ ਬੰਦ ਪਿਆ ਸੀ। ਬਾਬਾ ਖੜਕ ਸਿੰਘ ਦੀ ਅਗਵਾਈ ਵਿੱਚ ਕਾਰ ਸੇਵਾ ਵਾਲੇ ਸਿੰਘ
ਬਜ਼ਰੀ ਸੀਮਿੰਟ ਦੇ ਥੈਲੇ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਅਸਥਾਨ ਵਲ ਲਿਜਾ ਰਹੇ ਸਨ।
ਉੱਥੇ ਵੀ ਕਾਰ ਸੇਵਾ ਚਲ ਰਹੀ ਸੀ। ਐਕਸ਼ਨ ਦੌਰਾਨ ਹੋਰ ਵੀ ਕਈ ਨਾਲ ਦੇ ਗੁਰਦੁਵਾਰਿਆਂ
ਨੂੰ ਨੁਕਸਾਨ ਪੁੱਜਾ ਸੀ। ਜਿਨਾਂ ਨੂੰ ਮੁੜ ਤੋਂ ਬਣਾਇਆ ਜਾ ਰਿਹਾ ਸੀ।
ਉਹ ਮਸ਼ਹੂਰ ਪੁਸਤਕ ਵਿਕਰੇਤਾ ਕਿਰਪਾਲ ਸਿੰਘ ਜਵਾਹਰ ਸਿੰਘ ਅਤੇ
ਭਾਈ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਤੇ ਵੀ ਗਏ ਅਤੇ ਨਵੇਂ ਸਾਲ ਦੀਆਂ ਡਾਇਰੀਆਂ
ਖਰੀਦੀਆਂ। ਫੇਰ ਉਨ੍ਹਾਂ ਕੁੱਝ ਹੋਰ ਦੁਕਾਨਾਂ ਤੋਂ ਕਿਤਾਬਚੇ, ਕੜੇ ਅਤੇ ਖਿੱਲਾਂ ਦਾ
ਪ੍ਰਸ਼ਾਦ ਖਰੀਦਿਆ। ਖੁੱਲਣ ਦਾ ਸਮਾਂ ਲੇਟ ਹੋਣ ਕਾਰਨ, ਦੋਬਾਰਾ ਮੁੜਕੇ ਜਾ ਕੇ ਉਨ੍ਹਾਂ
ਸਿੱਖ ਅਜਾਇਬ ਘਰ ਵੇਖਿਆ, ਜਿਸਨੇ ਬਹੁਤ ਪ੍ਰਭਾਵਿਤ ਕੀਤਾ। ਅੰਤ ਤੇ ਉਹ ਸ਼੍ਰੀ ਹਰਮੰਦਰ
ਸਾਹਿਬ ਨੂੰ ਸਿਰ ਝੁਕਾ ਕੇ ਬਾਹਰ ਨਿੱਕਲੇ ਅਤੇ ਰਿਕਸ਼ਾ ਕਰ ਕੇ ਬੱਸ ਸਟੈਂਡ ਵਲ ਚੱਲ
ਪਏ।
ਬਜ਼ਾਰ ਵਿੱਚੋਂ ਮਨਦੀਪ ਨੇ ਆਪਣੀ ਮਾਂ ਲਈ ਯਾਦਗਾਰ ਵਜੋਂ ਸਿਰਫ
ਇੱਕ ਚੁੰਨੀ ਲਈ। ਅੱਡੇ ਤੇ ਜਾਣ ਸਾਰ ਉਨ੍ਹਾਂ ਬਟਾਲੇ ਵਾਲੀ ਬੱਸ ਫੜ ਲਈ। ਸੁਰਜੀਤ ਨੇ
ਬਟਾਲੇ ਤੋਂ ਜੋ ਮਸ਼ੀਨਾਂ ਭਿਜਵਾਈਆਂ ਸਨ ਉਨ੍ਹਾਂ ਦੇ ਮਿਲਣ ਤੇ ਕੁੱਝ ਪੇਮਿੰਟ ਅੱਜ
ਕਰਨੀ ਸੀ। ਬਟਾਲੇ ਪਹੁੰਚ ਕੇ ਉਹ ਫੇਰ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ
ਕਰਦੇ ਰਹੇ। ਜਿੰਨਾ ਵਧੀਆਂ ਉਹ ਸ਼ਾਇਰ ਸੀ ਉਸਦੇ ਸ਼ਹਿਰ ਦੀ ਹਾਲਤ ਉਨੀ ਹੀ ਮਾੜੀ ਸੀ।
ਗੁਰੂ ਨਾਨਕ ਸਾਹਿਬ ਦੇ ਵਿਆਹ ਵਾਲਾ ਸਥਾਨ ਵੇਖਣ ਲਈ ਅੱਜ ਵੀ ਉਨ੍ਹਾਂ ਕੋਲ ਸਮਾਂ
ਨਹੀਂ ਸੀ।। ਫੇਰ ਉਨ੍ਹਾਂ ਲਧਿਆਣੇ ਲਈ ਬੱਸ ਫੜ ਲਈ। ਚੌਂਕ ਮਹਿਤਾ, ਬਾਬਾ ਬਕਾਲਾ,
ਜਲੰਧਰ, ਫਗਵਾੜਾ ਹੁੰਦੇ ਹੋਏ ਫੇਰ ਲੁਧਿਆਣੇ ਪਹੁੰਚ ਗਏ।
ਪੰਜਾਬ ਦੇ ਹਾਲਾਤ ਠੀਕ ਨਹੀਂ ਨਾ ਹੋਣ ਕਾਰਨ ਅੱਜ ਵੀ ਸ਼ਾਮ
ਨੂੰ ਪੰਜ ਵਜੇ ਹੀ ਬੱਸਾਂ ਬੰਦ ਹੋ ਗਈਆਂ। ਉਨ੍ਹਾਂ ਹੁਣ ਘਰ ਕਿਵੇਂ ਪਹੁੰਚਣਾ ਸੀ?
ਪੰਜਾਬ ਵਿੱਚ ਤਾਂ ਜੰਗਲ ਦਾ ਰਾਜ ਸੀ। ਅੱਤਵਾਦੀ ਗ੍ਰੋਹ ਵੱਧ ਤੋਂ ਵੱਧ ਬੰਦੇ ਮਾਰੇ
ਕੇ ਤੇ ਦੂਸਰੇ ਦਿਨ ਦੀਆਂ ਅਖ਼ਬਾਰਾਂ ਵਿੱਚ ਜਿੰਮੇਵਾਰੀ ਲੈ ਕੇ ਆਪਣੀ ਜਥੇਬੰਦੀ ਦਾ
ਲੋਹਾ ਮੰਨਵਉਣਾ ਚਾਹੰਦੇ ਸਨ। ਹਰ ਬੰਦਾ ਹੀ ਕਮਾਂਡਰ ਬਣਿਆ ਆਪਣੇ ਹੁਕਮ ਜ਼ਾਰੀ ਕਰ
ਰਿਹਾ ਸੀ।
ਉਧਰ ਪੁਲੀਸ ਦੇ ਖੂੰਖਾਰ ਭੇੜੀਏ ਅਗਲੀ ਫੀਤੀ ਲਗਵਾਉਣ ਦੀ
ਲਾਲਸਾ ਅਧੀਨ ਕਿਸੇ ਵੀ ਨਿਰਦੋਸ਼ ਨੂੰ ਵੀ ਗੋਲੀਆਂ ਨਾਲ ਛਲਣੀ ਕਰ, ਅੱਤਵਾਦ ਦੇ ਖਾਤੇ
ਪਾ ਦਿੰਦੇ। ਉਹ ਡਰ ਅਤੇੇ ਠੰਢ ਨਾਲ ਕੰਬਦੇ ਸਮਰਾਲਾ ਚੌਂਕ ਵਿੱਚ, ਟਰੱਕਾਂ ਵਾਲਿਆਂ
ਦੇ ਮਿੰਨਤਾ ਤਰਲੇ ਕਰਦੇ ਰਹੇ ਪਰ ਇਸ ਮਹੌਲ ਵਿੱਚ ਕੋਈ ਵੀ ਕਿਸੇ ਓਪਰੇ ਬੰਦੇ ਨੂੰ
ਨਾਲ ਬਿਠਾ ਕੇ ਖਤਰਾ ਨਹੀਂ ਸੀ ਸਹੇੜਨਾ ਚਾਹੁੰਦਾ। ਆਖਿਰ ਵੀਹ ਰੁਪਏ ਦੇ ਲਾਲਚ ਵਿੱਚ
ਮਸਾਂ ਇੱਕ ਟਰੱਕ ਵਾਲਾ ਮੰਨਿਆ। ਪਰ ਅਜੇ ਤਾਂ ਉਨ੍ਹਾਂ ਉੱਤਰ ਕੇ ਨਹਿਰ ਸਰਹਿੰਦ ਕੰਢੇ
ਤੁਰਦਿਆਂ ਦਹਿਸ਼ਤ ਅਤੇ ਹਨੇਰੇ ਭਵਸਾਗਰ ਪਾਰ ਕਰਨਾ ਸੀ।
|