WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 44

ਸਮੁੰਦਰ ਮੰਥਨ (PDF, 568KB)    


ਆਖਿਰ ਮਨਦੀਪ ਨੇ ਬੀ ਏ ਪਾਸ ਕਰ ਹੀ ਲਈ। ਦਲੇਰ ਸਿੰਘ ਨੇ ਉਸ ਦੇ ਕਿਸੇ ਚੰਗੀ ਨੌਕਰੀ ਤੇ ਲੱਗਣ ਦੀ ਆਸ ਤਾਂ ਕਦੋਂ ਦੀ ਛੱਡ ਦਿੱਤੀ ਸੀ। ਉਨ੍ਹਾਂ ਕੋਲ ਤਾਂ ਜ਼ਮੀਨ ਵੀ ਐਨੀ ਨਹੀਂ ਸੀ ਕਿ ਖੇਤੀ ਦਾ ਕੰਮ ਹੀ ਮਨਦੀਪ ਨੂੰ ਸੰਭਾਲ ਦੇਣ। ਮਨਦੀਪ ਪੰਜਾਬੀ ਦੀ ਐੱਮ ਏ ਕਰਨੀ ਚਾਹੁੰਦਾ ਸੀ, ਪਰ ਦਲੇਰ ਸਿੰਘ ਨੇ ਕਹਿ ਦਿੱਤਾ ਸੀ ਕਿ “ਸਿਰਫ ਪੰਜਾਬੀ ਪੜ੍ਹ ਕੇ ਤੈਨੂੰ ਕਿਹੜੀ ਨੌਕਰੀ ਮਿਲ ਜਾਊ? ਐਵੇਂ ਟਾਇਮ ਹੀ ਖਰਾਬ ਕਰੇਂਗਾ” ਦਲੇਰ ਸਿੰਘ ਸਿਰਫ ਇੱਕੋ ਗੱਲ ਤੇ ਹਾਮੀ ਭਰਦਾ ਸੀ ਕਿ ਜੇ ਮਨਦੀਪ ਬੀ ਐੱਡ ਕਰ ਲਏ ਤਾਂ… ਫੇਰ ਤਾਂ ਉਹ ਕਿਤੇ ਟੀਚਰ ਵੀ ਲੱਗ ਸਕਦਾ ਸੀ। ਪਰ ਬੀ ਐੱਡ ਵਿੱਚ ਤਾਂ ਅਜੇ ਐਡਮਿਸ਼ਨ ਹੀ ਨਹੀਂ ਸੀ ਖੁੱਲੀ।

ਸਾਲ 1983 ਮਨਦੀਪ ਲਈ ਸਭ ਤੋਂ ਭੈੜਾ ਸਾਲ ਸੀ। ਜਦੋਂ ਕਿ ਉਸ ਕੋਲ ਕਰਨ ਵਾਲਾ ਕੁੱਝ ਵੀ ਨਹੀਂ ਸੀ। ਇਸ ਸਾਲ ਉਸ ਨੇ ਹੋਰ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਉਹ ਕ੍ਰਿਸ਼ਨ ਕੌਸ਼ਲ ਨਾਲ ਸਾਹਿਤ ਸਭਾਵਾਂ ਦੀਆਂ ਮੀਟੰਗਾਂ ਤੇ ਵੀ ਚਲਾ ਜਾਂਦਾ। ਪਰ ਦਲੇਰ ਸਿੰਘ ਨੂੰ ਇਹ ਕੁੱਝ ਵੀ ਚੰਗਾ ਨਾ ਲੱਗਦਾ। ਹੁਣ ਉਹ ਅਕਸਰ ਬਚਨ ਕੌਰ ਨਾਲ ਲੜਦਾ ਕਿ “ਉੱਤੋਂ ਪੰਜਾਬ ਦੇ ਹਾਲਾਤ ਕੀ ਨੇ ਤੇ ਮਨਦੀਪ ਵਿਹਲਾ ਤੁਰਿਆ ਫਿਰਦਾ ਏ। ਇਹ ਨਾਵਲ ਕਿਤਾਬਾਂ ਪੜ੍ਹੀ ਜਾਣੇ, ਜਾਂ ਮੀਟੰਗਾਂ ਤੇ ਤੁਰੇ ਫਿਰਨਾਂ ਭਲਾਂ ਕਿਹੜੇ ਕੰਮਾਂ ‘ਚੋਂ ਕੰਮ ਨੇ? ਏਕਣ ਤਾਂ ਇਹਦਾ ਕਿਤੇ ਵਿਆਹ ਵੀ ਨਹੀਂ ਹੋਣਾ। ਉਹਨੂ ਤਾੜ ਕੇ ਕਹਿ ਕੋਈ ਕੰਮ ਧੰਦਾ ਕਰੇ। ਐਂ ਵਿਹਲੇ ਫਿਰਕੇ ਤਾਂ ਜ਼ਿੰਦਗੀ ਨੀਂ ਲੰਘਣੀ” ਬਚਨ ਕੌਰ ਪਿਆਰ ਨਾਲ ਅੱਗੋਂ ਮਨਦੀਪ ਨੂੰ ਸਮਝਾਉਂਦੀ ਤਾਂ ਉਹ ਬੇਹੱਦ ਉਦਾਸ ਹੋ ਜਾਂਦਾ।

ਮਨਦੀਪ ਆਪਣੇ ਪਿਤਾ ਦਲੇਰ ਸਿੰਘ ਦੇ ਕਹਿਣ ਤੇ ਕਈ ਵਾਰ ਲੁਧਿਆਣੇ ਦੇ ਰੋਜ਼ਗਾਰ ਦਫਤਰ ਵੀ ਜਾ ਆਇਆ ਸੀ । ਪਰ ਕਿਤੇ ਵੀ ਨੌਕਰੀ ਨਹੀਂ ਸੀ ਮਿਲ ਰਹੀ। ਨੌਕਰੀਆਂ ਤਾਂ ਸਿਪਾਰਸ਼ ਨਾਲ ਮਿਲਦੀਆਂ ਨੇ, ਉਹ ਜਾਣਦਾ ਸੀ। ਇੱਕ ਸਧਾਰਨ ਫੌਜੀ ਦੇ ਪੁੱਤ ਦੀ ਇਸ ਮੁੱਲਕ ਵਿੱਚ ਭਲਾਂ ਕੀ ਬੁੱਕਤ? ਭਾਂਵੇਂ ਉਸ ਨੇ ਦੇਸ਼ ਖਾਤਰ ਦਸ ਲੜਾਈਆਂ ਲੜੀਆਂ ਹੋਣ, ਕੌਣ ਪੁੱਛਦਾ ਹੈ। ਇਸ ਮੁਲਕ ਵਿੱਚ ਜਾਂ ਤਾਂ ਸਿਰਫ ਪੈਸੇ ਵਾਲਿਆਂ ਦੀ ਪੁੱਛ ਸੀ, ਭਾਂਵੇ ਉਹ ਕਿਸੇ ਗਲਤ ਮਲਤ ਤਰੀਕੇ ਨਾਲ ਹੀ ਕਮਾਏ ਹੋਣ ਤੇ ਜਾਂ ਫੇਰ ਸਿਆਸਤਦਾਨਾਂ ਦੀ।

ਪਰ ਇਹ ਦੋਨੋ ਚੀਜਾਂ ਮਨਦੀਪ ਦੇ ਪਰਿਵਾਰ ਕੋਲ ਨਹੀਂ ਸਨ। ਕਦੀ ਕਦੀ ਉਹ ਕਿਸੇ ਦੋਸਤ ਨਾਲ ਕੋਈ ਫਿਲਮ ਵੇਖਣ ਚਲਾ ਜਾਂਦਾ ਅਤੇ ਕਦੀ ਕਿਧਰੇ ਡਰਾਮੇ ਵੇਖਣ। ਹੋਰ ਨਹੀਂ ਤਾਂ ਕੋਈ ਨਾ ਕੋਈ ਟੂਰਨਾਮੈਂਟ ਹੀ ਆਇਆ ਰਹਿੰਦਾ। ਦਲੇਰ ਸਿੰਘ ਇਸ ਨੂੰ ਆਵਾਰਾਗਰਦੀ ਦੱਸਦਾ। ਜਿਸ ਕਰਕੇ ਪਿਉ ਪੁੱਤਰ ਦੇ ਸਬੰਧਾਂ ਵਿੱਚ ਕਈ ਵਾਰ ਖਟਾਸ ਆ ਜਾਂਦੀ। ਇਸਦੇ ਨਾਲ ਨਾਲ ਮਨਦੀਪ ਨੇ ਪੰਜਾਬ ਸਰਕਾਰ ਦੇ ਇੱਕ ਪ੍ਰੋਗਰਾਮ ਤਹਿਤ ਬਾਲਗਾਂ ਨੂੰ ਪੜ੍ਹਾਉਣਾ ਆਰੰਭ ਕਰ ਦਿੱਤਾ। ਉਹ ਹਰ ਰੋਜ਼ ਇੱਕ ਘੰਟਾ ਪੜ੍ਹਾਉਂਦਾ। ਕਾਪੀਆਂ ਪੈਨਸਲਾਂ ਸਰਕਾਰ ਦੀਆਂ ਅਤੇ ਜਗਾ ਉਸਦੀ ਆਪਣੀ। ਉਸ ਨੂੰ ਮਹੀਨੇ ਦੇ ਕੁੱਝ ਕੁ ਰੁਪਏ ਤਨਖਾਹ ਵਜੋਂ ਮਿਲ ਜਾਂਦੇ।

ਜਿਸ ਦਿਨ ਉਸ ਨੂੰ ਦੋ ਤਨਖਾਹਾਂ ਇਕੱਠੀਆਂ ਮਿਲੀਆਂ, ਤਾਂ ਉਹ ਦੂਸਰੇ ਹੀ ਦਿਨ ਕੁੱਝ ਦੋਸਤਾਂ ਨਾਲ ਰਲ਼ ਕੇ ਆਨੰਦਪੁਰ ਸਾਹਿਬ ਹੋਲਾ ਮੁਹੱਲਾ ਦੇਖਣ ਤੁਰ ਗਿਆ। ਸਾਰੇ ਦੋਸਤ ਕਿਸੇ ਰਾਹ ਜਾਂਦੀ ਟਰਾਲੀ ਵਿੱਚ ਹੀ ਬੈਠ ਗਏ। ਰਸਤੇ ਵਿੱਚ ਉਹ ਲੋਕਾਂ ਵਲੋ ਲਗਾਏ ਲੰਗਰ ਛਕਦੇ ਗਏ। ਚਮਕੌਰ ਸਾਹਿਬ, ਭੱਠਾ ਸਾਹਿਬ ਅਤੇ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਉਹ ਸ਼ਾਮ ਤੱਕ ਆਨੰਦਪੁਰ ਸਾਹਿਬ ਪਹੁੰਚ ਗਏ।

ਪੰਜਾਬ ਦਾ ਮਹੌਲ ਖਰਾਬ ਹੋਣ ਦੇ ਬਾਵਜ਼ੂਦ ਏਥੇ ਬੇਹੱਦ ਇਕੱਠ ਸੀ। ਲੋਕਾਂ ਦੇ ਠਾਠਾਂ ਮਾਰਦੇ ਸਮੁੰਦਰ ਵਿੱਚ, ਉਹ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਭੀੜ ‘ਚ ਘੁੰਮਦੇ ਰਹੇ। ਸੀ ਆਰ ਪੀ ਦੇ ਜਵਾਨ ਗੱਡੀਆਂ ਤੇ ਮਸ਼ੀਨ ਗੱਨਾਂ ਅਤੇ ਅਸਾਲਟਾਂ ਬੀੜੀ ਵੱਡੀ ਤਦਾਦ ਵਿੱਚ ਘੁੰਮ ਰਹੇ ਸਨ। ਸ਼ਾਮ ਢਲੀ ਤੋਂ ਮਨਦੀਪ ਅਤੇ ਉਸਦੇ ਦੋਸਤਾਂ ਨੇ ਰੋਜ਼ੀਲਾ ਨਾਂ ਦੀ ਇੱਕ ਸਰਕਸ ਵੀ ਦੇਖੀ। ਫੇਰ ਉਹ ਸਿਆਸੀ ਕਾਨਫਰੰਸਾਂ ਵਿੱਚ ਵੀ ਸ਼ਾਮਲ ਹੋਏ। ਅਕਾਲੀ ਪਾਰਟੀ ਆਨੰਦਪੁਰ ਦਾ ਮਤਾ ਲਾਗੂ ਕਰਨ ਲਈ ਕਹਿ ਰਹੀ ਸੀ ਅਤੇ ਕਾਂਗਰਸ ਅਕਾਲੀਆਂ ਨੂੰ ਅੱਤਵਾਦ ਨੂੰ ਸ਼ਹਿ ਦੇਣ ਵਾਲੀ ਫਿਰਕੂ ਪਾਰਟੀ ਕਹਿ ਕੇ ਭੰਡ ਰਹੀ ਸੀ।

ਖੈਰ ਉਹ ਲੰਗਰਾਂ ਵਿੱਚ ਸੇਵਾ ਕਰਾ, ਨਿਹੰਗ ਸਿੰਘਾਂ ਅਤੇ ਗੱਤਕੇ ਦੇ ਕਰਤਬ ਵੇਖ ਨਿਹਾਲ ਹੁੰਦੇ ਰਹੇ। ਫੇਰ ਮੁਹੱਲਾ ਨਿੱਕਲਣ ਤੋਂ ਬਾਅਦ ਉਹ ਬਾਕੀ ਗੁਰਦੁਵਾਰਿਆਂ ਨੂੰ ਦੇਖਣ ਦੇ ਨਾਲ ਨਾਲ ਤਿੱਖੀ ਪਹਾੜੀ ਚੜ੍ਹਾਈ ਚੜ ਕੇ ਮਾਤਾ ਨੈਣਾ ਦੇਵੀ ਦੇਵੀ ਦੇ ਦਰਸ਼ਣ ਵੀ ਕਰ ਆਏ। ਇਸ ਵਾਰ ਉੱਥੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਸਨ। ਉਨ੍ਹਾਂ ਨੂੰ ਰਸਤੇ ਵਿੱਚ ਜੀਊਣਾ ਮੌੜ ਦੀ ਸਮਾਧ ਦੇਖ ਵੀ ਬੇਹੱਦ ਖੁਸ਼ੀ ਹੋਈ। ਉਨ੍ਹਾਂ ਦਿਨਾਂ ਵਿੱਚ ਸੁਰਿੰਦਰ ਛਿੰਦੇ ਦਾ ਇਹ ਗੀਤ ਬਹੁਤ ਹੀ ਚੱਲ ਰਿਹਾ ਸੀ ਕਿ ‘ਉਡ ਗਈ ਵਿੱਚ ਹਵਾ ਦੇ ਘੋੜੀ ਯਾਰੋ ਜਿਊਣੇ ਮੌੜ ਦੀ’।

ਹੋਲੇ ਤੋਂ ਆ ਕੇ ਮਨਦੀਪ ਆਪਣੇ ਦੋਸਤ ਜੈਲੇ ਦੇ ਮੰਗਣੇ ਤੇ ਚਲਾ ਗਿਆ। ਘਰ ਵਿੱਚ ਇਹ ਗੱਲ ਫੇਰ ਸੁਲਗਣ ਲੱਗੀ ਕਿ ‘ਮਨਦੀਪ ਦੇ ਨਾਲ ਦੇ ਦੋਸਤ ਤਾਂ ਮੰਗੇ ਵਿਆਹੇ ਜਾਣ ਲੱਗ ਪਏ ਨੇ ਪਰ ਬਗੈਰ ਨੌਕਰੀ ਤੋਂ ਅਤੇ ਏਨੀ ਥੋੜੀ ਜ਼ਮੀਨ ਕਾਰਨ ਉਸ ਨੂੰ ਰਿਸ਼ਤਾ ਕੌਣ ਕਰੇਗਾ?’ ਜਦੋਂ ਕਦੇ ਮਹਿਤਾਬ ਕੌਰ ਆਪਣੀ ਧੀ ਨੂੰ ਮਿਲਣ ਰਾਮਪੁਰੇ ਆਉਂਦੀ ਤਾਂ ਇਹ ਹੀ ਵਿਸ਼ਾ ਭਾਰੂ ਰਹਿੰਦਾ। ਬਚਨ ਕੌਰ ਨੂੰ ਫਿਕਰ ਸੀ ਕਿ ‘ਜੇ ਜਵਾਨ ਮੁੰਡੇ ਦੇ ਵਿਆਹ ਦੀ ਉਮਰ ਲੰਘ ਗਈ ਤਾਂ ਕਿਤੇ ਨਸ਼ਿਆਂ ਵਲ ਨੂੰ ਹੀ ਨਾ ਤੁਰ ਪਏ ਜਾਂ ਕਿਧਰੇ ਖਾੜਕੂਆਂ ਨਾਲ ਹੀ ਨਾ ਜਾ ਰਲ਼ੇ’ ਇਸ ਵਾਰ ਤਾਂ ਪਿਉ ਦੀ ਗੱਲ ਮੰਨ ਕੇ ਮਨਦੀਪ ਨੇ ਸਾਰੀ ਕਣਕ ਵੀ ਹੱਥੀਂ ਵਢਵਾਈ ਸੀ। ਸਾਰਾ ਅਪਰੈਲ ਦਾ ਮਹੀਨਾ ਉਹ ਮਾਛੀਵਾੜੇ ਦੀ ਵਿਸਾਖੀ ਦੇਖਣ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਸੀ ਗਿਆ। ਹਾਂ ਜਦੋਂ ਕਣਕ ਚੁੱਕੀ ਗਈ ਤਾਂ ਉਹ ਆਪਣੇ ਦੋਸਤ ਕ੍ਰਿਸ਼ਨ ਕੌਸ਼ਲ ਨਾਲ ਇੱਕ ਦੋ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਤੇ ਜਾ ਆਇਆ ਸੀ ਜਾਂ ਫੇਰ ਇੱਕ ਦੋ ਫਿਲਮਾਂ ਵੇਖ ਆਇਆ। ਇੱਕ ਸਾਹਿਤਕ ਮੀਟੰਗ ਵਿੱਚ ਤਾਂ ਲੁਧਿਆਣਾ ਮਿਲਕ ਪਲਾਂਟ ਦੇ ਮਨੇਜਰ ਨੇ, ਜੋ ਖੁਦ ਵੀ ਲੇਖਕ ਸੀ ਉਸਦੀ ਰਚਨਾ ਨੂੰ ਬੇਹੱਦ ਸਲਾਹਿਆ ਅਤੇ ਮੌਕਾ ਆਉਣ ਤੇ ਆਪਣੇ ਪਲਾਂਟ ਵਿੱਚ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ।

ਇੱਕ ਦਿਨ ਮਨਦੀਪ ਦਾ ਦਿਲ ਬਹੁਤਾ ਹੀ ਉਦਾਸ ਸੀ। ਉਹ ਆਪਣੇ ਕਾਲਜ ਸਮੇਂ ਦੇ ਮਿੱਤਰ ਚਮਨਜੀਤ ਨੂੰ ਮਿਲਣ ਉਸ ਦੇ ਪਿੰਡ ਸਲਾਣੇ ਚਲਾ ਗਿਆ। ਚਮਨਜੀਤ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਉਹ ਵੀ ਵਿਹਲਾ ਸੀ ਜਿਵੇਂ ਉਸ ਨੂੰ ਤਾਂ ਦੋਸਤ ਦੇ ਆਉਣ ਤੇ ਚਾਅ ਹੀ ਚੜ ਗਿਆ। ਦੋਹਾਂ ਦੋਸਤਾਂ ਨੇ ਚਾਹ ਪਾਣੀ ਪੀਣ ਉਪਰੰਤ ਕਾਲਜ ਸਮੇਂ ਦੀਆਂ ਢੇਰ ਸਾਰੀਆਂ ਗੱਲਾਂ ਕੀਤੀਆਂ। ਚਮਨਜੀਤ ਕਹਿਣ ਲੱਗਾ “ਮਨਦੀਪ ਅੱਜ ਤੂੰ ਮੇਰੇ ਕੋਲ ਹੀ ਰਹਿਣਾ ਹੈ। ਤੇ ਮੈਂ ਤੈਨੂੰ ਜਾਣ ਨਹੀਂ ਦੇਣਾ” ਮਨਦੀਪ ਬੋਲਿਆ “ਯਾਰ ਚਮਨ ਹਾਲਾਤ ਬਹੁਤ ਖਰਾਬ ਨੇ ਘਰਦੇ ਉਡੀਕ ਕਰਨਗੇ ਅਤੇ ਫਿਕਰ ਵੀ ਕਰਨਗੇ” ਪਰ ਚਮਨ ਨੇ ਜ਼ੋਰ ਪਾ ਕੇ ਉਸ ਨੂੰ ਰੱਖ ਹੀ ਲਿਆ।

ਉਹ ਸ਼ਾਮ ਨੂੰ ਉਹ ਦੂਰ ਖੇਤਾਂ ਵਲ ਘੁੰਮ ਕੇ ਆਏ। ਗੱਲਾਂ ਗੱਲਾਂ ਵਿੱਚ ਪੰਜਾਬ ਦੇ ਮਹੌਲ ਦੀਆਂ ਗੱਲਾਂ ਚੱਲ ਪਈਆ ਤਾਂ ਚਮਨ ਨੇ ਦੱਸਿਆਂ ਉਨ੍ਹਾਂ ਦਾ ਗੁਆਂਢੀ ਨਿਰਮਲਜੀਤ ਸੰਤ ਭਿੰਡਰਾਂਵਾਲਿਆਂ ਦਾ ਬਹੁਤ ਵੱਡਾ ਉਪਾਸ਼ਕ ਹੈ ਬੱਸ ਸਾਰਾ ਦਿਨ ਉਸੇ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਪਹਿਲਾਂ ਦਾੜੀ ਕੱਟਦਾ ਸੀ ਕਦੇ ਕਦਾਈ ਸ਼ਰਾਬ ਵੀ ਪੀ ਲੈਂਦਾ ਸੀ ਪਰ ਹੁਣ ਤਾਂ ਪੂਰਾ ਗੁਰਸਿੱਖ ਬਣ ਗਿਆ ਹੈ। ਕਈ ਵਾਰ ਸੰਤਾਂ ਨੂੰ ਮਿਲ ਵੀ ਆਇਆ ਹੈ। ਤੈਨੂੰ ਅੱਜ ਸ਼ਾਮ ਨੂੰ ਮਿਲਾਊਂ। ਮਨਦੀਪ ਦੀ ਸੇਵਾ ਲਈ ਚਮਨ ਪਿੰਡ ਵਾਲੇ ਠੇਕੇ ਤੋਂ ਬੋਤਲ ਸ਼ਰਾਬ ਦੀ ਲੈ ਆਇਆ।

ਸ਼ਾਮ ਢਲ ਰਹੀਂ ਸੀ ਅਪਰੈਲ ਦਾ ਮਹੀਨਾ ਹੋਣ ਕਾਰਨ ਗਰਮੀ ਨਾਲ ਸੇਕ ਮਾਰਨ ਲੱਗ ਪਿਆ ਸੀ। ਠੰਢੇ ਪਾਣੀ ਦਾ ਜੱਗ ਭਰ ਅਤੇ ਨਮਕੀਨ ਦੀ ਪਲੇਟ ਲੈ ਦੋਨੋ ਦੋਸਤ ਕੋਠੇ ਦੇ ਮੰਜਾ ਡਾਹ ਸ਼ਾਮ ਰੰਗੀਨ ਕਰਨ ਲੱਗੇ। ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਨਿਰਮਲਜੀਤ ਨੂੰ ਚੁਬਾਰੇ ਅੱਗੇ ਖੜ੍ਹਾ ਵੇਖ ਕੇ ਚਮਨ ਨੇ ਉਸੇ ਵਕਤ ਹਾਕ ਮਾਰ ਲਈ।

ਮਨਦੀਪ ਨੇ ਵੇਖਿਆ ਇਹ ਇੱਕੀਆਂ ਕੁ ਸਾਲਾਂ ਦਾ ਗਭਰੂ ਸੀ ਜਿਸ ਦੀ ਕਾਲੀ ਸੰਘਣੀ ਦਾੜੀ ਅਤੇ ਪੀਲੀ ਕੇਸਕੀ ਨਾਲ ਉਸ ਨੇ ਕੁੜਤਾ ਪਜ਼ਾਮਾ ਪਹਿਨਿਆ ਹੋਇਆ ਸੀ। ਆਉਣ ਸਾਰ ਕਹਿਣ “ਅੱਜ ਤਾਂ ਮਹਿਫਲ ਲੱਗੀ ਲੱਗਦੀ ਆ। ਅੱਛਾ ਚਮਨ ਤਾਂ ਤੂੰ ਵੀ ਕਦੀ ਕਦਾਈਂ ਪੰਜ ਰਤਨੀ ਛਕ ਲੈਂਦਾ ਏ। ਮੈਂ ਤਾਂ ਜਦੋਂ ਦਾ ਸੰਤਾਂ ਦਾ ਸੇਵਕ ਬਣਿਆ ਹਾਂ ਬੱਸ ਉਸੇ ਦਿਨ ਤੋਂ ਤਿਆਗ ਦਿੱਤੀ ਸੀ। ਤੁਸੀਂ ਵੀ ਛੱਡੋ ਖਹਿੜਾ… ਕੀ ਰੱਖਿਆ ਹੈ ਏਸ ਵਿੱਚ…? ਨਾਲੇ ਹੁਣ ਤਾਂ ਗੁਰੂ ਦੇ ਲੜ ਲੱਗਣ ਦਾ ਸਮਾਂ ਆ ਗਿਆ ਏ। ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ, ਭਲਾਂ ਕਿਤੇ ਇੱਹ ਮੁੱਕਣ ਵਾਲੀ ਕੌਮ ਐ…”

ਫੇਰ ਉਹ ਲੜੀ ਨਾਲ ਲੜੀ ਜੋੜਦਾ ਚਲਾ ਗਿਆ। ਮਨਦੀਪ ਨਾਲ ਵੀ ਉਸ ਦੀ ਚੰਗੀ ਵਾਕਫੀਅਤ ਹੋ ਗਈ। ਦੂਸਰੇ ਦਿਨ ਉਹ ਜਾਣ ਲੱਗੇ ਮਨਦੀਪ ਨੂੰ ਫੇਰ ਮਿਲਣ ਆਇਆ ਅਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ‘ਜ਼ਫਰਨਾਮਾ’ ਉਸ ਨੂੰ ਪੜ੍ਹਨ ਲਈ ਦੇ ਗਿਆ ਕਿ “ਆਹ ਮੇਰੇ ਵਲੋਂ ਦੋਸਤੀ ਦਾ ਤੋਹਫਾ ਸਮਝ ਲੈ”

ਮਨਦੀਪ ਅਤੇ ਚਮਨਜੀਤ ਨੇ ਸਲਾਹ ਬਣਾਈ ਕਿ ਵਿਹਲੇ ਰਹਿਣ ਨਾਲੋਂ, ਕਿਉਂ ਨਾ ਕੋਈ ਹੋਰ ਕੋਰਸ ਕਰ ਲਿਆ ਜਾਵੇ। ਮਨਦੀਪ ਦੇ ਪਿੰਡ ਦਾ ਇੱਕ ਹੋਰ ਮੁੰਡਾ ਲੁਧਿਆਣੇ ਪਲੰਮਬਿੰਗ ਦਾ ਕੋਰਸ ਕਰਦਾ ਸੀ। ਉਸ ਨੇ ਦੱਸਿਆ ਸੀ ਕਿ ਪਲੰਮਬਿੰਗ ਤੇ ਬੈਲਡਰਾਂ ਦੀ ਅਰਬ ਮੁਲਕਾਂ ਵਿੱਚ ਬਹੁਤ ਲੋੜ ਹੈ। ਹੁਨਰੀ ਕਾਮਿਆਂ ਨੂੰ ਏਜੰਟ ਕੁਵੈਤ, ਮਾਸਕਟ, ਲਿਬੀਆ, ਇਰਾਨ, ਇਰਾਕ ਜਾਂ ਆਬੂ ਧਾਬੀ ਬਹੁਤ ਘੱਟ ਪੈਸੇ ਲੈ ਕੇ ਵੀ ਭੇਜ ਦਿੰਦੇ ਨੇ। ਦੋਹਾਂ ਦੋਸਤਾਂ ਨੇ ਰਲ਼ਕੇ ਸਲਾਹ ਬਣਾਈ ਅਤੇ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦਾ ਫੈਸਲਾ ਕਰ ਲਿਆ। ਫੇਰ ਉਸੇ ਹੀ ਹਫਤੇ ਉਹ ਲਧਿਆਣੇ ਦੀ ਇੱਕ ਪ੍ਰਾਈਵੇਟ ਸੰਸਥਾ ਪੀ ਆਈ ਟੀ ਵਿੱਚ ਜਾ ਦਾਖਲ ਹੋਏ।

ਲਧਿਆਣੇ ਕੋਰਸ ਕਰਦਿਆਂ ਕਦੀ ਉਹ ਪੰਜਾਬੀ ਭਵਨ ਵਿੱਚ ਕੋਈ ਚੰਗਾ ਡਰਾਮਾ ਵੀ ਵੇਖ ਆਂਉਦੇ ਤੇ ਕਦੀ ਕਦੀ ਕੋਈ ਫਿਲਮ ਵੀ। ਉਨਾਂ ਦੀ ਸੰਸਥਾ ਪ੍ਰੀਤ ਪੈਲੇਸ ਸਿਨਮੇ ਦੇ ਨਾਲ ਹੀ, ਲੁਧਿਆਣੇ ਦੇ ਮੁੱਖ ਬੱਸ ਅੱਡੇ ਦੇ ਪਾਸ ਸੀ। ਜਿੱਥੇ ਬੱਸ ਅੱਡੇ ਦੇ ਆਲੇ ਦੁਆਲੇ ਬਣੇ ਚੁਬਾਰਿਆਂ ਤੇ ਗਾਉਣ ਵਾਲਿਆਂ ਦੇ ਅਣਗਿਣਤ ਬੋਰਡ ਵੀ ਲੱਗੇ ਹੋਏ ਸਨ। ਉਨ੍ਹਾਂ ਦਾ ਕਈ ਚਹੇਤੇ ਕਲਾਕਾਰਾਂ ਨੂੰ ਮਿਲਣ ਦਾ ਦਿਲ ਵੀ ਕਰਦਾ ਰਹਿੰਦਾ। ਜਿਨਾਂ ਦੇ ਰਿਕਾਰਡ ਉਹ ਅਕਸਰ ਵਿਆਹਾਂ ਸ਼ਾਦੀਆਂ ਤੇ ਸੁਣਦੇ। ਪਰ ਅਜਿਹਾ ਕਦੇ ਕੋਈ ਖਾਸ ਸਬੱਬ ਹੀ ਨਾ ਬਣਿਆ।

ਲਧਿਆਣੇ ਕੋਰਸ ਕਰਦਿਆਂ ਮਨਦੀਪ ਕਈ ਸਾਹਿਤਕਾਰਾਂ ਨੂੰ ਵੀ ਜਾਨਣ ਲੱਗ ਪਿਆ ਅਤੇ ਕਈ ਵਾਰ ਸਾਹਿਤ ਸਭਾਵਾਂ ਵਿੱਚ ਭਾਗ ਲੈਣ ਵੀ ਚਲਾ ਜਾਂਦਾ। ਇੱਕ ਦਿਨ ਤਾਂ ਉਹ ਲਾਲ ਚੰਦ ਯਮਲਾ ਜੱਟ ਜੀ ਨੂੰ ਵੀ ਮਿਲਣ ਚਲੇ ਗਏ। ਇਹ ਦਰਵੇਸ਼ ਕਲਾਕਾਰ ਅੱਗੇ ਬਾਣ ਦੇ ਮੰਜੇ ਤੇ ਸਿਗਰਟ ਸੁਲਗਾਈ ਬੈਠਾ ਸੀ ਅਤੇ ਕਿੰਨੀ ਦੇਰ ਹੀ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਮੁੜ ਘਿੜ ਕੇ ਗੱਲ ਪੰਜਾਬ ਦੇ ਮਹੌਲ ਤੇ ਆਕੇ ਰੁਕ ਜਾਂਦੀ।

ਇੱਕ ਦਿਨ ਮਨਦੀਪ ਲਹੌਰ ਬੁੱਕ ਸ਼ਾਪ ਤੋਂ ਕੁੱਝ ਮਨਪਸੰਦ ਕਿਤਾਬਾਂ ਲੈਣ ਗਿਆ ਤਾਂ ਉਥੇ ਹੀ ਉਸਦੀ ਨਜ਼ਰ ਐੱਮ ਸੀ ਭਾਰਦਵਾਜ਼ ਵਲੋਂ ਲਿਖੇ ਆਨੰਦਪੁਰ ਸਾਹਿਬ ਦੇ ਮਤੇ ਤੇ ਪਈ ਅਤੇ ਉਸ ਨੇ ਉਹ ਵੀ ਖਰੀਦ ਲਿਆ। ਉਹ ਪੰਜਾਬ ਦੇ ਮਹੌਲ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਸੀ। ਇਨ੍ਹਾਂ ਮੰਗਾ ਨੂੰ ਲੈ ਕੇ ਚੱਲਦਾ ਅੰਦੋਲਨ ਹੁਣ ਦਿਨੋ ਦਿਨ ਹਿੰਸਕ ਰੂਪ ਧਾਰਦਾ ਜਾ ਰਿਹਾ ਸੀ। ਸ਼ਹਿਰਾ ਵਿੱਚ ਬੰਬ ਫਟਣ ਲੱਗੇ ਸਨ। ਹੁਣ ਤਾਂ ਇੱਕੋ ਫਿਰਕੇ ਦੇ ਕਤਲ ਅਤੇ ਪੁਲਿਸ ਮੁਕਾਬਲੇ ਵਧਦੇ ਹੀ ਜਾ ਰਹੇ ਸਨ।
ਕਈ ਥਾਂ ਆਰ ਆਰ ਐੱਸ ਦੇ ਕਾਰਕੁਨਾ ਨੂੰ ਨਿਸ਼ਾਨਾ ਬਣਾਇਆ ਗਿਆ। ਲੁਧਿਆਣੇ ਦੇ ਦਰੇਸੀ ਗਰਾਊਂਡ ਵਿੱਚ ਵਾਪਰੀ ਇੱਕ ਅਜਿਹੀ ਹੀ ਘਟਨਾ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਜਿੱਥੇ ਦਰੇਸੀ ਗਰਾਂਊਡ ਵਿੱਚ ਆਰ ਆਰ ਐੱਸ ਐੱਸ ਐੱਸ ਦੇ ਕਾਰਕੁੰਨਾ ਨੂੰ ਆਤੰਕਵਾਦੀਆਂ ਨੇ ਗੋਲੀਆਂ ਨਾਲ ਭੁੰਨ ਸੁੱਟਿਆ। ਇਨ੍ਹਾਂ ਵਧ ਰਹੀਆਂ ਘਟਨਾਵਾਂ ਸਦਕਾ ਹੀ 7 ਅਕਤੂਬਰ 1983 ਨੂੰ ਪੂਰੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ।

ਹੁਣ ਸ਼ਾਮ ਨੂੰ ਪੰਜ ਵਜੇ ਹੀ ਸ਼ਹਿਰਾਂ ਵਿੱਚ ਮੁਰਦੇਹਾਣੀ ਛਾ ਜਾਂਦੀ। ਬੱਸਾਂ ਚੱਲਣੀਆਂ ਬੰਦ ਹੋ ਜਾਂਦੀਆਂ। ਲੁਧਿਆਣੇ ਦਾ ਨਵਾਂ ਬੱਸ ਅੱਡਾ ਭਾਂਅ ਭਾਂਅ ਕਰਦਾ। ਪੁਲੀਸ ਗਸ਼ਤ ਵਧ ਜਾਂਦੀ। ਤੇ ਹਰ ਨੌਜਵਾਨ ਦੇ ਸਿਰ ਪੁਲੀਸ ਦਹਿਸ਼ਤ ਦੀ ਤਲਵਾਰ ਲਟਕਣੀ ਸ਼ੁਰੂ ਹੋ ਜਾਂਦੀ। ਅਜਿਹੇ ਹਾਲਾਤਾਂ ਵਿੱਚ ਰੋਜ਼ ਸ਼ਹਿਰ ਆਉਣਾ ਵੀ ਮੌਤ ਨੂੰ ਮਾਸੀ ਕਹਿਣ ਵਾਲੀ ਹੀ ਗੱਲ ਸੀ। ਮਨਦੀਪ ਵਰਗੇ ਹਜ਼ਾਰਾ ਨੌਜਵਾਨਾ ਦਾ ਭਵਿੱਖ ਹੁਣ ਹੋਰ ਵੀ ਹਨੇਰਾ ਹੋ ਗਿਆ। ਪੰਜਾਬ ਵਿੱਚ ਬੇਚੈਨੀ ਲਗਾਤਾਰ ਵਧਣ ਲੱਗੀ।
ਇੱਕ ਦਿਨ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਹਰਭਜਨ ਹਲਵਾਰਵੀ ਨੇ ਇੱਕ ਸਾਹਿਤਕ ਮੀਟਿੰਗ ਦੌਰਾਨ ਇਸ ਮੌਕੇ ਨੂੰ ਪ੍ਰੈੱਸ ਦੀ ਆਜ਼ਾਦੀ ਲਈ ਕਾਲਾ ਦੌਰ ਕਿਹਾ। ਪਰ ਹੁਣ ਤਾਂ ਲੱਗਦਾ ਸੀ ਕਿ ਸਮੂਹ ਪੰਜਾਬੀਆਂ ਲਈ ਹੀ ਇੱਕ ਕਾਲੇ ਦੌਰ ਦੀ ਸ਼ੁਰੂਆਤ ਹੋ ਚੁੱਕੀ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com